“ਸਭ ਕਿਸੇ ਲਈ ਉਤਸਾਹਿਤ ਕਰਨ ਵਾਲਾ ਆਦਰਸ਼, ਉਦੇਸ਼ ਲਈ ਮਰਨਾ ਨਾ ਹੋ ਕੇ, ਉਦੇਸ਼ ਲਈ ਜਿਉਣਾ ਹੋਣਾ ਚਾਹੀਦਾ ਹੈ” ਭਗਤ ਸਿੰਘ

Monday, November 26, 2012

ਦਿਲ ਕੇ ਬਹਿਲਾਨੇ ਕੋ ‘ਮਾਰਕਸ’ ਯਿਹ ‘ਲਤੀਫ਼ਾ’ ਅੱਛਾ ਹੈ.... ਸੁਕੀਰਤ



ਵੀਹਵੀਂ ਸਦੀ ਦੇ ਆਖਰੀ ਦਹਾਕੇ ਤੋਂ ਸਾਰੀ ਦੁਨੀਆਂ ’ਤੇ ਛਾ ਜਾਣ ਵਾਲੀ ਇੰਟਰਨੈੱਟ ਦੀ ਕਾਢ ਨੂੰ ਬਿਨਾ ਸ਼ੱਕ ਪਿਛਲੀ ਸਦੀ ਦੀ ਇਨਕਲਾਬੀ ਤਕਨੀਕੀ ਕਾਢ ਕਿਹਾ ਜਾ ਸਕਦਾ ਹੈ। ਨਾ ਸਿਰਫ ਦੁਨੀਆਂ ਭਰ ਬਾਰੇ ਗਿਆਨ ਅਤੇ ਖ਼ਬਰਾਂ ਘਰ ਬੈਠੇ ਪ੍ਰਾਪਤ ਕੀਤੇ ਜਾ ਸਕਦੇ ਹਨ, ਹਰ ਕੋਈ ਆਪਣੇ ਨਿੱਜੀ ਸੁਨੇਹਿਆਂ ਤੋਂ ਲੈ ਕੇ ਆਪਣੀਆਂ ਰਚਨਾਵਾਂ ਤੱਕ ਨੂੰ ਇੱਕ ਦੂਜੇ ਤੱਕ ਪਹੁੰਚਾਉਣ ਜਾਂ ਨਸ਼ਰ ਕਰਨ ਲਈ ਇਸ ਖੁੱਲੇ ਮੰਚ ਦੀ ਵਰਤੋਂ ਕਰ ਸਕਦਾ ਹੈ। ਦੁਨੀਆਂ ਦੇ ਕਿਸੇ ਵੀ ਕੋਨੇ, ਕਿਸੇ ਵੀ ਬੋਲੀ ਵਿੱਚ ਛਪੀਆਂ ਅਖ਼ਬਾਰਾਂ ਦੇ ਇੰਟਰਨੈੱਟ ਐਡੀਸ਼ਨ ਪੜ੍ਹੇ ਜਾ ਸਕਦੇ ਹਨ; ਭਾਵੇਂ ਤੁਸੀਂ ਜਿੱਥੇ ਮਰਜ਼ੀ ਬੈਠੇ ਹੋਵੋ।

ਮਈ ਵਿੱਚ ਮੈਂ ਹਿੰਦੋਸਤਾਨ ਤੋਂ ਦਸ ਹਜ਼ਾਰ ਮੀਲ ਦੂਰ ਬੈਠਾ ‘ਐਤਵਾਰਤਾ’ ਦਾ ਤਾਜ਼ਾ ਐਡੀਸ਼ਨ ਪੜ੍ਹ ਰਿਹਾ ਸਾਂ। ‘ਸਮਕਾਲ’ ਵਿੱਚ ਨਵੇਂ ਛਪੇ ਪਰਚਿਆਂ ਬਾਰੇ ਪੜ੍ਹਦਿਆਂ ਇੱਕ ਸੂਚਨਾ ਨੇ ਬੜਾ ਅਚੰਭਤ ਕੀਤਾ: ‘ਹੁਣ’ ਦੇ ਤਾਜ਼ਾ ਅੰਕ ਵਿੱਚ ਮਾਰਕਸ ਅਤੇ ਮਿਰਜ਼ਾ ਗਾਲਿਬ ਵਿੱਚਕਾਰ ਹੋਏ ਪੱਤਰਚਾਰ ਦੇ ਪੰਜਾਬੀ ਵਿੱਚ ਪਹਿਲੀ ਵਾਰ ਛਾਪੇ ਜਾਣ ਦੀ ਜਾਣਕਾਰੀ ਦਰਜ ਸੀ।ਮੂੰਹੋਂ ਆਪਮੁਹਾਰੇ ‘ਅਸੰਭਵ’ ਨਿਕਲ ਗਿਆ। ਨਾ ਤਾਂ ਮਾਰਕਸ ਉਰਦੂ ਜਾਣਦਾ ਸੀ, ਨਾ ਗ਼ਾਲਿਬ ਅੰਗਰੇਜ਼ੀ। ਸੋ ਇਹ ਗੱਲ ਸੰਭਵ ਸੀ ਹੀ ਨਹੀਂ। ਕੋਲ ਮੇਰਾ ਮੇਜ਼ਬਾਨ ਮਿੱਤਰ ਬੈਠਾ ਹੋਇਆ ਸੀ ਜੋ ਬਰਕਲੇ ਵਿਸ਼ਵਵਿਦਿਆਲੇ ਵਿੱਚ ਸੀਨੀਅਰ ਖੋਜ ਰੁਤਬੇ ਉੱਤੇ ਹੈ। ਉਸਨੂੰ ਇਹ ਗੱਲ ਦੱਸੀ ਤਾਂ ਉਸਨੇ ‘ਅਸੰਭਵ’ ਦੇ ਨਾਲ ਅੰਗਰੇਜ਼ੀ ਦਾ ਇੱਕ ਹੋਰ ਸ਼ਬਦ ਜੋੜ ਦਿੱਤਾ: ‘ਹੋਕਸ’, ਯਾਨੀ ਇਹ ਐਵੇਂ ਬੁੱਧੂ ਬਣਾਇਆ ਜਾ ਰਿਹਾ। ਮੈਨੂੰ ਵੀ ਜਾਪਿਆ ਕਿ ‘ਹੁਣ’ ਨੇ ਕੋਈ ਲਤੀਫ਼ਾ ਛਾਪਿਆ ਹੋਣਾ, ਜਿਸਨੂੰ ਬਲਵੀਰ ਪਰਵਾਨਾ ਨੇ ਸਰਸਰੀ ਨਜ਼ਰੇ ਦੇਖਿਆਂ ਸੱਚ ਮੰਨ ਲਿਆ: ਆਖਰ ਉਸਨੇ ਕਈ ਪਰਚਿਆਂ ’ਤੇ ਨਿਗ੍ਹਾ ਮਾਰ ਕੇ ਉਹਨਾਂ ਦਾ ਸਾਰ-ਸੰਖੇਪ ਝਰੀਟਣਾ ਹੁੰਦਾ ਹੈ। ਗੱਲ ਆਈ ਗਈ ਹੋ ਗਈ, ਸੋਚਿਆ ਜਲੰਧਰ ਪਰਤ ਕੇ ਸਾਹਿਤ ਸੰਪਾਦਕ ਨੂੰ ਮਿਹਣਾ ਮਾਰਾਂਗਾ ਕਿ ਉਹ ਪਰਚਿਆਂ ਦ ਸਮੱਗਰੀ ਬਾਰੇ ਲਿਖਣ ਤੋਂ ਪਹਿਲਾਂ ਉਹਨਾਂ ਨੂੰ ਧਿਆਨ ਨਾਲ ਵਾਚ ਤਾਂ ਲਿਆ ਕਰੇ।

ਵਤਨ ਵਾਪਸੀ ’ਤੇ ਪਰਵਾਨੇ ਨੂੰ ਮਿਲ ਕੇ ਮੇਰਾ ਪਹਿਲਾ ਸਵਾਲ ਸੀ ਕਿ ਉਸਨੇ ਕਿਸੇ ਲਤੀਫ਼ੇ ਬਾਰੇ ਜਾਣਕਾਰੀ ਇਵੇਂ ਕਿਉਂ ਜੜ ਦਿੱਤੀ ਕਿ ਪਾਠਕਾਂ ਨੂੰ ਸੱਚ ਜਾਪੇ। ਜਵਾਬ ਮਿਲਿਆ ਕਿ ਇਹ ਲਤੀਫ਼ਾ ਨਹੀਂ ਸੱਚ ਹੈ, ਕਿਸੇ ਨੇ ਬੜੀ ਮੁਸ਼ਕਲ ਨਾਲ ਇਹ ਪੁਰਾਣੇ ਪੱਤਰ ਲੱਭੇ ਹਨ, ਜਿੰਨ੍ਹਾਂ ਦਾ ਪੰਜਾਬੀ ਉਲਥਾ ‘ਹੁਣ’ ਵਿੱਚ ਛਾਪਿਆ ਗਿਆ ਹੈ, ਸੰਪਾਦਕੀ ਟਿੱਪਣੀ ਸਮੇਤ ਕਿ ਇਨ੍ਹਾਂ ਬੇਸ਼ਕੀਮਤੀ ਚਿੱਠਿਆਂ ਨੂੰ ਕਿਸ ਨੇ ਲੱਭਿਆ। ਮੈਨੂੰ ਯਕੀਨ ਨਾ ਆਵੇ, ਪਰ ਮੇਰਾ ਸਹਿਯੋਗੀ ਸੰਪਾਦਕ ਦੱਸ ਰਿਹਾ ਸੀ ਕਿ ਇਸ ਲੱਭਤ ਦਾ ਪੰਜਾਬੀ ਸਾਹਿਤਕ ਹਲਕਿਆਂ ਵਿੱਚ ਬੜੇ ਉਮਾਹ ਨਾਲ ਸਵਾਗਤ ਹੋਇਆ ਹੈ। ਹੁਣ, ਇਹਨਾਂ ਖਤਾਂ ਨੂੰ ਦੇਖਣਾ ਮੇਰੇ ਲਈ ਵੀ ਜਰੂਰੀ ਹੋ ਗਿਆ।

‘ਹੁਣ’ ਦਾ ਪਿਛਲਾ ਅੰਕ ਲੱਭਿਆ; ਖ਼ਤ ਪੜ੍ਹੇ, ਪੜ੍ਹ ਕੇ ਵੀ ਨਕਲੀ ਹੀ ਜਾਪੇ। ਗ਼ਾਲਿਬ ਦੀ ਵਾਰਤਕ ਬਾਰੇ ਤਾਂ ਮੈਨੂੰ ਕੋਈ ਸੋਝੀ ਨਹੀਂ, ਪਰ ਮਾਰਕਸ ਦੀਆਂ ਰਚਨਾਵਾਂ ਨਾਲ ਜਾਣੂੰ ਹੋਣ ਕਾਰਣ ਇਹ ਖ਼ਤ ਬਿਲਕੁਲ ਉਸਦਾ ਲਿਖਿਆ ਨਹੀਂ ਸੀ ਜਾਪਦਾ। ਇਸ ਗੱਲ ਨੂੰ ਲਾਂਭੇ ਵੀ ਕਰ ਦਿਆਂ ਕਿ ਮਾਰਕਸ ਨੇ ਗ਼ਾਲਿਬ ਦੇ ਜਿਸ ਮਸ਼ਹੂਰ ਸ਼ੇਅਰ ਦਾ ਆਪਣੇ ਖ਼ਤ ਵਿੱਚ ਹਵਾਲਾ ਦਿੱਤਾ ਹੈ ਉਹ ਉਸਨੇ ਭਲਾ ਪੜ੍ਹਿਆ ਕਿਸ ਜੁਬਾਨ ਵਿੱਚ ਹੋਵੇਗਾ।(1867 ਵਿੱਚ ਗ਼ਾਲਿਬ ਦਾ ਉਲਥਾ ਅੰਗਰੇਜੀ ਵਿੱਚ!!!), ਖ਼ਤ ਦੀ ਸੁਰ-ਸ਼ੈਲੀ ਹੀ ਮਾਰਕਸ ਦੀ ਨਹੀਂ ਸੀ ਹੋ ਸਕਦੀ। ਅਖੀਰਲੀਆਂ ਸਤਰਾਂ ਵਿੱਚੋਂ ਇੱਕ ਨੇ ਤਾਂ ਵਿਸ਼ੇਸ਼ ਧਿਆਨ ਖਿੱਚਿਆ: ‘ਤੁਹਾਨੂੰ ਪੱਛਮੀ ਆਧੁਨਿਕ ਦਰਸ਼ਨ ਦੇ ਨਾਲ-ਨਾਲ ਏਸ਼ੀਆਈ ਵਿਦਵਾਨਾਂ ਦੇ ਵਿਚਾਰਾਂ ਦਾ ਅਧਿਐਨ ਵੀ ਕਰਨਾ ਚਾਹੀਦਾ ਹੈ’।

ਕੋਈ ਪੁੱਛੇ ਕਿ ਮਾਰਕਸ ਨੂੰ ਇਹ ਗਿਆਨ ਕਿੱਥੋਂ ਸੀ, ਕਿ ਗ਼ਾਲਿਬ ਪੱਛਮੀ ਆਧੁਨਿਕ ਦਰਸ਼ਨ ਦਾ ਅਧਿਐਨ ਕਰ ਰਿਹਾ ਹੈ, ਜੇ ਹੈ ਵੀ ਸੀ ਤਾਂ ਇਹ ਕਿਵੇਂ ਪਤਾ ਸੀ ਕਿ ਗ਼ਾਲਿਬ ਏਸ਼ੀਆਈ ਵਿਦਵਾਨਾਂ ਵੱਲੋਂ ਬੇਮੁੱਖ ਸੀ ਅਤੇ ਇਹ ਨਸੀਹਤ ਮਾਰਕਸ ਨੂੰ ਦੇਣੀ ਪੈ ਗਈ। ਦੂਜੇ ਪਾਸੇ, ਮਾਰਕਸ ਵੱਲ ਗ਼ਾਲਿਬ ਦਾ ਜਵਾਬੀ ਖ਼ਤ, ਖ਼ਤ ਘੱਟ ਅਤੇ ਪੈਰੋਡੀ ਵੱਧ ਜਾਪਦਾ ਸੀ।

ਇਹਨਾਂ ਖ਼ਤਾਂ ਦੇ ਮੂਲ ਨੂੰ ਲੱਭਣ ਦੀ ਲੋੜ ਭਾਸੀ।

ਇੰਟਰਨੈੱਟ ਉੱਤੇ ਮਾਰਕਸ+ਗ਼ਾਲਬ ਫਰੋਲਣ ਉੱਤੇ ਇਹ ਦੋਵੇਂ ਖ਼ਤ ‘ਬਾਗੀ’ ਨਾਂਅ ਹੇਠਲੇ ਇੱਕ ਬਲੌਗ ਵਿੱਚ ਨਜ਼ਰੀਂ ਪਏ। ਅੰਗਰੇਜੀ ਵਿੱਚ ਪੜ੍ਹਿਆਂ ਮਾਰਕਸ ਦਾ ਖ਼ਤ ਹੋਰ ਵੀ ਹਾਸੋ-ਹੀਣਾ ਜਾਪਿਆ। ਏਂਗਲਜ਼ (ਓਨਗਲੲਸ) ਦਾ ਨਾਂਅ ਮਾਰਕਸ ਨੇ ਏਂਜਲਜ਼ (ਅਨਗੲਲਸ) ਲਿਖਿਆ ਹੋਇਆ ਸੀ, ਜਿਵੇਂ ਉਸਨੂੰ ਆਪਣੇ ਪਰਮ-ਮਿੱਤਰ ਦੇ ਨਾਂ ਦੇ ਹਿੱਜੇ ਲਿਖਣ ਦਾ ਵੀ ਵੱਲ ਨਾ ਹੋਵੇ। (ਇਹੋ ਗਲਤੀ ਪੰਜਾਬੀ ਵਿੱਚ ‘ਹੁਣ’ ਨੇ ਕਈ ਥਾਂਈ ਦੁਹਰਾਈ ਹੈ, ਪਰ ਉਹ ਅੱਡਰੀ ਗੱਲ ਹੈ) ਅਤੇ ਜਿਸ ਸਤਰ ਨੇ ਪੰਜਾਬੀ ਵਿੱਚ ਮੇਰਾ ਧਿਆਨ ਖਿਚਿਆ ਸੀ, ਅੰਗਰੇਜ਼ੀ ‘ਮੂਲ’ ਵਿੱਚ ਉਹ ਨਾ ਸਿਰਫ਼ ਐਨ ਉਲਟ ਮਤਲਬ ਵਾਲੀ ਸੀ, ਮਾਰਕਸ ਦੀ ਲਿਖੀ ਹੋ ਹੀ ਨਹੀਂ ਸੀ ਸਕਦੀ। ਅੰਗਰੇਜ਼ੀ ਵਿੱਚ ਇਹ ਸਤਰ ਹੈ: ੇੋੁ ਸਹੋੁਲਦ ਸਟੁਦੇ ਟਹੲ ਮੋਦੲਰਨ ਪਹਲਿੋਸੋਪਹਇਸ ੋਡ ਟਹੲ ਾੲਸਟ ਟਹੲਨ ਟਹੲ ੋੁਟਮੋਦੲਦ ੳਨਦ ੁਨਾੋਰਕੳਬਲੲ ਟਹੋੁਗਹਟਸ ੋਡ ੳਸੳਿਨ ਸਚਹੋਲੳਰਸ. ਯਾਨੀ, ਤੁਹਾਨੂੰ ਏਸ਼ੀਆਈ ਵਿਦਵਾਨਾਂ ਦੇ ਵੇਲਾ ਵਿਹਾ ਚੁੱਕੇ ਅਤੇ ਨਾਕਾਰਸਾਜ਼ ਵਿਚਾਰਾਂ ਨੂੰ ਪੜ੍ਹਨ ਦੀ ਥਾਂ ਪੱਛਮ ਦੇ ਆਧੁਨਿਕ ਫਲਸਫ਼ਿਆਂ ਦਾ ਅਧਿਐਨ ਕਰਨਾ ਚਾਹੀਦਾ ਹੈ।

ਸਪੱਸ਼ਟ ਸੀ ਕਿ ‘ਮਾਰਕਸ’ ਦੀ ਇਹ ਗੈਰ-ਮਾਰਕਸੀ ਸਤਰ ਜਿਸ ਵਿੱਚੋਂ ਪੱਛਮੀ ਬਸਤੀਵਾਦੀ ਹੈਂਕੜ ਦੀ ਬੋਅ ਆਉਂਦੀ ਹੈ, ਉਲਥਾ ਕਰਨ ਵਾਲੇ ਨੂੰ ਵੀ ਚੁਭੀ ਅਤੇ ਉਸਨੇ ਇਸਦਾ ਮਤਲਬ ਹੀ ਉਲਟਾ ਦਿੱਤਾ। ਅੰਗਰੇਜ਼ੀ ਮੂਲ ਪੜ੍ਹ ਕਿ ਮੇਰਾ ਸ਼ੱਕ ਯਕੀਨ ਵਿੱਚ ਬਦਲ ਰਿਹਾ ਸੀ ਕਿ ਇਹ ਖ਼ਤ ਇੰਟਰਨੈੱਟ ’ਤੇ ਪਰੋਸ ਦਿੱਤੇ ਗਏ ਛਲ-ਪੱਤਰਾਂ ਜਾਂ ਮਖੌਲ ਤੋਂ ਵੱਧ ਕੁਝ ਨਹੀਂ। ਪਰ, ਬਾਗ਼ੀ ਦੇ ਬਲੌਗ ਨੇ ਵੀ ‘ਵੌਇਸ ਔਫ਼ ਅਮੈਰਿਕਾ’ ਦੀ ਉਸੇ ਆਬਿਦਾ ਰਿਪਲੀ ਦਾ ਹਵਾਲਾ ਦਿੱਤਾ ਹੋਇਆ ਜਿਸ ਦਾ ਜਿਕਰ ‘ਹੁਣ’ ਦੀ ਸੰਪਾਦਕੀ ਟਿੱਪਣੀ ਵਿੱਚ ਵੀ ਸੀ: ਇਨ੍ਹਾਂ ‘ਬੇਸ਼ਕੀਮਤੀ’ ਚਿੱਠਿਆਂ ਨੂੰ ਲੱਭ ਕੇ ਸਾਡੇ ਤੱਕ ਪੁੱਜਦਿਆਂ ਕਰਨ ਵਾਲੀ ਬੀਬੀ ਦਾ।

ਹੁਣ ਮੈਂ ਬੀਬੀ ਆਬਿਦਾ ਰਿਪਲੀ ਨੂੰ ਲੱਭਣ ਦੀ ਠਾਣੀ। ਇਹ ਕੰਮ ਕੋਈ ਔਖਾ ਨਹੀਂ ਸੀ; ਇਸ ਨਾਮ ਹੇਠ ਇੰਟਰਨੈੱਟ ਉੱਤੇ ਕਈ ਸਫ਼ੇ ਖੁੱਲ੍ਹਦੇ ਹਨ, ਸਾਰੇ ਹੀ ਸੰਜੀਦਾ ਮਸਲਿਆਂ ਨਾਲ ਜੁੜੇ ਹੋਏ। ਜੇ ਉਸ ਨਾਂਅ ਨਾਲ ਕੁਝ ਜੁੜਿਆ ਨਹੀਂ ਸੀ ਲੱਭਦਾ, ਤਾਂ ਉਹ ਸਨ ਇਹ ਦੋ ‘ਬੇਸ਼ਕੀਮਤੀ’ ਖ਼ਤ ਜਿਹਨਾਂ ਨੂੰ ਲੱਭਣ ਦਾ ਸਿਹਰਾ ਉਸਦੇ ਸਿਰ ਬੰਨ੍ਹਿਆ ਜਾ ਰਿਹਾ ਸੀ। ਫ਼ੈਜ ਅਹਿਮਦ ਫ਼ੈਜ ਬਾਰੇ ਅਮਰੀਕਾ ਵਿੱਚ ਹੋਏ ਕਿਸੇ ਸਮਾਗਮ ਦੀ ਸੰਚਾਲਕ ਵਜੋਂ ਇੱਕ ਥਾਂ ਉੱਤੇ ਦਰਜ ਜਾਣਕਾਰੀ ਵਾਲੇ ਸਫ਼ੇ ਉੱਤੇ ਉਸਦਾ ਈ-ਪਤਾ ਵੀ ਦਰਜ ਸੀ। ਮੈਂ ਉਸ ਪਤੇ ਉੱਤੇ ਈ-ਰੁੱਕਾ ਭੇਜ ਦਿੱਤਾ; ਅਜੇ ਘੰਟਾ ਵੀ ਨਹੀਂ ਸੀ ਗੁਜ਼ਰਿਆ ਕਿ ਆਬਿਦਾ ਰਿਪਲੀ ਦਾ ਜਵਾਬ ਵੀ ਆ ਗਿਆ। (ਇਨਕਲਾਬੀ ਕਾਢ ਇੰਟਰਨੈੱਟ ਜਿੰਦਾਬਾਦ)।

ਮੇਰੇ ਰੁੱਕੇ ਅਤੇ ਸ੍ਰੀਮਤੀ ਆਬਿਦਾ ਰਿਪਲੀ ਦੇ ਜਵਾਬ ਦਾ ਇੰਨ ਬਿੰਨ ਉਲਥਾ ਪੇਸ਼ ਹੈ:

1. ਪਿਆਰੇ ਆਬਿਦਾ ਜੀ,

ਮੈਂ ਭਾਰਤੀ ਪੰਜਾਬ ਵਿੱਚ ਰਹਿਣ ਵਾਲਾ ਇੱਕ ਲੇਖਕ/ਪੱਤਰਕਾਰ ਹਾਂ।ਹੁਣੇ ਜਿਹੇ ਇੱਕ ਮਸ਼ਹੂਰ ਪੰਜਾਬੀ ਰਸਾਲੇ ਨੇ ਇੱਕ ਚਿੱਠੀ ਪੱਤਰ ਛਾਪਿਆ ਹੈ ਜੋ ਉਹਨਾਂ ਦੇ ਕਹਿਣ ਮੁਤਾਬਕ 1867 ਵਿੱਚ ਮਾਰਕਸ ਅਤੇ ਗ਼ਾਲਿਬ ਵਿੱਚਕਾਰ ਹੋਇਆ ਸੀ। ਨਾਲ ਹੀ ਇਹ ਵੀ ਦਰਜ ਕੀਤਾ ਗਿਆ ਹੈ ਕਿ ਇਹਨਾਂ ਨੂੰ ‘ਵੌਇਸ ਔਫ਼ ਅਮੈਰਿਕਾ’ ਦੀ ਡਾ: ਆਬਿਦਾ ਰਿਪਲੀ ਨੇ ਲੱਭਿਆ ਹੈ।

ਜਦੋਂ ਮੈਂ ਤੁਹਾਡੇ ਬਾਰੇ ‘ਸਰਚ’ ਪਾਈ ਤਾਂ ਇਹਨਾਂ ਖ਼ਤਾਂ ਨਾਲ ਤੁਹਾਨੂੰ ਜੋੜਦਾ ਕੁਝ ਨਹੀਂ ਖੁੱਲ੍ਹਿਆ। ਹਾਲਾਂਕਿ, ਤੁਹਾਡੇ ਕੀਤੇ ਕਈ ਹੋਰ ਕੰਮਾਂ ਬਾਰੇ ਜਾਣਕਾਰੀ ਫੌਰਨ ਸਹਾਮਣੇ ਆ ਗਈ। ਦਰਅਸਲ, ਸਿਰਫ਼ ਇੱਕ ਥਾਂ ਉੱਤੇ ਤੁਹਾਨੂੰ ਇਹਨਾਂ ਖ਼ਤਾਂ ਨਾਲ ਅਸਿੱਧੇ ਢੰਗ ਨਾਲ ਜੋੜਦੀ ਕੜੀ ਲੱਭਦੀ ਹੈ: ‘ਬਾਗ਼ੀ’ ਨਾਂਅ ਦੇ ਇੱਕ ਬਲੌਗ ਉੱਤੇ।

ਇਸ ਗੱਲ ਨੇ ਮੇਰੇ ਮਨ ਵਿੱਚ ਸ਼ੱਕ ਪੈਦਾ ਕੀਤਾ ਹੈ। ਕਿਤੇ ਇਹ ਤਾਂ ਨਹੀਂ ਕਿ ਕੋਈ ਤੁਹਾਡੇ ਵਰਗੇ ਸਤਿਕਾਰਤ ਨਾਂਅ ਨੂੰ ਵਰਤ ਕੇ ਪਾਠਕਾਂ ਦਾ ਮੌਜੂ ਬਣਾ ਰਿਹਾ ਹੈ!

ਧੰਨਵਾਦੀ ਹੋਵਾਂਗਾ ਜੇਕਰ ਤੁਸੀਂ ਇਹਨਾਂ ਖ਼ਤਾਂ ਦੇ ਅਸਲੀ (ਜਾਂ ਨਕਲੀ) ਹੋਣ ਬਾਰੇ ਮੈਨੂੰ ਇੱਕ ਸਤਰ ਲਿਖ ਭੇਜੋ।

2. ਪਿਆਰੇ ਸੁਕੀਰਤ ਜੀ,

ਮਾਰਕਸ-ਗ਼ਾਲਿਬ ਦੇ ਇਹ ਖ਼ਤ ਮੈਂ ਬਹੁਤ ਸਮਾਂ ਪਹਿਲਾਂ ਇੱਕ ਲਤੀਫੇ ਵਾਂਗ ਲਿਖੇ ਸਨ। ਪਿੱਛੇ ਜਿਹੇ, ‘ਵੌਇਸ ਔਫ਼ ਅਮੈਰਿਕਾ’ ਨੇ ਇੰਨ੍ਹਾਂ ਨੂੰ ਸੰਪਾਦਕੀ ਟਿੱਪਣੀ ਸਮੇਤ ਛਾਪ ਦਿੱਤਾ।ਵੈਬ-ਸੰਪਾਦਕ ਨੂੰ ਜਾਪਿਆ ਕਿ ਲਾਇਬ੍ਰੇਰੀ ਵਿੱਚ ਲੱਭੇ ਹੋਣ ਵਾਲੀ ਗੱਲ ਜੋੜ ਕੇ ਉਹ ਇਸ ਲਤੀਫੇ ਨੂੰ ਹੋਰ ਸੁਆਦਲਾ ਬਣਾ ਰਿਹਾ ਹੈ। ਮੇਰੇ ਇਤਰਾਜ਼ ਕਰਨ ਉੱਤੇ ਉਸਨੇ ਇਸ ਨੂੰ ਹਟਾ ਵੀ ਦਿੱਤਾ। ਪਰ, ਬਹੁਤ ਦੇਰ ਹੋ ਚੁੱਕੀ ਸੀ। ਕੁਝ ਸਾਇਟਾਂ ਨੇ ਇਸਨੂੰ ਆਪਣੇ ਪੰਨਿਆਂ ’ਤੇ ਉਤਾਰ ਲਿਆ ਸੀ। ਕੁਝ ਲੋਕ ਇਸਨੂੰ ਸੰਜੀਦਗੀ ਨਾਲ ਵੀ ਲੈਣ ਲੱਗ ਪਏ। ਜਦੋਂ ਹੀ ਮੈਨੂੰ ਅਜਿਹੀ ਪਹਿਲੀ ਵੈੱਬਸਾਈਟ ਬਾਰੇ ਪਤਾ ਲੱਗਾ, ਮੈਂ ਈ-ਰੁੱਕੇ ਰਾਹੀਂ ਸਥਿਤੀ ਸਪੱਸ਼ਟ ਕਰ ਦਿੱਤੀ। ਪਰ ਉਹਨਾਂ ਨੇ ਗੱਲ ਜਿਉਂ ਦੀ ਤਿਉਂ ਰਹਿਣ ਦਿੱਤੀ।

ਭਲਾ ਮਾਰਕਸ ਉਰਦੂ ਪੜ੍ਹਨੀ-ਲਿਖਣੀ ਕਿੱਥੋਂ ਜਾਣ ਸਕਦਾ ਸੀ? ਇਹ ਤਾਂ ਇਹੋ ਜਿਹੀ ਗੱਲ ਹੈ ਜਿਵੇਂ ਕੋਈ ਕਹੇ ‘ਮਿਰਜਾ ਗ਼ਾਲਿਬ ਪੈਰਿਸ ਵਿੱਚ’। ਇੰਝ ਹੋਇਆ ਨਹੀਂ, ਪਰ ਕੋਈ ਇਸ ਬਾਰੇ ਕਲਪਨਾ ਜਰੂਰ ਕਰ ਸਕਦਾ ਹੈ।

ਆਪਣੀ ਸ਼ੰਕਾ ਜਾਹਰ ਕਰਨ ਲਈ ਤੁਹਾਡਾ ਧੰਨਵਾਦ।

ਹੁਣ ਦੱਸੋ ਪੰਜਾਬੀ ਪਾਠਕਾਂ, ਲੇਖਕਾਂ ਅਤੇ ਸੰਪਾਦਕਾਂ ਨੂੰ ਕੀ ਆਖੀਏ?

(ਸਰਗਰਮੀਆਂ) ਰੁਜਗਾਰ ਪ੍ਰਾਪਤੀ ਸਭਿਆਚਾਰਕ ਮੰਚ....ਜਗਦੀਪ ਮਹੇਸਰੀ



'ਰੁਜ਼ਗਾਰ ਪ੍ਰਾਪਤੀ ਸਭਿਆਚਾਰਕ ਮੰਚ' "ਸਰਾਭਾ ਦਿਨ" 'ਤੇ ਸਟੇਜ ਪੇਸ਼ਕਾਰੀ ਦੌਰਾਨ

ਰੁਜਗਾਰ ਪ੍ਰਾਪਤੀ ਸਭਿਆਚਾਰਕ ਮੰਚ ਪੰਜਾਬ ਨੇ ਸਮੇਂ ਅਤੇ ਹਲਾਤਾਂ ਨੂੰ ਮੁੱਖ ਰੱਖਦਿਆਂ, ਪਿਛਲੇ ਅਰਸੇ ਦੌਰਾਨ ਭਗਤ ਸਿਘ ਦੀ ਵਿਚਾਰਧਾਰਾ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਅਪਣਾ ਅਹਿਮ ਯੋਗਦਾਨ ਪਾਇਆ ਹੈ। ਰੁਜਗਾਰ ਪ੍ਰਾਪਤੀ ਸਭਿਆਚਾਰਕ ਮੰਚ ਵਿਦਿਆਰਥੀਆਂ ਅਤੇ ਨੌਂਜੁਆਨਾ ਦੀ ਲੋਕਪੱਖੀ ਪ੍ਰਤੀਭਾ ਨੂੰ ਉਜਾਗਰ ਕਰਨ ਦਾ ਮੌਕਾ ਪ੍ਰਦਾਨ ਕਰਨ ਵਿੱਚ ਵੱਡੀ ਭੂਮਿਕਾ ਨਿਭਾ ਰਿਹਾ ਹੈ, ਜਿਸ ਦੇ ਫਲਸਰੂਪ ਲਗਾਤਾਰ ਵਿਦਿਆਰਥੀ ਅਤੇ ਨੌਜੁਆਨ ਕਲਾਕਾਰ ਇਸ ਨਾਲ ਜੁੜ ਰਹੇ ਹਨ। ਪਿਛਲੇ ਅਰਸੇ ਦੋਰਾਨ ਮੰਚ ਦੁਆਰਾ ਕਈ ਉਸਾਰੂ ਪੇਸ਼ਕਾਰੀਆਂ ਕੀਤੀਆਂ ਗਈਆਂ, ਜਿਨਾਂ ਵਿਚੋਂ ਬਾਬੇ ਨਾਨਕ ਦੇ ਕਿਰਤ ਸਿਧਾਂਤ ਨੂੰ ਪੇਸ਼ ਕਰਦਾ ਨਾਟਕ “ਇਹ ਲਹੂ ਕਿਸ ਦਾ ਹੈ” ਅਤੇ ਭਗਤ ਸਿੰਘ ਦੀ ਜੀਵਨੀ ਤੇ ਅਧਾਰਤ ਦਵਿੰਦਰ ਦਮਨ ਦੁਆਰਾ ਰਚਿਤ ਨਾਟਕ “ਛਿਪਣ ਤੋਂ ਪਹਿਲਾਂ” ਦੀਆਂ ਪੇਸ਼ਕਾਰੀਆਂ ਅੱਜ ਵੀ ਲੋਕਾਂ ਦੇ ਚੇਤਿਆਂ ਵਿੱਚ ਵਸੀਆਂ ਹਨ। ਮੰਚ ਦੁਆਰਾ ਕੀਤੀਆਂ ਜਾ ਰਹੀਆਂ ਪੇਸ਼ਕਾਰੀਆਂ ਨਾ ਕੇਵਲ ਬੌਧਿਕ ਪੱਖ ਤੋਂ ਉੱਚੀਆਂ ਹੁੰਦੀਆਂ ਹਨ ਬਲਕਿ ਉਹਨਾ ਦੀ ਮੰਚਰੰਗਤ ਵੀ ਉਚੇਚਾ ਧਿਆਨ ਆਕ੍ਰਸ਼ਿਤ ਕਰਦੀ ਹੈ ਜੋ ਦਰਸ਼ਕਾਂ ਦੇ ਮਨਾਂ ਉਪਰ ਅਮਿਟ ਸ਼ਾਪ ਛੱਡਦੀ ਹੈ।ਜਿਥੇ ਰੁਜਗਾਰ ਪ੍ਰਾਪਤੀ ਸਭਿਆਚਾਰਕ ਮੰਚ ਵਲੌਂ ਸਮਾਜਿਕ ਤਬਦੀਲੀ ਨੂੰ ਬਿਆਨ ਕਰਦੇ ਨਾਟਕ ਪੇਸ਼ ਕੀਤੇ ਜਾਦੇ ਹਨ ,ਉਥੇ ਹੀ ਸਮਾਜ ਵਿਚ ਵਾਪਰ ਰਹੇ ਤਤਕਾਲੀ ਮਸਲਿਆਂ ਉਪਰ ਨਾਟਕ ਅਤੇ ਕੋਰੀਓਗ੍ਰਾਫੀਆਂ ਪੇਸ਼ ਕਰ ਕੇ ਲੋਕਾਂ ਨੂੰ ਇਕਜੁੱਟ ਹੋਣ ਦਾ ਸੱਦਾ ਦਿਤਾ ਜਾਦਾ ਹੈ।ਹਾਲ ਹੀ ਵਿੱਚ ਪੰਜਾਬ ਦੇ ਸਿੱਖਿਆ ਮੰਤਰੀ ਵੱਲੌਂ ਪੈਸੇ ਲੈ ਕੇ ਸਰਕਾਰੀ ਸਕੂਲਾਂ ਦੇ ਨਾਮ ਵੇਚਣ ਦੀ ਬੇਤੁਕੀ ਤਜ਼ਵੀਜ਼ ਦੇ ਵਿਰੋਧ ਵਿੱਚ ਮੰਚ ਵੱਲੋਂ ਇਕ ਨੁੱਕੜ ਨਾਟਕ “ਤੀਜਾ ਨੇਤਰ ਵਿਕਾਊ ਹੈ” ਤਿਆਰ ਕੀਤਾ ਗਿਆ ਹੈ, ਜਿਸ ਦੀਆਂ ਪੇਸ਼ਕਾਰੀਆਂ ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ਵਿੱਚ ਕਰਨ ਦਾ ਕੰਮ ਲਗਾਤਾਰ ਜਾਰੀ ਹੈ। ਇਸ ਨਾਟਕ ਦੁਆਰਾ ਇੱਕ ਪਾਸੇ ਸਰਕਾਰ ਦੀ ਤਜਵੀਜ਼ ਅਨੁਸਾਰ ਸਕੂਲਾਂ ਦੇ ਨਾਮ ਪੈਸੇ ਦੇ ਕੇ ਖਰੀਦਣ ਲਈ ਗੁੰਡਾ ਅਨਸਰ, ਬਲੈਕੀਏ ਅਤੇ ਸਰਕਾਰ ਦੀ ਸ਼ਹਿ ਤੇ ਲੋਕਾਂ ਦੇ ਵਿਰੋਧ ਵਿੱਚ ਸਰਕਾਰ ਦੀਆਂ ਨੀਤੀਆਂ ਨੂੰ ਅਨਜਾਮ ਦੇਣ ਵਾਲੇ ਬਦਮਾਸ਼ਾਂ ਦੁਆਰਾ ਬੋਲੀ ਲਗਾਈ ਜਾਂਦੀ ਹੈ, ਉੱਥੇ ਦੂਜੇ ਪਾਸੇ ਵਿਦਿਆਰਥੀਆਂ, ਨੌਜਵਾਨਾਂ ਅਤੇ ਸਮਾਜ ਦੇ ਚੇਤਨ ਲੋਕਾਂ ਦੁਆਰਾ ਵਿਰੋਧ ਕੀਤਾ ਜਾਂਦਾ ਹੈ, ਜੋ ਲੋਕਾਂ ਵੱਲੋਂ ਮੰਗ ਕਰਦੇ ਹਨ ਕਿ ਜੇਕਰ ਸਕੂਲਾਂ ਦੇ ਨਾਮ ਰੱਖਣੇ ਹਨ ਤਾਂ ਸਾਂਝੇ ਹਿੱਤਾ ਲਈ ਕੁਰਬਾਨੀਆਂ ਕਰਨ ਵਾਲੇ ਗੁਰੁਆਂ, ਸ਼ਹੀਦਾਂ ਅਤੇ ਗਦਰੀ ਬਾਬਿਆਂ ਦੇ ਨਾਮ ਤੇ ਰੱਖੇ ਜਾਣੇ ਚਾਹੀਦੇ ਹਨ। ਇਸ ਨਾਟਕ ਨਾਲ ਮੰਚ ਦੇ ਅਦਾਕਾਰ ਜਿੱਥੇ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਸਮੇਤ ਉਹਨਾਂ ਸਾਹਮਣੇ ਪੇਸ਼ ਕਰ ਰਹੇ ਹਨ ਉਥੇ ਰੰਗਕਰਮੀਆਂ ਦੀ ਅਸਲ ਜੁੰਮੇਵਾਰੀ ਨਿਭਾ ਕੇ ਮੋੜਵੀਂ ਖੁਸ਼ੀ ਪ੍ਰਾਪਤ ਕਰ ਰਹੇ ਹਨ। ਰੰਗਮੰਚ ਲੋਕਾਂ ਨੂੰ ਸੇਦ ਦਿੰਦਾ ਹੈ ਅਤੇ ਉਹਨਾਂ ਲਈ ਰਾਹ ਦਰਸੇਵਾ ਬਨਦਾ ਹੈ।ਪਿਛਲੇ ਸਮੇਂ ਦੋਰਾਨ ਕਿਰਤੀ ਲੋਕਾਂ ਦੀ ਤਰਜਮਾਨੀ ਕਰਦੀ ਕੋਰੀਓਗ੍ਰਾਫੀਆਂ “ਅਸੀਂ ਉਹ ਨਹੀਂ ਜੋ ਸਮਝ ਰਹੇ, ਜਦ ਵਕਤ ਆਊ ਤਾਂ ਦੱਸਾਂਗੇ” ਬਹੁਤ ਜਿਆਦਾ ਪ੍ਰਭਾਵਸ਼ਾਲੀ ਸਾਬਤ ਹੋਈ।ਜਿਥੇ ਇਹ ਕੋਰੀਓਗ੍ਰਾਫੀ ਨਰੇਗਾ ਮਜਦੂਰ ਵਿਰੋਧੀ ਅਨਸਰਾਂ ਦੇ ਭੇਦ ਖੋਲਦੀ ਹੈ ਉਥੇ ਮਜਦੂਰਾਂ ਨੂੰ ਹੱਕਾਂ ਦੀ ਪ੍ਰਾਪਤੀ ਲਈ ਲੜਨ ਲਈ ਪ੍ਰੇਰਦੀ ਹੈ।

ਰੁਜਗਾਰ ਪ੍ਰਾਪਤੀ ਸਭਿਆਚਾਰਕ ਮੰਚ ਦਾ ਉਦੇਸ਼ ਸ਼ਹੀਦਾ ਦੇ ਸੁਪਨਿਆ ਨੂੰ ਘਰ ਘਰ ਪਹਚਾਉਣਾ ਅਤੇ ਉਹਨਾਂ ਨੂੰ ਪੂਰਾ ਕਰਨ ਲਈ ਲੁਕਾਂ ਨੂੰ ਲਾਂਮਬੰਦ ਕਰਨਾਂ ਹੈ ।ਜਿਸ ਜਿੰਮੇਵਾਰੀ ਨੂੰ ਮੰਚ ਬਾਖੁਬੀ ਪੂਰਾ ਕਰ ਰਿਹਾ ਹੈ। ਮੰਚ ਲੋਕ ਅਵਾਜ ਨੂੰ ਬੁਲੰਦ ਕਰਨ ਲਈ ਹਮੇਸ਼ਾ ਤਤਪਰ ਹੈ।ਪੰਜਾਬ ਦੇ ਹਾਲਾਤ ਦਿਨੋ ਦਿਨ ਮਾੜੇ ਹੁੰਦੇ ਜਾ ਰਹੇ ਹਨ ਅਤੇ ਪੰਜਾਬ ਦੀ ਸਰਕਾਰ ਲੋਕ ਮਾਰੂ ਨੀਤੀਆਂ ਘੜ ਰਹੀ ਹੈ। ਇਹਨਾਂ ਨੀਤੀਆਂ ਦੇ ਖਿਲਾਫ ਲੋਕਾਂ ਨੂੰ ਜਾਗਰੂਕ ਅਤੇ ਇੱਕਜੁਟ ਕਰਨ ਲਈ ਰੁਜਗਾਰ ਪ੍ਰਾਪਤੀ ਸਭਿਆਚਾਰਕ ਮੰਚ ਲਗਾਤਾਰ ਸਰਗਰਮ ਹੈ।ਮੰਚ ਅਪਣੇ ਨੀਤੀ ਵਾਕ “ਸ਼ਾਡਾ ਉਦੇਸ਼ ਭਗਤ ਸਿੰਘ ਦੇ ਸੁਪਨਿਆਂ ਦਾ ਦੇਸ਼” ਨੂੰ ਪੂਰਾ ਕਰਨ ਲਈ ਲਗਾਤਾਰ ਅੱਗੇ ਵਧ ਰਿਹਾ ਹੈ।

ਸ਼ਹੀਦ ਕਰਤਾਰ ਸਿੰਘ ਸਰਾਭਾ...................ਨਰਿੰਦਰ ਕੌਰ ਸੋਹਲ


ਸ਼ਹੀਦ ਕਰਤਾਰ ਸਿੰਘ ਸਰਾਭਾ
ਮਨੁੱਖ  ਜਾਤੀ ਦੇ ਭਲੇ ਤੋਂ ਵੱਡਾ ਕੋਈ ਕਾਰਜ ਨਹੀਂ। ਇਸ ਨੂੰ ਅਪਣਾਉਂਦਿਆਂ 100 ਵਰੇ ਪਹਿਲਾਂ ਗਦਰ ਦੇ ਮੋਢੀਆਂ ਨੇ ਭਾਰਤ ਨੂੰ ਅਜਾਦ ਕਰਵਾਉਣ ਦੇ ਹੰਭਲੇ ਨਾਲ ਸਾਮਰਾਜਵਾਦ ਦਾ ਰਾਹ ਰੋਕਣ ਅਤੇ ਮਨੁੱਖ ਦੀ ਅਜਾਦੀ ਨੂੰ ਸਮਰਪਿਤ ਸੰਗਰਾਮ ਅਰੰਭਿਆ ਸੀ। ਗਦਰੀਆਂ ਦੀ ਮੁਢਲੀ ਆਗੂ ਟੀਮ ਗੁਣ ਪੱਖੋਂ ਅਦਭੁੱਤ ਸੀ। ਉਨ੍ਹਾਂ ਦੀ ਇਮਾਨਦਾਰੀ, ਲਗਨ, ਨਿਸ਼ਾਨੇ ਪ੍ਰਥੀ ਵਚਨਬੱਧਤਾ ਦੂਜਿਆਂ ਲਈ ਪ੍ਰੇਰਕ ਸੀ। ਉਨ੍ਹਾਂ ਨੇ ਆਪਣੀਆਂ ਸਰਗਰਮੀਆਂ ਦੇ ਕੇਂਦਰ ਦਾ  ਨਾਮ ‘ਯੁਗਾਂਤਰ ਆਸ਼ਰਮ’ ਭਾਵ ਯੁਗ ਪਲਟਾਉ ਕਿਲ੍ਹਾ ਰੱਖਿਆ। ਵਿਦਿਆਰਥੀਆਂ ਦੇ ਸਰਗਰਮੀਆਂ ਦੇ ਕੇਂਦਰ ਦਾ ਨਾਮ ‘ਨਲੰਦਾ ਹੋਸਟਲ’ ਰੱਖਿਆ ਨਾਲੰਦਾ ਹੋਸਟਲ ਬਰਕਲੇ ਦੇ ਵਿਦਿਆਰਥੀ ਭਾਰਤ ਦੀ ਆਜਾਦੀ ਲਈ ਬਣਦੀਆਂ ਜਾ ਰਹੀਆਂ ਸਕੀਮਾਂ ਬਾਬਤ ਲਾਲਾ ਹਰਦਿਆਲ ਨਾਲ ਸਲਾਹ ਮਸ਼ਵਰਾ ਕਰਦੇ ਸਨ।ਇਸ ਸਾਰੇ ਕਾਰਜ ਵਿਚ ਬਹੁਤ ਹੀ ਮਹੱਤਵਪੂਰਨ ਭੁਮਿਕਾ ਨਿਭਾਉਂਣ ਵਾਲਾ ਸੀ ਕਰਤਾਰ ਸਿੰਘ ਸਰਾਭਾ ਜੋ ਪੂਰੀ ਤਨਦੇਹੀ ਨਾਲ ਜੱਥੇਬੰਦੀ ਦੇ ਕੰਮਾਂ ਵਿਚ ਹਿੱਸਾ ਲੈ ਰਿਹਾ ਸੀ।
    ਕਰਤਾਰ ਸਿੰਘ ਸਰਾਭਾ ਦਾ ਜਨਮ 1896 ਵਿਚ ਪਿੰਡ ਸਰਾਭਾ ਜਿਲਾ ਲੁਧਿਆਣੇ ਵਿਚ ਹੋਇਆ ਸੀ। ਉਹ ਮਾਪਿਆਂ ਦੇ ਇਕਲੌਤੇ ਪੁੱਤਰ ਸਨ। ਕਰਤਾਰ ਸਿੰਘ ਸਰਾਭਾ ਦੇ ਦਾਦਾ ਜੀ ਕਰਾਂਤੀਕਾਰੀਆਂ ਦੇ ਹਮਦਰਦ ਸਨ। ਇਉਂ ਦੇਸ਼ ਭਗਤੀ ਦੇ ਜ਼ਜਬੇ ਦੀ ਗੁੜਤੀ ਕਰਤਾਰ ਸਿੰਘ ਸਰਾਭਾ ਨੂੰ ਬਦਨ ਸਿੰਘ (ਦਾਦਾ ਜੀ)  ਤੋਂ ਹੀ ਪ੍ਰਾਪਤ ਹੋਈ। 1912 ਵਿਚ ਕਰਤਾਰ ਸਿੰਘ ਸਰਾਭਾ ਅਮਰੀਕਾ ਚੱਲੇ ਗਏ । ਇਥੇ ਕਰਤਾਰ ਸਿੰਘ ਸਰਾਭਾ ਨੂੰ ਆਪਣੇ ਦੇਸ਼ ਦੀ ਗੁਲਾਮੀ ਦਾ ਅਹਿਸਾਸ ਹੋਇਆ ਤੇ ਉਨ੍ਹਾਂ ਦਾ ਕੋਮਲ ਦਿਲ ਸਖਤ ਹੋਣ ਲੱਗਾ ਅਤੇ ਦੇਸ਼ ਦੀ ਅਜਾਦੀ ਲਈ ਜਿੰਦਗੀ ਕੁਰਬਾਨ ਕਰਨ ਦਾ ਇਰਾਦਾ ਮਜਬੂਤ ਹੁੰਦਾ ਗਿਆ। 1913 ਵਿਚ ਗਦਰ ਪਾਰਟੀ ਦੀ ਸਥਾਪਨ ਕੀਤੀ ਗਈ ਤੇ ਅਖਬਾਰ ਦੀ ਲੋੜ ਮਹਿਸੂਸ ਹੋਣ ਲੱਗੀ। 1913 ‘ਚ ਹੀ ਗਦਰ ਨਾਮੀ ਅਖਬਾਰ ਕੱਢਿਆ ਗਿਆ। ਇਸ ਦੇ ਐਡੀਟੋਰੀਅਲ ਸਟਾਫ ਵਿਚ ਕਰਤਾਰ ਸਿੰਘ ਸਰਾਭਾ ਵੀ ਸ਼ਾਮਿਲ ਸੀ।ਗਦਰ ਪ੍ਰਕਾਸ਼ਨ ਦਾ ਸਖਤ ਮੇਹਨਤ ਵਾਲਾ ਕੰਮ ਕਰਦਿਆਂ ਜਦੋਂ ਉਹ ਥੱਕ ਜਾਂਦੇ ਤਾਂ ਗੀਤ ਗੁਣ-ਗੁਣਾਇਆ ਕਰਦੇ ਸਨ-
                                “ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ,
                                 ਜਿੰਨ੍ਹਾਂ ਦੇਸ਼ ਸੇਵਾ ਵਿਚ ਪੈਰ ਪਾਇਆ, ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ।” 
1914 ਨੂੰ ਕਰਤਾਰ ਸਿੰਘ ਸਰਾਭਾ ਨੇ ਦੇਸ਼ ਵਾਪਸ ਮੁੜਨ ਦਾ ਮਨ ਬਣਾਇਆ ਤੇ ਪੰਜਾਬ ਪਹੁੰਚ ਗਏ। 21 ਫਰਵਰੀ 1915 ਭਾਰਤ ਵਿਚ ਬਗਾਵਤ ਦਾ ਦਿਨ ਮੁਕਰਰ ਹੋਇਆ ਸੀ। ਕਿਰਪਾਲ ਸਿੰਘ ਦੀ ਗਦਾਰੀ ਕਾਰਨ ਸਬ ਕੁਝ  ਢਹਿ-ਢੇਰੀ ਹੋ ਸਕਦਾ ਸੀ, ਸ਼ੱਕ ਪੈਣ ਕਾਰਨ ਕਰਤਾਰ ਸਿੰਘ ਸਰਾਭਾ ਨੇ ਰਾਮ ਬਿਹਾਰੀ ਬੋਸ ਨੂੰ ਬਗਾਵਤ ਦੀ ਤਰੀਕ 21 ਫਰਵਰੀ ਦੀ ਬਜਾਏ 19 ਫਰਵਰੀ ਕਰਨ ਲਈ ਕਿਹਾ । ਇਸ ਦਾ ਵੀ ਪਤਾ ਕਿਰਪਾਲ ਸਿੰਘ ਨੂੰ ਲੱਗ ਗਿਆ। ਕਰਤਾਰ ਸਿੰਘ ਪੰਜਾਹ-ਸੱਠ ਸਿਪਾਹੀਆਂ ਨਾਲ ਪਿਛਲੇ ਫੈਂਸਲੇ ਅਨੁਸਾਰ 19 ਫਰਵਰੀ ਨੂੰ ਫਿਰੋਜਪੁਰ ਜਾ ਪਹੁੰਚੇ। ਕਰਤਾਰ ਸਿੰਘ ਸਰਾਭਾ ਦੀ ਖਾਹਸ਼ ਦੇਸ਼ ਲਈ ਲੜਦੇ-ਲੜਦੇ ਜਾਨ ਦੇਣ ਦੀ ਸੀ ਪਰ ਉਹ ਸਰਗੋਧਾ ਦੇ ਨੇੜੇ ਚੱਕ ਨੰਬਰ ਪੰਜ ਵਿਚ ਫੜੇ ਗਏ।
    ਸਭ ਤੋਂ ਘੱਟ ਉਮਰ ਦੇ ਅਪਰਾਧੀ ਸਰਾਭਾ ਹੀ ਸੀ ਪ੍ਰੰਤੂ ਜੱਜ ਨੇ ਆਪ ਉਸ ਬਾਰੇ ਕਿਹਾ ਸੀ-
“ਉਹ ਇਹਨਾਂ ਅਪਰਾਧੀਆਂ ਵਿਚੋਂ ਸਭ ਤੋਂ ਖਤਰਨਾਕ ਅਪਰਾਧੀਆਂ ਵਿਚ ਇਕ ਹੈ। ਅਮਰੀਕਾ ਦੇ ਸਫਰ ਦੇ ਦੌਰਾਨ ਤੇ ਫਿਰ ਭਾਰਤ ਵਿਚ ਇਸ ਸ਼ਾਜਿਸ਼ ਦਾ ਕੋਈ ਹਿੱਸਾ ਨਹੀਂ ਜਿਸ ਵਿਚ ਇਸ ਨੇ ਉੁਘਾ ਹਿੱਸਾ ਨਾ ਪਾਇਆ ਹੋਵੇ।”
ਡੇਢ ਸਾਲ ਤੱਕ ਮੁਕਦਮਾਂ ਚੱਲਿਆ 16 ਨਵੰਬਰ 1915 ਨੂੰ ਕਰਤਾਰ ਸਿੰਘ ਸਰਾਭਾ ਨੂੰ ਫਾਂਸੀ ਦੇ ਦਿੱਤੀ ਗਈ। ਫਾਂਸੀ ਸਮੇਂ ਸਰਾਭਾ ਦਾ ਭਾਰ ਦਸ ਪੌਂਡ ਵੱਧ ਗਿਆ ਸੀ।
 ਸਭ ਤੋਂ ਛੋਟੀ ਉਮਰ ਦੇ ਸ਼ਹੀਦ ਬਾਰੇ ਵੱਖ-ਵੱਖ ਦੇਸ ਭਗਤਾਂ ਦੀਆਂ ਮਹੱਤਵਪੂਰਨ ਟਿੱਪਣੀਆਂ ਦਰਜ ਹਨ:-
 ਸਚਿੰਦਰ ਨਾਥ ਸਨਿਆਲ ਬਿਆਨਦੇ ਹਨ:- : “ਕਰਤਾਰ ਸਿੰਘ ਸਰਾਭਾ ਉੜੀਸਾ ਵਿਚ ਰੇਵੇਨਸ਼ਾ ਕਾਲਜ ਦੀ ਪਹਿਲੀ ਸ਼੍ਰੇਣੀ ਦੀ ਪੜਾਈ ਸਮਾਪਤ ਕਰਕੇ ਵਿਸ਼ੇਸ਼ ਕਾਰਨਾ ਕਰਕੇ ਅਮਰੀਕਾ ਚਲਾ ਗਿਆ ਸੀ ਉਸ। ਉਸ ਨੇ ਆਪਣੀ ਵਿਚਾਰਧਾਰਾ ਨਾਲ ਮੇਲ ਰੱਖਣ ਵਾਲੇ ਇਕ ਦੋ ਵਿਆਕਤੀਆਂ ਦੀ ਸਹਾਇਤਾ ਨਾਲ ਇਕ ਪੱਤਰ ਕੱਢਣ ਦਾ ਨਿਸਚਾ ਕੀਤਾ। ਏਸੇ ਸਮੇਂ ਪੰਜਾਬ ਦੇ ਪ੍ਰਸਿਧ ਦੇਸ਼ ਭਗਤ ਲਾਲ ਹਰਦਿਆਲ ਭਾਰਤ ਵਿਚ ਕਰਾਂਤੀ ਕਰਨ ਦੀਆਂ ਸਾਰੀਆਂ ਆਸਾਂ ਛੱਡ ਕੇ ਅਮਰੀਕੀ ਸੋਸ਼ਲਿਸ਼ਟਾਂ ਦੇ ਨਾਲ ਨੇੜਤਾ ਬਣਾਉਣ ਦੇ ਯਤਨ ਕਰ ਰਹੇ ਸਨ। ਕਰਤਾਰ ਸਿੰਘ ਅਤੇ ਉਸ ਦੇ ਮਿੱਤਰ ਏਸੇ ਮੌਕੇ ‘ਤੇ ਹਰਦਿਆਲ ਕੋਲ ਪੱਤਰ ਪ੍ਰਕਾਸ਼ਿਤ ਕਰਨ ਦਾ ਪ੍ਰਸਤਾਵ ਲੈ ਕੇ ਹਾਜ਼ਰ ਹੋਏ।ਹਰਦਿਆਲ ਤਾਂ ਪਹਿਲਾਂ ਹੀ ਅਜਿਹੇ ਮੌਕੇ ਦੀ ਭਾਲ ਵਿੱਚ ਸੀ। ਇਸ ਤਰ੍ਹਾਂ ਗਦਰ ਨਾਮ ਦੇ ਪ੍ਰਸਿੱਧ ਅਖਵਾਰ ਦਾ ਪ੍ਰਕਾਸ਼ਨ ਸ਼ੁਰੂ ਹੋਇਆ।” ਬੰਦੀ ਛੋਡ ਵਿਚੋਂ।
    ਬਾਬਾ ਸੋਹਣ ਸਿੰਘ ਭਕਨਾ “ਮੈਂ ਖਿਆਲ ਕਰਦਾਂ ਹਾਂ ਕਿ ਦੁਨੀਆਂ ਦੇ ਇਤਿਹਾਸ ਵਿਚ ਏਨੀ ਛੋਟੀ ਉਮਰ (19 ਸਾਲ) ਵਿਚ ਸ਼ਾਇਦ ਹੀ ਕੋਈ ਜਰਨੈਲ ਹੋਵੇ ਜੋ ਕਰਤਾਰ ਸਿੰਘ ਦਾ ਸਾਨੀ ਹੋਵੇ।… ਸੱਚੀ ਗੱਲ ਤਾਂ ਇਹ ਹੈ ਕਿ ਜੋ ਉਹ ਸੀ, ਉਸ ਦੀ ਜਿੰਦਗੀ ਦਾ ਚਿੱਤਰ ਖਿੱਚਣਾ ਮੇਰੀ ਕਲਮ  ਦੀ ਤਾਕਤ ਤੋਂ ਬਾਹਰ ਹੈ।” ਗਦਰ ਦੀ ਕਹਾਣੀ।
    ਕਾਮਰੇਡ ਅਜੈ ਘੋਸ਼ ਸਕੱਤਰ ਸੀ.ਪੀ.ਆਈ. ਲਿਖਦੇ ਹਨ “ਮੈਂ ਦਿਲੋਂ ਜਾਨ ਨਾਲ ਸ਼ਹੀਦ ਸਰਾਭਾ ਦੀ ਪੂਜਾ ਕਰਦਾ ਸੀ।ਜਿਹੜਾ ਵੀ ਸਰਾਭਾ ਦੀ ਤਾਰੀਫ ਕਰਦਾ ਮੈਂ ਉਸ ਦੀ ਕਦਰ ਕਰਦਾ। ਇਸੇ ਕਰਕੇ ਮੈਨੂੰ ਭਗਤ ਸਿੰਘ ਬਹੁਤ ਪਿਆਰਾ ਲੱਗਦਾ ਸੀ।”
    ਇਸ ਸਭ ਤੋਂ ਛੋਟੀ ਉਮਰ ਦੇ ਸ਼ਹੀਦ ਗਦਰ ਲਹਿਰ ਦੇ ਸਿਰਮੌਰ ਨੌਜਵਾਨ ਆਗੂ ਕਰਤਾਰ ਸਿੰਗ ਸਰਾਭਾ, ਜਿਸ ਨੂੰ ਪਰਮਗੁਣੀ ਭਗਤ ਸਿੰਘ ਆਪਣਾ ਰੋਲ ਮਾਡਲ, ਹੀਰੋ ਸਮਝਦਾ ਸੀ ਦੀ 100 ਸਾਲਾ ਬਰਸੀ 2015 ‘ਚ ਆ ਰਹੀ ਹੈ। ਇਸ ਸ਼ਤਾਬਦੀ ਨੂੰ ਸਮਰਪਿਤ ਰੁਜਗਾਰ ਪ੍ਰਾਪਤੀ ਮੁਹਿੰਮ ਵੱਲੋਂ 17 ਨਵੰਬਰ 2012 ਸਰਾਭਾ ਦਿਵਸ ਨੂੰ ਮੋਗਾ ਵਿਖੇ ਪੰਜਾਬ ਪੱਧਰ ਦਾ ਵੱਡਾ ਇਕੱਠ ਕਰਕੇ ਰੈਲੀ ਕੀਤੀ ਜਾ ਰਹੀ ਹੈ।
    ਅੱਜ ਗਦਰ ਦੇ ਵਾਰਸ਼ਾ ਅੱਗੇ ਦੇਸ਼ ਦੀ ਆਰਥਕ ਅਜ਼ਾਦੀ ਬਣਾਉਣ ਦੀ ਚੁਣੌਤੀ ਹੈ। ਰੁਜਗਾਰ ਤਬਾਹੀ ਦਾ ਤਾਜਾ ਐਫ.ਡੀ.ਆਈ. ਹਮਲਾ ਵਧੇਰੇ ਖਤਰਨਾਕ ਹੈ ਕਿਉਂਕਿ ਇਹ ਦੇਸ਼ ਦੇ ਹਾਕਮਾਂ ਦੀ, ਮਿਲੀਭੁਗਤ ਦਾ ਨਤੀਜਾ ਹੈ। ਇਸ ਦਾ ਟਾਕਰਾ ‘ਸਭ ਲਈ ਕੰਮ ਅਤੇ ਕੰਮ ਦੀ ਪੂਰੀ ਉਜਰਤ/ਤਨਖਾਹ ਹਾਸਿਲ ਕਰਨ ਨਾਲ ਕੀਤਾ ਜਾਣਾ ਹੈ। 21 ਵੀਂ ਸਦੀ ਦੇ ਮਨੁੱਖ ਦੀਆਂ ਪੰਜ ਬੁਨਿਆਦੀ ਲੋੜਾਂ :- ਰੋਟੀ, ਕੱਪੜਾ, ਮਕਾਨ, ਸਿਹਤ ਅਤੇ ਵਿੱਦਿਆ ਹੈ। ਜਦੋਂ ਕਿ ਸਾਡਾ ਨਿਸ਼ਾਨਾ ਇਸ ਤੋਂ ਅੱਗੇ ਖੁਸ਼, ਖੁਸ਼ਹਾਲ, ਸਮਰੱਥ ਅਤੇ ਸਾਂਝੀਵਾਲਤਾ ਦਾ ਸਮਾਜ ਸਿਰਜਣਾ ਹੈ। ਗਲੋਬਲ ਵਿੱਤੀ ਸਰਮਾਏ ਦਾ ਪ੍ਰਬੰਧ ਇਸ ਤੋਂ ਇਨਕਾਰੀ ਹੈ। ਇਹ ਲੜਾਈ ਦਾਰਸ਼ਨਿਕ, ਆਰਥਿਕ, ਸਮਾਜਿਕ , ਸਭਿਆਚਾਰਕ ਆਦਿ ਸਭ ਫਰੰਟਾਂ ਉਪਰ ਲੜੀ ਜਾਣੀ ਹੈ।
    ਰੁਜਗਾਰ ਪ੍ਰਾਪਤੀ ਮੁਹਿੰਮ ਇਸ ਲੜਾਈ ਨੂੰ ਅੱਗੇ ਵਧਾਉਣ ਲਈ ਗਦਰ ਸੂਰਵੀਰਾਂ ਤੋਂ, ਯੋਜਨਾਕਾਰਾਂ ਤੋਂ, ਬੌਧਿਕ ਸਮਰਥਾਂਵਾਨਾ ਤੋਂ, ਸਿਧਾਂਤਕਾਰਾਂ ਤੋਂ, ਗਦਰ ਦੀ ਸੂਝ ਦੇ ਸਰੌਤਾਂ ਅਤੇ ਵਾਰਿਸਾਂ ਦੇ ਤਜ਼ਰਬੇ ਤੋਂ ਰੋਸ਼ਨੀ ਲੈਂਦਿਆਂ ਅੱਗੇ ਵਧਣ ਦਾ ਨਿਸਚਾ ਦੁਹਰਾਉਂਦੀ ਹੈ।   

Sunday, November 18, 2012

ਸਰਾਭਾ ਦਿਵਸ 'ਤੇ ਮੋਗਾ ਦੀ ਵਿਸ਼ਾਲ ਰੈਲੀ

ਸ਼ਹੀਦ ਕਰਤਾਰ  ਸਿੰਘ  ਸਰਾਭਾ ਦਿਵਸ 'ਤੇ ਗਦਰ ਪਾਰਟੀ ਦੇ ਬਾਨੀ ਪ੍ਰਧਾਨ ਬਾਬਾ ਸੋਹਨ  ਸਿੰਘ  ਭਕਨਾ ਨਗਰ ਅਤੇ ਕਰਤਾਰ  ਸਿੰਘ  ਸਰਾਭਾ ਦੇ ਨਾਮ 'ਤੇ ਬਣਾਏ ਪੰਡਾਲ ਮੋਗਾ ਦੇ ਟਾਊਨ ਹਾਲ ਸਟੇਡੀਅਮ ਵਿਚ ਸਰਵ ਭਾਰਤ ਨੌਜਵਾਨ ਸਭਾ, ਆਲ ਇੰਡੀਆ ਸਟੂਡੈਂਟਸ ਫੈੱਡਰੇਸ਼ਨ ਅਤੇ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਵਲੋਂ ਸਾਂਝੇ ਤੌਰ 'ਤੇ ਵਿਸ਼ਾਲ ਸੂਬਾਈ ਇਕੱਠ ਕੀਤਾ ਗਿਆ। ਜਿਸ ਵਿਚ ਹਜ਼ਾਰਾਂ ਨੌਜਵਾਨਾਂ ਕੁੜੀਆਂ-ਮੁੰਡੇ ਅਤੇ ਨਰੇਗਾ ਕਾਮੇ ਬਹੁਤ ਹੀ ਜੋਸ਼ੋ-ਖਰੋਸ਼ ਨਾਲ ਸ਼ਾਮਲ ਹੋਏ। ਸ਼ਹਿਰ ਦੇ ਚਾਰ ਚੁਫੇਰੇ ਮਹਾਨ ਗਦਰੀ ਦੇਸ਼ ਭਗਤਾਂ ਅਤੇ ਉੱਘੀਆਂ ਸ਼ਖਸੀਅਤਾਂ ਵਿਚੋਂ ਬਾਬਾ ਬਚਨ ਸਿੰਘ ਘੋਲੀਆਂ, ਲਾਲਾ ਲਾਜਪਤ ਰਾਏ ਢੁੱਡੀਕੇ, ਬਾਬਾ ਨਿਧਾਨ ਸਿੰਘ ਮਹੇਸਰੀ, ਬਾਬਾ ਉਜਾਗਰ ਸਿੰਘ ਬੁੱਧ ਸਿੰਘ ਵਾਲਾ, ਬਾਬਾ ਨਿਧਾਨ ਸਿੰਘ ਚੁੱਘਾ, ਬਾਬਾ ਰੂੜ ਸਿੰਘ ਚੂਹੜ ਚੱਕ, ਬਾਬਾ ਕੇਹਰ ਸਿੰਘ ਮਾਹਲਾ, ਉੱਘੇ ਟਰੇਡ ਯੂਨੀਅਨ ਆਗੂ ਸਤੀਸ਼ ਲੂੰਬਾ, ਮਹਾਨ ਸੁਤੰਤਰਤਾ ਸੈਨਾਨੀ ਕਾਮਰੇਡ ਰੁਲਦੂ ਖਾਨ, ਕਿਰਤੀ ਆਗੂ ਅਮੋਲਕ ਸਿੰਘ, ਮੁਲਾਜ਼ਮਾਂ ਦੇ ਨਿਧੱੜਕ ਆਗੂ ਨਛੱਤਰ ਧਾਲੀਵਾਲ, ਬਾਈ ਗੁਰਮੇਲ ਸਿੰਘ ਅਤੇ ਬਲਵਿੰਦਰ ਸਿੰਘ ਸੰਧੂ ਦੀ ਯਾਦ ਵਿਚ ਗੇਟ ਬਣਾਏ ਗਏ। ਰੈਲੀ ਨੂੰ ਸੰਬੋਧਨ ਕਰਦਿਆਂ 'ਰੁਜ਼ਗਾਰ ਪ੍ਰਾਪਤੀ ਮੁਹਿੰਮ' ਦੇ ਮੁੱਖ ਸਲਾਹਕਾਰ ਸਾਥੀ ਜਗਰੂਪ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਦੇ ਅੰਦੋਲਨ ਵਿਚ ਸਭ ਤੋਂ ਛੋਟੀ ਉਮਰ ਦੇ ਮਤਵਾਲੇ ਸ਼ਹੀਦ ਕਰਤਾਰ ਸਿੰਘ  ਸਰਾਭਾ ਨੇ ਬਰਾਬਰੀ ਅਤੇ ਸਮਾਜਿਕ ਨਿਆਂ ਵਾਲਾ ਸਮਾਜ ਉਸਾਰਨ ਲਈ ਆਪਣੀ ਜਾਨ ਕੁਰਬਾਨ ਕੀਤੀ ਪਰ ਅਫਸੋਸ ਹੈ ਕਿ ਸਰਾਭਾ ਦੀ ਸ਼ਹਾਦਤ ਦੇ 97 ਸਾਲ ਬੀਤ ਜਾਣ ਤੋਂ ਬਾਅਦ ਵੀ ਭਾਰਤ ਦੇਸੀ ਅਤੇ ਵਿਦੇਸ਼ੀ ਹਾਕਮਾਂ ਦੀ ਲੁੱਟ ਅਤੇ ਬੇਇਨਸਾਫੀ ਤੋਂ ਆਜ਼ਾਦ ਨਹੀਂ ਹੋ ਸਕਿਆ। ਹਾਕਮਾਂ ਦੀ ਬੇਇਨਸਾਫੀ ਦਾ ਸਿੱਟਾ ਹੈ ਕਿ ਅੱਜ ਇਕ ਪਾਸੇ ਚੋਟੀ ਦੇ ਕੁਝ ਅਮੀਰਾਂ ਕੋਲ ਪੈਸੇ ਦੇ ਭੰਡਾਰ ਜਮ੍ਹਾ ਹਨ ਅਤੇ ਦੂਜੇ ਪਾਸੇ ਅੰਨ ਤੋਂ ਤਰਸਦੇ ਗਰੀਬਾਂ ਦੀ ਗਿਣਤੀ ਭਾਰਤ ਵਿਚ 90 ਕਰੋੜ ਤੋਂ ਉਪਰ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਨਰੇਗਾ ਕਾਨੂੰਨ ਹਰ ਪਿੰਡਾਂ ਵਿਚ ਰਹਿੰਦਾ ਪਰਿਵਾਰ ਕੰਮ ਜਾਂ ਬੇਰੁਜ਼ਗਾਰੀ ਭੱਤੇ ਦੇ ਰੂਪ ਵਿਚ 16660 ਰੁਪਏ ਸਾਲ ਦੇ ਲੈਣ ਦਾ ਹੱਕਦਾਰ ਹੈ। ਉਨ੍ਹਾਂ ਕਿਹਾ ਕਿ ਨਰੇਗਾ ਦੀ ਦਿਹਾੜੀ 350 ਰੁਪਏ ਅਤੇ ਸਾਲ ਵਿਚ 200 ਦਿਨ ਦਾ ਕੰਮ ਮਿਲਣਾ ਚਾਹੀਦਾ ਹੈ। ਸਰਵ ਭਾਰਤ ਨੌਜਵਾਨ ਸਭਾ ਦੇ ਸਾਬਕਾ ਕੁਲ ਹਿੰਦ ਪ੍ਰਧਾਨ ਪ੍ਰਿਥੀਪਾਲ ਸਿੰਘ ਮਾੜੀਮੇਗਾ ਨੇ ਕਿਹਾ ਕਿ ਸ਼ਤਾਬਦੀ ਵਰ੍ਹੇ ਦੌਰਾਨ ਅਸੀਂ ਗਦਰੀ ਦੇਸ਼ ਭਗਤਾਂ ਦੇ ਪਿੰਡਾਂ ਤਕ ਪਹੁੰਚ ਕਰਕੇ ਉਨ੍ਹਾਂ ਦੀ ਮਹਾਨ ਸੋਚ ਅਤੇ ਕੁਰਬਾਨੀ ਬਾਰੇ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਗਦਰ ਪਾਰਟੀ ਦੀ ਰੂਹ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ 100 ਸਾਲਾ ਬਰਸੀ (2015) ਦੇ ਸਮਾਗਮ ਵੱਲ ਵਧਣਾ ਪਵੇਗਾ। ਸਾਡੀ ਮੁੱਖ ਮੰਗ ਹੈ ਕਿ ਕੰਮ ਦਿਹਾੜੀ ਕਾਨੂੰਨ ਦੁਆਰਾ ਛੋਟੀ ਕੀਤੀ ਜਾਵੇ ਅਤੇ 18 ਤੋਂ 58 ਸਾਲ ਦੇ ਹਰੇਕ ਬੇਰੁਜ਼ਗਾਰ ਵਿਅਕਤੀ ਨੂੰ ਕੰਮ ਦਿੱਤਾ ਜਾਵੇ। ਜੇ ਸਰਕਾਰ ਕੰਮ ਦੇਣ ਵਿਚ ਅਸਫਲ ਰਹਿੰਦੀ ਹੈ ਤਾਂ ਹਰੇਕ ਬੇਰੁਜ਼ਗਾਰ ਵਿਅਕਤੀ ਨੂੰ ਘੱਟੋ-ਘੱਟ ਉਜਰਤ ਦੇ ਕਾਨੂੰਨ ਅਨੁਸਾਰ ਕੰਮ ਇੰਤਜ਼ਾਰ ਭੱਤਾ ਦਿੱਤਾ ਜਾਵੇ। ਏ. ਆਈ. ਐੱਸ. ਐੱਫ. ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਢਾਬਾਂ ਨੇ ਕਿਹਾ ਕਿ ਕਰਤਾਰ ਸਿੰਘ ਸਰਾਭਾ ਭਾਰਤ ਵਿਚ ਬਰਾਬਰੀ ਵਾਲਾ ਸਮਾਜ ਸਿਰਜਣ ਦੇ ਅਹਿਦ ਨਾਲ ਗਦਰ ਲਹਿਰ ਵਿਚ ਸ਼ਾਮਲ ਹੋਇਆ। ਉੱਚੀਆਂ ਡਿਗਰੀਆਂ, ਨੌਕਰੀਆਂ ਆਦਿ ਤਕ ਸਿਰਫ ਅਮੀਰਾਂ ਦੇ ਬੱਚੇ ਪੁੱਜ ਰਹੇ ਹਨ, ਗਰੀਬਾਂ ਦੇ ਬੱਚੇ ਬਹੁਤ ਪਿੱਛੇ ਰਹਿ ਜਾਂਦੇ ਹਨ। ਇਸ ਕਰਕੇ ਸਾਡੀ ਮੰਗ ਹੈ ਕਿ ਹਰੇਕ ਬੱਚੇ ਨੂੰ 10 +2 ਤਕ ਵਿਦਿਆ ਮੁਫ਼ਤ ਅਤੇ ਲਾਜ਼ਮੀ ਦਿੱਤੀ ਜਾਵੇ। ਅਧਿਆਪਕ ਘਾਟ ਤੁਰੰਤ ਪੂਰੀ ਕਰਨ ਲਈ 20 ਵਿਦਿਆਰਥੀਆਂ ਪਿੱਛੇ 1 ਅਧਿਆਪਕ ਭਰਤੀ ਕੀਤਾ ਜਾਵੇ, ਵਿਦਿਆਰਥੀ ਬੱਸ ਪਾਸ ਸਹੂਲਤ ਪ੍ਰਾਈਵੇਟ ਬੱਸਾਂ 'ਤੇ ਵੀ ਲਾਗੂ ਕੀਤਾ ਜਾਵੇ। ਸਰਵ ਭਾਰਤ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਕਸ਼ਮੀਰ ਸਿੰਘ  ਗਦਾਈਆ ਨੇ ਕਿਹਾ ਕਿ ਹਰੇਕ ਬਲਾਕ ਪੱਧਰ 'ਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਭਵਨ ਉਸਾਰੇ ਜਾਣ। ਉਨ੍ਹਾਂ ਅਫਸੋਸ ਜ਼ਾਹਿਰ ਕੀਤਾ ਕਿ ਪੰਜਾਬ ਸਰਕਾਰ ਸ਼ਹੀਦਾਂ ਦੇ ਘਰਾਂ ਦੀ ਸਾਂਭ ਸੰਭਾਲ ਕਰਨ ਦੀ ਥਾਂ 'ਤੇ ਉਨ੍ਹਾਂ ਦੇ ਘਰਾਂ ਨੂੰ ਨਿਲਾਮ ਕਰ ਰਹੀ ਹੈ, ਜਿਵੇਂ ਕਿ ਪਿਛਲੇ ਦਿਨਾਂ ਵਿਚ ਸ਼ਹੀਦ ਮਦਨ ਲਾਲ ਢੀਂਗਰਾ ਦਾ ਘਰ ਕਿਸੇ ਭੂ-ਮਾਫੀਏ ਨੇ ਖ੍ਰੀਦ ਕੇ ਢਾਹ ਦਿੱਤਾ, ਇਹ ਘਰ ਅੰਮ੍ਰਿਤਸਰ ਵਿਚ ਸੀ। ਸਾਡੀ ਮੰਗ ਹੈ ਕਿ ਸ਼ਹੀਦ ਮਦਨ ਲਾਲ ਢੀਂਗਰਾ ਦੇ ਘਰ ਵਾਲੀ ਥਾਂ 'ਤੇ ਕੌਮੀ ਯਾਦਗਾਰ ਬਣਾਈ ਜਾਵੇ। ਨਰਿੰਦਰ ਕੌਰ ਸੋਹਲ ਨੇ ਕਿਹਾ ਕਿ ਸਰਕਾਰ ਨੇ ਸਰਕਾਰੀ, ਅਰਧ-ਸਰਕਾਰੀ ਅਤੇ ਛੋਟੀ ਅਤੇ ਦਰਮਿਆਨੀ ਕਾਰਖ਼ਾਨੇਦਾਰੀ ਨੂੰ ਤਬਾਹ ਕਰਕੇ ਲੋਕਾਂ ਨੂੰ ਕੰਮ ਤੋਂ ਬੇਕਾਰ ਕਰ ਦਿੱਤਾ ਹੈ। ਪ੍ਰਚੂਨ ਦੁਕਾਨਦਾਰੀ ਵਿਚ ਸਿੱਧੇ ਵਿਦੇਸ਼ੀ ਨਿਵੇਸ਼ ਨੂੰ ਮਨਜ਼ੂਰੀ ਦੇ ਕੇ ਸਰਕਾਰ ਨੇ ਛੋਟੀ ਅਤੇ ਦਰਮਿਆਨੀ ਦੁਕਾਨਦਾਰੀ ਨਾਲ ਧਰੋਅ ਕਮਾਇਆ ਹੈ। ਆਲ ਇੰਡੀਆ ਆਸ਼ਾ ਵਰਕਰਜ਼ ਯੂਨੀਅਨ ਏਟਕ ਪੰਜਾਬ ਦੀ ਪ੍ਰਧਾਨ ਅਮਰਜੀਤ ਕੌਰ ਰਣ ਸਿੰਘ ਵਾਲਾ ਨੇ ਕਿਹਾ ਕਿ ਆਸ਼ਾ ਵਰਕਰਾਂ ਦੀ ਡਿਊਟੀ ਤਾਂ ਬਹੁਤ ਸਖਤ ਹੈ ਪਰ ਤਨਖਾਹ ਕੰਮ ਅਨੁਸਾਰ ਨਹੀਂ ਹੈ। ਸਾਡੀ ਮੰਗ ਹੈ ਕਿ ਆਸ਼ਾ ਵਰਕਰਾਂ ਨੂੰ ਰੈਗੂਲਰ ਮੁਲਾਜ਼ਮਾਂ ਦੀ ਤਰ੍ਹਾਂ ਤਨਖਾਹ ਦਿੱਤੀ ਜਾਵੇ। ਇਸ ਮੌਕੇ 'ਤੇ ਸਰਵ ਭਾਰਤ ਨੌਜਵਾਨ ਸਭਾ ਪੰਜਾਬ ਦੇ ਜਨਰਲ ਸਕੱਤਰ ਕੁਲਦੀਪ ਸਿੰਘ ਭੋਲਾ, ਏ. ਆਈ. ਐੱਸ. ਐੱਫ. ਪੰਜਾਬ ਦੇ ਸਕੱਤਰ ਸੁਖਜਿੰਦਰ ਸਿੰਘ ਮਹੇਸਰੀ, ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ ਦੇ ਪ੍ਰਧਾਨ ਗੁਰਦੇਵ ਸਿੰਘ ਅਤੇ ਸਕੱਤਰ ਜਗਦੀਸ਼ ਸਿੰਘ ਚਾਹਲ, ਬਿਜਲੀ ਬੋਰਡ ਯੂਨੀਅਨ ਦੇ ਪ੍ਰਧਾਨ ਸਤਨਾਮ ਸਿੰਘ ਛਲੈਡੀ, ਸਕੱਤਰ ਰਾਜ ਸ਼ਰਮਾ, ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਏਟਕ ਦੇ ਪ੍ਰਧਾਨ ਸ਼ੇਰ  ਸਿੰਘ ਦੌਲਤਪੁਰਾ, ਸਕੱਤਰ ਜਗਸੀਰ ਸਿੰਘ ਖੋਸਾ, ਆਂਗਨਵਾੜੀ ਵਰਕਰ ਯੂਨੀਅਨ ਏਟਕ ਦੀ ਪ੍ਰਧਾਨ ਸਰੋਜ ਰਾਣੀ, ਮੰਜੂ ਬਾਲਾ, ਬਲਕਰਨ ਸਿੰਘ  ਮੋਗਾ, ਦਰਸ਼ਨ ਟੂਟੀ, ਪੋਹਲਾ ਸਿੰਘ, ਚਰਨਜੀਤ ਛਾਂਗਰਾਏ, ਹੰਸ ਰਾਜ ਗੋਲਡਨ, ਦਵਿੰਦਰ ਸੋਹਲ, ਪਵਨ ਕੁਮਾਰ ਮੋਹਕਮਪੁਰਾ, ਸੁਭਾਸ਼ ਕੈਰੇ, ਰਜਿੰਦਰ ਮੰਡ ਵਕੀਲ, ਦਿਲਬਾਗ ਸਿੰਘ ਅਟਵਾਲ, ਸੁਮੀਤ ਸ਼ੰਮੀ, ਡਾ. ਮਨਿੰਦਰ ਸਿੰਘ ਧਾਲੀਵਾਲ, ਡਾ. ਸਰਬਜੀਤ ਸਿੰਘ ਬਨਵਾਲਾ, ਨਿਰਭੈ  ਸਿੰਘ ਮਾਨਸਾ, ਜਗਤਾਰ ਸਿੰਘ ਅਨਜਾਣ, ਕਰਮਵੀਰ ਬੱਧਨੀ, ਵਿੱਕੀ ਮਹੇਸਰੀ, ਖਰੈਤੀ ਲਾਲ ਬੱਘੇ ਆਦਿ ਹਾਜ਼ਰ ਸਨ।

Tuesday, November 6, 2012

ਗਦਰੀ ਬਾਬੇ ਸਾਡੇ ਅੱਜ ਵੀ ਰਾਹ ਦਸੇਰੇ ਹਨ -ਕਾਮਰੇਡ ਜਗਰੂਪ

ਜਿਲ੍ਹੇ ਦੇ ਗਦਰੀ ਬਾਬਿਆਂ ਦੇ ਪਰਿਵਾਰਾਂ ਨੂੰ ਸਨਮਾਨਿਤ ਕਰਦੇ ਹੋਏ ਆਗੂ 
ਨਿਹਾਲ ਸਿੰਘ ਵਾਲਾ (ਮਿੰਟੂ ਖੁਰਮੀਂ) ਗਦਰੀ ਬਾਬਾ ਬਚਨ ਸਿੰਘ ਘੋਲੀਆ, ਦੁੱਲਾ ਸਿੰਘ ਜਲਾਲੀਵਾਲ, ਬਾਬਾ ਰੂੜ ਸਿੰਘ ਚੂਹੜਚੱਕ ਉਜਾਗਰ ਸਿੰਘ ਬੁੱਧ ਸਿੰਘ ਵਾਲਾ, ਕੇਹਰ ਸਿੰਘ ਮਾਹਲਾ,ਕਰਤਾਰ ਸਿੰਘ ਚੰਦ ਨਵਾਂ,ਬਾਬਾ ਅਰਜਣ ਸਿੰਘ ਖੁਖਰਾਣਾਂ, ਨਿਧਾਨ ਸਿੰਘ ਮਹੇਸਰੀ,ਬਾਬਾ ਪਾਲਾ ਸਿੰਘ ਢੁਡੀਕੇ, ਅਤੇ ਹੋਰ ਹਜਾਰਾਂ ਗਦਰੀ ਬਾਬੇ ਅਤੇ ਬੇਨਾਮ ਸਹੀਦ ਸਾਡਾ ਮਾਣਯੋਗ ਸਰਮਾਇਆ ਹਨ, ਜਿੰਨ੍ਹਾਂ ਨੇ ਆਪਣਾਂ ਆਪ ਵਾਰ ਕੇ ਸਾਨੂੰ ਅੱਜ ਅਜਾਦ ਫਿਜਾ ਵਿੱਚ ਸਾਹ ਲੈਣ ਦੀ ਅਜਾਦੀ ਆਪਣਾਂ ਆਪ ਸਭ ਕੁੱਝ ਲੁੱਟਾ ਕੇ ਲੈਕੇ ਦਿੱਤੀ ਹੈ। ਅੱਜ ਸਾਡਾ ਫ਼ਰਜ ਬਣਦਾ ਹੈ ਕਿ ਅਸੀ ਉਹਨਾਂ ਪਰਵਾਨਿਆਂ ਨੂੰ ਯਾਦ ਕਰੀਏ, ਤੇ ਸਿਰਫ਼ ਯਾਦ ਹੀ ਨਾਂ ਕਰੀਏ ਉਹਨਾਂ ਦੇ ਕੀਤੇ ਮਹਾਨ ਕਾਰਜਾਂ ਨੂੰ ਪੜੀਏ ਅਤੇ ਅੱਜ ਦੇ ਨਿੱਘਰ ਰਹੇ ਭਾਰਤ ਨੂੰ ਹੋਰ ਨਿਵਾਣ ਵਿੱਚ ਜਾਣ ਤੋਂ ਬਚਾਊਣ ਲਈ ਉਹਨਾਂ ਦੁਆਰਾ ਦੱਸੇ ਰਾਹ ਤੇ ਚੱਲ ਕੇ  ਸੰਘਰਸ ਕਰ ਕੇ ਬਚਾਉਣ ਦਾ ਉਪਰਾਲਾ ਕਰੀਏ। ਇਹਨਾਂ ਸਬਦਾਂ ਦਾ ਪ੍ਰਗਟਾਵਾ  ਕੱਲ ਸਾਬਕਾ ਵਿਧਾਇਕ ਅਤੇ ਗਦਰੀ ਬਾਬਾ ਬਚਨ ਸਿੰਘ ਜੀ ਘੋਲੀਆ ਦੀ 29 ਵੀ ਬਰਸੀ ਦੇ ਸਬੰਧੀ ਹੋਏ ਸਮਾਗਮ ਵਿੱਚ ਭਾਰਤੀ ਕਮਿਊਨਿਸਟ ਪਾਰਟੀ ਦੇ ਕੌਮੀਂ ਕੌਸਲ ਮੈਂਬਰ ਕਾਮਰੇਡ ਜਗਰੂਪ ਨੇ ਬਾਬਾ ਜੀ ਦੀ ਬਰਸੀ ਤੇ ਇਕੱਤਰ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਕੀਤਾ, ਇਸ ਸਮੇਂ ਬੋਲਦਿਆਂ ਕਾਮਰੇਡ ਜਗਰੂਪ ਨੇ ਕਿਹਾ ਕਿ ਅੱਜ ਕੁੱਲ ਦੁਨੀਆਂ ਦੀ ਅਬਾਦੀ ਸੱਤ ਸੌ ਕਰੋੜ ਹੈ ਜਿਸ ਵਿੱਚੋਂ ਸੌ ਕਰੋੜ ਦੇ ਕਰੀਬ ਮਨੁੱਖ ਹਿੰਦੋਸਤਾਨ ਵਿੱਚ ਆਪਣੀ ਜਿੰਦਗੀ ਕੱਟ ਰਹੇ ਹਨ ਜਿੰਨ੍ਹਾਂ ਵਿੱਚੋਂ ਅਖੌਤੀ ਬੇਈਮਾਨ ਲੀਡਰਾਂ ਦੇ Ḕਸਾਇੰਨਿੰਗ ਇੰਡੀਆ" ਵਿੱਚ ਪੰਜਾਹ ਕਰੋੜ ਦੇ ਕਰੀਬ ਮਨੁੱਖਾਂ ਕੋਲ ਨਾਂ ਰਹਿਣ ਲਈ ਛੱਤ ਹੈ ਅਤੇ ਹੱਡ ਭੰਨਵੀਂ ਮਿਹਨਤ ਕਰਨ ਦੇ ਵਾਬਜੂਦ ਨਾਂ ਦੋ ਡੰਗ ਦੀ ਰੋਟੀ ਹੀ ਜੁੜਦੀ ਹੈ। ਲੋਕ ਭੁੱਖ ਨਾਲ ਮਰ ਰਹੇ ਹਨ ਪਰ ਦੇਸ ਦੇ ਗੁਦਾਮ ਅਨਾਜ ਨਾਲ ਤੂੜੇ ਪਏ ਹਨ। ਉਹਨਾਂ ਬੋਲਦਿਆਂ ਕਿਹਾ ਕਿ ਦੇਸ ਦੇ ਗੁਦਾਮਾਂ ਵਿੱਚ ਅੱਠ ਕਰੋੜ ਟਨ ਅਨਾਜ ਗਲ ਰਿਹਾ ਹੈ, ਅਸੀਂ ਮੰਗ ਕਰਦੇ ਹਾਂ ਕਿ ਇਹ ਅਨਾਜ ਦੇਸ ਦੇ ਗਰੀਬ ਲੋਕਾਂ ਨੂੰ ਸਸਤੀ ਦਰ ਤੇ ਮੁਹੱਈਆ ਕਰਵਾਇਆ ਜਾਵੇ।ਕਾਮਰੇਡ ਜਗਰੂਪ ਨੇ ਸਮੂੰਹ ਪੰਜਾਬ ਦੇ ਲੋਕਾਂ ਨੂੰ 17 ਨਵੰਬਰ ਨੂੰ ਛੋਟੀ ਉਮਰ ਦੇ ਗਦਰੀ ਸਹੀਦ ਕਰਤਾਰ ਸਿੰਘ ਸਰਾਭਾ ਨੂੰ ਸਰਧਾਜਲੀਆਂ ਭੇਂਟ ਕਰਨ ਮੋਗਾ ਦੀ ਧਰਤੀ ਤੇ ਪਹੁੰਚਣ ਦੀ ਅਪੀਲ ਵੀ ਕੀਤੀ। ਇਸ ਸਮਾਗਮ ਵਿੱਚ ਬੋਲਦਿਆਂ ਆਲ ਇੰਡੀਆ ਟਰੇਡ ਯੂਨੀਅਨ ਕੌਸਲ ਵੱਲੋਂ ਕਾਮਰੇਡ ਨਿਰਮਲ ਧਾਲੀਵਾਲ ਨੇ ਕਿਹਾ ਕਿ ਗਦਰੀ ਬਾਬੇ ਅਤੇ ਹੋਰ ਹਜਾਰਾਂ ਸਹੀਦ ਸਾਡੀ ਅਣਮੋਲ ਵਿਰਾਸਤ ਹਨ। ਜਿੰਨਾਂ ਦੁਆਰਾ ਕੁਰਕ ਕਰਵਾਈਆਂ ਜਾਇਦਾਦਾਂ, ਜੇਲਾਂ ਵਿੱਚ ਰੋਲੀਆਂ ਜਵਾਨੀਆਂ, ਅਤੇ ਸਾਡੇ ਲਈ ਗਲਾਂ ਵਿੱਚ ਪੁਆਏ ਫਾਸੀ ਦੇ ਰੱਸੇ ਅੱਜ ਵੀ ਅਹਿਮੀਅਤ ਰੱਖਦੇ ਹਨ ਅਤੇ ਸਦਾ ਪਰੇਰਨਾਂ ਸਰੋਤ ਰਹਿਣਗੇ। ਇਸ ਸਮੇਂ ਕਾਮਰੇਡ ਧਾਲੀਵਾਲ ਨੇ ਬੋਲਦਿਆਂ ਕਿਹਾ ਕਿ ਗਦਰੀ ਬਾਬਿਆਂ ਨੇ ਆਪ ਮੁਸੀਬਤਾਂ ਝੱਲ ਕੇ ਅੰਗਰੇਜਾਂ ਦੀ ਗੁਲਾਮੀਂ ਤੋਂ ਅਜਾਦ ਕਰਵਾਇਆ ਭਾਰਤ ਅੱਜ ਗਲਤ ਹੱਥਾਂ ਵਿੱਚ ਪੈਕੇ ਹਿੰਦੋਸਤਾਨ ਤੋਂḔ ਘੁਟਾਲਾ ਸਤਾਨ ਬਣ ਚੁੱਕਿਆ ਹੈ, ਉਹਨਾਂ ਕਿਹਾ ਕਿ ਅੱਗੇ ਸੁਣਦੇ ਸਾਂ ਕਿ ਇੱਕ ਪ੍ਰਧਾਨ ਮੰਤਰੀ ਨੇ 64 ਕਰੋੜ ਰੁਪਏ ਰਿਸਵਤ ਖਾਧੀ ਸੀ, ਪਰ ਅੱਜ ਕੱਲ ਕਾਗਰਸ ਦੇ ਰਾਜ ਵਿੱਚ ਘੋਟਾਲੇ ਬਾਜਾਂ ਨੇ ਅਜਿਹੀ ਰੇਸ ਫੜੀ ਹੈ ਤੇ ਗੱਲ ਕਰੋੜਾਂ ਅਰਬਾਂ ਤੋਂ ਵੀ ਅੱਗੇ ਨਿੱਕਲ ਗਈ ਹੈ ਤੇ ਲਿਖਣ ਵਾਲਾ ਸਿਫਰਾਂ ਲਿਖਦਾ ਹੀ ਥੱਕ ਜਾਵੇਗਾ। ਇਸ ਸਮੇਂ ਨੌਜਵਾਨ ਭਾਰਤ ਸਭਾ ਵੱਲੋਂ ਕੁਲਦੀਪ ਭੋਲਾ ਨੇ ਬੋਲਦਿਆਂ ਕਿਹਾ ਕਿ ਆਉਣ ਵਾਲੀ 17 ਨਵੰਬਰ ਦਾ ਮੋਗਾ ਦੀ ਧਰਤੀ ਤੇ ਗਦਰੀ ਸਹੀਦ ਕਰਤਾਰ ਸਿੰਘ ਸਰਾਭਾ ਦੀ ਯਾਦ ਵਿੱਚ ਹੋ ਰਿਹਾ ਸਹੀਦੀ ਸਮਾਗਮ ਇੱਕ ਯਾਦਗਾਰੀ ਸਮਾਗਮ ਹੋਵੇਗਾ । ਉਹਨਾਂ ਕਿਹਾ ਕਿ ਇਹਨਾਂ ਸਹੀਦੀ ਸਮਾਗਮਾਂ ਦੀ ਮਹੱਤਤਾ  ਉਦੋਂ ਜਦੋਂ ਚਾਰੇ ਪਾਸੇ ਅਫਰਾਤਫਰੀ ਦਾ ਮਹੌਲ ਹੋਵੇ , ਕਿਸੇ ਧੀ ਭੈਣ ਦੀ ਇੱਜਤ ਸੁਰੱਖਿਅਤ ਨਾਂ ਹੋਵੇ, ਜਦੋਂ ਕੰਮ ਦੀ ਤਲਾਸ ਵਿੱਚ ਡਿਗਰੀ ਹੋਲਡਰ ਧੱਕੇ ਵੀ ਖਾ ਰਹੇ ਹੋਣ ਤੇ ਉਹਨਾਂ ਨੂੰ ਕੰਮ ਮਿਲਣ ਦੀ ਜਗ੍ਹਾ ਡਾਗਾਂ ਮਿਲਣ ਤਾਂ ਹੋਰ ਵਧ ਜਾਂਦੀ ਹੈ, ਉਹਨਾਂ ਕਿਹਾ ਕਿ ਅੱਜ ਦਾ  ਸਮਾਂ ਇੱਕ ਵਾਰ ਫਿਰ ਇਹਨਾਂ ਦੇਸੀ ਅੰਗਰੇਜਾਂ ਖਿਲਾਫ ਗਦਰ ਦੀ ਮੰਗ ਕਰਦਾ ਹੈ। ਉਹਨਾਂ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਲਈ ਉਹਨਾਂ ਨੂੰ ਨਿੱਠ ਕੇ ਗਦਰੀ ਬਾਬਿਆਂ ਅਤੇ ਹੋਰ ਅਜਾਦੀ ਪਰਵਾਨਿਆਂ ਦਾ ਇਤਿਹਾਸ ਵਾਚਣਾਂ ਪਵੇਗਾ, ਇਸ ਸਮਾਗਮ ਨੂੰ ਗਦਰ ਲਹਿਰ ਦੇ ਉੱਘੇ ਇਤਿਹਾਸਕਕਾਰ ਕਾਮਰੇਡ ਚਿਰੰਜੀ ਲਾਲ , ਕਿਸਾਨ ਸਭਾ ਦੇ ਮੀਤ ਪ੍ਰਧਾਨ ਗਿਆਨੀ ਗੁਰਦੇਵ ਸਿੰਘ, ਤਾਰਾ ਸਿੰਘ ਖਹਿਰਾ, ਅਮਰੀਕ ਸਿੰਘ ਮਸੀਤਾਂ, ਜਗਜੀਤ ਸਿੰਘ ਨਿਹਾਲ ਸਿੰਘ ਵਾਲਾ ਆਦਿ ਨੇ ਵੀ ਸੰਬੋਧਨ ਕੀਤਾ। ਅਤੇ ਇਸ ਸਮੇਂ ਬਾਬਾ  ਬਚਨ ਸਿੰਘ ਜੀ ਦੇ ਗ੍ਰਹਿ ਵਿਖੇ ਇੱਕ ਝੰਡਾ ਚੜਾਉਣ ਦੀ ਰਸਮ ਵੀ ਕੀਤੀ ਗਈ, ਅਤੇ ਬਾਅਦ ਵਿੱਚ ਬਾਬਾ ਬਚਨ ਸਿੰਘ ਜੀ ਦੇ ਪਰਿਵਾਰ ਵੱਲੋਂ ਇਲਾਕੇ ਦੇ ਗਦਰੀ ਬਾਬਿਆਂ ਦੇ ਪਰਿਵਾਰਾਂ ਨੂੰ ਲੋਈਆਂ, ਕਿਤਾਬਾਂ, ਅਤੇ ਮੁਮੈਟੋ ਦੇ ਕੇ ਸਨਮਾਨਿਤ ਵੀ ਕੀਤਾ। ਬਾਬਾ ਜੀ ਦੇ ਪਰਿਵਾਰ ਵੱਲੋਂ  ਮਿੰਟੂ ਘੋਲੀਆ ਅਤੇ ਛੋਟੂ ਘੋਲੀਆ ਨੇ ਹਰ ਵਾਰ ਦੀ ਤਰ੍ਹਾਂ ਵਾਹਰੋਂ ਆਈ ਸੰਗਤ ਲਈ ਲੰਗਰ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ।

Tuesday, October 30, 2012

17 ਨਵੰਬਰ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਸਹੀਦੀ ਦਿਵਸ ਮੋਗਾ ਦੀ ਧਰਤੀ ਤੇ ਮਨਾਇਆ ਜਾਵੇਗਾ

ਪੰਜਾਬ ਸਰਕਾਰ ਬੇਰੁਜਗਾਰਾਂ ਨੂੰ ਕੰਮ ਦੇਣ ਵਿੱਚ ਨਿਕੰਮੀ ਸਾਬਤ ਹੋਈ - ਕਾਮਰੇਡ ਜਗਰੂਪ

ਨਿਹਾਲ ਸਿੰਘ ਵਾਲਾ (ਮਿੰਟੂ ਖੁਰਮੀਂ) 17 ਨਵੰਬਰ ਨੂੰ ਮੋਗਾ ਵਿਖੇ ਕੀਤੇ ਜਾ ਰਹੇ ਗਦਰ ਲਹਿਰ ਦੇ ਛੋਟੀ ਉਮਰ ਵਿੱਚ ਸਹੀਦ ਹੋਏ ਕਰਤਾਰ ਸਿੰਘ ਸਰਾਭਾ ਦੇ ਸਹੀਦੀ ਸਮਾਗਮ ਦੀ ਤਿਆਰੀ ਸਬੰਧੀ ਬੀਤੇ ਕੱਲ ਨਿਹਾਲ ਸਿੰਘ ਵਾਲਾ ਦੇ ਸੀ ਪੀ ਆਈ ਦਫ਼ਤਰ ਵਿਖੇ ਸਰਭ ਭਾਰਤ ਨੌਜਵਾਨ ਸਭਾ , ਆਲ ਇੰਡੀਆ ਸਟੂਡੈਂਟਸ ਫੈਡਰੇਸਨ ਵੱਲੋਂ ਸਹੀਦੀ ਸਮਾਗਮ ਦੀ ਤਿਆਰੀ ਸਬੰਧੀ ਇੱਕ ਵਿਸਾਲ ਮੀਟਿੰਗ ਕੀਤੀ ਗਈ ਜਿਸ ਵਿੱਚ ਬਲਾਕ ਨਿਹਾਲ ਸਿੰਘ ਵਾਲਾ ਵਿੱਚੋਂ ਬੜੀ ਵੱਡੀ ਗਿਣਤੀ ਵਿੱਚ ਨੌਜਵਾਨਾਂ ਅਤੇ ਵਿਦਿਆਰਥੀਆਂ ਨੇ ਸਮੂਲੀਅਤ ਕੀਤੀ, ਇਸ ਮੀਟਿੰਗ ਨੂੰ ਸੰਬੋਧਨ ਕਰਨ ਅਤੇ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਨਰੀਖਣ ਕਰਨ  ਰੁਜਗਾਰ ਪ੍ਰਾਪਤੀ ਮੁਹਿੰਮ ਦੇ ਮੁੱਖ ਸਲਾਹਕਾਰ ਕਾਮਰੇਡ ਜਗਰੂਪ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਸਮੇਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਾਮਰੇਡ ਜਗਰੂਪ ਨੇ ਕਿਹਾ ਕਿ ਸਹੀਦਾਂ ਦੇ ਲਏ ਹੋਏ ਸੁਪਨਿਆਂ ਨੂੰ ਸਾਕਾਰ ਕਰਨ ਲਈ ਅਸੀਂ ਲੱਕ ਬੰਨ ਕੇ ਤੁਰੇ ਹੋਏ ਹਾਂ ਇਸ ਲਈ ਨੌਜਵਾਨ ਪ੍ਹੀੜੀ ਵਧਾਈ ਦੀ ਹੱਕਦਾਰ ਹੈ ਉਹਨਾਂ ਕਿਹਾ ਕਿ ਇਹ ਸੰਗਰਾਮ ਹੁਣ ਰੁਕਣਾਂ ਨਹੀਂ ਚਾਹੀਦਾ ਇਸ ਨੂੰ ਚਲਦਾ ਰਹਿਣਾਂ ਚਾਹੀਦਾ ਹੈ । ਇਸ ਰਵਾਨਗੀ ਕਰਕੇ ਹੀ ਅਸੀਂ ਲਗਾਤਾਰ ਆਪਣੇਂ ਨਿਸ਼ਾਨੇ ਵੱਲ ਵਧ ਰਹੇ ਹਾਂ। ਉਹਨਾਂ ਕਿਹਾ ਕਿ 2015 ਵਿੱਚ ਸਹੀਦ ਸਰਾਭਾ ਦੀ ਆ ਰਹੀ 100 ਵੀ ਬਰਸੀ ਸਬੰਧੀ ਨੌਜਵਾਨਾਂ ਨੂੰ ਹੁਣੇ ਤੋਂ ਹੀ ਤਿਆਰੀ ਵਿੱਢ ਦੇਣੀ ਚਾਹੀਦੀ ਹੈ। ਬੇਰੁਜਗਾਰੀ ਸਬੰਧੀ ਬੋਲਦਿਆਂ ਉਹਨਾਂ ਕਿਹਾ ਕਿ ਇਕੱਲੇ ਪੰਜਾਬ ਵਿੱਚ ਹੀ 70 ਲੱਖ ਦੇ ਕਰੀਬ ਨੌਜਵਾਨ ਵੇਹਲੇ ਫਿਰ ਰਹੇ ਹਨ। ਸਰਕਾਰ ਇਸ ਪਾਸਿਉ ਅੱਖਾਂ ਅਤੇ ਕੰਨ ਬਿਲੱਕੁੱਲ ਬੰਦ ਕਰਕੇ ਗਾਧੀਂ ਦੇ ਬਾਦਰਾਂ ਵਾਂਗ ਵਿਹਾਰ ਕਰ ਰਹੀ ਹੈ, ਜੋ ਕਿ ਪੰਜਾਬ ਦੇ ਲੋਕਾਂ ਨਾਲ ਸਾਫ਼ ਸਾਫ਼ ਬੇਈਮਾਨੀ ਹੈ।ਅਜਿਹਾ ਕਰਕੇ ਸਰਕਾਰ ਆਪਣੇ ਫ਼ਰਜ਼ਾਂ ਤੋਂ ਭੱਜ ਰਹੀ ਹੈ। ਨੌਜਵਾਨਾਂ ਵਿੱਚ ਬੇਚੈਨੀ ਵਧ ਰਹੀ ਹੈ ਜਿਸ ਨਾਲ ਨਿਰਾਸ ਹੋਏ ਨੌਜਵਾਨ ਨਸੇ ਅਤੇ ਗੁੰਡਾਗਰਦੀ ਕਰਦੇ ਹਨ ਜਿਸ ਕਰਕੇ ਸਰਕਾਰਾਂ ਦੀ ਨਿਕੰਮੇਪਣ ਨਾਲ ਉਹਨਾਂ  ਨੌਜਵਾਨਾਂ ਜਿੰਨਾਂ ਨੇ ਇਸ ਸਮਾਜ਼ ਨੂੰ ਸੁੰਦਰ ਬਣਾਉਣਾਂ ਹੈ ਉਹਨਾਂ ਨੂੰ ਮੁਢੀਰ ਦਾ ਦਰਜਾ ਮਿਲ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਇਸ ਘਟੀਆ ਰਾਜ ਪ੍ਰਬੰਧ ਨੂੰ ਬਦਲ ਕੇ ਇੱਕ ਲੋਕ ਪੱਖੀ ਧਿਰ ਉਸਾਰਨ ਲਈ ਵਧੀਆ ਲੋਕਾਂ ਨੂੰ ਚੁਨਣਾਂ ਪਵੇਗਾ। ਨੌਜਵਾਨ ਆਗੂ ਮੰਗਤ ਰਾਇ, ਵਿਦਿਆਰਥੀ ਆਗੂ ਇੰਦਰ ਜੀਤ ਦੀਨਾਂ ਨੇ ਬੋਲਦਿਆਂ ਕਿਹਾ ਕਿ 17 ਨਵੰਬਰ ਦੀ ਨੂੰ ਮੋਗਾ ਦੀ ਧਰਤੀ ਤੇ ਹੋ ਰਿਹਾ ਸਹੀਦ ਕਰਤਾਰ ਸਿੰਘ ਸਰਾਭੇ ਦਾ ਸਹੀਦੀ ਦਿਵਸ਼ ਇੱਕ ਇਤਿਹਾਸਕ ਤੇ ਯਾਦਗਾਰੀ ਹੋਵੇਗਾ, ਜਿਸ ਵਿੱਚ ਪੂਰੇ ਭਾਰਤ ਵਿੱਚੋਂ ਨੌਜਵਾਨ, ਵਿਦਿਆਰਥੀ, ਅਤੇ ਹਰ ਵਰਗ ਦੇ ਮੁਲਾਜਮ ਆਪਣੇ ਹੱਕਾਂ ਦੀ ਅਵਾਜ ਬੁਲੰਦ ਕਰਨ ਅਤੇ ਮਹਾਨ ਸਹੀਦ ਨੂੰ ਸਰਧਾਜਲ਼ੀ ਦੇਣ ਲਈ ਸਿਰਕਤ ਕਰਨਗੇ। ਇਸ ਸਮੇਂ ਹੋਰਨਾਂ ਤੋਂ ਇਲਾਵਾ ਸਰਵ ਭਾਰਤ ਨੌਜਵਾਨ ਸਭਾ ਦੇ ਮੰਗਤ ਰਾਏ, ਚਿਰੰਜੀ ਲਾਲ, ਸਿਕੰਦਰ ਮਧੇਕੇ, ਗੁਰਮੰਦਰ ਧੂੜਕੋਟ,ਹਰਬੰਸ ਧੂੜਕੋਟ,ਚਮਕੌਰ ਬੁਰਜ ਹਮੀਰਾ, ਨਰੰਗ ਸਿੰਘ ਸੈਦੋਕੇ, ਗੁਰਦੀਪ ਸਿੰਘ ਹਿੰਮਤਪੁਰਾ, ਸਾਬਕਾ ਸਰਪੰਚ ਨਛੱਤਰ ਸਿੰਘ ਹਿੰਮਤਪੁਰਾ, ਸਟੂਡੈਂਟਸ ਫੈਡਰੇਸਨ ਵੱਲੋਂ ਇੰਦਰ ਜੀਤ ਦੀਨਾ, ਗੁਰਾਂਦਿੱਤਾ ਦੀਨਾਂ, ਰਣਜੀਤ ਧੂੜਕੋਟ, ਬੰਟੀ ਬੌਡੇ, ਨਵਜੋਤ ਦੀਨਾਂ, ਰਮਨ ਦੀਨਾਂ, ਇੰਦਰਜੀਤ ਕੌਰ ਧੂੜਕੋਟ, ਜਸਪ੍ਰੀਤ ਕੌਰ ਬੱਧਨੀਂ, ਕਰਮਵੀਰ ਕੌਰ ਬੱਧਨੀਂ,ਗਿੰਨੀ ਮਧੇਕੇ, ਲਵਪ੍ਰੀਤ ਰਾਊਕੇ ਆਦਿ ਹਾਜਰ ਸਨ।

Friday, May 18, 2012

ਵਿਦਿਆਂਰਥੀਆਂ ਦੇ ਕਰਨ ਲਈ ਵਡੇਰੇ ਕੰਮ ਹਨ


ਭਗਤ ਸਿੰਘ ਅਤੇ ਬੱਟਕੇਸ਼ਵਰ ਦੱਤ ਨੇ ਦੂਜੀ ਸਰਵ ਪੰਜਾਬ ਵਿਦਿਆਰਥੀ ਕਾਨਫਰੰਸ ਵਾਸਤੇ ਜੇਲ੍ਹ ਵਿਚੋਂ ਸੰਦੇਸ਼ ਭੇਜਿਆ ਸੀ।ਉਸ ਕਾਨਫਰੰਸ ਵਿਚ ਪੜ੍ਹੇ ਗਏ ਸੰਦੇਸ਼ ਦਾ ਹੇਠਾਂ ਉਤਾਰਾ ਦਿੱਤਾ ਹੈ।

ਅਸੀਂ ਨੌਂਜਵਾਨਾਂ ਨੂੰ ਇਹ ਸਲਾਹ ਨਹੀਂ ਦੇ ਸਕਦੇ ਕਿ ਉਹ ਬੰਬ ਅਤੇ ਪਸਤੌਲ ਸੰਭਾਲਣ।ਵਿਦਿਆਰਥੀਆਂ ਦੇ ਕਰਨ ਲਈ ਵਡੇਰੇ ਕੰਮ ਹਨ।ਆਉਂਦੇ ਲਾਹੌਰ ਸਮਾਗਮ ਵਿਚ ਕਾਂਗਰਸ ਦੇਸ਼ ਦੀ ਸੁਤੰਤਰਤਾ ਲਈ ਤਕੜੀ ਜਦੋਜਹਿਦ ਦਾ ਐਲਾਨ ਕਰ ਰਹੀ ਹੈ।ਕੌਮੀ ਇਤਿਹਾਸ ਦੇ ਇਸ ਨਾਜਕ ਪੜਾਅ ਤੇ ਨੌਜੁਆਨ ਵਰਗ ਦੇ ਸਿਰ ਬਹੁਤ ਵੱਡੀ ਜ਼ਿੰਮੇਵਾਰੀ ਹੋਵੇਗੀ।ਹੋਰ ਸਭ ਤੋਂ ਜ਼ਿਆਦਾ ਵਿਦਿਆਰਥੀ ਆਜ਼ਾਦੀ ਦੀ ਲੜਾਈ ਦੀਆਂ ਮੁਹਰਲੀਆਂ ਕਤਾਰਾਂ ਵਿਚ ਲੜਦੇ ਹੋਏ ਸ਼ਹੀਦ ਹੋਏ ਹਨ।ਕੀ ਭਾਰਤੀ ਨੋਜੁਆਂਨ ਇਸ ਇਮਤਿਹਾਨ ਦੀ ਘੜੀ ਉਹੀ ਗੰਭੀਰ ਇਰਾਦਾ ਵਿਖਾਉਣ ਤੋਂ ਝਿਜਕਣਗੇ।
ਨੋਜੁਆਨਾਂ ਨੇ ਇਨਕਲਾਬ ਦਾ ਸੁਨੇਹਾ ਫੈਕਟਰੀਆਂ ਵਿਚ ਕੰਮ ਕਰਦੇ ਲੱਖਾਂ ਮਜਦੂਰਾਂ ਕੋਲ,ਝੁਗੀਆਂ ਅਤੇ ਪੇਡੂਂ ਝੌਪੜੀਆਂ ਵਿਚ ਅਥਵਾ ਦੇਸ਼ ਦੇ ਕੋਨੇ ਕੋਨੇ ਵਿਚ ਪਹੁੰਚਾਉਣਾ ਹੈ।ਇਹ ਇਨਕਲਾਬ ਆਜ਼ਾਦੀ ਲਿਆਵੇਗਾ ਅਤੇ ਮਨੁੱਖ ਰਾਹੀਂ ਮਨੁੱਖ ਦੀ ਲੁੱਟ ਖਸੁੱਟ ਅਸੰਭਵ ਬਣਾ ਦੇਵੇਗਾ।

ਕੁਦਰਤੀ ਹੀ ਪੰਜਾਬ ਨੂੰ ਸਿਆਸੀ ਤੌਰ ਤੇ ਪਛੜਿਆ ਸਮਝਿਆ ਜਾਂਦਾ ਹੈ ਇਸ ਕਰਕੇ ਨੌਜੁਆਨਾਂ ਦੀ ਜਿੰਮੇਵਾਰੀ ਹੋਰ ਵੀ ਵੱਡੀ ਹੈ॥ਉਹ ਸਾਡੇ ਮਹਾਨ ਸ਼ਹੀਦ ਜਤਿੰਦਰ ਨਾਥ ਦੀ ਮਾਨਯੋਗ ਉਦਾਹਰਨ ਨੂੰ ਮੁੱਖ ਰੱਖ ਕੇ ਆਪਣੇ ਸੰਘਰਸ਼ ਨੂੰ ਤਕੜਾ ਅਤੇ ਮੁਜ਼ੱਮਤ ਭਰਿਆ ਬਣਾ

Monday, April 23, 2012

ਕਵੀ ਨੂੰ.......ਭਾਨ ਸਿੰਘ ਭੌਰਾ


                                                                                                                                       ਭਵਿੱਖ ਮੈਗਜ਼ੀਨ ਦੇ ਅੰਕ ਮਾਰਚ-ਅਪ੍ਰੈਲ 2012 ਵਿਚੋਂ
ਕਵੀਆ ! ਅਗੇਰੇ ਹੋਰ ਚਲ
ਭਾਨ ਸਿੰਘ ਭੌਰਾ 

ਮੁੱਢੋਂ ਹੀ ਗਾਉਂਦਾ ਆਇਆਂ,
ਪਿਆਰਾਂ ਦੇ ਗੀਤ ਲੈ ਕੇ।
ਸੱਚ ਨੂੰ ਠੁਕਰਾਉਂਦਾ ਆਇਆਂ
ਦੁਨੀਆਂ ਦੀ ਰੀਤ ਲੈ ਕੇ।
ਇਸ ਤੋਂ ਉਚੇਰੇ ਤੱਕ,
ਜ਼ਰਾ ਪਰੇਰੇ ਤੱਕ    
ਬੜਾ ਕੁਝ ਕਰਨਾ ਹੈ ਤੂੰ
ਕੁਝ ਵੀ ਨਹੀਂ ਅਜੇ ਕੀਤਾ
ਐਵੇਂ ਫੁਲ-ਫੁਲ ਨਾ ਬੈਠ
ਮੁੱਠੀ ਭਰ ਲੋਕਾਂ ਦੇ ਹੀ
ਘੁੰਮਦਾ ਤੂੰ ਰਿਹਾ ਦੁਆਲੇ,
ਖਿਆਲੀ ਪ੍ਰੀਤ ਲੈ ਕੇ।
ਸੜਕਾਂ ਤੋਂ ਲੱਭ ਸੱਸੀਆਂ
ਨਾ ਤੂੰ ‘ਭੰਬੋਰ’ ਚਲ।
ਕਵੀਆ ! ਅਗੇਰੇ ਹੋਰ ਚਲ।
ਸਮੱਸਿਆ ਨਹੀਂ ਤੈਨੂੰ ਲੱਭਦੀ
ਬਾਹਰ ਆ ਕੇ ਤਾਂ ਦੇਖ
ਵਿਕਦਾ ਹੈ ਹਾਸਾ, ਜਿੰਦਗੀ
ਹੱਟਾਂ ‘ਤੇ ਜਾ ਕੇ ਦੇਖ
ਵਜਦਾ ਜਦ ਘੁੱਗੂ ਮਿੱਲ ਦਾ
ਵਿੰਨੇ ਸੁਟ ਟੋਟਾ ਦਿਲ ਦਾ
ਪੋਹ ਜਾਂ ਮਾਘ ਮਹੀਨਾ
ਜੰਮਿਆਂ ਹੈ ਕੱਕਰ ਬੇਸ਼ੱਕ
ਪੈਰ ਵੀ ਪੂਰੇ ਨੰਗੇ
ਕਿਸੇ ਤੇ ਰੋਸ ਕੋਈ ਨਾ
ਰੋਂਦੀ ਤਰੇਲ ਕਿਵੇਂ
ਜ਼ਰਾ ਖੜੋ ਕੇ ਦੇਖ
ਧੜਕਣਾਂ ਮਾਂ ਦੀਆਂ ਵਿਲਕਣ
ਲੰਘਦੇ ਅਨੇਕਾਂ ਕਹਿਕੇ
“ਰੋਂਦਾ ਪਠੋਰ ਚਲ”
ਕਵੀਆ ! ਅਗੇਰੇ ਹੋਰ ਚਲ।
ਜੋੜਦੇ ਟੁਟੀਆਂ ਤਾਰਾਂ
ਟੁਣਕਾਦੇ ਕੋਈ ਗੀਤ ਇਲਾਹੀ
ਰਹਿਬਰ ਬਣ ਰਾਹ ਵਿਖਾ ਦੇ
ਭਟਕੇ ਜੋ ਫਿਰਦੇ ਰਾਹੀ
ਵਾ ਵਿੱਚ ਰਾਗ ਘੋਲਦੇ
ਸੁੱਤਿਆਂ ਦੀ ਜਾਗ ਖੋਲਦੇ
ਅਣੂਆਂ ਨੂੰ ਮਸਤੀ ਦੇ ਤੂੰ
ਝੂਲਣ ਲਟਬੋਰੇ ਹੋ ਕੇ
ਬਿਜਲੀ ਜਿਉਂ ਕਦਮ ਉਠਾ ਕੇ
ਹਨੇਰੇ ਨੂੰ ਚੁਗਦਾ ਚਲ
ਅਣਖ ਨੂੰ ਝੂਣ ਜਗਾ ਦੇ
ਜ਼ਾਲਮ ਗਲ ਪਾਦੇ ਫਾਹੀ
ਮੰਜ਼ਿਲ ਨੂੰ ਉੱਜਲ ਕਰਦੇ
ਮਿਟਾਂਦਾ ਅੰਧਕੋਰ ਚਲ
ਕਵੀਆ ! ਅਗੇਰੇ ਹੋਰ ਚਲ।
ਲਿਸ਼ਕਾ ਕੇ ਖਿਆਲ ਆਪਣੇ
ਚੁੰਧਿਆਦੇ ਸਮਾਜੀ ਅੱਖਾਂ
ਠੁਕਰਾ ਕੇ (ਇਹ) ਸਾਮਰਾਜੀ
ਮਜ਼ਲੂਮ ਕਰ ਰਾਜੀ ਲੱਖਾਂ
ਚਲਦੇ ਦਾ ਨਾਜ਼ ਤੂੰ ਏਂ
ਭਵਿੱਖਾਂ ਦਾ ਰਾਜ ਤੂੰ ਏਂ
ਝਵਾਲਾ ਤੂੰ ਕਲਮ ਬਣਾ ਕੇ
ਭੜਕਾ ਤੂੰ ਕੋਈ ਲਾਵਾ ਐਸਾ
ਕੰਬ ਉੱਠੇ ਪਰਬਤ ਦੀ ਚੋਟੀ
ਗਰਜਣ ਪਏ ਪੱਥਰਾਂ ਚੋਂ ਪੱਥਰ
ਹੀਰਾਂ ਨੂੰ ਪਾਠ ਪੜ੍ਹਾਦੇ
ਠਕਰਾਵਣ ਫੜ ਕਾਜੀ ਲੱਖਾਂ
ਸੱਚ ਦਾ ਚੁੱਕ ਫਰੇਰਾ
ਪਾਉਂਦਾ ਤੂੰ ਸ਼ੋਰ ਚਲ
ਕਵੀਆ ! ਅਗੇਰੇ ਹੋਰ ਚਲ।
ਲੱਖਾਂ ਹੀ ਜਹਿਰੀ ਕੰਡੇ
ਮੱਲਣਗੇ ਮਾਰਗ ਤੇਰਾ
‘ਬਾਗੀ’ ਦੇ ਫਤਵੇ ਦੇ ਕੇ
ਕਲੰਕਤ ਕਰ ਦੇਣ ਚੁਫੇਰਾ
ਪਰ ਨਾ ਤੂੰ ਭੁੱਲ ਟੀਚਾ
ਦਿਖਾਦੇ ਸਭ ਨੂੰ ਨੀਚਾ
ਬੰਦਿਆਂ ਦਾ ਖੁਨ ਪੀ ਕੇ
ਪਲਦੇ ਜੋ ਰਹੇ ਲੁਟੇਰੇ
ਬੰਬਾਂ ਨੂੰ ਸਾਂਭਣ ਵਾਲੇ
ਜੜ੍ਹਾਂ ਤੋਂ ਪੁੱਟ ਦਿਖਾਦੇ
ਲੋਕਾਂ ਦੀ ਜਿੱਤ ਹੈ ਹੋਣੀ
ਆਪਣੇ ਸਿਰ ਲੈ ਲੈ ਸਿਹਰਾ
‘ਭੌਰਾ’ ਵਰਸਾ ਕੇ ਮਦਰਾ
ਵੰਡਦਾ ਤੂੰ ਲੋਰ ਚਲ
ਕਵੀਆ ! ਅਗੇਰੇ ਹੋਰ ਚਲ

ਮੈਂ ਪਾਕਿਸਤਾਨ ਨਹੀਂ ਜਾਣਾ.. (ਕਾ. ਰੁਲਦੂ ਖਾਨ ਦੀ ਜਿੰਦਗੀ 'ਤੇ ਅਧਾਰਤ ਨਾਵਲ ਵਿਚੋਂ ਅੰਸ਼).... ਬਲਦੇਵ ਸਿੰਘ

ਬਲਦੇਵ ਸਿੰਘ ' ਸੜਕਨਾਮਾ '
                                                                            ਭਵਿੱਖ ਮੈਗਜ਼ੀਨ ਦੇ ਅੰਕ ਮਾਰਚ-ਅਪ੍ਰੈਲ 2012 ਵਿਚੋਂ
ਫਿਰੋਜ਼ਪੁਰ ਜ਼ਿਲ੍ਹੇ ਦਾ ਪਿੰਡ ਖੋਟੇ। ਸਵੇਰ ਦੇ ਨੌਂ ਕੁ ਵਜੇ ਦਾ ਵਕਤ ਸੀ। ਕੰਮਾਂ-ਧੰਦਿਆਂ ਵਾਲੇ ਆਪਣੇ ਕੰਮੀਂ ਰੁੱਝ ਗਏ ਸਨ। ਸੁਆਣੀਆਂ ਨੇ ਚਾਟੀਆਂ ਮਧਾਣੀਆਂ ਦਾ ਕੰਮ ਕਦੋਂ ਦਾ ਮੁਕਾ ਲਿਆ ਸੀ ਤੇ ਜਿਹੜੇ ਕਿਸਾਨ ਖੇਤੀਂ ਗਏ ਸਨ ਉਨ੍ਹਾਂ ਦੇ ਘਰਾਂ ਵਿੱਚੋਂ ਹਾਜ਼ਰੀ ਤਿਆਰ ਕਰਨ ਲਈ ਧੂੰਆਂ ਉੱਠਣ ਲੱਗਾ ਸੀ।
    ਏਸ ਵੇਲੇ ਤਾਂਗੇ ਵਾਲਾ ਕਾਲੂ ਖੋਟਿਆਂ ਦੀਆਂ ਗਲੀਆਂ ਵਿੱਚੋਂ ਦੀ ਲੰਘਦਾ ਬਾਹਰ ਵੰਨੇ ਆ ਖੜਾ। ਏਥੇ ਖੜ੍ਹ ਕੇ ਹਰ ਰੋਜ਼ ਉਹ ਪਿੰਡ ਵੰਨੀ ਝਾਕਦਾ ਸਵਾਰੀਆਂ ਦੀ ਉਡੀਕ ਕਰਿਆ ਕਰਦਾ ਸੀ। ਅੱਜ ਵੀ ਕਾਲੂ ਕੱਛ ਵਿਚ ਛਾਂਟਾ ਦਬਾਈ ਤਾਂਗੇ ਦੇ ਪਹੀਆਂ ਦੀ, ਕਦੇ ਧੁਰੇ ਦੀ, ਕਦੇ ਨਟਾਂ ਦੀ ਪਰਖ ਕਰਦਾ ਵਿੱਚ-ਵਿੱਚ ਪਿੰਡ ਵੱਲ ਤਿੱਖੀ ਨਿਗ੍ਹਾ ਰੱਖ ਰਿਹਾ ਸੀ। ਫਿਰ ਉਹ ਤਾਂਗੇ ਦੀ ਪਿਛਲੀ ਉਧੜੀ ਸੀਟ ਠੀਕ ਕਰਨ ਲੱਗਾ। ਘੋੜੇ ਦੀ ਲਗਾਮ ਬੰਮ ਨਾਲ ਬੰਨ੍ਹੀ ਹੋਈ ਸੀ। ਤਾਂਗੇ ਵਿਚ ਤਿੰਨ ਸਵਾਰੀਆਂ ਬੈਠੀਆਂ ਹੋਈਆਂ ਸਨ। ਉਨ੍ਹਾਂ ਦੀ ਨਿਗ੍ਹਾ ਵੀ ਪਿੰਡ ਵੱਲ ਸੀ। ਸਵਾਰੀਆਂ ਆਉਣਗੀਆਂ ਤਾਂ ਹੀ ਕਾਲੂ ਤਾਂਗਾ ਤੋਰੇਗਾ। ਸਵਾਰੀਆਂ ਨੂੰ ਪਤਾ ਸੀ। ਇੱਕ ਮਰਦ ਅਤੇ ਦੋ ਤੀਵੀਆਂ ਸਨ। ਤੀਵੀਆਂ ਨੇ ਮਰਦ ਤੋਂ ਘੁੰਢ ਕੱਢੇ ਹੋਏ ਸਨ। ਉਨ੍ਹਾਂ ਦੀ ਸਿਰਫ ਠੋਡੀ ਹੀ ਦਿਸਦੀ ਸੀ। ਉਹ ਗੱਲੀਂ ਪਈਆਂ ਹੋਈਆਂ ਸਨ। 
      ਕਾਲੂ ਨੇ ਵੇਖਿਆ ਕਿੰਨੇ ਹੀ ਚਿਰ ਤੋਂ ਮੌਜੂਦੀਨ ਦਾ ਘੋਨਾ ਖੜਾ ਤਾਂਗੇ ਵੱਲ ਤੱਕੀ ਜਾ ਰਿਹਾ ਹੈ। ਕਾਲੂ ਨੇ ਦੂਰੋਂ ਹੀ ਪੁੱਛਿਆ। 
               -ਕਿਵੇਂ ਖੜਾ ਐ, ਉਏ ਗਾਂਧੀ ਸਿਰਿਆ?
             ਘੋਨਾ ਤਾਂਗੇ ਦੇ ਨੇੜੇ ਆ ਗਿਆ ਤੇ ਝਕਦੇ ਹੋਏ ਨੇ ਪੁਛਿਆ- ‘ਚਾਚਾ ਉਏ ਬਾਘੇ ਪੁਰਾਣੇ ਦੇ ਕਿੰਨੇ ਪੈਸੇ ਲਏਂਗਾ?’ 
               -ਤੂੰ ਬੋਲਦਾ ਕਿੱਥੋ ਐ ਉਏ, ਚਾਚਾ ਉਏ ਕੀ ਹੁੰਦੈ?’ ਕਾਲੂ ਹੱਸਿਆ।
               -‘ਤੈਨੂੰ ਚਾਚਾ ਤਾਂ ਕਿਹਾ ਪਹਿਲਾਂ।’ ਘੋਨਾ ਵੱਟ ਖਾ ਗਿਆ।
       ਕਾਲੂ ਨੇ ਉਸ ਦੇ ਨੰਗੇ ਪੈਰਾਂ ਵੱਲ ਝਾਕਿਆ, ਫਿਰ ਪੁੱਛਿਆ, ‘ਬਾਘੇ ਪੁਰਾਣੇ ਤੂੰ ਕੁੱਤੇ ਖੱਸੀ ਕਰਨ ਜਾਣੈ?’-ਚਾਚਾ ਮੈਂ ਤੈਨੂੰ ਬਾਘੇ ਪੁਰਾਣੇ ਦੇ ਪੈਸੇ ਪੁੱਛੇ ਐ। ਕੁੱਤੇ ਖੱਸੀ ਕਰਨ  ਨੂੰ ਤਾਂ ਖੋਟੀਂ ਬਥੇਰੇ ਐ। ਮੁੰਡਾ ਕਾਲੂ ਦੀਆ ਅੱਖਾਂ ਵਿੱਚ ਝਾਕਿਆ।
    -‘ਦੋ ਆਨੇ ਲੱਗਣਗੇ ਜਾਣੇ ਤਾਂ ਚੜ੍ਹ ਜਾ ਪਿੱਛੇ।’ ਕਾਲੂ ਵੀ ਰੁੱਖਾ ਬੋਲਿਆ।
ਮੁੰਡਾ ਪਿੱਛੇ ਹੋ ਕੇ ਖੜ੍ਹਾ ਗਿਆ ਜੇਬ ਵਿੱਚ ਤਾਂ ਮੋਰੀ ਵਾਲਾ ਪੈਸਾ ਵੀ ਨਹੀਂ ਸੀ। ਪੰਜਵੀ ਦਾ ਇਮਤਿਹਾਨ ਦਿੱਤਾ ਹੋਇਆ ਸੀ। ਨਤੀਜਾ ਅਜੇ ਨਿਕਲਣਾ ਸੀ। ਵਿਹਲਾ ਸੀ, ਮਨ ਵਿੱਚ ਆਇਆ ਬਾਘਾ ਪੁਰਾਣਾ ਦੀ ਸੈਰ ਕਰਾਂ। ਤਾਂ ਹੀ ਅੱਡੇ ਵਿੱਚ ਆ ਖੜਾ ਸੀ।
    ਸਵਾਰੀਆਂ ਆਉਦੀਆਂ ਗਈਆਂ। ਕਾਲੂ ਦਾ ਘਰ ਪੂਰਾ ਹੋ ਗਿਆ ਤਾਂ ਉਸ ਨੇ ਬੰਮ ਨਾਲੋਂ ਲਗਾਮਾਂ ਖੋਲ੍ਹ ਕੇ ਹੱਥ ਵਿੱਚ ਫੜ ਲਈਆਂ ਤੇ ਪਿੰਡ ਵੱਲ ਸਰਸਰੀ ਜਿਹਾ ਝਾਕ ਕੇ ਹੋਕਾ ਦਿੱਤਾ, ‘ਬਾਘੇ ਪੁਰਾਣੇ ਦੀ ਸਵਾਰੀ ਕੋਈ ਬਈ ਓਏ…।’
     ਕਾਲੂ ਪਾਸੇ ਖੜੇ ਘੋਨੇ ਵੱਲ ਝਾਕਿਆ। ਅੱਖ ਨਾਲ ਹੀ ਪੁੱਛਿਆ-‘ਚੱਲਣੈ?’
    ਮੁੰਡਾ ਬੇਫਿਕਰ ਹੋਇਆ ਖੜਾ ਰਿਹਾ। ਫਿਰ ਉਸ ਨੂੰ ਕਾਲੂ ਦੀ ਆਵਾਜ ਸੁਣੀ,’ਚੱਲ ਉਏ ਪੁੱਤਰਾ।…ਹੁਰਰ…।’ ਤਾਂਗਾ ਤੁਰ ਪਿਆ।
     ਮੁੰਡੇ ਨੇ ਵੀ ਝੱਟ ਫੈਸਲਾ  ਲੈ ਲਿਆ। ਉਹ ਤਾਂਗੇ ਦੇ ਨਾਲ-ਨਾਲ ਤੁਰਨ ਲੱਗਾ। ਫਿਰ ਪੱਕੀ ਸੜਕ ੳੁੱਪਰ ਚੜ੍ਹ ਕੇ ਘੋੜਾ ਜਿਵੇਂ-ਜਿਵੇਂ ਰਫਤਾਰ ਫੜਦਾ ਗਿਆ ਮੁੰਡਾ ਵੀ ਉਵਂੇ-ਉਵੇਂ ਤਾਂਗੇ ਦੇ ਨਾਲ-ਨਾਲ ਭੱਜਣ ਲੱਗਾ।
     ਅੱਗੇ ਨਹਿਰ ਦਾ ਪੁਲ ਆ ਗਿਆ। ਘੋੜੇ ਨੂੰ ਚੁਕੰਨਾ ਕਰਨ ਲਈ ਕਾਲੂ ਨੇ ਛੰਟੇ ਦੀ ਪਰੈਣੀ ਪਹੀਆਂ ਦੇ ਗਜ਼ਾਂ ਨਾਲ ਛੁਹਾ ਕੇ ਕਿੜ-ਕਿੜ ਕਿੜ-ਕਿੜ ਕਰਵਾਈ। ਨਾਲ ਹੀ ਘੋੜੇ ਨੂੰ ਹੱਲਾਸ਼ੇਰੀ ਦਿੱਤੀ…ਜੀ ਉਏ ਸੋਣਿਆ। ਘੋੜੇ ਨੇ ਪੱਠੇ ਖਿੱਚ ਲਏ। ਤਾਂਗੇ ਪਿੱਛੇ ਦੌੜੇ ਆਉਦੇ ਮੁੰਡੇ ਦੀਆਂ ਮਲੂਕ ਪਿੰਜਣੀਆਂ ਵੀ ਹਰਕਤ ਵਿੱਚ ਆਈਆਂ। ਵਿੱਚ ਬੈਠੀਆਂ ਸਵਾਰੀਆਂ ਸਾਹੋ-ਸਾਹ ਹੋਏ ਆਉਦੇ ਮੁੰਡੇ ਵੱਲ ਹੈਰਾਨੀ ਅਤੇ ਤਰਸ ਨਾਲ ਵੇਖਣ ਲੱਗੀਆਂ। ਪਹਿਲਾਂ ਉਨ੍ਹਾਂ ਨੇ ਸੋਚਿਆ ਸੀ ਮੁੰਡਾ ਐਵਂੇ ਚਾਅ ਨਾਲ ਤਾਂਗੇ ਪਿੱਛੇ ਦੌੜ ਪਿਆ। ਇੱਕ ਅੱਧ ਮੀਲ ਦੌੜ ਕੇ ਮੁੜ ਜਾਏਗਾ। ਪਰ ਹੁਣ ਮੁੰਡੇ ਦਾ ਹੱਠ ਦੇਖ ਕੇ ਇੱਕ ਪੰਜਾਹ ਕੁ ਸਾਲਾਂ ਦੀ ਤੀਵੀ ਨੇ ਉਸ ਨੂੰ ਤਾਂਗੇ ਵਿੱਚ ਚੜ੍ਹ ਜਾਣ ਲਈ ਕਿਹਾ। ਮੁੰਡੇ ਨੇ ਸਿਰ ਫੇਰ ਦਿੱਤਾ।
      ਘੋੜਾ ਆਪਣੀ ਰੇਵੀਏ ਚਾਲ ਤੁਰਿਆ ਗਿਆ। ਕਾਲੂ ਨੇ ਕੋਈ ਕਥਾ ਛੇੜ ਲਈ ਸੀ। ਪੱਤੋ ਹੀਰਾ ਸਿੰਘ ਵੱਲ ਕੋਈ ਡਾਕਾ ਪਿਆ ਸੀ, ਕਾਲੂ ਇਸ ਤਰ੍ਹਾਂ ਸੁਣਾ ਰਿਹਾ ਸੀ ਜਿਵੇ ਸਭ ਕੁਝ ਅੱਖੀਂ ਵੇਖਿਆ ਹੋਵੇ। ਵੇਲਾ ਹੀ ਇਹੋ ਜਿਹਾ ਸੀ। ਕਿਧਰੇ ਕੋਈ ਡਾਕਾ ਜਾਂ ਕਤਲ ਹੋ ਜਾਂਦਾ, ਸਾਲ-ਸਾਲ ਭਰ ਉਸ ਦੀਆਂ ਗੱਲਾਂ ਤੁਰਦੀਆਂ ਰਹਿੰਦੀਆਂ। ਕਾਲੂ ਦਾ ਆਪਣੇ ਕਿੱਤੇ ਦਾ ਦਾਅਪੇਚ ਵੀ ਸੀ। ਗੱਲੀਂ ਲਾ ਕੇ ਉਹ ਆਪਣੀ ਮਨਮਰਜ਼ੀ ਦੀ ਰਫਤਾਰ ਨਾਲ ਪਹੁੰਚਦਾ ਸੀ। ਨਹੀਂ ਤਾਂ ਅੱਕੀਆਂ ਬੈਠੀਆਂ ਸਵਾਰੀਆਂ ਛੇਤੀ ਪੁੱਜਣ ਲਈ ਕਾਲੂ ਅਤੇ ਘੋੜੇ ਦਾ ਲਹੂ ਪੀਣ ਤੱਕ ਜਾਂਦੀਆਂ ਸਨ। 
   ਇਧਰੋਂ ਕਾਲੂ ਦੀ ਕਥਾ ਦਾ ਭੋਗ ਪਿਆ, ਉਧਰ ਤਾਂਗਾ ਬਾਘਾ ਪੁਰਾਣੇ ਦੀ ਜੂਹ ਵਿੱਚ ਜਾ ਵੜਿਆ। ਮੁੰਡਾ ਹੌਕਦਾ, ਆਪਣਾ ਮੁੜ੍ਹਕਾਂ ਪੂੰਝਦਾ ਨਾਲ-ਨਾਲ ਦੌੜਦਾ ਆਇਆ। ਇੱਕ ਸਵਾਰੀ ਨੇ ਹਮਦਰਦੀ ਨਾਲ ਕਿਹਾ, ‘ਉਏ ਛੋਹਰਾ, ਲੈ ਫੜ ਆਨਾ, ਦੁੱਧ ਪੀ ਲਈ।’
      -‘ਨਲਕੇ ਤੋਂ ਪਾਣੀ ਪੀਊਗਾ ਜਾ ਕੇ।’ ਮੁੰਡੇ ਨੇ ਖੁਦਦਾਰੀ ਨਾਲ ਕਿਹਾ ਤੇ ਚਲਿਆ ਗਿਆ। ਸਵਾਰੀ ਹੈਰਾਨ ਹੋਈ ਵੇਖਦੀ ਰਹਿ ਗਈ।
-ਕਿੰਨ੍ਹਾਂ ਦਾ ਛੋਹਰ ਐ? ਸਵਾਰੀ ਨੇ ਖੀਸੇ ਵਿੱਚੋਂ ਆਨਾ ਕੱਢਣ ਲਈ ਪਾਇਆ ਹੱਥ ਬਾਹਰ ਕੱਢਦਿਆਂ ਪੁੱਛਿਆ।
      -ਉਹ ਮੋਜੂਦੀਨ ਦਾ ਛੋਹਰ ਐ ਰੁਲਦੂ।
      -‘ਕਿਹੜੇ ਮੋਜੂਦੀਨ ਦਾ?’
      -ਕਿੰਨੇ ਕੁ ਮੋਜੂਦੀਨ ਐ ਖੋਟਿਆਂ ਦੇ? ਪਹਿਲਾ ਉਸ ਦੀ ਜਾਣਕਾਰੀ ਉਪਰ ਹੈਰਾਨ ਹੋਇਆ। ਫਿਰ ਦੱਸਿਆ ‘ਹੁਸ਼ਿਆਰਪੁਰ ਵੱਲਂੋ ਸੰਦੜ-ਧੂਤਾਂ ਤਂੋ ਨ੍ਹੀ ਆਇਆ, ਮੁਸਲਮਾਨਾਂ ਦਾ ਟੱਬਰ।’
       -ਜਿਨ੍ਹਾਂ ਦਾ ਕੋਹਲੂ ਲਾਇਐ?
       -ਹਾਂ ਓਹੀ। ਜਿਹੜੇ ਪਲੇਗ ਦੀ ਬਿਮਾਰੀ ਪਿੱਛੋਂ ਏਧਰ ਆਏ।
       -ਫੇਰ ਸਿੱਧੀ ਆਖ ਨਾ ਮੋਜੂਦੀਨ ਤੇਲੀ ਦਾ ਛੋਹਰ ਐ। ੳਂੂ ਹਿੰਮਤੀ ਐ ਬਈ ਗੰਜਾ ਜਿਹਾ। ਘੋੜੇ ਦੇ ਨਾਲ ਈ ਘੋੜਾ ਬਣਿਆ ਆਇਆ। ਆਪਣੇ ਛੋਹਰ ਤਾਂ ੳਂੂ  ਈਂ ਡਰ ਜਾਣ।
         ਮੁੰਡਾ ਸਾਹ ਸਾਂਵਾਂ ਕਰਦਾ, ਤਾਂਗੇ ਨਾਲੋਂ ਘੋੜਾ ਖੋਲ੍ਹ ਰਹੇ ਕਾਲੂ ਕੋਲ ਜਾ ਖਲੋਤਾ।
       -‘ਦੋ ਆਨ ਬਚਾ ਲਏ ਗਾਧੀਂ ਸਿਰਿਆ। ਕਾਲੂ ਹੱਸਿਆ।
       -ਚਾਚਾ ਉਏ, ਮੁੜਂੇਗਾ ਕਦੋਂ। ਮੁੰਡੇ ਨੇ ਕਾਲੂ ਦੀ ਗੱਲ ਅਣਗੌਲੀ ਕਰਦਿਆਂ ਪੁੱਛਿਆ
       -ਤੂੰ ਫੇਰ ਉਏ ਆਖਦੈਂ ਗੰਜਿਆ।
       -ਨਾਲ ਚਾਚਾ ਵੀ ਤਾਂ ਕਿਹੈ।
     ਕਾਲੂ ਨੇ ਕੋਲ ਖਲੋਤੇ ਬਰੋਟੇ ਦੀ ਛਾਂ ਵਿਖਾਉਦਿਆਂ ਕਿਹਾ, ‘ਆਹ ਛਾਂ ਜਦੋਂ ਦੂਜੇ ਪਾਸੇ ਚਲੀ ਗਈ ਉਦੋਂ ਮੁੜਨੈ।’ 
     ਮੁੰਡਾ ਬਾਜ਼ਾਰ ਦੀ ਭੀੜ ਵਿੱਚ ਜਾ ਵੜਿਆ। 
      ਦਿਨ ਭਰ ਉਹ ਬਾਘੇ ਪੁਰਾਣੇ ਦੇ ਬਾਜ਼ਾਰ ਦੀ ਰੌਣਕ ਵੇਖਦਾ ਰਿਹਾ। ਭੁੱਖਾ-ਭਾਣਾ, ਖਾਲੀ ਬੋਝਾ, ਨੰਗੇ ਪੈਰ। ਬਸ ਸ਼ਹਿਰ ਵੇਖਣ ਦਾ ਚਾਅ ਈ ਤਾਂਗੇ ਮਗਰ ਭਜਾਈ ਲਈ ਆਇਆ।
     ਆਥਣ ਵੇਲੇ ਵੀ ਉਹ ਉਵੇਂ ਹੀ ਤਾਂਗੇ ਦੀ ਰਫਤਾਰ ਨਾਲ ਪਿੰਡ ਪੁੱਜ ਗਿਆ।
    ਕਿਥਂੋ ਆਇਅਂੈ ਰੁਲਦੂ-ਵੱਡਿਆ ਸਵੇਰ ਦਾ ਗਿਅਂੈ।’ ਮਿੱਟੀ ਘੱਟੇ ਨਾਲ ਲਿੱਬੜੇ ਪੈਰ ਵੇਖ ਕੇ ਮਾਂ ਨੇ ਪੁੱਛਿਆ।
       -ਮਾਂ ਭੁੱਖ ਲੱਗੀ ਐ ਬਾਹਲੀ, ਰੱਬ ਦੀ ਸਂੌਹ। ਰੁਲਦੂ ਨੇ ਆਪਣੇ ਅੰਦਰ ਵੜੇ ਢਿੱਡ ਉਪਰ ਦੋਵੇਂ ਹੱਥ ਰੱਖਦਿਆਂ ਕਿਹਾ।
        ਮਾਂ ਖਿਝੀ ਪਈ ਸੀ, ਸਵੇਰ ਦੀ ਉਹ ਮੁਹੰਮਦੇ ਨੂੰ ਤੇ ਆਂਢ-ਗੁਆਂਢ ਨੂੰ ਕਈ ਵਾਰ ਪੁੱਛ ਚੁੱਕੀ ਸੀ।… ‘ਰੁਲਦੂ ਕਿੱਧਰ ਗਿਆ? ਕਿਸੇ ਨੇ ਵੇਖਿਆ ਹੋਵੇ ਤਾਂ ਦੱਸੋ। ਬੱਕਰੀਆਂ ਵਾਲੇ ਰੋਡੂ ਨੇ ਇੰਨ੍ਹਾ ਕੁ ਦੱਸਿਆ ਸੀ… ‘ਸਵੇਰੇ ਤਾਂਗਿਆਂ ਦੇ ਅੱਡੇ ’ਚ ਖੜਾ ਵੇਖਿਆ।
ਫੇਰ ਪਤਾ ਨ੍ਹੀ’
        ਮਾਂ ਨੇ ਮਨ ਹੀ ਮਨ ਅਨੇਕਾਂ ਵਾਰੀ ਕੋਸਿਆ, ‘ਜਾਏ ਖਾਣੇ ਦਾ ਹੈ ਵੀ ਰੁਲਦੂ ਤੇ ਨਾਂਅ ਵੀ ਰੁਲਦੂ।’
       ਰੁਲਦੂ ਨੇ ਸੁੱਕੇ ਬੁੱਲ੍ਹਾਂ ੳੁੱਪਰ ਜੀਭ ਫੇਰਦਿਆਂ ਫਿਰ ਕਿਹਾ, ‘ਮਾਂ ਕੋਈ ਰੋਟੀ ਪਈ ਇੱਕ ਅੱਧੀ ਤਾਂ ਦੇਹ ਨਾ।
       -ਮੈਨੂੰ ਖਾ ਲਾ। ਮਾਂ ਝਈ ਲੈ ਕੇ ਪਈ। 
       ਰੁਲਦੂ ਡਰ ਗਿਆ। ਕੁਝ ਦੇਰ ਉਵੇਂ ਦੋਹਾਂ ਹੱਥਾਂ ਨਾਲ ਢਿੱਡ ਦਬਾਈ ਖਲੋਤਾ ਰਿਹਾ। ਫਿਰ ਪਾਣੀ ਦੇ ਘੜੇ ਵੱਲ ਅਹੁਲਿਆ। ਉਸ ਨੂੰ ਸਮਝ ਆ ਗਈ, ਰੋਟੀ ਤਾਂ ਹੁਣ ਰਾਤ ਵੇਲੇ ਹੀ ਮਿਲੂ। ਬਾਘੇ ਪੁਰਾਣੇ ਦੇ ਬਾਜ਼ਾਰ ਵਿੱਚ ਇੱਕ ਹਲਵਾਈ ਦੀ ਦੁਕਾਨ ਅੰਦਰ ਵੇਖੇ ਲੱਡੂ, ਜਲੇਬੀਆਂ ਤੇ ਪਕੌੜਿਆਂ ਬਾਰੇ ਸੋਚਦਾ, ਉਹ ਦੋ ਬਾਟੀਆਂ ਪਾਣੀ ਦੀਆਂ ਪੀ ਗਿਆ ਤੇ ਸਿਰ ਖੁਰਕਦਾ ਇੱਕ ਪਾਸੇ ਪਈ ਢਿੱਲੀ ਜਿਹੀ ਮੰਜੀ ੳੁੱਪਰ ਜਾ ਲੇਟਿਆ। ਅੱਖਾਂ ਬੰਦ ਕਰ ਲਈਆਂ। ਹਲਵਾਈ ਦੀ ਦੁਕਾਨ  ਵਿੱਚ ਸਜਾਏ ਮਠਿਆਈਆਂ ਦੇ ਥਾਲ ਫਿਰ ਦਿਸੇ। ਭੁੱਖ ਹੋਰ ਤੰਗ ਕਰਨ ਲੱਗੀ ਤਾਂ ਘਬਰਾਂ ਕੇ ਅੱਖਾਂ ਖੋਲ੍ਹ ਲਈਆਂ।
     ਉਦਂੋ ਨਾ ਮਾਂ ਨੂੰ ਇਲਮ ਸੀ, ਨਾ ਤਾਂਗੇ ਵਾਲੇ ਕਾਲੂ ਨੂੰ ਇਲਮ ਸੀ, ਨਾ ਰੋਡੂ ਬੱਕਰੀਆਂ ਵਾਲਾ ਜਾਣਦਾ ਸੀ। ਢਿੱਲੀ ਮੰਜੀ ੳੁੱਪਰ ਦੋਹਾਂ ਹੱਥਾਂ ਨਾਲ ਢਿੱਡ ਨੱਪੀ ਪਿਆ, ਜਾਂ ਤਾਂਗੇ ਦੇ ਮਗਰ-ਮਗਰ ਨੰਗੇ ਪੈਰੀ ਦੌੜਨ ਨਾਲ ਇਹ ਮੁੰਡਾ ਕਿਸੇ ਦਿਨ ਗਰੀਬਾਂ ਦੀ ਭੁੱਖ ਨੂੰ ਦੂਰ ਕਰਨ ਲਈ ਲੜੇਗਾ ਹੀ ਨਹੀਂ, ਕੌਮੀ ਪੱਧਰ ਦਾ ਆਗੂ ਕਾਮਰੇਡ ਰੁਲਦੂ ਖਾਨ ਬਣੇਗਾ ਅਤੇ ਗਰੀਬ ਕਿਸਾਨਾਂ, ਖੇਤ ਮਜ਼ਦੂਰਾਂ ਅਤੇ ਦੱਬੇ-ਕੁਚਲੇ ਲੋਕਾਂ ਦਾ ਮਸੀਹਾ ਹੋ ਨਿਬੜੇਗਾ।                       
 (ਕਾਮਰੇਡ ਰੁਲਦੂ ਖਾਨ ਦੀ ਜ਼ਿੰਦਗੀ ’ਤੇ ਅਧਾਰਿਤ ਛਪ ਰਹੇ ਨਾਵਲ ‘ਮੈਂ ਪਾਕਿਸਤਾਨ ਨਹੀਂ ਜਾਣਾ’ ਚੋਂ ਇੱਕ ਕਾਂਡ)

ਸੂਰਤ ਅਤੇ ਸੀਰਤ ਵਰਗੇ ਮਾਨਵੀ ਗੁਣਾ ਨਾਲ ਭਰਪੂਰ (ਸੀ) ਜਗਦੀਸ਼ ਧਰਮੂਵਾਲਾ....ਪਰਮਜੀਤ ਢਾਬਾਂ, ਚਰਨਜੀਤ ਛਾਂਗਾ ਰਾਏ


                                                     ਭਵਿੱਖ ਮੈਗਜ਼ੀਨ ਦੇ ਅੰਕ ਮਾਰਚ-ਅਪ੍ਰੈਲ 2012 ਵਿਚੋਂ
ਜਗਦੀਸ਼ ਧਰਮੂਵਾਲਾ
        ਇਕ ਵਰ੍ਹਾ ਪਹਿਲਾਂ 3 ਫਰਵਰੀ 2011 ਦੀ ਸਵੇਰ ਜਦੋਂ ਸਾਥੀ ਜਗਦੀਸ਼ ਧਰਮੂਵਾਲਾ ਅਪਣੇ ਘਰੇਲੂ ਕੰਮ ਲਈ ਮੋਟਰਸਾਇਕਲ ’ਤੇ ਜਾ ਰਿਹਾ ਸੀ ਤਾਂ ਇਕ ਦਰਦਨਾਕ ਹਾਦਸੇ ਨੇ ਉਸ ਨੂੰ ਸਾਡੇ ਤੋਂ ਸਦਾ ਲਈ ਵਿਛੋੜ ਦਿੱਤਾ। ਉਹ ਆਪਣੇ ਘਰੇਲੂ ਕੰਮ ਨੂੰ ਜਲਦੀ ਮੁਕਾ ਕੇ ਨਰੇਗਾ ਕਾਮਿਆਂ ਨੂੰ ਸੰਬੋਧਨ ਕਰਨ ਦੇ ਨਾਲ-ਨਾਲ ਮੰਡੀ ਲਾਧੂਕਾ ਵਿਖੇ ਰੇਹੜੀ ਫੜੀ ਵਾਲਿਆਂ ਦਾ ਕੋਈ ਫੈਸਲਾ ਕਰਵਾਉਣ ਲਈ ਪੰਚਾਇਤ ਵਿਚ ਹਿੱਸਾ ਲੇਣ ਵਾਲਾ ਸੀ। ਉਹ ਅਜੇ ਆਪਣੀ ਇਨਕਲਾਬੀ ਸੋਚ, ਲੋਕਾਂ ਦੇ ਦੁੱਖਾਂ-ਦਰਦਾਂ ਨੂੰ ਦੂਰ ਕਰਨ ਦੀ ਤੜਫ ਅਤੇ ਆਪਣੇ ਦਲੇਰਾਨਾ ਕੰਮਾਂ ਕਰਕੇ ਇਲਕੇ ਵਿਚ ਦਿਨੋ-ਦਿਨ ਹਰਮਨ ਪਿਆਰਤਾ ਪ੍ਰਾਪਤ ਕਰਦਿਆਂ ਇਕ ਨਿਧੱੜਕ, ਪਰਿਪੱਕ ਆਗੂ ਦੇ ਰੂਪ ਵਿਚ ੳੁੱਭਰ ਰਿਹਾ ਸੀ।ਸਾਥੀ ਜਗਦੀਸ਼ ਸੂਰਤ ਅਤੇ ਸੀਰਤ ਵਰਗੇ ਮਾਨਵੀ ਗੁਣਾ ਨਾਲ ਭਰਪੂਰ ਸੀ।ਸਾਥੀ ਜਗਦੀਸ਼ ਛੋਟੀ ਕਿਸਾਨੀ ਦੇ ਪਰਿਵਾਰ ਵਿਚੋਂ ਸੀ, ਪਰ ਉਹ ਕਿਸਾਨਾਂ, ਮਜਦੂਰਾਂ ਅਤੇ ਦੁਕਾਨਦਾਰਾਂ  ਦੀਆਂ ਮੁਸ਼ਕਲਾਂ ਦੇ ਹੱਲ ਲਈ ਹਰ ਵੇਲੇ ਸੰਘਰਸ਼ ਕਰਨ ਲਈ ਉਤਾਵਲਾ ਰਹਿੰਦਾ ਸੀ।ਉਸ ਦੇ ਪਰਿਵਾਰ ਨੇ ਵੀ ਉਸ ਨੂੰ ਅਜਿਹੇ ਕੰਮਾਂ ਵਿਚ ਭਰਪੂਰ ਸਹਿਯੋਗ ਦਿੱਤਾ। ਬਾਪ ਦਾ ਸਾਇਆ ਸਿਰ ਤੋਂ ਉਠ ਜਾਣ ਕਰਕੇ ਸਿਰਫ 10ਵੀਂ ਦੀ ਪੜ੍ਹਾਈ ਤੋਂ ਬਾਅਦ ਘਰ ਦੀ ਅਰਥਿਕਤਾ ਵਿਚ ਸਹਿਯਯੋਗ ਪਾਉਣ ਲਈ ਕਾਮਰੇਡ ਜਗਦੀਸ਼ ਨੇ ਮੰਡੀ ਲਾਧੂਕਾ ਵਿਚ ਕੱਪੜੇ ਸਿਊਣ (ਦਰਜੀ) ਦਾ ਕੰਮ ਸ਼ੁਰੂ ਕੀਤਾ।

 ਇਸ ਦੇ ਨਾਲ-ਨਾਲ ਉਹਦੇ ਮਨ ਵਿਚ ਸਾਡੇ ਸਮਾਜ ਨੂੰ ਘੁਣ ਵਾਂਗ ਖਾ ਰਹੀਆਂ ਸਮਾਜਕ ਬੁਰਾਈਆਂ ਨੂੰ ਦੂਰ ਕਰਨ ਦੀ ਹਸਰਤ ਅੰਗੜਾਈ ਲੈ ਰਹੀ ਸੀ।ਇਹਨਾਂ ਸਮਾਜਕ ਬੁਰਾਈਆਂ ਦੇ ਵਿਗਿਆਨਕ ਹੱਲ ਲਈ ਉਸ ਵੇਲੇ ਮੰਡੀ ਲਾਧੂਕਾ ਵਿਖੇ ਕੁਝ ਅਗਾਂਹਵਧੂ ਸਮਾਜਕ ਆਗੂਆਂ ਵੱਲੋਂ ਬਣਾਈ ਤਰਕਸ਼ੀਲ ਸੋਸਾਇਟੀ ਦਾ ਮੈਂਬਰ ਬਣ ਗਿਆ। ਤਰਕਸ਼ੀਲ ਸੋਸਾਇਟੀ ਵਿਚ ਕੰਮ ਕਰਦਿਆਂ ਜਗਦੀਸ਼ ਨੇ ਵਿਗਿਆਨਕ ਤਰਕਸ਼ੀਲ ਟਰਿੱਕਾਂ ਰਾਹੀਂ ਅੰਧ-ਵਿਸ਼ਵਾਸਾਂ ਖਿਲਾਫ ਪ੍ਰਚਾਰ ਕਰ ਸਮਾਜ ਨੂੰ ਜਾਗਰੂਕ ਕੀਤਾ। ਇਸੇ ਦਰਮਿਆਨ ਹੀ ਜਗਦੀਸ਼ ਦਾ 1999 ਵਿਚ ਕਾਮਰੇਡ ਹੰਸ ਰਾਜ ਗੋਲਡਨ ਨਾਲ ਮਿਲਾਪ ਹੋਇਆ। ਕਾਮਰੇਡ ਗੋਲਡਨ ਉਸ ਵੇਲੇ ਪੰਜਾਬ ਵਿਚ ਨੌਜਵਾਨਾਂ ਅਤੇ ਵਿਦਿਆਰਥੀਆਂ ਵੱਲੋਂ ਲੋਕ ਮਸਲਿਆਂ ਦੇ ਮੁਕੰਮਲ ਹੱਲ ਲਈ ਚਾਲਈ ਰੁਜ਼ਗਾਰ ਪ੍ਰਪਾਤੀ ਚੇਤਨਾ ਮੁਹਿੰਮ ਦੀ ਫਿਰੋਜਪੁਰ ਜਿਲ੍ਹੇ ਵਿਚ ਅਗਵਾਈ ਕਰ ਰਹੇ ਸਨ। ਮੁਹਿੰਮ ਵੱਲੋਂ ਤਿਆਰ ਪੰਜ ਮੰਗਾਂ ਦੇ ਪ੍ਰੋਗਰਾਮ ਨੂੰ ਲੈ ਕੇ ਪਿੰਡਾਂ ਵਿਚ ਮੀਟਿੰਗਾਂ ਲਗਾ ਕੇ ਬੇਰੁਜਗਾਰ ਫਿਰ ਰਹੇ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਚੇਤਨ ਕਰਦੇ ਅਤੇ ਪਿੰਡਾਂ ਵਿਚ ਵਿਚੋਂ ਚੁਣੇ ਨੌਜਵਾਨ ਆਗੂਆਂ ਨੂੰ ਸਿਧਾਂਤਕ ਸੇਧ ਦੇਣ ਲਈ ਮੰਡੀ ਲਾਧੂਕਾ ਵਿਖੇ ਸਿਧਾਂਤਕ ਸਕੂਲਾਂ ਦਾ ਪ੍ਰਬੰਧ ਕੀਤਾ ਜਾਂਦਾ, ਰਾਤ ਰਾਤ ਭਰ ਕਲਾਸਾਂ ਚਲਦੀਆਂ ਅਤੇ ਨਵੇਂ ਭਰਤੀ ਕੀਤੇ ਨੌਜਵਾਨਾਂ ਨੂੰ ਬੁਲਰੇ ਬਣਾਉਣ ਦੀ ਟ੍ਰੇਨਿੰਗ ਦਿੱਤੀ ਜਾਂਦੀ।
ਜਗਦੀਸ਼ ਧਰਮੂਵਾਲਾ ਦੀ ਪਹਿਲੀ ਬਰਸ਼ੀ ਮੋਕੇ ਦੀ ਤਸਵੀਰ
ਸਾਥੀ ਜਗਦੀਸ਼ ਨੇ ਇਹਨਾਂ ਸਿਧਾਂਤਕ ਸਕੂਲਾਂ ਅਤੇ ਟ੍ਰੇਨਿੰਗ ਕੈਪਾਂ ਵਿਚ ਉਤਸਾਹ ਨਾਲ ਹਿੱਸਾ ਲੈ ਕੇ ਇਕ ਚੰਗੇ ਬੁਲਾਰੇ ਦੇ ਗੁਣ ਸਿੱਖੇ ਅਤੇ ਮੁਹਿੰਮ ਤੇ ਪ੍ਰੋਗਰਾਮ ਨੂੰ ਚੰਗੀ ਤਰ੍ਹਾਂ ਆਪਣੇ ਦਿਮਾਗ ਦਾ ਹਿੱਸਾ ਬਣਾ ਕੇ ਲੋਕਾਂ ਵਿਚ ਪ੍ਰਚਾਰਨ ਦਾ ਕੰਮ ਆਰੰਭ ਦਿੱਤਾ।ਜਗਦੀਸ਼ ਸਮਾਂ ਮਿਲਣ ’ਤੇ ਸਥਾਨਕ ਅਤੇ ਕੌਮਾਂਤਰੀ ਪੱਧਰ ਦਾ ਇਨਕਲਾਬੀ ਅਤੇ ਸਮਾਜਕ ਸਾਹਿਤ ਨੂੰ ਪੜ੍ਹਨਾ ਨਹੀਂ ਸੀ ਭੁੱਲਦਾ। ਸਥਾਨਕ ਅਤੇ ਦੁਨੀਆਂ ਪੱਧਰ ਤੇ ਵਾਪਰ ਰਹੀਆਂ ਘਟਨਾਵਾਂ ਤੇ ਨਿਗ੍ਹਾ ਰੱਖ ਕੇ, ਉਹਦੀ ਸਿਧਾਂਤਕ ਪੜਚੋਲ ਕਰਕੇ, ਆਗੂ ਟੀਮ ਨਾਲ ਸਾਂਝਾ ਕਰਨਾ ਉਹਦਾ ਵਿਸ਼ੇਸ਼ ਗੁਣ ਸੀ। ਉਹਦੇ ਭਾਸ਼ਨ ਹਮੇਸ਼ਾਂ ਜੋਸ਼ੀਲੇ ਅਤੇ ਸਿਧਾਂਤਕ ਹੁੰਦੇ, ਜੋ ਸੁਣਨ ਵਾਲਿਆਂ ਵਿਚ ਉਤਸ਼ਾਹ ਭਰਦੇ। ਉਹ ਆਪਣੀ ਤਕਰੀਰ ਵਿਚ ਦੁਨੀਆਂ ਦੇ ਕਿਊਬਾ, ਵੈਂਜੂਏਲਾ, ਵੀਅਤਨਾਮ ਆਦਿ ਵਰਗੇ ਸਮਾਜਵਾਦੀ ਪ੍ਰਬੰਧ ਵੱਲ ਵਧ ਰਹੇ ਦੇਸ਼ਾਂ ਦਾ ਜਿਕਰ ਕਰਦਾ ਅਤੇ ਉਹਨਾਂ ਤੋਂ ਸੇਧ ਲੈ ਕੇ ਭਾਰਤ ਵਿਚ ਵੀ ਅਜਿਹਾ ਪ੍ਰਬੰਧ ਸਿਰਜਣ ਦੀ ਲੋੜ ’ਤੇ ਜੋਰ ਦਿੰਦਾ ਸੀ । ਕਾਰਲ ਮਾਰਕਸ, ਲੈਨਿਨ, ਪਰਮਗੁਣੀ ਭਰਤ ਸਿੰਘ, ਚੀ ਗੁਵੇਰਾ,  ਸ਼ਹੀਦ ਊਧਮ ਸਿੰਘ, ਕਰਤਾਰ ਸਿੰਘ ਸਰਾਭਾ ਉਹਦੇ ਪ੍ਰੇਰਣਾ ਸਰੋਤ ਸੀ ਅਤੇ ਉਹਨਾਂ ਦੀ ਵਿਚਾਰਧਾਰਾ ਦਾ ਬੜੇ ਮਾਣ ਨਾਲ ਪ੍ਰਚਾਰ ਕਰਦਾ ਸੀ।
ਰੁਜ਼ਗਾਰ ਪ੍ਰਾਪਤੀ ਮੁਹਿੰਮ ਸ਼ਹੀਦਾਂ ਦੀ ਵਿਚਾਰਧਾਰਾ ਨੂੰ ਪ੍ਰਣਾਈ ਇਕ ਲਹਿਰ ਹੈ ਅਤੇ ਜਿਹੜੀ ਮਹਾਨ ਸ਼ਹੀਦਾਂ ਦੇ ਪਾਏ ਪੂਰਨਿਆਂ ’ਤੇ ਚੱਲ ਕੇ ਸਮਾਜ ਵਿਚ ਫੈਲੀਆਂ ਵਿਆਪਕ ਸਮੱਸਿਆਂਵਾਂ ਦਾ ਸਥਾਈ ਹੱਲ ਕਰਨਾ ਚਹੁੰਦੀ ਹੈ। ਇਸ ਰੋਸ਼ਨੀ ਵਿਚ ਹੀ ਸਾਰਾ ਸਾਲ ਰੁਜ਼ਗਾਰ ਪ੍ਰਾਪਤੀ ਮੁਹਿੰਮ ਵੱਲੋਂ ਸ਼ਹੀਦਾਂ ਦੇ ਨਾਂਅ ਦੇ ਜਨਮ ਦਿਹੜੇ ਅਤੇ ਸ਼ਹੀਦੀ ਦਿਨ ’ਤੇ ਰੈਲੀਆਂ, ਇਨਕਲਾਬੀ ਸੱਭਿਆਚਾਰਕ ਸਮਾਗਮ, ਵਿਚਾਰਧਾਰਕ ਕੈਂਪ ਅਤੇ ਸੈਮੀਨਾਰ ਲਗਾ ਕੇ ਪ੍ਰਚਾਰ ਕਰਨ ਦੀ ਲੜੀ ਤੋਰੀ ਹੈ, ਜਿਹਦੇ ਵਿਚ 28 ਸਤੰਬਰ ਪਰਮਗੁਣੀ ਭਰਤ ਸਿੰਘ ਦਿਨ ਤੇ ਬਾਵਰਦੀ ਵਲੰਟੀਅਰ ਮਾਰਚ ਵਿਲੱਖਣ ਪ੍ਰੋਗਰਾਮ ਹੈ। ਸਾਥੀ ਜਗਦੀਸ਼ ਨੇ ਇਸ ਵਿਲੱਖਣ ਮਾਰਚ ਦੀ ਤਿਆਰੀ ਲਈ ਦਿਨ-ਰਾਤ ਇਕ ਕਰਕੇ ਸੈਂਕੜੇ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਬਾਵਰਦੀ ਵਲੰਟੀਅਰ ਤਿਆਰ ਕਰਕੇ ਮਾਰਚ ਵਿਚ ਸਮੂਲੀਅਤ ਕਰਵਾਈ। ਸਾਥੀ ਜਗਦੀਸ਼ ਵੱਲੋਂ ਤਿਆਰ ਕੀਤੀ ਸਿਧਾਂਤਕ ਆਗੂ ਟੀਮ ਵਿਚੋਂ ਜਗਦੀਸ਼ ਦੀ ਝਲਕ ਪੈਂਦੀ ਹੈ। ਜੱਥੇਬੰਦੀ ਦੇ ਪਰਿਪੱਕ ਆਗੂ ਬਣਨ ਤੋਂ ਬਾਅਦ ਉਹ 2003 ਵਿਚ ਸੀ.ਪੀ.ਆਈ ਪਿੰਡ ਦੀ ਬਰਾਂਚ ਦਾ ਮੈਂਬਰ ਬਣਿਆ ਅਤੇ ਜਲਦੀ ਹੀ ਉਹ ਜਿਲ੍ਹਾ ਕੌਂਸਲ ਦਾ ਮੈਂਬਰ ਬਣ ਗਿਆ। ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨੇ ਕੇਂਦਰ ਸਰਕਾਰ ਵੱਲੋਂ ਬਣਾਏ ਨਰੇਗਾ ਕਾਨੂੰਨ ਸਿੱਧੇ ਮੂੰਹ ਲਾਗੂ ਨਾ ਕਰਨ ਲਈ ਹਜਾਰਾਂ ਅੜਿੱਕੇ ਡਾਹੇ ਹਨ। ਲਹਿਰ ਦੀ ਸੂਬਾਈ ਲੀਡਰਸ਼ਿਪ ਨੇ ਨਰੇਗਾ ਰੁਜ਼ਗਾਰ ਪ੍ਰਾਪਤ ਮਜਦੂਰ ਯੂਨੀਅਨ ਬਣਾ ਕੇ ਨਰੇਗਾ ਕਨੂੰਨ ਮੁਕੰਮਲ ਰੂਪ ਵਿਚ ਲਾਗੂ ਕਰਵਾਉਣ ਲਈ ਸੰਘਰਸ਼ ਦਾ ਐਲਾਨ ਕਰ ਦਿੱਤਾ। ਬਾਈ ਜਗਰੂਪ ਨੇ ਇਸ ਤੇ ਸਿਧਾਂਤਕ ਅਤੇ ਕਾਨੂੰਨੀ ਸੇਧ ਦੇ ਕੇ ਨਰੇਗਾ ਕਾਮਿਆਂ ਦੀ ਅਗਵਾਈ ਕਰਨ ਲਈ ਤੋਰਿਆ ਤਾਂ ਕਾਮਰੇਡ ਜਗਦੀਸ਼ ਇਸ ਕੰਮ ਵਿਚ ਗਰਮਜੋਸ਼ੀ ਨਾਲ ਕੁੱਦਿਆ।
ਬਸ ਫਿਰ ਕੀ ਸੀ… ਸਵੇਰੇ ੳੁੱਠ ਕੇ ਪਹਿਲਾਂ ਨਰੇਗਾ ਕਾਮਿਆਂ ਦੀ ਮੀਟਿੰਗ ਕਰਵਾਉਣੀ, ਫਿਰ ਆਪਣਾ ਕੱਪੜੇ ਸਿਲਾਈ ਦਾ ਕੰਮ ਕਰਨ ਜਾਣਾ ਅਤੇ ਸ਼ਾਮ ਨੂੰ ਜਲਦੀ ਕੰਮ ਮੁਕਾ ਕੇ ਇਕੱਲੇ ਹੀ ਰਾਤ ਨੂੰ ਫਿਰ ਕਿਸੇ ਨਾ ਕਿਸੇ ਪਿੰਡ ਨਰੇਗਾ ਮਜ਼ਦੂਰਾਂ ਦੀ ਮੀੇਿਟੰਗ ਕਰਵਾਕੇ ਹੀ ਘਰ ਪਰਤਣਾ ਉਹਦਾ ਨਿਤਨੇਮ ਸੀ। ਜਗਦੀਸ਼ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਜਗਦੀਸ਼ ਘਰ ਦੀ ਘੱਟ ਪਰ ਸਮੁੱਚੇ ਸਮਾਜ ਦੀ ਜਿਆਦਾ ਫਿਕਰ ਕਰਦਾ ਸੀ। ਨਰੇਗਾ ਕਾਮਿਆਂ ਦੀਆਂ ਕੰਮ ਦੀਆਂ ਅਰਜੀਆਂ ਭਰਨ, ਕੰਮ ਦਵਾਉਣ ਲਈ ਜੇਕਰ ਕੋਈ ਦਿੱਕਤ ਆਉਂਦੀ ਤਾਂ ਸੱਦਾ ਆਉਣ ‘ਤੇ ਆਪਣਾ ਕੰਮ ਛੱਡ ਕੇ ਤੁਰੰਤ ਹਾਜ਼ਰ ਹੋ ਜਾਂਦਾ ਸੀ। ਉਹਦੇ ਘਰ ਵਿਚ ਸਵੇਰੇ ਤੋਂ ਸ਼ਾਮ ਤੱਕ ਨਰੇਗਾ ਕਾਮਿਆਂ ਅਤੇ ਲੋੜਵੰਦ ਲੋਕਾਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਸੀ ਨਰੇਗਾ ਕਾਮਿਆਂ ਲਈ ਲੜ ਰਹੇ ਕਾ. ਜਗਦੀਸ਼ ’ਤੇ ਹਾਕਮ ਧਿਰ ਨੇ ਨਜਾਇਜ਼ ਪਰਚਾ ਦਰਜ ਕਰਵਾ ਦਿੱਤਾ ਅਤੇ ਉਸ ਨੂੰ ਥਾਣੇ ਵਿਚ ਵੀ ਬੰਦ ਕੀਤਾ। ਗਿਰਫਤਾਰੀ ਤੋਂ ਬਾਅਦ ਹਜਾਰਾਂ ਨਰੇਗਾ ਮਰਦ-ਔਰਤਾਂ, ਵਿਦਿਆਰਥੀਆਂ ਅਤੇ ਨੌਜਵਾਨਾਂ ਨੇ ਕੁਝ ਹੀ ਘੰਟਿਆਂ ਵਿਚ ਥਾਣਾ ਸਦਰ ਫਾਜਿਲਕਾ ਘੇਰ ਕੇ ਉਸ ਦੀ ਹਰਮਨ ਪਿਆਰਤਾ ਦਾ ਸਬੂਤ ਦਿੱਤਾ।
ਸਾਥੀ ਜਗਦੀਸ਼ ਦਾ ਬੇਵਕਤ ਸਾਡੇ ਤੋਂ ਵਿੱਛੜ ਕੇ ਤੁਰ ਜਾਣਾ ਅਸਹਿ ਹੈ ਅਤੇ ਜਿੱਥੇ ਪਰਿਵਾਰ ਅਤੇ ਇਨਕਲਾਬੀ ਲਹਿਰ ਲਈ ਵੱਡਾ ਘਾਟਾ ਹੈ। ਅੱਜ ਵੀ ਕਿਰਤੀਆਂ, ਕਿਸਾਨਾਂ, ਮੁਲਾਜਮਾਂ, ਵਿਦਿਆਰਥੀਆਂ ਅਤੇ ਨੌਜਵਾਨਾਂ ਲਈ ਲੜੇ ਜਾਂਦੇ ਸੰਘਰਸ਼ਾਂ ਵਿਚ ਉਹਦੀ ਘਾਟ ਹਮੇਸ਼ਾ ਹੀ ਮਹਿਸੂਸ ਹੁੰਦੀ ਹੈ। ਅੱਜ ਜਦੋਂ ਅਸੀਂ ਉਹਨੂੰ ਯਾਦ ਕਰ ਰਹੇ ਹਾਂ ਤਾਂ ਦੂਜੇ ਪਾਸੇ ਬਦਲ ਰਹੀ ਦੁਨੀਆਂ ਵਿੱਚ ਸਰਮਾਏਦਾਰੀ ਪ੍ਰਬੰਧ ਵਿਕਾਸ ਨੂੰ ਜਾਰੀ ਰੱਖ ਸਕਣ ਵਿੱਚ ਬੁਰੀ ਤਰ੍ਹਾਂ ਆਯੋਗ ਸਾਬਿਤ ਹੋ ਰਿਹਾ ਹੈ। ਅਜਿਹੇ ਹਾਲਤਾਂ ਵਿਚ ਸਮਾਜਿਕ ਬਦਲਾਅ ਲਈ  ਪਰਿਪੱਕ ਆਗੂਆਂ ਦੀ ਅਹਿਮੀਅਤ ਕਿਤੇ ਜਰੂਰੀ ਹੈ। ਕਾ. ਜਗਦੀਸ਼ ਆਪਣੇ ਪਿੱਛੇ ਅਜਿਹੇ ਪਰਿਪੱਕ ਆਗੂਆਂ ਦੀ ਇਕ ਟੀਮ ਛੱਡ ਕੇ ਗਿਆ ਹੈ। ਸਾਨੂੰ ਸਾਰਿਆਂ ਨੂੰ ਇਸ ਕੰਮ ਨੂੰ ਹੋਰ ਤੇਜ਼ੀ ਨਾਲ ਅੱਗੇ ਤੋਰਨਾ ਹੋਵੇਗਾ। ਇਹ ਹੀ ਸਾਥੀ ਜਗਦੀਸ਼ ਧਰਮੂਵਾਲਾ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।