ਦੁਨੀਆ ਕਿੰਨੀ ਖੂਬਸੂਰਤ ਹੈ
ਕਿਤੇ ਕਿਤੇ
ਜਿੰਦਗੀ ਕਿੰਨੀ ਖੁਸ਼ਹਾਲ।
ਸੱਚ ਹੈ-
ਮਨੁੱਖ ਕਦੇ ਕੁਦਰਤ ਦੇ ਰਹਿਮੋ-ਕਰਮ ਤੇ ਸੀ
ਤੇ ਆਖਰ-
ਤਜਰਬਾ ਗਿਆਣ ਬਣਦਾ ਗਿਆ,
ਮਨੁੱਖ ਮਹਾਨ ਬਣਦਾ ਗਿਆ।
ਉਨ੍ਹੇ ਧਰਤੀ ਗਾਹ ਮਾਰੀ
ਪਾਣੀ ਪੁਣ ਘੱਤੇ,
ਅੰਬਰ ਛਾਣ ਦਿੱਤਾ
ਤੇ
ਇਕ ਹੋਰ ਪੁਲਾਂਘ ਪੁੱਟ
ਚੰਨ-ਤਾਰੇ ਵੀ ਛੂਹ ਲਏ।
ਮਨੁਖ ਆਪਣੀ ਪ੍ਰਾਪਤੀ ਨੂੰ ਵੇਖ ਕੇ
ਖੁੱਦ ਚਕਾਚੌਧ ਹੋ ਉਠਦੈ।
ਸਵਰਗਾਂ-ਨਰਕਾਂ ਦੇ ਝੱਗੜੇ ਝੇੜਿਆਂ ‘ਚ
ਵੰਡੀ ਦੁਨੀਆ ਨੂੰ
ਮਨੁੱਖ ਦੀ ਰਚਨਾ ਨੰਗੀ ਅੱਖ ਨਜਰ ਪੇਂਦੀ ਹੈ।
ਜਦ ਸੱਚ ਦੀ ਅੱਖ
ਪੰਜਾਬ ਦੀ ਫੋਲਾ ਫਾਲੀ ਕਰਦੀ ਹੈ
ਤਾਂ ਸੱਚ ਬਹੁਤ ਕੌੜਾ ਲੱਗਦੈ।
ਪੰਜਾਂ ਦਰਿਆਂਵਾਂ ਦੀ ਧਰਤੀ
ਪਹਿਲਾਂ ’47’ ‘ਚ ਲਹੂ-ਲੁਹਾਣ ਕੀਤੀ ਗਈ
ਇਹਦੇ ਜੇਹਲਮ, ਰਾਵੀ, ਝਨਾਂ
ਤੇ ਸਤਲੁਜ, ਬਿਆਸ ਵਿਚ
ਲਕੀਰ ਖਿੱਚੀ ਗਈ
ਇਹਦੇ ਵਸਨੀਕ ਪੰਜਾਬੀ ਨਾ ਹੋ ਕੇ
ਹਿੰਦੂ, ਸਿੱਖ ਤੇ ਮੁਸਲਮਾਨ ਹੋ ਗਏ,
ਪੰਜਾਬ ਦੀਆਂ ਧੀਆਂ ਦੋਵੀਂ ਪਾਸੀ
ਬੇਪਤ ਕੀਤੀਆਂ ਗਈਆਂ।
ਕਾਵਿਕ ਮਨ ਕੁਰਲਾ ਉਠੇ,
ਅਮ੍ਰਿਤਾ ਨੇ ਵਾਰਸ ਨੂੰ ਯਾਦ ਕਰਕੇ
ਲਿਖਿਆ
“ਇਕ ਰੋਈ ਸੀ ਧੀ ਪੰਜਾਬ ਦੀ,
ਤੂੰ ਲਿਖ-ਲਿਖ ਮਾਰੇ ਵੈਣ,
ਅੱਜ ਲੱਖਾਂ ਦੀਆਂ ਰੋਂਦੀਆਂ
ਤੈਨੂੰ ਵਾਰਸ ਸ਼ਾਹ ਨੂੰ ਕਹਿਣ,
ਉਠ ਦਰਦਮੰਦਾਂ ਦਿਆ ਦਰਦੀਆ
ਉਠ ਤੱਕ ਆਪਣਾ ਪੰਜਾਬ”
ਪੰਜਾਬ ਦੀ ਹਿੱਕ ‘ਤੇ
ਏਹਦੇ ਸੱਭਿਆਚਾਰ ਦਾ ਕਤਲਿਆਮ ਹੋਇਆ,
ਗਿਧੇ, ਭੰਗੜੇ, ਕਵਾਲੀਆਂ ਨੁੱਕਰੀ ਲੱਗ ਗਏ।
ਬੱਸ ਨਫਰਤਾਂ ਦੇ ਬੋਲ
ਧਾਹਾਂ ਤੇ ਕੁਰਲਾਟਾਂ
ਧੂੰਆ ਤੇ ਅੱਗ ਬਣ ਉੱਠੀਆਂ।
ਲੁੱਟ ਦੇ ਮਾਲਕਾਂ ਦੀ ਪੁੱਗੀ,
ਵੰਡ ਪੱਕੀ ਹੋ ਗਈ।
ਸਮਾਂ ਪਾ ਕੇ ਜਨੂੰਨ ਠੰਡਾ ਪੈਣ ਲੱਗਾ
ਹੈਵਾਨਗੀ ਅਲੋਪ ਹੋ
ਮਨੁੱਖ ਵਿਚ ਮਨੁੱਖਤਾ ਪਰਤਣ ਲੱਗੀ।
ਸਮੇ ਨੇ ਪੰਜਾਬ ਦੇ ਜਖਮ ਭਰਨੇ
ਸੁਰੂ ਕੀਤੇ।
ਨਵੇਂ ਰਚਨਾਤਮਕ ਕੰਮ ਤੁਰੇ
ਬਚੇ ਖੁਚੇ ਪੰਜਾਬ ਦੇ ਸਭਿਆਚਾਰ ਵਿਚ,
ਸਾਹਿਤ ਨੇ ਨਵਾਂ ਖੂਨ ਭਰਨਾ ਸ਼ੁਰੂ ਕੀਤਾ।
“ਭਾਖੜੇ ਤੋਂ ਆੳਂੁਦੀ ਮੁਟਿਆਰ ਨੱਚਦੀ
ਚੰਦ ਨਾਲੋਂ ਗੋਰੀ ਉੱਤੇ ਚੁੰਨੀ ਸੁੱਚੇ ਕੱਚ ਦੀ”
ਜਿਹੇ ਮਿੱਠੇ ਪਿਆਰੇ ਬੋਲ ਗੂੰਜਣ ਲੱਗੇ।
ਪੰਜਾਬ ਦੀ ਮਨੁੱਖਾ ਸ਼ਕਤੀ ਨੇ
ਇਹਦੇ ਅਮੀਰ ਕੁਦਰਤੀ ਸਾਧਨਾਂ ਦੀ,
ਐਸੀ ਨੁਹਾਰ ਬਦਲੀ ਕਿ
ਧਰਤੀ ਦਾ ਚੱਪਾ ਚੱਪਾ ਤਾਲ ਦੇ ਉਠਿਆ
ਬੈਲਾਂ ਦੀਆਂ ਜੋੜੀਆਂ ਦੇ ਗਲ,
ਟੱਲੀਆਂ ਦੀ ਟਣ-ਟਣ ਦੀ ਥਾਂ
ਟਰੈਕਟਰਾਂ, ਕੰਬਾਈਨਾਂ ਦੀ ਘੰ-ਘੰ ਤੇ
ਖੜਖੜਾਹਟ ਨੇ ਮਲੀ ।
ਨਵੇਂ ਬੀਜ,ਨਵੇਂ ਸੰਦ, ਨਵਾਂ ਹੁਨਰ,
ਪੰਜਾਬ ਅੰਨ ਭੰਡਾਰ ਵਿਚ
ਨਵੇਂ ਸਾਲ, ਨਵਾਂ ਰਿਕਾਰਡ ਦੇਣ ਲੱਗਾ
ਪਰ ਕੁਦਰਤ ਦੇ ਨਿਯਮ
ਭੋਂ ਖਿੱਚ ਕੇ ਵਧਾਈ ਨਹੀਂ ਜਾ ਸਕਦੀ,
ਸਾਡੇ ਪਿਤਰੀ ਰਿਵਾਜ,
ਪੁਸ਼ਤ-ਦਰ-ਪੁਸ਼ਤ ਵੰਡ ਨੇ,
ਖੇਤ ਛੋਟੇ ਕਰ ਦਿੱਤੇ
ਖੇਤੀ ਕਿੱਤੇ ਤੇ ਮਸ਼ੀਨਰੀ ਆਉਂਦੀ ਗਈ
ਲੋਕ ਬੇਕਾਰ ਹੁੰਦੇ ਗਏ
ਛੋਟੇ ਮਾਲਕ ਭੋਂ ਵੱਡੇ ਨੂੰ ਦੇ,
ਬੇਕਾਰੀ ਵਿਚ ਵਾਧਾ ਕਰਨ ਲੱਗੇ
ਦੇਸ਼ ਦੇ ਰਹਿਬਰ
ਬਦਲਵੇਂ ਕੰਮ ਦੇਣ ਦੀ ਥਾਂ
ਭੋਂ ਤੇ ਭਾਰ ਵਧਾਉਣ ਲਈ
“ਤੇਰੀ ਘਰੇ ਨੋਕਰੀ
ਡੂੰਘਾ ਵਾਹ ਲੈ ਹਲ ਵੇ”
ਪ੍ਰਚਾਰਦੇ ਰਹੇ
ਦੇਖਦੇ ਹੀ ਦੇਖਦੇ ਸਾਡੇ ਪੇਂਡੂ ਖੇਤਰ ‘ਚੋਂ
ਭੋਂ ਦਾਰਾਂ ਦੀ ਇਕ ਨਵੀਂ ਅਵਾਜ ਉੱਠੀ
ਉਹ ਪੰਜਾਬ ਨੂੰ ਕੈਲੇਫੋਰਨੀਆ ਬਣਾਉਣ ਲਈ,
ਛੋਟੇ ਨੂੰ ਉਜਾੜ ਕੇ ਵੱਡੇ ਫਾਰਮ ਬਣਾਉਣ ਲਈ,
ਥਰਲੋ-ਮੱਛੀ ਹੋਣ ਲੱਗੀ,
ਉਹਨਾ ਆਪਣੇ ਸਿਆਸੀ ਮਨੋਰਥ ਲਈ
ਸਮਾਜਿਕ ਸੁਧਾਰਾਂ ਦੇ ਨਾਂ ਹੇਠ
ਧਰਮ ਦੇ ਬੁਰਕੇ ‘ਚ ਮਤਾ ਪਕਾਇਆ
ਫਿਰ ਇਕ ਅਜਿਹਾ ਵਾ-ਵਰੋਲਾ ਖੜਾ ਕੀਤਾ,
ਲੋਕ ਫਿਰ ਭੈ ਭੀਤ ਹੋਣ ਲਗੇ।
ਪੰਜਾਬ ਦੇ ਅੱਲੇ ਜਖਮਾਂ ‘ਤੇ ਆਏ
ਅੰਗੂਰਾਂ ਨੂੰ
ਫਿਰ ਵਲੂੰਧਰਿਆ ਗਿਆ।
ਟੁੱਟ ਰਹੀ ਕਿਸਾਨੀ ਦੇ ਪੁੱਤਰਾਂ ਦੇ ਹੱਥ
‘ਸੰਤਾਲੀ’ ਦੇ ਬਰਛੇ ਤੇ ਤਲਵਾਰ ਦੀ ਥਾਂ
‘ਸੰਤਾਲੀ’ ਫੜਾ ਦਿੱਤੀ
ਉਸਦੀਆਂ ਜੇਬਾਂ ‘ਚ ਬਾਰੂਦ ਭਰ ਦਿੱਤਾ
ਹਿੰਦੂ ਤੇ ਸਿੱਖ ਦਾ ਘਾਣ ਕਰਾਇਆ,
ਪੰਜਾਬੀਅਤ ਨੂੰ ਬਰਫ ‘ਚ ਲਾਇਆ।
ਫਿਰਕੂ ਜਨੂੰਨ ਦੇ ਭੂਤ,
ਵਰਤਮਾਨ ਤੋ
ਲੋਕਾਈ ਲਹੂ ਦਾ ਰੰਗ ਪੁੱਛਦੀ ਹੈ
ਲਹੂ ਦਾ ਰੰਗ ਲਾਲ ਹੈ
‘ਮੁਕਤਸਰ’ ਬੱਸ-ਕਾਂਡ ਹੋਵੇ ਜਾਂ
‘ਲਾਲੜੂ’
ਦਿੱਲੀ ਦੇ ਦੰਗੇ ਹੋਣ ਜਾਂ
ਕੋਈ ਫਿਰਕੂ ਫਸਾਦ।
ਮਾਨਵਤਾ ਫਿਰ ਹੋਕਾ ਦਿੰਦੀ ਹੈ
ਮਾਸ਼ਾਲਾਂ ਬਾਲ ਕੇ ਚੱਲਣਾ
ਜਦੋਂ ਤੱਕ ਰਾਤ ਬਾਕੀ ਹੈ
ਹੱਸਦਾ-ਵੱਸਦਾ ਰਹੇ ਪੰਜਾਬ,ਪੰਜਾਬ ਦੇ ਹਿਤੈਸ਼ੀਓ
ਸਾਵਧਾਨ..
ਹੋਸ਼ਿਆਰ ਰਹੋ ਪਹਿਰੇ ਦੇਂਦੇ ਚੱਲਣੈ
ਜਦੋਂ ਤੱਕ ਰਾਤ ਬਾਕੀ ਹੈ’
ਜਦੋਂ ਤੱਕ ਰਾਤ ਬਾਕੀ ਹੈ।
-ਜਗਰੂਪ ਸਿੰਘ
koi jawab nahi hai.....sach te laran da hoka....asin tohade naal ha....ki hoya j waqti doorya ne bhave par partaga mein ik marham di takat wangu te sade pinde te hoe waqti jakhma di peer......
ReplyDelete