“ਸਭ ਕਿਸੇ ਲਈ ਉਤਸਾਹਿਤ ਕਰਨ ਵਾਲਾ ਆਦਰਸ਼, ਉਦੇਸ਼ ਲਈ ਮਰਨਾ ਨਾ ਹੋ ਕੇ, ਉਦੇਸ਼ ਲਈ ਜਿਉਣਾ ਹੋਣਾ ਚਾਹੀਦਾ ਹੈ” ਭਗਤ ਸਿੰਘ

Sunday, April 22, 2012

23 ਮਾਰਚ ਦੇ ਸ਼ਹੀਦਾਂ ਦੀ ਯਾਦ ਵਿੱਚ.... ਪਿਰਥੀਪਾਲ ਸਿੰਘ ਮਾੜੀਮੇਘਾ

          ਜੁਆਨੀ ਭਗਤ ਸਿੰਘ ਨੂੰ ਪੜ੍ਹੇ, ਸਮਝੇ ਅਤੇ ਸਮਾਜ ਨੂੰ ਸਮਝਾਉਣ ਦਾ ਅਮਲ ਤੇਜ ਕਰੇ 
                                                                      ਭਵਿੱਖ ਮੈਗਜ਼ੀਨ ਦੇ ਅੰਕ ਮਾਰਚ-ਅਪ੍ਰੈਲ 2012 ਵਿਚੋਂ
   23 ਮਾਰਚ 1931 ਨੂੰ ਪਰਮਗੁਣੀ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੇ ਬਰਤਾਨਵੀ ਹਕੂਮਤ ਤੋਂ ਭਾਰਤ ਨੂੰ ਆਜ਼ਾਦ ਕਰਾਉਣ ਦੇ ਸੰਘਰਸ਼ ਵਿੱਚ ਬੇਮਿਸਾਲ ਕੁਰਬਾਨੀਆਂ ਦਿੱਤੀਆਂ ਸਨ। ਇਹਨਾਂ ਮਹਾਨ ਕ੍ਰਾਂਤੀਕਾਰੀਆਂ  ਦੀ ਸੋਚ ਸਮਾਜਵਾਦੀ ਪ੍ਰਬੰਧ ਸਥਾਪਿਤ ਕਰਨ ਦੀ ਸੀ। ਸ਼ਿਵ ਵਰਮਾ ਅਨੁਸਾਰ, “ਸਮਾਜਵਾਦ… ਜਿਸ ਨੂੰ ਸਭ ਤੋਂ ਪਹਿਲਾਂ ਭਗਤ ਸਿੰਘ ਨੇ ਸੁਣਿਆਂ ਤੇ ਪਛਾਣਿਆਂ। ਇਸ ਮਸਲੇ ਵਿੱਚ ਉਹ ਆਪਣੇ ਸਾਥੀਆਂ ਤੋਂ ਬਹੁਤ ਅੱਗੇ ਸੀ।” ਸੁਖਦੇਵ, ਭਗਤ ਸਿੰਘ ਦੇ ਬਹੁਤ ਕਰੀਬੀ ਸਾਥੀਆਂ ਵਿੱਚੋਂ ਇੱਕ ਸਨ। ਰਾਜਾ ਰਾਮ ਸ਼ਾਸ਼ਤਰੀ ਅਨੁਸਾਰ, “ਭਗਤ ਸਿੰਘ ਜਦੋਂ ਵੀ ਕੋਈ ਨਵਾਂ ਵਿਚਾਰ ਸਾਹਮਣੇ ਰੱਖਦਾ ਤਾਂ ਇਸ ਨੂੰ ਅਮਲੀ ਰੂਪ ਦੇਣ ਦਾ ਕੰਮ ਅਕਸਰ ਸੁਖਦੇਵ ਦਾ ਹੀ ਹੁੰਦਾ ਸੀ।” ਤੀਜੇ ਮਹਾਨ ਕ੍ਰਾਂਤੀਕਾਰੀ ਰਾਜਗੁਰੂ ਨਾਲ ਸ਼ਿਵ ਵਰਮਾ ਨੇ ਬਨਾਰਸ ਵਿਖੇ ਸੰਪਰਕ ਕਰ ਕੇ ਦਲ ਵਿੱਚ ਭਰਤੀ ਕੀਤਾ। ਰਾਜਗੁਰੂ ਆਜ਼ਾਦੀ ਦੇ ਅੰਦੋਲਨ ਵਿੱਚ ਹਰ ਸਮੇਂ ਜਾਨ ਕੁਰਬਾਨ ਕਰਨ ਲਈ ਸਭ ਤੋਂ ਅੱਗੇ ਰਹਿਣ ਦਾ ਚਾਹਵਾਨ ਸੀ। ਸਾਂਡਰਸ ੳਪਰ ਵੀ ਪਹਿਲੀ ਗੋਲੀ ਉਸ ਨੇ ਚਲਾਈ ਸੀ।

                         ਭਗਤ ਸਿੰਘ, ਸੁਖਦੇਵ ਅਤੇ ਉਹਨਾਂ ਦੇ ਸਾਥੀਆਂ ਦਾ ਮੇਲ ਮਿਲਾਪ ਨੈਸ਼ਨਲ ਕਾਲਜ਼ ਲਾਹੌਰ ਵਿੱਚ ਹੋਇਆ ਸੀ। ਇੱਥੇ ਹੀ ਇਹਨਾਂ  ਕ੍ਰਾਂਤੀਕਾਰੀਆਂ ਨੇ ਦੇਸ਼ ਦੀ ਆਜ਼ਾਦੀ ਪ੍ਰਤੀ ਵਿਚਾਰਾਂ ਦਾ ਆਦਾਨ ਪ੍ਰਦਾਨ ਕੀਤਾ। ਸਮਾਜਵਾਦੀ ਸਾਹਿਤ ਅਤੇ ਦੁਨੀਆ ਭਰ ਦੇ ਕ੍ਰਾਂਤੀਕਾਰੀਆਂ ਦਾ ਸਾਹਿਤ ਪੜ੍ਹਿਆ ਅਤੇ ਘੋਖਿਆ। ਭਗਤ ਸਿੰਘ ਨੇ ਭਾਰਤ ਦੇ ਆਜਾਦੀ ਦੇ ਸੰਘਰਸ਼ ਵਿੱਚ, ਨੌਜਵਾਨਾਂ ਨੂੰ ਪ੍ਰੇਰਿਤ ਕਰਨ ਅਤੇ ਸਮਾਜਵਾਦੀ ਸੋਚ ਦੇ ਪ੍ਰਚਾਰ ਲਈ, ਮਾਰਚ 1926 ਵਿੱਚ ਬਾਕੀ ਨੌਜਵਾਨ ਸਾਥੀਆਂ ਨਾਲ ਮਿਲ ਕੇ ‘ਨੌਜਵਾਨ ਭਾਰਤ ਸਭਾ’ ਦਾ ਸੰਗਠਨ ਕਾਇਮ ਕੀਤਾ। ਜਿਸਦੇ ਪਹਿਲੇ ਜਨਰਲ ਸਕੱਤਰ ਭਗਤ ਸਿੰਘ, ਪ੍ਰਧਾਨ ਰਾਮਚੰਦਰ ਅਤੇ ਪ੍ਰਚਾਰ ਸਕੱਤਰ ਬੀ.ਸੀ. ਵੋਹਰਾ ਬਣੇ ਸਨ।

                            ਨੌਜਵਾਨ ਸਭਾ ਦਾ ਦਾਇਰਾ ਵਿਸ਼ਾਲ ਕਰਨ ਅਤੇ ਠੋਸ ਤਰਕ ਆਧਾਰਿਤ ਪ੍ਰ੍ਰੋਗਰਾਮ ਬਨਾਉਣ ਲਈ ਭਗਤ ਸਿੰਘ ਅਤੇ ਕਿਰਤੀ ਪਾਰਟੀ ਦੇ ਨੌਜਵਾਨ ਆਗੂ ਸੋਹਨ ਸਿੰਘ ਜੋਸ਼ ਵਿਚਾਲੇ ਗੱਲਬਾਤ ਅੰਮ੍ਰਿਤਸਰ ਵਿਖੇ ਹੋਈ। ਉਸ ਗੱਲਬਾਤ ਦੇ ਆਧਾਰ ਤੇ ਨੌਜਵਾਨ ਭਾਰਤ ਸਭਾ ਦੀ ਪਹਿਲੀ ਸੂਬਾਈ ਕਾਨਫਰੰਸ 13-14 ਅਪ੍ਰੈਲ 1928 ਨੂੰ ਜਲ੍ਹਿਆਂਵਾਲੇ ਬਾਗ ਅੰਮ੍ਰਿਤਸਰ ਵਿਖੇ ਹੋਈ। ਜਿਸ ਵਿੱਚ ਤਿੰਨ ਮਹੱਤਵਪੂਰਨ ਮਤੇ ਪਾਸ ਕੀਤੇ ਗਏ। 1. ਸਭਾ ਦੇ ਆਦੇਸ਼ ਅਨੁਸਾਰ…“ਕਿਸਾਨਾਂ ਅਤੇ ਕਾਮਿਆਂ ਦੇ ਸਾਰੇ ਸੰਭਵ ਉਪਰਾਲਿਆਂ ਨਾਲ ਸੰਪੂਰਨ, ਸੁਤੰਤਰ, ਸਰਬਸੱਤਾ ਧਾਰੀ, ਸਮਾਜਵਾਦੀ ਲੋਕਤੰਤਰ ਦੀ ਪ੍ਰਾਪਤੀ ਹੋਵੇਗੀ। 2. ਤਿਰੰਗੇ ਦੀ ਥਾਂ ਲਾਲ ਝੰਡਾ ਅਪਨਾਉਣ ਦੀ ਮੰਗ ਕੀਤੀ ਜਾਂਦੀ ਹੈ। 3. ਧਰਮ ਨੂੰ ਰਾਜਨੀਤੀ ਤੋਂ ਭਿੰਨ, ਨਿੱਜੀ ਮਾਮਲਾ ਸਮਝਿਆ ਜਾਵੇਗਾ।”

                 ਨੌਜਵਾਨ ਸਭਾ ਪੰਜਾਬ ਦੀਆਂ ਰਾਜਨੀਤਕ ਗਤੀਵਿਧੀਆਂ ਤੇ ਅੱਗੇ ਵਧ ਕੇ ਭਗਤ ਸਿੰਘ ਨੇ ਦੇਸ਼ ਭਰ ਦੇ ਆਜਾਦੀ ਸੰਗਰਾਮੀਆਂ ਨੂੰ ਇੱਕ ਕੇਂਦਰ ਤੇ ਜੋੜਣ ਦਾ ਅਮਲ ਸੰਪੂਰਨ ਕੀਤਾ। ਸ਼ਿਵ ਵਰਮਾ ਅਨੁਸਾਰ, “ਭਗਤ  ਸਿੰਘ ਤੋਂ ਪਹਿਲਾਂ ਰਾਸ਼ਟਰੀ ਪੱਧਰ ਤੇ ਕੋਈ ਵੀ ਇੱਕ ਕ੍ਰਾਂਤੀਕਾਰੀ ਸੰਗਠਨ ਨਹੀਂ ਸੀ। ਬੰਗਾਲ ਵਿੱਚ ਅਨੁਸ਼ੀਲਨ ਅਤੇ ਯੁਗਾਂਤਰ ਜਿਹੇ ਸੰਗਠਨ ਸਨ, ਪੰਜਾਬ ਵਿੱਚ ਗਦਰ ਪਾਰਟੀ ਸੀ, ਜਦੋਂ ਕਿ ਹਿੰਦੋਸਤਾਨ ਰੀਪਬਲਿਕ ਐਸੋਸ਼ੀਏਸ਼ਨ ੳੁੱਤਰ ਪ੍ਰਦੇਸ਼ ਅਤੇ ਬਿਹਾਰ ਵਿੱਚ ਸਰਗਰਮ ਸੀ… ਊਹਨਾਂ ਵਿੱਚ ਆਪਸੀ ਸਹਿਯੋਗ ਦੀ ਅਣਹੋਂਦ ਸੀ। ਭਗਤ ਸਿੰਘ ਨੇ ਇਹਨਾਂ ਸਾਰੇ ਸੰਗਠਨਾਂ ਦੀ 1928 ਵਿੱਚ ਦਿੱਲੀ ਵਿਖੇ ਮੀਟਿੰਗ ਕਰਕੇ, ਇੱਕ ਦੇਸ਼ ਵਿਆਪੀ ਸੰਗਠਨ ‘ਹਿੰਦੋਸਤਾਨ ਸੋਸ਼ਲਿਸਟ ਰੀਪਬਲਿਕ ਐਸੋਸੀਏਸ਼ਨ’ ਸਥਾਪਿਤ ਕਰਕੇ ਇੱਕ ਲੜੀ ਵਿੱਚ ਪਿਰੋ ਦਿੱਤਾ। ਦੇਸ਼ ਭਰ ਵਿੱਚ ਕ੍ਰਾਂਤੀਕਾਰੀਆਂ ਨੇ ਕੰਮ ਵੰਡ ਕੀਤੀ। ਭਗਤ ਸਿੰਘ ਅਤੇ ਬੀ.ਕੇ. ਸਿਨਹਾ ਸੈਂਟਰ ਵਿੱਚ ਸਭ ਕ੍ਰਾਂਤੀਕਾਰੀਆਂ ਨਾਲ ਤਾਲਮੇਲ ਰੱਖਣ ਲਈ ਨਿਯੁਕਤ ਕੀਤੇ ਗਏ।”

                ਇਸੇ ਮੀਟਿੰਗ ਦੇ ਫੈਸਲੇ ਅਨੁਸਾਰ ‘ਸਾਈਮਨ ਕਮਿਸ਼ਨ ਦਾ ਦੇਸ਼ ਭਰ ਵਿੱਚ ਜ਼ੋਰਦਾਰ ਵਿਰੋਧ ਕੀਤਾ ਗਿਆ। ਸਾਈਮਨ ਕਮਿਸ਼ਨ ਭਾਰਤ ਦੇ ਨਾਗਰਿਕਾਂ ਦਾ ਦੁਨੀਆਂ ਭਰ ਵਿੱਚ ਮਜਾਕ ਉਡਾਉਣ ਲਈ ਆਇਆ ਸੀ, ਕਿ ਭਾਰਤੀ ਲੋਕ ਰਾਜ ਕਰਨ ਦੇ ਕਾਬਿਲ ਹੀ ਨਹੀਂ ਹਨ। ਸਾਈਮਨ ਕਮਿਸ਼ਨ ਦਾ ਭਾਰਤ ਭਰ ਵਿੱਚ ਬੱਜਵਾਂ ਵਿਰੋਧ ਆਜਾਦੀ ਸੰਗਰਾਮੀਆਂ ਦੀ ਰਾਸਟਰੀ ਪੱਧਰ ਤੇ ਪਾਰਟੀ ਹੋਂਦ ਵਿੱਚ ਆਉਣ ਦਾ ਪਹਿਲਾ ਸਬੂਤ ਸੀ।ਸਾਈਮਨ ਕਮਿਸ਼ਨ 30 ਅਕਤੂਬਰ 1928 ਨੂੰ ਲਾਹੌਰ ਪੁੱਜਿਆ। ਵਿਰੋਧ ਵਿੱਚ ਲਾ-ਮਿਸਾਲ ਇਕੱਠ ਦੇਖ ਕੇ ਅੰਗਰੇਜ਼ ਹਕੂਮਤ ਨੇ ਸਾਂਤਮਈ ਲੋਕਾਂ ਤੇ ਲਾਠੀਚਾਰਜ ਕਰ ਦਿੱਤਾ। ਜਿਸ ਵਿੱਚ ਪ੍ਰਸਿੱਧ ਆਜਾਦੀ ਘੁਲਾਟੀਏ ਲਾਲਾ ਲਾਜਪਤ ਰਾਏ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ 17 ਨਵੰਬਰ 1928 ਨੂੰ ਉਹਨਾਂ ਦੀ ਮੌਤ ਹੋ ਗਈ।

                     ਲਾਲਾ ਲਾਜਪਤ ਰਾਏ ਦੀ ਮੌਤ ਭਾਰਤੀਆਂ ਦਾ ਅਪਮਾਨ ਸੀ, ਇਸ ਅਪਮਾਨ ਦਾ ਬਦਲਾ ਲੈਣ ਲਈ ਪਾਰਟੀ ਦੀ ਸੈਂਟਰਲ ਕਮੇਟੀ ਦੀ ਮੀਟਿੰਗ ਜੋ 9 ਅਤੇ 10 ਦਸੰਬਰ 1928 ਨੂੰ ਮੋਜੰਗ ਹਾਊਸ (ਲਾਹੌਰ) ਵਿਖੇ ਹੋਈ ਦੇ ਫੈਸਲੇ ਅਨੁਸਾਰ ਚੰਦਰ ਸ਼ੇਖਰ ਆਜਾਦ, ਭਗਤ ਸਿੰਘ, ਰਾਜਗੂਰੁ, ਸੁਖਦੇਵ ਅਤੇ ਜੈ ਗੋਪਾਲ ਵਲੋਂ ਸਾਂਝੇ ਐਕਸ਼ਨ ਵਿੱਚ ਸਾਂਡਰਸ ਦਾ ਕਤਲ ਕਰਕੇ ਕ੍ਰਾਤੀਕਾਰੀਆਂ ਨੇ ਕੌੰਮ ਦੀ ਹੋਈ ਬੇਇੱਜਤੀ ਦਾ ਬਦਲਾ ਲੈ ਲਿਆ। ਸਾਂਡਰਸ ਕਤਲ ਤੋਂ ਬਾਅਦ ਸੁਖਦੇਵ ਦੀ ਯੋਜਨਾ ਅਨੁਸਾਰ ਭਗਤ ਸਿੰਘ ਅਤੇ ਉਸਦੇ ਸਾਥੀ ਮਹਾਨ ਇੰਨਕਲਾਬਨ ਦੁਰਗਾ ਭਾਬੀ ਦੀ ਮਦਦ ਨਾਲ ਲਾਹੌਰ ਤੋਂ ਬਾਹਰ ਨਿਕਲਣ ਵਿੱਚ ਕਾਮਯਾਬ ਹੋ ਗਏ। ਭਗਤ ਸਿੰਘ ਲਾਹੌਰ ਤੋਂ ਨਿੱਕਲ ਕੇ ਕਲਕੱਤਾ ਪਹੁੰਚ ਗਿਆ, ਇੱਥੇ ਕਿਰਤੀ-ਕਿਸਾਨ ਪਾਰਟੀ ਦੀ ਹੋ ਰਹੀ ਕਾਨਫਰੰਸ ਦੇ ਸੰਬੰਧ ਵਿੱਚ ਭਗਤ ਸਿੰਘ ਨੇ ਸੋਹਨ ਸਿੰਘ ਜੋਸ਼ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਭਗਤ ਸਿੰਘ ਦੇਸ਼ ਦੇ ਬਦਲ ਰਹੇ ਰਾਜਨੀਤਿਕ ਹਾਲਤਾਂ ਨੇ ਤਿੱਖੀ ਨਜ਼ਰ ਰੱਖ ਰਿਹਾ। ਤੇਜ਼ ਬੁੱਧੀ ਵਾਲੇ ਭਗਤ ਸਿੰਘ ਨੇ ਮਜ਼ਦੂਰਾਂ ਦੀਆਂ ਦੇਸ਼ ਵਿਆਪੀ ਹੜਤਾਲਾਂ ਦਾ ਡੂੰਘਾਈ ਨਾਲ ਅਧਿਐਨ ਕੀਤਾ। ਅੰਗ੍ਰੇਜ਼ ਹਕੂਮਤ ਨੇ ਮਜਦੂਰਾਂ ਦੀ ਦਿਨ ਬਦਿਨ ਵੱਧ ਰਹੀ ਤਾਕਤ ਅਤੇ ਅਜ਼ਾਦੀ ਅੰਦੋਲਨ ਨੂੰ ਕੁਚਲਨ ਲਈ ‘ਟਰੇਡ ਡਿਸਪਿਊਟ ਐਕਟ’ ਅਤੇ ‘ਪਬਲਿਕ ਸੇਫਟੀ ਬਿੱਲ’ ਅਸੈਬੰਲੀ ਵਿੱਚ ਪਾਸ ਕਰਾਉਣ ਦੀ ਧਮਕੀ ਦੇ ਦਿੱਤੀ। ਇਹਨਾਂ ਘਾਤਕ ਬਿਲਾਂ ਦੇ ਵਿਰੋਧ ਵਿੱਚ ਭਗਤ ਸਿੰਘ ਤੇ ਬੁਟਕੇਸ਼ਵਰ ਦੱਤ ਨੇ 8 ਅਪ੍ਰੈਲ 1929 ਨੂੰ ਅੰਨੀ-ਬੋਲੀ ਸਰਕਾਰ ਨੂੰ ਸੁਨਾਉਣ ਵਾਸਤੇ ਐਸੰਬਲੀ  ਵਿੱਚ ਖਾਲੀ ਥਾਂ ਤੇ ਧੂੰਏ ਵਾਲੇ ਬੰਬ ਸੁੱਟੇ। ਇਸ ਘਟਨਾ ਨਾਲ ਐਸੰਬਲੀ ਮੁਲਤਵੀ ਹੋ ਗਈ। ਭਗਤ ਸਿੰਘ ਤੇ ਬੀ.ਕੇ. ਦੱਤ ਨੇ ਇੰਨਕਲਾਬ ਜਿੰਦਾਬਾਦ ਅਤੇ ਸਾਮਰਾਜਵਾਦ ਮੁਰਦਾਬਾਦ ਦੇ ਨਾਅਰੇ ਲਾਏ। ਬੰਬ ਸੁੱਟਣ ਸੰਬੰਧੀ ਪਾਰਟੀ ਵਿਚਾਰਾਂ ਦੀ ਲਿਖਤ ਵੀ ਐਸੰਬਲੀ ਹਾਲ ਵਿੱਚ ਸੁੱਟੀ। ਦੋਹਾਂ ਕ੍ਰਾਂਤੀਕਾਰੀਆਂ ਨੇ ਆਪਣੇ- ਆਪ ਗ੍ਰਿਫਤਾਰੀ ਦੇ ਦਿੱਤੀ। ਇਸ ਵਿਲੱਖਣ ਕਿਸਮ ਦੀ ਘਟਨਾ ਤੋਂ ਬਾਅਦ ਬਹੁਤ ਤੇਜ਼ੀ ਨਾਲ  ਇੰਨਕਲਾਬ ਜਿੰਦਾਬਾਦ ਦਾ ਨਾਅਰਾ ਭਾਰਤ ਭਰ ਵਿੱਚ ਇੱਕ ਵਾਰ ਬੁਲੰਦੀ ਤੇ ਪੁੱਜ ਗਿਆ।ਐਸੰਬਲੀ ਬੰਬ ਕਾਂਡ ਵਿੱਚ ਭਗਤ ਸਿੰਘ ਅਤੇ ਬੀ.ਕੇ. ਦੱਤ ਨੂੰ ਉਮਰ ਕੈਦ ਦੀ ਸਜ਼ਾ ਹੋਈ।

              ਦੂਜੇ ਪਾਸੇ ਸਾਂਡਰਸ ਕਤਲ ਕੇਸ ਨਾਲ ਸੰਬੰਧਿਤ ਕਰਾਂਤੀਕਾਰੀ ਫੜੇ ਜਾਨ ਉਪਰੰਤ ਅਦਾਲਤੀ ਕਾਰਵਾਈ ਸ਼ੁਰੂ ਹੋ ਗਈ। ਭਗਤ ਸਿੰਘ ਵੀ ਇਸ ਕਾਂਡ ਵਿੱਚ ਸੀ। ਇਸ ਕੇਸ ਅਧੀਨ ਕ੍ਰਾਂਤੀਕਾਰੀ ਜੇਲ੍ਹ ਵਿੱਚ ਇਕੱਠੇ ਹੋ ਗਏ। ਭਗਤ ਸਿੰਘ ਅਤੇ ਉਸਦੇ ਸਾਥੀਆਂ ਨੇ ਜੇਲ੍ਹਾਂ ਵਿੱਚ ਕੈਦੀਆਂ ਨਾਲ ਹੋ ਰਹੇ ਦੁਰ-ਵਿਹਾਰ ਅਤੇ ਕਾਨੂੰਨ ਅਨੁਸਾਰ ਆਪਣੇ ਹੱਕ ਪ੍ਰਾਪਤ ਕਰਨ ਲਈ ਲੰਬੀਆਂ ਭੁੱਖ ਹੜ੍ਹਤਾਲਾਂ ਕੀਤੀਆਂ। ਕ੍ਰਾਂਤੀਕਾਰੀ ਕੈਦੀ ਜੇਲ੍ਹਾਂ ਵਿੱਚ ਵਿਚਾਰ ਚਰਚਾ ਕਰਦੇ ਅਤੇ ਅਥਾਹ ਕਿਤਾਬਾਂ ਪੜ੍ਹਦੇ ਸਨ। ਜੇਲ੍ਹ ਦੀ ਵਿਚਾਰ ਚਰਚਾ ਅਤੇ ਪੜ੍ਹਾਈ ਨੇ ਭਗਤ ਸਿੰਘ ਅਤੇ ਉਸਦੇ ਸਾਥੀਆਂ ਵਿੱਚ ਸਮਾਜਵਾਦੀ ਸੋਚ ਨੂੰ ਹੋਰ ਪਕੇਰਾ ਕਰ ਦਿੱਤਾ। ਇਸੇ ਸੋਚ ਦਾ ਪ੍ਰਮਾਣ ਹੈ ਕਿ ਜੇਲ੍ਹ ਵਿੱਚ ਫਾਂਸੀ ਦਿੱਤੇ ਜਾਣ ਤੋਂ ਲਗਭਗ 50 ਦਿਨ ਪਹਿਲਾਂ ਭਗਤ ਸਿੰਘ ਨੇ ਬਹੁਤ ਹੀ ਮਹੱਤਵਪੂਰਨ ਲਿਖਤ “ਇਨਕਲਾਬੀ ਪ੍ਰੋਗਰਾਮ ਦਾ ਖਰੜਾ” ਲਿਖਿਆ। ਜਿਸ ਵਿੱਚ ਭਗਤ ਸਿੰਘ ਕੌਮਾਂਤਰੀ ਪੱਧਰ ’ਤੇ ਸਾਮਰਾਜੀ ਹਾਲਤਾਂ (ਮੰਦਵਾੜਾ 1929) ਨੂੰ ਸਮਝ ਕੇ ਲਿਖਦੇ ਹਨ ਕਿ ਅੰਗਰੇਜ ਸਾਮਰਾਜ, ਜਰਮਨ, ਫਰਾਂਸ, ਅਮਰੀਕਾ ਆਦਿ ਆਰਥਿਕ ਮੰਦਵਾੜੇ ਨਾਲ ਹਿੱਲੇ ਪਏ ਹਨ। ਸਾਮਰਾਜ ਪੱਖੀ ਦੇਸ਼ ਵਕਤੀ ਸਮਝੌਤੇ ਕਰ ਸਕਦੇ ਹਨ ਪਰ ਆਰਥਿਕ ਮੰਦਵਾੜਾ ਜਾਰੀ ਰਹੇਗਾ ਅਤੇ ਬੇਰੁਜ਼ਗਾਰਾਂ ਦੀ ਫੌਜ ਪੂੰਜੀਵਾਦ ਅਧੀਨ ਵੱਧਦੀ ਜਾਵੇਗੀ ਕਿਉਂਕਿ “ਪੂੰਜੀਵਾਦੀ ਪੈਦਾਵਾਰੀ ਤਰੀਕਾ ਹੀ ਅਜਿਹਾ ਹੈ ਇਸ ਕਰਕੇ ਇਨਕਲਾਬ ਹੁਣ ਭਵਿੱਖਬਾਣੀ ਜਾਂ ਸੰਭਾਵਨਾ ਨਹੀਂ ਸਗੋਂ ਅਮਲੀ ਰਾਜਨੀਤੀ ਹੈ ਜਿਸ ਨੂੰ ਸੋਚੀ ਸਮਝੀ ਯੋਜਨਾਂ ਅਤੇ ਬੇਤਰਸ ਅਮਲ ਰਾਹੀਂ ਹੀ ਕਾਮਯਾਬ ਕੀਤਾ ਜਾ ਸਕਦਾ ਹੈ।”

ਭਗਤ ਸਿੰਘ ਪ੍ਰਗਰਾਮ ਦੇ ਖਰੜੇ ਵਿੱਚ ਹੀ ਅੱਗੇ ਲਿਖਦਾ ਹੈ ਕਿ, ‘ਕਰਕੁੰਨਾ ਅੱਗੇ ਸਭ ਤੋਂ ਪਹਿਲੀ ਡਿਊਟੀ ਹੈ ਕਿ ਜਨਤਾ ਨੂੰ ਜੁਝਾਰੂ ਕੰਮ ਲਈ ਤਿਆਰ ਕਰਨਾ ਅਤੇ ਲਾਮਬੰਦ ਕਰਨਾ।’ ਇਸ ਨੀਤੀ ਅਧਾਰਤ ਭਗਤ ਸਿੰਘ ਨੇ ਕੁਝ ਨਿਖੜਵੇਂ ਸਿਰਲੇਖ ਲਿਖੇ: (1) ਜਗੀਰਦਾਰੀ ਦਾ ਖਾਤਮਾ (2) ਕਿਸਾਨਾਂ ਦੇ ਕਰਜੇ ਖਤਮ ਕਰਨਾ (3) ਇਨਕਲਾਬੀ ਰਿਆਸਤ ਵੱਲੋਂ ਜਮੀਨ ਦਾ ਕੌਮੀਂਕਰਨ ਤਾਂ ਕਿ ਸੋਧੀ ਹੋਈ ਅਤੇ ਸਾਂਝੀ ਖੇਤੀ ਸਥਾਪਤ ਕੀਤੀ ਜਾ ਸਕੇ (4) ਰਹਿਣ ਲਈ ਘਰਾਂ ਦੀ ਗਰੰਟੀ (5) ਕਿਸਾਨੀ ਤੋਂ ਲਏ ਜਾਂਦੇ ਸਾਰੇ ਖਰਚੇ ਬੰਦ ਕਰਨਾ ਸਿਰਫ ਇਕਹਿਰਾ ਜਮੀਨ ਟੈਕਸ ਲਿਆ ਜਾਵੇਗਾ (6) ਕਾਰਖਾਨਿਆਂ ਦਾ ਕੌਮੀਂਕਰਨ ਅਤੇ ਦੇਸ਼ ਵਿੱਚ ਕਾਰਖਾਨੇ ਲਗਾਉਣਾ (7)  ਆਮ ਪੜ੍ਹਾਈ (8) ਕੰਮ ਕਰਨ ਦੇ ਘੰਟੇ, ਜਰੂਰਤ ਮੁਤਾਬਕ ਘੱਟੋ-ਘੱਟ ਕਰਨਾ।

ਇਹਨਾਂ ਨਿਖੜਵੇਂ ਸਿਰਲੇਖਾਂ ਤੇ ਗੌਰ ਨਾਲ ਝਾਤ ਮਾਰੀਏ ਤਾਂ ਆਜਾਦ ਭਾਰਤ ਦੀ ਮੌਜੂਦਾ ਤਸਵੀਰ ਭਗਤ ਸਿੰਘ ਅਤੇ ਉਸਦੇ ਸਾਥੀਆਂ ਦੀ ਸਮਾਜਵਾਦੀ ਸੋਚ ਦੇ ਬਿਲਕੁੱਲ ਉਲਟ ਹੈ। ਮੌਜੂਦਾ ਪ੍ਰਬੰਧ ਅਧੀਨ ਕਿਸਾਨੀ ਦਾ ਆਰਥਕ ਸੰਕਟ ਬਹੁਤ ਗੰਭੀਰ ਹੋ ਗਿਆ ਹੈ। ਕਰਜੇ ਦੇ ਬੋਝ ਥੱਲੇ ਦੱਬੇ ਲੱਖਾਂ ਕਿਸਾਨਾਂ ਨੇ ਖੁਦਕਸ਼ੀਆਂ ਕੀਤੀਆਂ ਹਨ। ਬੇ-ਘਰੇ ਲੋਕਾਂ ਦੀ ਗਿਣਤੀ ਕਰੋੜਾਂ ਤੱਕ ਪੁੱਜ ਚੁੱਕੀ ਹੈ। ਹਿੰਦੋਸਤਾਨ ਦੀ ਛੋਟੀ ਅਤੇ ਦਰਮਿਆਨੀ ਸਨਅਤ ਉੱਜੜਨ ਨਾਲ ਲੱਖਾਂ ਕਾਰਖਾਨੇ ਬੰਦ ਹੋ ਗਏ ਹਨ ਅਤੇ ਕਰੋੜਾਂ ਲੋਕਾਂ ਤੋਂ ਰੁਜ਼ਗਾਰ ਖੁਸ ਗਿਆ ਹੈ ਅਤੇ ਅੱਗੇ ਤੋਂ ਰੁਜ਼ਗਾਰ ਬੰਦ ਹੋ ਗਿਆ ਹੈ। ਵਿਦਿਅਕ ਖੇਤਰ ਵਿੱਚ ਪੇਂਡੂ ਅਤੇ ਸ਼ਹਿਰੀ ਬੱਚਿਆਂ ਦੀ ਵਿਦਿਆ ਪ੍ਰਾਪਤੀ ਵਿੱਚ ਬਹੁਤ ਹੀ ਘਾਤਕ ਪਾੜਾ ਪੈ ਚੁੱਕਾ। ਅੱਜ ਉੱਚ ਵਿੱਦਿਆ ਲਈ ਪਿੰਡਾਂ ਵਿੱਚੋਂ ਨਾ-ਮਾਤਰ ਹੀ ਵਿਦਿਆਰਥੀ ਪੁੱਜਦੇ ਹਨ। ਆਧੁਨਿਕ ਮਸ਼ੀਨੀ ਯੁੱਗ ਵਿੱਚ ਟਰਾਂਸਨੈਸ਼ਨਲ ਕਾਰਪੋਰੇਸ਼ਨਾਂ ਸਿਰਫ ਪਲਾਂ ਵਿੱਚ ਹੀ ਸੁਪਰ ਤੋਂ ਸੁਪਰ ਮੁਨਾਫੇ ਦੀ ਦੌੜ ਵਿੱਚ ਹਨ। ਮੁਨਾਫੇ ਦੇ ਹਿਸਾਬ ਨਾਲ ਕਿਰਤੀਆਂ ਦੀਆਂ ਉਜ਼ਰਤਾਂ 300 ਫੀਸਦੀ ਘੱਟ ਹਨ। ਕੰਮ ਦੀ ਰਫਤਾਰ ਤੇਜ ਹੋਣ ਨਾਲ ਕਿਰਤੀਆਂ ਦੇ ਦਿਮਾਗ ਤੇ  ਗਹਿਰਾ ਅਸਰ ਪੈ ਰਿਹਾ ਹੈ ਪਰ ਭਾਰਤ ਸਰਕਾਰ ਕੰਮ ਦੇ ਘੰਟੇ ਘੱਟ ਕਰਨ ਦੀ ਥਾਂ ਕੰਮ ਦਿਹਾੜੀ ਸਮਾਂ ਵਧਾਉਣ ਬਾਰੇ ਸੋਚ ਰਹੀ ਹੈ। ਮਨੁੱਖਤਾ ਦੀ ਭਲਾਈ ਲਈ ਕੰਮ ਦੇ ਘੰਟੇ ਕਾਨੂੰਨ ਮੁਤਾਬਕ ਘੱਟ ਕਰਨ ਦਾ ਅਮਲ ਅਤਿ ਜਰੂਰੀ ਹੈ। ਕੰਮ ਦੇ ਘੰਟੇ ਘੱਟ ਕਰਨ ਨਾਲ ਨਵਾਂ ਕੰਮ ਸਮਾਂ ਪੈਦਾ ਹੋਵੇਗਾ ਅਤੇ ਬੇਰੁਜ਼ਗਾਰ ਕਿਰਤੀਆਂ ਨੂੰ ਰੁਜ਼ਗਾਰ ਪ੍ਰਾਪਤ ਹੋਵੇਗਾ। ਸਮਾਜਵਾਦੀ ਵਿਵਸਥਾ ਦੀ ਸਥਾਪਤੀ ਲਈ ਹੀ ਭਗਤ ਸਿੰਘ ਨੇ ਕੰਮ ਕਰਨ ਦੇ ਘੰਟੇ ਜਰੂਰਤ ਮੁਤਾਬਕ ਘੱਟੋ-ਘੱਟ ਕਰਨ ਦਾ ਪ੍ਰੋਗਰਾਮ ਪੇਸ਼ ਕੀਤਾ ਸੀ ਜੋ ਹੁਣ ਵੀ ਸਾਰਥਕ ਹੈ।

ਭਗਤ ਸਿੰਘ ਅਤੇ ਉਸਦੇ ਸਾਥੀਆਂ ਦੀ ਸਮਾਜਵਾਦੀ ਸੋਚ ਵਾਲਾ ਪ੍ਰਬੰਧ ਹੀ ਭਾਰਤ ਦੇ ਹਰੇਕ ਵਸਨੀਕ ਨੂੰ ਖੁਸ਼ਹਾਲ ਬਣਾ ਸਕਦਾ ਹੈ। ਇਸ ਨਜ਼ਰੀਏ ਤੋਂ ਜੁਆਨੀ ਭਗਤ ਸਿੰਘ ਨੂੰ ਪੜ੍ਹੇ, ਸਮਝੇ ਅਤੇ ਸਮਾਜ ਨੂੰ ਸਮਝਾਉਣ ਦਾ ਅਮਲ ਤੇਜ ਕਰੇ।

No comments:

Post a Comment