“ਸਭ ਕਿਸੇ ਲਈ ਉਤਸਾਹਿਤ ਕਰਨ ਵਾਲਾ ਆਦਰਸ਼, ਉਦੇਸ਼ ਲਈ ਮਰਨਾ ਨਾ ਹੋ ਕੇ, ਉਦੇਸ਼ ਲਈ ਜਿਉਣਾ ਹੋਣਾ ਚਾਹੀਦਾ ਹੈ” ਭਗਤ ਸਿੰਘ

Monday, April 23, 2012

ਮੈਂ ਪਾਕਿਸਤਾਨ ਨਹੀਂ ਜਾਣਾ.. (ਕਾ. ਰੁਲਦੂ ਖਾਨ ਦੀ ਜਿੰਦਗੀ 'ਤੇ ਅਧਾਰਤ ਨਾਵਲ ਵਿਚੋਂ ਅੰਸ਼).... ਬਲਦੇਵ ਸਿੰਘ

ਬਲਦੇਵ ਸਿੰਘ ' ਸੜਕਨਾਮਾ '
                                                                            ਭਵਿੱਖ ਮੈਗਜ਼ੀਨ ਦੇ ਅੰਕ ਮਾਰਚ-ਅਪ੍ਰੈਲ 2012 ਵਿਚੋਂ
ਫਿਰੋਜ਼ਪੁਰ ਜ਼ਿਲ੍ਹੇ ਦਾ ਪਿੰਡ ਖੋਟੇ। ਸਵੇਰ ਦੇ ਨੌਂ ਕੁ ਵਜੇ ਦਾ ਵਕਤ ਸੀ। ਕੰਮਾਂ-ਧੰਦਿਆਂ ਵਾਲੇ ਆਪਣੇ ਕੰਮੀਂ ਰੁੱਝ ਗਏ ਸਨ। ਸੁਆਣੀਆਂ ਨੇ ਚਾਟੀਆਂ ਮਧਾਣੀਆਂ ਦਾ ਕੰਮ ਕਦੋਂ ਦਾ ਮੁਕਾ ਲਿਆ ਸੀ ਤੇ ਜਿਹੜੇ ਕਿਸਾਨ ਖੇਤੀਂ ਗਏ ਸਨ ਉਨ੍ਹਾਂ ਦੇ ਘਰਾਂ ਵਿੱਚੋਂ ਹਾਜ਼ਰੀ ਤਿਆਰ ਕਰਨ ਲਈ ਧੂੰਆਂ ਉੱਠਣ ਲੱਗਾ ਸੀ।
    ਏਸ ਵੇਲੇ ਤਾਂਗੇ ਵਾਲਾ ਕਾਲੂ ਖੋਟਿਆਂ ਦੀਆਂ ਗਲੀਆਂ ਵਿੱਚੋਂ ਦੀ ਲੰਘਦਾ ਬਾਹਰ ਵੰਨੇ ਆ ਖੜਾ। ਏਥੇ ਖੜ੍ਹ ਕੇ ਹਰ ਰੋਜ਼ ਉਹ ਪਿੰਡ ਵੰਨੀ ਝਾਕਦਾ ਸਵਾਰੀਆਂ ਦੀ ਉਡੀਕ ਕਰਿਆ ਕਰਦਾ ਸੀ। ਅੱਜ ਵੀ ਕਾਲੂ ਕੱਛ ਵਿਚ ਛਾਂਟਾ ਦਬਾਈ ਤਾਂਗੇ ਦੇ ਪਹੀਆਂ ਦੀ, ਕਦੇ ਧੁਰੇ ਦੀ, ਕਦੇ ਨਟਾਂ ਦੀ ਪਰਖ ਕਰਦਾ ਵਿੱਚ-ਵਿੱਚ ਪਿੰਡ ਵੱਲ ਤਿੱਖੀ ਨਿਗ੍ਹਾ ਰੱਖ ਰਿਹਾ ਸੀ। ਫਿਰ ਉਹ ਤਾਂਗੇ ਦੀ ਪਿਛਲੀ ਉਧੜੀ ਸੀਟ ਠੀਕ ਕਰਨ ਲੱਗਾ। ਘੋੜੇ ਦੀ ਲਗਾਮ ਬੰਮ ਨਾਲ ਬੰਨ੍ਹੀ ਹੋਈ ਸੀ। ਤਾਂਗੇ ਵਿਚ ਤਿੰਨ ਸਵਾਰੀਆਂ ਬੈਠੀਆਂ ਹੋਈਆਂ ਸਨ। ਉਨ੍ਹਾਂ ਦੀ ਨਿਗ੍ਹਾ ਵੀ ਪਿੰਡ ਵੱਲ ਸੀ। ਸਵਾਰੀਆਂ ਆਉਣਗੀਆਂ ਤਾਂ ਹੀ ਕਾਲੂ ਤਾਂਗਾ ਤੋਰੇਗਾ। ਸਵਾਰੀਆਂ ਨੂੰ ਪਤਾ ਸੀ। ਇੱਕ ਮਰਦ ਅਤੇ ਦੋ ਤੀਵੀਆਂ ਸਨ। ਤੀਵੀਆਂ ਨੇ ਮਰਦ ਤੋਂ ਘੁੰਢ ਕੱਢੇ ਹੋਏ ਸਨ। ਉਨ੍ਹਾਂ ਦੀ ਸਿਰਫ ਠੋਡੀ ਹੀ ਦਿਸਦੀ ਸੀ। ਉਹ ਗੱਲੀਂ ਪਈਆਂ ਹੋਈਆਂ ਸਨ। 
      ਕਾਲੂ ਨੇ ਵੇਖਿਆ ਕਿੰਨੇ ਹੀ ਚਿਰ ਤੋਂ ਮੌਜੂਦੀਨ ਦਾ ਘੋਨਾ ਖੜਾ ਤਾਂਗੇ ਵੱਲ ਤੱਕੀ ਜਾ ਰਿਹਾ ਹੈ। ਕਾਲੂ ਨੇ ਦੂਰੋਂ ਹੀ ਪੁੱਛਿਆ। 
               -ਕਿਵੇਂ ਖੜਾ ਐ, ਉਏ ਗਾਂਧੀ ਸਿਰਿਆ?
             ਘੋਨਾ ਤਾਂਗੇ ਦੇ ਨੇੜੇ ਆ ਗਿਆ ਤੇ ਝਕਦੇ ਹੋਏ ਨੇ ਪੁਛਿਆ- ‘ਚਾਚਾ ਉਏ ਬਾਘੇ ਪੁਰਾਣੇ ਦੇ ਕਿੰਨੇ ਪੈਸੇ ਲਏਂਗਾ?’ 
               -ਤੂੰ ਬੋਲਦਾ ਕਿੱਥੋ ਐ ਉਏ, ਚਾਚਾ ਉਏ ਕੀ ਹੁੰਦੈ?’ ਕਾਲੂ ਹੱਸਿਆ।
               -‘ਤੈਨੂੰ ਚਾਚਾ ਤਾਂ ਕਿਹਾ ਪਹਿਲਾਂ।’ ਘੋਨਾ ਵੱਟ ਖਾ ਗਿਆ।
       ਕਾਲੂ ਨੇ ਉਸ ਦੇ ਨੰਗੇ ਪੈਰਾਂ ਵੱਲ ਝਾਕਿਆ, ਫਿਰ ਪੁੱਛਿਆ, ‘ਬਾਘੇ ਪੁਰਾਣੇ ਤੂੰ ਕੁੱਤੇ ਖੱਸੀ ਕਰਨ ਜਾਣੈ?’-ਚਾਚਾ ਮੈਂ ਤੈਨੂੰ ਬਾਘੇ ਪੁਰਾਣੇ ਦੇ ਪੈਸੇ ਪੁੱਛੇ ਐ। ਕੁੱਤੇ ਖੱਸੀ ਕਰਨ  ਨੂੰ ਤਾਂ ਖੋਟੀਂ ਬਥੇਰੇ ਐ। ਮੁੰਡਾ ਕਾਲੂ ਦੀਆ ਅੱਖਾਂ ਵਿੱਚ ਝਾਕਿਆ।
    -‘ਦੋ ਆਨੇ ਲੱਗਣਗੇ ਜਾਣੇ ਤਾਂ ਚੜ੍ਹ ਜਾ ਪਿੱਛੇ।’ ਕਾਲੂ ਵੀ ਰੁੱਖਾ ਬੋਲਿਆ।
ਮੁੰਡਾ ਪਿੱਛੇ ਹੋ ਕੇ ਖੜ੍ਹਾ ਗਿਆ ਜੇਬ ਵਿੱਚ ਤਾਂ ਮੋਰੀ ਵਾਲਾ ਪੈਸਾ ਵੀ ਨਹੀਂ ਸੀ। ਪੰਜਵੀ ਦਾ ਇਮਤਿਹਾਨ ਦਿੱਤਾ ਹੋਇਆ ਸੀ। ਨਤੀਜਾ ਅਜੇ ਨਿਕਲਣਾ ਸੀ। ਵਿਹਲਾ ਸੀ, ਮਨ ਵਿੱਚ ਆਇਆ ਬਾਘਾ ਪੁਰਾਣਾ ਦੀ ਸੈਰ ਕਰਾਂ। ਤਾਂ ਹੀ ਅੱਡੇ ਵਿੱਚ ਆ ਖੜਾ ਸੀ।
    ਸਵਾਰੀਆਂ ਆਉਦੀਆਂ ਗਈਆਂ। ਕਾਲੂ ਦਾ ਘਰ ਪੂਰਾ ਹੋ ਗਿਆ ਤਾਂ ਉਸ ਨੇ ਬੰਮ ਨਾਲੋਂ ਲਗਾਮਾਂ ਖੋਲ੍ਹ ਕੇ ਹੱਥ ਵਿੱਚ ਫੜ ਲਈਆਂ ਤੇ ਪਿੰਡ ਵੱਲ ਸਰਸਰੀ ਜਿਹਾ ਝਾਕ ਕੇ ਹੋਕਾ ਦਿੱਤਾ, ‘ਬਾਘੇ ਪੁਰਾਣੇ ਦੀ ਸਵਾਰੀ ਕੋਈ ਬਈ ਓਏ…।’
     ਕਾਲੂ ਪਾਸੇ ਖੜੇ ਘੋਨੇ ਵੱਲ ਝਾਕਿਆ। ਅੱਖ ਨਾਲ ਹੀ ਪੁੱਛਿਆ-‘ਚੱਲਣੈ?’
    ਮੁੰਡਾ ਬੇਫਿਕਰ ਹੋਇਆ ਖੜਾ ਰਿਹਾ। ਫਿਰ ਉਸ ਨੂੰ ਕਾਲੂ ਦੀ ਆਵਾਜ ਸੁਣੀ,’ਚੱਲ ਉਏ ਪੁੱਤਰਾ।…ਹੁਰਰ…।’ ਤਾਂਗਾ ਤੁਰ ਪਿਆ।
     ਮੁੰਡੇ ਨੇ ਵੀ ਝੱਟ ਫੈਸਲਾ  ਲੈ ਲਿਆ। ਉਹ ਤਾਂਗੇ ਦੇ ਨਾਲ-ਨਾਲ ਤੁਰਨ ਲੱਗਾ। ਫਿਰ ਪੱਕੀ ਸੜਕ ੳੁੱਪਰ ਚੜ੍ਹ ਕੇ ਘੋੜਾ ਜਿਵੇਂ-ਜਿਵੇਂ ਰਫਤਾਰ ਫੜਦਾ ਗਿਆ ਮੁੰਡਾ ਵੀ ਉਵਂੇ-ਉਵੇਂ ਤਾਂਗੇ ਦੇ ਨਾਲ-ਨਾਲ ਭੱਜਣ ਲੱਗਾ।
     ਅੱਗੇ ਨਹਿਰ ਦਾ ਪੁਲ ਆ ਗਿਆ। ਘੋੜੇ ਨੂੰ ਚੁਕੰਨਾ ਕਰਨ ਲਈ ਕਾਲੂ ਨੇ ਛੰਟੇ ਦੀ ਪਰੈਣੀ ਪਹੀਆਂ ਦੇ ਗਜ਼ਾਂ ਨਾਲ ਛੁਹਾ ਕੇ ਕਿੜ-ਕਿੜ ਕਿੜ-ਕਿੜ ਕਰਵਾਈ। ਨਾਲ ਹੀ ਘੋੜੇ ਨੂੰ ਹੱਲਾਸ਼ੇਰੀ ਦਿੱਤੀ…ਜੀ ਉਏ ਸੋਣਿਆ। ਘੋੜੇ ਨੇ ਪੱਠੇ ਖਿੱਚ ਲਏ। ਤਾਂਗੇ ਪਿੱਛੇ ਦੌੜੇ ਆਉਦੇ ਮੁੰਡੇ ਦੀਆਂ ਮਲੂਕ ਪਿੰਜਣੀਆਂ ਵੀ ਹਰਕਤ ਵਿੱਚ ਆਈਆਂ। ਵਿੱਚ ਬੈਠੀਆਂ ਸਵਾਰੀਆਂ ਸਾਹੋ-ਸਾਹ ਹੋਏ ਆਉਦੇ ਮੁੰਡੇ ਵੱਲ ਹੈਰਾਨੀ ਅਤੇ ਤਰਸ ਨਾਲ ਵੇਖਣ ਲੱਗੀਆਂ। ਪਹਿਲਾਂ ਉਨ੍ਹਾਂ ਨੇ ਸੋਚਿਆ ਸੀ ਮੁੰਡਾ ਐਵਂੇ ਚਾਅ ਨਾਲ ਤਾਂਗੇ ਪਿੱਛੇ ਦੌੜ ਪਿਆ। ਇੱਕ ਅੱਧ ਮੀਲ ਦੌੜ ਕੇ ਮੁੜ ਜਾਏਗਾ। ਪਰ ਹੁਣ ਮੁੰਡੇ ਦਾ ਹੱਠ ਦੇਖ ਕੇ ਇੱਕ ਪੰਜਾਹ ਕੁ ਸਾਲਾਂ ਦੀ ਤੀਵੀ ਨੇ ਉਸ ਨੂੰ ਤਾਂਗੇ ਵਿੱਚ ਚੜ੍ਹ ਜਾਣ ਲਈ ਕਿਹਾ। ਮੁੰਡੇ ਨੇ ਸਿਰ ਫੇਰ ਦਿੱਤਾ।
      ਘੋੜਾ ਆਪਣੀ ਰੇਵੀਏ ਚਾਲ ਤੁਰਿਆ ਗਿਆ। ਕਾਲੂ ਨੇ ਕੋਈ ਕਥਾ ਛੇੜ ਲਈ ਸੀ। ਪੱਤੋ ਹੀਰਾ ਸਿੰਘ ਵੱਲ ਕੋਈ ਡਾਕਾ ਪਿਆ ਸੀ, ਕਾਲੂ ਇਸ ਤਰ੍ਹਾਂ ਸੁਣਾ ਰਿਹਾ ਸੀ ਜਿਵੇ ਸਭ ਕੁਝ ਅੱਖੀਂ ਵੇਖਿਆ ਹੋਵੇ। ਵੇਲਾ ਹੀ ਇਹੋ ਜਿਹਾ ਸੀ। ਕਿਧਰੇ ਕੋਈ ਡਾਕਾ ਜਾਂ ਕਤਲ ਹੋ ਜਾਂਦਾ, ਸਾਲ-ਸਾਲ ਭਰ ਉਸ ਦੀਆਂ ਗੱਲਾਂ ਤੁਰਦੀਆਂ ਰਹਿੰਦੀਆਂ। ਕਾਲੂ ਦਾ ਆਪਣੇ ਕਿੱਤੇ ਦਾ ਦਾਅਪੇਚ ਵੀ ਸੀ। ਗੱਲੀਂ ਲਾ ਕੇ ਉਹ ਆਪਣੀ ਮਨਮਰਜ਼ੀ ਦੀ ਰਫਤਾਰ ਨਾਲ ਪਹੁੰਚਦਾ ਸੀ। ਨਹੀਂ ਤਾਂ ਅੱਕੀਆਂ ਬੈਠੀਆਂ ਸਵਾਰੀਆਂ ਛੇਤੀ ਪੁੱਜਣ ਲਈ ਕਾਲੂ ਅਤੇ ਘੋੜੇ ਦਾ ਲਹੂ ਪੀਣ ਤੱਕ ਜਾਂਦੀਆਂ ਸਨ। 
   ਇਧਰੋਂ ਕਾਲੂ ਦੀ ਕਥਾ ਦਾ ਭੋਗ ਪਿਆ, ਉਧਰ ਤਾਂਗਾ ਬਾਘਾ ਪੁਰਾਣੇ ਦੀ ਜੂਹ ਵਿੱਚ ਜਾ ਵੜਿਆ। ਮੁੰਡਾ ਹੌਕਦਾ, ਆਪਣਾ ਮੁੜ੍ਹਕਾਂ ਪੂੰਝਦਾ ਨਾਲ-ਨਾਲ ਦੌੜਦਾ ਆਇਆ। ਇੱਕ ਸਵਾਰੀ ਨੇ ਹਮਦਰਦੀ ਨਾਲ ਕਿਹਾ, ‘ਉਏ ਛੋਹਰਾ, ਲੈ ਫੜ ਆਨਾ, ਦੁੱਧ ਪੀ ਲਈ।’
      -‘ਨਲਕੇ ਤੋਂ ਪਾਣੀ ਪੀਊਗਾ ਜਾ ਕੇ।’ ਮੁੰਡੇ ਨੇ ਖੁਦਦਾਰੀ ਨਾਲ ਕਿਹਾ ਤੇ ਚਲਿਆ ਗਿਆ। ਸਵਾਰੀ ਹੈਰਾਨ ਹੋਈ ਵੇਖਦੀ ਰਹਿ ਗਈ।
-ਕਿੰਨ੍ਹਾਂ ਦਾ ਛੋਹਰ ਐ? ਸਵਾਰੀ ਨੇ ਖੀਸੇ ਵਿੱਚੋਂ ਆਨਾ ਕੱਢਣ ਲਈ ਪਾਇਆ ਹੱਥ ਬਾਹਰ ਕੱਢਦਿਆਂ ਪੁੱਛਿਆ।
      -ਉਹ ਮੋਜੂਦੀਨ ਦਾ ਛੋਹਰ ਐ ਰੁਲਦੂ।
      -‘ਕਿਹੜੇ ਮੋਜੂਦੀਨ ਦਾ?’
      -ਕਿੰਨੇ ਕੁ ਮੋਜੂਦੀਨ ਐ ਖੋਟਿਆਂ ਦੇ? ਪਹਿਲਾ ਉਸ ਦੀ ਜਾਣਕਾਰੀ ਉਪਰ ਹੈਰਾਨ ਹੋਇਆ। ਫਿਰ ਦੱਸਿਆ ‘ਹੁਸ਼ਿਆਰਪੁਰ ਵੱਲਂੋ ਸੰਦੜ-ਧੂਤਾਂ ਤਂੋ ਨ੍ਹੀ ਆਇਆ, ਮੁਸਲਮਾਨਾਂ ਦਾ ਟੱਬਰ।’
       -ਜਿਨ੍ਹਾਂ ਦਾ ਕੋਹਲੂ ਲਾਇਐ?
       -ਹਾਂ ਓਹੀ। ਜਿਹੜੇ ਪਲੇਗ ਦੀ ਬਿਮਾਰੀ ਪਿੱਛੋਂ ਏਧਰ ਆਏ।
       -ਫੇਰ ਸਿੱਧੀ ਆਖ ਨਾ ਮੋਜੂਦੀਨ ਤੇਲੀ ਦਾ ਛੋਹਰ ਐ। ੳਂੂ ਹਿੰਮਤੀ ਐ ਬਈ ਗੰਜਾ ਜਿਹਾ। ਘੋੜੇ ਦੇ ਨਾਲ ਈ ਘੋੜਾ ਬਣਿਆ ਆਇਆ। ਆਪਣੇ ਛੋਹਰ ਤਾਂ ੳਂੂ  ਈਂ ਡਰ ਜਾਣ।
         ਮੁੰਡਾ ਸਾਹ ਸਾਂਵਾਂ ਕਰਦਾ, ਤਾਂਗੇ ਨਾਲੋਂ ਘੋੜਾ ਖੋਲ੍ਹ ਰਹੇ ਕਾਲੂ ਕੋਲ ਜਾ ਖਲੋਤਾ।
       -‘ਦੋ ਆਨ ਬਚਾ ਲਏ ਗਾਧੀਂ ਸਿਰਿਆ। ਕਾਲੂ ਹੱਸਿਆ।
       -ਚਾਚਾ ਉਏ, ਮੁੜਂੇਗਾ ਕਦੋਂ। ਮੁੰਡੇ ਨੇ ਕਾਲੂ ਦੀ ਗੱਲ ਅਣਗੌਲੀ ਕਰਦਿਆਂ ਪੁੱਛਿਆ
       -ਤੂੰ ਫੇਰ ਉਏ ਆਖਦੈਂ ਗੰਜਿਆ।
       -ਨਾਲ ਚਾਚਾ ਵੀ ਤਾਂ ਕਿਹੈ।
     ਕਾਲੂ ਨੇ ਕੋਲ ਖਲੋਤੇ ਬਰੋਟੇ ਦੀ ਛਾਂ ਵਿਖਾਉਦਿਆਂ ਕਿਹਾ, ‘ਆਹ ਛਾਂ ਜਦੋਂ ਦੂਜੇ ਪਾਸੇ ਚਲੀ ਗਈ ਉਦੋਂ ਮੁੜਨੈ।’ 
     ਮੁੰਡਾ ਬਾਜ਼ਾਰ ਦੀ ਭੀੜ ਵਿੱਚ ਜਾ ਵੜਿਆ। 
      ਦਿਨ ਭਰ ਉਹ ਬਾਘੇ ਪੁਰਾਣੇ ਦੇ ਬਾਜ਼ਾਰ ਦੀ ਰੌਣਕ ਵੇਖਦਾ ਰਿਹਾ। ਭੁੱਖਾ-ਭਾਣਾ, ਖਾਲੀ ਬੋਝਾ, ਨੰਗੇ ਪੈਰ। ਬਸ ਸ਼ਹਿਰ ਵੇਖਣ ਦਾ ਚਾਅ ਈ ਤਾਂਗੇ ਮਗਰ ਭਜਾਈ ਲਈ ਆਇਆ।
     ਆਥਣ ਵੇਲੇ ਵੀ ਉਹ ਉਵੇਂ ਹੀ ਤਾਂਗੇ ਦੀ ਰਫਤਾਰ ਨਾਲ ਪਿੰਡ ਪੁੱਜ ਗਿਆ।
    ਕਿਥਂੋ ਆਇਅਂੈ ਰੁਲਦੂ-ਵੱਡਿਆ ਸਵੇਰ ਦਾ ਗਿਅਂੈ।’ ਮਿੱਟੀ ਘੱਟੇ ਨਾਲ ਲਿੱਬੜੇ ਪੈਰ ਵੇਖ ਕੇ ਮਾਂ ਨੇ ਪੁੱਛਿਆ।
       -ਮਾਂ ਭੁੱਖ ਲੱਗੀ ਐ ਬਾਹਲੀ, ਰੱਬ ਦੀ ਸਂੌਹ। ਰੁਲਦੂ ਨੇ ਆਪਣੇ ਅੰਦਰ ਵੜੇ ਢਿੱਡ ਉਪਰ ਦੋਵੇਂ ਹੱਥ ਰੱਖਦਿਆਂ ਕਿਹਾ।
        ਮਾਂ ਖਿਝੀ ਪਈ ਸੀ, ਸਵੇਰ ਦੀ ਉਹ ਮੁਹੰਮਦੇ ਨੂੰ ਤੇ ਆਂਢ-ਗੁਆਂਢ ਨੂੰ ਕਈ ਵਾਰ ਪੁੱਛ ਚੁੱਕੀ ਸੀ।… ‘ਰੁਲਦੂ ਕਿੱਧਰ ਗਿਆ? ਕਿਸੇ ਨੇ ਵੇਖਿਆ ਹੋਵੇ ਤਾਂ ਦੱਸੋ। ਬੱਕਰੀਆਂ ਵਾਲੇ ਰੋਡੂ ਨੇ ਇੰਨ੍ਹਾ ਕੁ ਦੱਸਿਆ ਸੀ… ‘ਸਵੇਰੇ ਤਾਂਗਿਆਂ ਦੇ ਅੱਡੇ ’ਚ ਖੜਾ ਵੇਖਿਆ।
ਫੇਰ ਪਤਾ ਨ੍ਹੀ’
        ਮਾਂ ਨੇ ਮਨ ਹੀ ਮਨ ਅਨੇਕਾਂ ਵਾਰੀ ਕੋਸਿਆ, ‘ਜਾਏ ਖਾਣੇ ਦਾ ਹੈ ਵੀ ਰੁਲਦੂ ਤੇ ਨਾਂਅ ਵੀ ਰੁਲਦੂ।’
       ਰੁਲਦੂ ਨੇ ਸੁੱਕੇ ਬੁੱਲ੍ਹਾਂ ੳੁੱਪਰ ਜੀਭ ਫੇਰਦਿਆਂ ਫਿਰ ਕਿਹਾ, ‘ਮਾਂ ਕੋਈ ਰੋਟੀ ਪਈ ਇੱਕ ਅੱਧੀ ਤਾਂ ਦੇਹ ਨਾ।
       -ਮੈਨੂੰ ਖਾ ਲਾ। ਮਾਂ ਝਈ ਲੈ ਕੇ ਪਈ। 
       ਰੁਲਦੂ ਡਰ ਗਿਆ। ਕੁਝ ਦੇਰ ਉਵੇਂ ਦੋਹਾਂ ਹੱਥਾਂ ਨਾਲ ਢਿੱਡ ਦਬਾਈ ਖਲੋਤਾ ਰਿਹਾ। ਫਿਰ ਪਾਣੀ ਦੇ ਘੜੇ ਵੱਲ ਅਹੁਲਿਆ। ਉਸ ਨੂੰ ਸਮਝ ਆ ਗਈ, ਰੋਟੀ ਤਾਂ ਹੁਣ ਰਾਤ ਵੇਲੇ ਹੀ ਮਿਲੂ। ਬਾਘੇ ਪੁਰਾਣੇ ਦੇ ਬਾਜ਼ਾਰ ਵਿੱਚ ਇੱਕ ਹਲਵਾਈ ਦੀ ਦੁਕਾਨ ਅੰਦਰ ਵੇਖੇ ਲੱਡੂ, ਜਲੇਬੀਆਂ ਤੇ ਪਕੌੜਿਆਂ ਬਾਰੇ ਸੋਚਦਾ, ਉਹ ਦੋ ਬਾਟੀਆਂ ਪਾਣੀ ਦੀਆਂ ਪੀ ਗਿਆ ਤੇ ਸਿਰ ਖੁਰਕਦਾ ਇੱਕ ਪਾਸੇ ਪਈ ਢਿੱਲੀ ਜਿਹੀ ਮੰਜੀ ੳੁੱਪਰ ਜਾ ਲੇਟਿਆ। ਅੱਖਾਂ ਬੰਦ ਕਰ ਲਈਆਂ। ਹਲਵਾਈ ਦੀ ਦੁਕਾਨ  ਵਿੱਚ ਸਜਾਏ ਮਠਿਆਈਆਂ ਦੇ ਥਾਲ ਫਿਰ ਦਿਸੇ। ਭੁੱਖ ਹੋਰ ਤੰਗ ਕਰਨ ਲੱਗੀ ਤਾਂ ਘਬਰਾਂ ਕੇ ਅੱਖਾਂ ਖੋਲ੍ਹ ਲਈਆਂ।
     ਉਦਂੋ ਨਾ ਮਾਂ ਨੂੰ ਇਲਮ ਸੀ, ਨਾ ਤਾਂਗੇ ਵਾਲੇ ਕਾਲੂ ਨੂੰ ਇਲਮ ਸੀ, ਨਾ ਰੋਡੂ ਬੱਕਰੀਆਂ ਵਾਲਾ ਜਾਣਦਾ ਸੀ। ਢਿੱਲੀ ਮੰਜੀ ੳੁੱਪਰ ਦੋਹਾਂ ਹੱਥਾਂ ਨਾਲ ਢਿੱਡ ਨੱਪੀ ਪਿਆ, ਜਾਂ ਤਾਂਗੇ ਦੇ ਮਗਰ-ਮਗਰ ਨੰਗੇ ਪੈਰੀ ਦੌੜਨ ਨਾਲ ਇਹ ਮੁੰਡਾ ਕਿਸੇ ਦਿਨ ਗਰੀਬਾਂ ਦੀ ਭੁੱਖ ਨੂੰ ਦੂਰ ਕਰਨ ਲਈ ਲੜੇਗਾ ਹੀ ਨਹੀਂ, ਕੌਮੀ ਪੱਧਰ ਦਾ ਆਗੂ ਕਾਮਰੇਡ ਰੁਲਦੂ ਖਾਨ ਬਣੇਗਾ ਅਤੇ ਗਰੀਬ ਕਿਸਾਨਾਂ, ਖੇਤ ਮਜ਼ਦੂਰਾਂ ਅਤੇ ਦੱਬੇ-ਕੁਚਲੇ ਲੋਕਾਂ ਦਾ ਮਸੀਹਾ ਹੋ ਨਿਬੜੇਗਾ।                       
 (ਕਾਮਰੇਡ ਰੁਲਦੂ ਖਾਨ ਦੀ ਜ਼ਿੰਦਗੀ ’ਤੇ ਅਧਾਰਿਤ ਛਪ ਰਹੇ ਨਾਵਲ ‘ਮੈਂ ਪਾਕਿਸਤਾਨ ਨਹੀਂ ਜਾਣਾ’ ਚੋਂ ਇੱਕ ਕਾਂਡ)

No comments:

Post a Comment