“ਸਭ ਕਿਸੇ ਲਈ ਉਤਸਾਹਿਤ ਕਰਨ ਵਾਲਾ ਆਦਰਸ਼, ਉਦੇਸ਼ ਲਈ ਮਰਨਾ ਨਾ ਹੋ ਕੇ, ਉਦੇਸ਼ ਲਈ ਜਿਉਣਾ ਹੋਣਾ ਚਾਹੀਦਾ ਹੈ” ਭਗਤ ਸਿੰਘ

Monday, April 23, 2012

ਕਵੀ ਨੂੰ.......ਭਾਨ ਸਿੰਘ ਭੌਰਾ


                                                                                                                                       ਭਵਿੱਖ ਮੈਗਜ਼ੀਨ ਦੇ ਅੰਕ ਮਾਰਚ-ਅਪ੍ਰੈਲ 2012 ਵਿਚੋਂ
ਕਵੀਆ ! ਅਗੇਰੇ ਹੋਰ ਚਲ
ਭਾਨ ਸਿੰਘ ਭੌਰਾ 

ਮੁੱਢੋਂ ਹੀ ਗਾਉਂਦਾ ਆਇਆਂ,
ਪਿਆਰਾਂ ਦੇ ਗੀਤ ਲੈ ਕੇ।
ਸੱਚ ਨੂੰ ਠੁਕਰਾਉਂਦਾ ਆਇਆਂ
ਦੁਨੀਆਂ ਦੀ ਰੀਤ ਲੈ ਕੇ।
ਇਸ ਤੋਂ ਉਚੇਰੇ ਤੱਕ,
ਜ਼ਰਾ ਪਰੇਰੇ ਤੱਕ    
ਬੜਾ ਕੁਝ ਕਰਨਾ ਹੈ ਤੂੰ
ਕੁਝ ਵੀ ਨਹੀਂ ਅਜੇ ਕੀਤਾ
ਐਵੇਂ ਫੁਲ-ਫੁਲ ਨਾ ਬੈਠ
ਮੁੱਠੀ ਭਰ ਲੋਕਾਂ ਦੇ ਹੀ
ਘੁੰਮਦਾ ਤੂੰ ਰਿਹਾ ਦੁਆਲੇ,
ਖਿਆਲੀ ਪ੍ਰੀਤ ਲੈ ਕੇ।
ਸੜਕਾਂ ਤੋਂ ਲੱਭ ਸੱਸੀਆਂ
ਨਾ ਤੂੰ ‘ਭੰਬੋਰ’ ਚਲ।
ਕਵੀਆ ! ਅਗੇਰੇ ਹੋਰ ਚਲ।
ਸਮੱਸਿਆ ਨਹੀਂ ਤੈਨੂੰ ਲੱਭਦੀ
ਬਾਹਰ ਆ ਕੇ ਤਾਂ ਦੇਖ
ਵਿਕਦਾ ਹੈ ਹਾਸਾ, ਜਿੰਦਗੀ
ਹੱਟਾਂ ‘ਤੇ ਜਾ ਕੇ ਦੇਖ
ਵਜਦਾ ਜਦ ਘੁੱਗੂ ਮਿੱਲ ਦਾ
ਵਿੰਨੇ ਸੁਟ ਟੋਟਾ ਦਿਲ ਦਾ
ਪੋਹ ਜਾਂ ਮਾਘ ਮਹੀਨਾ
ਜੰਮਿਆਂ ਹੈ ਕੱਕਰ ਬੇਸ਼ੱਕ
ਪੈਰ ਵੀ ਪੂਰੇ ਨੰਗੇ
ਕਿਸੇ ਤੇ ਰੋਸ ਕੋਈ ਨਾ
ਰੋਂਦੀ ਤਰੇਲ ਕਿਵੇਂ
ਜ਼ਰਾ ਖੜੋ ਕੇ ਦੇਖ
ਧੜਕਣਾਂ ਮਾਂ ਦੀਆਂ ਵਿਲਕਣ
ਲੰਘਦੇ ਅਨੇਕਾਂ ਕਹਿਕੇ
“ਰੋਂਦਾ ਪਠੋਰ ਚਲ”
ਕਵੀਆ ! ਅਗੇਰੇ ਹੋਰ ਚਲ।
ਜੋੜਦੇ ਟੁਟੀਆਂ ਤਾਰਾਂ
ਟੁਣਕਾਦੇ ਕੋਈ ਗੀਤ ਇਲਾਹੀ
ਰਹਿਬਰ ਬਣ ਰਾਹ ਵਿਖਾ ਦੇ
ਭਟਕੇ ਜੋ ਫਿਰਦੇ ਰਾਹੀ
ਵਾ ਵਿੱਚ ਰਾਗ ਘੋਲਦੇ
ਸੁੱਤਿਆਂ ਦੀ ਜਾਗ ਖੋਲਦੇ
ਅਣੂਆਂ ਨੂੰ ਮਸਤੀ ਦੇ ਤੂੰ
ਝੂਲਣ ਲਟਬੋਰੇ ਹੋ ਕੇ
ਬਿਜਲੀ ਜਿਉਂ ਕਦਮ ਉਠਾ ਕੇ
ਹਨੇਰੇ ਨੂੰ ਚੁਗਦਾ ਚਲ
ਅਣਖ ਨੂੰ ਝੂਣ ਜਗਾ ਦੇ
ਜ਼ਾਲਮ ਗਲ ਪਾਦੇ ਫਾਹੀ
ਮੰਜ਼ਿਲ ਨੂੰ ਉੱਜਲ ਕਰਦੇ
ਮਿਟਾਂਦਾ ਅੰਧਕੋਰ ਚਲ
ਕਵੀਆ ! ਅਗੇਰੇ ਹੋਰ ਚਲ।
ਲਿਸ਼ਕਾ ਕੇ ਖਿਆਲ ਆਪਣੇ
ਚੁੰਧਿਆਦੇ ਸਮਾਜੀ ਅੱਖਾਂ
ਠੁਕਰਾ ਕੇ (ਇਹ) ਸਾਮਰਾਜੀ
ਮਜ਼ਲੂਮ ਕਰ ਰਾਜੀ ਲੱਖਾਂ
ਚਲਦੇ ਦਾ ਨਾਜ਼ ਤੂੰ ਏਂ
ਭਵਿੱਖਾਂ ਦਾ ਰਾਜ ਤੂੰ ਏਂ
ਝਵਾਲਾ ਤੂੰ ਕਲਮ ਬਣਾ ਕੇ
ਭੜਕਾ ਤੂੰ ਕੋਈ ਲਾਵਾ ਐਸਾ
ਕੰਬ ਉੱਠੇ ਪਰਬਤ ਦੀ ਚੋਟੀ
ਗਰਜਣ ਪਏ ਪੱਥਰਾਂ ਚੋਂ ਪੱਥਰ
ਹੀਰਾਂ ਨੂੰ ਪਾਠ ਪੜ੍ਹਾਦੇ
ਠਕਰਾਵਣ ਫੜ ਕਾਜੀ ਲੱਖਾਂ
ਸੱਚ ਦਾ ਚੁੱਕ ਫਰੇਰਾ
ਪਾਉਂਦਾ ਤੂੰ ਸ਼ੋਰ ਚਲ
ਕਵੀਆ ! ਅਗੇਰੇ ਹੋਰ ਚਲ।
ਲੱਖਾਂ ਹੀ ਜਹਿਰੀ ਕੰਡੇ
ਮੱਲਣਗੇ ਮਾਰਗ ਤੇਰਾ
‘ਬਾਗੀ’ ਦੇ ਫਤਵੇ ਦੇ ਕੇ
ਕਲੰਕਤ ਕਰ ਦੇਣ ਚੁਫੇਰਾ
ਪਰ ਨਾ ਤੂੰ ਭੁੱਲ ਟੀਚਾ
ਦਿਖਾਦੇ ਸਭ ਨੂੰ ਨੀਚਾ
ਬੰਦਿਆਂ ਦਾ ਖੁਨ ਪੀ ਕੇ
ਪਲਦੇ ਜੋ ਰਹੇ ਲੁਟੇਰੇ
ਬੰਬਾਂ ਨੂੰ ਸਾਂਭਣ ਵਾਲੇ
ਜੜ੍ਹਾਂ ਤੋਂ ਪੁੱਟ ਦਿਖਾਦੇ
ਲੋਕਾਂ ਦੀ ਜਿੱਤ ਹੈ ਹੋਣੀ
ਆਪਣੇ ਸਿਰ ਲੈ ਲੈ ਸਿਹਰਾ
‘ਭੌਰਾ’ ਵਰਸਾ ਕੇ ਮਦਰਾ
ਵੰਡਦਾ ਤੂੰ ਲੋਰ ਚਲ
ਕਵੀਆ ! ਅਗੇਰੇ ਹੋਰ ਚਲ

No comments:

Post a Comment