“ਸਭ ਕਿਸੇ ਲਈ ਉਤਸਾਹਿਤ ਕਰਨ ਵਾਲਾ ਆਦਰਸ਼, ਉਦੇਸ਼ ਲਈ ਮਰਨਾ ਨਾ ਹੋ ਕੇ, ਉਦੇਸ਼ ਲਈ ਜਿਉਣਾ ਹੋਣਾ ਚਾਹੀਦਾ ਹੈ” ਭਗਤ ਸਿੰਘ

Friday, February 17, 2012

ਹੱਕਦਾਰ.. (ਕਹਾਣੀ) ...... ਇੰਦਰਜੀਤ ਮੋਗਾ

 ਭਵਿੱਖ ਮੈਗਜ਼ੀਨ ਦੇ ਨਵੇਂ ਅੰਕ ਵਿੱਚੋਂ
ਇਹ ਅਗਸਤ ਦਾ ਮਹੀਨਾ ਸੀ, ਜਦ ਹਰ ਵਿਅਕਤੀ ਝੁਲਸਾ ਦੇਣ ਵਾਲੀ ਗਰਮੀ ਦਾ ਆਨੰਦ ਮਾਣਦਿਆਂ ਦਿਨ ਦਾ ਜਿਆਦਾ ਸਮਾਂ ਮੱਥੇ ਤੋਂ ਮੁੜ੍ਹਕਾ ਪੂੰਝਣ ‘ਤੇ ਹੀ ਲਗਾਉਂਦਾ ਹੈ, ਪਰ ਉਸ ਦਿਨ ਕੁਝ ਫਰਕ ਸੀ। ਰਾਤ ਭਰ ਪਈ ਬਾਰਿਸ਼ ਨੇ ਸਵੇਰ ਕੁਝ ਠੰਡੀ ਕੀਤੀ ਹੋਈ ਸੀ। ਭਿੱਜੀਆਂ ਹੋਈਆਂ ਸੜਕਾਂ ਤੋਂ ਚੜ੍ਹ ਰਹੇ ਸੂਰਜ ਦਾ ਝਲਕਾਰਾ ਦੇਖਿਆ ਜਾ ਸਕਦਾ ਸੀ। ਹਰ ਇਮਾਰਤ ਧੋਤੀ ਹੋਈ ਜਾਪਦੀ ਸੀ। ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਮਾਂ ਕਿਸੇ ਦਿਨ ਤਿਉਹਾਰ ਤੋਂ ਪਹਿਲਾਂ ਘਰ ਦੀ ਸਫਾਈ ਕਰ ਰਹੀ ਹੋਵੇ, ਹਾਂ ਦਿਨ ਤਾਂ ਆ ਹੀ ਰਿਹਾ ਸੀ, ਜਿਸ ਨੂੰ ਸਿਰਜਣ ਲਈ ਕਈ ਯੋਧਿਆਂ ਨੇ ਆਪਣੀਆਂ ਜ਼ਿੰਦਗੀਆਂ ਲਗਾਈਆਂ ਸਨ। ਤੇ ਫਿਰ ਮਾਂ ਆਪਣੇ ਪੁੱਤਰਾਂ ਦੀ ਕੁਰਬਾਨੀ ਕਿਵੇਂ ਭੁੱਲ ਸਕਦੀ ਸੀ। ਖੈਰ ਮੈਂ ਵੀ ਮੋਢੇ ਤੇ ਝੋਲਾ ਟੰਗੀ ਕਿਸੇ ਜੰਗ ੳੁੱਪਰ ਚੱਲੇ ਫੌਜੀ ਵਾਂਗ ਉਸੇ ਭਿੱਜੀ ਹੋਈ ਸੜਕ ਦੇ ਕਿਨਾਰੇ ਖੜ੍ਹਾ ਆਟੋ ਦੀ ਉਡੀਕ ਕਰ ਰਿਹਾ ਸਾਂ। ਕੁਝ ਹੋਰ ਵੀ ਸੱਜਣ ਜੋ ਸ਼ਰਟਾਂ ਪੈਂਟਾਂ ਅੰਦਰ ਦੇਈ ਤੇ ਟਾਈਆਂ-ਸ਼ਾਈਆਂ ਲਾਈ ਮੇਰੇ ਨਾਲ ਖੜ੍ਹੇ ਸਨ ਪਰ ਪਤਾ ਨਹੀਂ ਕਿਉਂ ਮੈਨੂੰ ਉਹਨਾਂ ਦੇ ਉਦਾਸੇ ਹੋਏ ਚਿਹਰੇ ਦੇਖ ਕੇ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਵੇਂ ਕਿਸੇ  ਬੱਚੇ ਨੂੰ ਧੱਕੇ ਨਾਲ ਸਕੂਲ ਘੱਲਿਆ ਜਾ ਰਿਹਾ ਹੋਵੇ।
       ਅਚਾਨਕ ਕੁੱਝ ਜੋਰਦਾਰ ਆਵਾਜਾਂ ਮੇਰੇ ਕੰਨੀਂ ਪਈਆਂ। ਮੈ ਆਵਾਜਾਂ ਦੀ ਸੂਹ ਲੈਂਦੇ ਨੇ ਪਿੱਛੇ ਮੁੜ ਕੇ ਦੇਖਿਆ ਤਾਂ ਕੁਝ ਕੁ ਦੂਰੀ ਤੇ ਦਰੱਖਤਾਂ ਦੇ ਉਹਲਿਉਂ ਕੁੱਝ ਬੰਦੇ ਵੱਡੇ'-ਵੱਡੇ ਢੋਲ ਆਪਣੇ ਮੋਢਿਆਂ ੳੁੱਪਰ ਲਟਕਾਈ ਜਾਂਦੇ ਦਿਖਾਈ ਦਿੱਤੇ ਤਾਂ ਪਤਾ ਲੱਗਿਆ ਕਿ ਇਹ ਬੈਂਡ ਵਾਲੇ ਹਨ। ਮੈਂ ਆਪਣਾ ਮੂੰਹ ਪਹਿਲਾਂ ਵੱਲ ਘੁਮਾ ਹੀ ਰਿਹਾ ਸੀ ਕਿ ਮੇਰੀ ਨਿਗ੍ਹਾ ਨਾਲ ਖੜ੍ਹੇ ਮੱਧਰੇ ਜਿਹੇ ਬੰਦੇ ਨਾਲ ਜਾ ਮਿਲੀ ਤੇ ਉਹ ਝੱਟ ਹੀ ਬੋਲ ਪਿਆ “ਪੰਦਰਾਂ ਅਗਸਤ ਦੀਆਂ ਤਿਆਰੀਆਂ ਚੱਲ ਰਹੀਆਂ ਨੇ” ਮੈਂ ਫਿਰ ਮੁੜ ਕੇ ਦੇਖਿਆ ਤੇ ਉਸ ਦੀ ਗੱਲ ਦਰੁਸਤ ਕਰਨ ਲਈ ਇਕ ਨਿੱਕੀ ਜਿਹੀ ਮੁਸਕਾਨ ਦੇ ਛੱਡੀ ਤੇ ਉਹ ਮੇਰੀ ਜੁਬਾਨ ਸਮਝ ਗਿਆ ਇੰਨੇ ਨੂੰ ਇਕ ਆਟੋ ਆ ਸਾਡੇ ਸਾਹਮਣੇ ਰੁਕਿਆ ਤੇ ਉਹ ‘ਟੇਲਰਮੇਡ ਜੈਂਟਲਮੈਨ’ ਆਪਣੇ ਬੌਸ ਦੀਆਂ ਝਿੜਕਾਂ ਨੂੰ ਮਨ ਵਿਚ ਰੱਖਦੇ ਤੇ ਆਪਣੀਆਂ ਸਰਟਾਂ ਨੂੰ ਵੱਟ ਪੈਂਣ ਤੋਂ ਬਚਾਉਂਦੇ ਹੋਏ ਇਸ ਤਰ੍ਹਾਂ ਭੱਜੇ ਜਿਵੇਂ ‘ਕਿਸੇ ਫੌਜੀ ਨੂੰ ਉਸ ਦੇ ਕਮਾਂਡਰ ਨੇ ਸਿੱਧਾ ਰਹਿ ਕੇ ਭੱਜਣ ਦਾ ਹੁਕਮ ਦਿੱਤਾ ਹੋਵੇ’। ਤੇ ਜਾਂਦੇ ਹੀ ਇਹਨਾਂ ਫੋਜੀਆਂ ਨੇ ਆਟੋ ਵਾਲੇ ਦੁਆਲੇ ਝੁਰਮਟ ਪਾ ਲਿਆ “34, 17, 22 ਸੈਕਟਰ, 43 ਬੱਸ ਸਟੈਂਡ”। ਅੱਡ-ਅੱਡ ਅਵਾਜਾਂ ਇਕੱਠੀਆਂ ਆ ਰਹੀਆਂ ਸਨ। ਆਟੋ ਵਾਲਾ ਕਦੇ ਕਿਸੇ ਦਾ ਜੁਆਬ ਦਿੰਦਾ ਤੇ ਕਦੇ ਕਿਸੇ ਦਾ, ਆਖਰਕਾਰ ਆਟੋ ਭਰ ਗਿਆ ਤੇ ਤੁਰ ਪਿਆ। ਪਰ ਮੈ ਉਥੇ ਹੀ ਰਹਿ ਗਿਆ ਤੇ ਫਿਰ ਉਸੇ ਨਜ਼ਾਰੇ ਵਿਚ ਮੁੜ ਆਇਆ ਤੇ ਸੂਰਜ ਨੂੰ ਚੜ੍ਹਦਿਆਂ ਦੇਖਣ ਲੱਗਾ।
      ਕੁਝ ਸਮੇਂ ਬਆਦ ਇੱਕ ਹੋਰ ਆਟੋ ਆਇਆ ਤੇ ਸੁੱਖ ਨਾਲ ਇਹ ਬਹੁਤਾ ਭਰਿਆ ਵੀ ਨਹੀ ਸੀ, ਮੈਂ ਬੈਠ ਗਿਆ। ਬੈਂਡ ਦੀ ਰਸਭਰੀ ਆਵਾਜ਼ ਅਜੇ ਵੀ ਮੇਰੇ ਕੰਨਾਂ ਤੱਕ ਆ ਰਹੀ ਸੀ। ਪਰ ਆਟੋ ਦੇ ਤੁਰਦਿਆਂ ਹੀ ਗੱਡੀਆਂ ਦੀ ਖੜ-ਖੜਾਹਟ ਹਾਵੀ ਹੋ ਗਈ। 15 ਅਗਸਤ ਦੀਆਂ ਤਿਆਰੀਆਂ ਜੋਰਾਂ ‘ਤੇ ਸਨ। ਮਜਬੂਰੀ ਵੱਸ ਮੁਲਾਜਮ ਭੱਜੇ ਫਿਰਦੇ ਆਮ ਹੀ ਨਜਰ ਆ ਜਾਂਦੇ ਜਿਵੇ ‘ਮਾਸਟਰ ਦੇ ਡਰੋਂ ਜੁਆਕ ਆਪਣੀਆਂ ਕਾਪੀਆਂ ਪੂਰੀਆਂ ਕਰ ਰਹੇ ਹੋਣ’ ਤੇ ਮਾਸਟਰ ਵੀ ਲਾਲ ਬੱਤੀ ਵਾਲੀਆਂ ਗੱਡੀਆਂ ਵਿਚ ਗੇੜੇ ਲਗਾ ਰਹੇ ਸਨ। ਜਦ ਹੀ ਆਟੋ ਵਾਲੇ ਨੇ ਅਗਲੀਆਂ ਲਾਇਟਾਂ ਤੇ ਬਰੇਕ ਮਾਰੀ ਤਾਂ ਇਕ ਔਰਤ ਹੱਥ ਵਿਚ ਕਾਨਿਆਂ ਦੇ ਝੰਡੇ ਫੜੀ ਭੱਜੀ ਆਈ। ਮੈਨੂੰ ਇਕ ਵਾਰ ਤਾਂ ਇਹ ਲੱਗਿਆ ਕਿ ਜਿਵੇਂ ਇਹ ਵੀ ਉਸੇ ਅਮਲੇ ਦਾ ਹੀ ਹਿੱਸਾ ਹੋਵੇ। ਉਸ ਨੇ ਕੁੱਛੜ ਸਵਾ ਕੁ ਸਾਲ ਦਾ ਜੁਆਕ ਚੁੱਕਿਆ ਹੋਇਆ ਸੀ।ਆਟੋ ਨਾਲ ਖਹਿੰਦੀ ਨੇ ਝੰਡਾ ਅੰਦਰ ਕੀਤਾ ਤੇ ਬੋਲੀ “ਇਕ ਝੰਡਾ ਲੈ ਲਉ” ਮੇਰੇ ਨਾਲ ਬੈਠੀ ਬੀਬੀ ਨੇ ਨਾਂਹ ਕਰਨ ਦੀ ਮਨਸ਼ਾ ਨਾਲ ਮੂੰਹ ਘੁੰਮਾ ਲਿਆ। ਉਸ ਨੇ ਫਿਰ ਦੁਹਰਾਇਆ ਪਰ ਬੀਬੀ ਨੇ ਮੂੰਹ ਨਾ ਘੁੰਮਾਇਆ। ਆਖਰ ਉਸ ਦੇ ਮੂੰਹੋਂ ਨਿਕਲੇ ਉਸਦੇ ਅਗਲੇ ਬੋਲਾਂ ਨੇ  ਮੇਰੇ ਭਰਮ ਤੋੜ ਦਿੱਤੇ ਤੇ ਸੱਚ ਨੰਗਾ ਕਰ ਦਿੱਤਾ। ਉਸ ਦੇ ਮੂੰਹੋਂ ਨਿਕਲੇ ਬੋਲ ਤੇ ਉਸ ਦਾ ਚਿਹਰਾ ਜੋ ਲਾਚਾਰੀ ਝਲਕਾ ਰਿਹਾ ਸੀ ਹਾਲੇ ਵੀ ਮੈਨੂੰ ਉਵੇਂ ਹੀ ਚੇਤੇ ਹਨ । “ਬੀਬੀ ਜੀ ਇਕ ਝੰਡਾ ਲੈ ਲਉ ਮੇਰਾ ਬੱਚਾ ਭੁੱਖਾ ਹੈ” ਸੀਨਾ ਚੀਰਦੇ ਇਹਨਾਂ ਬੋਲਾਂ ਨੂੰ ਸੁਣਦਿਆਂ ਹੀ ਮੈਂ ਕਾਹਲੀ ਨਾਲ ਬੱਚੇ ਵੱਲ ਦੇਖਿਆ ਜੋ ਵਿਲਕ ਰਿਹਾ ਸੀ। ਜਿਵੇਂ ਉਹ ਦੇਸ ਦੇ ਸਾਰੇ ਭੁੱਖਿਆਂ ਦੀ ਪੁਕਾਰ ਆਪਣੇ ਦਿਲ ਅੰਦਰ ਸਮੋਈ ਰੋ ਰਿਹਾ ਹੋਵੇ ਤੇ ਅਜਾਦੀ ਦੇ ਦਿਨ ਉਪਰ ਕੋਈ ਸੰਦੇਸ਼ ਦੇ ਰਿਹਾ ਹੋਵੇ। ਮੇਰੀਆਂ ਅੱਖਾਂ ਉਸ ਵੱਲ ਸਨ ਪਰ ਬਿਰਤੀ ਕਿਤੇ ਹੋਰ ਹੀ।ਆਟੋ ਤੁਰ ਪਿਆ ਤੇ ਉਸਦੀ ਪੁਕਾਰ ਪਿਛੇ ਰਹਿ ਗਈ।ਮੇਰੇ ਮਨ ਅੰਦਰ ਉਸਦੇ ਬੋਲ ਗੂੰਜਦੇ ਰਹੇ। ਜੇ ਇਹ ਸਿਰਫ ਉਸੇ ਦੀ ਹੀ ਕਹਾਣੀ ਹੁੰਦੀ ਤਾਂ ਸਾਇਦ ਮੈਂ ਉਸਨੂੰ ਰੋਟੀ ਜੋਗੇ ਪੈਸੇ ਤਾਂ ਦੇ ਹੀ ਸਕਦਾ ਸੀ। ਪਰ ਇਹ ਤਾਂ ਸ਼ੀਸ਼ਾ  ਸੀ ਜਿਸ ਵਿਚੋਂ ਕਰੋੜਾਂ ਚਿਹਰੇ ਦਿਖਾਈ ਦੇ ਰਹੇ ਸਨ। ਦੋਹਾਂ ਦਿਨਾਂ ਮਗਰੋਂ ਮੈਂ ਵੀ ਉਸੇ ਥਾਂ ਜਾ ਪਹੁੰਚਿਆ ਜਿਥੇ ਆਜ਼ਾਦੀ ਦੇ ਜਸ਼ਨ ਮਨਾਏ ਜਾ ਰਹੇ ਸਨ, ਸਜੇ ਹੋਏੇ ਪੰਡਾਲ ਵਿੱਚ ਸਕੂਲਾਂ ਦੇ ਬੱਚੇ ਚਿੱਟੀਆਂ  ਵਰਦੀਆਂ ਪਾ ਕੇ ਤੇ ਹੱਥਾਂ ਵਿਚ ਰੰਗ-ਬਰੰਗੇ ਰਿਬਨ ਲੈ ਕੇ ਧੁੱਪ ਸੇਕ ਰਹੇ ਸਨ। ਲੋਕਾਂ ਨੂੰ ਟੰਗਣ ਵਾਲੇ ਪੁਲਸੀਏ ਖੁਦ ਟੰਗੇ ਪਏ ਸਨ। ਸਟੇਜ ਉੱਪਰੋਂ ਇਕ ਹੀ ਅਨਾਊਸਮੈਂਟ ਵਾਰ-ਵਾਰ ਹੋ ਰਹੀ ਸੀ “ ਮੰਤਰੀ ਜੀ ਬਸ ਪੰਜਾਂ ਮਿੰਟਾਂ ਵਿੱਚ ਸਾਡੇ ਦਰਮਿਆਨ ਪਹੁੰਚ ਰਹੇ ਹਨ”। ਸਾਰੇ ਉਡੀਕੀ ਜਾਂਦੇ ਤੇ ਮਨੋ-ਮਨੀ ਗਾਲਾਂ ਕੱਢੀ ਜਾਂਦੇ ਤੇ ਕਈਆਂ ਦੀਆਂ ਗਾਲਾਂ ਤਾਂ ਮਨ ’ਚੋ ਨਿਕਲ ਕੇ ਮੇਰੇ ਕੰਨਾਂ ਤੱਕ ਵੀ ਆ ਪਹੁੰਚੀਆਂ। ਤੇ ਅੱਧੇ ਘੰਟੇ ਤੱਕ ਮੰਤਰੀ ਸਾਹਿਬ ਦੇ ਪੰਜ ਮਿੰਟ ਪੂਰੇ ਹੋ ਗਏ। ਫਿਰ ਨਾਲ ਹੀ ਬਿਨਾਂ ਕਿਸੇ ਭੂਮਿਕਾ ਦੇ ਇਹ ਨਾਟਕ ਸੁਰੂ ਹੋ ਗਿਆ। ਮੰਤਰੀ ਜੀ ਨੂੰ ਝੰਡਾ ਲਿਹਰਾਉਣ ਲਈ ਲਿਆਂਦਾ ਗਿਆ ਤੇ ਰੱਸਾ ਖੋਲ ਕੇ ਮੰਤਰੀ ਜੀ ਨੂੰ ਦਿੱਤਾ ਗਿਆ, ਸਾਰੇ ਝੰਡੇ ਵਿਚੋਂ ਡਿੱਗਣ ਵਾਲੇ ਫੁੱਲਾਂ ਦੀ ਉਡੀਕ ਕਰਨ ਲੱਗ ਪਏੇ ਪਰ ਜਦ ਮੰਤਰੀ ਜੀ ਨੇ ਰੱਸਾ ਖਿਚਿਆ ਤਾਂ ਝੰਡਾ ਨਾ ਖੁੱਲਿਆ ਤੇ ਅਗਲੀ ਕੋਸ਼ਿਸ ਵੀ ਅਸਫਲ ਰਹੀ। ਨਾਲ ਖੜੇ ਅਮਲੇ ਦੇ ਸਾਹ ਸੂਤੇ ਗਏ। ਪਰ ਮੈਨੂੰ ਇਸ ਤਰ੍ਹਾਂ ਲੱਗਾ ਜਿਵੇਂ ਇਹ ਝੰਡਾ ਉਹਨਾਂ ਕਾਨੇ ਵਾਲੇ ਹੱਥਾਂ ਦੀ ਉਡੀਕ ਕਰ ਰਿਹਾ ਹੋਵੇ ਜੋ ਇਸਦੇ ਅਸਲੀ ਹੱਕਦਾਰ ਹਨ।

Monday, February 13, 2012

ਲੋਚਦੇ ਹਾਂ ਦੋਸਤੋ........ਸ਼ਹੀਦ ਸਾਥੀ ਅਮੋਲਕ ਸਿੰਘ ਔਲਖ

'ਭਵਿਖ ਮੈਗਜ਼ੀਨ ਦੇ ਨਵੇਂ ਅੰਕ ਵਿੱਚੋਂ'

 ਲੋਚਦੇ ਹਾਂ ਦੋਸਤੋ, ਕੁਝ ਇਸ ਤਰਾਂ ਦੀ ਜਿੰਦਗੀ
ਸੋਚਦੇ ਹਾਂ ਦੋਸਤੋ, ਕੁਝ ਇਸ ਤਰਾਂ ਦੀ ਜਿੰਦਗੀ
    

     ਠੱਗੀਆਂ ਨਾ ਠੋਰੇ ਹੋਣ, ਥੁੜਾਂ ਤੇ ਨਾ ਝੋਰੇ ਹੋਣ
     ਹੱਕਾਂ ਲਈ ਅਵਾਜ਼ ਉਠਾੳਂਦੇ, ਜੇਲਾਂ ਨੂੰ ਨਾ ਤੋਰੇ ਹੋਣ
     ਲੋਚਦੇ ਹਾਂ ਦੋਸਤੋ…
 

ਮਹਿਕਦੇ ਸਭ ਬਾਗ ਹੋਣ, ਬੁਲਬੁਲਾਂ ਅਜਾਦ ਹੋਣ
ਗੀਤ ਗਾਉਣ ਖੁਸ਼ੀਆਂ ਦੇ, ਕੋਈ ਨਾ ਸੰਜਾਦ ਹੋਣ
ਲੋਚਦੇ ਹਾਂ ਦੋਸਤੋ…
  

    ਇਹੋ ਜਿਹਾ ਸਮਾਜ ਹੋਵੇ, ਮੇਹਨਤਾਂ ਸਿਰ ਤਾਜ ਹੋਵੇ
    ਕਾਮਾ ਖੇਤ ਮਿੱਲਾਂ ਦਾ, ਨਾ ਕਿਸੇ ਦਾ ਮੁਥਾਜ ਹੋਵੇ    

    ਲੋਚਦੇ ਹਾਂ ਦੋਸਤੋ…
 

ਅਮਨ ਚੁਫੇਰੇ ਹੋਣ, ਕੋਈ ਨਾ ਲੁਟੇਰੇ ਹੋਣ
ਈਰਖਾ ਕਰੋਧ ਦੀ ਥਾਂ, ਪਿਆਰਾਂ ਲਾਏ ਡੇਰੇ ਹੋਣ,

ਮੁੱਕ ਜਾਏੇ ਅਮੋਲਕਾ, ਇਹ ਜਬਰ ਤੇ ਦਰਿੰਦਗੀ
 
    ਲੋਚਦੇ ਹਾਂ ਦੋਸਤੋ, ਕੁਝ ਇਸ ਤਰਾਂ ਦੀ ਜਿੰਦਗੀ
    ਸੋਚਦੇ ਹਾਂ ਦੋਸਤੋ, ਕੁਝ ਇਸ ਤਰਾਂ ਦੀ ਜਿੰਦਗੀ

Thursday, February 9, 2012

"ਕਿਰਤ ਦਾ ਲਾਲ ਝੰਡਾ " (ਕਹਾਣੀ) ...... ਸ. ਅਲੇਕਸਯੇਵ

ਭਵਿੱਖ ਮੈਗਜ਼ੀਨ ਦੇ ਨਵੇਂ ਅੰਕ ਵਿੱਚੋਂ   
ਤਿੰਨ ਫੈਕਟਰੀਆਂ ਨੇ ਇੱਕਠਿਆਂ ਮਿਲ ਕੇ ਮਈ ਦਿਹਾੜਾ ਮਨਾਉਣ ਦਾ ਫੈਂਸਲਾ ਕੀਤਾ। ਨਾਗੋਰਨਾਯਾ, ਲਿਤੇਟੀਨਾਯਾ, ਮਾਰਸ਼ੇਵਾਯਾ ਅਤੇ ਦੂਜੀਆਂ ਸੜਕਾਂ ਦੇ ਮਜਦੂਰ ਇਕ ਥਾਂ ਇੱਕਠੇ ਹੋਏ ਅਤੇ ਕਤਾਰਾਂ ਬੰਨ੍ਹ ਕੇ ਸ਼ਹਿਰ ਦੇ ਕੇਂਦਰ ਨੂੰ ਤੁਰ ਪਏ।
    ਸਵੇਰੇ ਗੋਸ਼ਕਾ ਦਾ ਪਿਉ ਦੂਜੇ ਮਜਦੂਰਾਂ ਦੇ ਨਾਲ ਆਪਣੀ ਫੈਕਟਰੀ ਨੂੰ ਤੁਰ ਪਿਆ।
“ਮੈਂ ਤੇਰੇ ਨਾਲ ਚਲਣਾ ਏ”, ਗੋਸ਼ਕਾ ਉਹਦੇ ਨਾਲ ਚੁੰਬੜ ਗਿਆ।
“ਹਾਲੇ ਤੂੰ ਬਾਲ ਏ”, ਉਸਦੇ ਦੇ ਪਿਓ ਨੇ ਮੁਸਕਰਾ ਕੇ ਆਖਿਆ। “ਘਰੇ ਬੈਠ।”
“ਮੇਰਾ ਵੀ ਜੀ ਕਰਦਾ ਏ”, ਗੋਸ਼ਕਾ ਨੇ ਜ਼ਿਦ ਕੀਤੀ। “ਵੇਖ, ਕੱਲ ਮੈਂ ਕੀ ਬਣਾਇਆ ਸੀ”, ਤੇ ਉਹਨੇ ਇਕ ਨਿਕੀ ਜਿਹੀ ਲਾਲ ਝੰਡੀ ਆਪਣੇ ਪਿਉ ਨੂੰ ਵਿਖਾਈ।
“ਬੜੀ ਸੋਹਣੀ ਝੰਡੀ ਏ”, ਉਹਦੇ ਪਿਉ ਨੇ ਆਖਿਆ, ਪਰ ਇਸ ਦੇ ਬਾਵਜੂਦ ਉਹ ਆਪਣੇ ਪੁਤ ਨੂੰ ਘਰ ਹੀ ਛੱਡ ਗਿਆ।
ਗੋਸ਼ਕਾ ਇਕਲਾ ਰਹਿ ਗਿਆ ਸੀ।ਉਹ ਆਪਣੇ ਕਮਰੇ ਵਿਚ ਏਧਰ-ਓਧਰ ਫਿਰਨ ਲਗਾ।ਫਿਰ ਉਹਨੇ ਝੰਡੀ ਆਪਣੀ ਹਿੱਕ ਨਾਲ ਲਾਈ ਅਤੇ ਦਰਵਾਜੇ ਵੱਲ ਤੁਰ ਪਿਆ।
“ਕਿਧਰ ਚੱਲਿਆਂ ਏ?” ਉਸਦੀ ਮਾਂ ਨੇ ਪੁਛਿਆ। ਮਾਂ ਦੀ ਅਵਾਜ਼ ਵਿਚ ਤੋਖਲਾ ਜਿਹਾ ਸੀ।
“ਵਾਨਕਾ ਸੇਰੇਗਿਨ ਨੂੰ ਮਿਲਣ।”
ਉਹ ਦੋੜ ਕੇ ਵਿਹੜੇ ਵਿਚ ਆ ਗਿਆ ਤੇ ਇਉਂ ਜਾਹਿਰ ਕੀਤਾ ਜਿਵੇਂ ਉਹ ਵਾਨਕਾ ਦੇ ਘਰ ਚਲਿਆ ਹੋਵੇ ਅਤੇ ਫਿਰ ਉਹ ਨਾਗੋਰਨਾਯਾ ਵਾਲੇ ਪਾਸੇ ਹਵਾ ਵਾਂਗ ਉਡ ਗਿਆ।
ਜਦੋਂ ਉਹ ਪਹੁੰਚਿਆ ਤਾਂ ਓਥੇ ਭੀੜ ਜੁੜੀ ਹੋਈ ਸੀ। ਕਤਾਂਰਾ ਬਨ੍ਹ ਕੇ ਮਜ਼ਦੂਰ ਸੜਕ ਉਤੇ ਅੱਗੇ ਜਾ ਰਹੇ ਸਨ। ਕਤਾਰ ਦੇ ਅਗਲੇ ਪਾਸੇ ਲਾਲ ਫਰੇਰਾ ਉਹਨਾ ਦੇ ਸਿਰਾਂ ਉਤੇ ਲਹਿਰਾ ਰਿਹਾ ਸੀ।
ਜਿਨ੍ਹਾ ਚਿਰ ਸਾਰੇ ਮਜ਼ਦੂਰ ਲੰਘ ਨਹੀ ਗਏ ਗੋਸ਼ਕਾ ਇਤਜ਼ਾਰ ਵਿਚ ਖੜਾ ਰਿਹਾ।ਫਿਰ ਉਹ ਵੀ ਕਤਾਰ ਦੇ ਪਿਛਲੇ ਪਾਸੇ ਤੁਰ ਪਿਆ।ਹਾਲੇ ਮਸਾਂ ਉਹਦਾ ਹੱਥ ਉਹਦੀ ਨਿਕੀ ਜਿਹੀ ਝੰਡੀ ਤੱਕ ਪਹੁੰਚਿਆ ਹੀ ਸੀ ਕਿ ਉਹਨੂੰ ਸੁਣਿਆ :
“ਵਗ ਜਾ ਘਰ ਨੂੰ ! ਤੀਰ ਹੋਜਾ! ਮਾਂ ਕੋਲ !”
“ਮੈਂ ਤੁਹਾਡੇ ਨਾਲ ਚੱਲਣਾ ਏ। ਮਈ ਦਿਨ ਮਨਾਉਣ ਵਾਸਤੇ।”
“ਮਿੰਟ ਨਾ ਲਾਈਂ। ਛੇਤੀ ਕਰ!”
ਚਲੇ ਜਾਣ ਤੋਂ ਬਗੈਰ ਕੋਈ ਹੋਰ ਚਾਰਾ ਨਹੀ ਸੀ।
ਗੋਸ਼ਕਾ ਥੋੜਾ ਖਲੋਤਾ ਸੋਚਦਾ ਰਿਹਾ ਤੇ ਫਿਰ ਉਹ ਲਿਤੇਈਨਾਯਾ ਵੱਲ ਦੋੜ ਗਿਆ। ਜਦੋਂ ਉਹ ਉਥੇ ਪੁੱਜਾ ਤਾਂ ਉਥੇ ਵੀ ਭੀੜ ਜਮਾਂ ਸੀ।ਇਕ ਵਾਰੀ ਫੇਰ ਉਹਨੇ ਦੇਖਿਆ ਕਿ ਮਜਦੂਰ ਕਤਾਰਾਂ ਬਣ ਕੇ ਸੜਕ ਉਤੇ ਅਗੇ ਵੱਧ ਰਹੇ ਸਨ।ਕਤਾਰ ਦੇ ਅਗਲੇ ਪਾਸੇ ਉਹਨਾਂ ਦੇ ਸਿਰ ਉਤੇ ਲਾਲ ਝੰਡਾ ਲਹਿਰਾ ਰਿਹਾ ਸੀ।
ਗੋਸ਼ਕਾ ਕਤਾਰ ਵਿਚ ਸ਼ਾਮਿਲ ਹੋ ਗਿਆ।ਉਸਨੇ ਆਪਣੀ ਛੋਟੀ ਜਿਹੀ ਝੰਡੀ ਨੂੰ ਹੱਥ ਵਿਚ ਲਿਆ, ਪਰ ਅਚਾਨਕ…
“ਤੂੰ ਏਥੇ ਕੀ ਕਰਦਾਂ ਏ ?”
     “ਹੈਂ, ਮੈਂ…”
“ਤੈਨੂੰ ਸਬਕ ਸਖਾਉਂ ਆਪਣੀ ਪੇਟੀ ਨਾਲ ! ਵਗ ਜਾ ਘਰ ਨੂੰ। ”
ਗੋਸ਼ਕਾ ਪਿਛੇ ਰਹਿ ਗਿਆ।ਇਕ ਪੱਲ ਉਹਨੇ ਸੋਚਿਆ ਅਤੇ ਫਿਰ ਮਾਰਸ਼ੇਵਾਯਾ ਵਾਲੇ ਪਾਸੇ ਦੋੜ ਗਿਆ।
ਉਥੇ ਵੀ ਭੀੜ ਜੁੜੀ ਹੋਈ ਸੀ। ਮਜ਼ਦੂਰ ਕਤਾਰਾਂ ਬੰਨ ਕੇ ਸੜਕ ਉਤੇ ਅਗੇ ਵੱਧ ਰਹੇ ਸਨ। ਉਹਨਾ ਦੇ ਸਿਰ ਉਤੇ ਲਾਲ ਝੰਡਾ ਲਹਿਰਾ ਰਿਹਾ ਸੀ।
ਗੋਸ਼ਕਾ ਮਜ਼ਦੂਰਾਂ ਦੇ ਨੇੜੇ ਹੋ ਗਿਆ ਅਤੇ ਖਚਰੇ ਬਣ ਕਿ ਆਖਿਆ:
“ਪਾਪਾ ਨੂੰ ਲਭਦਾ ਹਾਂ। ਮੈਂਨੂੰ ਮਾਂ ਨੇ ਘੱਲਿਆ ਏ।ਉਹ ਅੱਗੇ ਆ ਕਿਤੇ।”
ਮਜ਼ਦੂਰ ਇਕ ਪਾਸੇ ਹੋ ਗਏ ਗੋਸ਼ਕਾ ਨੂੰ ਲੰਘ ਜਾਣ ਦਿੱਤਾ। ਉਹ ਰਾਹ ਬਣਾਉਦਾ ਪਹਿਲੀ ਕਤਾਰ ਤੱਕ ਪਹੁੰਚ ਗਿਆ।ਉਸਨੇ ਇਕ ਲੰਮਾ ਸਾਹ ਲਿਆ ਤੇ ਚੁਫੇਰੇ ਨਜ਼ਰ ਮਾਰੀ।ਅਸਲ ਵਿਚ ਬਿਲਕੁਲ ਨੇੜੇ ਹੀ ਉਸਦਾ ਪਿਉ ਜਾ ਰਿਹਾ ਸੀ। ਉਹਨੇ ਲਾਲ ਝੰਡਾ ਆਪਣੇ ਹੱਥ ਵਿਚ ਫੜਿਆ ਹੋਇਆ ਸੀ ਅਤੇ ਤੁਰਦਾ ਜਾ ਰਿਹਾ ਸੀ। ਗੋਸ਼ਕਾ ਖਿਸਕ ਕੇ ਪਿੱਛੇ ਜਾਣਾ ਚਹੁੰਦਾ ਸੀ ਪਰ ਹੁਣ ਵੇਲਾ ਲੰਘ ਗਿਆ ਸੀ।
“ਉਏ, ਉਰੇ ਆ ਏਥੇ”, ਉਸਦੇ ਪਿਓ ਨੇ ਉਸਨੂੰ ਇਸ਼ਾਰਾ ਕੀਤਾ। ਗੋਸ਼ਕਾ ਓਥੇ ਚਲਾ ਗਿਆ।
“ਤੈਨੂੰ ਕੀ ਹੋ ਗਿਐ ? ਤੂੰ ਮਾਂ ਪਿਓ ਦੇ ਆਖੇ ਕਿਉਂ ਲਗਦਾ ?”
“ਮੈਂ ਵੀ ਬਾਕੀਆਂ ਵਾਂਗ ਈ ਆਂ। ਮੇਰਾ ਵੀ ਜੀ ਕਰਦਾ ਏ।ਆ ਵੇਖ, ਮੈਂ ਆਪ ਬਣਾਈ ਆ”
ਗੋਸ਼ਕਾ ਨੇ ਆਪਣੀ ਹਿੱਕ ਵਿਚੋਂ ਛੋਟੀ ਜਿਹੀ ਝੰਡੀ ਕੱਢ ਵਿਖਾਈ।
ਪਿਓ ਆਪਣੇ ਪੁੱਤਰ ਤੇ ਖੁਸ਼ ਹੋ ਕੇ ਮੁਸਕਰਾ ਪਿਆ। ਦੂਜੇ ਮਜ਼ਦੂਰ ਹੱਸਣ ਲੱਗ ਪਏ।
“ਵੇਖ ਤਾਂ ਸਹੀ, ਝੰਡਾ!”
“ਤੇ ਉਹ ਵੀ ਅਸਲੀ !”
“ਲਾਲ ਰੰਗ ਦਾ।”
ਪਿਓ ਨੇ ਵੱਡੇ ਸਾਰੇ ਲਾਲ ਝੰਡੇ ਉਤੇ ਨਜ਼ਰ ਮਾਰੀ, ਫੇਰ ਗੋਸ਼ਕਾ ਦੀ ਝੰਡੀ ਵੱਲ ਵੇਖਿਆ ਤੇ ਇਕ ਵਾਰੀ ਫੇਰ ਖੀ-ਖੀ ਕਰ ਕਿ ਹੱਸਦਿਆਂ ਉਸਨੇ ਗੋਸ਼ਕਾ ਦਾ ਸਿਰ ਪਲੋਸਿਆ:
“ਠੀਕ ਏ, ਹੁਣ ਜਾ ਘਰ ਆਪਣੀ ਮਾਂ ਕੋਲ। ”
“ਹੱਛਾ, ਮੈਂ… ”
ਗੋਸ਼ਕਾ ਨੂੰ ਗੱਲ ਖਤਮ ਕਰਨ ਦਾ ਮੋਕਾ ਹੀ ਨਾ ਮਿਲਿਆ।ਰਫਲਾਂ ਵਾਲੇ ਸਿਪਾਹੀਆਂ ਦੀ ਇਕ ਟੋਲੀ ਪਾਸੇ ਵਾਲੀ ਸੜਕ ਤੋਂ ਨਿਕਲੀ ਅਤੇ ਮੁਜ਼ਾਹਰਾ ਕਰਨ ਵਾਲਿਆਂ ਦੇ ਰਾਹ ਵਿਚ ਆ ਖੜੀ ਹੋਈ।
“ਰੁਕ ਜਾਓ!” ਅਫਸਰ ਨੇ ਚਿੱਲਾ ਕ ਮਜ਼ਦੂਰਾਂ ਨੂੰ ਆਖਿਆ ।“ਰੁਕ ਜਾਓ!”
ਮੁਜ਼ਾਹਰਾ ਕਰਨ ਵਾਲੇ ਪਹਿਲਾਂ ਹੋਲੀ ਚੱਲਣ ਲਗੇ ਫਿਰ ਖਲੋ ਗਏ
“ਤਿੱਤਰ-ਬਿੱਤਰ ਹੋ ਜਾਓ!”
ਮਜ਼ਦੂਰ ਇਕ ਦੂਜੇ ਦੇ ਨੇੜੇ ਹੋ ਗਏ।ਉਹ ਗੋਸ਼ਾਕਾ ਦੇ ਪਿਓ ਤੇ ਝੰਡੇ ਦੁਆਲੇ ਇਕਠੇ ਹੋ ਗਏ।
“ਬੰਦੂਕਾ ਤਾਣ ਲਓ!” ਅਫਸਰ ਨੇ ਸਿਪਾਹੀਆਂ ਨੂੰ ਹੁਕਮ ਦਿੱਤਾ।
ਸਿਪਾਹੀਆਂ ਨੇ ਬੰਦੂਕਾਂ ਤਾਣ ਲਈਆਂ।
“ਪੁੱਤਰ…” ਗੋਸ਼ਕਾ ਦੇ ਪਿਤਾ ਨੇ ਹੋਲੀ ਜਿਹੀ ਆਖਿਆ। “ਦੋੜ ਜਾ, ਮੇਰੇ ਪੁੱਤਰ!” ਗੋਸ਼ਕਾ ਟੱਸ ਤੋਂ ਮੱਸ ਨਹੀ ਹੋਇਆ।
“ਮੈਂ ਤੇਰੇ ਖਿਆਲ ਵਿਚ ਕੀਹਨੂੰ ਆਖਦਾ ਆਂ, ਦੌੜ ਜਾ !”
ਉਹਦਾ ਪਿਓ ਕੜਕਿਆ ਅਤੇ ਧੱਕਾ ਦੇ ਕੇ ਗੋਸ਼ਕਾ ਨੂੰ ਇਕ ਪਾਸੇ ਕਰ ਦਿੱਤਾ।
ਗੋਸ਼ਕਾ ਕਤਾਰ ਵਿਚੋਂ ਉਡ ਕੇ ਇਕ ਪਾਸੇ ਚਲਾ ਗਿਆ। ਉਤੇ ਖੜਾ, ਨਿਕਾ ਜਿਹਾ ਮੁੰਡਾ ਬਦਹਵਾਸ ਹੋਇਆ ਦੇਖੀ ਜਾ ਰਿਹਾ ਸੀ। ਕਦੀ ਉਹਦੀ ਨਜ਼ਰ ਸਿਪਾਹੀਆਂ ਵੱਲ ਜਾਂਦੀ ਅਤੇ ਕਦੇ ਮਜ਼ਦੂਰਾਂ ਵੱਲ।ਉਸਨੇ ਵੇਖਿਆ ਕਿ ਅਫਸਰ ਨੇ ਆਪਣੀ ਬਾਂਹ ਉੱਚੀ ਕੀਤੀ ਅਤੇ ਸਿਪਾਹੀਆਂ ਨੇ ਆਪਣੀਆਂ ਬੰਦੂਕਾਂ ਦੇ ਕੰਡੇ ਮੋਡਿਆਂ ਨਾਲ ਲਾ ਲਏ। ਇਕ ਪਲ ਹੋਰ ਤੇ ਉਹ ਗੋਲੀ ਚਲਾ ਦੇਣ ਗੇ।
ਪਰ ਅਚਾਣਕ ਹੀ:

“ਹਿੱਕ ਤਾਂਣ ਕੇ ਵਧੋ ਸਾਥੀਓ! ਕਦਮ ਮਿਲਾ
ਇਸ ਜੰਗ ਨੇ ਸਾਡਾ ਜੋਸ਼ ਵਧਾਉਣਾ ਹੈ
ਅਜਾਦੀ ਦੀ ਦੁਨੀਆ ਵੱਲੇ ਰਾਹ ਅਪਣਾ
ਹਿੱਮਤ ਕਰ ਕੇ ਆਪੇ ਅਸਾਂ ਬਣਾਉਣਾ ਹੈ।”

ਗੋਸ਼ਕਾ ਦਾ ਪਿਓ ਗਾਉਣ ਲੱਗ ਪਿਆ।ਉਸਨੇ ਲਾਲ ਝੰਡਾ ਲਹਿਰਾਇਆ ਅਤੇ ਓਸੇ ਵੇਲੇ ਮਜਦੂਰ ਅੱਗੇ ਇਉਂ ਵਧੇ ਜਿਵੇਂ ਉਹ ਸਿਰਫ ਇਕ ਆਦਮੀ ਹੋਣ। ਕਦਮ ਨਾਲ ਕਦਮ ਮਿਲਾ ਕੇ ਇਕ ਆਦਮੀ ਵਾਂਗ ਹੀ, ਉਹ ਅੱਗੇ ਵੱਧ ਕੇ ਸਿਪਾਹੀਆਂ ਦੇ ਕੋਲ  ਜਾ ਪੁਜੇ।
“ਗੋਲੀ ਚਲਾਓ !”
ਅਫਸਰ ਚੀਕਿਆ।
“ਪਾਪਾ! ਪਾਪਾ!” ਗੋਸ਼ਕਾ ਨੇ ਸ਼ੋਰ ਮਚਾਇਆ ਅਤੇ ਮੁਜ਼ਾਰਾ ਕਰਨ ਵਾਲਿਆਂ ਦੀ ਕਤਾਰ ਵਿਚ ਜਾ ਧੱਸਿਆ। ਉਹ ਦੋੜ ਕੇ ਆਵਦੇ ਪਿਓ ਕੋਲ ਗਿਆ ਅਤੇ ਉਸਦੀ ਪਤਲੂਨ ਵਿਚ ਆਪਣਾ ਮੂੰਹ ਲੁਕੋ ਲਿਆ।
“ਪਾਪਾ! ਪਾਪਾ!”
ਉਹਦਾ ਪਿਤਾ ਥੱਲੇ ਝੁਕਿਆ, ਗੋਸ਼ਕਾ ਨੂੰ ਫੜਿਆ ਤੇ ਆਪਣੇ ਮੋਢਿਆਂ ਤੇ ਚੁਕ ਲਿਆ।
ਨਿਕੇ ਜਿੁਹੇ ਮੁਡੇ ਨੇ ਦੇਖਿਆ: ਸਿਪਾਹੀ ਆਪਣੇ ਹਥਿਆਰਾਂ ਨੂੰ ਹੇਠ ਕਰਦੇ ਹੋਏ, ਪਟੜੀ ਵੱਲ ਪਿਛੇ ਹੱਟਦੇ ਹੋਏ, ਮਜਦੂਰਾਂ ਨੂੰ ਰਾਹ ਦੇ ਰਹੇ ਸਨ।
“ਗੋਲੀਆਂ ਚਲਾਓ! ਗੋਲੀਆਂ ਚਲਾਓ ”  ਅਫਸਰ ਚਿਲਾਇਆ ।
ਪਰ ਕਿਸੇ ਨੇ ਉਸਦੀ ਆਵਾਜ ਵੱਲ ਕੰਨ ਨਹੀ ਕੀਤਾ।
ਗੋਸ਼ਕਾ ਖਿੜ-ਖਿੜ ਕੇ ਹੱਸਿਆ ਅਤੇ ਉਸਨੇ ਆਪਣੀ ਛੋਟੀ ਜਿਹੀ ਝੰਡੀ ਲਹਿਰਾ ਕੇ ਸਿਪਾਹੀਆਂ ਨੂੰ ਸਲਾਮ ਆਖੀ।
ਮਜਦੂਰ ਮਾਰਸ਼ੇਵਾਯਾ ਮਾਰਗ ਤੋਂ ਲੰਗ ਗਏ। ਨਾਗੋਰਨਾਯਾ ਤੋਂ ਆੳੇਣ ਵਾਲਿਆਂ ਨਾਲ ਜਾ ਰਲੇ, ਤੇ ਫੇਰ ਲਿਤੇਈਨਾਯਾ ਤੋਂ ਆਉਦੇ ਮਜ਼ਦੂਰਾਂ ਵਿਚ ਮਿਲ ਗਏ ਅਤੇ ਸਹਿਰ ਦੀਆਂ ਦੂਜੀਆਂ ਸੜਕਾਂ ਤੇ ਚੁਰੱਸਤਿਆਂ ਤੋਂ ਆ ਰਹੇ ਮਜ਼ਦੂਰਾਂ ਵਿਚ ਇਕ-ਮਿਕ ਹੋ ਗਏ। ਭੀੜ ਦਾ ਕੋਈ ਅੰਤ ਨਹੀ ਸੀ। ਮਈ ਦੀ ਮਿਠੀ-ਮਿਠੀ ਹਵਾ ਵਿਚ ਦਰਜ਼ਨਾ ਹੀ ਲਾਲ ਫਰੇਰੇ ਲਹਿਰਾ ਰਹੇ ਸਨ। ਸਾਰੇ ਸਹਿਰ ਉਤੇ ਇਕ ਗੀਤ ਦੀ ਧੁਨ ਗੂੰਜ ਰਹੀ ਸੀ:

         ਜਬਰ ਪੁਰਾਣਾ ਸਦਾ ਲਈ ਇਸ ਦੁਨੀਆ ਤੋਂ
         ਆਪਣੇ ਬਹੂਬਲ ਦੇ ਨਾਲ ਮਿਟਾਂਵਾਂਗੇ
         ਲ਼ਾਲ ਫਰੇਰਾ, ਲਹੂ ਰੰਗ ਦੀ ਮੇਹਨਤ ਦਾ
         ਸਾਰੇ ਜੱਗ ਤੇ ਗੱਡਾਂਗੇ, ਲਹਿਰਾਵਾਂਗੇ।

Tuesday, January 3, 2012

ਉਠੋ ਨੋਜਵਾਨ…….... ਜਗਦੀਪ

ਬਹੁਤ ਦੇਰ ਹੋ ਗਈ ਤਕਦੀਰਾਂ ਮਗਰ ਭੱਜਦਿਆਂ
ਹੁਣ ਵੇਲਾ ਆ ਗਿਆ ਤਕਦੀਰਾਂ ਬਣਾਉਣ ਦਾ
ਉਹਨਾਂ ਜਾਲਮਾਂ ਨੂੰ ਸਬਕ ਸਿਖਾਉਣ ਦਾ
ਜਿਨ੍ਹਾਂ ਕਿਸਾਨਾਂ ਨੂ ਖੁਦਕੁਸ਼ੀ ਲਈ ਮਜਬੁਰ ਕੀਤਾ
ਪੁਤਾਂ ਨੂੰ ਮਾਂ-ਪਿਓ ਤੋਂ ਦੂਰ ਕੀਤਾ
ਜਿਨਾਂ ਖੋ ਲਈ ਮਜਦੂਰ ਦੇ ਵਿਹੜੇ ਦੀ ਰੰਗਤ
ਉਹ ਕਢਦੇ ਨੇ ਅੱਜ ਰੱਥ ਯਾਤਰਾ ਜਾਂ ਫਿਰ ਦਰਸ਼ਨ-ਏ-ਸਂਗਤ
ਬੇਰੁਜਗਾਂਰਾਂ ਤੇ ਵਰਦੀ ਏ ਲਾਠੀ,
ਅੱਜ ਖੰਜਰ ਵੀ ਉਹੀਓ ਤੇ ਜਾਲਮ ਵੀ ਉਹੀਓ
ਜੋ ਬਨਦੇ ਨੇ ਪੰਜ ਸਾਲਾਂ ਪਿੱਛੋ ਲੋਕਾਂ ਦੇ ਸਾਥੀ
ਉਠੋ ਅੰਗਆਰੇ ਬਣ ਨੌਜਵਾਂਨੋ ਮਜਦੁਰੋ ਤੇ ਕਿਸਾਨੋ
ਲਵੋ ਰੋਸ਼ਨੀ ਭਗਤ ਸਰਾਭੇ ਦੇ ਵਿਚਾਰਾਂ ਤੋਂ
ਬਚਾ ਲਵੋ ਦੇਸ਼ ਇਹਨਾਂ ਗਦਾਰਾਂ ਤੋ
ਜਿਨ੍ਹਾਂ ਇਹਨਾਂ ਨੇ ਕੀਤਾ ਹੈ ਥੋਨੂੰ ਖਰਾਬ
ਚੌਣਾਂ ‘ਚ ਦੇਵੋ ਮੂੰਹ ਤੋੜਵਾਂ ਜਵਾਬ
ਇਹ ਭੁਖਾਂ ਚ‘ਲਤਾੜੇ, ਇਹ ਦੰਗਿਆ ‘ਚੇ
ਮਾਰੇ, ਹੁਣ ਉਠਣਗੇ ਸਾਰੇ
ਇਹ ਲੋਕਾ ਦੇ ਹਾਮੀ ਕਾਮਰੇਡ ਨੇ
ਜੋ,
ਬਦਲ ਦੇਣਗੇ ਪ੍ਰਬੰਧ,ਜਦੋਂ ਲੜਣਗੇ
ਸਾਰੇ,
ਇਹ ਭਗਤ ਸਰਾਭਿਆਂ ਦੇ ਸੁਪਨਿਆਂ ਵਾਲਾ ਇਨਕਲਾਬ ਹੋਵੇਗਾ।
ਫਿਰ ਖੇਤਾਂ ‘ਚ ਖੁਸ਼ਹਾਲੀ ਤੇ ਮਜਦੂਰਾਂ ਦੀ ਬਹਾਲੀ,
ਤੇ ਨੌਜਵਾਂਨਾਂ ਕੋਲ ਰੋਜਗਾਰ ਹੋਵੇਗਾ
ਇਹ ਬਦਲਦਾ ਭਾਰਤ ਦਾ ਨਕਸ਼ਾ ਵਿੱਚ ਸੰਸਾਰ ਹੋਵੇਗਾ।
                                                          

    

Thursday, June 30, 2011

ਇੰਟਰਨੈਸ਼ਨਲ

ਲਹਿਰਾਂ ਬਣ ਉਠੋ ਭੁੱਖਾਂ ਦੇ ਲਿਤਾੜਿਓ,
ਧਰਤੀ ਦਾ ਸਾਰਾ ਦੁੱਖ ਪੀਣ ਵਾਲਿਓ।
ਬੱਝੀਆਂ ਨਾ ਰਹਿਣ ਇਹ ਰਵਾਇਤੀ ਲੜੀਆਂ,
ਉਠੋ ਵੇ ਗੁਲਾਮੀ ਦੀਆਂ ਤੋੜੋ ਕੜੀਆਂ।
ਕਿਰਤਾਂ ਦਾ ਜੋਰ ਜੁੱਸਿਆਂ ‘ਚ ਭਰ ਕੇ,
ਲੁੱਟ ਦਾ ਇਹ ਰਾਜ ਜੜਾਂ ਤੋਂ ਉਖਾੜਿਓ

ਬੁੱਢਾ ਹੋ ਪੁਰਾਣਾ ਜਦੋਂ ਢਾਂਚਾ ਥੰਮਦਾ,
ਉਹਨੂੰ ਤੋੜ ਨਵਾਂ ਸੰਸਾਰ ਜੰਮਦਾ।
ਨਵਾਂ ਤੇ ਉਸਾਰੂ ਜੱਗ ਰਚਨੇ ਲਈ,
ਗਲੀ ਸੜੀ ਹਰ ਚੀਜ਼ ਨੂੰ ਨਕਾਰਿਓ।

ਨਵੀਆਂ ਹੀ ਨੀਹਾਂ ਤੇ ਉਸਾਰ ਹੋਊਗਾ,
ਸਾਰਾ ਜੱਗ ਸਾਡਾ ਪਰਿਵਾਰ ਹੋਊਗਾ,
ਲੋਟੂਆਂ ਦੇ ਹੱਥਾਂ ਨੇ ਤੁਹਾਥੋਂ ਖੋਹਿਆ ਜੋ,
ਸਭ ਹੋਊ ਤੁਹਾਡਾ ਸਿਰਜਣਹਾਰਿਓ।

ਆਖਰੀ ਆਪਣੀ ਲੜਾਈ ਬੇਲੀਓ,
ਥਾਂ-ਥਾਂ ਉਠੋ ਕਰ ਦੋ ਚੜਾਈ ਬੇਲੀਓ।
ਲ਼ੁਟ ਦੇ ਮਸੀਹੇ ਤਾਈ ਰੱਦ ਕਰਕੇ,
ਹੁਕਮ ਕਾਨੂੰਨ ਪੈਰਾਂ ‘ਚ ਲਿਤਾੜਿਓ।

ਮਹਿਲਾਂ ‘ਚੋਂ ਨਾ ਸਾਡੇ ਤੇ ਕੋਈ ਰਾਜ ਵੇ ਕਰੇ,
ਰਾਜਿਆਂ ਦੀ ਸਾਨੂੰ ਹੁਣ ਵਫਾ ਨਾ ਫੜੇ।
ਧੁੱਖ ਰਹਿਓ ਉਠੋ ਹੁਣ ਲਾਟਾਂ ਬਣ ਕੇ,
ਤਖਤਾਂ ਨੂੰ ਢਾਵੋ, ਤਾਜਾਂ ਨੂੰ ਉਛਾਲਿਓ।

ਲੋਟੂਆਂ ਤੋਂ ਲੁੱਟ ਵਾਲਾ ਮਾਲ ਖੋਹਣ ਲਈ,
ਕੈਦ ਹੋਈਆਂ ਰੂਹਾਂ ਦੇ ਆਜ਼ਾਦ ਹੋਣ ਲਈ।
ਸਾਂਝਿਆਂ ਦੁੱਖਾਂ ‘ਚ ਸ਼ਰੀਕ ਹੋਇ ਕੇ,
ਮੁਕਤੀ ਦਾ ਰਾਹ ਦੇਖਿਓ-ਵਿਚਾਰਿਓ।

ਖੁਦ ਆਪਣੇ ਹੀ ਕੰਮ ਕਾਰ ਮਿੱਥਾਂਗੇ,
ਕਿੱਦਾਂ ਦਾ ਇਹ ਹੋਊ ਸੰਸਾਰ ਮਿੱਥਾਂਗੇ।
ਮਿਹਨਤ ‘ਚੋਂ ਉਸਰੀ ਹੈ ਸਾਰੀ ਰਚਣਾ,
ਦੁਨੀਆ ਤੁਹਾਡੀ ਦੁਨੀਆ ਦੇ ਘਾੜਿਓ।
ਲਹਿਰਾਂ ਬਣ ਉਠੋ ਭੁੱਖਾਂ ਦੇ ਲਿਤਾੜਿਓ,
ਧਰਤੀ ਦਾ ਸਾਰਾ ਦੁੱਖ ਪੀਣ ਵਾਲਿਓ…

Wednesday, June 29, 2011

ਪਰਮਗੁਣੀ ਭਗਤ ਸਿੰਘ...............ਹਰਮਨਦੀਪ ਚੜ੍ਹਿੱਕ

ਮੈਂ ਪਾਠ ਪੁਸਤਕਾਂ ਵਿੱਚ
ਸਿਰਫ ਇਹ ਹੀ ਪੜ੍ਰਿਆ ਸੀ
ਕਿ ਤੂੰ ਬਦੂੰਕਾਂ ਬੀਜੀਆਂ
ਤੂੰ ਗੋਰੇ ਭਜਾਏ
ਤੂੰ ਫਾਂਸੀ ਦਾ ਰੱਸਾ ਚੁੰਮ ਗਲੇ ਚ ਪਾਇਆ
ਕਿਸੇ ਪਾਠਪੁਸਤਕ ਵਿਚ ਨਾ ਪੜਿਆ ਮੈਂ
ਤੇਰੇ ਸੁਪਨਿਆਂ ਦਾ ਜਿਕਰ
ਪਾਠ ਪੁਸਤਕਾਂ ਤੋ ਬਾਹਰ
ਤੂੰ ਕਿੰਨਾ ਉਚਾ ਐਂ
ਅੰਦਾਜ਼ਾ ਲਾਓਣਾ ਆਸਾਨ ਨਹੀ
ਤੂੰ ਮਹਾਨ ਦੇਸ਼ ਸੇਵਕ ਐਂ
ਤੂੰ ਇਕ ਪਰਮਗੁਣੀ ਇਨਸਾਨ ਐਂ
ਮੈਂ ਤੈਨੂੰ ਹੋਰ ਪੜਿਆ
ਤਾਂ ਪਤਾ ਲਗੈ
ਤੂੰ ਨਹੀ ਚਾਹੁੰਦਾ ਸੀ ਸਿਰਫ
ਗੋਰਿਆਂ ਨੂੰ ਭਜਾਉਣਾ
ਤੂੰ ਤਾਂ ਬਦਲਣਾ ਚਾਹੁੰਦਾ ਸੀ
ਮੌਜ਼ੂਦਾ ਸਮਾਜਿਕ ਵਿਵਸਥਾ
ਤੂੰ ਮਿਟਾਉਣਾ ਚਾਹੁੰਦਾ ਸੀ
ਸਮਾਜਿਕ ਬੁਰਾਈਆਂ
ਪਰ ਪਾਠ ਪੁਸਤਕਾਂ ਵਿਚ
ਨਾ ਇਹ ਮਿਲਿਆ ਸਭ
ਤੂੰ ਮਹਾਨ ਰਾਜ਼ਨੀਤਿਕ ਨੇਤਾ ਸੀ
ਤੂੰ ਇਕ ਓਘਾ ਸਹਿਤਕਾਰ ਵੀ ਸੀ
ਸਮੇਂ ਦੇ ਹਾਕਮਾ ਸਭ ਲਕੋ ਰੱਖਿਆ ਇਹ
ਤੇਰੀਆਂ ਕਿਤਾਬਾਂ ਦਾ ਜਿਕਰ
ਆਟੋਬਾਇਗਰਾਫੀ ਆਡਿਓਲੋਜੀ ਆਫ ਸੋਸ਼ਲਿਜ਼ਮ
ਗਰਫਿਕ ਸਕਿੱਚ ਆਫ ਰੈਵੋਲੂਸ਼ਨ
ਡੋਰ ਟੂ ਡੈਥ
ਕਦੇ ਕਿਸੇ ਅਧਿਆਪਕ ਨੇ ਨਾ ਕੀਤਾ
ਤੇਰੇ ਲੇਖ
ਭਾਸ਼ਾ ਉੱਤੇ
ਮਹਾਨ ਲੋਕਾਂ ਦੀਆਂ ਜੀਵਨੀਆਂ ਉੱਤੇ
ਦਸਦੇ ਨੇ ਕਿ ਤੂੰ ਵਧੀਆ ਵਿਚਾਰਕ ਸੀ
ਤੂੰ ਜ਼ਿੰਦਗੀ ਨੂੰ ਪਿਆਰ ਕਰਨ ਵਾਲਾ
ਇਕ ਮਹਾਨ ਯੋਧਾ
ਇਕ ਪੇਸ਼ੇਵਰ ਇਨਕਲਾਬੀ ਸੀ
ਸ਼ਹੀਦ ਏ ਆਜ਼ਮ ਦਾ ਖਿਤਾਬ
ਤੇਰੇ ਜਿਹੇ ਪਰਮਗੁਣੀ ਲਈ ਛੋਟਾ ਐ
ਮੈਂ ਧੰਨਵਾਦੀ ਹਾਂ
ਉਸ ਹਰ ਇਕ ਇਨਸਾਨ ਦਾ
ਜਿਸਨੇ ਜ਼ੇਲ ਡਾਇਰੀ ਦਾ ਹਰ ਇਕ ਸਫਾ ਲੱਭਿਆ
ਜਿਸਨੇ ਸਤਲੁਜ਼ ਗਵਾਅ ਹੈ ਕਿਤਾਬ ਲਿਖੀ
ਉਸਦਾ ਜਿਸਨੇ
ਤੈਨੂੰ ਪਰਮਗੁਣੀ ਹੋਣ ਦਾ ਖਿਤਾਬ ਦਿਤੈ
ਉਹਨਾਂ ਸਾਰੇ ਇਨਸਾਨਾਂ ਦਾ
ਜਿਹਨਾਂ ਤੇਰੇ ਸੁਪਨੇ  ਦੁਬਾਰਾ ਲਹਿਰਾਏ
ਤੂੰ ਸਰਵ ਸਾਂਝੇ ਮਹਾਨ
ਕਾਰਲ ਮਾਰਕਸ ੲਂੇਗਲਜ਼ ਵਰਗੇ
ਚਿੰਤਕਾਂ ਦਾ ਸਾਥੀ ਐਂ
ਤੇਰਾ ਸੁਪਨਿਆਂ ਦਾ ਦੇਸ਼
ਤੇਰਾ ਸੁਪਨਿਆਂ ਦਾ ਸੰਸਾਰ
ਵਰਗ ਰਹਿਤ ਸੁਖੀ
ਸਾਂਝਾ ਸੰਸਾਰ ਐ
ਤੂੰ ਲੋਕਾਂ ਦਾ ਰਾਹ ਦਰਸਾਊ ਐਂ
ਤੂੰ ਲੋਕਾਂ ਨੂੰ ਕਰਤਵ ਦੇਣ ਵਾਲਾ ਐਂ
ਸੱਚੀ ਤੂੰ ਮਹਾਨ ਐਂ
ਤੇਰੀ ਸੋਚਣੀ ਤਰੀ ਕਰਨੀ ਤੇਰੀ ਲਿਖਣੀ
ਤੈਨੂੰ ਪਰਮਗੁਣੀ ਖਿਤਾਬ ਦਿਵਾਉਦੀ ਐ 
ਤੂੰ ਪਰਮਗੁਣੀ ਭਗਤ ਸਿੰਘ ਐਂ


ਕੋਈ ਲੱਭੋ ਸੰਤ ਸਿਪਾਹੀ ਨੂੰ..........ਚਰਨਜੀਤ ਛਾਂਗਾ ਰਾਏ


ਸਰਬੰਸਾਂ ਦਾ ਦਾਨੀ ਹੋਵੇ,
ਜੁਲਮਾਂ ਮੂਹਰੇ ਕੰਧ ਬਣ ਖੜ ਜੇ,
ਦੇ ਸਕਦਾ ਕੁਰਬਾਨੀ ਹੋਵੇ,
ਪੋਤਿਆਂ ਨੂੰ ਗੋਦੀ ਵਿਚ ਲੈ ਕੇ
ਕੁਰਬਾਨੀ ਦੀਆਂ ਮੱਤਾਂ ਦੇਵੇ,
ਕੋਈ ਗੁਜੱਰੀ ਵਰਗੀ ਮਾਈ ਨੂੰ,
ਕੋਈ ਲੱਭੋ ਸੰਤ ਸਿਪਾਹੀ ਨੂੰ….

ਦਿਨ ਰਾਤ ਘੋਰ ਮੁਸ਼ੱਕਤ ਕਰਦੀ,
ਕਿਊਂ ਡੁੱਬਦੀ ਜਾਵੇ ਕਿਸਾਨੀ ,
ਨਸ਼ਿਆਂ ਦੀ ਦਲਦਲ ਵਿਚ ਫਸ ਕੇ ,
ਅੱਜ ਨਿਘੱਰ ਚੱਲੀ ਜਵਾਨੀ ,
ਗੂੜ੍ਹੀ ਨੀਂਦੇ ਸਭ ਨੇ ਸੁੱਤੇ,
ਰਾਜੇ ਸ਼ੀਂਹ ਮੁਕੱਦਮ ਕੁੱਤੇ,
ਦਿੰਦੇ ਮਹਿਣਾ ਨੂਰ ਇਲਾਹੀ ਨੂੰ,
ਕੋਈ ਲੱਭੋ ਸੰਤ ਸਿਪਾਹੀ ਨੂੰ..

ਦੱਬੇ ਕੁਚਲੇ ਲੋਕਾਂ ਦੀ,
ਬਾਂਹ ਫੜ ਕੇ ਤੁਰਨਾ ਜਾਣਦਾ ਹੋਵੇ,
ਕਿਰਤੀ ਧਿਰ ਦੇ ਹੱਕ ਲਈ ਬੋਲੇ,
ਨਾ ਪੂੰਜੀਪਤੀਆਂ ਦੇ ਹਾਣ ਦਾ ਹੋਵੇ,
ਹੱਕ ਸੱਚ ਲਈ ਜੋ ਫਾਂਸੀ ਚੁੰਮ ਲਏ,
ਕੋਈ ਭਗਤ ਸਿੰਘ ਵਰਗੇ ਭਾਈ ਨੂੰ,
ਕੋਈ ਲੱਭੋ ਸੰਤ ਸਿਪਾਹੀ ਨੂੰ


Monday, June 27, 2011

ਮਨੁੱਖ ਦੀ ਸਭ ਤੋਂ ਪਿਆਰੀ ਜਾਇਦਾਦ........ਨਿਕੋਲਾਈ ਆਸਤਰੋਵਸਕੀ

ਮਨੁੱਖ ਦੀ ਸਭ ਤੋਂ ਪਿਆਰੀ ਜਾਇਦਾਦ ਉਸ ਦਾ ਜੀਵਨ ਹੈ,
ਜੋ ਉਸਨੂੰ ਕੇਵਲ ਇਕ ਵਾਰ ਮਿਲਦਾ ਹੈ।
ਮਨੁੱਖ ਜੀਵੇ ਇਸ ਅੰਦਾਜ਼ ਨਾਲ ਜੀਵੇ,
ਕਿ ਦਿਲ ਜ਼ਿੰਦਗੀ ਦੇ ਫਜ਼ੂਲ ਗਵਾਏ ਸਾਲਾਂ ਕਾਰਨ
ਵਿਨਵੇ ਪਛਤਾਵੇ ਵਿਚ ਨਾ ਤੜਫੇ
ਕਿ ਨਿੱਕੇ ਨਿਗੂਣੇ ਬੀਤੇ ਦੀ ਮੂੰਹ ਦੀ ਸ਼ਰਮਿੰਦਗੀ ਕਦੇ ਵੀ
ਬੰਦੇ ਦੇ ਨੇੜੇ ਨਾ ਫਟਕੇ।
ਮਨੁੱਖ ਇਊਂ ਜੀਵੇ ਕਿ
ਅੰਤ ਸਮੇਂ ਕਹਿ ਸਕੇ ਕਿ ਮੈਂ ਆਪਣਾ ਸਾਰਾ ਜੀਵਨ,
ਸਾਰੀ ਤਾਕਤ ਮਨੁੱਖਤਾ ਦੇ ਸਭ ਤੋਂ ਉਤਮ ਕਾਜ ਦੇ ਲੇਖੇ ਲਾਈ ਹੈ।
ਮਨੁੱਖਤਾ ਦੀ ਆਜ਼ਾਦੀ ਸੰਗਰਾਮ ਦੇ ਲੇਖੇ ਲਾਈ ਹੈ...

Tuesday, June 7, 2011

ਰੁੱਤ ............. ਹਰਮਨ ਗਿੱਲ

ਪਤਝੜ ਤੋਂ ਬਾਅਦ ਬਾਹਾਰ ਦਾ ਆਉਣਾ 
ਕਿੰਨਾ ਵਧੀਆ ਲਗਦੈ
ਪਰ ਕਿਵੇਂ ਲਗਦਾ ਹੋਵੇਗਾ
ਜੇ ਜਿੰਦਗੀ ਪਤਝੜ ' ਹੀ ਗੁਜ਼ਰ ਜਾਵੇ
ਤੇ ਕੰਮ ਵਿਚ ਹੀ ਸੂਰਜ਼ ਚੜੇ ਤੇ ਛਿਪ ਜਾਵੇ
ਕੀ ਕਹਾਂ ਮੈਂ ਉਸ ਇਨਸਨ ਦਾ
ਜੋ ਸੂਰਜ਼ ਦੀ ਧੁਪ ਵਿਚ
ਕੰਮ ਕਰਕੇ ਥੱਕ ਕੇ
ਤੱਕੇ ਅਸਮਾਨ ਵੱਲ ਤੇ ਕਚੀਚੀ ਲੈ ਜਾਵੇ
ਫਿਰ ਚੱਕ ਲਵੇ ਓਹੀ ਕਹੀ ਕੁਹਾੜਾ
ਦਰਦ ਦਿਲ ਵਿਚ ਲਕੋ ਜਾਵੇ
ਫਿਰ ਗੂੰਜੇ ਇਕ ਅਵਾਜ਼ ਉਸਦੇ ਕੰਨਾ ਵਿਚ
ਜਾਗ ਤੇ ਦੇਖ, ਤੂੰ
ਧਰਤੀ ਦੀ ਹਿਕ ਤੇ ਖੜੈਂ
ਤੇਰੇ ਸੰਦ
ਜਿੰਨ੍ਹਾ ਨਾਲ ਤੂੰ ਦੁਨੀਆ ਤਿਰਾਸ਼ੀ
ਦੁਨੀਆ ਵਿਚ ਕੋਈ ਨਹੀਂ
ਜੋ ਇਸਦਾ ਵਾਰ ਝੱਲ ਜਾਵੇ
ਭਰ ਇਕ ਟਕ ਆਸਮਾਨ ਦੀ ਹਿਕ '
ਪਾੜ ਜਾਵੇ ਜੋ ਆਸਮਾਨ
ਤੇ ਹਨੇਰਾ ਚੀਰ ਜਾਵੇ
ਤੇਰੀ ਜਿੰਦਗੀ ਦੀ ਰੁੱਤ ਬਦਲ ਜਾਵੇ

Thursday, May 12, 2011

‘ਕਿਰਤ ਦਿਨ’ ... ਕਾ. ਜਗਰੂਪ

                                                                        ਇਕ ਮਈ ਦੇ “ਨਵਾਂ ਜ਼ਮਾਨਾ” ਵਿਚੋਂ
ਇੱਕ ਮਈ 1890 ਤੋ ‘ਕਿਰਤ ਦਿਨ’, ਸੰਸਾਰ ਪੱਧਰ’ ਤੇ ਮਨਾਇਆ ਜਾ ਰਿਹਾ ਹੈ। ਇਸ ਨੂੰ ਮਨਾਉਣ ਦਾ ਸੱਦਾ 1889 ਵਿੱਚ ਜੁੜੀ ‘ਪੈਰਿਸ ਕਿਰਤੀ ਕਾਂਗਰਸ’ ਨੇ ਦਿੱਤਾ ਸੀ। ਅੱਜ ਦੇ ਦਿਨ ਇਸ ਦੇ ਤਿੰਨ ਪਹਿਲੂ ਵਿਚਾਰੇ ਜਾਣੇ ਜਰੂਰੀ ਹਨ।‘ਕਿਰਤ ਦਿਨ ਦੀ ਧਾਰਨਾ’, ਦੂਜਾ ‘ਕਿਰਤ ਦਿਨ ਦੇ ਸੰਗਰਾਮ ਦਾ ਇਤਿਹਾਸ’
ਅਤੇ ਤੀਜਾ ‘ਅੱਜ ਦਾ ਮਾਰਗ’।
‘ਕਿਰਤ ਦਿਨ’ ਦੀ ਸਹੀ ਧਾਰਨਾ ਬਗੈਰ ਇਸ ਦੇ ਮਹੱਤਵ ਨੂੰ ਸਮਝਣਾ ਨਾ ਮੁਮਕਨ ਹੈ। ‘ਕਿਰਤ ਦਿਨ’ ਵਿਗਿਆਨਕ ਸਿਧਾਂਤਕ ਨਾਂਮਕਰਨ ਹੈ। ਇਸ ਨੂੰ ਕਿਰਤੀਆਂ ਦਾ ਦਿਨ, ਪਹਿਲੀ ਮਈ, ਜਾਂ ‘ਮਈ ਦਿਹਾੜਾ’
ਦਾ ਤਿਉਹਾਰ, ਸ਼ਿਕਾਗੋ ਦੇ ਸ਼ਹੀਦਾਂ ਨੂੰ ਲਾਲ ਸਲਾਮ, ਆਦਿ ਜੋ ਮਰਜ਼ੀ ਸੱਦਣਾ ਵਾਜਬ ਨਹੀ, ਕਿਉਂਕਿ ਇਹ
ਸਹੀ ਧਾਰਨਾ ਬਨਣ ਵਿੱਚ ਨਾਕਾਮੀ ਬਣਦਾ ਹੈ। ਕੁਦਰਤੀ ਦਿਨ ਦੀ ਲੰਬਾਈ 24 ਘੰਟੇ ਹੈ। ਇਹ 24 ਘੰਟਿਆਂ
ਵਿੱਚੋ ‘ਕਿਰਤ ਦਿਨ’ ਦੀ ਲੰਬਾਈ ਕੀ ਹੋਵੇ? ਇਸ ਨਾਲ ਸੰਬੰਧਿਤ ਹੈ, ‘ਕਿਰਤ ਦਿਨ’।ਕਾਰਲ ਮਾਰਕਸ ਜਿਸ ਨੇ ਕਿਰਤੀਆਂ ਦੀ ਮੁਕਤੀ ਦਾ ਮਾਰਗ ਦਰਸਾਇਆ, ਉਸ ਨੇ ਆਪਣੀ ਪ੍ਰਸਿੱਧ ਪੁਸਤਕ ‘ਸਰਮਾਇਆ’ ਦੇ ਪਹਿਲੇ ਭਾਗ ਦਾ 10ਵਾਂ ਹਿੱਸਾ ਕੋਈ 90 ਸਫੇ, ਇਸ ਕੰਮ ਨੂੰ ਸਮਰਪਿਤ ਕੀਤੇ ਹਨ। ਮਾਰਕਸ ਜਿਸ ਨੇ ਖੋਜਿਆ ਕਿ ਕਿਰਤ ਮੁੱਲ ਸਿਰਜਦੀ ਹੈ।, ਕਿਰਤ ਸਮੇਂ ਵਿੱਚ ਕੀਤੀ ਜਾਂਦੀ ਹੈ, ਕਿਰਤ ਸਮਾਂ ਲੰਬਾ ਕਰ ਕੇ, ਕਿਰਤੀ ਦੀ ਲੁੱਟ ਵਧਾਈ ਜਾਂਦੀ ਹੈ। ਇਸ ਕਰ ਕੇ, ਜੇ ਕੁਦਰਤੀ ਦਿਨ 24 ਘੰਟੇ ਵਿੱਚੋ, ‘ਕਿਰਤ ਦਿਨ’ ਸਮਾਂ ਸੀਮਾਂ ਘੱਟ ਕੀਤੀ ਜਾਵੇ ਤਾਂ ਸਰਮਾਇਦਾਰ ਦਾ ਮੁਨਾਫ ਘਟਦਾ ਹੈ ਅਤੇ ਕਿਰਤੀ ਦੀ ਉਜਰਤ ਦਾ ਅਨੁਪਾਤ ਵਧਦਾ ਹੈ। ਉਸ ਨੇ ਦਰਸਾਇਆ ਕਿ ਉਤਪਾਦਕਤਾ ਦਾ ਵਾਧਾ, ਬੇਰੁਜ਼ਗਾਰੀ ਪੈਦਾ ਕਰਦਾ ਹੈ। ਬੇਰੁਜ਼ਗਾਰੀ, ਕਿਰਤੀਆਂ ਵਿੱਚ ਮੁਕਾਬਲੇਬਾਜੀ ਕਾਰਨ ੳਜਰਤਾਂ ਡੇਗਦੀ ਹੈ। ਘੱਟ ਉਜਰਤਾਂ ਕਾਰਨ, ਕਾਮਾ ਆਪਣੇ ਪਰਵਾਰ ਦੀਆਂ ਲੋੜਾਂ ਪੂਰੀਆਂ ਕਰਨ ਲਈ, ਵਧੇਰੇ ਕੰਮ ਕਰ ਕੇ, ਸਾਧਨ ਜੁਟਾਉਣ ਲੱਗਦਾ ਹੈ। ਇਸ ਨਾਲ ਵਧੀ ਉਤਪਾਦਕਤਾ ਵਿੱਚ ਕਿਰਤੀਆਂ ਦਾ ਹਿੱਸਾ ਘੱਟ ਹੁੰਦਾ ਹੈ। ਇਹ ਹਿੱਸਾ ਤਾਂ ਹੀ ਵਧ ਸਕਦਾ ਹੈ ਜੇਕਰ ਕਿਰਤ ਦਿਨ ਦੀ ਲੰਬਾਈ ਤਹਿ ਕੀਤੀ ਜਾਵੇ ਅਤੇ ਉਸ ਉੱਪਰ ਸਖਤੀ ਨਾਲ ਅਮਲ ਹੋਵੇ। ਕਾਰਲ ਮਾਰਕਸ ਜਿਸ ਨੇ ਸਿਧਾਂਤ ਅਤੇ ਅਮਲ ਦਾ ਸੁਮੇਲ ਕਰਨ’ ਤੇ ਜੋਰ ਦਿੰਦਿਆਂ ਕਿਹਾ ਕਿ “ਸਿਧਾਂਤ ਬਗੈਰ ਅਮਲ ਅੰ੍ਹਨਾ ਅਤੇ ਅਮਲ ਬਗੈਰ ਸਿਧਾਂਤ ਲੂਲਾ ਹੈ”। ਉਸ ਨੇ 28 ਸਤੰਬਰ 1864 ਨੂੰ ਕੌਮਾਤਰੀ ਮਜ਼ਦੂਰਾਂ ਦੀ ਇਕਤਰਤਾ ਕੀਤੀ, ਜਿਸ ਨੂੰ ‘ਪਹਿਲੀ ਕੌਮਾਤਰੀ’ ਕਰ ਕੇ ਜਾਣਿਆ ਜਾਂਦਾ ਹੈ। ਉਸ ਦੇ ਮੈਬਰਾਂ ਨੂੰ ਜਾਰੀ ਕਾਰਡ ਉੱਪਰ ਹੋਰਨਾਂ ਉਦੇਸ਼ਾਂ ਨਾਲ, ‘ਕੰਮ ਦਿਹਾੜੀ ਸਮਾਂ ਘੱਟ ਕਰਨਾਂ ਸ਼ਾਮਲ ਕੀਤਾ। ਜਿਸ ਦੀ ਦੂਜੀ ਕਾਂਗਰਸ ਵਿੱਚ 1866 ਨੂੰ, ਵਧੀ ਉਤਪਾਦਕਤਾ ਕਾਰਨ ਕਿਰਤੀਆਂ ਨੂੰ ਸੱਦਾ ਦਿੱਤਾ ਕਿ “ਕਾਨੂੰਨ ਦੁਆਰਾ ਪਾਸ ਕੀਤੀ 8 ਘੰਟੇ ਕੰਮ ਦਿਹਾੜੀ” ਲਈ ਸੰਗਰਾਮ ਸ਼ੁਰੂ ਕਰਨਾ ਚਾਹੀਦਾ ਹੈ। 

                                                        ‘ਕਿਰਤ ਦਿਨ’ ਦਾ ਇਤਿਹਾਸ
       1852 ਤੋਂ ਪਹਿਲਾਂ ‘ਕਿਰਤ ਦਿਨ’ ਦੀ ਲੰਬਈ ਨਾਲ ਸੰਬੰਧਿਤ ਕਾਨੂੰਨ ਵੱਧ ਸਮਾਂ ਕੰਮ ਲੈਣ ਨਾਲ ਸੰਬੰਧਿਤ ਸਨ। ਉਦੋਂ ਤੱਕ ਮਸ਼ੀਨਾਂ ਦੀ ਵਰਤੋ ਆਰੰਭ ਹੋ ਚੁੱਕੀ ਸੀ। ਮਸ਼ੀਨਾਂ ਉਤਪਾਦਕਤਾ ਵਧਾਉਦੀਆਂ ਹਨ, ਜਿਸ ਨਾਲ ਕਿਰਤੀ ਬੇਰੁਜ਼ਗਾਰ ਹੋਣੇ ਸ਼ੁਰੂ ਹੋਏ। 1833 ਵਿੱਚ ਇੰਗਲੈਡ ਨੇ ਸਮਾਂ ਸੀਮਾਂ ਤੈਅ ਕਰਦਾ ਕਾਨੂੰਨ ਬਣਾਇਆ: “ਔਰਤਾ  ਅਤੇ ਬੱਚਿਆਂ ਤੋਂ 14 ਘੰਟੇ ਤੋਂ ਵੱਧ ਕੰਮ ਨਹੀ ਲਿਆ ਜਾ ਸਕਦਾ”। 1833 ਤੋਂ 1848 ਤੱਕ, 15 ਸਾਲਾਂ ਵਿੱਚ ਕਾਨੂੰਨ ਦੁਆਰਾ ‘ਕਿਰਤ ਦਿਨ’ ਦੀ ਲੰਬਾਈ ਘੱਟ ਕੇ 10 ਘੰਟੇ ਨਿਰਧਾਰਤ ਹੋਈ। ਕਾਰਲ ਮਾਰਕਸ ਅਤੇ ਫਰੈਡਰਿਕ ਏਂਗਲਜ ਉਦੋਂ ਕਮਿਊਨਿਸਟ ਮੈਨੀਫੈਸਟੋ ਲਿਖ ਰਹੇ ਸਨ। ਉਸ ਵਿੱਚ
10 ਘੰਟੇ ਦੀ ਕੰਮ ਦਿਹਾੜੀ ਦਾ ਕਾਨੂੰਨ ਬਨਣ ਦਾ ਜ਼ਿਕਰ ਹੈ। ਮਾਰਕਸ ਨੇ ਇਸ ਕਾਨੂੰਨ ਨੂੰ “ਸਿਧਾਂਤਕ ਜਿੱਤ” ਕਰਾਰ ਦਿੱਤਾ। ਇਹ ਕਾਨੂੰਨ 1 ਮਈ 1848 ਤੋਂ ਲਾਗੂ ਕੀਤਾ ਗਿਆ ਸੀ। ਮਾਰਕਸ ਦੀ ਮੌਤ 1883 ਵਿੱਚ ਹੋ ਗਈ ਸੀ। ਉਸ ਦੇ ਸਿਧਾਂਤਕ ਮਿੱਤਰ, ਏਂਗਲਜ ਨੇ ਕਿਰਤੀ ਕਾਂਗਰਸ ਪੇਰਿਸ ਚੋਂ, “ਕਾਨੂੰਨ ਦੁਆਰਾ ਪਾਸ ਕੀਤਾ 8 ਘੰਟੇ ਕੰਮ ਦਿਹਾੜੀ” ਲਈ ਸੰਸਾਰ ਪੱਧਰੀ ਸਾਂਝਾ ਉਦਮ ਅਰੰਭ ਕਰਨ ਲਈ, ਪਹਿਲੀ ਮਈ
1890 ਦਾ ਦਿਨ ਮਿੱਥਿਆ।
       ਇਸ ਪੈਰਿਸ ਕਿਰਤੀ ਕਾਂਗਰਸ ਨੂੰ ‘ਦੂਜੀ ਕੌਮਾਤਰੀ’ ਕਰ ਕੇ ਵੀ ਜਾਣਿਆ ਜਾਂਦਾ ਹੈ। ਇਹ ਕਿਰਤੀ ਕਾਂਗਰਸ ਨੇ 1886 ਤੋਂ ਅਮਰੀਕਾ ਤੋਂ ਸ਼ੁਰੂ ਹੋਈ 8 ਘੰਟੇ ‘ਕਿਰਤ ਦਿਨ’ ਦੀ ਮੰਗ ਦੇ ਸੰਗਰਾਮ ਵਿੱਚੋਂ ਹੋਈ ਜਿੱਤ ਨੂੰ ਪ੍ਰਚਾਰਨ  ਅਤੇ ਸਾਰੀ ਦੁਨੀਆ ਵਿੱਚ ‘ਕਿਰਤ ਦਿਨ’ 8 ਘੰਟੇ ਲਾਗੂ ਕਰਵਾਉਣ ਅਤੇ ਸ਼ਿਕਾਗੋ ਦੇ ਉਨ੍ਹਾ ਅੱਠ ਮਜ਼ਦੂਰ ਆਗੂਆਂ, ਜਿਨ੍ਹਾਂ ਨੂੰ ਬਿਨਾਂ ਵਜ੍ਹਾ ਫਾਂਸੀ ਦਿੱਤੀ ਗਈ ਸੀ, ਉਨ੍ਹਾਂ ਦੀ ਯਾਦ ਨੂੰ ਸਲਾਮ ਕਰਨ ਲਈ, ਹਰ ਸਾਲ ‘ਕਿਰਤ ਦਿਨ’ ਮਨਾਉਣ ਦੀ ਸਿਧਾਂਤਕ ਰੀਤ ਦਾ ਮੁੱਢ ਬਨ੍ਹਿਆ ਸੀ।
       1 ਮਈ 1890 ਦੀ ਸ਼ਾਮ ਨੂੰ ਜੋ ਜਾਣਕਾਰੀ, ਕਿਰਤੀ ਕਾਂਗਰਸ ਦੇ ਹੈਡਕੁਅਟਰ’ ਤੇ ਏਂਗਲਜ ਨੂੰ ਮਿਲੀ, ਉਸ ਉੱਪਰ ਗਦਗਦ ਹੁੰਦਿਆਂ ਉਸ ਨੇ ਲਿਖਿਆ:
       “42 ਵਰ੍ਹੇ ਪਹਿਲਾਂ ਜਦੋ ਅਸੀ “ਦੁਨੀਆ ਭਰ ਦੇ ਮਿਹਨਤਕਸ਼ੋ ਇੱਕ ਹੋ ਜਾਓ ਦਾ ਨਾਹਰਾ ਦਿੱਤਾ ਸੀ ਤਾਂ ਬਹੁਤ ਘੱਟ ਅਵਾਂਜਾਂ ਨੇ ਹੁੰਗਾਰਾ ਭਰਿਆ ਸੀ”… “ਜਦੋ ਮੈਂ ਇਹ ਸਤਰਾਂ ਲਿਖ ਰਿਹਾ ਹਾਂ, ਅੱਜ ਦੇ ਇਸ
ਦਿਨ ਨਾਲੋਂ ਚੰਗਾ ਹੋਰ ਕੋਈ ਗੁਆਹ ਨਹੀ, ਜਦੌ ਅਮਰੀਕਾ ਅਤੇ ਯੂਰਪ ਦਾ ਪ੍ਰੋਲਤਾਰੀਆ ਆਪਣੀਆਂ ਲੜਾਕੂ
ਸ਼ਕਤੀਆ ਦਾ ਜਾਇਜ਼ਾ ਲੈ ਰਿਹਾ ਹੈ। ਪਹਿਲੀ ਵਾਰ ਇੱਕ ਫੌਜ ਦੀ ਤਰ੍ਹਾਂ ਇੱਕ ਝੰਡੇ ਹੇਠ ਇੱਕ ਫੋਰੀ ਉਦੇਸ਼
ਲਈ: ਕਾਨੂੰਨ ਦੁਆਰਾ ਸਥਾਪਤ ਕੀਤੀ 8 ਘੰਟੇ ਦੀ ਕੰਮ ਦਿਹਾੜੀ, ਜਿਵੇ 1866 ਦੀ ਜਨੇਵਾ ਕਾਂਗਰਸ ਅਤੇ
1889 ਦੀ ਪੈਰਿਸ ਕਿਰਤੀ ਕਾਂਗਰਸ ਨੇ ਐਲਾਨ ਕੀਤਾ ਸੀ। ਅੱਜ ਦਾ ਦ੍ਰਿਸ਼ ਇਸ ਹਕੀਕਤ ਨਾਲ ਸਭ ਦੇਸ਼ਾਂ
ਦੀ ਸਰਮਾਇਦਾਰੀ ਅਤੇ ਭੂਮੀਪਤੀਆ ਦੀਆ ਅੱਖਾਂ ਖੋਲ੍ਹ ਦੇਵੇਗਾ ਕਿ ਅਸ੍ਹਲ ਵਿੱਚ ਅੱਜ ਸਭ ਦੇਸ਼ਾਂ ਦੇ ਮਿਹਨਤਕਸ ਇੱਕ ਹਨ”।
        “ਕਾਸ਼। ਜੇ ਕਿਤੇ ਸਿਰਫ ਮਾਰਕਸ ਇਹ ਆਪਣੀਆ ਅੱਖਾਂ ਨਾਲ ਦੇਖਣ ਲਈ ਮੇਰੇ ਨਾਲ ਹੁੰਦਾ”। ‘ਪਹਿਲੀ ਕੌਮਾਤਰੀ’ ਦਾ ਨਾਹਰਾ , ਦੂਜੀ ਕੌਮਾਤਰੀ ਦੇ ਅਮਲ ਦੇ ਨਾਹਰੇ ਨਾਲ ਅਜਿਹਾ ਅੱਗੇ ਵਧਿਆ ਕਿ ਸਾਰਾ ਸੰਸਾਰ ਮਾਰਕਸਵਾਦ ਦੇ ਝੰਡੇ ਹੇਠ ਅੱਗੇ ਵਧਾਦਾ ਜੱਗ ਜ਼ਾਹਰ ਹੋਇਆ।
         ਮਾਰਕਸ ਏਂਗਲਜ ਦੀ ਮੌਤ ਪਿਛੋਂ ਮਾਰਕਸਵਾਦੀ ਸਿਧਾਂਤ ਦੇ ਝੰਡੇਬਰਦਾਰ ਲੈਨਿਨ  ਨੂੰ ਸਿਧਾਂਤ ਅਮਲ ਵਿੱਚ ਲਿਆਉਣ ਦੇਖਦੇ ਹਾਂ।ਰੂਸ ਵਿੱਚ ਨਵੀ ਵਿਕਸਤ ਹੋ ਰਹੀ ਸਰਮਾਇਦਾਰੀ, ਕਿਰਤੀਆਂ ਦਾ ਲਹੂ ਚੂਸ ਰਹੀ ਸੀ। ਰੂਸ ਵਿੱਚ ‘ਕਿਰਤ ਦਿਨ’ 10 ਤੋਂ 12 ਘੰਟੇ ਸੀ। 8 ਘੰਟੇ ਦਾ ‘ਕਿਰਤ ਦਿਨ’ ਸਥਾਪਤ ਕਰਨ
ਵਿੱਚ ਹਰ ਕਿਰਤੀ ਦਾ ਹਿੱਤ ਸਾਫ ਅਤੇ ਨਾਹਰਾ ਖਿੱਚ ਪਾਊ ਸੀ। ਇਹੀ ਇਕੋ ਇੱਕ ਨਾਹਰਾ ਸੀ ਜੋ ਕਿਰਤੀਆਂ
ਦੇ ਲੱਖਾਂ ਦੀ ਗਿਣਤੀ ਦੇ ਇੱਕਠਾ ਨੂੰ ਜਨਮ ਦਿੰਦਾ ਸੀ।
         ‘ਕਿਰਤ ਦਿਨ’ ਦਾ ਛੋਟਾ ਹੋਣਾ, ਹਰ ਥਾਂ ਕਿਰਤ ਦਾ ਮੁੱਲ ਵਧਾਉਦਾ ਹੈ। ਕਿਰਤੀ ਕਿਸਾਨਾਂ ਨੂੰ ਵੀ ਇਹੀ ਨਾਹਰਾ ਰਾਸ ਆਉਂਦਾ ਹੈ ਭਾਵੇ ਦੇਰ ਨਾਲ ਅਮਲ ਵਿੱਚੋ। ਸਿਧਾਂਤ ਦਾ ਮਸਲਾ ਹੈ। ਸਿਧਾਂਤ ਹੀਣ ਵਿਅਕਤੀ ਇਸ ਦੇ ਵਿਰੋਧ ਵਿਕਾਸ ਨੂੰ ਨਹੀ ਸਮਝ ਸਕਦੇ, ਭਾਵੇ ਉਹ ਆਪਣੇ ਅਪ ਨੂੰ ਮਿਹਨਤਕਸ਼ਾਂ ਦੇ ਆਗੂ
ਹੀ ਕਿਉ ਨਾ ਸਮਝਦੇ ਹੋਣ।
          ਰੂਸ ਵਿੱਚ ਇਨਕਲਾਬ ਉਪਰੰਤ, ਸੋਵੀਅਤਾਂ ਨੂੰ ਸੰਬੋਧਨ ਕਰਦਿਆ ਲੈਨਿਨ ਨੇ ਨਾਹਰਾ ਉੱਚਾ ਕੀਤਾ ਸੀ, “ਅਸੀ ਉਤਪਾਦਕਤਾ ਵਧਾਵਾਂਗੇ। ‘ਕਿਰਤ ਦਿਨ’ 7-6-5 ਘੰਟੇ ਕਰਦਿਆਂ ਕੁਝ ਘੰਟਿਆ ਤੱਕ ਕਰਾਂਗੇ”।
          ਉਤਪਾਦਕਤਾ ਅਤੇ ‘ਕਿਰਤ ਦਿਨ’ ਜੁੜੇ ਹੋਏ ਹਨ। ਇਹੀ ਦਾਰਸ਼ਨਿਕ ਮਾਰਕਸ ਦੀ ਲੱਭਤ ਹੈ ਕਿ ਮਸ਼ੀਨ ਦੀ ਬੇਹਤਰੀ ਅਰੁਕ ਹੈ। ਮਸ਼ੀਨ ਦੀ ਵਧੇਰੇ ਵਰਤੋ ‘ਕਿਰਤ ਦਿਨ’ ਨੂੰ ਛੋਟਾ, ਹੋਰ ਛੋਟਾ ਕਰਦੇ ਜਾਣ ਵਿੱਚ ਹੈ। ਇਹੀ ਉਸ ਦਾ ਨਾਹਰਾ ਕਿਰਤੀਆਂ ਨੂੰ ਇੱਕ ਰਾਜਨੀਤਕ ਪਾਰਟੀ ਵਿੱਚ ਪਲਟ ਦਿੰਦਾ ਹੈ। ਕਿੳਂੁਕਿ
‘ਕਿਰਤ ਦਿਨ’ ਕਾਨੂੰਨ ਰਾਹੀ ਤਹਿ ਹੋਣ ਹੈ। ਕਾਨੂੰਨ ਰਾਜਨੀਤਕ ਮੁੱਦਾ ਹੈ। ਇਹੀ ਵਜ੍ਹਾ ਹੈ ਕਿ ‘ਕਿਰਤ ਦਿਨ’
ਛੋਟਾ ਕਰਨ ਤੇ ਸਮੁੱਚੀ ਸਰਾਮਇਦਾਰੀ, ਮਿਹਨਤਕਸ਼ਾਂ ਦੇ ਵਿਰੁੱਧ

ਸਰਾਮਿਆਦਾਰੀ  ਵਿਕਾਸ ਵੱਡੇ ਪਾੜੇ ਵਾਲਾ ਇਕਮੁਠ ਹੁੰਦੀ ਹੈ। ਦੋ ਵਰਗਾਂ ਦੀ ਟੱਕਰ ਇਸ ਅਜੰਡੇ ਉਪਰ ਸਾਹਮਣੇ ਆਉਂਦੀ ਹੈ। ਮਿਹਨਤਕਸਾਂ ਦੀ ਵੱਡੀ ਗਿਣਤੀ ਉਸ ਦੀ ਜਿੱਤ ਦੀ ਜ਼ਾਮਨ ਬਣਦੀ ਹੈ। ਇਸ ਜ਼ਾਮਨੀ ਨੇ ਗਰੰਟੀ ਤਦ ਬਣਨਾ ਹੈ ਜੇ ਇਸ ਬਹੁ-ਗਿਣਤੀ ਦੀ ਅਗਵਾਈ ਸਿਧਾਂਤਕ ਸਮਝਦਾਰੀ ਕਰੇ।
                                                                    ਅਜੋਕਾ ਮਾਰਗ
  ਸੰਸਾਰ ਦੀ ਵੱਸੋ 700 ਕਰੌੜ ਨੂੰ ਪੁੱਜੀ ਹੈ। ਇਹ ਸੱਤ ਸੌ ਕਰੌੜ ਵਿੱਚੋ ਦੋ ਫੀਸਦੀ, ਕੇਵਲ 14 ਕਰੌੜ ਅਜਿਹੇ ਵਿਅਕਤੀ ਹਨ ਜਿਨ੍ਹਾਂ ਦੀ ਆਮਦਨ, ਸੰਸਾਰ ਦੀ ਕੁੱਲ ਆਮਦਨ ਦਾ 50 ਫੀਸਦੀ ਹੈ। ਇਸ ਤੋ ਹੇਠਲੇ 8 ਫੀਸਦੀ, ਵਿਅਕਤੀ ਕੋਲ ਬਾਕੀ’ ਚੋਂ 35 ਫੀਸਦੀ ਹੈ। ਉਸ ਤੋਂ ਹੇਠਲੇ 10 ਫੀਸਦੀ ਵਿਆਕਤੀ ਕੋਲ 5 ਫੀਸਦੀ ਦੌਲਤ ਦਾ ਕਬਜਾ ਹੈ। ਇਸ ਤਰ੍ਹਾ ਉਪਰਲਿਆ 20 ਫੀਸਦੀ ਕੋਲ ਸਾਧਨ ਤੇ ਕਾਬਜ਼ ਵਿਆਕਤੀਆਂ ਵਿੱਚ ਹੀ ਆਮਦਨ ਵੰਡ ਦਾ ਵੱਡਾ ਫਰਕ ਹੈ।ਹੇਠਲੇ 80 ਫੀਸਦੀ ਲੋਕਾਂ ਕੋਲ, ਹਰ 20 ਫੀਸਦੀ ਅਨੁਸਾਰ ਕਰਮਵਾਰ 4,3 ਦੋ ਅਤੇ ਇੱਕ ਫੀਸਦੀ ਆਮਦਨ ਹੈ।
           ਕੀ ਇਸ ਆਮਦਨ ਵੰਡ ਦੇ ਅੰਕੜੇ ਜਾਣ ਲੈਣਾ ਜਾਂ ਇਹ ਕਹਿਣਾ ਕਿ ਕੁਝ ਨਹੀ ਹੋ ਸਕਦਾ, ਕਾਫੀ ਹੈ? ਜਾਂ ਇਹ ਕਹਿਣਾ ਕਿ ਚੋਣਾਂ ਵਿੱਚ ਧਨ ਅਤੇ ਲਾਠੀ ਦੀ ਵਰਤੋ, ਕਿਰਤੀਆਂ ਦੇ ਨੁਮਾਇੰਦਿਆਂ
ਦੇ ਪੈਰ ਨਹੀ ਲੱਗਣ ਦਿੰਦੀ, ਕਿਹੜਾ ਕਾਫੀ ਹੈ?
           ਮਾਰਕਸਵਾਦ ਸਿਖਾਉਦਾ ਹੈ, ਨਵੇ ਮੁੱਲ ਦੀ ਸਿਰਜਨਾ ਕਿਰਤ ਕਰਦੀ ਹੈ। ਇਹ ਧਨ ਜਮ੍ਹਾਂ ਕਿਵੇ
ਹੋਇਆ? ਕਿਉਕਿ ਉਤਪਾਦਕਤਾ ਦੇ ਵਾਧੇ ਨਾਲ, ਜੇ ‘ਕਿਰਤ ਦਿਨ’ ਛੋਟਾ ਨਹੀ ਕੀਤਾ ਤਾਂ ਵਾਧੂ ਕਿਰਤ ਦਿਨ
ਦੀ ਕਮਾਈ, ਮਾਲਕਾਂ ਕੋਲ, ਸਰਮਾਇ ਦੇ ਰੂਪ ਵਿੱਚ ਇਕੱਠੀ ਹੋਈ ਹੈ। ਕਿਰਤ ਧਿਰ ਕੋਲ, ਉਜਰਤਾਂ’ ਚ ਵਾਧੇ
ਬਗੈਰ, ਹੋਰ ਕਿਤੋਂ ਆਮਦਨ ਆ ਹੀ ਨਹੀ ਸਕਦੀ। ਇਸ ਲਈ, ‘ਕਿਰਤ ਦਿਨ’ ਉਹ ਮਹੱਤਵਪੂਰਨ ਫੈਕਟਰ ਹੈ, ਜਿਸ ਨੂੰ ਛੋਟਾ ਕਰ ਕੇ ਕਿਰਤੀ ਧਿਰ ਦਾ ਹਿੱਸਾ ਵਧਾਇਆ ਜਾ ਸਕਦਾ ਹੈ।
           145 ਵਰ੍ਹੇ ਪਹਿਲਾ ਦੀ ਉਤਪਾਦਕਤਾ ਸਮੇਂ, ਕਾਰਲ ਮਾਰਕਸ 8 ਘੰਟੇ ਦੀ ਲੜਾਈ ਲਈ ਸੱਦਾ ਦਿੰਦਾ ਹੈ। ਅੱਜ ਦੀ ੳਤਪਾਦਕਤਾ ਵਿੱਚ ‘ਕਿਰਤ ਦਿਨ’ ਦੀ ਕਾਨੂੰਨ ਦੁਆਰਾ ਮਿੱਥ ਕਿੰਨੀ ਹੋਵੇ, ਇਹ ਵਿਚਾਰਨ ਯੋਗ ਮਾਮਲਾ ਹੈ। ਭਾਰਤ ਦੇ ਕਿਰਤੀਆਂ ਦੀ ਜਥੇਬੰਦੀ ਏਟਕ ਦੇ ਸੰਵਿਧਾਨ ਵਿੱਚ 1973 ਭਾਵ 37
ਵਰ੍ਹੇ ਪਹਿਲਾਂ ਦਾ ਦਰਜ ਹੈ ਕਿ “ਪਾਰਲੀਮੈਟ ਦੁਆਰਾ ਪਾਸ 6 ਘੰਟੇ ਦੀ ਕੰਮ ਦਿਹਾੜੀ ਲਈ ਘੋਲ ਜਰਨਾ ਹੈ”।
           ਇਸ ਦਿਨ ਦੀ ਮਹੱਤਤਾ ਦਾ ਸਿਧਾਂਤਕ ਪਹਿਲੂ ਤੋਂ ਅਮਲ ਹੀ ਕਿਰਤੀ ਵਰਗ ਦਾ ਕਲਿਆਣ ਕਰ ਸਕਦਾ ਹੈ। ਕੇਵਲ ਸ਼ਿਕਾਗੋ ਦੇ ਸ਼ਹੀਦਾ ਨੂੰ ਲਾਲ ਸਲਾਮ ਕਾਫੀ ਨਹੀ। ਕਿਰਤ ਦਿਨ’ ਉਹ ਕਿੰਨੇ ਘੰਟਿਆ ਦਾ ਹੋਵੇ ਲਈ ਲੜਾਈ ਹੀ ਪੈਣੀ ਹੈ। ਜਦੋ ਇਹ ਸ਼ੁਰੂ ਹੋਈ ਉਦੋ ਹੀ ਦੁਨੀਆਂ ਬਦਲਦੀ ਨਜ਼ਰ ਅਏਗੀ।ਇਸ ਲਈ ਕੌਮਾਤਰੀ ਮੰਚ ਪਹਿਲੀ ਦੂਜੀ ਕੌਮਾਤਰੀ ਦੀ ਤਰ੍ਹਾਂ ਕੌਣ ਦਿੰਦਾ ਹੈ, ਉਹ ਇਤਿਹਾਸਕ ਬਣੇਗਾ।
           ਅੱਜਕੱਲ੍ਹ ਕਿਰਤੀ ਦੀ ਲੜਾਈ ਨੂੰ ਲੀਹ’ ਤੇ ਅਉਣ ਤੋ ਰੋਕਣ ਲਈ ਤਰ੍ਹਾ ਤਰ੍ਹਾ ਦੇ ਤਜਰਬੇ ਸਾਹਮਣੇ ਆ ਰਹੇ ਹਨ। ਕਿਰਤੀਆਂ ਨੂੰ ਮਹਿੰਗਾਈ, ਕੁਰੱਪਸ਼ਨ ਦੁਖੀ ਕਰਦੀ ਹੈ। ਪ੍ਰੰਤੂ ਕੁਰੱਪਸ਼ਨ ਕਦੀ ਵੀ ਕਿਰਤੀਆਂ ਦੀ ਲੁੱਟ ਦਾ 2-3 ਫੀਸਦੀ ਤੋਂ ਵੱਧ ਨਹੀ ਹੁੰਦੀ। ਅਸਲ ਵਿੱਚ ਕਿਰਤ ਦੀ ਲੁੱਟ ਰੁਕਣ ਨਾਲ ਹੀ ਕਿਰਤੀ ਸੌਖਾ ਹੋਣ ਲੱਗਦਾ ਹੈ। ਕੁਰੱਪਸ਼ਨ ਉਪਰਲੀ ਮੱਧ ਸ਼੍ਰੇਣੀ ਦਾ ਏਜੰਡਾ ਹੁੰਦਾ ਹੈ, ਜਿਨ੍ਹਾਂ ਨੇ ਜਾਇਦਾਦ ਦੇ ਕਬਜ਼ੇ ਹਾਸਲ ਕਰਨੇ ਹੁੰਦੇ ਹਨ। ਉਨ੍ਹਾਂ ਵਿੱਚ ਵੱਡਾ, ਛੋਟੇ ਨੂੰ ਕੁਰੱਪਸ਼ਨ ਰਹੀ ਮਾਤ ਦਿੰਦਾ ਹੈਤਾਂ ਇਹ ਸਾਧਨ ਸੰਪੰਨ (ਪਰ ਛੋਟੇ) ਲੋਕ ਕੁਰੱਪਸ਼ਨ ਦਾ ਮੁੱਦਾ ਉਠਾਉਦੇ ਹਨ। ਕੁਰੱਪਸ਼ਨ ਸਰਮਾਏਦਾਰੀ ਦੀ ਦੇਣ ਹੈ, ਇਹ ਸਰਮਾਏਦਾਰੀ ਦੇ ਵਧਣ ਨਾਲ ਵਧੇਗੀ। ਇਸ ਦੇ ਅਸਲੀ ਖਾਤਮੇ ਲਈ ਵੀ ਸਰਮਾਏ ਦੀ ਲੁੱਟ ਨੂੰ ਬਰੇਕ ਲਗਾਉਣੇ ਅਤੇ ਕਿਰਤੀ ਧਿਰ ਦਾ ਹਿੱਸਾ ਵਧਾਉਂਦਿਆਂ ਹੀ ਹੱਲ ਕੀਤਾ ਜਾ ਸਕਦਾ ਹੈ।
            ਅੱਜ ਦੇ ਦਿਨ’ ਤੇ ਬੱਸ ਏਨਾ ਕਿ ਆਓ ਸਿਧਾਂਤ ਵੱਲ ਮੁੜੀਏ, ਸਿਧਾਂਤ ਤੋ ਸਿੱਖੀਏ ਅਤੇ ਅਮਲ ਕਰੀਏ। ਮਾਰਕਸਵਾਦ ‘ਪੁਰਾਣਾ’ ਨਹੀ ਹੋਇਆ। ਲੈਨਿਨ ਨੇ ਕਿਹਾ ਸੀ: ਮੈਂ ਅਜੇ ਤੱਕ ਮਾਰਕਸ ਅਤੇ ਏਂਗਲਜ
ਨੂੰ ਪਿਆਰ ਕਰਦਾ ਹੈ, ਉਨ੍ਹਾ ਨੂੰ ਕੋਈ ਨਿੰਦੇ ਮੈਂ ਸ਼ਾਂਤ ਨਹੀ ਰਹਿ ਸਕਦਾ। ਨਹੀ, ਉਹ ਅਸਲੀ ਲੋਕ ਸਨ। ਅਸੀ ਲਾਜ਼ਮੀ ਉਨ੍ਹਾ ਤੋ ਸਿੱਖਣਾ ਹੈ। ਅਸੀ ਇਹ ਆਧਾਰ ਛੱਡਣਾ ਨਹੀ ਹੈ। ਕੀ ਹੈ ਉਹ ‘ਆਧਾਰ’ ਜੋ ਛੱਡਣਾ ਨਹੀ ਹੈ? ਅਸੀ ਸਿਧਾਂਤ ਤੋ ਅਗਵਾਈ ਲੈਣੀ ਹੈ। ਅਮਲ ਵਿੱਚੋ ਸਿਧਾਂਤ ਨੇ ਹੋਰ ਅਮੀਰ ਹੁੰਦੇ ਜਾਣਾ ਹੈ। ਸਿਧਾਂਤ ਅਤੇ ਅਮਲ ਦਾ ਸੁਮੇਲ ਸਮਾਜਕ ਸਮੱਸਿਆਵਾਂ  ਦਾ ਹੱਲ ਹੈ। ਉਦਾਹਰਣ ਵਜੋ ਅੱਜ ਬੇਰੁਜ਼ਗਾਰੀ ਹੈ। ਮਾਰਕਸਵਾਦ ਦੱਸਦਾ ਹੈ ਕਿ ਬੇਰੁਜ਼ਗਾਰੀ ਸਰਮਾਏਦਾਰੀ ਦੇ ਵਿਕਾਸ ਦੀ ਪੈਦਾਵਾਰ ਹੈ। ਇਹ ਕਿਰਤੀਆਂ ਦੀਆਂ ਉਜਰਾਤਾ ਘਟਾਉਣ ਲਈ ਵਰਤੀ ਜਾਂਦੀ ਹੈ। ਮਾਲਕ ਜਮਾਤ ਨੂੰ ਅਪਣੇ ਕਿਰਤੀਆਂ ਨੂੰ ਡਰਾਉਣ ਦੇ ਕੰਮ ਆਉਦੀ ਹੈ ਬੇਰੁਜ਼ਗਾਰੀ। ਮਾਰਕਸਵਾਦ ਦੱਸਦਾ ਹੈ ਕਿ ਕਿਰਤ ਨਵਾਂ ਮੁੱਲ ਸਿਰਜਦੀ ਹੈ। ਫਿਰ ਨਵਾਂ ਮੁੱਲ ਸਿਰਜਨ ਤੋ ਇਹ ਬੇਰੁਜ਼ਗਾਰ ਵਾਂਝੇ ਕਿਉ ਰੱਖੇ ਜਾਂਦੇ ਹਨ? ਕਿਉਕਿ ਸਰਮਾਏ ਵਿੱਚ ਵਾਧੇ ਲਈ, ਇਹ ‘ਵਾਧੂ ਕਾਮੇ’ ਬਣ ਗਏ ਹਨ, ਇਹਨਾਂ ਨੂੰ ਸਰਮਾਏਦਾਰ ਆਪਣੇ ਕੋਲੋਂ ਕੁੱਝ ਨਹੀ ਦੇਵੇਗਾ, ਜੇ ਦੇਣਾ ਹੀ ਹੁੰਦਾ ਤਾਂ ਉਹ ਬੇਰੁਜ਼ਗਾਰ ਹੀ ਕਿਉ ਕਰਦਾ? ਇਸ ਲਈ, ਜਦੋ ‘ਬੇਰੁਜ਼ਗਾਰੀ’ ਭਾਵ ਵਾਧੂ ਕਾਮੇ ਹੋਣ ਉਦੋ ਮਾਰਕਸਵਾਦੀ ਸੂਤਰ ‘ਕਿਰਤ ਦਿਨ’ ਛੋਟਾ ਕਰਨ ਨਾਲ ਹੀ ਨਵੇ ਕਿਰਤੀਆਂ ਨੂੰ ਕੰਮ’ ਤੇ ਲਿਅਉਦਾ ਹੈ। ਸਮੁੱਚੀ ਕਿਰਤ ਦਾ ਪੈਦਾਵਾਰ ਵਿੱਚੋ ਅਨੁਪਾਤੀ ਹਿੱਸਾ ਵਧਾਉਦਾ ਹੈ। ਮੰਨ ਲਓ ਸਮਾਜ ਕੋਲ 800 ਘੰਟੇ ਜਾਂ ਹਜ਼ਾਰ ਘੰਟੇ ਜਾਂ ਲੱਖ ਘੰਟੇ ਜਾਂ ਕਰੌੜ ਜਾਂ ਅਰਬ ਘੰਟੇ ਕੰਮ ਹੈ। ਜੇ 8 ਘੰਟੇ ਦਾ ‘ਕਿਰਤ ਦਿਨ’ ਹੈ ਤਾਂ 100 ਕਿਰਤੀਆ ਦੀ ਲੋੜ ਹੈ ਜੇ 6 ਘੰਟੇ ਦਾ ‘ਕਿਰਤ ਦਿਨ’ ਕਰ ਦਿੱਤਾ ਜਾਵੇ ਤਾਂ 133.33 ਕਿਰਤੀਆਂ ਦੀ ਲੋੜ ਹੈ।
             ਅੱਗੇ ਇਹ 6 ਘੰਟੇ ਉੱਪਰ ਰੁਕਿਆ ਹੀ ਰਹੇ ਇਹ ਵੀ ਜਰੂਰੀ ਨਹੀ ਹੈ। ਜਦੋਂ ਸਰਮਾਇਦਾਰੀ ਪੈਦਾਵਾਰ ਢੰਗ ਦੀ ਥਾਂ ਸਮਾਕਵਾਦੀ ਪੈਦਾਵਾਰੀ ਢੰਹ ਹੋਵੇਗਾ ਤਾਂ ‘ਕਿਰਤ ਦਿਨ’ ਛੋਟਾ  ਹੁੰਦਿਆ ਕੁਝ ਘੰਟੇ ਤੱਕ ਸਿਮਟ ਜਾਵੇਗਾ। ਵਿਕਸਤ ਮਸ਼ੀਨਾਂ ਦੀ ਵਰਤੋ ਸਮੁੱਚੇ ਸਮਾਜ ਲਈ, ਫਰੀ, ਵੇਹਲਾ ਸਮਾਂ ਪੈਦਾ ਕਰਨਗੀਆਂ, ਉਦੋਂ ਕੋਈ ਅਪਣੇ ਧਨ, ਸਰਮਾਇ ਨਾਲ, ਆਪਣੇ ਹਿੱਸੇ ਦਾ ਕੰਮ ਦੂਜਿਆਂ’ ਤੇ ਸੁੱਟ ਕੇ, ਆਪਣੇ ਲਈ ਵਿਜਲਾ
ਸਮਾਂ ਨਹੀ ਹਥਿਆਏਗਾ।
             ‘ਉਤਪਾਦਕਤਾ’ ਅਤੇ ‘ਕਿਰਤ ਦਿਨ’ ਦਾ ਵਿਰੋਧ ਵਿਕਾਸ ਕਿ
ਤੀਆ ਲਈ ਹੀ ਨਹੀ ਸਮੁੱਚੇ ਸਮਾਜ ਲਈ, ਖੁਸ਼ੀਆਂ ਅਤੇ ਖੁਸ਼ਹਾਲੀ ਲਿਅਉਣ  ਵਾਲਾ ਮਾਰਗ ਹੈ। ਆਓ ਗਿਆਨ ਅਤੇ ਅਮਲ ਵਿੱਚੋ ਇਸ ਨੂੰ ਛੇਤੀ ਹਕੀਕੀ ਰੂਪ ਦੇਣ ਲਈ ਹੰਭਨਾ ਮਾਰੀਏ। ਇਹੀ ‘ਕਿਰਤ ਦਿਨ’ ਦੇ ਇਤਹਾਸਕ ਯੋਧਿਆ ਨੂੰ ਸ਼ਰਧਾਂਜਲੀ ਹੋਵੇਗੀ ਅਤੇ ਸਮਾਜਕ ਪਰਿਵਰਤਨ ਲਈ ਦੇਣ ਬਣੇਗੀ।