“ਸਭ ਕਿਸੇ ਲਈ ਉਤਸਾਹਿਤ ਕਰਨ ਵਾਲਾ ਆਦਰਸ਼, ਉਦੇਸ਼ ਲਈ ਮਰਨਾ ਨਾ ਹੋ ਕੇ, ਉਦੇਸ਼ ਲਈ ਜਿਉਣਾ ਹੋਣਾ ਚਾਹੀਦਾ ਹੈ” ਭਗਤ ਸਿੰਘ

Monday, June 28, 2010

ਹਨੇਰਿਆਂ ਤੋਂ ਰੌਸ਼ਨੀ ਵੱਲ, ਇਹ ਸਫ਼ਰ ਜਾਰੀ ਰਹੇ.....ਮਨਦੀਪ ਖੁਰਮੀ ਹਿੰਮਤਪੁਰਾ (ਇੰਗਲੈਂਡ)

ਢਿੱਡ ਨੇ ਤਾਂ ਖਾਣ ਲਈ ਕੁਝ ਨਾ ਕੁਝ ਮੰਗਣਾ ਹੀ ਹੈ, ਭਾਵੇਂ ਤੁਸੀਂ ਕੋਈ ਕੰਮ ਕਰਦੇ ਹੋ ਜਾਂ ਨਹੀਂ। ਇਹਦੇ ਮੰਗਦੇ ਰਹਿਣਾ ਹੀ ਜਿਉਂਦੇ ਹੋਣ ਦੀ ਨਿਸ਼ਾਨੀ ਹੈ। ਇਹਦੀ ਮੰਗ ਪੂਰੀ ਕਰਨ ਲਈ ਬੰਦੇ ਨੂੰ ਕੁਝ ਨਾ ਕੁਝ ਤਾਂ ਕਰਨਾ ਹੀ ਪਵੇਗਾ। ਪਾਪੀ ਪੇਟ ਦੇ ਸਤਾਇਆਂ ਨੂੰ ਜਦੋਂ ਕਦੇ ਲੋਕਾਂ ਅੱਗੇ ਹੱਥ ਅੱਡੀ ਲੇਲੜ੍ਹੀਆਂ ਕੱਢਦਿਆਂ ਦੇਖਦਾ ਹਾਂ ਤਾਂ ਇਹੀ ਦੁਆ ਕਰਦਾ ਹਾਂ ਕਿ ਮੌਤ ਆ ਜਾਵੇ ਪਰ ਇਹੋ ਜਿਹੇ ਦਿਨ ਨਸੀਬ ਨਾ ਹੋਣ ਕਿਉਂਕਿ ਮੰਗਣਾ ਮੌਤ ਬਰਾਬਰ ਹੁੰਦੈ, ਇੱਕ ਵਾਰ ਅੱਡੇ ਹੱਥ ਅਤੇ ਮਰ ਗਏ ਮਨੁੱਖ 'ਚ ਕੋਈ ਬਹੁਤਾ ਅੰਤਰ ਨਹੀਂ ਮੰਨਿਆ ਜਾਂਦਾ। ਕਿਰਤ ਕਰਨ ਲਈ ਹੋਂਦ 'ਚ ਆਏ ਹੱਥਾਂ ਨੂੰ ਜਦੋਂ ਕੁਝ ਕਰਨ ਲਈ ਕੰਮ ਨਸੀਬ ਨਹੀਂ ਹੁੰਦਾ ਤਾਂ ਅਜਿਹੇ ਵਿਹਲੇ ਹੱਥ ਜਾਂ ਤਾਂ ਸਮਾਜ 'ਚ ਰਹਿੰਦੇ ਹੋਏ ਹੀ ਸਮਾਜ ਵਿਰੋਧੀ ਕਾਰਿਆਂ ਨੂੰ ਅੰਜ਼ਾਮ ਦੇਣਾ ਸ਼ੁਰੂ ਕਰਦੇ ਹਨ ਜਾਂ ਫਿਰ ਮੌਤ ਬਰਾਬਰ ਮੰਨੇ ਜਾਂਦੇ ਕੰਮ 'ਮੰਗਣ' ਲਈ ਅੱਡੇ ਜਾਂਦੇ ਹਨ। ਵਿਦੇਸ਼ 'ਚ ਰਹਿੰਦਿਆਂ ਮੈਂ ਅਜੇ ਤੱਕ ਤਾਂ ਉੱਥੋਂ ਦੇ ਕਿਸੇ ਜੰਮੇ ਪਲੇ ਨੂੰ 'ਮੌਤ' ਅਪਣਾਉਂਦਿਆਂ ਭਾਵ ਮੰਗਦਿਆਂ ਨਹੀਂ ਤੱਕਿਆ ਕਿਉਂਕਿ ਸਰਕਾਰਾਂ ਵੱਲੋਂ ਪ੍ਰਬੰਧ ਹੀ ਇੰਨਾ ਸਾਫ ਸੁਥਰਾ ਤੇ ਸਲੀਕੇ ਨਾਲ ਚਲਾਇਆ ਜਾਂਦਾ ਹੈ ਕਿ ਸਕੂਲਾਂ 'ਚ ਪੜ੍ਹਦੇ ਬੱਚਿਆਂ ਨੂੰ ਕੰਮ ਦੀ ਟ੍ਰੇਨਿੰਗ ਦੇਣੀ ਸ਼ੁਰੂ ਕਰ ਦਿੱਤੀ ਜਾਂਦੀ ਹੈ। ਸਕੂਲੋਂ ਨਿਕਲਣ ਸਾਰ ਹੀ ਕੰਮ ਮਿਲਣਾ ਵੱਟ ਤੇ ਪਿਆ ਹੁੰਦਾ ਹੈ। ਸਕੂਲੀਂ ਪੜ੍ਹਦੇ ਬੱਚੇ ਵੀ ਕਮਾਊ ਹੋਣ ਕਰਕੇ ਮਾਪਿਆਂ 'ਤੇ ਬੋਝ ਨਹੀਂ ਬਣਦੇ। ਭਲਾ ਇਹੋ ਜਿਹੇ ਨੇਕ ਹਾਲਾਤਾਂ ਵਿੱਚ ਕੋਈ ਮੰਗਣ ਵਰਗਾ ਕੰਮ ਕਿਉਂ ਕਰੇਗਾ? ਇਹੀ ਫਰਕ ਕਦੇ ਕਦੇ ਡੂੰਘੇ ਵਹਿਣਾਂ 'ਚ ਵਹਾ ਲੈ ਜਾਂਦੈ ਤੇ ਮੈਂ ਉਹਨਾਂ ਦਿਨਾਂ ਦੀਆਂ ਯਾਦਾਂ 'ਚ ਗੁੰਮ ਹੋ ਜਾਂਦਾ ਹਾਂ ਜਦੋਂ ਬਾਪੂ ਦਾ ਹੱਥ ਸਿਰ ਤੇ ਸੀ ਕਦੇ ਅਹਿਸਾਸ ਹੀ ਨਹੀਂ ਸੀ ਹੋਇਆ ਕਿ ਬੇਰੁਜ਼ਗਾਰੀ ਕਿਸ ਬਲਾ ਦਾ ਨਾਂ ਹੁੰਦਾ ਹੈ। ਇੱਕ ਬੋਹੜ ਦੀ ਛਾਂ ਸਿਰ ਤੋਂ ਹਟੀ ਤਾਂ ਜ਼ਮਾਨੇ ਦੀਆਂ ਤੇਜ਼ ਲਿਸ਼ਕੋਰਾਂ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕੀਤਾ। ਇੱਕ ਸੁਪਨਾ ਸੀ ਕਿ ਉਸ ਸੰਘਰਸ਼ਸ਼ੀਲ ਮਨੁੱਖ ਨੂੰ ਇਹ ਆਖਾਂ ਕਿ, "ਦੇਖ ਬਾਪੂ ਤੇਰਾ ਪੁੱਤ ਅੱਜ ਮਾਸਟਰ ਬਣ ਗਿਐ।" ਜੋ ਪੂਰਾ ਨਾ ਹੋ ਸਕਿਆ। ਮਾਸਟਰ ਬਣਨ ਦੀ ਯੋਗਤਾ ਤਾਂ ਹਾਸਲ ਕਰ ਲਈ ਪਰ ਬੇਰੁਜ਼ਗਾਰੀ ਵੀ ਉਸ ਡਿਗਰੀ ਨਾਲ ਤੋਹਫੇ ਵਜੋਂ ਮਿਲੀ ਮਹਿਸੂਸ ਹੋਣ ਲੱਗੀ। ਪਿਤਾ ਜੀ ਦੀ ਮੌਤ ਸਰਵਿਸ ਦੌਰਾਨ ਹੋਈ ਹੋਣ ਕਰਕੇ ਮੈਂਨੂੰ ਤਰਸ ਦੇ ਆਧਾਰ ਤੇ ਨੌਕਰੀ ਲੈਣ ਲਈ ਅਰਜੀ ਦੇਣੀ ਪਈ। ਐੱਮ. ਏ., ਬੀ. ਐੱਡ. ਕਰਕੇ ਵੀ ਨੌਕਰੀ ਨਾ ਮਿਲਣ ਤੇ ਮਰਦੇ ਦੇ ਅੱਕ ਚੱਬਣ ਵਾਂਗ ਇਹ ਸਭ ਕਰਨਾ ਪਿਆ। ਪਿਤਾ ਜੀ ਦੀ ਨਸੀਹਤ ਨੂੰ ਸਿਰ ਮੱਥੇ ਮੰਨਦਿਆਂ ਫੈਸਲਾ ਕੀਤਾ ਹੋਇਆ ਸੀ ਕਿ ਨੌਕਰੀ ਮਿਲੇ ਜਾਂ ਨਾ ਮਿਲੇ ਪਰ ਕਿਸੇ ਹੱਕਦਾਰ ਦਾ ਹੱਕ ਮਾਰਨ ਲਈ ਕਿਸੇ ਨੂੰ ਰਿਸ਼ਵਤ ਦੇ ਕੇ ਅੱਗੇ ਨਹੀਂ ਲੰਘਣਾ। ਨੌਕਰੀ ਲਈ ਨਿਯੁਕਤੀ ਪੱਤਰ ਲੈਣ ਦਾ ਬੁਲਾਵਾ ਆ ਗਿਆ ਸੀ ਤੇ ਮੈਂ ਦਿਲ 'ਤੇ ਪੱਥਰ ਰੱਖ ਕੇ ਹਾਲਾਤਾਂ ਅੱਗੇ ਸਿਰ ਝੁਕਾ ਦਿੱਤਾ। ਮਾਸਟਰ ਦੀ ਯੋਗਤਾ ਰੱਖਦਾ ਰੱਖਦਾ ਪੰਜਾਬ ਰੋਡਵੇਜ਼ ਮੋਗਾ ਦਾ ਕੰਡਕਟਰ ਨੰ: 13 ਬਣ ਗਿਆ। ਜਦ ਵੀ ਟਿਕਟਾਂ ਕੱਟਦਿਆਂ ਕੋਈ ਮੇਰੀ ਯੋਗਤਾ ਪੁੱਛਦਾ ਤਾਂ ਪੁੱਛਣ ਵਾਲੇ ਦੇ ਮੂੰਹੋਂ ਸਿਰਫ ਇਹੀ ਨਿਕਲਦਾ ਕਿ, "ਹੱਅ ਤੇਰੀ ਬੇੜੀ ਬਹਿਜੇ ਸਰਕਾਰੇ।" ਪਰ ਮੈਂ ਨੌਕਰੀ ਮਿਲਣ 'ਤੇ ਵੀ ਆਪਣੇ ਆਪ ਨੂੰ ਬੇਰੁਜ਼ਗਾਰ ਹੀ ਸਮਝਦਾ ਰਿਹਾ ਸਾਂ ਕਿਉਂਕਿ ਜੋ ਨੌਕਰੀ ਮਿਲੀ ਸੀ ਉਹ ਮੇਰੀ 18 ਸਾਲ ਦੀ ਕਮਾਈ (ਪੜ੍ਹਾਈ) ਦਾ ਮੁੱਲ ਨਹੀਂ ਸੀ ਸਗੋਂ ਮੇਰੇ ਪਿਤਾ ਜੀ ਦੀ ਮੌਤ ਉਪਰੰਤ ਉਹਨਾਂ ਨੂੰ ਹੀ ਮਿਲਿਆ ਇੱਕ ਬਕਾਇਆ ਮਾਤਰ ਸੀ। ਹਰ ਪਲ ਮੇਰੇ ਮਨ ਤੇ ਇਹੀ ਸੋਚ ਬਣੀ ਰਹਿੰਦੀ ਕਿ ਪਤਾ ਹੀ ਨਹੀਂ ਕਿੰਨੀਆਂ ਕੁ ਮਾਵਾਂ ਦੇ ਪੁੱਤ ਮੇਰੇ ਵਰਗੇ ਹੋਣਗੇ ਜੋ ਸਭ ਪੱਖੋਂ ਪੂਰੇ ਹੋਣ ਦੇ ਬਾਵਜੂਦ ਵੀ ਅਧੂਰੇ ਹੋਣਗੇ।
ਭਾਰਤ ਦੇ ਸੰਵਿਧਾਨ ਦੇ ਘੜ੍ਹਨਹਾਰਿਆਂ ਦੁਆਰਾ ਅੰਕਿਤ ਕੀਤਾ ਗਿਆ ਹੈ ਕਿ ਸੰਵਿਧਾਨ ਦੇ ਅਮਲੀ ਰੂਪ ਵਿੱਚ ਆਉਣ ਤੋਂ ਦਸ ਸਾਲ ਦੇ ਅੰਦਰ- ਅੰਦਰ 'ਹਰ ਇੱਕ ਲਈ ਰੁਜ਼ਗਾਰ' ਦੀ ਵਿਵਸਥਾ ਕੀਤੀ ਜਾਵੇਗੀ। ਹਰ ਕੋਈ ਜਾਣਦੈ ਕਿ ਸੰਵਿਧਾਨ ਲਾਗੂ ਹੋਏ ਨੂੰ ਛੇ ਦਹਾਕੇ ਹੋ ਚੱਲੇ ਹਨ ਪਰ 'ਹਰ ਇੱਕ ਨੂੰ ਰੁਜ਼ਗਾਰ' ਦੇਣ ਵਾਲੀ ਦਿੱਲੀ ਪੜ੍ਹੇ ਲਿਖੇ ਜਾਂ ਅਨਪੜ੍ਹ ਲਈ ਅਜੇ ਵੀ ਓਨੀ ਹੀ ਦੂਰ ਹੈ ਜਿੰਨੀ ਸੰਵਿਧਾਨ ਲਾਗੂ ਹੋਣ ਸਮੇਂ ਲਏ ਗਏ ਹਲਫ਼ ਵੇਲੇ ਸੀ। ਇਸ ਸਭ ਕੁਝ ਦਾ 'ਸਿਹਰਾ' ਸਾਡੇ ਰਾਜਨੀਤੀਵਾਨਾਂ ਸਿਰ ਜਾਂਦਾ ਹੈ ਜਿਹਨਾਂ ਕੋਲ ਨਿੱਜੀ ਮੁਫਾਦਾਂ ਦੀ ਪੂਰਤੀ ਕਰਨ, ਪਰਿਵਾਰਵਾਦ ਦੀਆਂ ਜੜ੍ਹਾਂ ਨੂੰ ਹੋਰ ਪਕੇਰਾ ਕਰਨ ਆਦਿ ਵੱਲੋਂ ਸੋਚਣ ਤੋਂ ਬਗੈਰ ਹੋਰ ਕੋਈ ਕੰਮ ਹੀ ਨਹੀਂ ਰਹਿ ਗਿਆ ਜਾਪਦਾ। ਜੇ ਸੰਵਿਧਾਨ 'ਚ ਅੰਕਿਤ ਰੁਜ਼ਗਾਰ ਦੇਣ ਦੇ ਵਾਅਦੇ ਨੂੰ ਸੁਹਿਰਦਤਾ ਨਾਲ ਲਿਆ ਜਾਂਦਾ ਤਾਂ ਸ਼ਾਇਦ ਕੁਝ ਹੱਦ ਤੱਕ ਬੇ-ਰੁਜ਼ਗਾਰ ਸ਼ਬਦ ਦੇ ਅੱਗਿਓਂ 'ਬੇ' ਅਗੇਤਰ ਲਹਿ ਜਾਣਾ ਸੀ। ਪਰ ਸਮੇਂ ਦੀ ਅਸਲੀਅਤ ਸਮਝਣ ਵੱਲ ਕਿਸੇ ਦਾ ਧਿਆਨ ਨਾ ਤਾਂ ਅੱਜ ਤੱਕ ਗਿਆ ਹੈ ਅਤੇ ਨਾ ਹੀ ਸੱਤਾ ਮਾਣ ਰਹੇ ਲੋਕਾਂ ਦੀ ਜੁੰਡਲੀ ਦਿਨੋ ਦਿਨ ਗੰਭੀਰ ਹੁੰਦੀ ਜਾ ਰਹੀ ਬੇਰੁਜ਼ਗਾਰੀ ਦੀ ਸਮੱਸਿਆ ਵੱਲ ਧਿਆਨ ਦੇ ਰਹੀ ਹੈ। ਪਹਿਲੀ ਗੱਲ ਤਾਂ ਇਹ ਕਿ ਨੌਕਰੀ ਬਾਰੇ ਸੋਚਣਾ ਹੀ ਪਾਪ ਜਿਹਾ ਲਗਦਾ ਹੈ ਜੇਕਰ ਭੁੱਲਿਆ ਭਟਕਿਆ ਕੋਈ ਮਹਿਕਮਾ ਅੱਧ ਪਚੱਧ ਪੋਸਟ ਭਰਨ ਦੀ 'ਖੁਨਾਮੀ' ਕਰ ਵੀ ਬੈਠਦਾ ਹੈ ਤਾਂ ਮਾਪਿਆਂ ਦਾ ਸਹਾਰਾ ਬਣਨ ਦੀ ਚਾਹਨਾ ਰੱਖਦੇ ਬੇਰੁਜ਼ਗਾਰਾਂ ਦੀਆਂ ਡਾਰਾਂ ਆਣ ਬਹੁੜਦੀਆਂ ਹਨ, 'ਹੀਰ' ਫਿਰ ਪੈਸਿਆਂ ਵਾਲਿਆਂ ਦੇ ਲੜ੍ਹ ਲੱਗ ਜਾਂਦੀ ਹੈ ਤੇ ਬਾਕੀ ਮੂੰਹ ਲਮਕਾ ਕੇ ਫਿਰ ਘਰੀਂ ਪਰਤ ਜਾਂਦੇ ਹਨ। ਜਾਂ ਫਿਰ ਸਰਹੱਦਾਂ ਤੇ ਗੋਲੀਆਂ ਖਾ ਕੇ ਸ਼ਹੀਦ ਹੋਣ ਨੂੰ ਮਜ਼ਬੂਰਨ ਪਹਿਲ ਦੇਣ ਵਾਲੇ ਨੌਜਵਾਨ ਭਰਤੀ ਦੇਖਣ ਗਏ ਹੀ ਭਗਦੜ ਦਾ ਸ਼ਿਕਾਰ ਹੋ ਕੇ ਸਰਹੱਦ ਤੇ ਸ਼ਹੀਦ ਹੋਣ ਤੋਂ ਪਹਿਲਾਂ ਹੀ 'ਬੇਰੁਜ਼ਗਾਰ ਸ਼ਹੀਦਾਂ' ਦੀ ਕਤਾਰ 'ਚ ਜਾ ਖਲੋਂਦੇ ਨੇ। ਪਤਾ ਹੀ ਨਹੀਂ ਕਿੰਨੇ ਹੀ ਮਾਂ-ਪਿਓ ਦੇ ਲਾਡਲੇ ਸਰਕਾਰਾਂ ਵੱਲੋਂ ਆਪਣੇ ਫ਼ਰਜ਼ ਨਿਭਾਉਣ ਤੋਂ ਮੁਨਕਰ ਹੋਣ ਕਾਰਨ ਬੇਰੁਜ਼ਗਾਰੀ ਦਾ ਸੰਤਾਪ ਹੰਢਾਉਣ ਨਾਲੋਂ ਜ਼ਿੰਦਗੀ ਤੋਂ ਕਿਨਾਰਾ ਕਰਨਾ ਬਿਹਤਰ ਸਮਝ ਗਏ ਅਤੇ ਇਸ ਰਾਹ ਦੇ ਰਾਹੀ ਬਣੀ ਜਾ ਰਹੇ ਹਨ। ਇੱਥੇ ਇੱਕ ਉਸ ਬੇਰੁਜ਼ਗਾਰੀ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਗਏ ਨਾਟਕਕਾਰ ਅਜ਼ਮੇਰ ਔਲਖ ਜੀ ਦੇ ਚੇਲੇ ਨੌਜ਼ਵਾਨ 'ਪੈਰੋਡੀ ਲੇਖਕ' ਬਲਜੀਤ ਚਕੇਰਵੀ ਦਾ ਜ਼ਿਕਰ ਕਰਨਾ ਚਾਹਾਂਗਾ ਜਿਸਨੇ ਆਪਣੀ ਰਚਨਾ 'ਰਾਂਝੇ ਦੇ ਨਾਂਅ ਖਤ' ਵਿੱਚ ਰਾਂਝੇ ਨੂੰ ਝੱਲਾ ਕਿਹਾ ਸੀ। ਉਸ ਦਾ ਰਾਂਝੇ ਨੂੰ ਕਹਿਣਾ ਸੀ ਕਿ 'ਕਮਲਿਆ ਰਾਂਝਿਆ ਤੂੰ ਤਾਂ ਬਾਰਾਂ ਸਾਲ ਮੱਝਾਂ ਚਾਰਕੇ ਹੀ ਹੀਰ ਦਾ ਡੋਲਾ ਭਾਲਦੈਂ। ਅਸੀਂ, ਜਿਹਨਾਂ ਨੂੰ ਅਠਾਰਾਂ-ਅਠਾਰਾਂ ਉੱਨੀ-ਉੱਨੀ ਸਾਲ 'ਮੱਝਾਂ ਚਾਰਦਿਆਂ' ਨੂੰ ਹੋ ਚੱਲੇ ਨੇ, ਹੀਰ (ਨੌਕਰੀ) ਦੇ ਦਰਸ਼ਨ ਤਾਂ ਸਾਨੂੰ ਅਜੇ ਦੂਰੋਂ ਵੀ ਨਹੀਂ ਹੋ ਰਹੇ।' ਇੱਥੇ ਹੀ ਬੱਸ ਨਹੀਂ ਦੇਸ਼ ਵਿੱਚੋਂ ਹਰ ਸਾਲ ਲੱਖਾਂ ਹੀ ਨੌਜ਼ਵਾਨ ਜ਼ਾਇਜ ਨਾਜਾਇਜ਼ ਢੰਗਾਂ ਰਾਹੀਂ ਵਿਦੇਸ਼ਾਂ ਨੂੰ ਵਹੀਰਾਂ ਘੱਤ ਰਹੇ ਹਨ। ਲਿਆਕਤੀ ਖੋਪੜੀਆਂ ਦੇ ਬਾਹਰ ਜਾਣ ਦੇ ਰੁਝਾਨ ਨੂੰ 'ਬਰੇਨ ਡਰੇਨ' ਦਾ ਨਾਂਅ ਦਿੱਤਾ ਗਿਆ ਹੈ। ਸਾਡੇ ਦੇਸ਼ ਅੰਦਰ ਲਿਆਕਤ ਦੀ ਘਾਟ ਨਹੀਂ, ਜੇ ਘਾਟ ਹੈ ਤਾਂ ਉਹ ਇਹ ਹੈ ਕਿ ਕਿਸੇ ਦੀ ਲਿਆਕਤ ਦਾ ਮੁੱਲ ਨਹੀਂ ਪੈਂਦਾ। ਇਸ ਮੰਡੀ 'ਚ ਗਧਾ ਘੋੜਾ ਇੱਕੋ ਰੱਸੇ ਹੀ ਨੂੜੇ ਜਾਂਦੇ ਹਨ ਤੇ ਦੋਹਾਂ ਦਾ ਇੱਕੋ ਹੀ ਮੁੱਲ ਪੈਂਦਾ ਹੈ, ਉਹ ਹੈ ਬੇਰੁਜ਼ਗਾਰੀ। ਬੇਰੁਜ਼ਗਾਰੀ Ḕਚੋਂ ਹੀ ਪਨਪੀਆਂ ਨਸ਼ਾਖੋਰੀ, ਖੁਦਕੁਸ਼ੀਆਂ, ਦਹੇਜ਼, ਭਰੂਣ ਹੱਤਿਆ ਆਦਿ ਸਮੇਤ ਅਨੇਕਾਂ ਹੀ ਬੁਰਾਈਆਂ ਸਾਡੇ ਸਮਾਜ ਦੇ ਮੱਥੇ ਤੇ ਕਲੰਕ ਵਾਂਗ ਡੂੰਘੀਆਂ ਉੱਕਰਦੀਆਂ ਜਾ ਰਹੀਆਂ ਹਨ।
ਇੱਥੇ ਸਮਾਜ ਦੇ ਇਹਨਾਂ ਜ਼ਖਮਾਂ ਉੱਪਰ ਫੈਹਾ ਰੱਖਣ ਵਰਗੇ ਉੱਦਮ ਨਾਲ ਤੁਰੀਆਂ ਮੁਹਿੰਮਾਂ 'ਚੋਂ ਹੀ ਇੱਕ ਮੁਹਿੰਮ ਦੀ ਗੱਲ ਕਰਨੀ ਚਾਹਾਂਗਾ ਜਿਸ ਨੂੰ ਪੰਜਾਬ ਦੇ ਲੋਕ 'ਰੁਜ਼ਗਾਰ ਪ੍ਰਾਪਤੀ ਮੁਹਿੰਮ' ਦੇ ਨਾਂ ਨਾਲ ਜਾਣਦੇ ਹਨ। ਜਿਹਨੀਂ ਦਿਨੀਂ ਭਾਵ ਕਿ 1999 'ਚ ਬੀ ਏ ਪਾਸ ਕਰਕੇ ਨਵਾਂ ਨਵਾਂ ਬੇਰੁਜ਼ਗਾਰਾਂ ਦੀ ਫੌਜ਼ ਵਿੱਚ ਭਰਤੀ ਹੋਇਆ ਸਾਂ ਤਾਂ ਉਹ ਗੱਲ ਚੰਗੀ ਲਗਦੀ ਸੀ ਜਿਸ ਵਿੱਚ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦਿਵਾਉਣ ਲਈ ਹਾਅ ਦਾ ਨਾਅਰਾ ਮਾਰਿਆ ਹੁੰਦਾ ਸੀ। ਸੁਭਾਵਿਕ ਸੀ ਕਿ ਮੇਰਾ ਝੁਕਾਅ ਵੀ ਸਰਬ ਭਾਰਤ ਨੌਜਵਾਨ ਸਭਾ ਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਵੱਲੋਂ ਚਲਾਈ 'ਰੁਜ਼ਗਾਰ ਪ੍ਰਾਪਤੀ ਚੇਤਨਾ ਮੁਹਿੰਮ' ਵੱਲ ਹੋ ਗਿਆ। 'ਸਾਡਾ ਉਦੇਸ਼-ਭਗਤ ਸਿੰਘ ਦੇ ਸੁਪਨਿਆਂ ਦਾ ਦੇਸ਼' ਦਾ ਸੰਕਲਪ ਲੈ ਕੇ ਤੁਰੇ ਬੇਰੁਜ਼ਗਾਰ ਨੌਜਵਾਨਾਂ ਵੱਲੋਂ ਪੰਜਾਬ ਭਰ ਦੇ ਪਿੰਡਾਂ ਦਾ ਬਹੁਤ ਹੀ ਅਨੁਸ਼ਾਸ਼ਨਬੱਧ ਢੰਗ ਨਾਲ ਦੌਰਾ ਕਰਕੇ ਲੋਕਾਂ ਨੂੰ ਮੁਹਿੰਮ ਜ਼ਰੀਏ ਕੀਤੀਆਂ ਗਈਆਂ ਮੰਗਾਂ ਤੋਂ ਜਾਣੂੰ ਕਰਵਾਇਆ ਗਿਆ। ਬੇਰੁਜ਼ਗਾਰੀ ਤੋਂ ਤੰਗ ਆ ਕੇ ਖੁਦਕੁਸ਼ੀਆਂ ਕਰਨ ਦੇ ਰਾਹ ਤੁਰੀ ਨੌਜ਼ਵਾਨੀ ਦੇ ਕਦਮਾਂ ਨੂੰ ਸੰਘਰਸ਼ਾਂ ਦੇ ਰਾਹ ਵੱਲ ਮੋੜਾ ਪਾਉਣ ਲਈ ਨਾਅਰਾ ਦਿੱਤਾ ਗਿਆ ਕਿ
ਆਓ,
ਉੱਚਾ ਕਰੀਏ ਹੋਕਾ।
ਆਤਮ ਹੱਤਿਆ ਨਹੀਂ,
ਪ੍ਰਾਪਤੀ ਦੇ ਰਾਹ ਪੈ ਵੇ ਲੋਕਾ।"
ਇਸ ਹੋਕੇ ਨਾਲ ਪੂਰੇ ਪੰਜਾਬ ਵਿੱਚ ਪਰਮਗੁਣੀ ਭਗਤ ਸਿੰਘ ਦੀਆਂ ਤਸਵੀਰਾਂ ਨਾਲ ਸਜੇ ਕੈਂਟਰ ਰਾਹੀਂ ਸਮੇਂ ਦੇ ਹਾਕਮਾਂ ਤੋਂ ਮੰਗ ਕੀਤੀ ਗਈ ਕਿ 18 ਤੋਂ 58 ਸਾਲ ਦੇ ਹਰ ਔਰਤ/ਮਰਦ ਨੂੰ ਕੰਮ ਦਿੱਤਾ ਜਾਵੇ ਜੇ ਸਰਕਾਰ ਕੰਮ ਦੇਣ 'ਚ ਅਸਫਲ ਰਹਿੰਦੀ ਹੈ ਤਾਂ ਜਿਉਂਦੇ ਰਹਿਣ ਲਈ ਘੱਟੋ-ਘੱਟ ਉਜਰਤ ਦੇ ਕਾਨੂੰਨ ਅਨੁਸਾਰ ਅਣਸਿੱਖਿਅਤ ਨੂੰ 3200 ਰੁਪਏ ਅਤੇ ਸਿੱਖਿਅਤ ਨੂੰ 4200 ਰੁਪਏ ਪ੍ਰਤੀ ਮਹੀਨਾ 'ਕੰਮ ਇੰਤਜਾਰ ਭੱਤਾ' ਦਿੱਤਾ ਜਾਵੇ। 10+2 ਤੱਕ ਹਰੇਕ ਬੱਚੇ ਨੂੰ ਵਿੱਦਿਆ ਮੁਫਤ ਤੇ ਲਾਜਮੀ ਦਿੱਤੀ ਜਾਵੇ। ਅਧਿਆਪਕਾਂ ਦੀ ਘਾਟ ਪੂਰੀ ਕਰਨ ਲਈ ਵਿਦਿਆਰਥੀ ਅਧਿਆਪਕ ਅਨੁਪਾਤ 22:1 ਕੀਤਾ ਜਾਵੇ। ਵਿੱਦਿਆ ਇੱਕਸਾਰ, ਵਿਗਿਆਨਕ, ਧਰਮ ਨਿਰਪੱਖ ਤੇ ਰੁਜ਼ਗਾਰ ਨਾਲ ਜੁੜੀ ਹੋਵੇ। ਪੂਰੀ ਮਨੁੱਖਾ ਸ਼ਕਤੀ ਦੀ ਮੁਕੰਮਲ ਯੋਜਨਾਬੰਦੀ ਹੋਵੇ। ਸ਼ਹੀਦ-ਏ-ਆਜ਼ਮ ਭਗਤ ਸਿੰਘ ਭਵਨ ਹਰੇਕ ਬਲਾਕ ਪੱਧਰ 'ਤੇ ਉਸਾਰੇ ਜਾਣ, ਜਿਸ ਵਿੱਚ ਖੇਡ ਮੈਦਾਨ ਤੇ ਲਾਇਬ੍ਰੇਰੀਆਂ ਹੋਣ। ਅਠਾਰਾਂ ਸਾਲ ਤੋਂ ਘੱਟ ਦੇ ਹਰੇਕ ਬੱਚੇ ਨੂੰ ਮੁਫਤ ਸਿਹਤ ਸਹੂਲਤ ਦਿੱਤੀ ਜਾਵੇ। ਭਰੂਣ ਹੱਤਿਆ ਬੰਦ ਕਰਨ ਲਈ ਸਖਤ ਕਦਮ ਚੁੱਕੇ ਜਾਣ, ਲੜਕੀਆਂ ਨੂੰ ਵਿਸ਼ੇਸ਼ ਰੂਪ ਵਿੱਚ ਮੁਫਤ ਵਿੱਦਿਆ ਤੇ ਰੁਜ਼ਗਾਰ ਦੀ ਗਾਰੰਟੀ ਦਿੱਤੀ ਜਾਵੇ। ਨਸ਼ਿਆਂ ਦੀ ਰੋਕਥਾਮ ਲਈ ਸਖਤ ਕਾਨੂੰਨ ਬਣਾਏ ਜਾਣ। ਮੀਂਹ ਦੇ ਪਾਣੀ ਦੀ ਬੱਚਤ ਲਈ ਵਿਸ਼ੇਸ਼ ਪ੍ਰਬੰਧ ਸਖ਼ਤੀ ਨਾਲ ਲਾਗੂ ਕੀਤੇ ਜਾਣ ਤਾਂ ਜੋ ਹੜ੍ਹਾਂ ਵਰਗੀਆਂ ਸਥਿਤੀਆਂ ਨਾਲ ਨਜਿੱਠਿਆ ਜਾ ਸਕੇ। ਹਰੇਕ ਗਰੀਬ ਨੂੰ ਘਰ ਬਣਾ ਕੇ ਦਿੱਤੇ ਜਾਣ।
ਇਹਨਾਂ ਮੰਗਾਂ ਨੇ ਹੀ ਮੈਨੂੰ ਇਹ ਕੁਝ ਲਿਖਣ ਲਈ ਮਜ਼ਬੂਰ ਕੀਤਾ ਹੈ ਕਿ ਇੱਕ ਲੋਕ ਉਹ ਹਨ ਜੋ ਲੋਕਾਈ ਲਈ ਸੰਘਰਸ਼ਾਂ ਦੇ ਰਾਹ ਤੁਰੇ ਹੋਏ ਹਨ ਤੇ ਇੱਕ ਪਾਸੇ ਓਹ ਲੋਕ ਹਨ ਜੋ ਸਿਰਫ ਆਪਣੇ ਤੱਕ ਹੀ ਸੀਮਤ ਹੋ ਕੇ ਬੇਚਾਰੇ ਲੋਕਾਂ ਨੂੰ ਭਾਵਨਾਤਮਕ ਤੌਰ ਤੇ ਬਲੈਕਮੇਲ ਕਰਕੇ ਹੀ ਸੱਤਾ ਤੇ ਕਾਬਜ ਹੋਏ ਰਹਿੰਦੇ ਹਨ। ਰਾਜਨੀਤਕ ਗੰਧਲੇਪਣ ਕਾਰਨ ਹੀ ਹਰ ਕਿਸੇ ਦੀ ਸੋਚ ਉੱਪਰ 'ਮੈਨੂੰ ਕੀ ਮਿਲੂ' ਦੀ ਵਿਰਤੀ ਭਾਰੂ ਹੋਈ ਪਈ ਹੈ। ਘਾਗ ਸਿਆਸਤਦਾਨ ਜਾਣਦੇ ਹਨ ਕਿ ਜੇ ਲੋਕ ਸਿਆਣੇ ਹੋ ਗਏ ਤਾਂ ਉਹਨਾਂ ਦਾ ਰਾਜਨੀਤੀ ਸਿਰੋਂ ਚਲਦਾ ਤੋਰੀ-ਫੁਲਕਾ ਬੰਦ ਹੋ ਜਾਵੇਗਾ। ਇਹੀ ਕਾਰਨ ਹੈ ਕਿ ਉਹਨਾਂ ਨੂੰ ਲੋਕਾਂ ਦੇ ਚੇਤੰਨ ਹੋਣ ਨਾਲ ਕੋਈ ਵਾਹ-ਵਾਸਤਾ ਨਹੀਂ। ਪਰ ਇਸ ਮੁਹਿੰਮ ਅਤੇ ਇਸੇ ਤਰ੍ਹਾਂ ਦੇ ਮਕਸਦ ਨਾਲ ਤੁਰੀਆਂ ਹੋਰ ਵੀ ਲੋਕ ਪੱਖੀ ਧਿਰਾਂ ਲੋਕਾਂ ਨੂੰ ਚੇਤੰਨ ਕਰਨ ਦੇ ਆਹਰ 'ਚ ਰੁੱਝੀਆਂ ਹੋਣ ਕਰਕੇ ਹੀ ਇਹਨਾਂ 'ਸਿਆਸਤੀਆਂ' ਦੇ ਅੱਖਾਂ 'ਚ ਰੋੜ ਵਾਂਗ ਰੜਕਦੀਆਂ ਹਨ। ਜਦ ਵਤਨੋਂ ਦੂਰ ਬੈਠੇ ਹੋਇਆਂ ਵੀ ਅਖਬਾਰਾਂ ਦੀ ਖਿੜਕੀ ਥਾਈਂ ਪੰਜਾਬ 'ਤੇ ਨਿਗ੍ਹਾ ਮਾਰੀਦੀ ਹੈ ਤਾਂ ਮਹਿਸੂਸ ਜਿਹਾ ਹੁੰਦਾ ਹੈ ਕਿ ਲੋਕ ਕੁਝ ਹੱਦ ਤੱਕ ਨਾਅਰੇ ਮਾਰਨ ਲਈ ਉੱਠ ਖੜ੍ਹੇ ਹਨ। ਹੱਕੀ ਮੰਗਾਂ ਦੀ ਪ੍ਰਾਪਤੀ ਲਈ ਹੁੰਦੇ ਮੁਜਾਹਰੇ, ਧਰਨੇ ਇਸ ਗੱਲ ਦੇ ਗਵਾਹ ਪ੍ਰਤੀਤ ਹੁੰਦੇ ਹਨ ਕਿ ਆਰਥਿਕ ਪੱਖੋਂ ਨਪੀੜੇ ਜਾ ਰਹੇ ਲੋਕਾਂ ਦੀਆਂ ਹੇਠਾਂ ਲਮਕਦੀਆਂ ਬਾਹਾਂ ਹੁਣ ਨਾਅਰੇ ਮਾਰਨ ਲਈ ਉੱਪਰ ਉੱਠ ਰਹੀਆਂ ਹਨ। ਇਸ ਗੱਲ ਤੋਂ ਉਹਨਾਂ ਦਿਨਾਂ ਦੀ ਯਾਦ ਆਉਂਦੀ ਹੈ ਜਦੋਂ ਰੁਜ਼ਗਾਰ ਪ੍ਰਾਪਤੀ ਮੁਹਿੰਮ ਦੀ ਲੜੀ ਤਹਿਤ ਹੀ ਪਿੰਡ-ਪਿੰਡ ਇਨਕਲਾਬੀ ਢੰਗ ਨਾਲ 'ਜਾਗੋ' ਕੱਢਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ ਤੇ ਸਭ ਤੋਂ ਪਹਿਲਾਂ ਮੇਰਾ ਪਿੰਡ ਚੁਣਿਆ ਗਿਆ। ਆਸ ਪਾਸ ਦੇ ਪਿੰਡਾਂ ਦੇ ਬੇਰੁਜ਼ਗਾਰ ਮੁੰਡੇ ਤੇ ਕੁੜੀਆਂ ਵੱਲੋਂ ਪਿੰਡ ਦੀ ਹਰ ਗਲੀ ਥਾਈਂ ਜਾਗੋ ਰਾਹੀਂ ਮੰਗਾਂ ਲੋਕਾਂ ਤਾਈਂ ਪਹੁੰਚਾਈਆਂ ਜਾ ਰਹੀਆਂ ਸਨ। ਮੁਹਿੰਮ ਦਾ ਆਪਣਾ ਗਾਇਕ ਬਲਜੀਤ ਤਖਾਣਬੱਧ ਜਦ ਗਾਉਂਦਾ ਕਿ:-
"ਹਰ ਮੋੜ 'ਤੇ ਸਲੀਬਾਂ
ਹਰ ਪੈਰ 'ਤੇ ਹਨੇਰਾ,
ਫਿਰ ਵੀ ਅਸੀਂ ਰੁਕੇ ਨਾ,
ਸਾਡਾ ਵੀ ਦੇਖ ਜ਼ੇਰਾ।"
ਤਾਂ ਪੂਰੀ ਰਾਤ ਜਾਗੋ ਨਾਲ ਤੁਰਦਿਆਂ ਕਦਮਾਂ ਦੀ ਥਕਾਵਟ ਉੱਡ ਪੁੱਡ ਜਾਂਦੀ। ਪਿੰਡ ਵੱਡਾ ਹੋਣ ਕਰਕੇ ਆਖਰੀ ਪੜਾਅ ਲਗਭਗ ਸਵੇਰ ਦੇ 1 ਵਜੇ ਖਤਮ ਹੋਣ ਜਾ ਰਿਹਾ ਸੀ। ਪਿੰਡ ਦਾ ਹਰ ਬੱਚਾ, ਨੌਜ਼ਵਾਨ, ਬਜ਼ੁਰਗ ਇਸ ਜਾਗੋ ਦਾ ਸਾਥ ਦੇ ਰਿਹਾ ਸੀ। ਇੱਕ ਦੋ ਥਾਵਾਂ ਤੇ ਪਿੰਡ ਦੇ ਮੁੰਡਿਆਂ ਵੱਲੋਂ ਹਾਤ-ਹੂਤ ਭਾਵ ਰੌਲਾ-ਰੱਪਾ ਪਾਇਆ ਗਿਆ। ਸਰਬ ਭਾਰਤ ਨੌਜਵਾਨ ਸਭਾ ਦੇ ਸਾਬਕਾ ਆਗੂ ਅਤੇ ਮੁੱਖ ਸਲਾਹਕਾਰ ਕਾਮਰੇਡ ਜਗਰੂਪ ਸਿੰਘ ਖੂੰਨਣ ਕਲਾਂ ਆਖਰੀ ਪੜਾਅ ਮੌਕੇ ਪਹੁੰਚ ਗਏ ਸਨ। ਰੌਲੇ ਰੱਪੇ ਦੀ ਘਟਨਾ ਬਾਰੇ ਮੈਂ ਬਤੌਰ ਪ੍ਰਬੰਧਕ ਮੁਆਫੀ ਮੰਗੀ ਤਾਂ ਉਹਨਾਂ ਆਪਣੇ ਤਜ਼ਰਬਿਆਂ 'ਚੋਂ ਮੈਨੂੰ ਵਧਾਈ ਦਿੰਦਿਆਂ ਕਿਹਾ ਸੀ, "ਨਹੀਂ ਖੁਰਮੀ, ਤੁਸੀਂ ਤਾਂ ਐਡੇ ਵੱਡੇ ਇਕੱਠ ਲਈ ਵਧਾਈ ਦੇ ਪਾਤਰ ਹੋਂ, ਫੇਰ ਕੀ ਹੋਇਆ ਜੇ ਬੇਰੁਜ਼ਗਾਰਾਂ ਨੇ ਕੂਕਾਂ ਮਾਰੀਆਂ ਨੇ। ਦੇਖੀ ਜਾਈਂ ਇਹੀ ਕੂਕਾਂ ਇੱਕ ਦਿਨ ਨਾਅਰਿਆਂ ਦਾ ਰੂਪ ਜਰੂਰ ਧਾਰਨ ਕਰਨਗੀਆਂ।" ਅੱਜ ਜਦੋਂ ਪੰਜਾਬ ਅੰਦਰ ਬੇਰੁਜ਼ਗਾਰਾਂ ਦੀ ਗਿਣਤੀ 60 ਲੱਖ ਦਾ ਅੰਕੜਾ ਵੀ ਪਾਰ ਕਰ ਚੁੱਕੀ ਹੈ ਤੇ ਹਰ ਸਾਲ 6 ਲੱਖ ਦੇ ਲਗਭਗ ਨੌਜਵਾਨ ਮੁੰਡੇ-ਕੁੜੀਆਂ ਇਸ ਫੌਜ ਵਿੱਚ ਆਣ ਰਲਦੇ ਹਨ। ਇਸ ਸਥਿਤੀ ਵਿੱਚ ਇੱਕ ਆਸ ਦੀ ਕਿਰਨ ਨਜ਼ਰ ਆਉਂਦੀ ਦਿਸਦੀ ਹੈ ਕਿ ਜਿਸ ਦਿਨ ਇਹਨਾਂ ਸਿਰਾਂ ਅੰਦਰ ਸੁੱਤੇ ਪਏ ਦਿਮਾਗਾਂ ਨੇ ਨੀਂਦ ਤਿਆਗ ਕੇ ਚੇਤਨਤਾ ਦਾ ਰਾਹ ਅਖਤਿਆਰ ਕਰ ਲਿਆ ਤਾਂ ਹਰ ਮਾਂ-ਬਾਪ ਦੇ ਸੁਪਨੇ ਸਾਕਾਰ ਹੁੰਦੇ ਨਜ਼ਰ ਆਉਣਗੇ। ਅੱਗ ਲਾ ਕੇ ਤਮਾਸ਼ਾ ਦੇਖਣ ਵਾਲੇ ਚੌਧਰੀਆਂ ਦੀ ਉਸ ਦਿਨ ਦਾਲ ਨਹੀਂ ਗਲਣੀ। ਕਹਿੰਦੇ ਹਨ ਕਿ ਆਸ ਦਾ ਪੱਲਾ ਨਹੀਂ ਛੱਡਣਾ ਚਾਹੀਦਾ। ਇਸ ਦੇ ਨਾਲ ਨਾਲ ਸਭ ਕੁਝ ਕਿਸਮਤ ਆਸਰੇ ਵੀ ਨਹੀਂ ਛੱਡਣਾ ਚਾਹੀਦਾ। ਹਨੇਰੇ ਰਸਤਿਆਂ ਉੱਪਰ ਪੁੱਟਿਆ ਪਹਿਲਾ ਕਦਮ ਹੀ ਅੱਗੇ ਜਾ ਕੇ ਰੌਸ਼ਨ ਸਵੇਰਿਆਂ ਦੇ ਦੀਦਾਰ ਕਰਵਾਉਂਦਾ ਹੈ। ਦੇਸ਼ ਦੀ ਬੇਰੁਜ਼ਗਾਰ ਨੌਜਵਾਨੀ ਨੂੰ ਸਹੀ ਦਿਸ਼ਾ ਪ੍ਰਦਾਨ ਕਰਨ ਦੇ ਮਨਸ਼ੇ ਨਾਲ ਉੱਠੇ ਹਰ ਕਦਮ ਨੂੰ ਸਲਾਮ। ਆਸ ਹੈ ਕਿ-
ਨੇਰ੍ਹਿਆਂ ਤੋਂ ਰੌਸ਼ਨੀ ਵੱਲ,
ਇਹ ਸਫਰ ਜਾਰੀ ਰਹੇ।
ਚਾਲ ਵਿੱਚ ਮਸਤੀ ਵੀ ਹੋਵੇ,
ਪਰ ਖ਼ਬਰ ਸਾਰੀ ਰਹੇ।

No comments:

Post a Comment