ਜਦੋਂ ਮਸਾਂ ਸੁਰਤ ਸੰਭਲੀ ਸੀ
ਮੈਂ ਮੰਨਦਾ ਹਾਂ
ਲਿਖਣਾ ਸ਼ੌਂਕ ਹੋ ਸਕਦਾ ਹੈ
ਗੀਤ ,ਫੁੱਲਾਂ ,ਕਲੀਆਂ ਨੂੰ
ਸੰਬੋਧਤ ਹੋ ਸਕਦੇ ਨੇ
ਲੋਕ ਖੁਸ਼ੀ ਵਿੱਚ ਝੂਮ ਸਕਦੇ ਨੇ
ਮੁਟਿਆਰਾਂ ਕਿੱਕਲੀ ਪਾਅ
ਨੱਚ , ਗਾਅ ਸਕਦੀਆਂ ਨੇ
ਅਸੀਂ ਹਥਿਆਰਾਂ ਤੋ ਵੱਖ ਹੋ
ਫੁੱਲ ਬਿਖਰਾਅ ਸਕਦੇ ਹਾਂ
ਗੀਤ , ਕਵੀਤਾਵਾਂ
ਨੱਚਣ-ਹੱਸਣ ਤੇ ਹੋ ਸਕਦੀਆਂ
ਪਰ ਹਾਲਾਤ ਸੁਖਾਵੇਂ ਹੋਣੇ
ਉਸ ਲਈ ਲਾਜਮੀ ਨੇ
ਧਰਤੀ ਉਤੇ ਸਾਂਝਾ ਹੱਕ ਲਾਜਮੀ ਹੈ
ਕੰਮ ਕਰਦੇ ਹੱਥਾਂ ਦੇ
ਸਹੀ ਮੁੱਲ ਪੈਣੇ ਲਾਜਮੀ ਹੈ
ਇਨਸਾਫ ਮਿਲਣਾ ਲਾਜਮੀ ਹੈ
ਲਿਖਣਾ ਸ਼ੌਂਕ ਹੋ ਸਕਦਾ ਹੈ
ਗੀਤ ਫੁੱਲ, ਕਲੀਆਂ ਨੂੰ
ਸੰਬੋਧਤ ਹੋ ਸਕਦੇ ਨੇ...!
ਪਰ ਜਦੋਂ ਤੱਕ ਲੜ ਰਹੇ ਹਾਂ
ਰੁਜਗਾਰ ਲਈ,
ਇਨਸਾਫ ਲਈ,
ਆਜਾਦੀ ਲਈ,
ਖੁਸ਼ੀਆਂ ਤੇ ਚਾਵਾਂ ਲਈ,
ਧਰਤੀ ਤੇ ਸਾਂਝੀ ਵੰਡ ਲਈ,
ਇੱਜਤਾਂ , ਅਣਖਾਂ ਲਈ
ਹੱਕਾਂ ਲਈ ,
ਸੱਚ ਖਾਤਰ,
ਜਦੋਂ ਤੱਕ ਲੜ ਰਹੇ ਹਾਂ
ਓੋਨਾ ਸਮਾ
ਮੇਰਾ ਲਿਖਣਾ ਇੱਕ ਜੰਗ ਹੈ...!