“ਸਭ ਕਿਸੇ ਲਈ ਉਤਸਾਹਿਤ ਕਰਨ ਵਾਲਾ ਆਦਰਸ਼, ਉਦੇਸ਼ ਲਈ ਮਰਨਾ ਨਾ ਹੋ ਕੇ, ਉਦੇਸ਼ ਲਈ ਜਿਉਣਾ ਹੋਣਾ ਚਾਹੀਦਾ ਹੈ” ਭਗਤ ਸਿੰਘ
Showing posts with label magzine. Show all posts
Showing posts with label magzine. Show all posts

Sunday, April 22, 2012

ਸਾਮਰਾਜਵਾਦੀ ਸੰਸਾਰੀਕਰਨ ਦਾ ਜਵਾਬ ਹੈ ਸਮਾਜਵਾਦੀ ਸੰਸਾਰੀਕਰਨ....ਫੀਡੇਲ ਕਾਸਟਰੋ

                                           ਭਵਿੱਖ ਮੈਗਜ਼ੀਨ ਦੇ ਅੰਕ ਮਾਰਚ-ਅਪ੍ਰੈਲ 2012 ਵਿਚੋਂ
ਸਾਡੇ ਵਿਚਾਰ ਨਾਲ ਸੰਸਾਰੀਕਰਨ ਕਿਸੇ ਦੀ ਸਨਕ ਨਹੀਂ ਹੈ।ਇਹ ਕਿਸੇ ਦੀ ਖੋਜ ਵੀ ਨਹੀਂ ਹੈ।ਸੰਸਾਰੀਕਰਨ ਇਤਿਹਾਸ ਦਾ ਨਿਯਮ ਹੈ।ਇਹ ਪੈਦਾਵਾਰੀ ਸ਼ਕਤੀਆਂ ਦੇ ਵਿਕਾਸ ਦਾ ਨਤੀਜਾ ਹੈ।ਇਹ ਵਿਗਿਆਨਕ ਅਤੇ ਤਕਨੀਕੀ ਵਿਕਾਸ ਦਾ ਸਿੱਟਾ ਹੈ।ਇਹ ਕੋਈ ਨਵੀਂ ਚੀਜ਼ ਨਹੀਂ ਹੈ।ਇਹ ਪਹਿਲਾਂ ਵੀ ਹੁੰਦਾ ਰਿਹਾ ਹੈ।ਹੁਣ ਇਸ ਵਿੱਚ ਨਵੀਂ ਗੱਲ ਇਹੀ ਹੈ ਕਿ ਇਹ ਨਵ-ਉਦਾਰਵਾਦੀ ਸੰਸਾਰੀਕਰਨ ਹੈ, ਜੋ ਦੁਨੀਆਂ ਦੇ ਸਾਰੇ ਦੇਸ਼ਾਂ ਨੂੰ ਵਿਆਕਤੀਗਤ ਸੰਪਤੀ ਵਿੱਚ ਬਦਲ ਦੇਣਾ ਚਾਹੁੰਦਾ ਹੈ।ਇਸ ਦੇ ਪਿੱਛੇ ਸਾਮਰਾਜਵਾਦੀ ਹਨ, ਜਿਨ੍ਹਾਂ ਦਾ ਸਰਗਨਾ ਹੈ ਅਮਰੀਕਾ। ਉਹਨਾਂ ਨੇ ਸਾਰੀ ਦੁਨੀਆਂ ਨੂੰ ਲੁੱਟ ਕੇ,ਉਹਨਾਂ ਦਾ ਸ਼ੋਸ਼ਣ ਕਰਕੇ, ਅਪਾਰ ਧਨ ਇਕੱਠਾ ਕਰ ਲਿਆ ਹੈ।ਜਿਸ ਨਾਲ ਉਹ ਪੂਰੀ ਦੁਨੀਆਂ ਦੇ ਕੁਦਰਤੀ ਸੋਮਿਆਂ ਨੂੰ,ਕਾਰਖਾਨਿਆਂ ਨੂੰ,ਪੂਰੀਆਂ ਦੀਆਂ ਪੂਰੀਆਂ ਸੇਵਾਵਾਂ ਅਤੇ ਸੰਚਾਰ ਵਿਵਾਸਥਾਵਾਂ ਆਦਿ ਨੂੰ ਖਰੀਦ ਲੈਂਦੇ ਹਨ।ਉਹ ਸਾਰੀ ਦੁਨੀਆਂ ਵਿੱਚ ਜ਼ਮੀਨਾਂ ਵੀ ਖਰੀਦ ਰਹੇ ਹਨ ਕਿੳਂਕਿ ਦੂਜੇ ਦੇਸ਼ਾਂ ਵਿੱਚ ਜ਼ਮੀਨ ਉਨ੍ਹਾਂ ਦੇ ਦੇਸ਼ਾਂ ਦੇ ਮੁਕਾਬਲੇ ਸਸਤੀ ਹੈ।ਉਹ ਸਮਝਦੇ ਹਨ ਕਿ ਇਹ ਭਵਿੱਖ ਲਈ ਚੰਗਾ ਨਿਵੇਸ਼ ਹੈ।ਮੈਨੂੰ ਹੈਰਾਨੀ ਹੁੰਦੀ ਹੈ-ਆਖਰ ਉਹ ਸਾਨੂੰ ਕੀ ਬਣਾ ਕੇ ਛੱਡਣਗੇ? ਸਾਡੇ ਹੀ ਦੇਸ਼ਾਂ ਵਿੱਚ ਅਸੀਂ ਦੂਜੇ ਦਰਜੇ ਦੇ ਨਾਗਰਿਕ ਬਣਾ ਦਿੱਤੇ ਜਾਵਾਂਗੇ? ਜਾਂ ਹੋਰ ਵੀ ਸਹੀ ਸ਼ਬਦ ਦਾ ਇਸਤੇਮਾਲ ਕਰਾਂ ਤਾਂ ਗੁਲਾਮ? ਉਹ ਸਮੁੱਚੀ ਦੁਨੀਆਂ ਨੂੰ ਮੁਕਤ ਵਪਾਰ ਦੇ ਖੇਤਰ ਬਣਾ ਦੇਣਾ ਚਾਹੁੰਦੇ ਹਨ।ਜਿੱਥੇ ਉਨ੍ਹਾਂ ਨੂੰ ਟੈਕਸ ਨਾ ਦੇਣਾ ਪਵੇ, ਜਿੱਥੇ ਗਰੀਬੀ ਕਾਰਨ ਮਜ਼ਦੂਰ ਸਸਤੇ ਮਿਲਦੇ ਹਨ, ਜਿੱਥੇ ਕੱਚੇ ਮਾਲ ਅਤੇ ਮਸ਼ੀਨਾਂ ਦੇ ਹਿੱਸੇ ਪੁਰਜੇ ਲਾ ਕੇ ਉਹ ਕਾਰਖਾਨੇ ਲਗਾਉਂਦੇ ਹਨ ਅਤੇ ਤਰ੍ਹਾਂ-ਤਰ੍ਹਾਂ ਦੀਆਂ ਚੀਜ਼ਾਂ ਪੈਦਾ ਕਰਦੇ ਹਨ।ਉਨ੍ਹਾਂ ਚੀਜ਼ਾਂ ਨੂੰ ਅਪਣੇ ਦੇਸ਼ ਵਿੱਚ ਬਣਵਾਉਣ ਲਈ ਉਹਨਾਂ ਨੂੰ ਜਿੰਨੀ ਮਜ਼ਦੂਰੀ ਦੇਣੀ ਪੈਂਦੀ ਹੈ, ਉਸਤੋਂ ਬਹੁਤ ਘੱਟ, ਕਦੇ-ਕਦੇ ਤਾਂ ਸਿਰਫ ਪੰਜ ਪ੍ਰਤੀਸ਼ਤ ਦੇ ਕੇ ਇਥੋਂ ਦੇ ਮਜਦੂਰਾਂ ਤੋਂ ਬਣਵਾ ਲੈਂਦੇ ਹਨ।ਹੋਰ ਵੀ ਉਦਾਸ ਕਰਨ ਵਾਲੀ ਗੱਲ ਉਹ ਸਾਡੇ ਦੇਸ਼ਾਂ ਵਿੱਚ ਆਪਸੀ ਹੋੜ ਲਗਾਉਂਦੇ ਹਨ ਕਿ ਸਾਡੇ ਵਿੱਚ ਕੌਣ ਉਨ੍ਹਾਂ ਨੂੰ ਜਿਆਦਾ ਫਾਇਦੇ ਪਹੁੰਚਾਉਂਦਾ ਹੈ, ਕੌਣ ਉਨ੍ਹਾਂ ਨੂੰ ਨਿਵੇਸ਼ਾਂ ਤੇ ਟੈਕਸਾਂ ਵਿੱਚ ਵਧੇਰੇ ਛੋਟ ਦੇਂਦਾ ਹੈ।ਉਹਨਾਂ ਨੇ ਤੀਜੀ ਦੁਨੀਆਂ ਦੇ ਬਹੁਤ ਸਾਰੇ ਦੇਸ਼ਾਂ ਨੂੰ ਇਸੇ ਆਪਸੀ ਹੋੜ ਵਿੱਚ ਉਲਝਾ ਦਿੱਤਾ ਹੈ ਕਿ ਕਿਹੜਾ ਦੇਸ਼ ਆਪਣੇ ਅੰਦਰ ਉਨ੍ਹਾਂ ਦੀ ਪੂੰਜੀ ਦਾ ਨਿਵੇਸ਼ ਕਰਾਉਣ ਲਈ ਆਪਣੇ ਅੰਦਰ ਕਿੰਨੇ ਜ਼ਿਆਦਾ ਮੁਕਤ ਵਪਾਰ ਖੇਤਰ ਬਣਾਉਣ ਲਈ ਤਿਆਰ ਹੈ। ਬਹੁਤੇ ਦੇਸ਼ਾਂ ਦੀ ਗਰੀਬੀ ਅਤੇ ਬੇਰੁਜ਼ਗਾਰੀ ਦਾ ਫਾਇਦਾ ਉਠਾ ਕੇ ਉਨ੍ਹਾਂ ਨੂੰ ਆਪਣੇ ਦੇਸ਼ ਅੰਦਰ ਮੁਕਤ ਵਪਾਰ ਕੇਂਦਰ ਬਣਾਉਣ ਲਈ ਮਜਬੂਰ ਕਰ ਦੇਂਦੇ ਹਨ।ਇਸ ਤੋਂ ਉਹ ਭਾਰੀ ਮੁਨਾਫਾ ਕਮਾਂਉਦੇ ਹਨ ਉਸ ਨਾਲ ਉਹ ਹਰ ਚੀਜ ਖਰੀਦਣਾ ਸ਼ੁਰੂ ਕਰ ਦਿੰਦੇ ਹਨ।ਜ਼ਮੀਨਾਂ ਤੋਂ ਲੈ ਕੇ ਜਹਾਜ਼ੀ ਬੇੜਿਆਂ ਅਤੇ ਹਵਾਈ ਸੇਵਾਵਾਂ ਤੱਕ ਹਰ ਚੀਜ, ਜੋ ਉਨ੍ਹਾਂ ਦੇਸ਼ਾਂ ਦੀ ਜਨਤਾ ਦੀ ਆਪਣੀ ਸੰਪਤੀ ਹੁੰਦੀ ਹੈ।ਨਵ-ਉਦਾਰਵਾਦੀ ਸੰਸਾਰੀਕਰਨ ਦੇ ਚਲਦਿਆਂ ਤੀਜੀ ਦੁਨੀਆਂ ਦੇ ਦੇਸ਼ਾਂ ਦਾ ਭਵਿੱਖ ਇਹੀ ਹੋ ਸਕਦਾ ਹੈ।ਪਰੰਤੂ ਇਹ ਨਾ ਸਮਝੋ ਕਿ ਇਹ ਭਵਿੱਖ ਸਿਰਫ ਮਜ਼ਦੂਰਾਂ ਲਈ ਹੈ।ਤੀਜੀ ਦੁਨੀਆਂ ਦੇ ਦੇਸ਼ਾਂ ਦੇ ਰਾਸ਼ਟਰੀ ਵਪਾਰੀਆਂ ਤੋਂ ਲੈ ਕੇ ਦਰਮਿਆਨੇ ਅਤੇ ਛੋਟੇ ਮਾਲਕਾਂ ਤੱਕ ਦਾ ਭਵਿੱਖ ਇਹੀ ਹੈ ਕਿਉਂਕਿ ਉਨ੍ਹਾਂ ਨੂੰ ਬਹੁਕੌਮੀ ਕੰਪਨੀਆਂ ਨਾਲ ਮੁਕਾਬਲਾ ਕਰਨਾ ਪਵੇਗਾ,ਜਿਨ੍ਹਾਂ ਕੋਲ ਅਥਾਹ ਪੂੰਜੀ ਹੈ,ਬਿਹਤਰੀਨ ਤਕਨੀਕ ਹੈ,ਵੰਡ ਦਾ ਵਿਸ਼ਵੀਕਰਨ ਨੱੈਟਵਰਕ ਹੈ।ਫਿਰ ਉਨ੍ਹਾਂ ਨੂੰ ਵਪਾਰਕ ਕਰਜਾ ਲੈਣ ਉਹ ਸੁਵਿਧਾਵਾਂ ਵੀ ਮੁਹੱਈਆ ਨਹੀਂ ਹਨ ਜੋ ਬੁਹਕੌਮੀ ਕੰਪਨੀਆਂ ਨੂੰ ਹਨ। 

ਉਦਾਹਰਨ ਲਈ ਮੰਨ ਲਓ ਤੀਜੀ ਦੁਨੀਆਂ ਦੇ ਦੇਸ਼ ਰੈਫੀਜ਼ਰੇਟਰ ਬਣਾਉਂਦੇ ਹਨ ਜੋ ਗੁਣਵੱਤਾ ਦੀ ਦ੍ਰਿਸ਼ਟੀ ਤੋਂ ਸਵੀਕਾਰਤ ਅਤੇ ਘੱਟ ਕੀਮਤ ਵਾਲੇ ਵੀ ਹੁੰਦੇ ਹਨ। ਪਰੰਤੂ ਕੀ ਉਹ ਫਰਿੱਜ ਬਣਾਉਣ ਵਾਲੀਆਂ ਬਹੁਕੌਮੀ ਕੰਪਨੀਆਂ ਨਾਲ ਮੁਕਾਬਲਾ ਕਰ ਸਕਦੇ ਹਨ ਜੋ ਲਗਾਤਾਰ ਆਪਣੀ ਬਿਹਤਰ ਤਕਨੀਕ ਅਤੇ ਨਵੇਂ ਡਿਜ਼ਾਈਨ ਬਣਾਉਣ ਦੇ ਸਮਰੱਥ ਹੋ ਸਕਦੀਆਂ ਹਨ; ਆਪਣੇ ਫਰਿੱਜ ਦੇ ਇਸ਼ਤਿਹਾਰ ਅਤੇ ਟਰੇਡ ਮਾਰਕ ਦੀ ਪ੍ਰਸਿੱਧੀ ਲਈ ਵੱਡੀਆਂ-ਵੱਡੀਆਂ ਰਕਮਾਂ ਖਰਚ ਕਰ ਸਕਦੀਆਂ ਹਨ, ਜਿੱਥੇ ਉਨ੍ਹਾਂ ਨੂੰ ਟੈਕਸ ਨਹੀਂ ਦੇਣੇ ਪੈਂਦੇ ਅਤੇ ਮਜ਼ਦੂਰੀ ਬਹੁਤ ਘੱਟ ਦੇਣੀ ਹੈ।ਉਨ੍ਹਾਂ ਕੋਲ ਆਪਣੀ ਵਿਸ਼ਾਲ ਪੂੰਜੀ ਤਾਂ ਹੁੰਦੀ ਹੀ ਹੈ, ਉਹਨਾਂ ਨੇ ਅਜਿਹੇ ਵਿੱਤੀ ਢੰਗ ਵੀ ਕੱਢੇ ਹੋਏ ਹਨ ਜਿੰਨ੍ਹਾਂ ਰਾਹੀਂ ਉਨ੍ਹਾਂ ਨੂੰ ਇੱਕ,ਦੋ,ਤਿੰਨ ਸਾਲ ਲਈ ਵਪਾਰਕ ਕਰਜੇ ਅਸਾਨੀ ਨਾਲ ਮਿਲ ਸਕਦੇ ਹਨ।ਉਹ ਆਪਣੇ ਫਰਿੱਜਾਂ ਨੂੰ ਨਿਰਯਾਤ ਕਿੱਥੇ ਅਤੇ ਕਿਵੇਂ ਕਰ ਸਕਦੇ ਹਨ।ਦੁਨੀਆਂ ਦੇ ਬਹੁਤ ਵੱਡੇ ਹਿੱਸੇ ਵਿੱਚ ਤਾਂ ਗਰੀਬ, ਬੇਰੁਜ਼ਗਾਰ ਅਤੇ ਭੁੱਖ-ਨੰਗੇ ਲੋਕ ਰਹਿੰਦੇ ਹਨ।ਜੋ ਉਨ੍ਹਾਂ ਦੇ ਫਰਿੱਜਾਂ ਦੇ ਗਾਹਕ ਨਹੀਂ ਹੋ ਸਕਦੇ ਤਾਂ ਕੀ ਅਸੀਂ ਉਦੋਂ ਤੱਕ ਉਡੀਕ ਕਰੀਏ ਜਦੋਂ ਤੱਕ ਦੁਨੀਆਂ ਦੇ ਇਹ ਸਾਰੇ ਗਰੀਬ,ਬੇਰੁਜ਼ਗਾਰ ਅਤੇ ਭੁੱਖੇ-ਨੰਗੇ ਲੋਕ ਇਸ ਲਾਇਕ ਨਾ ਹੋ ਜਾਣ ਕਿ ਉਹ ਇੱਕ ਫਰਿੱਜ, ਇੱਕ ਟੀ.ਵੀ. ਸੈੱਟ, ਇੱਕ ਟੈਲੀਫੋਨ, ਇੱਕ ਏਅਰ ਕੰਡੀਸ਼ਨਰ, ਇੱਕ ਕਾਰ, ਇੱਕ ਕੰਪਿਊਟਰ, ਇੱਕ ਮਕਾਨ, ਇੱਕ ਗੈਰਾਜ ਆਦਿ ਖਰੀਦ ਸਕਣ? ਸਾਮਰਾਜਵਾਦੀ ਲੋਕ ਤਾਂ ਸਾਨੂੰ ਸਾਡੇ ਵਿਕਾਸ ਦਾ ਇਹੀ ਰਸਤਾ ਦੱਸਦੇ ਹਨ ਪਰੰਤੂ ਉਨ੍ਹਾਂ ਦੇ ਨਵ-ਉਦਾਰਵਾਦੀ ਸਿਧਾਂਤਕਾਰ ਕੀ ਕਦੇ ਇਹ ਦੱਸ ਸਕਣਗੇ ਕਿ ਦੁਨੀਆਂ ਤੋਂ ਬੇਰੁਜ਼ਗਾਰੀ ਕਦੋਂ ਖਤਮ ਹੋਵੇਗੀ? ਤੀਜੀ ਦੁਨੀਆਂ ਦੇ ਲੋਕਾਂ ਦੀ ਬੇਰੁਜ਼ਗਾਰੀ ਦੀ ਗੱਲ ਛੱਡੋ, ਧਨੀ ਦੇਸ਼ਾਂ ਵਿੱਚ ਜੋ ਬੇਰੁਜ਼ਗਾਰੀ ਹੈ, ਉਸਦੀ ਸਮੱਸਿਆ ਦਾ ਕੀ ਹੱਲ ਹੈ ਉਹਨਾਂ ਕੋਲ? ਵਿਕਾਸ ਦੀ ਅਜਿਹੀ ਹਾਸੋ-ਹੀਣੀ ਧਾਰਨਾ ਦੇ ਚਲਦਿਆਂ ਉਨ੍ਹਾਂ ਕੋਲ ਕਦੇ ਕੋਈ ਗੱਲ ਦਾ ਹੱਲ ਹੋਵੇਗਾ ਵੀ ਨਹੀਂ।
ਉਨ੍ਹਾਂ ਦੀ ਵਿਵਸਥਾ ਦਾ ਬਹੁਤ ਭਾਰੀ ਅੰਤਰ ਵਿਰੋਧ ਇਹ ਹੈ ਕਿ ਉਹ ਤਕਨੀਕ ਵਿੱਚ ਜਿੰਨਾ ਜ਼ਿਆਦਾ ਨਿਵੇਸ਼ ਕਰਦੇ ਹਨ ਅਤੇ ਜਿੰਨਾ ਜ਼ਿਆਦਾ ਉਸਦਾ ਇਸਤੇਮਾਲ ਕਰਦੇ ਹਨ, ਓਨੀ ਹੀ ਜ਼ਿਆਦਾ ਬੇਰੁਜ਼ਗਾਰੀ ਵੱਧਦੀ ਹੈ।ਬਹੁਤ ਜ਼ਿਆਦਾ ਵਿਕਸਤ ਅਤੇ ਤਕਨੀਕੀ ਉਪਕਰਨ, ਜੋ ਮਾਨਵੀ ਮਿਹਨਤ ਤੋਂ ਬਣਦੇ ਹਨ, ਭੌਤਿਕ ਸੰਪਤੀ ਨੂੰ ਤਾਂ ਵਧਾਉਂਦੇ ਹਨ ਪਰੰਤੂ ਨਾਲ-ਨਾਲ ਗਰੀਬੀ, ਛਾਂਟੀ,ਬੇਰੁਜ਼ਗਾਰੀ ਵੀ ਵਧਾਉਂਦੇ ਹਨ।ਹੋਣਾ ਤਾਂ ਇਹ ਚਾਹੀਦਾ ਹੈ ਉਨ੍ਹਾਂ ਕਾਰਨ ਲੋਕਾਂ ਦੇ ਕੰਮ ਦੇ ਘੰਟੇ ਘੱਟ ਹੋ ਜਾਣ ਅਤੇ ਉਨ੍ਹਾਂ ਨੂੰ ਆਰਾਮ ਕਰਨ, ਖੇਡਣ ਕੁੱਦਣ, ਸੱਭਿਆਚਾਰਕ ਅਤੇ ਵਿਗਿਆਨਕ ਉੱਨਤੀ ਦੇ ਕੰਮਾਂ ਲਈ ਜ਼ਿਆਦਾ ਸਮਾਂ ਮਿਲੇ ਪਰ ਇਹ ਅਸੰਭਵ ਹੈ ਕਿਉਂਕਿ ਬਹੁਕੌਮੀ ਕੰਪਨੀਆਂ ਵਾਲੇ ਲੋਕ ਮੰਡੀ ਦੇ ਪਵਿੱਤਰ ਨਿਯਮਾਂ ਦਾ ਪਾਲਣ ਕਰਦੇ ਹੋਏ ਅਜਿਹਾ ਕਦੇ ਨਹੀਂ ਹੋਣ ਦੇਣਗੇ।ਨਹੀਂ ਤਾਂ ਉਹਨਾਂ ਨੂੰ ਸਸਤੇ ਮਜ਼ਦੂਰ ਕਿਵੇਂ ਮਿਲਣਗੇ? ਖਾਣ ਪੀਣ ਅਤੇ ਐਸ਼ ਕਰਨ ਦੀਆਂ ਉਹ ਚੀਜਾਂ ਉਨ੍ਹਾਂ ਨੂੰ ਕਿਵੇਂ ਮਿਲਣਗੀਆਂ? ਜਿੰਨ੍ਹਾਂ ਨੂੰ ਉਹ ਆਪਣੇ ਦੇਸ਼ਾਂ ਵਿੱਚ ਖੁਦ ਉਗ੍ਹਾ ਜਾਂ ਬਣਾ ਨਹੀਂ ਸਕਦੇ।ਉਹ ਕੰਮ ਕਰਨ ਵਾਲੇ ਨੌਕਰ ਕਿਵੇਂ ਮਿਲਣਗੇ ਜੋ ਉਹ ਖੁਦ ਨਹੀਂ ਕਰ ਸਕਦੇ ਜਾਂ ਕਰਨਾ ਨਹੀਂ ਚਾਹੁੰਦੇ।          

ਆਪਣੇ ਸ਼ਾਨਦਾਰ ਆਰਥਿਕ ਨਿਯਮਾਂ ਦੇ ਚਲਦਿਆਂ ਉਹ ਤੀਜੀ ਦੁਨੀਆਂ ਦੇ ਦੇਸ਼ਾਂ ਦੇ ਲੋਕਾਂ ਨਾਲ ਕੀ ਕਰ ਰਹੇ ਹਨ? ਉਹ ਬਹੁਤ ਲੋਕਾਂ ਉਹਨਾਂ ਦੇ ਅਪਣੇ ਹੀ ਦੇਸ਼ ਵਿੱਚ ਵਿਦੇਸ਼ੀ ਬਣਾ ਰਹੇ ਹਨ। ਆਪਣੇ ਦੇਸ਼ ਵਿੱਚ ਇੱਕ ਵਿਗਿਆਨਕ, ਡਾਕਟਰ, ਇੰਜੀਨੀਅਰ ਜਾਂ ਅਧਿਆਪਕ ਤਿਆਰ ਕਰਨ ਉੱਤੇ ਉਹਨਾਂ ਨੂੰ ਬਹੁਤ ਹੀ ਭਾਰੀ ਖਰਚ ਕਰਨਾ ਪੈਂਦਾ ਹੈ। ਇਸ ਲਈ ਉਹ ਤੀਜੀ ਦੁਨੀਆਂ ਦੇ ਦੇਸ਼ਾਂ ਦੀ ਜਨਤਾ ਦੀ ਖੂਨ ਪਸੀਨੇ ਦੀ ਕਮਾਈ ਨਾਲ ਤਿਆਰ ਕੀਤੇ ਗਏ ਵਿਗਿਆਨੀਆਂ, ਡਾਕਟਰਾਂ, ਇੰਜੀਨੀਅਰਾਂ ਆਦਿ ਨੂੰ ਆਪਣੇ ਕੋਲ ਬੁਲਾ ਲੈਂਦੇ ਹਨ।ਗੱਲ ਆਪਣਾ ਖਰਚ ਬਚਾਉਣ ਅਤੇ ਦੂਜੇ ਦੇਸ਼ਾਂ ਦੇ ਸਾਧਨਾਂ ਨੂੰ ਲੁੱਟ ਲੈਣ ਦੀ ਹੀ ਨਹੀਂ ਹੈ, ਗੱਲ ਇਹ ਵੀ ਹੈ ਕਿ ਨਿਰੰਤਰ ਨਵੀਆਂ ਤਕਨੀਕਾਂ ਨਾਲ ਬਣੇ ਉਦਯੋਗਾਂ ਨੂੰ ਚਲਾਉਣ ਦੀ ਖੁਦ ਉਹਨਾਂ ਵਿੱਚ ਯੋਗਤਾ ਵੀ ਨਹੀਂ ਹੈ। ਕੁਝ ਸਮਾਂ ਪਹਿਲਾਂ ਅਮਰੀਕੀ ਅਖਬਾਰਾਂ ਵਿੱਚ ਛਪਿਆ ਸੀ ਕਿ ਅਮਰੀਕਾ ਤੀਜੀ ਦੁਨੀਆਂ ਦੇ ਦੇਸ਼ਾਂ ਦੇ ਅਤਿਅੰਤ ਕੁਸ਼ਲ ਕਰਮਚਾਰੀਆਂ ਨੂੰ ਬਲਾਉਣ ਲਈ ਦੋ ਲੱਖ ਵੀਜੇ ਦੇਵੇਗਾ। ਕਾਰਨ, ਅਮਰੀਕੀ ਲੋਕ ਜਿਆਦਾ ਪੜ੍ਹੇ-ਲਿਖੇ ਨਹੀਂ ਹੁੰਦੇ।ਉਹਨਾਂ ਵਿੱਚੋਂ ਬਹੁਤੇ ਅਜਿਹੇ ਮਿਲ ਜਾਣਗੇ ਜੋ ਬ੍ਰਾਜ਼ੀਲ ਨੂੰ ਬੋਲੀਵੀਆ ਜਾਂ ਬੋਲੀਵੀਆ ਨੂੰ ਬ੍ਰਾਜ਼ੀਲ ਸਮਝਦੇ ਹੋਣਗੇ। ਖੁਦ ਅਮਰੀਕਾ ਵਿੱਚ ਕਈ ਸਰਵੇਖਣਾਂ ਤੋਂ ਪਤਾ ਲੱਗਦਾ ਹੈ ਕਿ ਅਮਰੀਕੀ ਆਪਣੇ ਦੇਸ਼ ਬਾਰੇ ਹੀ ਬਹੁਤੀਆਂ ਗੱਲਾਂ ਨਹੀਂ ਜਾਣਦੇ। ਇਥੋਂ ਤੱਕ ਕਿ ਜਿਸ ਲਤੀਨੀ ਅਮਰੀਕੀ ਦੇਸ਼ ਦਾ ਉਨ੍ਹਾਂ ਨਾਂਅ ਸੁਣਿਆਂ ਹੋਇਆ ਹੈ ਉਸਦੇ ਬਾਰੇ ਉਹ ਇਹ ਨਹੀਂ ਜਾਣਦੇ ਕਿ ਉਹ ਅਫਰੀਕਾ ਵਿੱਚ ਹੈ ਜਾਂ ਯੂਰਪ ਵਿੱਚ।ਇਹ ਕੋਈ ਅਤਿਕਥਨੀ ਨਹੀਂ ਹੈ, ਇਹੀ ਕਾਰਨ ਹੈ ਕਿ ਉਹ ਸਾਡੀ ਦੁਨੀਆਂ ਤੋਂ ਚੁਣ-ਚੁਣ ਕੇ ਅਤਿਅੰਤ ਕੁਸ਼ਲ ਕਰਮਚਾਰੀਆਂ ਨੂੰ ਲੈ ਲੈਂਦੇ ਹਨ, ਜੋ ਮੁੜ ਕਦੇ ਆਪਣੇ ਦੇਸ਼ ਨਹੀਂ ਪਰਤਦੇ।                             
ਕਰਮਚਾਰੀ ਨੂੰ ਹੀ ਨਹੀਂ, ਉਹ ਸਾਡੇ ਖਿਡਾਰੀਆਂ ਤੱਕ ਨੂੰ ਲੈ ਜਾਂਦੇ ਹਨ। ਉਹ ਸਾਡੇ ਖਿਡਾਰੀਆਂ ਨੂੰ ਉਸੇ ਤਰਾਂ ਹੀ ਖਰੀਦਦੇ ਹਨ ਜਿਵੇਂ ਪੁਰਾਣੇ ਜ਼ਮਾਨੇ ਵਿੱਚ ਗੁਲਾਮ ਖਰੀਦੇ ਜਾਂਦੇ ਸਨ। ਫਰਕ ਇਹੀ ਹੈ ਕਿ ਉਹ ਉੱਚੇ ਮੁੱਲ ‘ਤੇ ਖਰੀਦੇ ਜਾਂਦੇ ਹਨ। ਸਾਡਾ ਸਧਾਰਨ ਖਿਡਾਰੀ ਵੀ ਉੱਥੇ ਜਾ ਕੇ ਲੱਖਾਂ ਕਮਾਂਉਦਾ ਹੈ ਅਤੇ ਉਸਨੂੰ ਚੰਗੀ ਪ੍ਰਸਿੱਧੀ ਵੀ ਮਿਲਦੀ ਹੈ। ਅਸੀਂ ਜੇਕਰ ਆਪਣੇ (ਕਿਊਬਾ) ਬੇਮਿਸਾਲ ਖਿਡਾਰੀਆਂ ਦੀ ਬੋਲੀ ਲਗਾੳਂਦੇ ਤਾਂ ਸੱਚਮੁੱਚ ਧਨੀ ਹੋ ਜਾਂਦੇ।ਉਹ ਹੁਣ ਬੇਸਬਾਲ ਦੇ ਅਮਰੀਕੀ ਖਿਡਾਰੀਆਂ ਤੇ, ਜੋ ਉਹਨਾਂ ਨੂੰ ਬਹੁਤ ਮਹਿੰਗੇ ਪੈਂਦੇ ਹਨ, ਪੈਸੇ ਨਹੀਂ ਖਰਚ ਕਰਨਾ ਚਹੁੰਦੇ। ਇਸ ਲਈ ਉਹ ਵੈਨਜ਼ੂਏਲਾ, ਗੁਆਟੇਮਾਲਾ, ਬ੍ਰਾਜ਼ੀਲ, ਅਰਜਨਟੀਨਾ ਆਦਿ ਵਿੱਚ ਖਿਡਾਰੀਆਂ ਨੂੰ ਸਿੱਖਿਅਤ ਕਰਨ ਵਾਲੀਆਂ ਅਕਾਦਮੀਆਂ ਚਲਾਉਂਦੇ ਹਨ ਅਤੇ ਇੱਥੋਂ ਦੇ ਲੋਕਾਂ ਨੂੰ ਖਿਡਾਰੀ ਬਣਾ ਕੇ ਲੈ ਜਾਂਦੇ ਹਨ। ਇੱਥੋਂ ਦੇ ਲੋਕਾਂ ਨੂੰ ਲੱਗਦਾ ਹੈ ਕਿ ਉਹ ਲੱਖਾਂ ਕਮਾ ਰਹੇ ਹਨ ਅਤੇ ਮੀਡੀਏ ਵਿੱਚ ਛਾ ਕੇ ਸਾਰੀ ਦੁਨੀਆਂ ਵਿੱਚ ਜਾਣੇ ਜਾ ਰਹੇ ਹਨ। ਪਰ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਅਮਰੀਕੀ ਖਿਡਾਰੀਆਂ ਦੇ ਮੁਕਾਬਲੇ ਉਨ੍ਹਾਂ ਨੂੰ ਘੱਟ ਪੈਸਾ ਦਿੱਤਾ ਜਾ ਰਿਹਾ ਹੈ ਅਤੇ ਉਹਨਾਂ ਨੂੰ ਇਸ਼ਤਿਹਾਰਾਂ ਵਿੱਚ ਵੇਚ ਕੇ ਉਸਤੋਂ ਕਿਤੇ ਜਿਆਦਾ ਪੈਸਾ ਕਮਾਇਆ ਜਾ ਰਿਹਾ ਹੈ।
ਅਮਰੀਕੀ ਸੱਭਿਆਚਾਰ ਦੀ ਖਾਸ ਚੀਜ ਅਮਰੀਕੀ ਟੈਲੀਵਿਜ਼ਨ। ਮੈਂ ਉਸਨੂੰ ਬਹੁਤ ਘੱਟ ਦੇਖਦਾ ਹਾਂ, ਅਤੇ ਜਦੋਂ ਕਦੇ ਦੇਖਦਾ ਹਾਂ, ਬਰਦਾਸ਼ਤ ਨਹੀਂ ਕਰ ਸਕਦਾ ਕਿਉਂਕਿ ਹਰ ਤਿੰਨ ਮਿੰਟ ਬਾਅਦ ਉਸਤੇ ਮਸ਼ਹੂਰੀ ਆਉਣ ਲੱਗਦੀ ਹੈ। ਕਿਊਬਾ ਵਿੱਚ ਅਸੀਂ ਟੀ.ਵੀ. ਤੇ ਦਿਖਾਉਣ ਲਈ ਕੁਝ ਸੋਪ ਆਪੇਰਾ ਬਾਹਰੋਂ ਖਰੀਦਦੇ ਹਾਂ ਪਰ ਲਾਤੀਨੀ ਅਮਰੀਕੀ ਦੇਸ਼ਾਂ ਵਿੱਚ ਬਣੇ ਸੋਪ ਆਪੇਰਾ ਕਿਊਬਾ ਦੀ ਜਨਤਾ ਲਈ ਏਨੇ ਆਕਰਸ਼ਕ ਹੁੰਦੇ ਹਨ ਕਿ ਉਹਨਾਂ ਨੂੰ ਦੇਖਣ ਲਈ ਕਈ ਲੋਕ ਆਪਣੇ ਕੰਮ ਰੋਕ  ਦੇਂਦੇ ਹਨ।ਇਸੇ ਤਰ੍ਹਾਂ ਲਾਤੀਨੀ ਅਮਰੀਕੀ ਦੇਸ਼ਾਂ ਵਿੱਚ ਕਈ ਚੰਗੀਆਂ ਫਿਲਮਾਂ ਬਣਦੀਆਂ ਹਨ ਪਰ ਦੁਨੀਆਂ ਭਰ ਵਿੱਚ ਅਮਰੀਕੀ ਚੀਜ਼ਾਂ ਚਲਦੀਆਂ ਹਨ-ਡੱਬਾ ਬੰਦ ਸੱਭਿਆਚਾਰ।ਸਾਡੇ ਇੱਥੇ ਕਾਗਜ਼ ਦੀ ਕਮੀਂ ਹੈ। ਇਸ ਲਈ ਕਾਗਜ਼ ਦਾ ਇਸਤੇਮਾਲ ਅਸੀਂ ਜਿਆਦਾ ਪਾਠ-ਪੁਸਤਕਾਂ ਅਤੇ ਘੱਟ ਪੰਨਿਆਂ ਵਾਲੇ ਅਖਬਾਰ ਛਾਪਣ ਲਈ ਕਰਦੇ ਹਾਂ, ਜਦੋਂ ਕਿ ਪੂੰਜੀਵਾਦੀ ਦੇਸ਼ਾਂ ਵਿੱਚ ਅਨੇਕਾਂ ਪੰਨਿਆਂ ਅਤੇ ਰੰਗੀਨ ਤਸਵੀਰਾਂ ਵਾਲੀਆਂ ਚਿਕਨੀਆਂ ਪੱਤਰਕਾਵਾਂ ਛਪਦੀਆਂ ਹਨ, ਜਿੰਨ੍ਹਾਂ ਨੂੰ ਗਰੀਬ ਦੇਸ਼ਾਂ ਦੇ ਲੋਕ ਪੜ੍ਹਦੇ ਹਨ ਅਤੇ ਉਹਨਾਂ ਵਿੱਚ ਛਪੇ ਇਸ਼ਤਿਹਾਰਾਂ ਰਾਹੀਂ ਪੂੰਜੀਵਾਦ ਦੁਆਰਾ ਦਿਖਾਏ ਗਏ ਸਵਰਗ ਦੇ ਸੁਪਨੇ ਦੇਖਦੇ ਹਨ, ਜੋ ਉਹਨਾਂ ਨੂੰ ਕਦੇ ਵੀ ਮਿਲਣ ਵਾਲਾ ਨਹੀਂ।
ਉਹ ਸਾਨੂੰ ਸੁਪਨੇ ਦਿਖਾਉਂਦੇ ਹਨ। ਉਹ ਸਾਡੇ ਅੰਦਰ ਇੱਛਾ ਜਗਾਉਂਦੇ ਹਨ ਕਿ ਸਾਡੇ ਵਿਚੋਂ ਹਰੇਕ ਵਿਆਕਤੀ ਕੋਲ ਕਾਰ ਹੋਵੇ। ਇਸੇ ਨੂੰ ਉਹ ਵਿਕਾਸ ਕਹਿੰਦੇ ਹਨ ਪਰ ਕੀ ਅਜੇਹਾ ਵਿਕਾਸ ਕਦੇ ਸੰਭਵ ਹੈ? ਮੰਨ ਲਓ ਅਜੇਹਾ ਕਿਸੇ ਵੀ ਤਰ੍ਹਾਂ ਹੋ ਜਾਵੇ ਤਾਂ ਕੀ ਹੋਵੇਗਾ? ਜੇਕਰ ਚੀਨ ਦੇ ਹਰ ਘਰ ਵਿੱਚ ਕਾਰ ਹੋ ਗਈ ਤਾਂ ਉਥੋਂ ਦੀ ਸਾਰੀ ਉਪਜਾਊ ਜਮੀਨ ਸੜਕਾਂ, ਪੈਟਰੋਲ ਪੰਪਾਂ ਅਤੇ ਪਾਰਕਿੰਗ ਦੀ ਜਗ੍ਹਾ ਲਈ ਇਸ ਕਦਰ ਰੁਕ ਜਾਵੇਗੀ ਕਿ ਉਥੇ ਚੌਲਾਂ ਦਾ ਇੱਕ ਦਾਣਾ ਵੀ ਨਹੀਂ ਉਗਾਇਆ ਜਾ ਸਕੇਗਾ। ਆਖਰ ਉਹ ਜੋ ਖਪਤਕਾਰ ਦੁਨੀਆਂ ’ਤੇ ਥੋਪ ਰਹੇ ਹਨ ਉਹ ਸਿਰਫ ਪਾਗਲਪਣ ਹੈ, ਬਕਵਾਸ ਹੈ। ਇਸਦਾ ਮਤਲਬ ਇਹ ਨਹੀਂ ਕਿ ਦੁਨੀਆਂ ਤਪੱਸਵੀਆਂ ਦਾ ਆਸ਼ਰਮ ਬਣ ਜਾਣੀ ਚਾਹੀਦੀ ਹੈ। ਸੁੱਖ ਸੁਵਿਧਾ ਦੀਆਂ ਚੀਜਾਂ ਹੋਣੀਆਂ ਚਾਹੀਦੀਆਂ ਹਨ ਪਰ ਖਪਤ ਦੇ ਮਾਪਦੰਡ ਤਾਂ ਸਾਨੂੰ ਹੀ ਬਣਾਉਣੇ ਪੈਣਗੇ, ਨਹੀਂ ਤਾਂ ਇਹ ਧਰਤੀ ਮਨੁੱਖਾਂ ਦੇ ਰਹਿਣ ਲਾਇਕ ਨਹੀਂ ਰਹਿ ਜਾਵੇਗੀ।
ਉਦਾਹਰਨ ਦੇ ਤੌਰ ਤੇ ਖਪਤ ਦੀਆਂ ਵਸਤੂਆਂ ਵਿੱਚ ਕਾਰ ਨੂੰ ਹੀ ਕਿਉਂ ਜਰੂਰੀ ਸਮਝਿਆ ਜਾਵੇ, ਕਿਤਾਬ ਨੂੰ ਕਿਉਂ ਨਹੀਂ? ਅੱਜ ਦੀ ਦੁਨੀਆਂ ਵਿੱਚ ਪੜ੍ਹਨ ਵਾਲਿਆਂ ਦੀ ਗਿਣਤੀ ਦਿਨ ਪ੍ਰਤੀ ਦਿਨ ਘਟਦੀ ਜਾ ਰਹੀ ਹੈ। ਆਖਰ ਲੋਕਾਂ ਨੂੰ ਪੜ੍ਹਨ ਦੇ ਸੁੱਖ ਤੋਂ ਜਾਂ ਸੱਭਿਆਚਾਰ ਅਤੇ ਮਨੋਰੰਜਨ ਦੇ ਖੇਤਰਾਂ ਤੋਂ ਪ੍ਰਾਪਤ ਹੋਣ ਵਾਲੇ ਸੰਤੋਖ ਤੋਂ ਕਿਉਂ ਵਾਝਾਂ ਕੀਤਾ ਜਾਵੇ? ਕੀ ਮਨੁੱਖ ਲਈ ਭੌਤਿਕ ਸੰਪਤੀ ਹੀ ਜਰੂਰੀ ਹੈ, ਆਤਮਕ ਸੁੱਖ ਨਹੀਂ? ਤਰਕ ਦਿੱਤਾ ਜਾਂਦਾ ਹੈ ਕਿ ਅੱਜ ਦੇ ਮਨੁੱਖ ਕੋਲ ਆਤਮਕ ਸੁੱਖ ਲਈ ਸਮਾਂ ਕਿੱਥੇ! ਪਰ ਮੈਂ ਕਹਿੰਦਾ ਹਾਂ ਕਿ ਇਸਤਰੀ-ਪੁਰਸ਼ਾਂ ਲਈ ਅੱਠ ਘੰਟੇ ਹੀ ਕੰਮ ਕਰਨਾ ਕਿਉਂ ਜਰੂਰੀ ਹੈ? ਜੇਕਰ ਸਾਡੇ ਕੋਲ ਤਕਨੀਕ ਹੈ, ਜੋ ਸਾਡੀ ਪੈਦਾਵਾਰ ਵਧਾ ਸਕਦੀ ਹੈ ਤਾਂ ਲੋਕ ਅੱਠ ਘੰਟੇ ਦੀ ਬਜਾਏ ਚਾਰ ਘੰਟੇ ਕੰਮ ਕਿਉਂ ਨਾ ਕਰਨ? ਇਸ ਨਾਲ ਬੇਰੁਜ਼ਗਾਰੀ ਵੀ ਦੂਰ ਹੋਵੇਗੀ ਅਤੇ ਲੋਕਾਂ ਕੋਲ ਫੁਰਸਤ ਵੀ ਜਿਆਦਾ ਹੋਵੇਗੀ। ਜਦੋਂ ਮਨੁੱਖ ਨੇ ਆਪਣੀ ਬੁੱਧੀ ਨਾਲ ਮਾਨਵਤਾ ਦੀ ਖੁਸ਼ਹਾਲੀ ਲਈ ਨਵੀਂ ਤਕਨੀਕ ਅਤੇ ਤਰੀਕੇ ਵਿਕਸਿਤ ਕਰ ਲਏ ਹਨ ਤਾਂ ਲੋਕ ਦਿਨ ਰਾਤ ਪੈਸਾ ਕਮਾਉਣ ਦੇ ਚੱਕਰ ਵਿੱਚ ਹੀ ਕਿਉਂ ਪਏ ਰਹਿਣ? ਭੁੱਖੇ, ਬਿਮਾਰ, ਬੇਰੁਜ਼ਗਾਰ ਕਿਉਂ ਰਹਿਣ, ਗਿਆਨ-ਵਿਗਿਆਨ, ਸੱਭਿਆਚਾਰ ਅਤੇ ਦੂਜੀਆਂ ਮਾਨਵੀ ਚੀਜਾਂ ਤੋਂ ਵਾਂਝੇ ਕਿਉਂ ਰਹਿਣ। ਉਹ ਕੁਝ ਵਿਸੇਸ਼ ਅਧਿਕਾਰ ਪ੍ਰਾਪਤ ਅਤੇ ਸ਼ਕਤੀਸ਼ਾਲੀ ਲੋਕਾਂ ਦੇ ਕੰਮਕਾਜੀ ਲਾਭਾਂ ਜਾਂ ਮੁਨਾਫੇ ਲਈ ਉਹਨਾਂ ਨੂੰ ਪਾਗਲ ਬਣਾ ਦੇਣ ਵਾਲੇ ਆਰਥਿਕ ਨਿਯਮਾਂ ਅਨੁਸਾਰ ਕਿਉਂ ਜਿਉਣ, ਜੋ ਕਦੇ ਅਟਲ ਜਾਂ ਅਪਰਿਵਰਤਨਸ਼ੀਲ ਨਹੀਂ ਸਨ, ਬਦਲਦੇ ਰਹੇ ਹਨ ਅਤੇ ਜਿਨ੍ਹਾਂ ਦਾ ਬਦਲਣਾ ਨਿਸ਼ਚਿਤ ਹੈ। ਉਹਨਾਂ ਨੇ ਕਾਰ ਬਣਾਉਣ ਦੀ ਸਮਰੱਥਾ ਦੋਗੁਣੀ ਕਰ ਦਿੱਤੀ ਹੈ। ਇਸ ਨਾਲ ਜੋ ਕਾਰਾਂ ਬਨਣਗੀਆਂ ਉਨ੍ਹਾਂ ਨੂੰ ਕੌਣ ਖਰੀਦੇਗਾ? ਉਨ੍ਹਾਂ ਦੇ ਗਾਹਕ ਤੀਜੀ ਦੁਨੀਆਂ ਦੇ ਦੇਸ਼ਾਂ ਵਿੱਚ ਖੋਜੇ ਜਾਣਗੇ। ਉਥੋਂ ਦੇ ਲੋਕਾਂ ਨੂੰ ਵਿਕਸਤ ਪੂੰਜੀਵਾਦੀ ਦੇਸ਼ਾਂ ਦੇ ਸੱਭਿਆਚਾਰ ਅਨੁਸਾਰ ਜਿਊਣਾ ਜਰੂਰੀ ਦੱਸ ਕੇ ਭਾਰੀ ਇਸ਼ਤਿਹਾਰਾਂ ਰਾਹੀਂ ਇਹ ਸਮਝਾਇਆ ਜਾਵੇਗਾ ਕਿ ਹਰ ਘਰ ਵਿੱਚ ਇੱਕ ਕਾਰ ਦਾ ਹੋਣਾ ਜਰੂਰੀ ਹੈ ਪਰ ਜਿੱਥੇ ਲੋਕਾਂ ਕੋਲ ਖਾਣ ਨੂੰ ਰੋਟੀ ਨਹੀਂ, ਉਥੇ ਕੌਣ ਖਰੀਦੇਗਾ? ਉਹ ਥੋੜੇ ਜਿਹੇ ਲੋਕ, ਜੋ ਧਨੀ ਹਨ, ਪਰ ਜੇਕਰ ਉਹਨਾਂ ਥੋੜੇ ਜਿਹੇ ਲੋਕਾਂ ਦੇ ਵੀ ਹਰ ਘਰ ਵਿੱਚ ਕਾਰ ਹੋ ਗਈ ਤਾਂ ਏਨੀਆਂ ਕਾਰਾਂ ਉਥੇ ਹੋ ਜਾਣਗੀਆਂ ਕਿ ਉਤਪਾਦਨ ਦੇ ਸਾਧਨ ਅਤੇ ਵਾਤਾਵਰਨ ਤਬਾਹ ਹੋ ਜਾਵੇਗਾ। ਏਨਾ ਹੀ ਨਹੀਂ ਸਮਾਜਿਕ ਵਿਕਾਸ ਲਈ ਜਰੂਰੀ ਸੀਮਿਤ ਸਾਧਨ ਵੀ ਕਾਰਾਂ ਖਰੀਦਣ, ਉਹਨਾਂ ਲਈ ਸੜਕਾਂ ਬਣਾਉਣ ਅਤੇ ਪੈਟਰੋਲ ਖਰੀਦਣ ਆਦਿ ਲਈ ਉਡਾ ਦਿੱਤੇ ਜਾਣਗੇ। ਪਰ ਉਦਯੋਗਿਕ ਦੇਸ਼ਾਂ ਨੇ ਤੀਜੀ ਦੁਨੀਆਂ ਦੇ ਦੇਸ਼ਾਂ ਦੇ ਲੋਕਾਂ ਦੇ ਮਨ ਵਿੱਚ ਅਸੰਭਵ ਸੁਪਨਿਆਂ ਦੇ ਬੀਜ, ਬੀਜ ਕੇ ਮਾਨਵਜਾਤੀ  ਅਤੇ ਧਰਤੀ ਲਈ ਭਿਆਨਕ ਖਤਰੇ ਪੈਦਾ ਕਰ ਦਿੱਤੇ ਹਨ। ਪੂੰਜੀਵਾਦੀ ਵਿਵਸਥਾ ਨੇ ਵਾਤਾਵਰਨ ਵਿੱਚ ਜ਼ਹਿਰ ਭਰ ਦਿੱਤਾ ਹੈ ਅਤੇ ਉਹ ਉਹਨਾਂ ਕੁਦਰਤੀ ਸਰੋਤਾਂ ਨੂੰ ਤਬਾਹ ਕਰ ਰਹੀ ਹੈ ਜੋ ਇੱਕ ਵਾਰ ਇਸਤੇਮਾਲ ਕਰ ਲੇੈਣ ਤੋਂ ਬਾਅਦ ਫਿਰ ਪੈਦਾ ਨਹੀਂ ਕੀਤੇ ਜਾ ਸਕਦੇ, ਜਦੋਂ ਕਿ ਭਵਿੱਖ ਵਿੱਚ ਉਹਨਾਂ ਦੀ ਜਰੂਰਤ ਹੋਵੇਗੀ ਅਤੇ ਉਨ੍ਹਾਂ ਨੂੰ ਬਚਾ ਕੇ ਰੱਖਣਾ ਜਰੂਰੀ ਹੈ। ਇਹ ਅੱਜ ਇੱਕ ਵਿਚਾਰ ਜਾਂ ਧਾਰਨਾਂ ਨਹੀਂ ਬਲਕਿ ਠੋਸ ਹਕੀਕਤ ਹੈ। ਪੂੰਜੀਵਾਦ ਅਸਮਾਨਤਾ ’ਤੇ ਚੱਲਦਾ ਹੈ। ਪਰ ਜਦੋਂ ਧਰਤੀ ਤੇ ਰਹਿਣ ਵਾਲੇ ਅੱਸੀ ਪ੍ਰਤੀਸ਼ਤ ਲੋਕ ਉਸਦੇ ਕਾਰਨ ਦੁਖੀ ਹੋਣ ਤਾਂ ਨਿਸ਼ਚਿਤ ਹੈ ਕਿ ਇਹ ਵਿਵਸਥਾ ਚੱਲ ਨਹੀਂ ਸਕਦੀ। ਇਸ ਲਈ ਸਾਨੂੰ ਅਜਿਹੇ ਵਿਚਾਰਾਂ ਅਤੇ ਧਾਰਨਾਵਾਂ ਦੀ ਜਰੂਰਤ ਹੈ ਜਿਨ੍ਹਾਂ ਦੇ ਅਧਾਰ ਉੱਤੇ ਇੱਕ ਚੱਲ ਸਕਣ ਵਾਲੀ, ਕਾਇਮ ਰੱਖੀ ਜਾ ਸਕਣ ਵਾਲੀ ਅਤੇ ਬਿਹਤਰ ਦੁਨੀਆਂ ਬਣਾਈ ਕਿਵੇਂ ਜਾਵੇ? ਇਸਦਾ ਜਵਾਬ ਇਕ ਹੀ ਹੈ: ਸਾਨੂੰ ਸਾਰਿਆਂ ਨੂੰ ਅਤੇ ਸਾਡੇ ਦੇਸ਼ਾਂ ਨੂੰ ਇਸ ਨਵ-ਉਦਾਰਵਾਦੀ ਸੰਸਾਰੀਕਰਨ ਦੇ ਵਿਰੁੱਧ ਇੱਕ ਜੁੱਟ ਹੋਣਾ ਹੋਵੇਗਾ। ਇਹ ਮੁਸ਼ਕਲ ਕੰਮ ਹੈ, ਬਹੁਤ ਹੀ ਮੁਸ਼ਕਿਲ ਪਰ ਇਸ ਨੂੰ ਆਸਾਨ ਬਣਾਇਆ ਜਾ ਸਕਦਾ ਹੈ। ਜੇਕਰ ਅਸੀਂ ਸੰਸਾਰੀਕਰਨ ਨੂੰ ਇੱਕ ਬੁਰਾਈ ਮੰਨ ਕੇ ਉਸ ਨੂੰ ਖਤਮ ਕਰਨ ਦੀ ਸੋਚਾਂਗੇ ਤਾਂ ਅਜਿਹਾ ਕਰਨਾ ਸਾਨੂੰ ਮੁਸ਼ਕਿਲ ਹੀ ਨਹੀਂ, ਅਸੰਭਵ ਲੱਗੇਗਾ ਅਤੇ ਉਹ ਵਾਸਤਵ ਵਿੱਚ ਅਸੰਭਵ ਹੋਵੇਗਾ। ਇਸ ਲਈ ਅਸੀਂ ਇਹ ਮੰਨ ਕੇ ਚੱਲੀਏ ਕਿ ਸੰਸਾਰੀਕਰਨ ਆਪਣੇ ਆਪ ਵਿੱਚ ਕੋਈ ਬੁਰੀ ਚੀਜ ਨਹੀਂ ਹੈ। ਸੰਸਾਰੀਕਰਨ ਅਜਿਹੀ ਪ੍ਰਕਿਰਿਆ ਹੈ ਜਿਸਨੂੰ ਪਲਟਿਆ ਨਹੀਂ ਜਾ ਸਕਦਾ। ਪਰ ਸਵਾਲ ਉਠਾਉਣਾ ਚਾਹੀਦਾ ਹੈ: ਕਿਹੋ ਜਿਹਾ ਸੰਸਾਰੀਕਰਨ? ਅਰਥਾਤ ਸੰਸਾਰੀਕਰਨ ਪੂੰਜੀਵਾਦੀ ਹੀ ਕਿਉਂ? ਸਮਾਜਵਾਦੀ ਕਿਉਂ ਨਹੀਂ?
ਇਹ ਸਵਾਲ ਉੱਠ ਹੀ ਰਿਹਾ ਹੈ। ਕਿਊਬਾ ਵਿੱਚ ਅਸੀਂ ਅਲੱਗ-ਅਲੱਗ ਦੇਸ਼ਾਂ ਦੇ ਛੇ ਸੌ ਅਰਥਸਾਸ਼ਤਰੀਆਂ ਦਾ ਇੱਕ ਸੰਮੇਲਨ ਕੀਤਾ। ਉਸ ਵਿੱਚ ਅਸੀਂ ਹਰ ਤਰ੍ਹਾਂ ਦੀ ਵਿਚਾਰਧਾਰਾ ਦੇ ਅਰਥਸਾਸ਼ਤਰੀਆਂ ਨੂੰ ਬੁਲਾਇਆ। ਸੰਮੇਲਨ ਦੀ ਸਮਾਪਤੀ ਮੈਂ ਕਰਨੀ ਸੀ। ਮੈਂ ਸਮਾਪਤੀ ਭਾਸ਼ਣ ਦਿੱਤਾ ਉਸ ਵਿੱਚ ਮੈਂ ਅਤਿਅੰਤ ਸੰਖੇਪ ਰੂਪ ਵਿੱਚ ਕੇਬਲਗ੍ਰਾਮ ਦੀ ਸ਼ੈਲੀ ਵਿੱਚ ਅਤੇ ਜ਼ਿਆਦਾਤਰ ਖੁਦ ਨਾਲ ਸੰਵਾਦ ਕਰਦਿਆਂ ਇਹ ਗੱਲਾਂ ਕਹੀਆਂ:
                ਆਮ ਲੋਕਾਂ ਨੂੰ ਸੁਣ ਕੇ ਅਸੀਂ ਕੁਝ ਸਿੱਖਿਆ ਹੈ।ਇੱਥੇ ਬਹੁਤ ਸਾਰੇ ਅਤੇ ਵੱਖਰੋ-ਵੱਖਰੀ ਤਰ੍ਹਾਂ ਦੇ ਵਿਚਾਰ ਪ੍ਰਗਟ ਕੀਤੇ ਗਏ। ਵਿਦਵਤਾ ਅਤੇ ਪ੍ਰਤਿਭਾ ਦਾ ਅਸਧਾਰਨ, ਸਪੱਸ਼ਟ ਅਤੇ ਸੁੰਦਰ ਪ੍ਰਦਰਸ਼ਨ ਹੋਇਆ। ਸਾਡੇ ਸਾਰਿਆ ਦੇ ਆਪਣੇ ਵਿਚਾਰ ਅਤੇ ਆਪਣੀਆਂ ਆਪਣੀਆਂ ਦ੍ਰਿੜ ਮਾਨਤਾਵਾਂ ਹਨ: ਜਿਸ ਅਵਿਸ਼ਵਾਸ਼ਯੋਗ ਅਤੇ ਬੇਮਿਸਾਲ ਸੰਸਾਰੀਕਰਨ ਉੱਤੇ ਇੱਥੇ ਵਿਚਾਰ ਹੋਇਆ ਉਹ ਇੱਕ ਇਤਿਹਾਸਕ ਵਿਕਾਸ ਦੀ ਦੇਣ ਹੈ, ਮਾਨਵ ਸੱਭਿਅਤਾ ਦਾ ਫਲ ਹੈ, ਜੋ ਕੇਵਲ 3000 ਸਾਲਾਂ ਦੇ ਛੋਟੇ ਜਿਹੇ ਅਰਸੇ ਵਿੱਚ ਉਪਲੱਬਧ ਹੋਇਆ ਹੈ। ਇਸ ਦੀ ਸ਼ੂਰੁਆਤ ਸਾਡੇ ਪੁਰਖਿਆਂ ਨੇ ਕੀਤੀ ਸੀ, ਜੋ ਪਹਿਲਾਂ ਹੀ ਮਾਨਵਜਾਤੀ ਦੇ ਰੂਪ ਵਿੱਚ ਵਿਕਸਿਤ ਹੋ ਚੁੱਕੇ ਸਨ। ਅੱਜ ਦਾ ਆਦਮੀ ਪੈਰੀਕਲੀਜ਼, ਪਲੈਟੋ ਜਾਂ ਅਰਸਤੂ ਤੋਂ ਜਿਆਦਾ ਬੁੱਧੀਮਾਨ ਨਹੀਂ ਹੈ ਅਤੇ ਅਸੀਂ ਹੁਣ ਤੱਕ ਇਹ ਨਹੀਂ ਜਾਣਦੇ ਕਿ ਉਸ ਵਿੱਚ ਅੱਜ ਦੀਆਂ ਅਤਿਅੰਤ ਜਟਿਲ ਸਮੱਸਿਆਵਾਂ ਨੂੰ ਸੁਲਝਾ ਸਕਣ ਵਾਲੀ ਬੁੱਧੀ ਹੈ ਵੀ ਜਾਂ ਨਹੀਂ। ਅਸੀਂ ਸ਼ਰਤਾਂ ਲਗਾ ਰਹੇ ਹਾਂ ਕਿ ਉਹ ਇਸ ਕੰਮ ਨੂੰ ਕਰ ਸਕਦਾ ਹੈ ਜਾਂ ਨਹੀਂ। ਦਰਅਸਲ ਇਸ ਸੰਮੇਲਣ ਵਿੱਚ ਅਸੀਂ ਇਹੀ ਕੀਤਾ ਹੈ।
      ਇੱਕ ਸਵਾਲ ਹੈ: ਕੀ ਇਹ ਪ੍ਰਕਿਰਿਆ ਪਲਟੀ ਜਾ ਸਕਦੀ? ਮੇਰਾ ਉੱਤਰ ਹੈ, ਜੋ ਖੁਦ ਨੂੰ ਦੇਂਦਾ ਹਾਂ, ਨਹੀਂ। ਅੱਜ ਦਾ ਸੰਸਾਰੀਕਰਨ ਕਿਸ ਪ੍ਰਕਾਰ ਦਾ ਹੈ? ਇਹ ਜਿਵੇਂ ਕਿ ਬਹੁਤ ਲੋਕ ਕਹਿੰਦੇ ਹਨ, ਨਵ-ਉਦਾਰਵਾਦੀ ਸੰਸਾਰੀਕਰਨ ਹੈ। ਕੀ ਇਹ ਚੱਲ ਸਕਦਾ ਹੈ? ਨਹੀਂ। ਕੀ ਇਹ ਲੰਬੇ ਸਮੇਂ ਤੱਕ ਬਣਿਆ ਰਹਿ ਸਕਦਾ ਹੈ? ਬਿਲਕੁੱਲ ਨਹੀਂ। ਕੀ ਇਹ ਸਦੀ ਤੱਕ ਚੱਲਣ ਵਾਲੀ ਚੀਜ ਹੈ? ਹਰਗਿਜ਼ ਨਹੀਂ। ਕੀ ਇਹ ਕੁਝ ਦਹਾਕਿਆਂ ਦਾ ਮਾਮਲਾ ਹੈ? ਹਾਂ, ਦਹਾਕਿਆਂ ਦਾ ਹੀ। ਜਲਦੀ ਹੀ ਇਸਦੀ ਹੋਂਦ ਸਮਾਪਤ ਹੋ ਜਾਵੇਗੀ। ਕੀ ਮੈਂ ਖੁਦ ਨੂੰ ਕੋਈ ਪੈਗੰਬਰ ਜਾਂ ਭਵਿੱਖਵਕਤਾ ਸਮਝਦਾ ਹਾਂ? ਨਹੀਂ। ਕੀ ਮੈਂ ਅਰਥਸਾਸ਼ਤਰ ਬਾਰੇ ਬਹੁਤ ਜਾਣਦਾ ਹਾਂ? ਨਹੀਂ। ਸ਼ਾਇਦ ਬਿਲਕੁੱਲ ਨਹੀਂ। ਪਰ ਜੋ ਮੈਂ ਬਿਆਨ ਕੀਤਾ ਹੈ ਉਸ ਦੇ ਲਈ ਜੋੜ-ਬਾਕੀ ਗੁਣਾ-ਭਾਗ ਜਾਨਣਾ ਹੀ ਕਾਫੀ ਨਹੀਂ ਹੈ, ਜਿਸ ਨੂੰ ਬੱਚੇ ਸਕੂਲ ਵਿੱਚ ਸਿੱਖਦੇ ਹਨ। 
   ਇਹ ਪਰਿਵਰਤਨ ਹੋਵੇਗਾ ਕਿਵੇਂ?: ਸਾਨੂੰ ਨਹੀਂ ਪਤਾ। ਕੀ ਇਹ ਹਿੰਸਕ ਕ੍ਰਾਂਤੀਕਾਰੀਆਂ ਜਾਂ ਤਬਾਹਕੁੰਨ ਜੰਗਾਂ ਰਾਹੀਂ ਹੋਵੇਗਾ? ਇਹ ਤਾਂ ਅਸੰਭਵ, ਅਤਾਰਕਿਕ ਅਤੇ ਆਤਮਘਾਤੀ ਲੱਗਦਾ ਹੈ। ਤਾਂ ਕੀ ਇਹ ਡੂੰਘੇ ਅਤੇ ਮਹਾਂਗੰਭੀਰ ਸੰਕਟ ਰਾਹੀਂ ਹੋਵੇਗਾ? ਮੰਦੇਭਾਗਾਂ ਨੂੰ ਅਜਿਹਾ ਹੀ ਹੋਣ ਦੀ ਸੰਭਾਵਨਾ ਸਭ ਤੋਂ ਜਿਆਦਾ ਹੈ। ਅਜਿਹਾ ਹੋਣਾ ਲਾਜ਼ਮੀ ਹੈ ਅਤੇ ਇਹ ਹੋਵੇਗਾ ਕਈ ਤਰ੍ਹਾਂ ਦੇ ਉਪਾਵਾਂ ਅਤੇ ਸੰਘਰਸ਼ ਦੇ ਕਈ ਤਰ੍ਹਾਂ ਦੇ ਰੂਪਾਂ ਰਾਹੀਂ। 
ਤਾਂ ਸੰਸਾਰੀਕਰਨ ਕਿਸ ਪ੍ਰਕਾਰ ਦਾ ਹੋਵੇਗਾ?: ਉਹ ਸੰਸਾਰੀਕਰਨ ਚਾਹੇ ਸਮਾਜਵਾਦੀ ਹੋਵੇ, ਕਮਿਊਨਿਸਟ ਹੋਵੇ ਜਾਂ ਤੁਸੀਂ ਉਸਨੂੰ ਜੋ ਨਾਮ ਵੀ ਦੇਣਾ ਚਾਹੋ, ਅਜਿਹਾ ਹੋਵੇਗਾ ਜੋ ਚੱਲੇਗਾ। 
  ਕੀ ਕੁਦਰਤ ਅਤੇ ਉਸਦੇ ਨਾਲ-ਨਾਲ ਮਾਨਵਜਾਤੀ ਅਜਿਹੇ ਪਰਿਵਰਤਨ ਬਿਨਾਂ ਬਹੁਤ ਸਮੇਂ ਤੱਕ ਬਚੀ ਰਹਿ ਸਕਦੀ ਹੈ?
ਨਹੀਂ, ਉਸਦੇ ਕੋਲ ਬਹੁਤਾ ਸਮਾਂ ਨਹੀਂ ਬਚਿਆ। 
ਨਵੀਂ ਦੁਨੀਆਂ ਦੇ ਨਿਰਮਾਤਾ ਕੌਣ ਹੋਣਗੇ?
ਸਾਡੀ ਧਰਤੀ ਦੇ ਇਸਤਰੀ-ਪੁਰਸ਼।
ਉਹਨਾਂ ਦੇ ਹਥਿਆਰ ਕੀ ਹੋਣਗੇ?: ਵਿਚਾਰ ਅਤੇ ਚੇਤਨਾ। 
ਇਹਨਾਂ ਹਥਿਆਰਾਂ ਨੂੰ ਬਣਾਏਗਾ ਕੌਣ?ਕੌਣ ਇਹਨਾਂ ਨੂੰ ਤਿੱਖੇ ਕਰੇਗਾ? ਕੌਣ ਇਹਨਾਂ ਨੂੰ ਅਜਿੱਤ ਬਣਾਏਗਾ?
ਇਹ ਸਭ ਤੁਸੀਂ ਕਰੋਗੇ। 
ਕੀ ਇਹ ਇੱਕ ਖਾਬਖਿਆਲੀ ਹੈ? ਬਹੁਤ ਸਾਰੇ ਸੁਪਨਿਆਂ ਵਿੱਚੋਂ ਇੱਕ ਸੁਪਨਾ?: ਨਹੀਂ, ਕਿਉਂਕਿ ਇਹ ਵਾਸਤਵਿਕ ਰੂਪ ਵਿੱਚ ਲਾਜ਼ਮੀ ਹੈ ਅਤੇ ਇਸਦਾ ਕੋਈ ਬਦਲ ਨਹੀਂ ਹੈ। ਇਹ ਸੁਪਨਾ ਪਹਿਲਾਂ ਵੀ ਦੇਖਿਆ ਜਾ ਚੁੱਕਾ ਹੈ ਪਰ ਉਦੋਂ ਸ਼ਾਇਦ ਇਹ ਸਮੇਂ ਤੋਂ ਪਹਿਲਾਂ ਦੇਖ ਲਿਆ ਗਿਆ

Friday, February 17, 2012

ਹੱਕਦਾਰ.. (ਕਹਾਣੀ) ...... ਇੰਦਰਜੀਤ ਮੋਗਾ

 ਭਵਿੱਖ ਮੈਗਜ਼ੀਨ ਦੇ ਨਵੇਂ ਅੰਕ ਵਿੱਚੋਂ
ਇਹ ਅਗਸਤ ਦਾ ਮਹੀਨਾ ਸੀ, ਜਦ ਹਰ ਵਿਅਕਤੀ ਝੁਲਸਾ ਦੇਣ ਵਾਲੀ ਗਰਮੀ ਦਾ ਆਨੰਦ ਮਾਣਦਿਆਂ ਦਿਨ ਦਾ ਜਿਆਦਾ ਸਮਾਂ ਮੱਥੇ ਤੋਂ ਮੁੜ੍ਹਕਾ ਪੂੰਝਣ ‘ਤੇ ਹੀ ਲਗਾਉਂਦਾ ਹੈ, ਪਰ ਉਸ ਦਿਨ ਕੁਝ ਫਰਕ ਸੀ। ਰਾਤ ਭਰ ਪਈ ਬਾਰਿਸ਼ ਨੇ ਸਵੇਰ ਕੁਝ ਠੰਡੀ ਕੀਤੀ ਹੋਈ ਸੀ। ਭਿੱਜੀਆਂ ਹੋਈਆਂ ਸੜਕਾਂ ਤੋਂ ਚੜ੍ਹ ਰਹੇ ਸੂਰਜ ਦਾ ਝਲਕਾਰਾ ਦੇਖਿਆ ਜਾ ਸਕਦਾ ਸੀ। ਹਰ ਇਮਾਰਤ ਧੋਤੀ ਹੋਈ ਜਾਪਦੀ ਸੀ। ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਮਾਂ ਕਿਸੇ ਦਿਨ ਤਿਉਹਾਰ ਤੋਂ ਪਹਿਲਾਂ ਘਰ ਦੀ ਸਫਾਈ ਕਰ ਰਹੀ ਹੋਵੇ, ਹਾਂ ਦਿਨ ਤਾਂ ਆ ਹੀ ਰਿਹਾ ਸੀ, ਜਿਸ ਨੂੰ ਸਿਰਜਣ ਲਈ ਕਈ ਯੋਧਿਆਂ ਨੇ ਆਪਣੀਆਂ ਜ਼ਿੰਦਗੀਆਂ ਲਗਾਈਆਂ ਸਨ। ਤੇ ਫਿਰ ਮਾਂ ਆਪਣੇ ਪੁੱਤਰਾਂ ਦੀ ਕੁਰਬਾਨੀ ਕਿਵੇਂ ਭੁੱਲ ਸਕਦੀ ਸੀ। ਖੈਰ ਮੈਂ ਵੀ ਮੋਢੇ ਤੇ ਝੋਲਾ ਟੰਗੀ ਕਿਸੇ ਜੰਗ ੳੁੱਪਰ ਚੱਲੇ ਫੌਜੀ ਵਾਂਗ ਉਸੇ ਭਿੱਜੀ ਹੋਈ ਸੜਕ ਦੇ ਕਿਨਾਰੇ ਖੜ੍ਹਾ ਆਟੋ ਦੀ ਉਡੀਕ ਕਰ ਰਿਹਾ ਸਾਂ। ਕੁਝ ਹੋਰ ਵੀ ਸੱਜਣ ਜੋ ਸ਼ਰਟਾਂ ਪੈਂਟਾਂ ਅੰਦਰ ਦੇਈ ਤੇ ਟਾਈਆਂ-ਸ਼ਾਈਆਂ ਲਾਈ ਮੇਰੇ ਨਾਲ ਖੜ੍ਹੇ ਸਨ ਪਰ ਪਤਾ ਨਹੀਂ ਕਿਉਂ ਮੈਨੂੰ ਉਹਨਾਂ ਦੇ ਉਦਾਸੇ ਹੋਏ ਚਿਹਰੇ ਦੇਖ ਕੇ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਵੇਂ ਕਿਸੇ  ਬੱਚੇ ਨੂੰ ਧੱਕੇ ਨਾਲ ਸਕੂਲ ਘੱਲਿਆ ਜਾ ਰਿਹਾ ਹੋਵੇ।
       ਅਚਾਨਕ ਕੁੱਝ ਜੋਰਦਾਰ ਆਵਾਜਾਂ ਮੇਰੇ ਕੰਨੀਂ ਪਈਆਂ। ਮੈ ਆਵਾਜਾਂ ਦੀ ਸੂਹ ਲੈਂਦੇ ਨੇ ਪਿੱਛੇ ਮੁੜ ਕੇ ਦੇਖਿਆ ਤਾਂ ਕੁਝ ਕੁ ਦੂਰੀ ਤੇ ਦਰੱਖਤਾਂ ਦੇ ਉਹਲਿਉਂ ਕੁੱਝ ਬੰਦੇ ਵੱਡੇ'-ਵੱਡੇ ਢੋਲ ਆਪਣੇ ਮੋਢਿਆਂ ੳੁੱਪਰ ਲਟਕਾਈ ਜਾਂਦੇ ਦਿਖਾਈ ਦਿੱਤੇ ਤਾਂ ਪਤਾ ਲੱਗਿਆ ਕਿ ਇਹ ਬੈਂਡ ਵਾਲੇ ਹਨ। ਮੈਂ ਆਪਣਾ ਮੂੰਹ ਪਹਿਲਾਂ ਵੱਲ ਘੁਮਾ ਹੀ ਰਿਹਾ ਸੀ ਕਿ ਮੇਰੀ ਨਿਗ੍ਹਾ ਨਾਲ ਖੜ੍ਹੇ ਮੱਧਰੇ ਜਿਹੇ ਬੰਦੇ ਨਾਲ ਜਾ ਮਿਲੀ ਤੇ ਉਹ ਝੱਟ ਹੀ ਬੋਲ ਪਿਆ “ਪੰਦਰਾਂ ਅਗਸਤ ਦੀਆਂ ਤਿਆਰੀਆਂ ਚੱਲ ਰਹੀਆਂ ਨੇ” ਮੈਂ ਫਿਰ ਮੁੜ ਕੇ ਦੇਖਿਆ ਤੇ ਉਸ ਦੀ ਗੱਲ ਦਰੁਸਤ ਕਰਨ ਲਈ ਇਕ ਨਿੱਕੀ ਜਿਹੀ ਮੁਸਕਾਨ ਦੇ ਛੱਡੀ ਤੇ ਉਹ ਮੇਰੀ ਜੁਬਾਨ ਸਮਝ ਗਿਆ ਇੰਨੇ ਨੂੰ ਇਕ ਆਟੋ ਆ ਸਾਡੇ ਸਾਹਮਣੇ ਰੁਕਿਆ ਤੇ ਉਹ ‘ਟੇਲਰਮੇਡ ਜੈਂਟਲਮੈਨ’ ਆਪਣੇ ਬੌਸ ਦੀਆਂ ਝਿੜਕਾਂ ਨੂੰ ਮਨ ਵਿਚ ਰੱਖਦੇ ਤੇ ਆਪਣੀਆਂ ਸਰਟਾਂ ਨੂੰ ਵੱਟ ਪੈਂਣ ਤੋਂ ਬਚਾਉਂਦੇ ਹੋਏ ਇਸ ਤਰ੍ਹਾਂ ਭੱਜੇ ਜਿਵੇਂ ‘ਕਿਸੇ ਫੌਜੀ ਨੂੰ ਉਸ ਦੇ ਕਮਾਂਡਰ ਨੇ ਸਿੱਧਾ ਰਹਿ ਕੇ ਭੱਜਣ ਦਾ ਹੁਕਮ ਦਿੱਤਾ ਹੋਵੇ’। ਤੇ ਜਾਂਦੇ ਹੀ ਇਹਨਾਂ ਫੋਜੀਆਂ ਨੇ ਆਟੋ ਵਾਲੇ ਦੁਆਲੇ ਝੁਰਮਟ ਪਾ ਲਿਆ “34, 17, 22 ਸੈਕਟਰ, 43 ਬੱਸ ਸਟੈਂਡ”। ਅੱਡ-ਅੱਡ ਅਵਾਜਾਂ ਇਕੱਠੀਆਂ ਆ ਰਹੀਆਂ ਸਨ। ਆਟੋ ਵਾਲਾ ਕਦੇ ਕਿਸੇ ਦਾ ਜੁਆਬ ਦਿੰਦਾ ਤੇ ਕਦੇ ਕਿਸੇ ਦਾ, ਆਖਰਕਾਰ ਆਟੋ ਭਰ ਗਿਆ ਤੇ ਤੁਰ ਪਿਆ। ਪਰ ਮੈ ਉਥੇ ਹੀ ਰਹਿ ਗਿਆ ਤੇ ਫਿਰ ਉਸੇ ਨਜ਼ਾਰੇ ਵਿਚ ਮੁੜ ਆਇਆ ਤੇ ਸੂਰਜ ਨੂੰ ਚੜ੍ਹਦਿਆਂ ਦੇਖਣ ਲੱਗਾ।
      ਕੁਝ ਸਮੇਂ ਬਆਦ ਇੱਕ ਹੋਰ ਆਟੋ ਆਇਆ ਤੇ ਸੁੱਖ ਨਾਲ ਇਹ ਬਹੁਤਾ ਭਰਿਆ ਵੀ ਨਹੀ ਸੀ, ਮੈਂ ਬੈਠ ਗਿਆ। ਬੈਂਡ ਦੀ ਰਸਭਰੀ ਆਵਾਜ਼ ਅਜੇ ਵੀ ਮੇਰੇ ਕੰਨਾਂ ਤੱਕ ਆ ਰਹੀ ਸੀ। ਪਰ ਆਟੋ ਦੇ ਤੁਰਦਿਆਂ ਹੀ ਗੱਡੀਆਂ ਦੀ ਖੜ-ਖੜਾਹਟ ਹਾਵੀ ਹੋ ਗਈ। 15 ਅਗਸਤ ਦੀਆਂ ਤਿਆਰੀਆਂ ਜੋਰਾਂ ‘ਤੇ ਸਨ। ਮਜਬੂਰੀ ਵੱਸ ਮੁਲਾਜਮ ਭੱਜੇ ਫਿਰਦੇ ਆਮ ਹੀ ਨਜਰ ਆ ਜਾਂਦੇ ਜਿਵੇ ‘ਮਾਸਟਰ ਦੇ ਡਰੋਂ ਜੁਆਕ ਆਪਣੀਆਂ ਕਾਪੀਆਂ ਪੂਰੀਆਂ ਕਰ ਰਹੇ ਹੋਣ’ ਤੇ ਮਾਸਟਰ ਵੀ ਲਾਲ ਬੱਤੀ ਵਾਲੀਆਂ ਗੱਡੀਆਂ ਵਿਚ ਗੇੜੇ ਲਗਾ ਰਹੇ ਸਨ। ਜਦ ਹੀ ਆਟੋ ਵਾਲੇ ਨੇ ਅਗਲੀਆਂ ਲਾਇਟਾਂ ਤੇ ਬਰੇਕ ਮਾਰੀ ਤਾਂ ਇਕ ਔਰਤ ਹੱਥ ਵਿਚ ਕਾਨਿਆਂ ਦੇ ਝੰਡੇ ਫੜੀ ਭੱਜੀ ਆਈ। ਮੈਨੂੰ ਇਕ ਵਾਰ ਤਾਂ ਇਹ ਲੱਗਿਆ ਕਿ ਜਿਵੇਂ ਇਹ ਵੀ ਉਸੇ ਅਮਲੇ ਦਾ ਹੀ ਹਿੱਸਾ ਹੋਵੇ। ਉਸ ਨੇ ਕੁੱਛੜ ਸਵਾ ਕੁ ਸਾਲ ਦਾ ਜੁਆਕ ਚੁੱਕਿਆ ਹੋਇਆ ਸੀ।ਆਟੋ ਨਾਲ ਖਹਿੰਦੀ ਨੇ ਝੰਡਾ ਅੰਦਰ ਕੀਤਾ ਤੇ ਬੋਲੀ “ਇਕ ਝੰਡਾ ਲੈ ਲਉ” ਮੇਰੇ ਨਾਲ ਬੈਠੀ ਬੀਬੀ ਨੇ ਨਾਂਹ ਕਰਨ ਦੀ ਮਨਸ਼ਾ ਨਾਲ ਮੂੰਹ ਘੁੰਮਾ ਲਿਆ। ਉਸ ਨੇ ਫਿਰ ਦੁਹਰਾਇਆ ਪਰ ਬੀਬੀ ਨੇ ਮੂੰਹ ਨਾ ਘੁੰਮਾਇਆ। ਆਖਰ ਉਸ ਦੇ ਮੂੰਹੋਂ ਨਿਕਲੇ ਉਸਦੇ ਅਗਲੇ ਬੋਲਾਂ ਨੇ  ਮੇਰੇ ਭਰਮ ਤੋੜ ਦਿੱਤੇ ਤੇ ਸੱਚ ਨੰਗਾ ਕਰ ਦਿੱਤਾ। ਉਸ ਦੇ ਮੂੰਹੋਂ ਨਿਕਲੇ ਬੋਲ ਤੇ ਉਸ ਦਾ ਚਿਹਰਾ ਜੋ ਲਾਚਾਰੀ ਝਲਕਾ ਰਿਹਾ ਸੀ ਹਾਲੇ ਵੀ ਮੈਨੂੰ ਉਵੇਂ ਹੀ ਚੇਤੇ ਹਨ । “ਬੀਬੀ ਜੀ ਇਕ ਝੰਡਾ ਲੈ ਲਉ ਮੇਰਾ ਬੱਚਾ ਭੁੱਖਾ ਹੈ” ਸੀਨਾ ਚੀਰਦੇ ਇਹਨਾਂ ਬੋਲਾਂ ਨੂੰ ਸੁਣਦਿਆਂ ਹੀ ਮੈਂ ਕਾਹਲੀ ਨਾਲ ਬੱਚੇ ਵੱਲ ਦੇਖਿਆ ਜੋ ਵਿਲਕ ਰਿਹਾ ਸੀ। ਜਿਵੇਂ ਉਹ ਦੇਸ ਦੇ ਸਾਰੇ ਭੁੱਖਿਆਂ ਦੀ ਪੁਕਾਰ ਆਪਣੇ ਦਿਲ ਅੰਦਰ ਸਮੋਈ ਰੋ ਰਿਹਾ ਹੋਵੇ ਤੇ ਅਜਾਦੀ ਦੇ ਦਿਨ ਉਪਰ ਕੋਈ ਸੰਦੇਸ਼ ਦੇ ਰਿਹਾ ਹੋਵੇ। ਮੇਰੀਆਂ ਅੱਖਾਂ ਉਸ ਵੱਲ ਸਨ ਪਰ ਬਿਰਤੀ ਕਿਤੇ ਹੋਰ ਹੀ।ਆਟੋ ਤੁਰ ਪਿਆ ਤੇ ਉਸਦੀ ਪੁਕਾਰ ਪਿਛੇ ਰਹਿ ਗਈ।ਮੇਰੇ ਮਨ ਅੰਦਰ ਉਸਦੇ ਬੋਲ ਗੂੰਜਦੇ ਰਹੇ। ਜੇ ਇਹ ਸਿਰਫ ਉਸੇ ਦੀ ਹੀ ਕਹਾਣੀ ਹੁੰਦੀ ਤਾਂ ਸਾਇਦ ਮੈਂ ਉਸਨੂੰ ਰੋਟੀ ਜੋਗੇ ਪੈਸੇ ਤਾਂ ਦੇ ਹੀ ਸਕਦਾ ਸੀ। ਪਰ ਇਹ ਤਾਂ ਸ਼ੀਸ਼ਾ  ਸੀ ਜਿਸ ਵਿਚੋਂ ਕਰੋੜਾਂ ਚਿਹਰੇ ਦਿਖਾਈ ਦੇ ਰਹੇ ਸਨ। ਦੋਹਾਂ ਦਿਨਾਂ ਮਗਰੋਂ ਮੈਂ ਵੀ ਉਸੇ ਥਾਂ ਜਾ ਪਹੁੰਚਿਆ ਜਿਥੇ ਆਜ਼ਾਦੀ ਦੇ ਜਸ਼ਨ ਮਨਾਏ ਜਾ ਰਹੇ ਸਨ, ਸਜੇ ਹੋਏੇ ਪੰਡਾਲ ਵਿੱਚ ਸਕੂਲਾਂ ਦੇ ਬੱਚੇ ਚਿੱਟੀਆਂ  ਵਰਦੀਆਂ ਪਾ ਕੇ ਤੇ ਹੱਥਾਂ ਵਿਚ ਰੰਗ-ਬਰੰਗੇ ਰਿਬਨ ਲੈ ਕੇ ਧੁੱਪ ਸੇਕ ਰਹੇ ਸਨ। ਲੋਕਾਂ ਨੂੰ ਟੰਗਣ ਵਾਲੇ ਪੁਲਸੀਏ ਖੁਦ ਟੰਗੇ ਪਏ ਸਨ। ਸਟੇਜ ਉੱਪਰੋਂ ਇਕ ਹੀ ਅਨਾਊਸਮੈਂਟ ਵਾਰ-ਵਾਰ ਹੋ ਰਹੀ ਸੀ “ ਮੰਤਰੀ ਜੀ ਬਸ ਪੰਜਾਂ ਮਿੰਟਾਂ ਵਿੱਚ ਸਾਡੇ ਦਰਮਿਆਨ ਪਹੁੰਚ ਰਹੇ ਹਨ”। ਸਾਰੇ ਉਡੀਕੀ ਜਾਂਦੇ ਤੇ ਮਨੋ-ਮਨੀ ਗਾਲਾਂ ਕੱਢੀ ਜਾਂਦੇ ਤੇ ਕਈਆਂ ਦੀਆਂ ਗਾਲਾਂ ਤਾਂ ਮਨ ’ਚੋ ਨਿਕਲ ਕੇ ਮੇਰੇ ਕੰਨਾਂ ਤੱਕ ਵੀ ਆ ਪਹੁੰਚੀਆਂ। ਤੇ ਅੱਧੇ ਘੰਟੇ ਤੱਕ ਮੰਤਰੀ ਸਾਹਿਬ ਦੇ ਪੰਜ ਮਿੰਟ ਪੂਰੇ ਹੋ ਗਏ। ਫਿਰ ਨਾਲ ਹੀ ਬਿਨਾਂ ਕਿਸੇ ਭੂਮਿਕਾ ਦੇ ਇਹ ਨਾਟਕ ਸੁਰੂ ਹੋ ਗਿਆ। ਮੰਤਰੀ ਜੀ ਨੂੰ ਝੰਡਾ ਲਿਹਰਾਉਣ ਲਈ ਲਿਆਂਦਾ ਗਿਆ ਤੇ ਰੱਸਾ ਖੋਲ ਕੇ ਮੰਤਰੀ ਜੀ ਨੂੰ ਦਿੱਤਾ ਗਿਆ, ਸਾਰੇ ਝੰਡੇ ਵਿਚੋਂ ਡਿੱਗਣ ਵਾਲੇ ਫੁੱਲਾਂ ਦੀ ਉਡੀਕ ਕਰਨ ਲੱਗ ਪਏੇ ਪਰ ਜਦ ਮੰਤਰੀ ਜੀ ਨੇ ਰੱਸਾ ਖਿਚਿਆ ਤਾਂ ਝੰਡਾ ਨਾ ਖੁੱਲਿਆ ਤੇ ਅਗਲੀ ਕੋਸ਼ਿਸ ਵੀ ਅਸਫਲ ਰਹੀ। ਨਾਲ ਖੜੇ ਅਮਲੇ ਦੇ ਸਾਹ ਸੂਤੇ ਗਏ। ਪਰ ਮੈਨੂੰ ਇਸ ਤਰ੍ਹਾਂ ਲੱਗਾ ਜਿਵੇਂ ਇਹ ਝੰਡਾ ਉਹਨਾਂ ਕਾਨੇ ਵਾਲੇ ਹੱਥਾਂ ਦੀ ਉਡੀਕ ਕਰ ਰਿਹਾ ਹੋਵੇ ਜੋ ਇਸਦੇ ਅਸਲੀ ਹੱਕਦਾਰ ਹਨ।

Thursday, February 9, 2012

"ਕਿਰਤ ਦਾ ਲਾਲ ਝੰਡਾ " (ਕਹਾਣੀ) ...... ਸ. ਅਲੇਕਸਯੇਵ

ਭਵਿੱਖ ਮੈਗਜ਼ੀਨ ਦੇ ਨਵੇਂ ਅੰਕ ਵਿੱਚੋਂ   
ਤਿੰਨ ਫੈਕਟਰੀਆਂ ਨੇ ਇੱਕਠਿਆਂ ਮਿਲ ਕੇ ਮਈ ਦਿਹਾੜਾ ਮਨਾਉਣ ਦਾ ਫੈਂਸਲਾ ਕੀਤਾ। ਨਾਗੋਰਨਾਯਾ, ਲਿਤੇਟੀਨਾਯਾ, ਮਾਰਸ਼ੇਵਾਯਾ ਅਤੇ ਦੂਜੀਆਂ ਸੜਕਾਂ ਦੇ ਮਜਦੂਰ ਇਕ ਥਾਂ ਇੱਕਠੇ ਹੋਏ ਅਤੇ ਕਤਾਰਾਂ ਬੰਨ੍ਹ ਕੇ ਸ਼ਹਿਰ ਦੇ ਕੇਂਦਰ ਨੂੰ ਤੁਰ ਪਏ।
    ਸਵੇਰੇ ਗੋਸ਼ਕਾ ਦਾ ਪਿਉ ਦੂਜੇ ਮਜਦੂਰਾਂ ਦੇ ਨਾਲ ਆਪਣੀ ਫੈਕਟਰੀ ਨੂੰ ਤੁਰ ਪਿਆ।
“ਮੈਂ ਤੇਰੇ ਨਾਲ ਚਲਣਾ ਏ”, ਗੋਸ਼ਕਾ ਉਹਦੇ ਨਾਲ ਚੁੰਬੜ ਗਿਆ।
“ਹਾਲੇ ਤੂੰ ਬਾਲ ਏ”, ਉਸਦੇ ਦੇ ਪਿਓ ਨੇ ਮੁਸਕਰਾ ਕੇ ਆਖਿਆ। “ਘਰੇ ਬੈਠ।”
“ਮੇਰਾ ਵੀ ਜੀ ਕਰਦਾ ਏ”, ਗੋਸ਼ਕਾ ਨੇ ਜ਼ਿਦ ਕੀਤੀ। “ਵੇਖ, ਕੱਲ ਮੈਂ ਕੀ ਬਣਾਇਆ ਸੀ”, ਤੇ ਉਹਨੇ ਇਕ ਨਿਕੀ ਜਿਹੀ ਲਾਲ ਝੰਡੀ ਆਪਣੇ ਪਿਉ ਨੂੰ ਵਿਖਾਈ।
“ਬੜੀ ਸੋਹਣੀ ਝੰਡੀ ਏ”, ਉਹਦੇ ਪਿਉ ਨੇ ਆਖਿਆ, ਪਰ ਇਸ ਦੇ ਬਾਵਜੂਦ ਉਹ ਆਪਣੇ ਪੁਤ ਨੂੰ ਘਰ ਹੀ ਛੱਡ ਗਿਆ।
ਗੋਸ਼ਕਾ ਇਕਲਾ ਰਹਿ ਗਿਆ ਸੀ।ਉਹ ਆਪਣੇ ਕਮਰੇ ਵਿਚ ਏਧਰ-ਓਧਰ ਫਿਰਨ ਲਗਾ।ਫਿਰ ਉਹਨੇ ਝੰਡੀ ਆਪਣੀ ਹਿੱਕ ਨਾਲ ਲਾਈ ਅਤੇ ਦਰਵਾਜੇ ਵੱਲ ਤੁਰ ਪਿਆ।
“ਕਿਧਰ ਚੱਲਿਆਂ ਏ?” ਉਸਦੀ ਮਾਂ ਨੇ ਪੁਛਿਆ। ਮਾਂ ਦੀ ਅਵਾਜ਼ ਵਿਚ ਤੋਖਲਾ ਜਿਹਾ ਸੀ।
“ਵਾਨਕਾ ਸੇਰੇਗਿਨ ਨੂੰ ਮਿਲਣ।”
ਉਹ ਦੋੜ ਕੇ ਵਿਹੜੇ ਵਿਚ ਆ ਗਿਆ ਤੇ ਇਉਂ ਜਾਹਿਰ ਕੀਤਾ ਜਿਵੇਂ ਉਹ ਵਾਨਕਾ ਦੇ ਘਰ ਚਲਿਆ ਹੋਵੇ ਅਤੇ ਫਿਰ ਉਹ ਨਾਗੋਰਨਾਯਾ ਵਾਲੇ ਪਾਸੇ ਹਵਾ ਵਾਂਗ ਉਡ ਗਿਆ।
ਜਦੋਂ ਉਹ ਪਹੁੰਚਿਆ ਤਾਂ ਓਥੇ ਭੀੜ ਜੁੜੀ ਹੋਈ ਸੀ। ਕਤਾਂਰਾ ਬਨ੍ਹ ਕੇ ਮਜ਼ਦੂਰ ਸੜਕ ਉਤੇ ਅੱਗੇ ਜਾ ਰਹੇ ਸਨ। ਕਤਾਰ ਦੇ ਅਗਲੇ ਪਾਸੇ ਲਾਲ ਫਰੇਰਾ ਉਹਨਾ ਦੇ ਸਿਰਾਂ ਉਤੇ ਲਹਿਰਾ ਰਿਹਾ ਸੀ।
ਜਿਨ੍ਹਾ ਚਿਰ ਸਾਰੇ ਮਜ਼ਦੂਰ ਲੰਘ ਨਹੀ ਗਏ ਗੋਸ਼ਕਾ ਇਤਜ਼ਾਰ ਵਿਚ ਖੜਾ ਰਿਹਾ।ਫਿਰ ਉਹ ਵੀ ਕਤਾਰ ਦੇ ਪਿਛਲੇ ਪਾਸੇ ਤੁਰ ਪਿਆ।ਹਾਲੇ ਮਸਾਂ ਉਹਦਾ ਹੱਥ ਉਹਦੀ ਨਿਕੀ ਜਿਹੀ ਝੰਡੀ ਤੱਕ ਪਹੁੰਚਿਆ ਹੀ ਸੀ ਕਿ ਉਹਨੂੰ ਸੁਣਿਆ :
“ਵਗ ਜਾ ਘਰ ਨੂੰ ! ਤੀਰ ਹੋਜਾ! ਮਾਂ ਕੋਲ !”
“ਮੈਂ ਤੁਹਾਡੇ ਨਾਲ ਚੱਲਣਾ ਏ। ਮਈ ਦਿਨ ਮਨਾਉਣ ਵਾਸਤੇ।”
“ਮਿੰਟ ਨਾ ਲਾਈਂ। ਛੇਤੀ ਕਰ!”
ਚਲੇ ਜਾਣ ਤੋਂ ਬਗੈਰ ਕੋਈ ਹੋਰ ਚਾਰਾ ਨਹੀ ਸੀ।
ਗੋਸ਼ਕਾ ਥੋੜਾ ਖਲੋਤਾ ਸੋਚਦਾ ਰਿਹਾ ਤੇ ਫਿਰ ਉਹ ਲਿਤੇਈਨਾਯਾ ਵੱਲ ਦੋੜ ਗਿਆ। ਜਦੋਂ ਉਹ ਉਥੇ ਪੁੱਜਾ ਤਾਂ ਉਥੇ ਵੀ ਭੀੜ ਜਮਾਂ ਸੀ।ਇਕ ਵਾਰੀ ਫੇਰ ਉਹਨੇ ਦੇਖਿਆ ਕਿ ਮਜਦੂਰ ਕਤਾਰਾਂ ਬਣ ਕੇ ਸੜਕ ਉਤੇ ਅਗੇ ਵੱਧ ਰਹੇ ਸਨ।ਕਤਾਰ ਦੇ ਅਗਲੇ ਪਾਸੇ ਉਹਨਾਂ ਦੇ ਸਿਰ ਉਤੇ ਲਾਲ ਝੰਡਾ ਲਹਿਰਾ ਰਿਹਾ ਸੀ।
ਗੋਸ਼ਕਾ ਕਤਾਰ ਵਿਚ ਸ਼ਾਮਿਲ ਹੋ ਗਿਆ।ਉਸਨੇ ਆਪਣੀ ਛੋਟੀ ਜਿਹੀ ਝੰਡੀ ਨੂੰ ਹੱਥ ਵਿਚ ਲਿਆ, ਪਰ ਅਚਾਨਕ…
“ਤੂੰ ਏਥੇ ਕੀ ਕਰਦਾਂ ਏ ?”
     “ਹੈਂ, ਮੈਂ…”
“ਤੈਨੂੰ ਸਬਕ ਸਖਾਉਂ ਆਪਣੀ ਪੇਟੀ ਨਾਲ ! ਵਗ ਜਾ ਘਰ ਨੂੰ। ”
ਗੋਸ਼ਕਾ ਪਿਛੇ ਰਹਿ ਗਿਆ।ਇਕ ਪੱਲ ਉਹਨੇ ਸੋਚਿਆ ਅਤੇ ਫਿਰ ਮਾਰਸ਼ੇਵਾਯਾ ਵਾਲੇ ਪਾਸੇ ਦੋੜ ਗਿਆ।
ਉਥੇ ਵੀ ਭੀੜ ਜੁੜੀ ਹੋਈ ਸੀ। ਮਜ਼ਦੂਰ ਕਤਾਰਾਂ ਬੰਨ ਕੇ ਸੜਕ ਉਤੇ ਅਗੇ ਵੱਧ ਰਹੇ ਸਨ। ਉਹਨਾ ਦੇ ਸਿਰ ਉਤੇ ਲਾਲ ਝੰਡਾ ਲਹਿਰਾ ਰਿਹਾ ਸੀ।
ਗੋਸ਼ਕਾ ਮਜ਼ਦੂਰਾਂ ਦੇ ਨੇੜੇ ਹੋ ਗਿਆ ਅਤੇ ਖਚਰੇ ਬਣ ਕਿ ਆਖਿਆ:
“ਪਾਪਾ ਨੂੰ ਲਭਦਾ ਹਾਂ। ਮੈਂਨੂੰ ਮਾਂ ਨੇ ਘੱਲਿਆ ਏ।ਉਹ ਅੱਗੇ ਆ ਕਿਤੇ।”
ਮਜ਼ਦੂਰ ਇਕ ਪਾਸੇ ਹੋ ਗਏ ਗੋਸ਼ਕਾ ਨੂੰ ਲੰਘ ਜਾਣ ਦਿੱਤਾ। ਉਹ ਰਾਹ ਬਣਾਉਦਾ ਪਹਿਲੀ ਕਤਾਰ ਤੱਕ ਪਹੁੰਚ ਗਿਆ।ਉਸਨੇ ਇਕ ਲੰਮਾ ਸਾਹ ਲਿਆ ਤੇ ਚੁਫੇਰੇ ਨਜ਼ਰ ਮਾਰੀ।ਅਸਲ ਵਿਚ ਬਿਲਕੁਲ ਨੇੜੇ ਹੀ ਉਸਦਾ ਪਿਉ ਜਾ ਰਿਹਾ ਸੀ। ਉਹਨੇ ਲਾਲ ਝੰਡਾ ਆਪਣੇ ਹੱਥ ਵਿਚ ਫੜਿਆ ਹੋਇਆ ਸੀ ਅਤੇ ਤੁਰਦਾ ਜਾ ਰਿਹਾ ਸੀ। ਗੋਸ਼ਕਾ ਖਿਸਕ ਕੇ ਪਿੱਛੇ ਜਾਣਾ ਚਹੁੰਦਾ ਸੀ ਪਰ ਹੁਣ ਵੇਲਾ ਲੰਘ ਗਿਆ ਸੀ।
“ਉਏ, ਉਰੇ ਆ ਏਥੇ”, ਉਸਦੇ ਪਿਓ ਨੇ ਉਸਨੂੰ ਇਸ਼ਾਰਾ ਕੀਤਾ। ਗੋਸ਼ਕਾ ਓਥੇ ਚਲਾ ਗਿਆ।
“ਤੈਨੂੰ ਕੀ ਹੋ ਗਿਐ ? ਤੂੰ ਮਾਂ ਪਿਓ ਦੇ ਆਖੇ ਕਿਉਂ ਲਗਦਾ ?”
“ਮੈਂ ਵੀ ਬਾਕੀਆਂ ਵਾਂਗ ਈ ਆਂ। ਮੇਰਾ ਵੀ ਜੀ ਕਰਦਾ ਏ।ਆ ਵੇਖ, ਮੈਂ ਆਪ ਬਣਾਈ ਆ”
ਗੋਸ਼ਕਾ ਨੇ ਆਪਣੀ ਹਿੱਕ ਵਿਚੋਂ ਛੋਟੀ ਜਿਹੀ ਝੰਡੀ ਕੱਢ ਵਿਖਾਈ।
ਪਿਓ ਆਪਣੇ ਪੁੱਤਰ ਤੇ ਖੁਸ਼ ਹੋ ਕੇ ਮੁਸਕਰਾ ਪਿਆ। ਦੂਜੇ ਮਜ਼ਦੂਰ ਹੱਸਣ ਲੱਗ ਪਏ।
“ਵੇਖ ਤਾਂ ਸਹੀ, ਝੰਡਾ!”
“ਤੇ ਉਹ ਵੀ ਅਸਲੀ !”
“ਲਾਲ ਰੰਗ ਦਾ।”
ਪਿਓ ਨੇ ਵੱਡੇ ਸਾਰੇ ਲਾਲ ਝੰਡੇ ਉਤੇ ਨਜ਼ਰ ਮਾਰੀ, ਫੇਰ ਗੋਸ਼ਕਾ ਦੀ ਝੰਡੀ ਵੱਲ ਵੇਖਿਆ ਤੇ ਇਕ ਵਾਰੀ ਫੇਰ ਖੀ-ਖੀ ਕਰ ਕਿ ਹੱਸਦਿਆਂ ਉਸਨੇ ਗੋਸ਼ਕਾ ਦਾ ਸਿਰ ਪਲੋਸਿਆ:
“ਠੀਕ ਏ, ਹੁਣ ਜਾ ਘਰ ਆਪਣੀ ਮਾਂ ਕੋਲ। ”
“ਹੱਛਾ, ਮੈਂ… ”
ਗੋਸ਼ਕਾ ਨੂੰ ਗੱਲ ਖਤਮ ਕਰਨ ਦਾ ਮੋਕਾ ਹੀ ਨਾ ਮਿਲਿਆ।ਰਫਲਾਂ ਵਾਲੇ ਸਿਪਾਹੀਆਂ ਦੀ ਇਕ ਟੋਲੀ ਪਾਸੇ ਵਾਲੀ ਸੜਕ ਤੋਂ ਨਿਕਲੀ ਅਤੇ ਮੁਜ਼ਾਹਰਾ ਕਰਨ ਵਾਲਿਆਂ ਦੇ ਰਾਹ ਵਿਚ ਆ ਖੜੀ ਹੋਈ।
“ਰੁਕ ਜਾਓ!” ਅਫਸਰ ਨੇ ਚਿੱਲਾ ਕ ਮਜ਼ਦੂਰਾਂ ਨੂੰ ਆਖਿਆ ।“ਰੁਕ ਜਾਓ!”
ਮੁਜ਼ਾਹਰਾ ਕਰਨ ਵਾਲੇ ਪਹਿਲਾਂ ਹੋਲੀ ਚੱਲਣ ਲਗੇ ਫਿਰ ਖਲੋ ਗਏ
“ਤਿੱਤਰ-ਬਿੱਤਰ ਹੋ ਜਾਓ!”
ਮਜ਼ਦੂਰ ਇਕ ਦੂਜੇ ਦੇ ਨੇੜੇ ਹੋ ਗਏ।ਉਹ ਗੋਸ਼ਾਕਾ ਦੇ ਪਿਓ ਤੇ ਝੰਡੇ ਦੁਆਲੇ ਇਕਠੇ ਹੋ ਗਏ।
“ਬੰਦੂਕਾ ਤਾਣ ਲਓ!” ਅਫਸਰ ਨੇ ਸਿਪਾਹੀਆਂ ਨੂੰ ਹੁਕਮ ਦਿੱਤਾ।
ਸਿਪਾਹੀਆਂ ਨੇ ਬੰਦੂਕਾਂ ਤਾਣ ਲਈਆਂ।
“ਪੁੱਤਰ…” ਗੋਸ਼ਕਾ ਦੇ ਪਿਤਾ ਨੇ ਹੋਲੀ ਜਿਹੀ ਆਖਿਆ। “ਦੋੜ ਜਾ, ਮੇਰੇ ਪੁੱਤਰ!” ਗੋਸ਼ਕਾ ਟੱਸ ਤੋਂ ਮੱਸ ਨਹੀ ਹੋਇਆ।
“ਮੈਂ ਤੇਰੇ ਖਿਆਲ ਵਿਚ ਕੀਹਨੂੰ ਆਖਦਾ ਆਂ, ਦੌੜ ਜਾ !”
ਉਹਦਾ ਪਿਓ ਕੜਕਿਆ ਅਤੇ ਧੱਕਾ ਦੇ ਕੇ ਗੋਸ਼ਕਾ ਨੂੰ ਇਕ ਪਾਸੇ ਕਰ ਦਿੱਤਾ।
ਗੋਸ਼ਕਾ ਕਤਾਰ ਵਿਚੋਂ ਉਡ ਕੇ ਇਕ ਪਾਸੇ ਚਲਾ ਗਿਆ। ਉਤੇ ਖੜਾ, ਨਿਕਾ ਜਿਹਾ ਮੁੰਡਾ ਬਦਹਵਾਸ ਹੋਇਆ ਦੇਖੀ ਜਾ ਰਿਹਾ ਸੀ। ਕਦੀ ਉਹਦੀ ਨਜ਼ਰ ਸਿਪਾਹੀਆਂ ਵੱਲ ਜਾਂਦੀ ਅਤੇ ਕਦੇ ਮਜ਼ਦੂਰਾਂ ਵੱਲ।ਉਸਨੇ ਵੇਖਿਆ ਕਿ ਅਫਸਰ ਨੇ ਆਪਣੀ ਬਾਂਹ ਉੱਚੀ ਕੀਤੀ ਅਤੇ ਸਿਪਾਹੀਆਂ ਨੇ ਆਪਣੀਆਂ ਬੰਦੂਕਾਂ ਦੇ ਕੰਡੇ ਮੋਡਿਆਂ ਨਾਲ ਲਾ ਲਏ। ਇਕ ਪਲ ਹੋਰ ਤੇ ਉਹ ਗੋਲੀ ਚਲਾ ਦੇਣ ਗੇ।
ਪਰ ਅਚਾਣਕ ਹੀ:

“ਹਿੱਕ ਤਾਂਣ ਕੇ ਵਧੋ ਸਾਥੀਓ! ਕਦਮ ਮਿਲਾ
ਇਸ ਜੰਗ ਨੇ ਸਾਡਾ ਜੋਸ਼ ਵਧਾਉਣਾ ਹੈ
ਅਜਾਦੀ ਦੀ ਦੁਨੀਆ ਵੱਲੇ ਰਾਹ ਅਪਣਾ
ਹਿੱਮਤ ਕਰ ਕੇ ਆਪੇ ਅਸਾਂ ਬਣਾਉਣਾ ਹੈ।”

ਗੋਸ਼ਕਾ ਦਾ ਪਿਓ ਗਾਉਣ ਲੱਗ ਪਿਆ।ਉਸਨੇ ਲਾਲ ਝੰਡਾ ਲਹਿਰਾਇਆ ਅਤੇ ਓਸੇ ਵੇਲੇ ਮਜਦੂਰ ਅੱਗੇ ਇਉਂ ਵਧੇ ਜਿਵੇਂ ਉਹ ਸਿਰਫ ਇਕ ਆਦਮੀ ਹੋਣ। ਕਦਮ ਨਾਲ ਕਦਮ ਮਿਲਾ ਕੇ ਇਕ ਆਦਮੀ ਵਾਂਗ ਹੀ, ਉਹ ਅੱਗੇ ਵੱਧ ਕੇ ਸਿਪਾਹੀਆਂ ਦੇ ਕੋਲ  ਜਾ ਪੁਜੇ।
“ਗੋਲੀ ਚਲਾਓ !”
ਅਫਸਰ ਚੀਕਿਆ।
“ਪਾਪਾ! ਪਾਪਾ!” ਗੋਸ਼ਕਾ ਨੇ ਸ਼ੋਰ ਮਚਾਇਆ ਅਤੇ ਮੁਜ਼ਾਰਾ ਕਰਨ ਵਾਲਿਆਂ ਦੀ ਕਤਾਰ ਵਿਚ ਜਾ ਧੱਸਿਆ। ਉਹ ਦੋੜ ਕੇ ਆਵਦੇ ਪਿਓ ਕੋਲ ਗਿਆ ਅਤੇ ਉਸਦੀ ਪਤਲੂਨ ਵਿਚ ਆਪਣਾ ਮੂੰਹ ਲੁਕੋ ਲਿਆ।
“ਪਾਪਾ! ਪਾਪਾ!”
ਉਹਦਾ ਪਿਤਾ ਥੱਲੇ ਝੁਕਿਆ, ਗੋਸ਼ਕਾ ਨੂੰ ਫੜਿਆ ਤੇ ਆਪਣੇ ਮੋਢਿਆਂ ਤੇ ਚੁਕ ਲਿਆ।
ਨਿਕੇ ਜਿੁਹੇ ਮੁਡੇ ਨੇ ਦੇਖਿਆ: ਸਿਪਾਹੀ ਆਪਣੇ ਹਥਿਆਰਾਂ ਨੂੰ ਹੇਠ ਕਰਦੇ ਹੋਏ, ਪਟੜੀ ਵੱਲ ਪਿਛੇ ਹੱਟਦੇ ਹੋਏ, ਮਜਦੂਰਾਂ ਨੂੰ ਰਾਹ ਦੇ ਰਹੇ ਸਨ।
“ਗੋਲੀਆਂ ਚਲਾਓ! ਗੋਲੀਆਂ ਚਲਾਓ ”  ਅਫਸਰ ਚਿਲਾਇਆ ।
ਪਰ ਕਿਸੇ ਨੇ ਉਸਦੀ ਆਵਾਜ ਵੱਲ ਕੰਨ ਨਹੀ ਕੀਤਾ।
ਗੋਸ਼ਕਾ ਖਿੜ-ਖਿੜ ਕੇ ਹੱਸਿਆ ਅਤੇ ਉਸਨੇ ਆਪਣੀ ਛੋਟੀ ਜਿਹੀ ਝੰਡੀ ਲਹਿਰਾ ਕੇ ਸਿਪਾਹੀਆਂ ਨੂੰ ਸਲਾਮ ਆਖੀ।
ਮਜਦੂਰ ਮਾਰਸ਼ੇਵਾਯਾ ਮਾਰਗ ਤੋਂ ਲੰਗ ਗਏ। ਨਾਗੋਰਨਾਯਾ ਤੋਂ ਆੳੇਣ ਵਾਲਿਆਂ ਨਾਲ ਜਾ ਰਲੇ, ਤੇ ਫੇਰ ਲਿਤੇਈਨਾਯਾ ਤੋਂ ਆਉਦੇ ਮਜ਼ਦੂਰਾਂ ਵਿਚ ਮਿਲ ਗਏ ਅਤੇ ਸਹਿਰ ਦੀਆਂ ਦੂਜੀਆਂ ਸੜਕਾਂ ਤੇ ਚੁਰੱਸਤਿਆਂ ਤੋਂ ਆ ਰਹੇ ਮਜ਼ਦੂਰਾਂ ਵਿਚ ਇਕ-ਮਿਕ ਹੋ ਗਏ। ਭੀੜ ਦਾ ਕੋਈ ਅੰਤ ਨਹੀ ਸੀ। ਮਈ ਦੀ ਮਿਠੀ-ਮਿਠੀ ਹਵਾ ਵਿਚ ਦਰਜ਼ਨਾ ਹੀ ਲਾਲ ਫਰੇਰੇ ਲਹਿਰਾ ਰਹੇ ਸਨ। ਸਾਰੇ ਸਹਿਰ ਉਤੇ ਇਕ ਗੀਤ ਦੀ ਧੁਨ ਗੂੰਜ ਰਹੀ ਸੀ:

         ਜਬਰ ਪੁਰਾਣਾ ਸਦਾ ਲਈ ਇਸ ਦੁਨੀਆ ਤੋਂ
         ਆਪਣੇ ਬਹੂਬਲ ਦੇ ਨਾਲ ਮਿਟਾਂਵਾਂਗੇ
         ਲ਼ਾਲ ਫਰੇਰਾ, ਲਹੂ ਰੰਗ ਦੀ ਮੇਹਨਤ ਦਾ
         ਸਾਰੇ ਜੱਗ ਤੇ ਗੱਡਾਂਗੇ, ਲਹਿਰਾਵਾਂਗੇ।