“ਸਭ ਕਿਸੇ ਲਈ ਉਤਸਾਹਿਤ ਕਰਨ ਵਾਲਾ ਆਦਰਸ਼, ਉਦੇਸ਼ ਲਈ ਮਰਨਾ ਨਾ ਹੋ ਕੇ, ਉਦੇਸ਼ ਲਈ ਜਿਉਣਾ ਹੋਣਾ ਚਾਹੀਦਾ ਹੈ” ਭਗਤ ਸਿੰਘ

Friday, February 17, 2012

ਹੱਕਦਾਰ.. (ਕਹਾਣੀ) ...... ਇੰਦਰਜੀਤ ਮੋਗਾ

 ਭਵਿੱਖ ਮੈਗਜ਼ੀਨ ਦੇ ਨਵੇਂ ਅੰਕ ਵਿੱਚੋਂ
ਇਹ ਅਗਸਤ ਦਾ ਮਹੀਨਾ ਸੀ, ਜਦ ਹਰ ਵਿਅਕਤੀ ਝੁਲਸਾ ਦੇਣ ਵਾਲੀ ਗਰਮੀ ਦਾ ਆਨੰਦ ਮਾਣਦਿਆਂ ਦਿਨ ਦਾ ਜਿਆਦਾ ਸਮਾਂ ਮੱਥੇ ਤੋਂ ਮੁੜ੍ਹਕਾ ਪੂੰਝਣ ‘ਤੇ ਹੀ ਲਗਾਉਂਦਾ ਹੈ, ਪਰ ਉਸ ਦਿਨ ਕੁਝ ਫਰਕ ਸੀ। ਰਾਤ ਭਰ ਪਈ ਬਾਰਿਸ਼ ਨੇ ਸਵੇਰ ਕੁਝ ਠੰਡੀ ਕੀਤੀ ਹੋਈ ਸੀ। ਭਿੱਜੀਆਂ ਹੋਈਆਂ ਸੜਕਾਂ ਤੋਂ ਚੜ੍ਹ ਰਹੇ ਸੂਰਜ ਦਾ ਝਲਕਾਰਾ ਦੇਖਿਆ ਜਾ ਸਕਦਾ ਸੀ। ਹਰ ਇਮਾਰਤ ਧੋਤੀ ਹੋਈ ਜਾਪਦੀ ਸੀ। ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਮਾਂ ਕਿਸੇ ਦਿਨ ਤਿਉਹਾਰ ਤੋਂ ਪਹਿਲਾਂ ਘਰ ਦੀ ਸਫਾਈ ਕਰ ਰਹੀ ਹੋਵੇ, ਹਾਂ ਦਿਨ ਤਾਂ ਆ ਹੀ ਰਿਹਾ ਸੀ, ਜਿਸ ਨੂੰ ਸਿਰਜਣ ਲਈ ਕਈ ਯੋਧਿਆਂ ਨੇ ਆਪਣੀਆਂ ਜ਼ਿੰਦਗੀਆਂ ਲਗਾਈਆਂ ਸਨ। ਤੇ ਫਿਰ ਮਾਂ ਆਪਣੇ ਪੁੱਤਰਾਂ ਦੀ ਕੁਰਬਾਨੀ ਕਿਵੇਂ ਭੁੱਲ ਸਕਦੀ ਸੀ। ਖੈਰ ਮੈਂ ਵੀ ਮੋਢੇ ਤੇ ਝੋਲਾ ਟੰਗੀ ਕਿਸੇ ਜੰਗ ੳੁੱਪਰ ਚੱਲੇ ਫੌਜੀ ਵਾਂਗ ਉਸੇ ਭਿੱਜੀ ਹੋਈ ਸੜਕ ਦੇ ਕਿਨਾਰੇ ਖੜ੍ਹਾ ਆਟੋ ਦੀ ਉਡੀਕ ਕਰ ਰਿਹਾ ਸਾਂ। ਕੁਝ ਹੋਰ ਵੀ ਸੱਜਣ ਜੋ ਸ਼ਰਟਾਂ ਪੈਂਟਾਂ ਅੰਦਰ ਦੇਈ ਤੇ ਟਾਈਆਂ-ਸ਼ਾਈਆਂ ਲਾਈ ਮੇਰੇ ਨਾਲ ਖੜ੍ਹੇ ਸਨ ਪਰ ਪਤਾ ਨਹੀਂ ਕਿਉਂ ਮੈਨੂੰ ਉਹਨਾਂ ਦੇ ਉਦਾਸੇ ਹੋਏ ਚਿਹਰੇ ਦੇਖ ਕੇ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਵੇਂ ਕਿਸੇ  ਬੱਚੇ ਨੂੰ ਧੱਕੇ ਨਾਲ ਸਕੂਲ ਘੱਲਿਆ ਜਾ ਰਿਹਾ ਹੋਵੇ।
       ਅਚਾਨਕ ਕੁੱਝ ਜੋਰਦਾਰ ਆਵਾਜਾਂ ਮੇਰੇ ਕੰਨੀਂ ਪਈਆਂ। ਮੈ ਆਵਾਜਾਂ ਦੀ ਸੂਹ ਲੈਂਦੇ ਨੇ ਪਿੱਛੇ ਮੁੜ ਕੇ ਦੇਖਿਆ ਤਾਂ ਕੁਝ ਕੁ ਦੂਰੀ ਤੇ ਦਰੱਖਤਾਂ ਦੇ ਉਹਲਿਉਂ ਕੁੱਝ ਬੰਦੇ ਵੱਡੇ'-ਵੱਡੇ ਢੋਲ ਆਪਣੇ ਮੋਢਿਆਂ ੳੁੱਪਰ ਲਟਕਾਈ ਜਾਂਦੇ ਦਿਖਾਈ ਦਿੱਤੇ ਤਾਂ ਪਤਾ ਲੱਗਿਆ ਕਿ ਇਹ ਬੈਂਡ ਵਾਲੇ ਹਨ। ਮੈਂ ਆਪਣਾ ਮੂੰਹ ਪਹਿਲਾਂ ਵੱਲ ਘੁਮਾ ਹੀ ਰਿਹਾ ਸੀ ਕਿ ਮੇਰੀ ਨਿਗ੍ਹਾ ਨਾਲ ਖੜ੍ਹੇ ਮੱਧਰੇ ਜਿਹੇ ਬੰਦੇ ਨਾਲ ਜਾ ਮਿਲੀ ਤੇ ਉਹ ਝੱਟ ਹੀ ਬੋਲ ਪਿਆ “ਪੰਦਰਾਂ ਅਗਸਤ ਦੀਆਂ ਤਿਆਰੀਆਂ ਚੱਲ ਰਹੀਆਂ ਨੇ” ਮੈਂ ਫਿਰ ਮੁੜ ਕੇ ਦੇਖਿਆ ਤੇ ਉਸ ਦੀ ਗੱਲ ਦਰੁਸਤ ਕਰਨ ਲਈ ਇਕ ਨਿੱਕੀ ਜਿਹੀ ਮੁਸਕਾਨ ਦੇ ਛੱਡੀ ਤੇ ਉਹ ਮੇਰੀ ਜੁਬਾਨ ਸਮਝ ਗਿਆ ਇੰਨੇ ਨੂੰ ਇਕ ਆਟੋ ਆ ਸਾਡੇ ਸਾਹਮਣੇ ਰੁਕਿਆ ਤੇ ਉਹ ‘ਟੇਲਰਮੇਡ ਜੈਂਟਲਮੈਨ’ ਆਪਣੇ ਬੌਸ ਦੀਆਂ ਝਿੜਕਾਂ ਨੂੰ ਮਨ ਵਿਚ ਰੱਖਦੇ ਤੇ ਆਪਣੀਆਂ ਸਰਟਾਂ ਨੂੰ ਵੱਟ ਪੈਂਣ ਤੋਂ ਬਚਾਉਂਦੇ ਹੋਏ ਇਸ ਤਰ੍ਹਾਂ ਭੱਜੇ ਜਿਵੇਂ ‘ਕਿਸੇ ਫੌਜੀ ਨੂੰ ਉਸ ਦੇ ਕਮਾਂਡਰ ਨੇ ਸਿੱਧਾ ਰਹਿ ਕੇ ਭੱਜਣ ਦਾ ਹੁਕਮ ਦਿੱਤਾ ਹੋਵੇ’। ਤੇ ਜਾਂਦੇ ਹੀ ਇਹਨਾਂ ਫੋਜੀਆਂ ਨੇ ਆਟੋ ਵਾਲੇ ਦੁਆਲੇ ਝੁਰਮਟ ਪਾ ਲਿਆ “34, 17, 22 ਸੈਕਟਰ, 43 ਬੱਸ ਸਟੈਂਡ”। ਅੱਡ-ਅੱਡ ਅਵਾਜਾਂ ਇਕੱਠੀਆਂ ਆ ਰਹੀਆਂ ਸਨ। ਆਟੋ ਵਾਲਾ ਕਦੇ ਕਿਸੇ ਦਾ ਜੁਆਬ ਦਿੰਦਾ ਤੇ ਕਦੇ ਕਿਸੇ ਦਾ, ਆਖਰਕਾਰ ਆਟੋ ਭਰ ਗਿਆ ਤੇ ਤੁਰ ਪਿਆ। ਪਰ ਮੈ ਉਥੇ ਹੀ ਰਹਿ ਗਿਆ ਤੇ ਫਿਰ ਉਸੇ ਨਜ਼ਾਰੇ ਵਿਚ ਮੁੜ ਆਇਆ ਤੇ ਸੂਰਜ ਨੂੰ ਚੜ੍ਹਦਿਆਂ ਦੇਖਣ ਲੱਗਾ।
      ਕੁਝ ਸਮੇਂ ਬਆਦ ਇੱਕ ਹੋਰ ਆਟੋ ਆਇਆ ਤੇ ਸੁੱਖ ਨਾਲ ਇਹ ਬਹੁਤਾ ਭਰਿਆ ਵੀ ਨਹੀ ਸੀ, ਮੈਂ ਬੈਠ ਗਿਆ। ਬੈਂਡ ਦੀ ਰਸਭਰੀ ਆਵਾਜ਼ ਅਜੇ ਵੀ ਮੇਰੇ ਕੰਨਾਂ ਤੱਕ ਆ ਰਹੀ ਸੀ। ਪਰ ਆਟੋ ਦੇ ਤੁਰਦਿਆਂ ਹੀ ਗੱਡੀਆਂ ਦੀ ਖੜ-ਖੜਾਹਟ ਹਾਵੀ ਹੋ ਗਈ। 15 ਅਗਸਤ ਦੀਆਂ ਤਿਆਰੀਆਂ ਜੋਰਾਂ ‘ਤੇ ਸਨ। ਮਜਬੂਰੀ ਵੱਸ ਮੁਲਾਜਮ ਭੱਜੇ ਫਿਰਦੇ ਆਮ ਹੀ ਨਜਰ ਆ ਜਾਂਦੇ ਜਿਵੇ ‘ਮਾਸਟਰ ਦੇ ਡਰੋਂ ਜੁਆਕ ਆਪਣੀਆਂ ਕਾਪੀਆਂ ਪੂਰੀਆਂ ਕਰ ਰਹੇ ਹੋਣ’ ਤੇ ਮਾਸਟਰ ਵੀ ਲਾਲ ਬੱਤੀ ਵਾਲੀਆਂ ਗੱਡੀਆਂ ਵਿਚ ਗੇੜੇ ਲਗਾ ਰਹੇ ਸਨ। ਜਦ ਹੀ ਆਟੋ ਵਾਲੇ ਨੇ ਅਗਲੀਆਂ ਲਾਇਟਾਂ ਤੇ ਬਰੇਕ ਮਾਰੀ ਤਾਂ ਇਕ ਔਰਤ ਹੱਥ ਵਿਚ ਕਾਨਿਆਂ ਦੇ ਝੰਡੇ ਫੜੀ ਭੱਜੀ ਆਈ। ਮੈਨੂੰ ਇਕ ਵਾਰ ਤਾਂ ਇਹ ਲੱਗਿਆ ਕਿ ਜਿਵੇਂ ਇਹ ਵੀ ਉਸੇ ਅਮਲੇ ਦਾ ਹੀ ਹਿੱਸਾ ਹੋਵੇ। ਉਸ ਨੇ ਕੁੱਛੜ ਸਵਾ ਕੁ ਸਾਲ ਦਾ ਜੁਆਕ ਚੁੱਕਿਆ ਹੋਇਆ ਸੀ।ਆਟੋ ਨਾਲ ਖਹਿੰਦੀ ਨੇ ਝੰਡਾ ਅੰਦਰ ਕੀਤਾ ਤੇ ਬੋਲੀ “ਇਕ ਝੰਡਾ ਲੈ ਲਉ” ਮੇਰੇ ਨਾਲ ਬੈਠੀ ਬੀਬੀ ਨੇ ਨਾਂਹ ਕਰਨ ਦੀ ਮਨਸ਼ਾ ਨਾਲ ਮੂੰਹ ਘੁੰਮਾ ਲਿਆ। ਉਸ ਨੇ ਫਿਰ ਦੁਹਰਾਇਆ ਪਰ ਬੀਬੀ ਨੇ ਮੂੰਹ ਨਾ ਘੁੰਮਾਇਆ। ਆਖਰ ਉਸ ਦੇ ਮੂੰਹੋਂ ਨਿਕਲੇ ਉਸਦੇ ਅਗਲੇ ਬੋਲਾਂ ਨੇ  ਮੇਰੇ ਭਰਮ ਤੋੜ ਦਿੱਤੇ ਤੇ ਸੱਚ ਨੰਗਾ ਕਰ ਦਿੱਤਾ। ਉਸ ਦੇ ਮੂੰਹੋਂ ਨਿਕਲੇ ਬੋਲ ਤੇ ਉਸ ਦਾ ਚਿਹਰਾ ਜੋ ਲਾਚਾਰੀ ਝਲਕਾ ਰਿਹਾ ਸੀ ਹਾਲੇ ਵੀ ਮੈਨੂੰ ਉਵੇਂ ਹੀ ਚੇਤੇ ਹਨ । “ਬੀਬੀ ਜੀ ਇਕ ਝੰਡਾ ਲੈ ਲਉ ਮੇਰਾ ਬੱਚਾ ਭੁੱਖਾ ਹੈ” ਸੀਨਾ ਚੀਰਦੇ ਇਹਨਾਂ ਬੋਲਾਂ ਨੂੰ ਸੁਣਦਿਆਂ ਹੀ ਮੈਂ ਕਾਹਲੀ ਨਾਲ ਬੱਚੇ ਵੱਲ ਦੇਖਿਆ ਜੋ ਵਿਲਕ ਰਿਹਾ ਸੀ। ਜਿਵੇਂ ਉਹ ਦੇਸ ਦੇ ਸਾਰੇ ਭੁੱਖਿਆਂ ਦੀ ਪੁਕਾਰ ਆਪਣੇ ਦਿਲ ਅੰਦਰ ਸਮੋਈ ਰੋ ਰਿਹਾ ਹੋਵੇ ਤੇ ਅਜਾਦੀ ਦੇ ਦਿਨ ਉਪਰ ਕੋਈ ਸੰਦੇਸ਼ ਦੇ ਰਿਹਾ ਹੋਵੇ। ਮੇਰੀਆਂ ਅੱਖਾਂ ਉਸ ਵੱਲ ਸਨ ਪਰ ਬਿਰਤੀ ਕਿਤੇ ਹੋਰ ਹੀ।ਆਟੋ ਤੁਰ ਪਿਆ ਤੇ ਉਸਦੀ ਪੁਕਾਰ ਪਿਛੇ ਰਹਿ ਗਈ।ਮੇਰੇ ਮਨ ਅੰਦਰ ਉਸਦੇ ਬੋਲ ਗੂੰਜਦੇ ਰਹੇ। ਜੇ ਇਹ ਸਿਰਫ ਉਸੇ ਦੀ ਹੀ ਕਹਾਣੀ ਹੁੰਦੀ ਤਾਂ ਸਾਇਦ ਮੈਂ ਉਸਨੂੰ ਰੋਟੀ ਜੋਗੇ ਪੈਸੇ ਤਾਂ ਦੇ ਹੀ ਸਕਦਾ ਸੀ। ਪਰ ਇਹ ਤਾਂ ਸ਼ੀਸ਼ਾ  ਸੀ ਜਿਸ ਵਿਚੋਂ ਕਰੋੜਾਂ ਚਿਹਰੇ ਦਿਖਾਈ ਦੇ ਰਹੇ ਸਨ। ਦੋਹਾਂ ਦਿਨਾਂ ਮਗਰੋਂ ਮੈਂ ਵੀ ਉਸੇ ਥਾਂ ਜਾ ਪਹੁੰਚਿਆ ਜਿਥੇ ਆਜ਼ਾਦੀ ਦੇ ਜਸ਼ਨ ਮਨਾਏ ਜਾ ਰਹੇ ਸਨ, ਸਜੇ ਹੋਏੇ ਪੰਡਾਲ ਵਿੱਚ ਸਕੂਲਾਂ ਦੇ ਬੱਚੇ ਚਿੱਟੀਆਂ  ਵਰਦੀਆਂ ਪਾ ਕੇ ਤੇ ਹੱਥਾਂ ਵਿਚ ਰੰਗ-ਬਰੰਗੇ ਰਿਬਨ ਲੈ ਕੇ ਧੁੱਪ ਸੇਕ ਰਹੇ ਸਨ। ਲੋਕਾਂ ਨੂੰ ਟੰਗਣ ਵਾਲੇ ਪੁਲਸੀਏ ਖੁਦ ਟੰਗੇ ਪਏ ਸਨ। ਸਟੇਜ ਉੱਪਰੋਂ ਇਕ ਹੀ ਅਨਾਊਸਮੈਂਟ ਵਾਰ-ਵਾਰ ਹੋ ਰਹੀ ਸੀ “ ਮੰਤਰੀ ਜੀ ਬਸ ਪੰਜਾਂ ਮਿੰਟਾਂ ਵਿੱਚ ਸਾਡੇ ਦਰਮਿਆਨ ਪਹੁੰਚ ਰਹੇ ਹਨ”। ਸਾਰੇ ਉਡੀਕੀ ਜਾਂਦੇ ਤੇ ਮਨੋ-ਮਨੀ ਗਾਲਾਂ ਕੱਢੀ ਜਾਂਦੇ ਤੇ ਕਈਆਂ ਦੀਆਂ ਗਾਲਾਂ ਤਾਂ ਮਨ ’ਚੋ ਨਿਕਲ ਕੇ ਮੇਰੇ ਕੰਨਾਂ ਤੱਕ ਵੀ ਆ ਪਹੁੰਚੀਆਂ। ਤੇ ਅੱਧੇ ਘੰਟੇ ਤੱਕ ਮੰਤਰੀ ਸਾਹਿਬ ਦੇ ਪੰਜ ਮਿੰਟ ਪੂਰੇ ਹੋ ਗਏ। ਫਿਰ ਨਾਲ ਹੀ ਬਿਨਾਂ ਕਿਸੇ ਭੂਮਿਕਾ ਦੇ ਇਹ ਨਾਟਕ ਸੁਰੂ ਹੋ ਗਿਆ। ਮੰਤਰੀ ਜੀ ਨੂੰ ਝੰਡਾ ਲਿਹਰਾਉਣ ਲਈ ਲਿਆਂਦਾ ਗਿਆ ਤੇ ਰੱਸਾ ਖੋਲ ਕੇ ਮੰਤਰੀ ਜੀ ਨੂੰ ਦਿੱਤਾ ਗਿਆ, ਸਾਰੇ ਝੰਡੇ ਵਿਚੋਂ ਡਿੱਗਣ ਵਾਲੇ ਫੁੱਲਾਂ ਦੀ ਉਡੀਕ ਕਰਨ ਲੱਗ ਪਏੇ ਪਰ ਜਦ ਮੰਤਰੀ ਜੀ ਨੇ ਰੱਸਾ ਖਿਚਿਆ ਤਾਂ ਝੰਡਾ ਨਾ ਖੁੱਲਿਆ ਤੇ ਅਗਲੀ ਕੋਸ਼ਿਸ ਵੀ ਅਸਫਲ ਰਹੀ। ਨਾਲ ਖੜੇ ਅਮਲੇ ਦੇ ਸਾਹ ਸੂਤੇ ਗਏ। ਪਰ ਮੈਨੂੰ ਇਸ ਤਰ੍ਹਾਂ ਲੱਗਾ ਜਿਵੇਂ ਇਹ ਝੰਡਾ ਉਹਨਾਂ ਕਾਨੇ ਵਾਲੇ ਹੱਥਾਂ ਦੀ ਉਡੀਕ ਕਰ ਰਿਹਾ ਹੋਵੇ ਜੋ ਇਸਦੇ ਅਸਲੀ ਹੱਕਦਾਰ ਹਨ।

No comments:

Post a Comment