ਭਵਿੱਖ ਮੈਗਜ਼ੀਨ ਦੇ ਅੰਕ ਮਾਰਚ-ਅਪ੍ਰੈਲ 2012 ਵਿਚੋਂ
ਜਗਦੀਸ਼ ਧਰਮੂਵਾਲਾ |
ਇਕ ਵਰ੍ਹਾ ਪਹਿਲਾਂ 3 ਫਰਵਰੀ 2011 ਦੀ ਸਵੇਰ ਜਦੋਂ ਸਾਥੀ ਜਗਦੀਸ਼ ਧਰਮੂਵਾਲਾ ਅਪਣੇ ਘਰੇਲੂ ਕੰਮ ਲਈ ਮੋਟਰਸਾਇਕਲ ’ਤੇ ਜਾ ਰਿਹਾ ਸੀ ਤਾਂ ਇਕ ਦਰਦਨਾਕ ਹਾਦਸੇ ਨੇ ਉਸ ਨੂੰ ਸਾਡੇ ਤੋਂ ਸਦਾ ਲਈ ਵਿਛੋੜ ਦਿੱਤਾ। ਉਹ ਆਪਣੇ ਘਰੇਲੂ ਕੰਮ ਨੂੰ ਜਲਦੀ ਮੁਕਾ ਕੇ ਨਰੇਗਾ ਕਾਮਿਆਂ ਨੂੰ ਸੰਬੋਧਨ ਕਰਨ ਦੇ ਨਾਲ-ਨਾਲ ਮੰਡੀ ਲਾਧੂਕਾ ਵਿਖੇ ਰੇਹੜੀ ਫੜੀ ਵਾਲਿਆਂ ਦਾ ਕੋਈ ਫੈਸਲਾ ਕਰਵਾਉਣ ਲਈ ਪੰਚਾਇਤ ਵਿਚ ਹਿੱਸਾ ਲੇਣ ਵਾਲਾ ਸੀ। ਉਹ ਅਜੇ ਆਪਣੀ ਇਨਕਲਾਬੀ ਸੋਚ, ਲੋਕਾਂ ਦੇ ਦੁੱਖਾਂ-ਦਰਦਾਂ ਨੂੰ ਦੂਰ ਕਰਨ ਦੀ ਤੜਫ ਅਤੇ ਆਪਣੇ ਦਲੇਰਾਨਾ ਕੰਮਾਂ ਕਰਕੇ ਇਲਕੇ ਵਿਚ ਦਿਨੋ-ਦਿਨ ਹਰਮਨ ਪਿਆਰਤਾ ਪ੍ਰਾਪਤ ਕਰਦਿਆਂ ਇਕ ਨਿਧੱੜਕ, ਪਰਿਪੱਕ ਆਗੂ ਦੇ ਰੂਪ ਵਿਚ ੳੁੱਭਰ ਰਿਹਾ ਸੀ।ਸਾਥੀ ਜਗਦੀਸ਼ ਸੂਰਤ ਅਤੇ ਸੀਰਤ ਵਰਗੇ ਮਾਨਵੀ ਗੁਣਾ ਨਾਲ ਭਰਪੂਰ ਸੀ।ਸਾਥੀ ਜਗਦੀਸ਼ ਛੋਟੀ ਕਿਸਾਨੀ ਦੇ ਪਰਿਵਾਰ ਵਿਚੋਂ ਸੀ, ਪਰ ਉਹ ਕਿਸਾਨਾਂ, ਮਜਦੂਰਾਂ ਅਤੇ ਦੁਕਾਨਦਾਰਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਹਰ ਵੇਲੇ ਸੰਘਰਸ਼ ਕਰਨ ਲਈ ਉਤਾਵਲਾ ਰਹਿੰਦਾ ਸੀ।ਉਸ ਦੇ ਪਰਿਵਾਰ ਨੇ ਵੀ ਉਸ ਨੂੰ ਅਜਿਹੇ ਕੰਮਾਂ ਵਿਚ ਭਰਪੂਰ ਸਹਿਯੋਗ ਦਿੱਤਾ। ਬਾਪ ਦਾ ਸਾਇਆ ਸਿਰ ਤੋਂ ਉਠ ਜਾਣ ਕਰਕੇ ਸਿਰਫ 10ਵੀਂ ਦੀ ਪੜ੍ਹਾਈ ਤੋਂ ਬਾਅਦ ਘਰ ਦੀ ਅਰਥਿਕਤਾ ਵਿਚ ਸਹਿਯਯੋਗ ਪਾਉਣ ਲਈ ਕਾਮਰੇਡ ਜਗਦੀਸ਼ ਨੇ ਮੰਡੀ ਲਾਧੂਕਾ ਵਿਚ ਕੱਪੜੇ ਸਿਊਣ (ਦਰਜੀ) ਦਾ ਕੰਮ ਸ਼ੁਰੂ ਕੀਤਾ।
ਇਸ ਦੇ ਨਾਲ-ਨਾਲ ਉਹਦੇ ਮਨ ਵਿਚ ਸਾਡੇ ਸਮਾਜ ਨੂੰ ਘੁਣ ਵਾਂਗ ਖਾ ਰਹੀਆਂ ਸਮਾਜਕ ਬੁਰਾਈਆਂ ਨੂੰ ਦੂਰ ਕਰਨ ਦੀ ਹਸਰਤ ਅੰਗੜਾਈ ਲੈ ਰਹੀ ਸੀ।ਇਹਨਾਂ ਸਮਾਜਕ ਬੁਰਾਈਆਂ ਦੇ ਵਿਗਿਆਨਕ ਹੱਲ ਲਈ ਉਸ ਵੇਲੇ ਮੰਡੀ ਲਾਧੂਕਾ ਵਿਖੇ ਕੁਝ ਅਗਾਂਹਵਧੂ ਸਮਾਜਕ ਆਗੂਆਂ ਵੱਲੋਂ ਬਣਾਈ ਤਰਕਸ਼ੀਲ ਸੋਸਾਇਟੀ ਦਾ ਮੈਂਬਰ ਬਣ ਗਿਆ। ਤਰਕਸ਼ੀਲ ਸੋਸਾਇਟੀ ਵਿਚ ਕੰਮ ਕਰਦਿਆਂ ਜਗਦੀਸ਼ ਨੇ ਵਿਗਿਆਨਕ ਤਰਕਸ਼ੀਲ ਟਰਿੱਕਾਂ ਰਾਹੀਂ ਅੰਧ-ਵਿਸ਼ਵਾਸਾਂ ਖਿਲਾਫ ਪ੍ਰਚਾਰ ਕਰ ਸਮਾਜ ਨੂੰ ਜਾਗਰੂਕ ਕੀਤਾ। ਇਸੇ ਦਰਮਿਆਨ ਹੀ ਜਗਦੀਸ਼ ਦਾ 1999 ਵਿਚ ਕਾਮਰੇਡ ਹੰਸ ਰਾਜ ਗੋਲਡਨ ਨਾਲ ਮਿਲਾਪ ਹੋਇਆ। ਕਾਮਰੇਡ ਗੋਲਡਨ ਉਸ ਵੇਲੇ ਪੰਜਾਬ ਵਿਚ ਨੌਜਵਾਨਾਂ ਅਤੇ ਵਿਦਿਆਰਥੀਆਂ ਵੱਲੋਂ ਲੋਕ ਮਸਲਿਆਂ ਦੇ ਮੁਕੰਮਲ ਹੱਲ ਲਈ ਚਾਲਈ ਰੁਜ਼ਗਾਰ ਪ੍ਰਪਾਤੀ ਚੇਤਨਾ ਮੁਹਿੰਮ ਦੀ ਫਿਰੋਜਪੁਰ ਜਿਲ੍ਹੇ ਵਿਚ ਅਗਵਾਈ ਕਰ ਰਹੇ ਸਨ। ਮੁਹਿੰਮ ਵੱਲੋਂ ਤਿਆਰ ਪੰਜ ਮੰਗਾਂ ਦੇ ਪ੍ਰੋਗਰਾਮ ਨੂੰ ਲੈ ਕੇ ਪਿੰਡਾਂ ਵਿਚ ਮੀਟਿੰਗਾਂ ਲਗਾ ਕੇ ਬੇਰੁਜਗਾਰ ਫਿਰ ਰਹੇ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਚੇਤਨ ਕਰਦੇ ਅਤੇ ਪਿੰਡਾਂ ਵਿਚ ਵਿਚੋਂ ਚੁਣੇ ਨੌਜਵਾਨ ਆਗੂਆਂ ਨੂੰ ਸਿਧਾਂਤਕ ਸੇਧ ਦੇਣ ਲਈ ਮੰਡੀ ਲਾਧੂਕਾ ਵਿਖੇ ਸਿਧਾਂਤਕ ਸਕੂਲਾਂ ਦਾ ਪ੍ਰਬੰਧ ਕੀਤਾ ਜਾਂਦਾ, ਰਾਤ ਰਾਤ ਭਰ ਕਲਾਸਾਂ ਚਲਦੀਆਂ ਅਤੇ ਨਵੇਂ ਭਰਤੀ ਕੀਤੇ ਨੌਜਵਾਨਾਂ ਨੂੰ ਬੁਲਰੇ ਬਣਾਉਣ ਦੀ ਟ੍ਰੇਨਿੰਗ ਦਿੱਤੀ ਜਾਂਦੀ।
ਜਗਦੀਸ਼ ਧਰਮੂਵਾਲਾ ਦੀ ਪਹਿਲੀ ਬਰਸ਼ੀ ਮੋਕੇ ਦੀ ਤਸਵੀਰ |
ਸਾਥੀ ਜਗਦੀਸ਼ ਨੇ ਇਹਨਾਂ ਸਿਧਾਂਤਕ ਸਕੂਲਾਂ ਅਤੇ ਟ੍ਰੇਨਿੰਗ ਕੈਪਾਂ ਵਿਚ ਉਤਸਾਹ ਨਾਲ ਹਿੱਸਾ ਲੈ ਕੇ ਇਕ ਚੰਗੇ ਬੁਲਾਰੇ ਦੇ ਗੁਣ ਸਿੱਖੇ ਅਤੇ ਮੁਹਿੰਮ ਤੇ ਪ੍ਰੋਗਰਾਮ ਨੂੰ ਚੰਗੀ ਤਰ੍ਹਾਂ ਆਪਣੇ ਦਿਮਾਗ ਦਾ ਹਿੱਸਾ ਬਣਾ ਕੇ ਲੋਕਾਂ ਵਿਚ ਪ੍ਰਚਾਰਨ ਦਾ ਕੰਮ ਆਰੰਭ ਦਿੱਤਾ।ਜਗਦੀਸ਼ ਸਮਾਂ ਮਿਲਣ ’ਤੇ ਸਥਾਨਕ ਅਤੇ ਕੌਮਾਂਤਰੀ ਪੱਧਰ ਦਾ ਇਨਕਲਾਬੀ ਅਤੇ ਸਮਾਜਕ ਸਾਹਿਤ ਨੂੰ ਪੜ੍ਹਨਾ ਨਹੀਂ ਸੀ ਭੁੱਲਦਾ। ਸਥਾਨਕ ਅਤੇ ਦੁਨੀਆਂ ਪੱਧਰ ਤੇ ਵਾਪਰ ਰਹੀਆਂ ਘਟਨਾਵਾਂ ਤੇ ਨਿਗ੍ਹਾ ਰੱਖ ਕੇ, ਉਹਦੀ ਸਿਧਾਂਤਕ ਪੜਚੋਲ ਕਰਕੇ, ਆਗੂ ਟੀਮ ਨਾਲ ਸਾਂਝਾ ਕਰਨਾ ਉਹਦਾ ਵਿਸ਼ੇਸ਼ ਗੁਣ ਸੀ। ਉਹਦੇ ਭਾਸ਼ਨ ਹਮੇਸ਼ਾਂ ਜੋਸ਼ੀਲੇ ਅਤੇ ਸਿਧਾਂਤਕ ਹੁੰਦੇ, ਜੋ ਸੁਣਨ ਵਾਲਿਆਂ ਵਿਚ ਉਤਸ਼ਾਹ ਭਰਦੇ। ਉਹ ਆਪਣੀ ਤਕਰੀਰ ਵਿਚ ਦੁਨੀਆਂ ਦੇ ਕਿਊਬਾ, ਵੈਂਜੂਏਲਾ, ਵੀਅਤਨਾਮ ਆਦਿ ਵਰਗੇ ਸਮਾਜਵਾਦੀ ਪ੍ਰਬੰਧ ਵੱਲ ਵਧ ਰਹੇ ਦੇਸ਼ਾਂ ਦਾ ਜਿਕਰ ਕਰਦਾ ਅਤੇ ਉਹਨਾਂ ਤੋਂ ਸੇਧ ਲੈ ਕੇ ਭਾਰਤ ਵਿਚ ਵੀ ਅਜਿਹਾ ਪ੍ਰਬੰਧ ਸਿਰਜਣ ਦੀ ਲੋੜ ’ਤੇ ਜੋਰ ਦਿੰਦਾ ਸੀ । ਕਾਰਲ ਮਾਰਕਸ, ਲੈਨਿਨ, ਪਰਮਗੁਣੀ ਭਰਤ ਸਿੰਘ, ਚੀ ਗੁਵੇਰਾ, ਸ਼ਹੀਦ ਊਧਮ ਸਿੰਘ, ਕਰਤਾਰ ਸਿੰਘ ਸਰਾਭਾ ਉਹਦੇ ਪ੍ਰੇਰਣਾ ਸਰੋਤ ਸੀ ਅਤੇ ਉਹਨਾਂ ਦੀ ਵਿਚਾਰਧਾਰਾ ਦਾ ਬੜੇ ਮਾਣ ਨਾਲ ਪ੍ਰਚਾਰ ਕਰਦਾ ਸੀ।
ਰੁਜ਼ਗਾਰ ਪ੍ਰਾਪਤੀ ਮੁਹਿੰਮ ਸ਼ਹੀਦਾਂ ਦੀ ਵਿਚਾਰਧਾਰਾ ਨੂੰ ਪ੍ਰਣਾਈ ਇਕ ਲਹਿਰ ਹੈ ਅਤੇ ਜਿਹੜੀ ਮਹਾਨ ਸ਼ਹੀਦਾਂ ਦੇ ਪਾਏ ਪੂਰਨਿਆਂ ’ਤੇ ਚੱਲ ਕੇ ਸਮਾਜ ਵਿਚ ਫੈਲੀਆਂ ਵਿਆਪਕ ਸਮੱਸਿਆਂਵਾਂ ਦਾ ਸਥਾਈ ਹੱਲ ਕਰਨਾ ਚਹੁੰਦੀ ਹੈ। ਇਸ ਰੋਸ਼ਨੀ ਵਿਚ ਹੀ ਸਾਰਾ ਸਾਲ ਰੁਜ਼ਗਾਰ ਪ੍ਰਾਪਤੀ ਮੁਹਿੰਮ ਵੱਲੋਂ ਸ਼ਹੀਦਾਂ ਦੇ ਨਾਂਅ ਦੇ ਜਨਮ ਦਿਹੜੇ ਅਤੇ ਸ਼ਹੀਦੀ ਦਿਨ ’ਤੇ ਰੈਲੀਆਂ, ਇਨਕਲਾਬੀ ਸੱਭਿਆਚਾਰਕ ਸਮਾਗਮ, ਵਿਚਾਰਧਾਰਕ ਕੈਂਪ ਅਤੇ ਸੈਮੀਨਾਰ ਲਗਾ ਕੇ ਪ੍ਰਚਾਰ ਕਰਨ ਦੀ ਲੜੀ ਤੋਰੀ ਹੈ, ਜਿਹਦੇ ਵਿਚ 28 ਸਤੰਬਰ ਪਰਮਗੁਣੀ ਭਰਤ ਸਿੰਘ ਦਿਨ ਤੇ ਬਾਵਰਦੀ ਵਲੰਟੀਅਰ ਮਾਰਚ ਵਿਲੱਖਣ ਪ੍ਰੋਗਰਾਮ ਹੈ। ਸਾਥੀ ਜਗਦੀਸ਼ ਨੇ ਇਸ ਵਿਲੱਖਣ ਮਾਰਚ ਦੀ ਤਿਆਰੀ ਲਈ ਦਿਨ-ਰਾਤ ਇਕ ਕਰਕੇ ਸੈਂਕੜੇ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਬਾਵਰਦੀ ਵਲੰਟੀਅਰ ਤਿਆਰ ਕਰਕੇ ਮਾਰਚ ਵਿਚ ਸਮੂਲੀਅਤ ਕਰਵਾਈ। ਸਾਥੀ ਜਗਦੀਸ਼ ਵੱਲੋਂ ਤਿਆਰ ਕੀਤੀ ਸਿਧਾਂਤਕ ਆਗੂ ਟੀਮ ਵਿਚੋਂ ਜਗਦੀਸ਼ ਦੀ ਝਲਕ ਪੈਂਦੀ ਹੈ। ਜੱਥੇਬੰਦੀ ਦੇ ਪਰਿਪੱਕ ਆਗੂ ਬਣਨ ਤੋਂ ਬਾਅਦ ਉਹ 2003 ਵਿਚ ਸੀ.ਪੀ.ਆਈ ਪਿੰਡ ਦੀ ਬਰਾਂਚ ਦਾ ਮੈਂਬਰ ਬਣਿਆ ਅਤੇ ਜਲਦੀ ਹੀ ਉਹ ਜਿਲ੍ਹਾ ਕੌਂਸਲ ਦਾ ਮੈਂਬਰ ਬਣ ਗਿਆ। ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨੇ ਕੇਂਦਰ ਸਰਕਾਰ ਵੱਲੋਂ ਬਣਾਏ ਨਰੇਗਾ ਕਾਨੂੰਨ ਸਿੱਧੇ ਮੂੰਹ ਲਾਗੂ ਨਾ ਕਰਨ ਲਈ ਹਜਾਰਾਂ ਅੜਿੱਕੇ ਡਾਹੇ ਹਨ। ਲਹਿਰ ਦੀ ਸੂਬਾਈ ਲੀਡਰਸ਼ਿਪ ਨੇ ਨਰੇਗਾ ਰੁਜ਼ਗਾਰ ਪ੍ਰਾਪਤ ਮਜਦੂਰ ਯੂਨੀਅਨ ਬਣਾ ਕੇ ਨਰੇਗਾ ਕਨੂੰਨ ਮੁਕੰਮਲ ਰੂਪ ਵਿਚ ਲਾਗੂ ਕਰਵਾਉਣ ਲਈ ਸੰਘਰਸ਼ ਦਾ ਐਲਾਨ ਕਰ ਦਿੱਤਾ। ਬਾਈ ਜਗਰੂਪ ਨੇ ਇਸ ਤੇ ਸਿਧਾਂਤਕ ਅਤੇ ਕਾਨੂੰਨੀ ਸੇਧ ਦੇ ਕੇ ਨਰੇਗਾ ਕਾਮਿਆਂ ਦੀ ਅਗਵਾਈ ਕਰਨ ਲਈ ਤੋਰਿਆ ਤਾਂ ਕਾਮਰੇਡ ਜਗਦੀਸ਼ ਇਸ ਕੰਮ ਵਿਚ ਗਰਮਜੋਸ਼ੀ ਨਾਲ ਕੁੱਦਿਆ।
ਬਸ ਫਿਰ ਕੀ ਸੀ… ਸਵੇਰੇ ੳੁੱਠ ਕੇ ਪਹਿਲਾਂ ਨਰੇਗਾ ਕਾਮਿਆਂ ਦੀ ਮੀਟਿੰਗ ਕਰਵਾਉਣੀ, ਫਿਰ ਆਪਣਾ ਕੱਪੜੇ ਸਿਲਾਈ ਦਾ ਕੰਮ ਕਰਨ ਜਾਣਾ ਅਤੇ ਸ਼ਾਮ ਨੂੰ ਜਲਦੀ ਕੰਮ ਮੁਕਾ ਕੇ ਇਕੱਲੇ ਹੀ ਰਾਤ ਨੂੰ ਫਿਰ ਕਿਸੇ ਨਾ ਕਿਸੇ ਪਿੰਡ ਨਰੇਗਾ ਮਜ਼ਦੂਰਾਂ ਦੀ ਮੀੇਿਟੰਗ ਕਰਵਾਕੇ ਹੀ ਘਰ ਪਰਤਣਾ ਉਹਦਾ ਨਿਤਨੇਮ ਸੀ। ਜਗਦੀਸ਼ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਜਗਦੀਸ਼ ਘਰ ਦੀ ਘੱਟ ਪਰ ਸਮੁੱਚੇ ਸਮਾਜ ਦੀ ਜਿਆਦਾ ਫਿਕਰ ਕਰਦਾ ਸੀ। ਨਰੇਗਾ ਕਾਮਿਆਂ ਦੀਆਂ ਕੰਮ ਦੀਆਂ ਅਰਜੀਆਂ ਭਰਨ, ਕੰਮ ਦਵਾਉਣ ਲਈ ਜੇਕਰ ਕੋਈ ਦਿੱਕਤ ਆਉਂਦੀ ਤਾਂ ਸੱਦਾ ਆਉਣ ‘ਤੇ ਆਪਣਾ ਕੰਮ ਛੱਡ ਕੇ ਤੁਰੰਤ ਹਾਜ਼ਰ ਹੋ ਜਾਂਦਾ ਸੀ। ਉਹਦੇ ਘਰ ਵਿਚ ਸਵੇਰੇ ਤੋਂ ਸ਼ਾਮ ਤੱਕ ਨਰੇਗਾ ਕਾਮਿਆਂ ਅਤੇ ਲੋੜਵੰਦ ਲੋਕਾਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਸੀ ਨਰੇਗਾ ਕਾਮਿਆਂ ਲਈ ਲੜ ਰਹੇ ਕਾ. ਜਗਦੀਸ਼ ’ਤੇ ਹਾਕਮ ਧਿਰ ਨੇ ਨਜਾਇਜ਼ ਪਰਚਾ ਦਰਜ ਕਰਵਾ ਦਿੱਤਾ ਅਤੇ ਉਸ ਨੂੰ ਥਾਣੇ ਵਿਚ ਵੀ ਬੰਦ ਕੀਤਾ। ਗਿਰਫਤਾਰੀ ਤੋਂ ਬਾਅਦ ਹਜਾਰਾਂ ਨਰੇਗਾ ਮਰਦ-ਔਰਤਾਂ, ਵਿਦਿਆਰਥੀਆਂ ਅਤੇ ਨੌਜਵਾਨਾਂ ਨੇ ਕੁਝ ਹੀ ਘੰਟਿਆਂ ਵਿਚ ਥਾਣਾ ਸਦਰ ਫਾਜਿਲਕਾ ਘੇਰ ਕੇ ਉਸ ਦੀ ਹਰਮਨ ਪਿਆਰਤਾ ਦਾ ਸਬੂਤ ਦਿੱਤਾ।
ਸਾਥੀ ਜਗਦੀਸ਼ ਦਾ ਬੇਵਕਤ ਸਾਡੇ ਤੋਂ ਵਿੱਛੜ ਕੇ ਤੁਰ ਜਾਣਾ ਅਸਹਿ ਹੈ ਅਤੇ ਜਿੱਥੇ ਪਰਿਵਾਰ ਅਤੇ ਇਨਕਲਾਬੀ ਲਹਿਰ ਲਈ ਵੱਡਾ ਘਾਟਾ ਹੈ। ਅੱਜ ਵੀ ਕਿਰਤੀਆਂ, ਕਿਸਾਨਾਂ, ਮੁਲਾਜਮਾਂ, ਵਿਦਿਆਰਥੀਆਂ ਅਤੇ ਨੌਜਵਾਨਾਂ ਲਈ ਲੜੇ ਜਾਂਦੇ ਸੰਘਰਸ਼ਾਂ ਵਿਚ ਉਹਦੀ ਘਾਟ ਹਮੇਸ਼ਾ ਹੀ ਮਹਿਸੂਸ ਹੁੰਦੀ ਹੈ। ਅੱਜ ਜਦੋਂ ਅਸੀਂ ਉਹਨੂੰ ਯਾਦ ਕਰ ਰਹੇ ਹਾਂ ਤਾਂ ਦੂਜੇ ਪਾਸੇ ਬਦਲ ਰਹੀ ਦੁਨੀਆਂ ਵਿੱਚ ਸਰਮਾਏਦਾਰੀ ਪ੍ਰਬੰਧ ਵਿਕਾਸ ਨੂੰ ਜਾਰੀ ਰੱਖ ਸਕਣ ਵਿੱਚ ਬੁਰੀ ਤਰ੍ਹਾਂ ਆਯੋਗ ਸਾਬਿਤ ਹੋ ਰਿਹਾ ਹੈ। ਅਜਿਹੇ ਹਾਲਤਾਂ ਵਿਚ ਸਮਾਜਿਕ ਬਦਲਾਅ ਲਈ ਪਰਿਪੱਕ ਆਗੂਆਂ ਦੀ ਅਹਿਮੀਅਤ ਕਿਤੇ ਜਰੂਰੀ ਹੈ। ਕਾ. ਜਗਦੀਸ਼ ਆਪਣੇ ਪਿੱਛੇ ਅਜਿਹੇ ਪਰਿਪੱਕ ਆਗੂਆਂ ਦੀ ਇਕ ਟੀਮ ਛੱਡ ਕੇ ਗਿਆ ਹੈ। ਸਾਨੂੰ ਸਾਰਿਆਂ ਨੂੰ ਇਸ ਕੰਮ ਨੂੰ ਹੋਰ ਤੇਜ਼ੀ ਨਾਲ ਅੱਗੇ ਤੋਰਨਾ ਹੋਵੇਗਾ। ਇਹ ਹੀ ਸਾਥੀ ਜਗਦੀਸ਼ ਧਰਮੂਵਾਲਾ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
No comments:
Post a Comment