“ਸਭ ਕਿਸੇ ਲਈ ਉਤਸਾਹਿਤ ਕਰਨ ਵਾਲਾ ਆਦਰਸ਼, ਉਦੇਸ਼ ਲਈ ਮਰਨਾ ਨਾ ਹੋ ਕੇ, ਉਦੇਸ਼ ਲਈ ਜਿਉਣਾ ਹੋਣਾ ਚਾਹੀਦਾ ਹੈ” ਭਗਤ ਸਿੰਘ
Showing posts with label ਕਵਿਤਾਵਾਂ. Show all posts
Showing posts with label ਕਵਿਤਾਵਾਂ. Show all posts

Monday, February 13, 2012

ਲੋਚਦੇ ਹਾਂ ਦੋਸਤੋ........ਸ਼ਹੀਦ ਸਾਥੀ ਅਮੋਲਕ ਸਿੰਘ ਔਲਖ

'ਭਵਿਖ ਮੈਗਜ਼ੀਨ ਦੇ ਨਵੇਂ ਅੰਕ ਵਿੱਚੋਂ'

 ਲੋਚਦੇ ਹਾਂ ਦੋਸਤੋ, ਕੁਝ ਇਸ ਤਰਾਂ ਦੀ ਜਿੰਦਗੀ
ਸੋਚਦੇ ਹਾਂ ਦੋਸਤੋ, ਕੁਝ ਇਸ ਤਰਾਂ ਦੀ ਜਿੰਦਗੀ
    

     ਠੱਗੀਆਂ ਨਾ ਠੋਰੇ ਹੋਣ, ਥੁੜਾਂ ਤੇ ਨਾ ਝੋਰੇ ਹੋਣ
     ਹੱਕਾਂ ਲਈ ਅਵਾਜ਼ ਉਠਾੳਂਦੇ, ਜੇਲਾਂ ਨੂੰ ਨਾ ਤੋਰੇ ਹੋਣ
     ਲੋਚਦੇ ਹਾਂ ਦੋਸਤੋ…
 

ਮਹਿਕਦੇ ਸਭ ਬਾਗ ਹੋਣ, ਬੁਲਬੁਲਾਂ ਅਜਾਦ ਹੋਣ
ਗੀਤ ਗਾਉਣ ਖੁਸ਼ੀਆਂ ਦੇ, ਕੋਈ ਨਾ ਸੰਜਾਦ ਹੋਣ
ਲੋਚਦੇ ਹਾਂ ਦੋਸਤੋ…
  

    ਇਹੋ ਜਿਹਾ ਸਮਾਜ ਹੋਵੇ, ਮੇਹਨਤਾਂ ਸਿਰ ਤਾਜ ਹੋਵੇ
    ਕਾਮਾ ਖੇਤ ਮਿੱਲਾਂ ਦਾ, ਨਾ ਕਿਸੇ ਦਾ ਮੁਥਾਜ ਹੋਵੇ    

    ਲੋਚਦੇ ਹਾਂ ਦੋਸਤੋ…
 

ਅਮਨ ਚੁਫੇਰੇ ਹੋਣ, ਕੋਈ ਨਾ ਲੁਟੇਰੇ ਹੋਣ
ਈਰਖਾ ਕਰੋਧ ਦੀ ਥਾਂ, ਪਿਆਰਾਂ ਲਾਏ ਡੇਰੇ ਹੋਣ,

ਮੁੱਕ ਜਾਏੇ ਅਮੋਲਕਾ, ਇਹ ਜਬਰ ਤੇ ਦਰਿੰਦਗੀ
 
    ਲੋਚਦੇ ਹਾਂ ਦੋਸਤੋ, ਕੁਝ ਇਸ ਤਰਾਂ ਦੀ ਜਿੰਦਗੀ
    ਸੋਚਦੇ ਹਾਂ ਦੋਸਤੋ, ਕੁਝ ਇਸ ਤਰਾਂ ਦੀ ਜਿੰਦਗੀ

Tuesday, January 3, 2012

ਉਠੋ ਨੋਜਵਾਨ…….... ਜਗਦੀਪ

ਬਹੁਤ ਦੇਰ ਹੋ ਗਈ ਤਕਦੀਰਾਂ ਮਗਰ ਭੱਜਦਿਆਂ
ਹੁਣ ਵੇਲਾ ਆ ਗਿਆ ਤਕਦੀਰਾਂ ਬਣਾਉਣ ਦਾ
ਉਹਨਾਂ ਜਾਲਮਾਂ ਨੂੰ ਸਬਕ ਸਿਖਾਉਣ ਦਾ
ਜਿਨ੍ਹਾਂ ਕਿਸਾਨਾਂ ਨੂ ਖੁਦਕੁਸ਼ੀ ਲਈ ਮਜਬੁਰ ਕੀਤਾ
ਪੁਤਾਂ ਨੂੰ ਮਾਂ-ਪਿਓ ਤੋਂ ਦੂਰ ਕੀਤਾ
ਜਿਨਾਂ ਖੋ ਲਈ ਮਜਦੂਰ ਦੇ ਵਿਹੜੇ ਦੀ ਰੰਗਤ
ਉਹ ਕਢਦੇ ਨੇ ਅੱਜ ਰੱਥ ਯਾਤਰਾ ਜਾਂ ਫਿਰ ਦਰਸ਼ਨ-ਏ-ਸਂਗਤ
ਬੇਰੁਜਗਾਂਰਾਂ ਤੇ ਵਰਦੀ ਏ ਲਾਠੀ,
ਅੱਜ ਖੰਜਰ ਵੀ ਉਹੀਓ ਤੇ ਜਾਲਮ ਵੀ ਉਹੀਓ
ਜੋ ਬਨਦੇ ਨੇ ਪੰਜ ਸਾਲਾਂ ਪਿੱਛੋ ਲੋਕਾਂ ਦੇ ਸਾਥੀ
ਉਠੋ ਅੰਗਆਰੇ ਬਣ ਨੌਜਵਾਂਨੋ ਮਜਦੁਰੋ ਤੇ ਕਿਸਾਨੋ
ਲਵੋ ਰੋਸ਼ਨੀ ਭਗਤ ਸਰਾਭੇ ਦੇ ਵਿਚਾਰਾਂ ਤੋਂ
ਬਚਾ ਲਵੋ ਦੇਸ਼ ਇਹਨਾਂ ਗਦਾਰਾਂ ਤੋ
ਜਿਨ੍ਹਾਂ ਇਹਨਾਂ ਨੇ ਕੀਤਾ ਹੈ ਥੋਨੂੰ ਖਰਾਬ
ਚੌਣਾਂ ‘ਚ ਦੇਵੋ ਮੂੰਹ ਤੋੜਵਾਂ ਜਵਾਬ
ਇਹ ਭੁਖਾਂ ਚ‘ਲਤਾੜੇ, ਇਹ ਦੰਗਿਆ ‘ਚੇ
ਮਾਰੇ, ਹੁਣ ਉਠਣਗੇ ਸਾਰੇ
ਇਹ ਲੋਕਾ ਦੇ ਹਾਮੀ ਕਾਮਰੇਡ ਨੇ
ਜੋ,
ਬਦਲ ਦੇਣਗੇ ਪ੍ਰਬੰਧ,ਜਦੋਂ ਲੜਣਗੇ
ਸਾਰੇ,
ਇਹ ਭਗਤ ਸਰਾਭਿਆਂ ਦੇ ਸੁਪਨਿਆਂ ਵਾਲਾ ਇਨਕਲਾਬ ਹੋਵੇਗਾ।
ਫਿਰ ਖੇਤਾਂ ‘ਚ ਖੁਸ਼ਹਾਲੀ ਤੇ ਮਜਦੂਰਾਂ ਦੀ ਬਹਾਲੀ,
ਤੇ ਨੌਜਵਾਂਨਾਂ ਕੋਲ ਰੋਜਗਾਰ ਹੋਵੇਗਾ
ਇਹ ਬਦਲਦਾ ਭਾਰਤ ਦਾ ਨਕਸ਼ਾ ਵਿੱਚ ਸੰਸਾਰ ਹੋਵੇਗਾ।
                                                          

    

Thursday, June 30, 2011

ਇੰਟਰਨੈਸ਼ਨਲ

ਲਹਿਰਾਂ ਬਣ ਉਠੋ ਭੁੱਖਾਂ ਦੇ ਲਿਤਾੜਿਓ,
ਧਰਤੀ ਦਾ ਸਾਰਾ ਦੁੱਖ ਪੀਣ ਵਾਲਿਓ।
ਬੱਝੀਆਂ ਨਾ ਰਹਿਣ ਇਹ ਰਵਾਇਤੀ ਲੜੀਆਂ,
ਉਠੋ ਵੇ ਗੁਲਾਮੀ ਦੀਆਂ ਤੋੜੋ ਕੜੀਆਂ।
ਕਿਰਤਾਂ ਦਾ ਜੋਰ ਜੁੱਸਿਆਂ ‘ਚ ਭਰ ਕੇ,
ਲੁੱਟ ਦਾ ਇਹ ਰਾਜ ਜੜਾਂ ਤੋਂ ਉਖਾੜਿਓ

ਬੁੱਢਾ ਹੋ ਪੁਰਾਣਾ ਜਦੋਂ ਢਾਂਚਾ ਥੰਮਦਾ,
ਉਹਨੂੰ ਤੋੜ ਨਵਾਂ ਸੰਸਾਰ ਜੰਮਦਾ।
ਨਵਾਂ ਤੇ ਉਸਾਰੂ ਜੱਗ ਰਚਨੇ ਲਈ,
ਗਲੀ ਸੜੀ ਹਰ ਚੀਜ਼ ਨੂੰ ਨਕਾਰਿਓ।

ਨਵੀਆਂ ਹੀ ਨੀਹਾਂ ਤੇ ਉਸਾਰ ਹੋਊਗਾ,
ਸਾਰਾ ਜੱਗ ਸਾਡਾ ਪਰਿਵਾਰ ਹੋਊਗਾ,
ਲੋਟੂਆਂ ਦੇ ਹੱਥਾਂ ਨੇ ਤੁਹਾਥੋਂ ਖੋਹਿਆ ਜੋ,
ਸਭ ਹੋਊ ਤੁਹਾਡਾ ਸਿਰਜਣਹਾਰਿਓ।

ਆਖਰੀ ਆਪਣੀ ਲੜਾਈ ਬੇਲੀਓ,
ਥਾਂ-ਥਾਂ ਉਠੋ ਕਰ ਦੋ ਚੜਾਈ ਬੇਲੀਓ।
ਲ਼ੁਟ ਦੇ ਮਸੀਹੇ ਤਾਈ ਰੱਦ ਕਰਕੇ,
ਹੁਕਮ ਕਾਨੂੰਨ ਪੈਰਾਂ ‘ਚ ਲਿਤਾੜਿਓ।

ਮਹਿਲਾਂ ‘ਚੋਂ ਨਾ ਸਾਡੇ ਤੇ ਕੋਈ ਰਾਜ ਵੇ ਕਰੇ,
ਰਾਜਿਆਂ ਦੀ ਸਾਨੂੰ ਹੁਣ ਵਫਾ ਨਾ ਫੜੇ।
ਧੁੱਖ ਰਹਿਓ ਉਠੋ ਹੁਣ ਲਾਟਾਂ ਬਣ ਕੇ,
ਤਖਤਾਂ ਨੂੰ ਢਾਵੋ, ਤਾਜਾਂ ਨੂੰ ਉਛਾਲਿਓ।

ਲੋਟੂਆਂ ਤੋਂ ਲੁੱਟ ਵਾਲਾ ਮਾਲ ਖੋਹਣ ਲਈ,
ਕੈਦ ਹੋਈਆਂ ਰੂਹਾਂ ਦੇ ਆਜ਼ਾਦ ਹੋਣ ਲਈ।
ਸਾਂਝਿਆਂ ਦੁੱਖਾਂ ‘ਚ ਸ਼ਰੀਕ ਹੋਇ ਕੇ,
ਮੁਕਤੀ ਦਾ ਰਾਹ ਦੇਖਿਓ-ਵਿਚਾਰਿਓ।

ਖੁਦ ਆਪਣੇ ਹੀ ਕੰਮ ਕਾਰ ਮਿੱਥਾਂਗੇ,
ਕਿੱਦਾਂ ਦਾ ਇਹ ਹੋਊ ਸੰਸਾਰ ਮਿੱਥਾਂਗੇ।
ਮਿਹਨਤ ‘ਚੋਂ ਉਸਰੀ ਹੈ ਸਾਰੀ ਰਚਣਾ,
ਦੁਨੀਆ ਤੁਹਾਡੀ ਦੁਨੀਆ ਦੇ ਘਾੜਿਓ।
ਲਹਿਰਾਂ ਬਣ ਉਠੋ ਭੁੱਖਾਂ ਦੇ ਲਿਤਾੜਿਓ,
ਧਰਤੀ ਦਾ ਸਾਰਾ ਦੁੱਖ ਪੀਣ ਵਾਲਿਓ…

Wednesday, June 29, 2011

ਪਰਮਗੁਣੀ ਭਗਤ ਸਿੰਘ...............ਹਰਮਨਦੀਪ ਚੜ੍ਹਿੱਕ

ਮੈਂ ਪਾਠ ਪੁਸਤਕਾਂ ਵਿੱਚ
ਸਿਰਫ ਇਹ ਹੀ ਪੜ੍ਰਿਆ ਸੀ
ਕਿ ਤੂੰ ਬਦੂੰਕਾਂ ਬੀਜੀਆਂ
ਤੂੰ ਗੋਰੇ ਭਜਾਏ
ਤੂੰ ਫਾਂਸੀ ਦਾ ਰੱਸਾ ਚੁੰਮ ਗਲੇ ਚ ਪਾਇਆ
ਕਿਸੇ ਪਾਠਪੁਸਤਕ ਵਿਚ ਨਾ ਪੜਿਆ ਮੈਂ
ਤੇਰੇ ਸੁਪਨਿਆਂ ਦਾ ਜਿਕਰ
ਪਾਠ ਪੁਸਤਕਾਂ ਤੋ ਬਾਹਰ
ਤੂੰ ਕਿੰਨਾ ਉਚਾ ਐਂ
ਅੰਦਾਜ਼ਾ ਲਾਓਣਾ ਆਸਾਨ ਨਹੀ
ਤੂੰ ਮਹਾਨ ਦੇਸ਼ ਸੇਵਕ ਐਂ
ਤੂੰ ਇਕ ਪਰਮਗੁਣੀ ਇਨਸਾਨ ਐਂ
ਮੈਂ ਤੈਨੂੰ ਹੋਰ ਪੜਿਆ
ਤਾਂ ਪਤਾ ਲਗੈ
ਤੂੰ ਨਹੀ ਚਾਹੁੰਦਾ ਸੀ ਸਿਰਫ
ਗੋਰਿਆਂ ਨੂੰ ਭਜਾਉਣਾ
ਤੂੰ ਤਾਂ ਬਦਲਣਾ ਚਾਹੁੰਦਾ ਸੀ
ਮੌਜ਼ੂਦਾ ਸਮਾਜਿਕ ਵਿਵਸਥਾ
ਤੂੰ ਮਿਟਾਉਣਾ ਚਾਹੁੰਦਾ ਸੀ
ਸਮਾਜਿਕ ਬੁਰਾਈਆਂ
ਪਰ ਪਾਠ ਪੁਸਤਕਾਂ ਵਿਚ
ਨਾ ਇਹ ਮਿਲਿਆ ਸਭ
ਤੂੰ ਮਹਾਨ ਰਾਜ਼ਨੀਤਿਕ ਨੇਤਾ ਸੀ
ਤੂੰ ਇਕ ਓਘਾ ਸਹਿਤਕਾਰ ਵੀ ਸੀ
ਸਮੇਂ ਦੇ ਹਾਕਮਾ ਸਭ ਲਕੋ ਰੱਖਿਆ ਇਹ
ਤੇਰੀਆਂ ਕਿਤਾਬਾਂ ਦਾ ਜਿਕਰ
ਆਟੋਬਾਇਗਰਾਫੀ ਆਡਿਓਲੋਜੀ ਆਫ ਸੋਸ਼ਲਿਜ਼ਮ
ਗਰਫਿਕ ਸਕਿੱਚ ਆਫ ਰੈਵੋਲੂਸ਼ਨ
ਡੋਰ ਟੂ ਡੈਥ
ਕਦੇ ਕਿਸੇ ਅਧਿਆਪਕ ਨੇ ਨਾ ਕੀਤਾ
ਤੇਰੇ ਲੇਖ
ਭਾਸ਼ਾ ਉੱਤੇ
ਮਹਾਨ ਲੋਕਾਂ ਦੀਆਂ ਜੀਵਨੀਆਂ ਉੱਤੇ
ਦਸਦੇ ਨੇ ਕਿ ਤੂੰ ਵਧੀਆ ਵਿਚਾਰਕ ਸੀ
ਤੂੰ ਜ਼ਿੰਦਗੀ ਨੂੰ ਪਿਆਰ ਕਰਨ ਵਾਲਾ
ਇਕ ਮਹਾਨ ਯੋਧਾ
ਇਕ ਪੇਸ਼ੇਵਰ ਇਨਕਲਾਬੀ ਸੀ
ਸ਼ਹੀਦ ਏ ਆਜ਼ਮ ਦਾ ਖਿਤਾਬ
ਤੇਰੇ ਜਿਹੇ ਪਰਮਗੁਣੀ ਲਈ ਛੋਟਾ ਐ
ਮੈਂ ਧੰਨਵਾਦੀ ਹਾਂ
ਉਸ ਹਰ ਇਕ ਇਨਸਾਨ ਦਾ
ਜਿਸਨੇ ਜ਼ੇਲ ਡਾਇਰੀ ਦਾ ਹਰ ਇਕ ਸਫਾ ਲੱਭਿਆ
ਜਿਸਨੇ ਸਤਲੁਜ਼ ਗਵਾਅ ਹੈ ਕਿਤਾਬ ਲਿਖੀ
ਉਸਦਾ ਜਿਸਨੇ
ਤੈਨੂੰ ਪਰਮਗੁਣੀ ਹੋਣ ਦਾ ਖਿਤਾਬ ਦਿਤੈ
ਉਹਨਾਂ ਸਾਰੇ ਇਨਸਾਨਾਂ ਦਾ
ਜਿਹਨਾਂ ਤੇਰੇ ਸੁਪਨੇ  ਦੁਬਾਰਾ ਲਹਿਰਾਏ
ਤੂੰ ਸਰਵ ਸਾਂਝੇ ਮਹਾਨ
ਕਾਰਲ ਮਾਰਕਸ ੲਂੇਗਲਜ਼ ਵਰਗੇ
ਚਿੰਤਕਾਂ ਦਾ ਸਾਥੀ ਐਂ
ਤੇਰਾ ਸੁਪਨਿਆਂ ਦਾ ਦੇਸ਼
ਤੇਰਾ ਸੁਪਨਿਆਂ ਦਾ ਸੰਸਾਰ
ਵਰਗ ਰਹਿਤ ਸੁਖੀ
ਸਾਂਝਾ ਸੰਸਾਰ ਐ
ਤੂੰ ਲੋਕਾਂ ਦਾ ਰਾਹ ਦਰਸਾਊ ਐਂ
ਤੂੰ ਲੋਕਾਂ ਨੂੰ ਕਰਤਵ ਦੇਣ ਵਾਲਾ ਐਂ
ਸੱਚੀ ਤੂੰ ਮਹਾਨ ਐਂ
ਤੇਰੀ ਸੋਚਣੀ ਤਰੀ ਕਰਨੀ ਤੇਰੀ ਲਿਖਣੀ
ਤੈਨੂੰ ਪਰਮਗੁਣੀ ਖਿਤਾਬ ਦਿਵਾਉਦੀ ਐ 
ਤੂੰ ਪਰਮਗੁਣੀ ਭਗਤ ਸਿੰਘ ਐਂ


ਕੋਈ ਲੱਭੋ ਸੰਤ ਸਿਪਾਹੀ ਨੂੰ..........ਚਰਨਜੀਤ ਛਾਂਗਾ ਰਾਏ


ਸਰਬੰਸਾਂ ਦਾ ਦਾਨੀ ਹੋਵੇ,
ਜੁਲਮਾਂ ਮੂਹਰੇ ਕੰਧ ਬਣ ਖੜ ਜੇ,
ਦੇ ਸਕਦਾ ਕੁਰਬਾਨੀ ਹੋਵੇ,
ਪੋਤਿਆਂ ਨੂੰ ਗੋਦੀ ਵਿਚ ਲੈ ਕੇ
ਕੁਰਬਾਨੀ ਦੀਆਂ ਮੱਤਾਂ ਦੇਵੇ,
ਕੋਈ ਗੁਜੱਰੀ ਵਰਗੀ ਮਾਈ ਨੂੰ,
ਕੋਈ ਲੱਭੋ ਸੰਤ ਸਿਪਾਹੀ ਨੂੰ….

ਦਿਨ ਰਾਤ ਘੋਰ ਮੁਸ਼ੱਕਤ ਕਰਦੀ,
ਕਿਊਂ ਡੁੱਬਦੀ ਜਾਵੇ ਕਿਸਾਨੀ ,
ਨਸ਼ਿਆਂ ਦੀ ਦਲਦਲ ਵਿਚ ਫਸ ਕੇ ,
ਅੱਜ ਨਿਘੱਰ ਚੱਲੀ ਜਵਾਨੀ ,
ਗੂੜ੍ਹੀ ਨੀਂਦੇ ਸਭ ਨੇ ਸੁੱਤੇ,
ਰਾਜੇ ਸ਼ੀਂਹ ਮੁਕੱਦਮ ਕੁੱਤੇ,
ਦਿੰਦੇ ਮਹਿਣਾ ਨੂਰ ਇਲਾਹੀ ਨੂੰ,
ਕੋਈ ਲੱਭੋ ਸੰਤ ਸਿਪਾਹੀ ਨੂੰ..

ਦੱਬੇ ਕੁਚਲੇ ਲੋਕਾਂ ਦੀ,
ਬਾਂਹ ਫੜ ਕੇ ਤੁਰਨਾ ਜਾਣਦਾ ਹੋਵੇ,
ਕਿਰਤੀ ਧਿਰ ਦੇ ਹੱਕ ਲਈ ਬੋਲੇ,
ਨਾ ਪੂੰਜੀਪਤੀਆਂ ਦੇ ਹਾਣ ਦਾ ਹੋਵੇ,
ਹੱਕ ਸੱਚ ਲਈ ਜੋ ਫਾਂਸੀ ਚੁੰਮ ਲਏ,
ਕੋਈ ਭਗਤ ਸਿੰਘ ਵਰਗੇ ਭਾਈ ਨੂੰ,
ਕੋਈ ਲੱਭੋ ਸੰਤ ਸਿਪਾਹੀ ਨੂੰ


Tuesday, June 7, 2011

ਰੁੱਤ ............. ਹਰਮਨ ਗਿੱਲ

ਪਤਝੜ ਤੋਂ ਬਾਅਦ ਬਾਹਾਰ ਦਾ ਆਉਣਾ 
ਕਿੰਨਾ ਵਧੀਆ ਲਗਦੈ
ਪਰ ਕਿਵੇਂ ਲਗਦਾ ਹੋਵੇਗਾ
ਜੇ ਜਿੰਦਗੀ ਪਤਝੜ ' ਹੀ ਗੁਜ਼ਰ ਜਾਵੇ
ਤੇ ਕੰਮ ਵਿਚ ਹੀ ਸੂਰਜ਼ ਚੜੇ ਤੇ ਛਿਪ ਜਾਵੇ
ਕੀ ਕਹਾਂ ਮੈਂ ਉਸ ਇਨਸਨ ਦਾ
ਜੋ ਸੂਰਜ਼ ਦੀ ਧੁਪ ਵਿਚ
ਕੰਮ ਕਰਕੇ ਥੱਕ ਕੇ
ਤੱਕੇ ਅਸਮਾਨ ਵੱਲ ਤੇ ਕਚੀਚੀ ਲੈ ਜਾਵੇ
ਫਿਰ ਚੱਕ ਲਵੇ ਓਹੀ ਕਹੀ ਕੁਹਾੜਾ
ਦਰਦ ਦਿਲ ਵਿਚ ਲਕੋ ਜਾਵੇ
ਫਿਰ ਗੂੰਜੇ ਇਕ ਅਵਾਜ਼ ਉਸਦੇ ਕੰਨਾ ਵਿਚ
ਜਾਗ ਤੇ ਦੇਖ, ਤੂੰ
ਧਰਤੀ ਦੀ ਹਿਕ ਤੇ ਖੜੈਂ
ਤੇਰੇ ਸੰਦ
ਜਿੰਨ੍ਹਾ ਨਾਲ ਤੂੰ ਦੁਨੀਆ ਤਿਰਾਸ਼ੀ
ਦੁਨੀਆ ਵਿਚ ਕੋਈ ਨਹੀਂ
ਜੋ ਇਸਦਾ ਵਾਰ ਝੱਲ ਜਾਵੇ
ਭਰ ਇਕ ਟਕ ਆਸਮਾਨ ਦੀ ਹਿਕ '
ਪਾੜ ਜਾਵੇ ਜੋ ਆਸਮਾਨ
ਤੇ ਹਨੇਰਾ ਚੀਰ ਜਾਵੇ
ਤੇਰੀ ਜਿੰਦਗੀ ਦੀ ਰੁੱਤ ਬਦਲ ਜਾਵੇ

Saturday, April 16, 2011

ਭਗਤ ਸਿੰਘ ਦੀ 'ਮੜ੍ਹੀ'....... ਬਿਸਮਿਲ ਫਰੀਦਕੋਟੀ

ਕਿਨਾਰੇ ਸ਼ਾਂਤ ਸਤਲੁਜ ਦੇ,ਭਿਆਨਕ ਚੁੱਪ ਹਰ ਪਾਸੇ,
ਜਿਵੇਂ ਡੈਣਾਂ ਦੇ ਸਿਰ ਖੁੱਲ੍ਹੇ, ਹਨੇਰੀ ਰਾਤ ਇਉਂ ਭਾਸੇ।
ਕਿਤੇ ਗਿੱਦੜ ਹੁਆਂਕਣ ਪਏ, ਕਿਤੇ ਕਲਜੋਗਣਾਂ ਬੋਲਣ,
ਚੜੇਲਾਂ ਲਹੂ ਤਿਹਾਈਆਂ ਪਿਆਲੇ ਖੂਨ ਦੇ ਟੋਲਣ।
ਇਸ ਦੁਰਦਸ਼ਾ ਅੰਦਰ, ਮੈਂ ਭਗਤ ਸਿੰਘ ਦੀ ਮੜ੍ਹੀ ਵੇਖੀ,
ਕੁੜੀ ਇਕ ਜੋਗਣਾ ਜੇਹੀ ਸਦੀ ਮੜ੍ਹੀ ਤੇ ਖੜੀ੍ਹ ਵੇਖੀ।
ਕੁੜੀ ਕੀ ਸੀ, ਅਰਸ਼ ਦੀ ਹੂਰ ਲਗਦੀ ਸੀ,
ਤੇ ਖੋਹ ਕੇ ਚੱਨ ਦੇ ਕੋਲੋਂ,ਲੈ ਆਈ ਨੂਰ ਲਗਦੀ ਸੀ।
ਪਰ ਸਹਾਰੇ ਗਲ ਉਸਦੇ ਲੀਰਾਂ ਦਾ ਪਿਆ ਛੱਜ ਡਿੱਠਾ ਮੈਂ,
ਕਦੇ ਪਹਿਲਾਂ ਨਹੀਂ ਸੀ ਹਾਲ ਉਸਦਾ ਜੋ ਅੱਜ ਡਿੱਠਾ ਮੈਂ।
ਉਹਦੇ ਪੈਰਾਂ ਤੇ ਛਾਲੇ ਸਨ, ਉਹਦੇ ਨੈਣਾਂ ਚ ਪਾਣੀ ਸੀ।
ਉਹਦੇ ਸੰਧੂਰ ਦੇ ਉਤੇ, ਕਿਸੇ ਨੇ ਅੱਗ ਛਾਣੀ ਸੀ।
ਅਤਰ ਭਿੱਜੇ ਉਹਦੇ ਵਾਲਾਂ ਚ'ਕਿਸੇ ਨੇ ਬੁੱਕ ਰੇਤ ਦਾ ਪਾਇਆ,
ਉਹਦੀ ਛਾਤੀ ਚ ਗਡਿੱਆ ਮੈਨੂੰ ਇਕ ਖੰਜਰ ਨਜਰ ਆਇਆ।
ਉਹਦੀ ਹਰ ਚੀਖ ਅਸਮਾਨਾਂ ਦੇ ਪਰਦੇ ਪਾੜਦੀ ਜਾਵੇ,
ਉਹਦੇ ਹਉਕਿਆਂ ਦੀ ਗਰਮੀਂ,ਪਰਬਤਾਂ ਦੇ ਸੀਨੇ ਸਾੜਦੀ ਜਾਵੇ।
ਉਹਦਾ ਅੱਥਰੁ ਜਿੱਥੇ ਵੀ ਡਿਗਦਾ,ਧਰਤ ਨੂੰ ਅੱਗ ਲੱਗ ਜਾਂਦੀ,
ਉਹਨੂੰ ਜੋ ਵੀ ਵਿੰਹਦਾ, ਉਹਦੀ ਅੱਖ ਵਗ ਜਾਂਦੀ।
ਉਹਦੇ ਨੈਣਾਂ ਚਂੋ ਰੱਤ ਚੋਅ ਕੇ, ਮੜ੍ਹੀ ਤੇ ਰੁੜਿਆ ਜਾਂਦਾ ਸੀ।
ਵਹਿਣ ਸਤਲਜੁ ਦਾ ਘਬਰਾ ਕੇ,ਪਿਛਾਂਹ ਨੂੰ ਮੁੜਿਆ ਜਾਂਦਾ ਸੀ।
ਉਹ ਮੜ੍ਹੀ ਨੂੰ ਪਾ ਕੇ ਗਲਵੱਕੜੀ, ਅੱਥਰੂ ਰੋਲੀ ਜਾਂਦੀ ਸੀ,
ਉਹ ਕੁੜੀ ਸੀ ਆਜਾਦੀ ਦੀ, ਤੇ ਇੰਜ ਬੋਲੀ ਜਾਂਦੀ ਸੀ।
"ਮੇਰੇ ਸਰਦਾਰ ,ਤੇਰੇ ਦਰ ਤੇ ਮੈਂ ਮੰਗਣ ਖੈਰ ਆਈਂ ਹਾਂ,
ਨਿਰਾਸ਼ੀ ਮੋੜ ਨਾ ਦੇਵੀਂ, ਮੈਂ ਨੰਗੇ ਪੈਰ ਆਈ ਹਾਂ।
ਵੇ ਮੈਂ ਕੇਸਾਂ ਤੋ ਹੱਥ ਪਾ ਕੇ, ਹਿਮਾਲਾ ਤੋ ਘਸੀਟੀ ਗਈ,
ਮੇਰੇ ਸੀਨੇ ਚ' ਅੱਗ ਲੱਗੀ, ਮੇਰੀ ਅਜ਼ਮਤ ਹੈ ਲੁੱਟੀ ਗਈ।
ਤੂੰ ਲੰਮੀ ਤਾਣ ਕੇ ਨਾਂ ਸੌਂ ,ਮੇਰਾ ਸੰਧੂਰ ਲੁੱਟ ਚਲਿੱਐ,
ਚਮਨ ਦੇ ਮਾਲੀਆ ,ਅੰਬੀਆਂ ਦਾ ਆਇਆ ਬੂਰ ਲੂੱਟ ਚਲਿਐ।
ਖਿਲਾਰੀ ਕੇਸ ਕਲ ਜੋਗਣ, ਦੰਦੀਆਂ ਪੀਂਹਦੀ ਆਉਦੀ।
'ਗੁਲਾਮੀ ਹਾਂ' ਗੁਲਾਮੀ ਹਾਂ ਇਹ ਉੱਚੀ ਕੂਕਦੀ ਆਂਉਦੀ
ਇਹ ਕਹਿੰਦੀ ਹੈ, ਅਜਾਦੀ ਦੀ ਪਰੀ ਹੁਣ ਬਚ ਨਹੀ ਸਕਦੀ,
ਗੁਲਾਮੀ ਹਾਂ ਮੈਂ, ਮੇਰੇ ਸਾਵੇਂ ਅਜਾਦੀ ਹੱਸ ਨਹੀ ਸਕਦੀ।
ਪਰ ਤੇਰੇ ਸਾਵੇਂ ਇਹ ਮੇਰਾ ਖੂਨ ਪੀਵੇ ਇਹ ਹੋ ਨਹੀ ਸਕਦਾ,
ਮੈਂ ਮਰ ਜਾਵਾਂ, ਗੁਲਾਮੀ ਫਿਰ ਜੀਵੇ, ਇਹ ਹੋ ਨਹੀ ਸਕਦਾ।
ਸਮਾਂ ਹੈ ਜਾਗ ਪੈ, ਨਹੀ ਤਾਂ ਇੱਜਤ ਨਿਲਾਮ ਹੋਵੇਗੀ,
ਕਿਸੇ ਪਿੰਡੀ ਚ' ਦਿਨ ਚੱੜੂ ਕਿਦੇ ਦਿੱਲੀ ਤੇ ਸਾਮ ਹੋਵੇਗੀ।
ਇਹ ਕਹਿਕੇ ਉਸਨੇ ਗਸ਼ ਖਾਦੀ ਤੇ ਮੱਥਾ ਮੜੀ ਤੇ ਵੱਜਿਆ,
ਮੱੜੀ ਫੱਟ ਗਈ ਤੇ ਵਿਚ ਪਿਆ ਸਰਦਾਰ ਇਉਂ ਗੱਜਿਆ।
"ਖਬਰਦਾਰ! ਐ ਵੱਤਨ ਵਾਲਿਉ ਸੁਨੇਹਾ ਮੈਂ ਪਹੁੰਚਾਦਾ ਹਾਂ,
ਕਵੀ ਹਾਂ ਮੈਂ ਵਤਨ ਦਾ, ਮੈਂ ਵਤਨ ਦਾ ਭਾਰ ਲਾਉਦਾ ਹਾਂ।
ਕਿਹਾ ਸੀ ਭਗਤ ਸਿੰਘ ਨੇ ਸੁਣੋ ਨਲੂਏ ਦੇ ਯਾਰੋ,
ਸੁਣੋ ਝਾਂਸੀ ਦੀ ਅਣਖੋ, ਸੁਣੋ ਸਰਾਭੇ ਦੇ ਸਰਦਾਰੋ,
ਗੁਰਦੱਤ ਬਣ ਕੇ ਸਰਬਾਲਾ ਜਦੋਂ ਮੈਂ ਘੋੜੀ ਤੇ ਚੱੜਿਆ ਸੀ,
ਤੁਸਾਂ ਤੱਕਿਆ ਸੀ,
ਫਾਂਸੀ ਤੇ ਖੱੜੇ ਹੋਕੇ ਵੀ ਸ਼ਗਨ ਹੱਥਾਂ ਚ' ਫੱੜਿਆ ਸੀ।
ਤੁਸਾਂ ਤੱਕਿਆ ਸੀ,
ਤਿੰਨਾ ਦੀ ਜਦੋਂ ਬਰਾਤ ਜਾਂਦੀ ਸੀ,
ਵੱਤਨ ਵਾਲਿਉ,
ਅਜਾਦੀ ਦੀ ਕੁੜੀ ਸਿਰ ਦੇ ਕੇ ਲੈ ਆਂਦੀ ਸੀ।
ਇਸੇ ਖੁਸ਼ੀ ਵਿਚ ਸੱਤਲੁਜ ਦੇ ਕੰਢੇ ਦੀਪ ਬਾਲੇ ਸਨ,
ਉਹ ਭੋਲੇ ਜੋ ਕਿਹੰਦੇ ਨੇ ਸਾਡੇ ਜਿਸਮ ਜਾਲੇ ਸਨ।
ਮੈਂ ਆਖਦਾਂ ਵਤਨ ਵਾਲਿਉ, ਕੀ ਪੱੜਦਾ ਅਨਖ ਦਾ ਪਾੜ ਦਿੱਤਾ ਹੈ,
ਰੱਤਾ ਹੋਸ਼ ਵਿਚ ਆਉ, ਤੁਹਾਡਾ ਗੁਲਸ਼ਨ ਸਾੜ ਦਿੱਤਾ ਹੈ।
ਜਵਾਂ ਮਰਦੋ, ਬੱਬਰ ਸੇਰੋ, ਤੋਹਾਥੋਂ ਸ਼ਰਨ ਮੰਗਦਾ ਹਾਂ,
ਆਪਣੀ ਜਾਣ ਦੇ ਬਦਲੇ ਬਸ ਇਕੋ ਪਰਨ ਮੰਗਦਾਂ ਹਾਂ।
ਉਠਾ ਕੇ ਸਿਰ ਇਉਂ ਆਖੋ ਕਿਰਤ ਦੀ ਲਾਜ ਰੱਖਾਂ ਗੇ,
ਕਟਾ ਦੇਵਾਂਗੇ ਸਿਰ ਕਿਰਤ ਸਿਰ ਤਾਜ ਰੱਖਾਂਗੇ
ਕਿਰਤ ਸਿਰ ਤਾਜ ਰੱਖਾਂ ਗੇ!!!!

Thursday, August 12, 2010

ਹੱਸਦਾ-ਵੱਸਦਾ ਰਹੇ ਪੰਜਾਬ

ਦੁਨੀਆ ਕਿੰਨੀ ਖੂਬਸੂਰਤ ਹੈ
ਕਿਤੇ ਕਿਤੇ
ਜਿੰਦਗੀ ਕਿੰਨੀ ਖੁਸ਼ਹਾਲ।
ਸੱਚ ਹੈ-
ਮਨੁੱਖ ਕਦੇ ਕੁਦਰਤ ਦੇ ਰਹਿਮੋ-ਕਰਮ ਤੇ ਸੀ
ਤੇ ਆਖਰ-
ਤਜਰਬਾ ਗਿਆਣ ਬਣਦਾ ਗਿਆ,
ਮਨੁੱਖ ਮਹਾਨ ਬਣਦਾ ਗਿਆ।
ਉਨ੍ਹੇ ਧਰਤੀ ਗਾਹ ਮਾਰੀ
ਪਾਣੀ ਪੁਣ ਘੱਤੇ,
ਅੰਬਰ ਛਾਣ ਦਿੱਤਾ
ਤੇ
ਇਕ ਹੋਰ ਪੁਲਾਂਘ ਪੁੱਟ
ਚੰਨ-ਤਾਰੇ ਵੀ ਛੂਹ ਲਏ।
ਮਨੁਖ ਆਪਣੀ ਪ੍ਰਾਪਤੀ ਨੂੰ ਵੇਖ ਕੇ
ਖੁੱਦ ਚਕਾਚੌਧ ਹੋ ਉਠਦੈ।
ਸਵਰਗਾਂ-ਨਰਕਾਂ ਦੇ ਝੱਗੜੇ ਝੇੜਿਆਂ ‘ਚ
ਵੰਡੀ ਦੁਨੀਆ ਨੂੰ
ਮਨੁੱਖ ਦੀ ਰਚਨਾ ਨੰਗੀ ਅੱਖ ਨਜਰ ਪੇਂਦੀ ਹੈ।
ਜਦ ਸੱਚ ਦੀ ਅੱਖ
ਪੰਜਾਬ ਦੀ ਫੋਲਾ ਫਾਲੀ ਕਰਦੀ ਹੈ
ਤਾਂ ਸੱਚ ਬਹੁਤ ਕੌੜਾ ਲੱਗਦੈ।
ਪੰਜਾਂ ਦਰਿਆਂਵਾਂ ਦੀ ਧਰਤੀ
ਪਹਿਲਾਂ ’47’ ‘ਚ ਲਹੂ-ਲੁਹਾਣ ਕੀਤੀ ਗਈ
ਇਹਦੇ ਜੇਹਲਮ, ਰਾਵੀ, ਝਨਾਂ
ਤੇ ਸਤਲੁਜ, ਬਿਆਸ ਵਿਚ
ਲਕੀਰ ਖਿੱਚੀ ਗਈ
ਇਹਦੇ ਵਸਨੀਕ ਪੰਜਾਬੀ ਨਾ ਹੋ ਕੇ
ਹਿੰਦੂ, ਸਿੱਖ ਤੇ ਮੁਸਲਮਾਨ ਹੋ ਗਏ,
ਪੰਜਾਬ ਦੀਆਂ ਧੀਆਂ ਦੋਵੀਂ ਪਾਸੀ
ਬੇਪਤ ਕੀਤੀਆਂ ਗਈਆਂ।
ਕਾਵਿਕ ਮਨ ਕੁਰਲਾ ਉਠੇ,
ਅਮ੍ਰਿਤਾ ਨੇ ਵਾਰਸ ਨੂੰ ਯਾਦ ਕਰਕੇ
ਲਿਖਿਆ
“ਇਕ ਰੋਈ ਸੀ ਧੀ ਪੰਜਾਬ ਦੀ,
ਤੂੰ ਲਿਖ-ਲਿਖ ਮਾਰੇ ਵੈਣ,
ਅੱਜ ਲੱਖਾਂ ਦੀਆਂ ਰੋਂਦੀਆਂ
ਤੈਨੂੰ ਵਾਰਸ ਸ਼ਾਹ ਨੂੰ ਕਹਿਣ,
ਉਠ ਦਰਦਮੰਦਾਂ ਦਿਆ ਦਰਦੀਆ
ਉਠ ਤੱਕ ਆਪਣਾ ਪੰਜਾਬ”
ਪੰਜਾਬ ਦੀ ਹਿੱਕ ‘ਤੇ
ਏਹਦੇ ਸੱਭਿਆਚਾਰ ਦਾ ਕਤਲਿਆਮ ਹੋਇਆ,
ਗਿਧੇ, ਭੰਗੜੇ, ਕਵਾਲੀਆਂ ਨੁੱਕਰੀ ਲੱਗ ਗਏ।
ਬੱਸ ਨਫਰਤਾਂ ਦੇ ਬੋਲ
ਧਾਹਾਂ ਤੇ ਕੁਰਲਾਟਾਂ
ਧੂੰਆ ਤੇ ਅੱਗ ਬਣ ਉੱਠੀਆਂ।
ਲੁੱਟ ਦੇ ਮਾਲਕਾਂ ਦੀ ਪੁੱਗੀ,
ਵੰਡ ਪੱਕੀ ਹੋ ਗਈ।
ਸਮਾਂ ਪਾ ਕੇ ਜਨੂੰਨ ਠੰਡਾ ਪੈਣ ਲੱਗਾ
ਹੈਵਾਨਗੀ ਅਲੋਪ ਹੋ
ਮਨੁੱਖ ਵਿਚ ਮਨੁੱਖਤਾ ਪਰਤਣ ਲੱਗੀ।
ਸਮੇ ਨੇ ਪੰਜਾਬ ਦੇ ਜਖਮ ਭਰਨੇ
ਸੁਰੂ ਕੀਤੇ।
ਨਵੇਂ ਰਚਨਾਤਮਕ ਕੰਮ ਤੁਰੇ
ਬਚੇ ਖੁਚੇ ਪੰਜਾਬ ਦੇ ਸਭਿਆਚਾਰ ਵਿਚ,
ਸਾਹਿਤ ਨੇ ਨਵਾਂ ਖੂਨ ਭਰਨਾ ਸ਼ੁਰੂ ਕੀਤਾ।
“ਭਾਖੜੇ ਤੋਂ ਆੳਂੁਦੀ ਮੁਟਿਆਰ ਨੱਚਦੀ
ਚੰਦ ਨਾਲੋਂ ਗੋਰੀ ਉੱਤੇ ਚੁੰਨੀ ਸੁੱਚੇ ਕੱਚ ਦੀ”
ਜਿਹੇ ਮਿੱਠੇ ਪਿਆਰੇ ਬੋਲ ਗੂੰਜਣ ਲੱਗੇ।
ਪੰਜਾਬ ਦੀ ਮਨੁੱਖਾ ਸ਼ਕਤੀ ਨੇ
ਇਹਦੇ ਅਮੀਰ ਕੁਦਰਤੀ ਸਾਧਨਾਂ ਦੀ,
ਐਸੀ ਨੁਹਾਰ ਬਦਲੀ ਕਿ
ਧਰਤੀ ਦਾ ਚੱਪਾ ਚੱਪਾ ਤਾਲ ਦੇ ਉਠਿਆ
ਬੈਲਾਂ ਦੀਆਂ ਜੋੜੀਆਂ ਦੇ ਗਲ,
ਟੱਲੀਆਂ ਦੀ ਟਣ-ਟਣ ਦੀ ਥਾਂ
ਟਰੈਕਟਰਾਂ, ਕੰਬਾਈਨਾਂ ਦੀ ਘੰ-ਘੰ ਤੇ
ਖੜਖੜਾਹਟ ਨੇ ਮਲੀ ।
ਨਵੇਂ ਬੀਜ,ਨਵੇਂ ਸੰਦ, ਨਵਾਂ ਹੁਨਰ,
ਪੰਜਾਬ ਅੰਨ ਭੰਡਾਰ ਵਿਚ
ਨਵੇਂ ਸਾਲ, ਨਵਾਂ ਰਿਕਾਰਡ ਦੇਣ ਲੱਗਾ
ਪਰ ਕੁਦਰਤ ਦੇ ਨਿਯਮ
ਭੋਂ ਖਿੱਚ ਕੇ ਵਧਾਈ ਨਹੀਂ ਜਾ ਸਕਦੀ,
ਸਾਡੇ ਪਿਤਰੀ ਰਿਵਾਜ,
ਪੁਸ਼ਤ-ਦਰ-ਪੁਸ਼ਤ ਵੰਡ ਨੇ,
ਖੇਤ ਛੋਟੇ ਕਰ ਦਿੱਤੇ
ਖੇਤੀ ਕਿੱਤੇ ਤੇ ਮਸ਼ੀਨਰੀ ਆਉਂਦੀ ਗਈ
ਲੋਕ ਬੇਕਾਰ ਹੁੰਦੇ ਗਏ
ਛੋਟੇ ਮਾਲਕ ਭੋਂ ਵੱਡੇ ਨੂੰ ਦੇ,
ਬੇਕਾਰੀ ਵਿਚ ਵਾਧਾ ਕਰਨ ਲੱਗੇ
ਦੇਸ਼ ਦੇ ਰਹਿਬਰ
ਬਦਲਵੇਂ ਕੰਮ ਦੇਣ ਦੀ ਥਾਂ
ਭੋਂ ਤੇ ਭਾਰ ਵਧਾਉਣ ਲਈ
“ਤੇਰੀ ਘਰੇ ਨੋਕਰੀ
ਡੂੰਘਾ ਵਾਹ ਲੈ ਹਲ ਵੇ”
ਪ੍ਰਚਾਰਦੇ ਰਹੇ
ਦੇਖਦੇ ਹੀ ਦੇਖਦੇ ਸਾਡੇ ਪੇਂਡੂ ਖੇਤਰ ‘ਚੋਂ
ਭੋਂ ਦਾਰਾਂ ਦੀ ਇਕ ਨਵੀਂ ਅਵਾਜ ਉੱਠੀ
ਉਹ ਪੰਜਾਬ ਨੂੰ ਕੈਲੇਫੋਰਨੀਆ ਬਣਾਉਣ ਲਈ,
ਛੋਟੇ ਨੂੰ ਉਜਾੜ ਕੇ ਵੱਡੇ ਫਾਰਮ ਬਣਾਉਣ ਲਈ,
ਥਰਲੋ-ਮੱਛੀ ਹੋਣ ਲੱਗੀ,
ਉਹਨਾ ਆਪਣੇ ਸਿਆਸੀ ਮਨੋਰਥ ਲਈ
ਸਮਾਜਿਕ ਸੁਧਾਰਾਂ ਦੇ ਨਾਂ ਹੇਠ
ਧਰਮ ਦੇ ਬੁਰਕੇ ‘ਚ ਮਤਾ ਪਕਾਇਆ
ਫਿਰ ਇਕ ਅਜਿਹਾ ਵਾ-ਵਰੋਲਾ ਖੜਾ ਕੀਤਾ,
ਲੋਕ ਫਿਰ ਭੈ ਭੀਤ ਹੋਣ ਲਗੇ।
ਪੰਜਾਬ ਦੇ ਅੱਲੇ ਜਖਮਾਂ ‘ਤੇ ਆਏ
ਅੰਗੂਰਾਂ ਨੂੰ
ਫਿਰ ਵਲੂੰਧਰਿਆ ਗਿਆ।
ਟੁੱਟ ਰਹੀ ਕਿਸਾਨੀ ਦੇ ਪੁੱਤਰਾਂ ਦੇ ਹੱਥ
‘ਸੰਤਾਲੀ’ ਦੇ ਬਰਛੇ ਤੇ ਤਲਵਾਰ ਦੀ ਥਾਂ
‘ਸੰਤਾਲੀ’ ਫੜਾ ਦਿੱਤੀ
ਉਸਦੀਆਂ ਜੇਬਾਂ ‘ਚ ਬਾਰੂਦ ਭਰ ਦਿੱਤਾ
ਹਿੰਦੂ ਤੇ ਸਿੱਖ ਦਾ ਘਾਣ ਕਰਾਇਆ,
ਪੰਜਾਬੀਅਤ ਨੂੰ ਬਰਫ ‘ਚ ਲਾਇਆ।
ਫਿਰਕੂ ਜਨੂੰਨ ਦੇ ਭੂਤ,
ਵਰਤਮਾਨ ਤੋ
ਲੋਕਾਈ ਲਹੂ ਦਾ ਰੰਗ ਪੁੱਛਦੀ ਹੈ
ਲਹੂ ਦਾ ਰੰਗ ਲਾਲ ਹੈ
‘ਮੁਕਤਸਰ’ ਬੱਸ-ਕਾਂਡ ਹੋਵੇ ਜਾਂ
‘ਲਾਲੜੂ’
ਦਿੱਲੀ ਦੇ ਦੰਗੇ ਹੋਣ ਜਾਂ
ਕੋਈ ਫਿਰਕੂ ਫਸਾਦ।
ਮਾਨਵਤਾ ਫਿਰ ਹੋਕਾ ਦਿੰਦੀ ਹੈ
ਮਾਸ਼ਾਲਾਂ ਬਾਲ ਕੇ ਚੱਲਣਾ
ਜਦੋਂ ਤੱਕ ਰਾਤ ਬਾਕੀ ਹੈ
ਹੱਸਦਾ-ਵੱਸਦਾ ਰਹੇ ਪੰਜਾਬ,ਪੰਜਾਬ ਦੇ ਹਿਤੈਸ਼ੀਓ
ਸਾਵਧਾਨ..
ਹੋਸ਼ਿਆਰ ਰਹੋ ਪਹਿਰੇ ਦੇਂਦੇ ਚੱਲਣੈ
ਜਦੋਂ ਤੱਕ ਰਾਤ ਬਾਕੀ ਹੈ’
ਜਦੋਂ ਤੱਕ ਰਾਤ ਬਾਕੀ ਹੈ।

-ਜਗਰੂਪ ਸਿੰਘ

Wednesday, August 11, 2010

ਉੱਠੋ-ਉੱਠੋ ਨੌਜਵਾਨੋ ਲਲਕਾਰ ਬਣਕੇ

ਉੱਠੋ-ਉੱਠੋ ਨੌਜਵਾਨੋ

ਉੱਠੋ-ਉੱਠੋ ਨੌਜਵਾਨੋ ਲਲਕਾਰ ਬਣਕੇ
ਤੁਸੀੰ ਭਗਤ, ਸਰਾਭੇ ਦੇ ਵਿਚਾਰ ਬਣਕੇ
ਉੱਠੋ-ਉੱਠੋ ਨੌਜਵਾਨੋ...................

ਏਦਾਂ ਸੁੱਤਿਆਂ ਤਾਂ ਵੇਲੇ ਹੁਣ ਲੰਘਣੇ ਨਹੀੰ
ਹੱਕ ਮਿਲਣੇ ਨਹੀੰ ਜੇ ਤੁਸਾਂ ਮੰਗਣੇ ਨਹੀੰ
ਪੈਣਾ ਜਾਗਣਾ ਹੱਕਾਂ ਦੇ ਪਹਿਰੇਦਾਰ ਬਣਕੇ
ਉੱਠੋ-ਉੱਠੋ ਨੌਜਵਾਨੋ.................

ਮਨਵਾਉਣੀਆਂ ਇਹ ਮੰਗਾਂ ਕੋਈ ਔਖੀ ਗੱਲ ਨਹੀੰ
ਨੱਕ ਵਿੱਚ ਦਮ ਕੀਤੇ ਬਿਨਾ ਹੋਣਾ ਹੱਲ ਨਹੀੰ
ਖੜ੍ਹ ਜਾਵੋ ਹਾਕਮਾ ਦੇ ਲਈ ਵੰਗਾਰ ਬਣਕੇ
ਉੱਠੋ-ਉੱਠੋ ਨੌਜਵਾਨੋ...................

ਮੰਜਲਾਂ ਨੂੰ ਸਰ ਕਰਨਾ ਜਵਾਨੀਆਂ ਦਾ ਕੰਮ
ਦੱਸੋ ਹੋਰ ਕਿੰਨਾ ਚਿਰ ਹੈ ਲੁਹਾਉਂਦੇ ਰਹਿਣਾ ਚੰਮ
ਭੀਖ ਵਾਂਗੂ ਨਹੀੰ ਮੰਗੋ ਦਾਅਵੇਦਾਰ ਬਣਕੇ
ਤੁਸੀੰ ਭਗਤ, ਸਰਾਭੇ ਦੇ ਵਿਚਾਰ ਬਣਕੇ
ਉੱਠੋ-ਉੱਠੋ ਨੌਜਵਾਨੋ...................

ਨਾਅਰੇ ਕਰ ਦਿਓ ਬੁਲੰਦ ਕੰਬ ਜਾਣ ਸਰਕਾਰਾਂ
ਗਿਣੇ ਜਾਂਦੇ ਓ ਤੁਸੀੰ ਵੀ ਵਿੱਚ ਬੇਰੁਜ਼ਗਾਰਾਂ
ਬੈਠ 'ਖੁਰਮੀ' ਨਾ ਤੂੰ ਵੀ ਲਾਚਾਰ ਬਣਕੇ
ਉੱਠੋ-ਉੱਠੋ ਨੌਜਵਾਨੋ.................


- ਮਨਦੀਪ ਖੁਰਮੀ