“ਸਭ ਕਿਸੇ ਲਈ ਉਤਸਾਹਿਤ ਕਰਨ ਵਾਲਾ ਆਦਰਸ਼, ਉਦੇਸ਼ ਲਈ ਮਰਨਾ ਨਾ ਹੋ ਕੇ, ਉਦੇਸ਼ ਲਈ ਜਿਉਣਾ ਹੋਣਾ ਚਾਹੀਦਾ ਹੈ” ਭਗਤ ਸਿੰਘ

Thursday, February 9, 2012

"ਕਿਰਤ ਦਾ ਲਾਲ ਝੰਡਾ " (ਕਹਾਣੀ) ...... ਸ. ਅਲੇਕਸਯੇਵ

ਭਵਿੱਖ ਮੈਗਜ਼ੀਨ ਦੇ ਨਵੇਂ ਅੰਕ ਵਿੱਚੋਂ   
ਤਿੰਨ ਫੈਕਟਰੀਆਂ ਨੇ ਇੱਕਠਿਆਂ ਮਿਲ ਕੇ ਮਈ ਦਿਹਾੜਾ ਮਨਾਉਣ ਦਾ ਫੈਂਸਲਾ ਕੀਤਾ। ਨਾਗੋਰਨਾਯਾ, ਲਿਤੇਟੀਨਾਯਾ, ਮਾਰਸ਼ੇਵਾਯਾ ਅਤੇ ਦੂਜੀਆਂ ਸੜਕਾਂ ਦੇ ਮਜਦੂਰ ਇਕ ਥਾਂ ਇੱਕਠੇ ਹੋਏ ਅਤੇ ਕਤਾਰਾਂ ਬੰਨ੍ਹ ਕੇ ਸ਼ਹਿਰ ਦੇ ਕੇਂਦਰ ਨੂੰ ਤੁਰ ਪਏ।
    ਸਵੇਰੇ ਗੋਸ਼ਕਾ ਦਾ ਪਿਉ ਦੂਜੇ ਮਜਦੂਰਾਂ ਦੇ ਨਾਲ ਆਪਣੀ ਫੈਕਟਰੀ ਨੂੰ ਤੁਰ ਪਿਆ।
“ਮੈਂ ਤੇਰੇ ਨਾਲ ਚਲਣਾ ਏ”, ਗੋਸ਼ਕਾ ਉਹਦੇ ਨਾਲ ਚੁੰਬੜ ਗਿਆ।
“ਹਾਲੇ ਤੂੰ ਬਾਲ ਏ”, ਉਸਦੇ ਦੇ ਪਿਓ ਨੇ ਮੁਸਕਰਾ ਕੇ ਆਖਿਆ। “ਘਰੇ ਬੈਠ।”
“ਮੇਰਾ ਵੀ ਜੀ ਕਰਦਾ ਏ”, ਗੋਸ਼ਕਾ ਨੇ ਜ਼ਿਦ ਕੀਤੀ। “ਵੇਖ, ਕੱਲ ਮੈਂ ਕੀ ਬਣਾਇਆ ਸੀ”, ਤੇ ਉਹਨੇ ਇਕ ਨਿਕੀ ਜਿਹੀ ਲਾਲ ਝੰਡੀ ਆਪਣੇ ਪਿਉ ਨੂੰ ਵਿਖਾਈ।
“ਬੜੀ ਸੋਹਣੀ ਝੰਡੀ ਏ”, ਉਹਦੇ ਪਿਉ ਨੇ ਆਖਿਆ, ਪਰ ਇਸ ਦੇ ਬਾਵਜੂਦ ਉਹ ਆਪਣੇ ਪੁਤ ਨੂੰ ਘਰ ਹੀ ਛੱਡ ਗਿਆ।
ਗੋਸ਼ਕਾ ਇਕਲਾ ਰਹਿ ਗਿਆ ਸੀ।ਉਹ ਆਪਣੇ ਕਮਰੇ ਵਿਚ ਏਧਰ-ਓਧਰ ਫਿਰਨ ਲਗਾ।ਫਿਰ ਉਹਨੇ ਝੰਡੀ ਆਪਣੀ ਹਿੱਕ ਨਾਲ ਲਾਈ ਅਤੇ ਦਰਵਾਜੇ ਵੱਲ ਤੁਰ ਪਿਆ।
“ਕਿਧਰ ਚੱਲਿਆਂ ਏ?” ਉਸਦੀ ਮਾਂ ਨੇ ਪੁਛਿਆ। ਮਾਂ ਦੀ ਅਵਾਜ਼ ਵਿਚ ਤੋਖਲਾ ਜਿਹਾ ਸੀ।
“ਵਾਨਕਾ ਸੇਰੇਗਿਨ ਨੂੰ ਮਿਲਣ।”
ਉਹ ਦੋੜ ਕੇ ਵਿਹੜੇ ਵਿਚ ਆ ਗਿਆ ਤੇ ਇਉਂ ਜਾਹਿਰ ਕੀਤਾ ਜਿਵੇਂ ਉਹ ਵਾਨਕਾ ਦੇ ਘਰ ਚਲਿਆ ਹੋਵੇ ਅਤੇ ਫਿਰ ਉਹ ਨਾਗੋਰਨਾਯਾ ਵਾਲੇ ਪਾਸੇ ਹਵਾ ਵਾਂਗ ਉਡ ਗਿਆ।
ਜਦੋਂ ਉਹ ਪਹੁੰਚਿਆ ਤਾਂ ਓਥੇ ਭੀੜ ਜੁੜੀ ਹੋਈ ਸੀ। ਕਤਾਂਰਾ ਬਨ੍ਹ ਕੇ ਮਜ਼ਦੂਰ ਸੜਕ ਉਤੇ ਅੱਗੇ ਜਾ ਰਹੇ ਸਨ। ਕਤਾਰ ਦੇ ਅਗਲੇ ਪਾਸੇ ਲਾਲ ਫਰੇਰਾ ਉਹਨਾ ਦੇ ਸਿਰਾਂ ਉਤੇ ਲਹਿਰਾ ਰਿਹਾ ਸੀ।
ਜਿਨ੍ਹਾ ਚਿਰ ਸਾਰੇ ਮਜ਼ਦੂਰ ਲੰਘ ਨਹੀ ਗਏ ਗੋਸ਼ਕਾ ਇਤਜ਼ਾਰ ਵਿਚ ਖੜਾ ਰਿਹਾ।ਫਿਰ ਉਹ ਵੀ ਕਤਾਰ ਦੇ ਪਿਛਲੇ ਪਾਸੇ ਤੁਰ ਪਿਆ।ਹਾਲੇ ਮਸਾਂ ਉਹਦਾ ਹੱਥ ਉਹਦੀ ਨਿਕੀ ਜਿਹੀ ਝੰਡੀ ਤੱਕ ਪਹੁੰਚਿਆ ਹੀ ਸੀ ਕਿ ਉਹਨੂੰ ਸੁਣਿਆ :
“ਵਗ ਜਾ ਘਰ ਨੂੰ ! ਤੀਰ ਹੋਜਾ! ਮਾਂ ਕੋਲ !”
“ਮੈਂ ਤੁਹਾਡੇ ਨਾਲ ਚੱਲਣਾ ਏ। ਮਈ ਦਿਨ ਮਨਾਉਣ ਵਾਸਤੇ।”
“ਮਿੰਟ ਨਾ ਲਾਈਂ। ਛੇਤੀ ਕਰ!”
ਚਲੇ ਜਾਣ ਤੋਂ ਬਗੈਰ ਕੋਈ ਹੋਰ ਚਾਰਾ ਨਹੀ ਸੀ।
ਗੋਸ਼ਕਾ ਥੋੜਾ ਖਲੋਤਾ ਸੋਚਦਾ ਰਿਹਾ ਤੇ ਫਿਰ ਉਹ ਲਿਤੇਈਨਾਯਾ ਵੱਲ ਦੋੜ ਗਿਆ। ਜਦੋਂ ਉਹ ਉਥੇ ਪੁੱਜਾ ਤਾਂ ਉਥੇ ਵੀ ਭੀੜ ਜਮਾਂ ਸੀ।ਇਕ ਵਾਰੀ ਫੇਰ ਉਹਨੇ ਦੇਖਿਆ ਕਿ ਮਜਦੂਰ ਕਤਾਰਾਂ ਬਣ ਕੇ ਸੜਕ ਉਤੇ ਅਗੇ ਵੱਧ ਰਹੇ ਸਨ।ਕਤਾਰ ਦੇ ਅਗਲੇ ਪਾਸੇ ਉਹਨਾਂ ਦੇ ਸਿਰ ਉਤੇ ਲਾਲ ਝੰਡਾ ਲਹਿਰਾ ਰਿਹਾ ਸੀ।
ਗੋਸ਼ਕਾ ਕਤਾਰ ਵਿਚ ਸ਼ਾਮਿਲ ਹੋ ਗਿਆ।ਉਸਨੇ ਆਪਣੀ ਛੋਟੀ ਜਿਹੀ ਝੰਡੀ ਨੂੰ ਹੱਥ ਵਿਚ ਲਿਆ, ਪਰ ਅਚਾਨਕ…
“ਤੂੰ ਏਥੇ ਕੀ ਕਰਦਾਂ ਏ ?”
     “ਹੈਂ, ਮੈਂ…”
“ਤੈਨੂੰ ਸਬਕ ਸਖਾਉਂ ਆਪਣੀ ਪੇਟੀ ਨਾਲ ! ਵਗ ਜਾ ਘਰ ਨੂੰ। ”
ਗੋਸ਼ਕਾ ਪਿਛੇ ਰਹਿ ਗਿਆ।ਇਕ ਪੱਲ ਉਹਨੇ ਸੋਚਿਆ ਅਤੇ ਫਿਰ ਮਾਰਸ਼ੇਵਾਯਾ ਵਾਲੇ ਪਾਸੇ ਦੋੜ ਗਿਆ।
ਉਥੇ ਵੀ ਭੀੜ ਜੁੜੀ ਹੋਈ ਸੀ। ਮਜ਼ਦੂਰ ਕਤਾਰਾਂ ਬੰਨ ਕੇ ਸੜਕ ਉਤੇ ਅਗੇ ਵੱਧ ਰਹੇ ਸਨ। ਉਹਨਾ ਦੇ ਸਿਰ ਉਤੇ ਲਾਲ ਝੰਡਾ ਲਹਿਰਾ ਰਿਹਾ ਸੀ।
ਗੋਸ਼ਕਾ ਮਜ਼ਦੂਰਾਂ ਦੇ ਨੇੜੇ ਹੋ ਗਿਆ ਅਤੇ ਖਚਰੇ ਬਣ ਕਿ ਆਖਿਆ:
“ਪਾਪਾ ਨੂੰ ਲਭਦਾ ਹਾਂ। ਮੈਂਨੂੰ ਮਾਂ ਨੇ ਘੱਲਿਆ ਏ।ਉਹ ਅੱਗੇ ਆ ਕਿਤੇ।”
ਮਜ਼ਦੂਰ ਇਕ ਪਾਸੇ ਹੋ ਗਏ ਗੋਸ਼ਕਾ ਨੂੰ ਲੰਘ ਜਾਣ ਦਿੱਤਾ। ਉਹ ਰਾਹ ਬਣਾਉਦਾ ਪਹਿਲੀ ਕਤਾਰ ਤੱਕ ਪਹੁੰਚ ਗਿਆ।ਉਸਨੇ ਇਕ ਲੰਮਾ ਸਾਹ ਲਿਆ ਤੇ ਚੁਫੇਰੇ ਨਜ਼ਰ ਮਾਰੀ।ਅਸਲ ਵਿਚ ਬਿਲਕੁਲ ਨੇੜੇ ਹੀ ਉਸਦਾ ਪਿਉ ਜਾ ਰਿਹਾ ਸੀ। ਉਹਨੇ ਲਾਲ ਝੰਡਾ ਆਪਣੇ ਹੱਥ ਵਿਚ ਫੜਿਆ ਹੋਇਆ ਸੀ ਅਤੇ ਤੁਰਦਾ ਜਾ ਰਿਹਾ ਸੀ। ਗੋਸ਼ਕਾ ਖਿਸਕ ਕੇ ਪਿੱਛੇ ਜਾਣਾ ਚਹੁੰਦਾ ਸੀ ਪਰ ਹੁਣ ਵੇਲਾ ਲੰਘ ਗਿਆ ਸੀ।
“ਉਏ, ਉਰੇ ਆ ਏਥੇ”, ਉਸਦੇ ਪਿਓ ਨੇ ਉਸਨੂੰ ਇਸ਼ਾਰਾ ਕੀਤਾ। ਗੋਸ਼ਕਾ ਓਥੇ ਚਲਾ ਗਿਆ।
“ਤੈਨੂੰ ਕੀ ਹੋ ਗਿਐ ? ਤੂੰ ਮਾਂ ਪਿਓ ਦੇ ਆਖੇ ਕਿਉਂ ਲਗਦਾ ?”
“ਮੈਂ ਵੀ ਬਾਕੀਆਂ ਵਾਂਗ ਈ ਆਂ। ਮੇਰਾ ਵੀ ਜੀ ਕਰਦਾ ਏ।ਆ ਵੇਖ, ਮੈਂ ਆਪ ਬਣਾਈ ਆ”
ਗੋਸ਼ਕਾ ਨੇ ਆਪਣੀ ਹਿੱਕ ਵਿਚੋਂ ਛੋਟੀ ਜਿਹੀ ਝੰਡੀ ਕੱਢ ਵਿਖਾਈ।
ਪਿਓ ਆਪਣੇ ਪੁੱਤਰ ਤੇ ਖੁਸ਼ ਹੋ ਕੇ ਮੁਸਕਰਾ ਪਿਆ। ਦੂਜੇ ਮਜ਼ਦੂਰ ਹੱਸਣ ਲੱਗ ਪਏ।
“ਵੇਖ ਤਾਂ ਸਹੀ, ਝੰਡਾ!”
“ਤੇ ਉਹ ਵੀ ਅਸਲੀ !”
“ਲਾਲ ਰੰਗ ਦਾ।”
ਪਿਓ ਨੇ ਵੱਡੇ ਸਾਰੇ ਲਾਲ ਝੰਡੇ ਉਤੇ ਨਜ਼ਰ ਮਾਰੀ, ਫੇਰ ਗੋਸ਼ਕਾ ਦੀ ਝੰਡੀ ਵੱਲ ਵੇਖਿਆ ਤੇ ਇਕ ਵਾਰੀ ਫੇਰ ਖੀ-ਖੀ ਕਰ ਕਿ ਹੱਸਦਿਆਂ ਉਸਨੇ ਗੋਸ਼ਕਾ ਦਾ ਸਿਰ ਪਲੋਸਿਆ:
“ਠੀਕ ਏ, ਹੁਣ ਜਾ ਘਰ ਆਪਣੀ ਮਾਂ ਕੋਲ। ”
“ਹੱਛਾ, ਮੈਂ… ”
ਗੋਸ਼ਕਾ ਨੂੰ ਗੱਲ ਖਤਮ ਕਰਨ ਦਾ ਮੋਕਾ ਹੀ ਨਾ ਮਿਲਿਆ।ਰਫਲਾਂ ਵਾਲੇ ਸਿਪਾਹੀਆਂ ਦੀ ਇਕ ਟੋਲੀ ਪਾਸੇ ਵਾਲੀ ਸੜਕ ਤੋਂ ਨਿਕਲੀ ਅਤੇ ਮੁਜ਼ਾਹਰਾ ਕਰਨ ਵਾਲਿਆਂ ਦੇ ਰਾਹ ਵਿਚ ਆ ਖੜੀ ਹੋਈ।
“ਰੁਕ ਜਾਓ!” ਅਫਸਰ ਨੇ ਚਿੱਲਾ ਕ ਮਜ਼ਦੂਰਾਂ ਨੂੰ ਆਖਿਆ ।“ਰੁਕ ਜਾਓ!”
ਮੁਜ਼ਾਹਰਾ ਕਰਨ ਵਾਲੇ ਪਹਿਲਾਂ ਹੋਲੀ ਚੱਲਣ ਲਗੇ ਫਿਰ ਖਲੋ ਗਏ
“ਤਿੱਤਰ-ਬਿੱਤਰ ਹੋ ਜਾਓ!”
ਮਜ਼ਦੂਰ ਇਕ ਦੂਜੇ ਦੇ ਨੇੜੇ ਹੋ ਗਏ।ਉਹ ਗੋਸ਼ਾਕਾ ਦੇ ਪਿਓ ਤੇ ਝੰਡੇ ਦੁਆਲੇ ਇਕਠੇ ਹੋ ਗਏ।
“ਬੰਦੂਕਾ ਤਾਣ ਲਓ!” ਅਫਸਰ ਨੇ ਸਿਪਾਹੀਆਂ ਨੂੰ ਹੁਕਮ ਦਿੱਤਾ।
ਸਿਪਾਹੀਆਂ ਨੇ ਬੰਦੂਕਾਂ ਤਾਣ ਲਈਆਂ।
“ਪੁੱਤਰ…” ਗੋਸ਼ਕਾ ਦੇ ਪਿਤਾ ਨੇ ਹੋਲੀ ਜਿਹੀ ਆਖਿਆ। “ਦੋੜ ਜਾ, ਮੇਰੇ ਪੁੱਤਰ!” ਗੋਸ਼ਕਾ ਟੱਸ ਤੋਂ ਮੱਸ ਨਹੀ ਹੋਇਆ।
“ਮੈਂ ਤੇਰੇ ਖਿਆਲ ਵਿਚ ਕੀਹਨੂੰ ਆਖਦਾ ਆਂ, ਦੌੜ ਜਾ !”
ਉਹਦਾ ਪਿਓ ਕੜਕਿਆ ਅਤੇ ਧੱਕਾ ਦੇ ਕੇ ਗੋਸ਼ਕਾ ਨੂੰ ਇਕ ਪਾਸੇ ਕਰ ਦਿੱਤਾ।
ਗੋਸ਼ਕਾ ਕਤਾਰ ਵਿਚੋਂ ਉਡ ਕੇ ਇਕ ਪਾਸੇ ਚਲਾ ਗਿਆ। ਉਤੇ ਖੜਾ, ਨਿਕਾ ਜਿਹਾ ਮੁੰਡਾ ਬਦਹਵਾਸ ਹੋਇਆ ਦੇਖੀ ਜਾ ਰਿਹਾ ਸੀ। ਕਦੀ ਉਹਦੀ ਨਜ਼ਰ ਸਿਪਾਹੀਆਂ ਵੱਲ ਜਾਂਦੀ ਅਤੇ ਕਦੇ ਮਜ਼ਦੂਰਾਂ ਵੱਲ।ਉਸਨੇ ਵੇਖਿਆ ਕਿ ਅਫਸਰ ਨੇ ਆਪਣੀ ਬਾਂਹ ਉੱਚੀ ਕੀਤੀ ਅਤੇ ਸਿਪਾਹੀਆਂ ਨੇ ਆਪਣੀਆਂ ਬੰਦੂਕਾਂ ਦੇ ਕੰਡੇ ਮੋਡਿਆਂ ਨਾਲ ਲਾ ਲਏ। ਇਕ ਪਲ ਹੋਰ ਤੇ ਉਹ ਗੋਲੀ ਚਲਾ ਦੇਣ ਗੇ।
ਪਰ ਅਚਾਣਕ ਹੀ:

“ਹਿੱਕ ਤਾਂਣ ਕੇ ਵਧੋ ਸਾਥੀਓ! ਕਦਮ ਮਿਲਾ
ਇਸ ਜੰਗ ਨੇ ਸਾਡਾ ਜੋਸ਼ ਵਧਾਉਣਾ ਹੈ
ਅਜਾਦੀ ਦੀ ਦੁਨੀਆ ਵੱਲੇ ਰਾਹ ਅਪਣਾ
ਹਿੱਮਤ ਕਰ ਕੇ ਆਪੇ ਅਸਾਂ ਬਣਾਉਣਾ ਹੈ।”

ਗੋਸ਼ਕਾ ਦਾ ਪਿਓ ਗਾਉਣ ਲੱਗ ਪਿਆ।ਉਸਨੇ ਲਾਲ ਝੰਡਾ ਲਹਿਰਾਇਆ ਅਤੇ ਓਸੇ ਵੇਲੇ ਮਜਦੂਰ ਅੱਗੇ ਇਉਂ ਵਧੇ ਜਿਵੇਂ ਉਹ ਸਿਰਫ ਇਕ ਆਦਮੀ ਹੋਣ। ਕਦਮ ਨਾਲ ਕਦਮ ਮਿਲਾ ਕੇ ਇਕ ਆਦਮੀ ਵਾਂਗ ਹੀ, ਉਹ ਅੱਗੇ ਵੱਧ ਕੇ ਸਿਪਾਹੀਆਂ ਦੇ ਕੋਲ  ਜਾ ਪੁਜੇ।
“ਗੋਲੀ ਚਲਾਓ !”
ਅਫਸਰ ਚੀਕਿਆ।
“ਪਾਪਾ! ਪਾਪਾ!” ਗੋਸ਼ਕਾ ਨੇ ਸ਼ੋਰ ਮਚਾਇਆ ਅਤੇ ਮੁਜ਼ਾਰਾ ਕਰਨ ਵਾਲਿਆਂ ਦੀ ਕਤਾਰ ਵਿਚ ਜਾ ਧੱਸਿਆ। ਉਹ ਦੋੜ ਕੇ ਆਵਦੇ ਪਿਓ ਕੋਲ ਗਿਆ ਅਤੇ ਉਸਦੀ ਪਤਲੂਨ ਵਿਚ ਆਪਣਾ ਮੂੰਹ ਲੁਕੋ ਲਿਆ।
“ਪਾਪਾ! ਪਾਪਾ!”
ਉਹਦਾ ਪਿਤਾ ਥੱਲੇ ਝੁਕਿਆ, ਗੋਸ਼ਕਾ ਨੂੰ ਫੜਿਆ ਤੇ ਆਪਣੇ ਮੋਢਿਆਂ ਤੇ ਚੁਕ ਲਿਆ।
ਨਿਕੇ ਜਿੁਹੇ ਮੁਡੇ ਨੇ ਦੇਖਿਆ: ਸਿਪਾਹੀ ਆਪਣੇ ਹਥਿਆਰਾਂ ਨੂੰ ਹੇਠ ਕਰਦੇ ਹੋਏ, ਪਟੜੀ ਵੱਲ ਪਿਛੇ ਹੱਟਦੇ ਹੋਏ, ਮਜਦੂਰਾਂ ਨੂੰ ਰਾਹ ਦੇ ਰਹੇ ਸਨ।
“ਗੋਲੀਆਂ ਚਲਾਓ! ਗੋਲੀਆਂ ਚਲਾਓ ”  ਅਫਸਰ ਚਿਲਾਇਆ ।
ਪਰ ਕਿਸੇ ਨੇ ਉਸਦੀ ਆਵਾਜ ਵੱਲ ਕੰਨ ਨਹੀ ਕੀਤਾ।
ਗੋਸ਼ਕਾ ਖਿੜ-ਖਿੜ ਕੇ ਹੱਸਿਆ ਅਤੇ ਉਸਨੇ ਆਪਣੀ ਛੋਟੀ ਜਿਹੀ ਝੰਡੀ ਲਹਿਰਾ ਕੇ ਸਿਪਾਹੀਆਂ ਨੂੰ ਸਲਾਮ ਆਖੀ।
ਮਜਦੂਰ ਮਾਰਸ਼ੇਵਾਯਾ ਮਾਰਗ ਤੋਂ ਲੰਗ ਗਏ। ਨਾਗੋਰਨਾਯਾ ਤੋਂ ਆੳੇਣ ਵਾਲਿਆਂ ਨਾਲ ਜਾ ਰਲੇ, ਤੇ ਫੇਰ ਲਿਤੇਈਨਾਯਾ ਤੋਂ ਆਉਦੇ ਮਜ਼ਦੂਰਾਂ ਵਿਚ ਮਿਲ ਗਏ ਅਤੇ ਸਹਿਰ ਦੀਆਂ ਦੂਜੀਆਂ ਸੜਕਾਂ ਤੇ ਚੁਰੱਸਤਿਆਂ ਤੋਂ ਆ ਰਹੇ ਮਜ਼ਦੂਰਾਂ ਵਿਚ ਇਕ-ਮਿਕ ਹੋ ਗਏ। ਭੀੜ ਦਾ ਕੋਈ ਅੰਤ ਨਹੀ ਸੀ। ਮਈ ਦੀ ਮਿਠੀ-ਮਿਠੀ ਹਵਾ ਵਿਚ ਦਰਜ਼ਨਾ ਹੀ ਲਾਲ ਫਰੇਰੇ ਲਹਿਰਾ ਰਹੇ ਸਨ। ਸਾਰੇ ਸਹਿਰ ਉਤੇ ਇਕ ਗੀਤ ਦੀ ਧੁਨ ਗੂੰਜ ਰਹੀ ਸੀ:

         ਜਬਰ ਪੁਰਾਣਾ ਸਦਾ ਲਈ ਇਸ ਦੁਨੀਆ ਤੋਂ
         ਆਪਣੇ ਬਹੂਬਲ ਦੇ ਨਾਲ ਮਿਟਾਂਵਾਂਗੇ
         ਲ਼ਾਲ ਫਰੇਰਾ, ਲਹੂ ਰੰਗ ਦੀ ਮੇਹਨਤ ਦਾ
         ਸਾਰੇ ਜੱਗ ਤੇ ਗੱਡਾਂਗੇ, ਲਹਿਰਾਵਾਂਗੇ।

No comments:

Post a Comment