“ਸਭ ਕਿਸੇ ਲਈ ਉਤਸਾਹਿਤ ਕਰਨ ਵਾਲਾ ਆਦਰਸ਼, ਉਦੇਸ਼ ਲਈ ਮਰਨਾ ਨਾ ਹੋ ਕੇ, ਉਦੇਸ਼ ਲਈ ਜਿਉਣਾ ਹੋਣਾ ਚਾਹੀਦਾ ਹੈ” ਭਗਤ ਸਿੰਘ

Sunday, March 11, 2012

ਰਾਜਨੀਤਕ ਆਰਥਕਤਾ ਦੇ ਸ਼ਬਦਾਂ ਸੰਕਲਪਾਂ ਬਾਰੇ......ਕਾ. ਜਰਗੂਪ

 

ਸਾਥੀ ਜਰਗੂਪ ਦੀ ਕਿਤਾਬ "ਰਾਜਨੀਤਕ ਆਰਥਕਤਾ ਦਾ ਪੂਰਨ ਰੁਜ਼ਗਾਰ ਪ੍ਰਾਪਤੀ ਮਾਰਗ"  ਵਿਚੋਂ ਇਕ ਲੇਖ
ਹਰ ਵਿਸ਼ੇ ਦੇ ਆਪਣੇ ਸ਼ਬਦ, ਆਪਣੇ ਸੰਕਲਪ ਹੁੰਦੇ ਹਨ। ਉਨ੍ਹਾਂ ਦੀ ਸਹੀ ਜਾਣਕਾਰੀ ਅਤੇ ਉਨ੍ਹਾਂ ਦੇ ਆਪਸੀ ਸਬੰਧਾਂ ਨੂੰ ਜਾਣੇ ਤੋਂ ਬਗੈਰ, ਉਸ ਵਿਸ਼ੇ ਵਿਚ ਰੁਚੀ ਬਣਨੀ ਮੁਸ਼ਕਿਲ ਹੁੰਦੀ ਹੈ। ਰਾਜਨੀਤਕ ਆਰਥਕਤਾ ਨੂੰ ਸਮਝਣ ਲਈ ਇਸ ਦੇ ਬੁਨਿਆਦੀ ਸ਼ਬਦਾਂ-ਸੰਕਲਪਾ ਵੱਲ ਧਿਆਨ ਦੇਣਾ ਜਰੂਰੀ ਹੈ।ਲੋੜ ਪੈਣ ਤੇ ਹਰ ਸੰਕਲਪ ਬਾਰੇ ਸਪੱਸ਼ਟ ਸਮਝ ਧਾਰਨ ਕਰਨੀ ਅਤੇ ਰਜਨੀਤਕ ਆਰਥਕਤਾ ਬਾਰੇ ਵਿਗਿਆਨਕ ਸਮਝ ਬਣਾਉਣੀ ਬੇ-ਹੱਦ ਜਰੂਰੀ ਹੈ।
                                 
       ਰਾਜਨੀਤਕ ਆਰਥਕਤਾ ਦੇ ਸ਼ਬਦਾਂ-ਸੰਕਲਪਾਂ ਬਾਰੇ
      ਇਹ ਪਰਵਾਨਤ ਅਤੇ ਵਿਗਿਆਨਕ ਸੱਚ ਹੈ ਕਿ ਮਨੁੱਖ ਕਿਰਤ ਦੀ ਪੈਦਾਵਾਰ ਹੈ। ਕਿਰਤ ਮਨੁੱਖ ਨਾਲ ਸਦਾ ਰਹੇਗੀ। ਇਹ ਸੱਚ ਕਿਰਤ ਨੂੰ ਬੁਲੰਦੀਆਂ ਪ੍ਰਦਾਨ ਕਰਦਾ ਹੈ। ਰਾਜਨੀਤਕ ਆਰਥਕਤਾ ਵਿਚ ਕਿਰਤ ਦੇ ਸੰਦਾਂ ਦਾ ਸਥਾਨ ਸਭ ਤੋਂ ਬੁਨਿਆਦੀ ਅਤੇ ਮਹੱਤਵਪੂਰਨ ਹੈ । ਮਨੁੱਖ ਦੇ ਪੂਰਬਲਿਆਂ ਨੇ, ਜੰਗਲਾਂ ਵਿਚ ਘੁੰਮਦਿਆਂ, ਜਦੋਂ ਖੁਰਾਕ ਦੀ ਥੁੜੋਂ ਬਣੀ, ਕੁਦਰਤੀ ਸੰਦ (ਲਕੜੀ, ਹੱਡੀ ਅਤੇ ਪੱਥਰ) ਨੂੰ ਆਪਣੀ ਖੁਰਾਕ ਪ੍ਰਾਪਤੀ ਲਈ ਵਰਤਿਆ, ਮੁੜ ਵਰਤਿਆ, ਹੱਟ-ਹੱਟ, ਮੁੜ-ਮੁੜ ਵਰਤਿਆ, ਸੰਦ ਵਰਤਣਾ ਨਿਤਨੇਮ ਬਣ ਗਿਆ। ਕੁਦਰਤੀ ਸੰਦ ਕੁਝ ਹੋਰ ਜਾਨਵਰ/ਪਸ਼ੂ ਵੀ ਵਰਤ ਸਕਦੇ ਹਨ। ਪਰ ਮਨੁੱਖ ਵਜੋਂ ਵਿਕਸਤ ਹੋਣ ਵਾਲੇ ਪੂਰਬਲੇ ਵਣ-ਮਾਨਸ ਹੀ ਦੂਜਿਆਂ ਤੋਂ ਵਧੇਰੇ, ਕੁਦਰਤੀ ਸੰਦਾਂ ਦੀ ਵਰਤੋਂ ਖੁਰਕ ਪ੍ਰਾਪਤੀ ਲਈ ਕਰਦੇ ਸਨ। ਮਨੁੱਖ ਦਾ ਪਸ਼ੂ ਜਗਤ ਨਾਲੋਂ ਪੱਕਾ ਵਖਰੇਵਾਂ ਵਣ-ਮਾਨਸਾਂ ਦੀ ਉਸ ਪ੍ਰਾਪਤੀ ਨੂੰ ਜਾਂਦਾ ਹੈ, ਜਦੋਂ ਉਨ੍ਹਾਂ ਨੇ ਸੰਦ ਬਣਾਉਣੇ ਸਿੱਖੇ।
    ਮਨੁੱਖ ਦੁਆਰਾ ਖਾਰਾਕ ਪ੍ਰਾਪਤੀ ਲਈ, ਸੰਦਾਂ ਦੀ ਪੈਦਾਵਾਰ ਅਮਲ ਦੇ ਅਧਾਰ ਉਤੇ ਸਦਾ ਵਿਕਸਤ ਹੁੰਦੀ ਗਈ। ਲੱਖਾਂ ਸਾਲਾਂ ਦੇ ਤਜਰਬੇ ਨਾਲ ਵਿਕਸਤ ਹੋਏ ਹਥਿਆਰਾਂ (ਸੰਦਾਂ) ਦਾ ਮੇਲ, ਮਸ਼ੀਨਾਂ ਨੂੰ ਜਨਮ ਦੇਣ ਦਾ ਅਧਾਰ ਬਣਿਆ ਹੈ। ਇਹ ਸਿਲਸਿਲਾ ਲਗਾਤਾਰ ਜਾਰੀ ਹੈ। ਅੱਜ ਦੇ ਯੁਗ ਦੇ ਪੈਦਾਵਾਰੀ ਹਥਿਆਰਾਂ(ਮਸ਼ੀਨਾਂ ਤੋਂ ਸਵੈ-ਚਾਲਕ ਮਸ਼ੀਨਾਂ ਅਤੇ ਤਕਨੀਕੀ ਇਨਕਲਾਬ ਦੀਆਂ ਮਸ਼ੀਨਾਂ) ਤੱਕ ਪੁੱਜ ਗਿਆ  ਹੈ।
    ਮੁੱਢਲਾ ਮਨੁੱਖ ਜਦੋਂ ਸੰਦ ਦੀ ਵਰਤੋਂ ਖੁਰਾਕ ਪ੍ਰਾਪਤੀ ਲਈ ਕਰਦਾ ਸੀ, ਜਿਸ ਚੀਜ਼ ਉਪਰ ਸੰਦ ਵਰਤ ਕੇ ਖੁਰਾਕ ਪ੍ਰਾਪਤ ਕਰਦਾ ਸੀ, ੳਸੁ ਨੂੰ ਕਿਰਤ ਦੀ ਵਸਤੂ ਸੱਦਿਆ ਜਾਂਦਾ ਹੈ।ਸ਼ੁਰੂ ਵਿਚ ਮਨੁੱਖ ਆਪਣੇ ਮੁੱਢਲੇ ਸੰਦ (ਲੱਕੜੀ, ਹੱਡੀ, ਪੱਥਰ) ਨਾਲ ਜਮੀਨ ਵਿਚੋਂ ਮਿੱਠੀਆਂ ਜੜ੍ਹਾਂ ‘ਸ਼ਕਰਕੰਦੀ’ ਆਦਿ ਕੱਢਦਾ ਸੀ ਉਦੋਂ ਜਮੀਨ ‘ਕਿਰਤ ਦੀ ਵਸਤੂ’ ਸੀ। ਰੁੱਖ ਤੋਂ ਫਲ ਪ੍ਰਾਪਤ ਕਰਨ ਲਈ ਵਰਤੀ ਲੱਕੜ ਜਾਂ ਪੱਥਰ ‘ਸੰਦ’ ਸੀ ਅਤੇ ਰੁੱਖ ‘ਕਿਰਤ ਦੀ ਵਸਤੂ’ ਸੀ । ਜਦੋਂ ਸ਼ਿਕਾਰ ਕੀਤੇ ਜਨਵਰ ਦੀ ਖੱਲ ਉਤਾਰਦਾ ਸੀ ਉਦੋਂ ਪਸ਼ੂ ਕਿਰਤ ਦੀ ਵਸਤੂ ਸੀ।
      ਮਨੁੱਖ ਆਪਣੇ ਸੰਦਾਂ ਨਾਲ ਜਿਸ ਚੀਜ਼ ਤੇ’ ਕੰਮ ਕਰਦਿਆਂ, ਉਸ ਨੂੰ ਆਪਣੇ ਅਨੁਕੂਲ ਢਾਲਦਾ ਹੈ, ਉਸ ਨੂੰ ਕਿਤਰ ਦੀ ਵਸਤੂ ਵਜੋਂ ਜਾਣਿਆ ਜਾਂਦਾ ਹੈ ਅੱਜ ਦੇ ਯੁਗ ਵਿਚ ਕਿਰਤ ਰਾਹੀਂ ਨਵਾਂ ਰੂਪ ਦਿੱਤੀ ਉਪਜ ਵੀ, ਕਿਸੇ ਹੋਰ ਉਪਜ ਲਈ ਕਿਰਤ ਦੀ ਵਸਤੂ ਹੋ ਸਕਦੀ ਹੈ, ਉਦਾਹਰਣ ਵਜੋਂ ਆਟਾ ਬਣਾਉਣ ਵੇਲੇ ਕਣਕ ਕਿਰਤ ਦੀ ਵਸਤੂ ਹੈ, ਪਰ ਰੋਟੀ ਬਣਾਉਣ ਵੇਲੇ ਆਟਾ ਕਿਰਤ ਦੀ ਵਸਤੂ ਹੈ।ਕਿਰਤ ਦੀ ਵਸਤੂ ਦਾ ਅਧੁਨਿਕ ਰੂਪ  (Raw Material) ਕੱਚਾ ਮਾਲ ਕਰਕੇ ਜਾਣਿਆਂ ਜਾਦਾਂ ਹੈ।
ਅੱਜ ਇਕ (ਦਸਤਕਾਰ) ਮੋਚੀ ਆਪਣੇ ਸੰਦਾਂ ਨਾਲ (ਆਰ, ਰੰਬੀ, ਸੂਈ ਫਲ੍ਹੀ ਪੱਥਰ ਆਦਿ) ਨਾਲ ਚਮੜੇ ਦੀ ਜੁੱਤੀ ਤਿਆਰ ਕਰਦਾ ਹੈ।ਚਮੜਾ ਭਾਵੇ ਕਾਰਖਾਨੇ ਦਾ ਪੱਕਾ ਮਾਲ ਹੈ ਪਰ ਮੋਚੀ ਲਈ ਜੁੱਤੀ ਬਣਾਉਣ ਸਮੇ ਚਮੜਾ (ਕਿਤਰ ਦੀ ਵਸਤੂ) ਕੱਚਾ ਮਾਲ ਹੈ।
      ‘ਕਿਰਤ ਦੇ ਸੰਦ’ ਅਤੇ ‘ਕਿਰਤ ਦੀ ਵਸਤੂ’ ਦੇ ਜੋੜ ਨੂੰ ‘ਕਿਰਤ ਦੇ ਸਾਧਨ’ ਸਦਿਆ ਜਾਂਦਾ ਹੈ। ਮਨੁੱਖ ਕੋਲ ਜੇ ਕਿਰਤ ਦੇ ਸੰਦ ਹੋਣ ਅਤੇ ਕਿਰਤ ਦੀ ਵਸਤੂ ਨਾ ਹੋਵੇ ਤਾਂ ਉਹ ਕਿਰਤ ਨਹੀ ਕਰ ਸਕਦਾ। ਇਸੇ ਤਰ੍ਹਾਂ ਜੇ ਕਿਰਤ ਦੀ ਵਸਤੂ ਹੋਵੇ ਪਰ ਕਿਰਤ ਦੇ ਸੰਦ ਨਾ ਹੋਣ ਤਾਂ ਵੀ ਮਨੁੱਖ ਕਿਰਤ ਨਹੀ ਕਰ ਸਕਦਾ। ਕਿਰਤ ਕਰਨ ਲਈ ‘ਕਿਰਤ ਦੇ ਸਾਧਨ’ ਹੋਣਾ ਜਰੂਰੀ ਹੈ।ਕਿਰਤ ਦੇ ਸਾਧਨ ਹੀ ਜੀਵਨ ਨਿਰਬਾਹ ਲਈ (Means of Subsistence)ਦੇ ਸਾਧਨ ਹਨ। ਦੋਵਾਂ ਵਿਚੋਂ ਇਕ ਦਾ ਨਾ ਹੋਣਾ ਵੀ ਮਨੁੱਖ ਨੂੰ ਜੀਵਨ ਨਿਰਬਾਹ ਦੇ ਸਾਧਨ ਹੀਣ ਬਣਾ ਦਿੰਦਾ ਹੈ। ਮਨੱਖ ਕਿਰਤ ਦੇ ਸਾਧਨਾ ਜਾਂ ਜੀਵਣ ਨਿਰਬਾਹ ਦੇ ਸਾਧਨਾਂ ਬਗੈਰ ਜਿੰਦਾ ਨਹੀ ਰਹਿ ਸਕਦਾ।
       ਮਨੁੱਖ  ਆਪਣੇ ਪੁਰਬਲਿਆਂ ਦੀ ਤਰ੍ਹਾਂ ਹੀ ਇਕੱਲਾ ਨਹੀ ਸਗੋਂ ਗਰੁੱਪ ਵਿਚ, ਇਕੱਠ ਵਿਚ, ਕਬੀਲੇ ਸਮਾਜ ਵਿਚ ਰਹਿੰਦਾ ਹੈ। ਕਿਰਤ ਦੇ ਸਾਧਨਾਂ ਰਾਹੀ (ਪੈਦਾਵਾਰ) ਇਕੱਠੀਆਂ ਕੀਤੀਆਂ ਵਸਤਾਂ ਦੀ ਮਨੁੱਖ ਖਪਤ ਕਰਦਾ ਹੈ। ਪੈਦਾਵਾਰ ਤੋਂ ਖਪਤ ਤੱਕ ਸਾਰੇ ਅਮਲ ਨੂੰ, ਮਨੁੱਖ ਆਸਾਨ ਕਰਨ ਦੀ ਕੋਸ਼ਿਸ਼ ਕਰਦਾ ਹੈ। ਆਸਾਨ ਪੈਦਾਵਾਰ ਦੀ ਕੋਸ਼ਿਸ਼ ਉਸ ਨੂੰ ਦੂਜੇ ਮਨੁੱਖਾਂ ਨਾਲ, ਸਬੰਧਾਂ ਵਿਚ ਜੋੜਦੀ ਹੈ। ਇਕ ਮਨੁੱਖ ਦੇ ਦੂਜੇ ਮਨੁੱਖ ਨਾਲ ਸਬੰਧ, ਆਸਾਨ ਪੈਦਾਵਾਰ ਦੇ ਸਬੰਧਾਂ ਵਿਚ ਪ੍ਰਗਟ ਹੰਦੇ ਹਨ। ਇਹ ਸੰਬੰਧ ਪੈਦਾਵਾਰ (ਸ਼ਿਕਾਰ) ਦੇ ਅਮਲ ਸਮੇਂ ਪਹਿਲਾਂ ਅਵਾਜ਼ ਅਤੇ ਇਸ਼ਾਰੇ ਤੋਂ ਸ਼ੁਰੂ ਹੋ ਕੇ ਬੋਲੀ ਵਜੋਂ ਸਥਾਪਤ ਹੁੰਦੇ ਹਨ।
ਪੈਦਾਵਾਰ ਤੋ ਖੱਪਤ ਤੱਕ ਦੇ ਅਮਲ ਨੂੰ ਆਸਾਨ ਕਰਨ ਅਤੇ ਮਨੁੱਖੀ ਜਿੰਦਗੀ ਨੂੰ ਸੁਰੱਖਿਅਤ ਅਤੇ ਸੋਖਾ ਕਰਨ ਵਿਚ ਮਨੁੱਖ ਦੇ ਸਹਾਇਕ ਬਣਦੇ ਹਨ ਬੋਲੀ, ਅੱਗ, ਪਹੀਆ, ਖਾਲੀਆਂ ਅਤੇ ਪਸ਼ੂ ਬਲ। ਇਹ ਪੈਦਾਵਾਰ ਦੇ ਗੇੜ (ਪੈਦਾਵਾਰ, ਖਪਤ ਅਤੇ ਮੁੜ ਪੈਦਾਵਾਰ) ਦਾ ‘ਸਹਾਇਕ ਢਾਂਚਾ’  (Infrastructure) ਕਹਾਉਂਦਾ ਹੈ। ਸਹਾਇਕ ਢਾਂਚਾ ਕਿਰਤ ਦੇ ਸਾਧਨਾਂ ਨਾਲ ਮਿਲ ਕੇ ੳਪਜਾਂ ਨੂੰ ਨਿਯਮਤ ਬਣਾਉਦਾ ਹੈ। ਇਸ ਨੂੰ ਰਾਜਨੀਤਕ ਆਰਥਕਤਾ ਵਿਚ  ਕਿਰਤ ਦੇ  ਸਾਧਨਾਂ ਦਾ ਉਪਰਲਾ, ਉੱਚਾ ਪੜਾਅ ‘ਪੈਦਾਵਾਰ ਦੇ ਸਾਧਨ’ ਵਜੋਂ ਜਾਣਿਆ ਜਾਂਦਾ ਹੈ ।
          ਅਧੁਨਿਕ ਸਮਾਜ ਵਿਚ ਮਨੁੱਖੀ ਜੀਵਨ-ਪੱਧਰ ਸਮਾਜ ਕੋਲ ਪਾਏ ਜਾਂਦੇ ਪੈਦਾਵਾਰ ਦੇ ਸਾਧਨਾਂ ਉਪਰ ਨਿਰਭਰ ਕਰਦਾ ਹੈ। ਮਨੁੱਖ ਪਸ਼ੂ ਸੰਸਾਰ ਨਾਲੋਂ ਵੱਖ ਉਦੋਂ ਹੋਇਆ ਜਦੋਂ ਉਸ ਨੇ ਸੰਦ ਬਣਾਉਣੇ ਸ਼ੁਰੂ ਕੀਤੇ ਸਨ। ਸੰਦ ਅਤੇ ਮਨੁੱਖ ਦੋਵੇਂ ਵਿਕਾਸ ਕਰਦੇ ਗਏ। ਆਪ ਬਣਾਏ ਸੰਦਾਂ ਨੂੰ  ਵਰਤਦਿਆਂ ਮਨੁੱਖ ਖੁਦ ਬਦਲਦਾ ਗਿਆ। ਉਹ ਸੰਦ ਨੂੰ ਵਰਤਣ ਵਿੱਚ ਮੁਹਾਰਤ ਹਾਸਲ ਕਰਦਾ ਗਿਆ। ਸੰਦ ਦੀਆਂ ਘਾਟਾਂ ਨੂੰ ਨਵਾਂ ਸੰਦ ਬਣਾਉਣ ਵੇਲੇ ਦੂਰ ਕਰਦਾ ਗਿਆ। ਆਪ ਵੀ ਮੁੱਢ ਵਰਤੋਂ ਕਰਦਾ ਨਾਲੋ ਨਾਲ ਬਦਲਦਾ ਗਿਆ। ਸੰਦ ਬੇਹਤਰ ਹੋਣ ਨਾਲ ‘ਕਿਰਤ ਦੇ ਸਾਧਨ’ ਵਿਕਸਤ ਹੁੰਦੇ ਗਏ। ਮਨੁੱਖ, ਪੈਦਾਵਰ-ਖਪਤ ਮੁੜ ਪੈਦਾਵਾਰ ਨੂੰ ਸੁਖਾਲਾ ਕਰਦਿਆਂ, ਇਸ ਦਾ ਸਹਾਇਕ ਢਾਂਚਾ ਵੀ ਬਿਹਤਰ ਕਰਦਾ ਗਿਆ।
        ਆਪਣੀਆਂ ਜੀਵਨ ਲੋੜਾਂ, ਸੁਰੂ ਵਿਚ ਖਾਣ-ਪੀਣ ਅਤੇ ਰਹਿਣ ਦੀ ਪੂਰਤੀ ਲਈ, ਮਨੁੱਖੀ ਉੱਦਮ, ਸਰਗਰਮੀ ਨੂੰ, ‘ਮਨੁੱਖੀ ਕਿਰਤ’ ਵਜੋਂ ਜਾਣਿਆ ਜਾਂਦਾ ਹੈ। ਇਸੇ ਲਈ ਸੁਰੂ ਵਿਚ ਮਨੁੱਖ ਦੀ ਸਰਗਰਮੀ ਨਾਲ ਤਿਆਰ ਉਪਜ ਨੂੰ ਉਸ ਦੀ ਕਿਰਤ ਵਜੋਂ ਮਾਨਤਾ ਮਿਲੀ ਰਹੀ ਹੈ। ਪੈਦਾਵਾਰ ਦੇ ਅਮਲ ਵਿਚ ਪਈ ਕਿਰਤ ਪੈਦਾਵਾਰ ਵਧਾਉਣ ਦੇ ਹੁਨਰ ਅਤੇ ਮੁਹਾਰਤ ਇਕੱਠੀ ਕਰਦੀ ਜਾਂਦੀ ਹੈ। ਮਨੁੱਖੀ ਕਿਰਤ ਪੈਦਾਵਾਰ ਦੇ ਸਾਧਨਾਂ ਨਾਲ ਮਿਲ ਕੇ ਪੈਦਾਵਾਰੀ ਸ਼ਕਤੀਆਂ ਦਾ ਨਿਰਮਾਣ ਕਰਦੀ ਹੈ। ਪੈਦਾਵਾਰੀ ਸ਼ਕਤੀਆਂ ਵਿਕਾਸ ਕਰਦੀਆਂ ਹਨ। ਮੁੱਢਲੇ ਮਨੁੱਖੀ ਸਮਾਜ (ਭਾਈਚਾਰਾ) ਕੋਲ ਪੈਦਾਵਾਰੀ ਸ਼ਕਤੀਆਂ ਦਾ ਪੱਧਰ ਨੀਵਾਂ ਸੀ। ਮਨੁੱਖ ਕੋਲ ਮੁੱਢਲੇ ਸੰਦ ਸਨ, ਉਨ੍ਹਾਂ ਦਾ ਵਿਕਾਸ ਨਹੀ ਸੀ ਹੋਇਆ ਅਤੇ ਦੂਜਾ ਵੱਡਾ ਫਰਕ ਉਸ ਕੋਲ ਪੈਦਾਵਾਰ ਅਤੇ ਖਪਤ ਦਾ ‘ਸਹਾਇਕ ਢਾਂਚਾ’ (Infrastructure) ਵੀ ਸ਼ੁਰੂਆਤੀ ਦੌਰ ਵਾਲਾ ਸੀ। ਉਸ ਕੋਲ ਕੇਵਲ ਮੁਢਲੇ ਸੰਦ ਅਤੇ ਕਿਰਤ ਦੀ ਵਸਤੂ (ਧਰਤੀ, ਪਾਣੀ, ਬਨਸਪਤੀ, ਜੀਵ) ਕੁਦਰਤ ਸੀ।ਮਨੁੱਖ ਵੱਲੋਂ ਕੁਦਰਤ ਨੂੰ ਆਪਣੇ ਅਨੁਕੂਲ ਢਾਲਣਾ ਸਿੱਖਣ ਦੀ ਸੁਰੂਆਤ ਸੀ। ਅੱਜ ਦੇ ਮਨੁੱਖ ਕੋਲ ਵਿਕਸਤ ਪੈਦਾਵਾਰੀ ਸ਼ਕਤੀਆਂ ਹਨ। ਤਜਰਬੇਕਾਰ ਹੁਨਰਮੰਦ ਕਿਰਤ ਨੇ, ਵਿਕਸਤ ਪੈਦਾਵਾਰੀ ਸਾਧਨ (ਸਵੈਚਾਲਕ ਮਸ਼ੀਨਾਂ) ਨਾਲ ਮਿਲ ਕੇ ਮਹਾਂ ਪੈਦਾਵਾਰੀ ਸ਼ਕਤੀਆਂ ਨੂੰ ਸਿਰਜਿਆ ਹੈ। ਮਹਾਂ ਪੈਦਾਵਾਰੀ ਸ਼ਕਤੀਆਂ, ਕੁਦਰਤ ਦੀ ਬੁਲਕ ਵਿਚ ਪੱਈਆਂ ਤਮਾਮ ਸੁੱਖ ਸਹੂਲਤਾਂ ਨੂੰ, ਮਨੁੱਖ ਜਾਤੀ ਦੇ ਭਲੇ ਅਤੇ ਜੀਵਨ ਸੁਰੱਖਿਆ ਲਈ ਇਸ ਕਦਰ ਖੋਹਲ ਦਿੰਦੀਆਂ ਹਨ, ਜਿਸ ਦਾ ਵਰਤਮਾਨ ਪੀੜੀ ਤੋਂ ਪਹਿਲੀਆਂ ਪੀੜੀਆਂ ਨੇ ਕਦੇ ਕਿਆਸ ਵੀ ਨਹੀਂ ਕੀਤਾ ਹੁੰਦਾ। ਪੈਦਾਵਾਰੀ ਸ਼ਕਤੀ ਦਾ ਵਿਕਾਸ ਨਿਰੰਤਰ ਜਾਰੀ ਰਹਿੰਦਾ ਹੈ। ਸਮਾਜਕ ਪ੍ਰਕਿਰਿਆ ਪੈਦਾਵਾਰ, ਵੰਡ, ਵਟਾਂਦਰਾ, ਖਪਤ ਅਤੇ ਮੁੜ ਪੈਦਾਵਾਰ ਦੀ ਪ੍ਰਕਿਰਿਆ ਹੈ। ਪੈਦਾਵਾਰ ਤੋਂ ਮੁੜ ਪੈਦਾਵਾਰ ਵਿਚਕਾਰ ਤਿੰਨ ਮਹੱਤਵਪੂਰਨ ਅਮਲ ਵੰਡ, ਵਟਾਂਦਰਾ ਅਤੇ ਖਪਤ ਹਨ। ਇਸ ਅਮਲ ਨੇ ਗੰਝਲਦਾਰ ਸਮਾਜਿਕ ਸਬੰਧਾਂ ਨੂੰ ਜਨਮ ਦਿੱਤਾ ਹੈ। ਸਮਾਜਿਕ ਸਬੰਧ, ਪੈਦਾਵਾਰ ਨਾਲ ਸਬੰਧਤ ਹਨ। ਰਾਜਨੀਤਿਕ ਅਰਥਕਤਾ ਵਿਚ ਇਨ੍ਹਾਂ ਸਬੰਧਾਂ ਦੀ ਜਟਲਤਾ ਨੂੰ ਵਿਗਿਆਨਕ ਤਰਤੀਵ ਵਿਚ ਜਾਣੇ ਤੋਂ ਬਗੈਰ ਮਨੁੱਖ ਅੱਗੇ ਗੰਝਲਾਂ ਸਾਫ ਨਹੀਂ ਹੁੰਦੀਆਂ।
           ਸ਼ਮਾਜਕ ਗਿਆਨ ਨੇ, (ਜੀਵ) ਆਤਮਾ ਤੋਂ (ਮਨੁੱਖੀ) ਚੇਤਨਾ, ਵਿਚਾਰ/ਸੋਚ, ਸਿਧਾਂਤ ਅਤੇ ਵਿਰੋਧ ਵਿਕਾਸੀ ਸਿਧਾਂਤ ਰਾਹੀਂ ਗਿਆਨ ਦੀਆਂ ਮੰਜਲਾਂ ਤਹਿ ਕੀਤੀਆਂ ਹਨ। ਮਨੁੱਖੀ ਚੇਤਨਾ ਦਾ ਸਰੋਤ ਅੰਤਰਮੁੱਖੀ ਨਹੀਂ, ਸਗੋਂ ਬਾਹਰਮੁਖੀ ਹੈ।ਮਨੁੱਖੀ ਗਿਆਨ ਦਾ ਅਧਾਰ ਕੁਦਰਤ ਦਾ ਵਹਿਣ/ਵਿਕਾਸ ਹੈ ਜੋ ਮਨੁੱਖੀ ਦਿਮਾਗ ਨੂੰ, ਉਸ ਦੀਆਂ ਗਿਆਨ ਇੰਦਰੀਆਂ (ਅੱਖ, ਕੰਨ, ਨੱਕ, ਮੂੰਹ, ਸਰੀਰ) ਰਾਹੀਂ ਪੁੱਜਦਾ ਅਤੇ ਆਪਣੇ ਪ੍ਰਭਾਵ ਪੈਦਾ ਕਰਨ ਦਾ ਰਾਹ ਪ੍ਰਾਪਤ ਹੁੰਦਾ ਹੈ। ਜਿਥੇ ਮਨੁੱਖੀ ਗਿਆਨ ਕੁਦਰਤ ਦੇ ਵਿਕਾਸ ਦਾ ਅਮੂਰਤ ਰੂਪ ਹੈ ਉਥੇ ਸਮਾਜਕ ਗਿਆਨ, ਪੈਦਾਵਾਰੀ ਸਬੰਧਾਂ ਦੀ ਜਟਲਤਾ ਦਾ ਵਿਗਿਆਨਕ ਗਿਆਨ ਹੈ। ਜਿਸ ਨੇ ਸਕੰਲਪਾਂ ਦੇ ਵਸਤਰ (ਉਛਾੜ) ਪਹਿਨੇ ਹੋਏ ਹਨ।
          ਰਾਜਨੀਤਕ ਆਰਥਕਤਾ ਕੇਵਲ ਪੈਦਾਵਾਰ ਦਾ ਅਧਿਐਨ ਨਹੀਂ ਸਗੋਂ ਇਹ ਪੈਦਾਵਾਰ, ਵੰਡ, ਵਟਾਂਦਰਾ, ਖਪਤ ਅਤੇ ਮੁੜ ਪੈਦਾਵਾਰ ਦੇ ਸਮੁੱਚੇ ਅਮਲ ਦਾ ਅਧਿਐਨ ਕਰਦੀ ਹੈ। ਸਮਾਜਕ ਵਿਗਿਆਨ ਵਜੋਂ ਇਹ ਪੈਦਾਵਾਰੀ ਸਬੰਧਾਂ ਦਾ ਅਧਿਐਨ ਕਰਦੀ ਹੈ।
         ਜਿੰਨਾਂ ਗੰਝਲਦਾਰ ਪੈਦਾਵਾਰੀ ਪ੍ਰਬੰਧ ਹੋਵੇਗਾ, ਉਤਨੇ ਹੀ ਗੰਝਲਦਾਰ ਪੈਦਾਵਾਰੀ ਸਬੰਧ ਹੋਣਗੇ। ਜਿੰਨੇ ਗੰਝਲਦਾਰ ਪੈਦਾਵਾਰੀ ਸਬੰਧ ਹੋਣਗੇ, ਉਤਨਾ ਹੀ ਗੰਝਲਦਾਰ ਸਮਾਜਕ ਵਿਗਿਆਨ ਹੋਵੇਗਾ। ਸਮਾਜਕ ਵਿਗਿਆਨ ਦਾ ਗਿਆਨ ਮਨੁੱਖ ਜਾਤੀ ਦੀਆਂ ਗੰਝਲਾਂ ਦੇ ਹੱਲ ਦਾ ਰਾਹ ਦਰਸਾਵਾ ਬਣਦਾ ਹੈ।ਮੁੱਢਲੇ (ਪਸ਼ੂ ਜਗਤ ਨਾਲੋਂ ਵੱਖ ਹੋਏ) ਮਨੁੱਖ, ਕੁਦਰਤੀ ਸੰਦਾਂ ਤੋਂ ਵਿਕਸਤ, ਆਪ ਬਣਾਏ ਸੰਦਾਂ ਨਾਲ ਆਪਣੀਆਂ ਲੋੜਾਂ ਦੀ ਪੂਰਤੀ ਲਈ, ਮੰਤਵ ਭਰੀ ਸਰਗਰਮੀ ਕਰਦੇ ਸਨ। ਉਹ ਅਪਣੀ ਪ੍ਰਾਪਤੀ (ਪੈਦਾਵਾਰ) ਦੀ ਖਾਣ ਪੀਣ ਅਤੇ ਰਹਿਣ ਲਈ ਵਰਤੋਂ (ਖਪਤ) ਕਰਦੇ ਹਨ।
          ਇਹ ਇਕ ਤਰ੍ਹਾਂ ਨਾਲ ਪੈਦਾਵਾਰ ਲਈ ਪਹਿਲਾਂ ਖਪਤ ਕੀਤੀ ਮਿਹਨਤ ਸ਼ਕਤੀ ਦੀ ਪੂਰਤੀ ਲਈ ਖਪਤ ਹੈ। ਪੈਦਾਵਾਰ ਲਈ ਖਪਤ ਅਤੇ ਖਪਤ ਲਈ ਪੈਦਾਵਾਰ ਦਾ ਸਿਲਸਿਲਾ ਹੈ। ਮਨੁੱਖ ਤਜਰਬੇ ਦੇ ਹੁਨਰ ਰਾਹੀ ਆਪਣੀਆਂ ਲੋੜਾਂ ਦੀ ਪੂਰਤੀ ਲਈ ਵਧੇਰੇ ਪੈਦਾਵਾਰ ਕਰਨੀ ਸਿਖਦਾ ਗਿਆ। ਤਜਰਬੇ ਨਾਲ ਜਦੋਂ ਪੈਦਾਵਾਰ ਤੇਜ ਵਾਧੇ ਰਾਹੀਂ ਛਾਲ ਮਾਰ ਕੇ ਅੱਗੇ ਵੱਧਦੀ ਹੈ ਤਾਂ ਉਹ (ਪੈਦਾਵਾਰੀ) ਹੁਨਰ ਬਣਦੀ ਹੈ। ਤਜਰਬਾ ਅਤੇ ਹੁਨਰ, ਘੱਟ ਖਪਤ ਨਾਲ, ਵੱਧ ਪੈਦਾਵਾਰ ਹੈ ਪੇਦਾਵਾਰ ਲਈ ਘੱਟਖਪਤ ਦਾ ਨਤੀਜਾ, ਘੱਟ ਖਪਤ ਦੀ ਪੂਰਤੀ ਲਈ, ਪੈਦਾਵਾਰ ਦੀ ਖਪਤ ਦੀ ਘੱਟ ਲੋੜ ਵਿਚ ਨਿਕਲਦਾ ਹੈ। ਪੈਦਾਵਾਰ ਲਈ ਵਧੀਆ ਮਨੁੱਖੀ ਤਜਰਬਾ ਅਤੇ ਹੁਨਰ, ਇਕ ਪਰਿਵਾਰ, ਕਬੀਲੇ ਜਾਂ ਸਮਾਜ ਕੋਲ ਖਪਤ ਦੀਆਂ ਵਸਤਾਂ (ਉਪਜਾਂ) ਦਾ ਹੋਣਾ ਨਿਸ਼ਚਿਤ ਕਰਦਾ ਹੈ।
        ਖਾਸ (ਮੰਤਵਭਰੀ ਮਨੁੱਖੀ ਸਰਗਰਮੀ ਦੀ) ਖਪਤ ਤੋਂ ਬਗੈਰ, ਪੈਦਾਵਾਰ ਨਹੀਂ ਹੁੰਦੀ ਅਤੇ ਪੈਦਾ ਕੀਤੀਆਂ ਵਸਤਾਂ (ਪੈਦਾਵਾਰ) ਤੋਂ ਬਗੈਰ, ਖਪਤ ਨਹੀਂ ਹੁੰਦੀ। ਕਿਸੇ ਵੀ ਸਮਾਜ (ਆਦਿ ਭਾਈਚਾਰਕ ਤੋਂ ਸਰਮਾਏਦਾਰੀ, ਸਮਾਜਵਾਦ ਤੱਕ) ਵਿਚ ਮਨੁੱਖੀ ਪੈਦਾਵਾਰੀ ਸਰਗਰਮੀ ਦੀ ਖਪਤ ਤੋਂ ਬਗੈਰ, ਖਪਤ ਲਈ ਵਸਤੂਆਂ (ਪੈਦਾਵਾਰ) ਦੀ ਕਲਪਨਾ ਨਹੀਂ ਹੋ ਸਕਦੀ। ਪੈਦਾਵਾਰ ਲਈ ਮਨੁੱਖੀ ਪੈਦਾਵਾਰੀ ਸਰਗਰਮੀ ਦੀ ਖਪਤ ਤੋਂ ਬਗੈਰ, ਖਪਤ ਲਈ ਵਸਤੂਆਂ (ਪੈਦਾਵਾਰ)ਦੀ ਕਲਪਨਾ ਨਹੀਂ ਹੋ ਸਕਦੀ। ਪੈਦਾਵਾਰ ਲਈ ਮਨੁੱਖੀ ਪੈਦਾਵਾਰੀ ਸਰਗਰਮੀ ਦੀ ਖਪਤ ਘੱਟਦੀ ਚਲੀ ਜਾਂਦੀ ਹੈ ਪਰ ਇਹ ਸਿਫਰ ਕਦੀ ਵੀ ਨਹੀਂ ਹੋ ਸਕਦੀ।ਸਪੱਸ਼ਟ  ਹੈ ਕਿ ਬਹੁਤ ਘੱਟ ਮਨੁੱਖੀ ਸਰਗਰਮੀਆਂ ਨਾਲ ਲੋੜਾਂ ਦੀ ਪੂਰਤੀ ਲਈ, ਅਮੁੱਕ ਪੈਦਾਵਾਰ ਸੰਭਵ ਹੋਵੇਗੀ। ਆਧੁਨਿਕ ਸਮਾਜ ਵਿਚ ਪੈਦਾਵਾਰੀ ਸ਼ਕਤੀਆਂ ਸਹਾਇਕ ਢਾਂਚੇ  (Infrastructure) ਦੀ ਬਦੌਲਤ ਹਨ। ਸਹਾਇਕ ਢਾਂਚੇ ਦਾ ਮੁੱਢ, ਮੁੱਢਲੇ ਸਮਾਜ ਵਿਚ ਬੋਲੀ ਨੇ ਅਰੰਭ ਕੀਤਾ ਸੀ। ਬੋਲੀ ਮੁੱਢਲੇ ਸਮਾਜ ਦੀ ਪਹਿਲੀ ਸਹਾਇਕ ਸੀ। ਜਿਸ ਨੇ ਪੈਦਾਵਾਰੀ ਸ਼ਕਤੀ ਦੀ ਸਿਰਜਣਾ ਅਰੰਭ ਕੀਤੀ ਸੀ। ਆਧੁਨਿਕ ਸਮਾਜ ਵਿਚ ਬੋਲੀ ਸਿੱਧੀ ਪੈਦਾਵਾਰੀ ਸ਼ਕਤੀ ਵਜੋਂ ਉਭਰ ਰਹੀ ਹੈ।
         ਮੁੱਢਲੇ ਸਮਾਜ ਵਿਚ ਮਨੁੱਖ ਕੋਲ ਇਕ ਸਮੇਂ ਤੱਕ ਪੈਦਾਵਾਰ ਅਤੇ ਖਪਤ ਦਾ ਵਰਤਾਰਾ ਸੀ ਉਸ ਕੋਲ ਵੰਡ ਅਤੇ ਵਟਾਂਦਰਾ ਨਹੀਂ ਸੀ। ਸਪੱਸ਼ਟ ਹੈ ਜਦੋਂ ਵੰਡ ਨਹੀਂ ਹੋਵੇਗੀ ਤਾਂ ਵਟਾਂਦਰਾ ਵੀ ਨਹੀਂ ਹੋਵੇਗਾ।
         ਕਬੀਲਦਾਰੀ ਸਮਾਜ ਵਿਚ ਜਦੋਂ ਇਕ ਖਾਸ ਪੜਾਅ ਤੇ ਖੇਤੀਬਾੜੀ ਅਤੇ ਪਸ਼ੂ ਪਾਲਣ ਵੱਖ-ਵੱਖ ਵਿਕਸਤ ਹੋਣ ਲੱਗੇ ਅਤੇ ਜਦੋਂ ਮਨੁੱਖ ਅੱਗ ਦੀ ਵਰਤੋਂ ਤੋਂ ਪਿਛੋਂ ਅੱਗ ਮੁੜ ਪੈਦਾ ਕਰਨਾ ਸਿਖ ਗਿਆ ਅਤੇ ਦਸਤਕਾਰੀ ਵੀ ਇਕ ਵੱਖਰੇ ਕਿੱਤੇ ਵੱਜੋਂ ਵੱਖ ਹੋ ਗਈ, ਪੈਦਾਵਾਰ ਦੇ ਅਜਿਹੇ ਸਮਾਜਕ ਰੂਪ ਅੰਦਰ ਪੈਦਾਵਾਰੀ ਵਸੀਲਿਆਂ (ਪਸ਼ੂ ਪਾਲਣ, ਖੇਤੀਬਾੜੀ ਅਤੇ ਦਸਤਕਾਰੀ) ਦੀ ਵੰਡ ਪੱਕੀ ਹੋ ਗਈ, ਅਸੀਂ ਦੇਖ ਸਕਦੇ ਹਾਂ ਕਿ ਇਤਿਹਾਸ ਵਿਚ ਵੱਖ-ਵੱਖ ਸਮੂਹਾਂ, ਗਰੁੱਪਾਂ ਦੀ ਵੰਡ ਅਸਲ ਵਿਚ ਪੈਦਾਵਾਰੀ ਸਾਧਨਾਂ ਦੀ ਵੰਡ ਹੈ। ਦਸਤਕਾਰੀ ਦੀਆਂ ਵੱਖਰੀਆਂ-ਵੱਖਰੀਆਂ ਸ਼ਾਖਾਂ (ਮੋਚੀ, ਤਰਖਾਣ, ਲੁਹਾਰ, ਸੁਨਿਆਰ, ਘੁਮਿਆਰ ਆਦਿ) ਵਿਚ ਪਿਤਾ ਪੁਰਖੀ ਕਿੱਤੇ ਨੇ, ਉਸ ਕਿੱਤੇ ਅਨੁਸਾਰ ਵੱਖਰੀ-ਵੱਖਰੀ ਪਹਿਚਾਣ ‘ਜਾਤ’ ਦੇ ਰੂਪ ਵਿਚ ਪ੍ਰਗਟ ਕੀਤੀ ਹੈ।
          ਪੈਦਾਵਾਰ ਦੇ ਖੇਤਰਾਂ (ਪਸ਼ੂ ਪਾਲਣ, ਖੇਤੀਬਾੜੀ, ਦਸਤਕਾਰੀ) ਦੀ ਵੰਡ ਨੇ ਉਨ੍ਹਾਂ ਦੇ ਸਮੂਹਾਂ ਦੀਆਂ ਲੋੜਾਂ ਦੀ ਪੂਰਤੀ ਤੋਂ ਵਾਧੂ ਪੈਦਾਵਾਰ ਨੂੰ, ਇਸੇ ਤਰ੍ਹਾਂ ਦੂਜਿਆਂ ਸਮੂਹਾਂ ਦੇ, ਉਨ੍ਹਾਂ ਦੀਆਂ ਲੋੜਾਂ ਤੋਂ ਵਾਧੂ ਨੂੰ, ਇਕ ਦੂਜੇ ਨਾਲ ਵਟਾਂਦਰੇ ਵਿਚ ਲਿਆਂਦਾ। ਇਕ ਸਮੂਹ ਦੇ ਵਿਆਕਤੀ ਹਿੱਸੇ ਆਇਆ, ਉਸ ਦੀ ਲੋੜ ਤੋਂ ਵਾਧੂ, ਇਸ ਤਰ੍ਹਾਂ ਦੂਜਿਆਂ ਮੈਂਬਰਾਂ ਦੇ ਲੋੜ ਤੋਂ ਵਾਧੂ ਨਾਲ, ਵਟਾਂਦਰੇ ਵਿਚ ਆਇਆ।
          ਵਸਤੂਆਂ ਦਾ ਵਟਾਂਦਰਾ ਮਨੁੱਖਾਂ ਨੂੰ ਇਕ ਦੂਜੇ ਨਾਲ ਸਬੰਧਾਂ ਵਿਚ ਲਿਆਂਉਦਾ ਹੈ। ਮਨੁੱਖੀ ਸਬੰਧ, ਸਮਾਜਕ ਸਬੰਧ ਅਸਲ ਵਿਚ ਪੈਦਾਵਾਰ (ਵੰਡ ਅਤੇ ਵਟਾਂਦਰਾ) ਦੇ ਸਬੰਧ ਹਨ। ਰਾਜਨੀਤਕ ਅਰਥਕਤਾ ਵਿਚ ਇਨ੍ਹਾਂ ਨੂੰ ਪੈਦਾਵਾਰੀ ਸਬੰਧ ਸੱਦਿਆ ਜਾਂਦਾ ਹੈ।
 ਪੈਦਾਵਾਰ ਦੇ ਸਬੰਧ, ਪੈਦਾਵਰੀ ਸ਼ਕਤੀਆਂ ਨਾਲ ਮਿਲ ਕੇ, ਸਮਾਜ ਦਾ ਸਮਾਜਕ ਆਰਥਕ ਰੂਪ ((Socio-Economic Formation ) ਬਣਾਉਦੇਂ ਹਨ। ਜਿਸ ਨੂੰ ਰਾਜਨੀਤਕ ਆਰਥਕਤਾ ਅੰਦਰ ਪੈਦਾਵਾਰ ਦਾ ਢੰਗ ਕਰਕੇ ਜਾਣਿਆ ਜਾਂਦਾ ਹੈ। ਮਨੁੱਖੀ ਇਤਿਹਾਸ ਵਿਚ ਇਹ (ਆਦਿ ਭਾਈਚਾਰਕ, ਗੁਲਾਮੀ, ਜਗੀਰੂ, ਸਰਮਾਏਦਾਰੀ, ਅਤੇ ਸਮਾਜਵਾਦੀ) ਪੈਦਾਵਾਰੀ ਢੰਗ ਵਜੋਂ ਦਰਜ ਹਨ।
ਹਰ ਪੈਦਾਵਾਰੀ ਢੰਗ, ਇਕ ਖਾਸ ਪੜਾਅ ਤੇ ਪੁੱਜ ਕੇ ਆਪਣੇ ਤੋਂ ਉਪਰਲੇ (ਅੱਗੇ ਵਧੂ) ਨਵੇਂ ਪੈਦਾਵਾਰੀ ਢੰਗ ਲਈ ਹਾਲਤਾਂ ਸਿਰਜ ਦਿੰਦਾ ਹੈ ਇਸ ਨਵੇਂ ਪੈਦਾਵਾਰੀ ਢੰਗ ਵਿਚ ਵਿਕਸਿਤ ਹੋਈਆਂ ਪੈਦਾਵਾਰੀ ਸ਼ਕਤੀਆਂ ਆਪਣੇ ਅਨੁਕੂਲ ਪੈਦਾਵਾਰੀ ਸਬੰਧਾਂ ਨੂੰ ਸਿਰਜਦੀਆਂ ਹਨ। ਦੋਵਾਂ ਦੀ ਇਕਸਾਰਤਾ ਨਵੇਂ ਪੈਦਾਵਾਰੀ ਢੰਗ ਦੀ ਬੁਨਿਆਦ ਬਣਦੀ ਹੈ।

No comments:

Post a Comment