“ਸਭ ਕਿਸੇ ਲਈ ਉਤਸਾਹਿਤ ਕਰਨ ਵਾਲਾ ਆਦਰਸ਼, ਉਦੇਸ਼ ਲਈ ਮਰਨਾ ਨਾ ਹੋ ਕੇ, ਉਦੇਸ਼ ਲਈ ਜਿਉਣਾ ਹੋਣਾ ਚਾਹੀਦਾ ਹੈ” ਭਗਤ ਸਿੰਘ

Monday, April 23, 2012

ਕਿਰਤੀਆਂ ਦੀ ਮੁਕਤੀ ਲਈ ਰਾਹ ਦਰਸੇਵੀ, ਸਮਰੱਥ ਪਰਮਗੁਣੀ ਸਖਸ਼ੀਅਤ- ਲੈਨਿਨ ਨੂੰ ਯਾਦ ਕਰਦਿਆਂ... ਬਲਕਰਨ ਮੋਗਾ


          ਭਵਿੱਖ ਮੈਗਜ਼ੀਨ ਦੇ ਅੰਕ ਮਾਰਚ-ਅਪ੍ਰੈਲ 2012 ਵਿਚੋਂ                                                                                     ਇੱਕ ਫਲਾਸਫਰ, ਮਾਰਕਸਵਾਦ ਦਾ ਮੁਦੱਈ, ਮਾਰਕਸਵਾਦ ਨੂੰ  ਦੁਨੀਆ ਵਿਚ ਸਭ ਤੋਂ ਵਧੇਰੇ ਸਮਝਣ, ਸਮਝਾਉਣ, ਵਾਧਾ ਕਰਨ ਤੇ ਅਮਲ ਵਿਚ ਲਾਗੂ ਕਰਨ ਵਾਲੀ ਸਮਰੱਥ ਪਰਮਗੁਣੀ ਸਖਸ਼ੀਅਤ- ਵਲਾਦੀਮੀਰ ਇਲੀਚ ਉਲੀਆਨੋਵ (ਲੈਨਿਨ) ਦਾ ਜਨਮ 22 ਅਪ੍ਰੈਲ 1870 ਵੋਲਗਾ ਦੇ ਕੰਢੇ ‘ਤੇ ਸਥਿਤ ਸਿਮਬਿਰਸਕ (ਸੂਬੇ) ਵਿਚ ਹੋਇਆ। ਲੈਨਿਨ ਦੀ ਮਾਂ ਮਾਰੀਆ ਅਲੈਕਸਾਂਦਰੋਵਨਾ ਇਕ ਸਕੂਲ ਅਧਿਆਪਕਾ ਸੀ ਅਤੇ ਪਿਤਾ ਇਲੀਆ ਨਿਕੋਲਏ ਉਲੀਆਨੋਵ ਸਰਕਾਰੀ ਸਕੂਲ ਦਾ ਡਾਇਰੈਕਟਰ ਸੀ। ਦੋਂਵੇ ਹੀ ਬਹੁਤ ਸੂਝਵਾਨ ਸਨ । ਲੈਨਿਨ ਦੀ ਵੱਡੀ ਭੈਣ ਅੱਨਾ, ਭਰਾ ਐਲਕਸਾਂਦਰ (ਸਾਸ਼ਾ) ਅਤੇ ਛੋਟੀ ਓਲਗਾ, ਮੀਤਿਆ ਤੇ ਮਾਨਿਆ ਸਨ। ਘਰ ਦੀ ਆਰਥਕਤਾ ਚੰਗੀ ਸੀ। ਪਰ ਅਕਲ ਦਾ ਧਨੀ ਪਰਿਵਾਰ ਸਮੁੱਚਤਾ ਵਿਚ ਜਿਉਂਦਿਆਂ ਆਪਣੀ ਹੋਣੀ ਸਮੁੱਚਤਾ ਨਾਲ ਜੋੜ ਕੇ ਵੇਖਦਾ ਸੀ।ਇਸ ਲਈ ਪਰਿਵਾਰ ਦੀ ਚਿੰਤਾ ਵੀ ਸਮੁੱਚਤਾ ਦੇ ਭਲੇ ਹਿੱਤ ਸੀ। ਅਕਸਰ ਹੀ ਘਰ ਵਿਚ ਦੇਸ਼ ਦੇ ਮਾੜੇ ਪ੍ਰਬੰਧ ਬਾਰੇ ਚਰਚਾ ਹੁੰਦੀ ਰਹਿੰਦੀ। ਆਪਣੇ ਤਜ਼ਰਬੇ ਵਿੱਚੋਂ ਪਿਤਾ ਗੱਲਾਂ  ਕਰਦਾ ਕਹਿੰਦਾ ਕਿ ‘ਸਕੂਲਾਂ ਦਾ ਪ੍ਰਬੰਧ ਬੇਹੱਦ ਮਾੜਾ ਹੈ, ਦੇਸ਼ ਪੱਛੜ ਰਿਹਾ ਹੈ।’ ਇੱਕ ਤੋਂ ਬਾਅਦ ਇੱਕ ਸਮੱਸਿਆ ਘਰ ਕਰ ਰਹੀ ਹੈ। ਰਾਜਸ਼ਾਹੀ, ਅਫਸਰ, ਜਗੀਰਦਾਰਾਂ ਦੀ ਜੁੰਡਲੀ ਐਸ਼ੋਇਸ਼ਰਤ ਦਾ ਜੀਵਨ ਬਸਰ ਕਰ ਰਹੀ ਹੈ ਅਤੇ ਗਰੀਬ, ਮਜਦੂਰ, ਕਿਸਾਨ, ਆਮ ਜਨਤਾ ਦੁੱਖ ਤਕਲੀਫਾਂ ਨਾਲ ਨਪੀੜੀ ਹੋਈ ਹੈ। ਲੈਨਿਨ ਦੇ ਬਾਲ ਮਨ ‘ਤੇ ਇਹ ਗੱਲਾਂ ਅਮਿੱਟ ਪੈੜਾਂ ਪਾ ਰਹੀਆਂ ਸਨ। ਉਹ ਬਾਲ ਉਮਰੇ ਹੀ ਦੇਸ਼ ਦੀਆਂ ਸਮੱਮਿਆਵਾਂ ਦੇ ਕਾਰਨਾਂ ਅਤੇ ਹੱਲ ਬਾਰੇ ਨਿੱਕੇ-ਨਿੱਕੇ ਪਰ ਉਤਸੁਕਤਾ ਭਰੇ ਸਵਾਲ ਕਰਨ ਲੱਗ ਪਿਆ ਸੀ।ਸ਼ਾਇਦ ਉਸਦੇ ਇਨਕਲਾਬੀ ਸਫਰ ਦੇ ਇਹ ਪਹਿਲੇ ਸ਼ੁਰੂਆਤੀ ਕਦਮ ਸਨ।ਪਰਿਵਾਰ ਦਾ ਹਰ ਮੈਂਬਰ ਗਿਆਨ, ਮਿਹਨਤ ਅਤੇ ਇਮਾਨਦਾਰੀ ਦਾ ਪੁੰਜ ਸੀ। ਅਜਿਹੇ ਸਵੱਸ਼ ਵਾਤਾਵਰਨ ਵਿੱਚੋਂ ਲੈਨਿਨ ਵਿਚ ਖਾਸ ਗੁਣਾ ਦਾ ਪਰਫੁੱਲਤ ਹੋਣਾ ਸੁਭਾਵਕ ਸੀ। ਲੈਨਿਨ ਤੋਂ ਚਾਰ ਵਰ੍ਹੇ ਵੱਡਾ ਉਸਦਾ ਭਰਾ ਸਾਸ਼ਾ ਅਕਸਰ ਆਪਣੇ ਪਿਤਾ ਵਾਲੀ ਲਾਇਬ੍ਰੇਰੀ ਵਿਚ ਕੁੱਝ ਨਵੀਂਆਂ ਕਿਤਾਬਾਂ ਜਮ੍ਹਾਂ ਕਰਦਾ ਜਾਂਦਾ ਸੀ। ਲੈਨਿਨ ਨੂੰ ਮਾਰਕਸਵਾਦ ਬਾਰੇ ਸਭ ਤੋਂ ਪਹਿਲੀ ਜਾਣਕਾਰੀ ਸਾਸ਼ਾ ਤੋਂ ਹੀ ਮਿਲੀ ਸੀ। ਪਰ ਸਾਸ਼ਾ ਜ਼ਾਰ ਬਾਦਸ਼ਾਹ ਦੇ ਮਾੜੇ ਪ੍ਰਬੰਧ ਬਾਰੇ ਘਰ ਵਿੱਚ ਵੀ ਬਹਿਸ ਦਾ ਮਹੌਲ ਬਣਾਉਦਾ ਰਹਿੰਦਾ ਅਤੇ ਲੈਨਿਨ ਅਕਸਰ ਨਵੇਂ ਸਵਾਲ ਲੈ ਕੇ ਹਾਜਰ ਹੁੰਦਾ। ਇਸ ਉਮਰੇ ਸਾਸ਼ਾ ਹੀ ਉਸਦਾ ਅਦਾਰਸ਼ ਸੀ। ਉਹ ਇਹ ਜਾਨਣ ਲਈ ਉਤਸੁਕ ਸੀ ਕਿ ਧਰਤੀ ਕਿਉਂ ਹੈ? ਅਕਾਸ਼ ਦੀ ਹੋਂਦ ਕਿਉਂ ਹੈ? ਅਸੀਂ ਕਿਸ ਵਾਸਤੇ ਹਾਂ?...... ਆਦਿ। ਲੈਨਿਨ ਨੇ ਦਸਵੀਂ ਤੱਕ ਪੁੱਜਦਿਆਂ ਭਰਾ ਦੀ ਲਾਇਬ੍ਰੇਰੀ ਦੀਆਂ ਸਾਰੀਆਂ ਕਿਤਾਬਾਂ ਪੜ੍ਹ ਦਿੱਤੀਆਂ ਸਨ। ਐਲਕਸਾਂਦਰ ਸਾਸ਼ਾ ਸੇਂਟ ਪੀਟਰਜ਼ਬਰਗ ਯੂਨੀਵਰਸਿਟੀ ਵਿੱਚ ਪੜ੍ਹਦਾ ਸੀ। ਆਪਣੀ ਕਾਬਲੀਅਤ ਸਹਾਰੇ ਉਹ ਇੱਕ ਪ੍ਰਸਿੱਧ ਵਿਗਿਆਨੀ ਬਣ ਸਕਦਾ ਸੀ।ਪਰ ਜਨਤਾ ਦੀ ਮੁਕਤੀ ਦਾ ਸਵਾਲ ਉਸ ਦੇ ਸਾਹਮਣੇ ਪ੍ਰਮੁੱਖ ਸੀ। ਉਸ ਨੇ ਜਲਦਬਾਜੀ ਨਾਲ ਇਕ ਰਾਹ ਦੀ ਚੋਣ ਕੀਤੀ। ਉਸ ਦੀ ਜੱਥੇਬੰਦੀ ਨੇ ਆਪਣੇ ਮਕਸਦ ਦੀ ਪੂਰਤੀ, ਕਾਮਯਾਬੀ ਲਈ ਜ਼ਾਰ ਬਾਦਸ਼ਹ ਨੂੰ ਕਤਲ ਕਰਨ ਦਾ ਢੰਗ ਅਪਣਾ ਲਿਆ ਤਾਂ ਕਿ ਉਹ ਆਮ ਜਨਤਾ ਲਈ ਚੰਗੇਰਾ ਜੀਵਨ ਅਤੇ ਖੁਸ਼ੀਆਂ ਹਾਸਲ ਕਰ ਸਕਣ। ਇਕ ਦਿਨ ਸਾਸ਼ਾ ਅਤੇ ਉਸਦੇ ਕੱਝ ਸਾਥੀ ਜ਼ਾਰ ਬਾਦਸ਼ਾਹ ਦਾ ਕਤਲ ਕਰਨ ਗਏ ਫੜੇ ਗਏ। ਇਹ ਲੈਨਿਨ ਦੇ ਪਰਿਵਾਰ ਵਿਚ ਦੂਜੀ ਵੱਡੀ ਸੋਗ ਦੀ ਖਬਰ ਸੀ, ਕਿਉਂਕਿ ਉਸਦੇ ਪਿਤਾ ਦੀ ਮੌਤ ਹੋਈ ਨੂੰ ਹਾਲੀ ਸਾਲ ਵੀ ਪੂਰਾ ਨਹੀਂ ਹੋਇਆ ਸੀ।ਸਾਸ਼ਾ ਤੇ ਜ਼ਾਰ ਬਾਦਸ਼ਾਹ ਦੇ ਕਤਲ ਦੀ ਸਾਜਿਸ਼  ਦਾ ਦਰਜ ਮੁਕੱਦਮਾਂ ਦੋ ਸਾਲ ਤੱਕ ਚੱਲਿਆ। ਮਾਂ ਨੇ ਇਹ ਮੁਕੱਦਮਾਂ ਲੜਿਆ।ਸਾਸ਼ਾ ਨੂੰ ਫਾਂਸੀ ਦੀ ਸਜਾ ਹੋਈ। ਫਾਂਸੀ ਲੱਗਣ ਦਾ ਸਮਾਂ ਅਗਲੇ ਦਿਨ ਦੇ ਅਖਬਾਰਾਂ ਦੀ ਸੁਰਖੀ ਬਣਿਆ। ਸਵੇਰੇ ਅਖਬਾਰ ਪੜ੍ਹਦਿਆਂ ਉਸਦੀ ਭੈਣ ਨੇ ਚੀਕ ਮਾਰੀ……! ਲੈਨਿਨ ਨੂੰ ਸਾਰੀ ਗੱਲ ਸਮਝਣ ਵਿਚ ਦੇਰੀ ਨਾ ਲੱਗੀ। ਉਸ ਨੇ ਆਪਣੇ ਆਪ ਵਿਚ ਗੱਲਾਂ ਕਰਦਿਆ ਕਿਹਾ “ਸਾਸ਼ਾ ਤੂੰ ਜ਼ਾਰ ਨੂੰ ਨਫਰਤ ਕਰਦਾ ਸੀ।ਤੂੰ ਉਸ ਨੂੰ ਖਤਮ ਕਰਨਾ ਚਾਹੁੰਦਾ ਸੀ।ਤੇਰਾ ਵਿਚਾਰ ਸੀ, ਇਉਂ ਤੂੰ ਦੇਸ਼ ਵਿਚ ਹਲਾਤ ਤਬਦੀਲ ਕਰ ਦੇਵੇਂਗਾ! ਕਿ ਇਸ ਨਾਲ ਲੋਕਾਂ ਨੂੰ ਚੰਗੇਰਾ ਜੀਵਨ ਮਿਲੇਗਾ।ਛੇ ਸਾਲ ਹੋਏ ਇਨਕਲਾਬੀਆਂ ਨੇ ਅਲੈਕਸਾਂਦਰ ਦੂਜੇ ਨੂੰ ਮਾਰ ਦਿੱਤਾ। ਕੀ ਇਸ ਪਿਛੋਂ ਕੋਈ ਬੇਹਤਰੀ ਆਈ? ੳੁੱਕਾ ਹੀ ਨਹੀਂ। ਪੁਰਾਣੇ ਜ਼ਾਰ ਦੀ ਥਾਂ ਇਕ ਨਵਾਂ ਜ਼ਾਰ ਆ ਗਿਆ। ਕੀ ਅਲੈਕਸ਼ਾਦਰ ਤੀਜੇ ਦੇ ਰਾਜ ਵਿਚ ਹਾਲਤ ਅਲੈਕਸਾਂਦਰ ਦੂਜੇ ਦੇ ਰਾਜ ਨਾਲੋਂ ਚੰਗੇਰੀ ਹੈ? ਰੱਤੀ ਭਰ ਵੀ ਨਹੀਂ। ਇਹਦਾ ਅਰਥ ਹੈ ਕਿ ਘੋਲ ਦਾ ਤੇਰਾ ਢੰਗ ਗਲਤ ਹੈ। ਕੋਈ ਹੋਰ ਰਾਸਤਾ ਜਰੂਰ ਹੋਵੇਗਾ।ਇਸ ਲਈ ਹੋਰ ਵਧੇਰੇ ਗਿਆਨ ਹਾਸਲ ਕਰਨਾ ਹੋਵੇਗਾ।

ਲੈਨਿਨ ਸਕੂਲ ਵਿਚੋਂ ਫਸਟ ਆਇਆ। ਪਰ ਮੁਜ਼ਰਮ ਦਾ ਭਰਾ ਹੋਣ ਕਰਕੇ ਉਸ ਦਾ ਗੋਲਡ ਮੈਡਲ ਰੋਕ ਲਿਆ ਗਿਆ। ਇਸ ਲਈ 9 ਜੱਜਾਂ ਦੀ ਟੀਮ ਬੈਠੀ। ਚਾਰ ਜੱਜਾਂ ਨੇ ਵਿਰੋਧ ਕੀਤਾ ਪਰ ਪੰਜ ਜੱਜਾਂ ਨੇ ਲੈਨਿਨ ਨੂੰ ਮੈਡਲ ਦੇਣ ਦੇ ਹੱਕ ਵਿਚ ਵੋਟ ਪਾਈ ਕਿ ਇਸ ਵਿਚ ਇਸਦਾ ਕੀ ਕਸੂਰ ਹੈ। ਲੈਨਿਨ ਅਗਸਤ 1887 ਵਿੱਚ ਜਿਮਨੇਜੀਅਮ ਸਕੂਲ ਵਿਚੋਂ ਗੋਲਡ ਮੈਡਲ ਪ੍ਰਾਪਤ ਕਰਨ ਮਗਰੋਂ ਕਾਜ਼ਾਨ ਯੂਨੀਵਰਸਿਟੀ ਦੇ ਕਾਨੂੰਨ ਵਿਭਾਗ ਵਿਚ ਦਾਖਲ ਹੋਇਆ। ਯੂਨੀਵਰਸਿਟੀ ਵਿਚ ਉਸਨੇ ਇਕ ਭਾਸ਼ਨ ਕੀਤਾ। ਜਿਸ ਨੂੰ ਰਾਜੇ ਦੇ ਸੂਹੀਆਂ ਨੇ ਨੋਟ ਕਰਦਿਆਂ ਇਸ ਨੂੰ ਆਪਣੀ ਰਿਪੋਰਟ ਵਿਚ ਜਾਰਸ਼ਾਹੀ ਲਈ ਖਤਰਨਾਕ ਇਨਕਲਾਬੀ ਵਜੋਂ ਦਰਜ਼ ਕੀਤਾ। ਉਨ੍ਹਾਂ ਕਿਹਾ ਭਵਿੱਖੀ ਸੰਭਾਵਨਾਵਾਂ ਵਿਚ ਇਹ ਨੌਜਵਾਨ ਬਹੁਤ ਜਲਦ ਆਪਣੇ ਵਿਚਾਰਾਂ ਰਾਹੀਂ ਆਪਣੇ ਦੁਆਲੇ ਇੱਕ ਗਰੁੱਪ ਖੜਾ ਕਰ ਲਵੇਗਾ। ਜੋ ਜਾਰਸ਼ਾਹੀ ਲਈ ਠੀਕ ਨਹੀਂ ਹੋਵੇਗਾ। ਉਸ ਉਪਰ ਗੁਪਤ ਨਜ਼ਰ ਰੱਖੀ ਜਾਣ ਲੱਗੀ। 1887 ਦਸੰਬਰ ਮਹੀਨੇ ਵਿਚ ਉਸ ਨੂੰ ਵਿਦਿਆਰਥੀਆਂ ਦੀ ਇਕ ਗੁਪਤ ਇਕੱਤਰਤਾ ਵਿਚ ਸ਼ਾਮਿਲ ਹੋਣ ਤੇ ਯੂਨੀਵਰਸਿਟੀ ਵਿਚੋਂ ਕੱਢ ਦਿੱਤਾ ਅਤੇ ਫਿਰ ਗ੍ਰਿਫਤਾਰ ਕਰ ਲਿਆ। ਰਿਹਾਈ ਮਗਰੋਂ ਵੀ ਯੂਨੀਵਰਸਿਟੀ ਵਿਚ ਦਾਖਲ ਹੋਣ ਤੇ ਸਖਤ ਪਾਬੰਦੀ ਲਾ ਦਿੱਤੀ। ਉਸਨੇ ਕਾਨੂੰਨ ਦੀ ਪੜ੍ਹਾਈ ਪ੍ਰਾਈਵੇਟ ਰਹਿ ਕੇ ਕੀਤੀ।
ਲੈੋਨਿਨ ਨੇ ਆਪਣੇ ਅਧਿਐਨ ਰਾਹੀਂ ਇਹ ਖੋਜ ਲਿਆ ਕਿ ਮਾਰਕਸਵਦੀਆਂ ਦੀ ਇਕ ਰਾਜਨੀਤਿਕ ਪਾਰਟੀ ਤੋਂ ਬਿਨਾਂ ਜ਼ਾਰਸ਼ਾਹੀ ਪ੍ਰਬੰਧ ਬਦਲਿਆ ਨਹੀਂ ਜਾ ਸਕਦਾ। ਇਸ ਲਈ ਉਸਨੇ ਵੱਖ-ਵੱਖ ਮਾਰਕਸਵਾਦੀ ਗਰੁੱਪਾਂ ਨੂੰ ਇਕੱਠਾ ਕਰਨ ਦਾ ਭਾਰੀ ਮਿਹਨਤ ਵਾਲਾ ਕੰਮ ਕੀਤਾ। ਲੈਨਿਨ ਦੇ ਮਾਰਕਸਵਾਦੀ ਬਣਨ ਤੋਂ ਪਹਿਲਾਂ ਪਲੈਖਾਨੋਵ (ਕਿਰਤ ਦੀ ਮੁਕਤੀ ਗਰੁੱਪ ਦਾ ਆਗੂ) ਰੂਸ ਵਿਚ ਪਹਿਲਾਂ ਹੀ ਮਾਰਕਸਵਾਦ ਦਾ ਝੰਡਾ ਬਰਦਾਰ ਬਣ ਚੁੱਕਾ ਸੀ। ਇਹ ਪਹਿਲਾਂ ਦੇ ਹਾਲਾਤ ਲੈਨਿਨ ਲਈ ਸਹਾਈ ਹੀ ਬਣੇ।
1894 ਵਿਚ ਇਸ ਦੀ ਮੁਲਾਕਾਤ ਇਕ ਸਕੂਲ ਅਧਿਆਪਕਾ ਕਰੁਪਸ਼ਕਾਯਾ ਨਾਲ ਹੋਈ।ਬਾਅਦ ਵਿਚ ਇਹ ਜੋੜੀ ਜਲਾਵਤਨੀ ਦੌਰਾਨ ਇਕ ਦੂਜੇ ਦੇ ਜੀਵਨ ਸਾਥੀ ਵੀ ਬਣੇ। ਕਰੁਪਸ਼ਕਾਯਾ ਅਖੀਰ ਤੱਕ ਇਨਕਲਾਬੀ ਕੰਮ ਵਿਚ ਲੈਨਿਨ ਦੀ ਸਾਥੀ ਰਹੀ। ਚੰਗੇਰੇ ਸਾਥ ਨੇ ਉਸਦੀ ਸੋਚਣ, ਸਮਝਣ ਤੇ ਅਮਲ ਕਰਨ ਦੀ ਸਮਰੱਥਾ ਕਈ ਗੁਣਾ ਵਧਾ ਦਿੱਤੀ।
1895 ਦਸੰਬਰ ਵਿਚ ਲੈਨਿਨ ਸਮੇਤ ਬਹੁਤੇ ਆਗੂ ਗ੍ਰਿਫਤਾਰ ਕਰ ਲਏ ਗਏ। ਲੈਨਿਨ ਨੇ ਸੇਂਟਪੀਟਰਜ਼ਬਰਗ ਦੀ ਜੇਲ੍ਹ ਵਿਚ ਕੋਠੀ ਬੰਦ ਕੈਦ ਦੇ 14 ਮਹੀਨੇ ਕੱਟੇ।  ਆਪਣੀਆਂ ਸਰਗਰਮੀਆਂ ਦੇ ਮੱਦੇ ਨਜ਼ਰ ਉਸ ਨੂੰ ਪੂਰਬੀ ਸਾਇਬੇਰੀਆ ਵਿਚ 3 ਸਾਲ ਦੀ ਜਲਾਵਤਨੀ ਦੀ ਸਜ਼ਾ ਸੁਣਾਈ ਗਈ।ਉਸ ਨੂੰ ਰੂਸ ਦੀ ਰਾਜਧਾਨੀ ਅਤੇ ਸਨਅਤੀ ਕੇਂਦਰਾਂ ਵਿਚ ਰਹਿਣ ਦੇ ਸਰਕਾਰ ਵੱਲੋਂ ਮਨਾਹੀ ਦੇ ਹੁਕਮ ਸਨ।1900 ਵਿਚ ਇਕ ਸਰਕਾਰੀ ਅਧਿਕਾਰੀ ਨੇ ਆਪਣੇ ਮੁਖੀ ਨੂੰ ਗੁਪਤ ਚਿੱਠੀ ਰਾਹੀਂ ਖਬਰ ਦਿੱਤੀ ਕਿ  “ਅੱਜ ਲੈਨਿਨ ਤੋਂ ਵਡੇਰਾ ਇਨਕਲਾਬ ਲਈ ਕੋਈ ਨਹੀਂ”ਉਸ ਨੇ ਲੈਨਿਨ ਨੂੰ ਛੇਤੀ ਕਤਲ ਕਰਵਾ ਦੇਣ ਦਾ ਸੁਝਅ ਦਿੱਤਾ।ਬੜੀ ਮੁਸ਼ਕਲ ਨਾਲ ਲੈਨਿਨ 13 ਜੁਲਾਈ 1900 ਨੂੰ ਦੇਸ਼ ਛੱਡ ਕਿ ਜਰਮਨੀ ਲਈ ਰਵਾਨਾ ਹੋਇਆ। ਉਹ ਪੰਜ ਸਾਲ ਤੋਂ ਵੱਧ ਸਮਾਂ ਪ੍ਰਵਾਸ ਹੀ ਕਰਦਾ ਰਿਹਾ। ਉਹ ਘਟਨਾਵਾਂ ਦੇ ਅਸਰ ਹੇਠ ਨਹੀਂ ਆਇਆ ਕਿਉਂਕਿ ਉਸ ਦਾ ਆਪਣਾ ਕਹਿਣਾ ਹੈ ਕਿ ਇੱਕ ਕਮਿਊਨਿਸਟ ਨੂੰ ਚੰਗੀ ਤਰ੍ਹਾਂ ਸੋਚੇ ਸਮਝੇ ਤੇ ਪੱਕੀ ਤਰ੍ਹਾਂ ਗ੍ਰਹਿਣ ਕੀਤੇ ਸੰਸਾਰ ਦ੍ਰਿਸ਼ਟੀਕੋਣ ਦੀ ਲੋੜ ਹੈ, ਤਾਂ ਜੋ ਘਟਨਾਵਾਂ ਉਸ ਉੱਤੇ ਅਸਰ ਨਾ ਕਰ ਸਕਣ, ਸਗੋਂ ਉਹ ਘਟਨਾਵਾਂ ਤੇ ਕਾਬੂ ਪਾ ਸਕੇ। ਲੈਨਿਨ ਨੇ ਇਨਕਲਾਬੀ ਵਿਚਾਰਾਂ ਨੂੰ ਜਨਸਧਾਰਨ ਦੇ ਮਨਾਂ ਦਾ ਹਿੱਸਾ ਬਣਾਉਣ ਲਈ ਇਕ ਅਖਬਾਰ ਦੀ ਅਤਿਅੰਤ ਲੋੜ ਮਹਿਸੂਸ ਕੀਤੀ।ਇਸ ਲਈ ਇਸਕਰਾ (ਚੰਗਿਆੜੀ) ਦਾ ਪ੍ਰਕਾਸ਼ਨ ਕੀਤਾ ਗਿਆ। ਲੈਨਿਨ ਨੇ ਆਪਣੇ ਸਾਥੀਆਂ ਤੇ ਜੋਰ ਪਾਉਂਦਿਆਂ ਕਿਹਾ ਕਿ ਆਪਣਾ ਸਾਰਾ ਧਿਆਨ ਇਸਕਰਾ ਤੇ ਕੇਂਦਰਤ ਕਰੋ। ਇਸਕਰਾ ਦੇ ਪ੍ਰਕਾਸ਼ਨ ਨੇ ਖਾਲੀ ਪਈਆਂ ਬੰਦੂਕਾਂ ਵਿਚ ਬਾਰੂਦ ਭਰ ਦਿੱਤਾ।ਇਸਕਰਾ ਲੈਨਿਨ ਦੇ ਘੱਟੋ-ਘੱਟ ਇਕ ਲੇਖ ਤੋਂ ਬਿਨ੍ਹਾਂ ਨਾ ਛਪਦਾ। ਲੈਨਿਨ ਨੇ ਅਖਬਾਰ ਦੀ ਮਹੱਤਤਾ ਬਾਰੇ ਚਾਨਣਾ ਪਾਉਂਦਿਆਂ ਕਿਹਾ “ਸਾਡੀ ਰਾਇ ਵਿਚ ਸਾਡੇ ਕੰਮਾਂ ਦੀ ਸ਼ੁਰੂਆਤ, ਜਿਸ ਸੰਗਠਨ ਨੂੰ ਅਸੀਂ ਬਣਾਉਣਾ ਚਾਹੁੰਦੇ ਹਾਂ, ਉਸਦੇ ਨਿਰਮਾਣ ਦੀ ਦਿਸ਼ਾ ਵਿਚ ਸਾਡਾ ਪਹਿਲਾ ਕਦਮ ਇਕ ਅਖਿਲ ਰੂਸੀ ਰਾਜਨੀਤਿਕ ਅਖਬਾਰ ਦੀ ਸਥਾਪਨਾ ਹੋਣਾ ਚਾਹੀਦਾ। ਅਸੀਂ ਕਹਿ ਸਕਦੇ ਹਾਂ ਕਿ ਇਹੀ ਇਕ ਮੁੱਖ ਸੂਤਰ ਹੈ ਜਿਸਨੂੰ ਫੜਕੇ ਅਸੀਂ ਸੰਗਠਨ ਦਾ ਲਗਾਤਾਰ ਵਿਕਾਸ ਕਰ ਸਕਾਂਗੇ ਅਤੇ ਉਸ ਨੂੰ ਗਹਿਰਾ ਅਤੇ ਵਿਸਤਰਿਤ ਬਣਾ ਸਕਾਂਗੇ……। ਇਸ ਤੋਂ ਬਿਨਾਂ ਸਿਧਾਂਤ ਪੂਰਨ  ਵਿਵਹਾਰਿਕ ਅਤੇ ਚੌਮੁਖੀ ਪ੍ਰਚਾਰ ਅਤੇ ਅੰਦੋਲਨ ਦੇ ਉਸ ਕੰਮ ਨੂੰ ਅਸੀਂ ਨਹੀਂ ਕਰ ਸਕਦੇ ਜੋ ਸਮਾਜਿਕ ਜਨਵਾਦੀ ਪਾਰਟੀ ਦਾ ਆਮ ਤੌਰ ਤੇ ਮੁੱਖ ਅਤੇ ਸਥਾਈ ਕੰਮ ਹੈ……।”
1901 ਵਿਚ ਇਸਕਰਾ ਲਈ ਪਲੈਖਾਨੋਵ ਨਾਲ ਮਿਲ ਕੇ ਕੰਮ ਕਰਦਿਆਂ ਦੋਵਾਂ ਨੇ ਹੀ ਦਰਿਆਵਾਂ ਦੇ ਨਾਂ ਤੇ ਆਪਣੇ ਨਾਂ ਰੱਖ ਕੇ ਲਿਖਣਾ ਸ਼ੁਰੂ ਕੀਤਾ। ਪਲ਼ੈਖਾਨੋਵ ਨੇ ਰੂਸੀ ਦਰਿਆ ਵੋਲਗਾ  ਤੋਂ ਵੋਲਗਨ ਅਤੇ ਵਲਾਦੀਮੀਰ ਇਲੀਅਚ ਉਲੀਆਨੋਵ ਨੇ ਲੇਨਾ ਦਰਿਆ ਤੋਂ ਆਪਣਾ ਨਾਂ ਲੈਨਿਨ ਰੱਖਿਆ। ਰੂਪੋਸ਼ ਰਹਿੰਦਿਆਂ ਲੈਨਿਨ ਨੇ ਲਗਭਗ 113 ਨਾਵਾਂ ਥੱਲੇ ਲਿਖਿਆ ਪਰ ਮਹੱਤਵਪੂਰਨ ਲਿਖਤਾਂ ਲੈਨਿਨ ਦੇ ਨਾਮ ਹੇਠ ਹੀ ਪਹਿਚਾਣ ਬਣਾ ਸਕੀਆਂ। ਇਨ੍ਹਾਂ ਨੂੰ ਅਖਬਾਰਾਂ ਦੇ ਨਾਂ ਤੋਂ ਸਾਰੇ ਸਾਥੀਆਂ ਨੂੰ ਇਸਕਰਾਵਾਦੀ ਵੀ ਕਿਹਾ ਜਾਂਦਾ ਰਿਹਾ। 
1902 ਦੇ ਸ਼ੁਰੂ ਵਿਚ ਪੁਲਿਸ ਜਾਸੂਸਾਂ ਨੂੰ ਅਖਵਾਰ ਦੇ ਕੇਂਦਰ ਦੀ ਸੂਹ ਮਿਲਣ ਕਾਰਨ ਪ੍ਰਕਾਸ਼ਨ ਦਾ ਕੰਮ ਲੰਦਨ ਲੈ ਜਾਣਾ ਪਿਆ। ਲੈਨਿਨ ਇਸੇ ਸਾਲ ਅਪ੍ਰੈਲ ਮਹੀਨੇ ਲੰਦਨ ਪੁੱਜ ਗਿਆ। ਇਸ ਪਿੱਛੋਂ 1903 ਵਿਚ ਪਾਰਟੀ ਕੰਮ ਲਈ ਮੁੜ ਜਨੇਵਾ ਚਲਾ ਗਿਆ।ਜੁਲਾਈ 1903 ਵਿਚ ਉਹ ਰੂਸੀ ਸੋਸ਼ਲ-ਡੈਮੋਕਰੇਟਿਕ ਲੇਬਰ ਪਾਰਟੀ ਦੀ ਦੂਜੀ ਕਾਂਗਰਸ ਵਿਚ ਸ਼ਾਮਿਲ ਹੋਣ ਲਈ ਹੁੜ ਲੰਦਨ ਪਰਤਿਆ।ਲੈਨਿਨ ਨੇ ਪਾਰਟੀ ਵੱਲੋਂ ਇਕ ਵਿਗਿਆਨਕ ਪ੍ਰੋਗਰਾਮ ਦੇਣ ਨੂੰ ਅਤਿਅੰਤ ਮਹੱਤਤਾ ਦਿੱਤੀ। ਉਹ ਸਮਾਜਵਾਦ ਦੇ ਟੀਚੇ ਲਈ ਪ੍ਰਤੀਬੱਧ ਸੀ। ਉਸ ਨੇ ਸਿਧਾਂਤ ਦੀ ਮਹੱਤਤਾ ਦੇ ਜੋਰ ਦਿੰਦਿਆਂ ਕਿਹਾ “ਇਨਕਾਲਬੀ ਸਿਧਾਂਤ ਤੋਂ ਬਿਨ੍ਹਾਂ ਕੋਈ ਇਨਕਲਾਬੀ ਲਹਿਰ ਹੋ ਹੀ ਨਹੀਂ ਸਕਦੀ।” ਲੈਨਿਨ ਨੇ ਸਮਾਜਵਾਦ ਦੇ ਉੱਚੇ ਆਦਰਸ਼ਾਂ ਦੀ ਪ੍ਰਾਪਤੀ ਲਈ ਇਕ ਅਸਲੋਂ ਹੀ ਨਵੀਂ ਮਾਰਕਸਵਾਦੀ ਪਾਰਟੀ (A New Type of Party) ਦਾ ਥੀਸਿਸ ਪੇਸ਼ ਕੀਤਾ। ਉਸ ਨੇ ਕਿਹਾ ਕਿ ਪਾਰਟੀ ਦੇ ਦੋ ਹਿੱਸੇ ਹੋਣੇ ਚਾਹੀਦੇ ਹਨ: ਪੂਰੀ ਤਰ੍ਹਾਂ ਇਨਕਲਾਬ ਨੂੰ ਸਮਰਪਿਤ ਪੇਸ਼ਾਵਰ ਇਨਕਲਾਬੀਆਂ ਦਾ ਇਕ ਸੀਮਿਤ ਹਲਕਾ ਅਤੇ ਸਥਾਨਕ ਪਾਰਟੀ ਜੱਥੇਬੰਦੀਆਂ ਦਾ, ਮੈਂਬਰਾਂ ਦੀ ਬਹੁ-ਗਿਣਤੀ ਦਾ ਇੱਕ ਵਿਸ਼ਾਲ ਜਾਲ। ਪਹਿਲੋਂ-ਪਹਿਲ ਲੈਨਿਨ ਵੱਲੋਂ ਪੇਸ਼ ਥੀਸਿਸ ਦੀ ਕਾਂਗਰਸ ਵਿਚ ਮਾਮੂਲੀ ਵੋਟਾਂ ਦੇ ਫਰਕ  ਨਾਲ ਹਾਰ ਹੋਈ ਪਰ ਪਿੱਛੋਂ ਜਾ ਕਿ ਇਸ ਦੀ ਜਿੱਤ ਹੋਈ ਅਤੇ ਲੈਨਿਨ ਦੇ ਦਿੱਤੇ ਪ੍ਰੋਗਰਾਮ ਅਨੁਸਾਰ ਹੀ ਅਮਲ ਸ਼ੁਰੂ ਹੋਇਆ। ਇਸੇ ਕਾਂਗਰਸ ਵਿਚ ਹੀ ਪਾਰਟੀ ਨੇਮਾਂ ਤੇ ਬਹਿਸ ਦੋਰਾਨ ਪਾਰਟੀ ਵਿਚ ਧੜੇਬੰਦੀ ਸਾਮ੍ਹਣੇ ਆਈ। ਬਹੁਗਿਣਤੀ ਲੈਨਿਨ ਨਾਲ ਸਹਿਮਤ ਹੋਈ।ਇਸ ਲਈ ਉਹ ਰੂਸੀ ਸ਼ਬਦ ਨਾਲ ‘ਬਾਲਸ਼ਵਿਕ’ ਕਹਾਏ ਅਤੇ ਘੱਟ ਗਿਣਤੀ ਭਾਵ ਦੂਜਾ ਪਾਰਟੀ ਦਾ ਗਰੁੱਪ ‘ਮੇਨਸ਼ਵਿਕ’ ਦੇ ਨਾਂ ਨਾਲ ਜਾਣਿਆ ਜਾਂਦਾ ਲੱਗਾ। 
ਉਨ੍ਹ੍ਹਾਂ ਵੇਲਿਆਂ ਵਿਚ ਰੂਸ ਵਿੱਚ 12 ਘੰਟੇ ਕੰਮ ਦਿਹਾੜੀ ਸਮਾਂ ਸੀ। ਬਾਲਸ਼ਵਿਕ ਪਾਰਟੀ ਨੇ ਅੱਠ ਘੰਟੇ ਕੰਮ ਦਿਹਾੜੀ ਸਮਾਂ (ਬਿਨਾਂ ਉਜਰਤਾਂ ਘਟਾਇਆਂ) ਨਾਹਰੇ ’ਤੇ ਮਜਦੂਰ ਲਹਿਰਾਂ ਜੱਥੇਬੰਦ ਕੀਤੀਆਂ। ਕੰਮ ਦਿਹਾੜੀ ਸਮਾਂ ਘਟਾਉਣ ਨਾਲ ਜਿੱਥੇ ਬੇਰੁਜਗਾਰਾਂ ਲਈ ਨਵਾਂ ਕੰਮ ਪੈਦਾ ਹੁੰਦਾ ਸੀ, ੳੁੱਥੇ ਕੰਮ ਵਿਚ ਲੱਗਿਆਂ ਨੂੰ ਆਰਾਮ ਵੀ ਮਿਲਦਾ ਸੀ ਅਤੇ 12 ਘੰਟਿਆਂ ਦੀ ਬਜਾਏ 8 ਘੰਟਿਆਂ ਬਾਅਦ ਮਜਦੂਰ ਬਦਲਣ ਤੇ ਨਰੋਈ ਕਿਰਤ ਸ਼ਕਤੀ ਨਾਲ ਸਮਾਜਿਕ ਪੈਦਾਵਾਰ ਦੇ ਗੁਣ ਅਤੇ ਗਿਣਤੀ ਵਿੱਚ ਵਾਧਾ ਹੁੰਦਾ ਸੀ। ਇਸ ਨਾਹਰੇ ਤੇ ਚਾਰੇ ਪਾਸੇ ਜਲਸੇ, ਜਲੂਸ, ਹੜਤਾਲਾਂ ਰਾਹੀਂ ਮਜਦੂਰ ਰੋਹ ਵਧ ਰਿਹਾ ਸੀ।
9 ਜਨਵਰੀ 1905 ਨੂੰ ਜ਼ਾਰ ਦੇ ਹੁਕਮਾਂ ਤੇ ਫੌਜਾਂ ਨੇ ਸੇਂਟ ਪੀਟਰਜ਼ਬਰਗ ਵਿਚ ਪੀੜਤ ਲੋਕਾਂ ਦੇ ਸ਼ਾਂਤਮਈ ਜਲੂਸ, ਜਿਸ ਦੀ ਅਗਵਾਈ ਪਾਦਰੀ ਗੈਪਨ ਕਰ ਰਹੇ ਸਨ, ਤੇ ਗੋਲੀਆਂ ਦਾ ਮੀਂਹ ਵਰਾ ਦਿੱਤਾ।ਇਹ ਦਿਨ ਸੰਸਾਰ ਵਿਚ ਖੂਨੀ ਐਂਤਵਾਰ ਦੇ ਨਾਂ ਨਾਲ ਜਾਣਿਆਂ ਜਾਂਦਾ ਹੈ। ਲੈਨਿਨ ਨੇ ਇਸ ਜਮਾਤੀ ਉਭਾਰ ਵਿੱਚੋਂ ਇਨਕਲਾਬ ਦਾ ਆਰੰਭ ਦੇਖਿਆ। ਅਪ੍ਰੈਲ 1905 ਵਿਚ ਬਾਲਸ਼ਵਿਕ ਪਾਰਟੀ ਦੀ ਤੀਜੀ ਕਾਂਗਰਸ ਹੋਈ। ਇਸ ਦਾ ਮੈਨਸ਼ਵਿਕਾਂ ਨੇ ਬਾਈਕਾਟ ਕੀਤਾ। ਇਸ ਕਾਂਗਰਸ ਨੇ ਲੈਨਿਨ ਨੂੰ ਪਾਰਟੀ ਸਕੱਤਰ ਚੁਣ ਲਿਆ ਅਤੇ ਉਸਦੀ ਅਗਵਾਈ ਵਿਚ ਇਨਕਲਾਬ ਲਈ ਹਥਿਆਰਬੰਦ ਯੋਜਨਾ ਉਲੀਕੀ। ਇਸ ਪਹਿਲੀ ਕੋਸ਼ਿਸ਼ ਦੀ ਚਾਹੇ ਹਾਰ ਹੋਈ ਪਰ ਫਿਰ ਵੀ 1905-1907 ਦੀ ਬਗਾਵਤ, ਲਿਖਣ ਬੋਲਣ ਅਤੇ ਜਲਸੇ ਜਲੂਸ ਦੀ ਅਜਾਦੀ ਪ੍ਰਾਪਤ ਕਰ ਸਕੀ। 1905 ਦੇ ਇਨਕਲਾਬ ਦੀ ਅਸਫਲਤਾ ਨੇ ਭਾਰੀ ਨੁਕਸਾਨ ਕੀਤਾ। ਬਹੁਤ ਸਾਰੇ ਇਨਕਲਾਬੀ ਮਾਰ ਦਿੱਤੇ ਅਤੇ ਕਈ ਜੇਲ੍ਹਾਂ ਵਿਚ ਡੱਕ ਦਿੱਤੇ। ਬਾਅਦ ਵਿਚ ਲੈਨਿਨ ਨੇ ਇਸਦਾ ਮੁਲੰਕਣ ਕਰਦਿਆਂ ਕਿਹਾ “ਅਜਿਹੀ ਇਕ ‘ਡ੍ਰੈਸ ਰੀਹਰਸਲ’ ਤੋਂ ਬਿਨ੍ਹਾਂ, ਜਿਹੜੀ ਅਸਾਂ 1905 ਵਿਚ ਕੀਤੀ, 1917 ਦਾ ਅਕਤੂਬਰ ਇਨਕਲਾਬ ਵੀ ਅਸੰਭਵ ਹੋਣਾ ਸੀ।”
ਰੂਸੀ ਅਖਬਾਰ ਇਸਕਰਾ ਤੇ ਮੇਨਸ਼ਿਵਕਾਂ ਦਾ ਕੰਟਰੋਲ ਹੋ ਜਾਣ ਕਾਰਨ ਬਾਲਸ਼ਵਿਕ ਪਾਰਟੀ ਨੂੰ ਪਹਿਲਾਂ ਪ੍ਰੋਲੇਤਾਰੀ ਅਤੇ ਫਿਰ ਪਰਾਵਦਾ ਨਾਂ ਦੇ ਅਖਬਾਰ ਪ੍ਰਕਾਸ਼ਤ ਕਰਨੇ ਪਏ। 1905 ‘ਚੋਂ ਸਬਕ ਕੱਢਦਿਆਂ ਲੈਨਿਨ ਨੇ ਲਿਖਿਆ ‘ਰਾਜਨੀਤਕ ਲੋਕਤੰਤਰ ਦੇ ਪੜਾਅ ਵਿੱਚੋ ਲੰਘੇ ਬਿਨਾਂ, ਹੋਰ ਤਰੀਕਿਆਂ ਨਾਲ ਸਮਾਜਵਾਦ ਲਿਆਉਣ ਦੀ ਖਾਹਸ਼ ਕਰਨਾ, ਇਹ ਕੇਵਲ ਹਾਸੋਹੀਣੀ ਅਤੇ ਪ੍ਰਤਿਗਾਮੀ ਸਿੱਟਿਆਂ ਤੇ ਪਹੁੰਚਣਾ ਹੈ।’ 1912 ਦੀਆਂ ਚੌਥੀ ਡੂੰਮਾਂ (ਰੂਸੀ ਪਾਰਲੀਆਮੈਂਟ) ਦੀਆਂ ਚੋਣਾਂ ਸਮੇ ਲੈਨਿਨ ਦਾ ਵਿਚਾਰ ਸੀ ਕਿ ਚੋਣਾ ਵਿਚ ਹਿੱਸਾ ਲਿਆ ਜਾਵੇ। ਇਹ ਜਨਤਾ ਨਾਲ ਸਬੰਧ ਮਜਬੂਤ ਕਰਨ ਅਤੇ ਪਾਰਟੀ ਸੰਗਠਨ ਦੇ ਕੰਮ ਵਿਚ ਤੇਜੀ ਲਿਆਉਣ ਲਈ ਸਹਾਈ ਹੋਵੇਗਾ।ਚੋਣ ਨਤੀਜਿਆਂ ਤੇ ਬਹੁਤ ਕੁੱਝ ਨਿਰਭਰ ਕਰਦਾ ਹੈ। ਲੈਨਿਨ ਵੱਲੋਂ ਉਲੀਕੇ ਗਏ ਅਤੇ ਕੇਂਦਰੀ ਕਮੇਟੀ ਦੇ ਦਸਤਖਾਂ ਹੇਠ ਬਾਲਸ਼ਵਿਕਾਂ ਨੇ ਤਿੰਨ ਬੁਨਿਆਦੀ ਮੰਗਾਂ ਪੇਸ਼ ਕੀਤੀਆਂ: 1. ਜਮਹੂਰੀ ਲੋਕਤੰਤਰ, 2. ਜਮੀਨ ਹਲ-ਵਾਹਕ ਦੀ 3. ਅੱਠ ਘੰਟਿਆਂ ਦੀ ਕੰਮ ਦਿਹਾੜੀ। ਅਕਤੂਬਰ 1917 ਵਿਚ ਚਾਹੇ ਡੂੰਮਾਂ ਦੀ ਜਮਹੂਰੀਅਤ ਦਾ ਪਾਜ ਉਘੇੜ ਕੇ, ਬਦੇ ਹੋਏ ਹਲਾਤਾਂ ਵਿਚ ਇਨਕਲਾਬ ਹਥਿਆਰਬੰਦ ਹੀ ਹੋਇਆ, ਪਰ ਬਾਲਸ਼ਵਿਕਾਂ ਨੇ ਇਨਕਲਾਬ ਮਗਰਂੋ ਇਹ ਮੰਗਾਂ ਪ੍ਰੋਗਰਾਮ ਵਜੋਂ ਲਾਗੂ ਕੀਤੀਆਂ। ਲੈਨਿਨ ਨੇ ਇਹ ਸਾਬਿਤ ਕਰ ਵਿਖਾਇਆ ਕਿ ਇਨਕਲਾਬ ਲਈ ਸਹੀ ਸਮੇਂ ਦੀ ਚੋਣ ਇਕ ਵੱਡਾ ਇਨਕਲਾਬੀ ਹੁਨਰ ਹੈ। ਇਸ ਵਕਤ ਪਹਿਲੀ ਸੰਸਾਰ ਸਾਮਰਾਜੀ ਜੰਗ ਚੱਲ ਰਹੀ ਸੀ। ਲੈਨਿਨ ਨੇ ਇਨਕਲਾਬ ਦੀ ਰੱਖਿਆ ਲਈ ਪਹਿਲਾਂ ਅਮਨ ਦਾ ਨਾਹਰਾ ਦਿੱਤਾ।ਉਸ ਨੇ ਕਿਹਾ ਅਮਨ-ਅਮਨ – ਅਮਨ। ਅਮਨ ਲਈ ਜਰਮਨ ਨਾਲ ਸੰਧੀ ਵਿਚ ਚਾਹੇ ਕੁਝ ਇਲਕੇ ਵੀ ਰੂਸ ਨੂੰ ਗਵਾਉਣੇ ਪਏ, ਪਰ ਇਨਕਲਾਬ ਦੇ ਪੱਕੇ ਪੈਰੀਂ ਹੋ ਜਾਣ ਉਪਰੰਤ ਇਹ ਵਾਪਸ ਜਿੱਤ ਲਏ ਗਏ। ਲੈਨਿਨ ਨੇ ਸਾਮਰਾਜੀ ਜੰਗ ’ਤੇ ਕੁੱਲ ਦੁਨੀਆਂ ਦੇ ਕਿਰਤੀਆਂ ਨੂੰ ਨਾਹਰਾ ਦਿੱਤਾ: ‘ਸਾਮਰਾਜੀ ਜੰਗ ਨੂੰ ਘਰੋਗੀ ਜੰਗ ਵਿਚ ਬਦਲ ਦਿਓ, ਸਾਮਰਾਜੀ ਜੰਗ ਵਿਚ ਆਪਣੇ ਦੇਸ਼ ਦੀ ਸਰਮਾਏਦਾਰੀ ਸਰਕਾਰ ਦੀ ਹਾਰ ਲਈ ਕੰਮ ਕਰੋ ਕਿਉਂਕਿ ਇਸ ਨਾਲ ਹਾਕਮ ਜਮਾਤ ਕਮਜੋਰ ਹੋਵੇਗੀ ਅਤੇ ਇਸਦਾ ਫਾਇਦਾ ਸੰਗਠਿਤ ਹੋਈ ਚੇਤੰਨ ਮਜਦੂਰ ਜਮਾਤ ਲੈ ਸਕੇਗੀ।’ ਜੱਥੇਬੰਦਕ ਮੋਰਚੇ ਦੇ ਨਾਲ-ਨਾਲ ਲੈਨਿਨ ਨੇ ਮਾਰਕਸਵਾਦ ਦਾ ਵਿਚਾਰਧਾਰਕ ਮੋਰਚਾ ਵੀ ਸੰਭਾਲਿਆ। ਉਸਨੇ ਮਾਰਕਸਵਾਦ ਤੇ ਹੋਏ ਹਰ ਹਮਲੇ ਦਾ ਮੂੰਹ ਤੋੜ ਜਵਾਬ ਦਿੱਤਾ। ਜਦੋਂ ਵਿਗਿਆਨ ਨੇ ਇਹ ਲੱਭ ਲਿਆ ਕਿ ਐਟਮ ਅੱਗੋਂ ਹੋਰ ਛੋਟੇ-ਛੋਟੇ ਹਿੱਸਿਆਂ ਵਿਚ ਵੰਡਿਆ ਹੋਇਆ ਹੈ, ਤਾਂ ਮਾਰਕਸਵਾਦ ਦੇ ਵਿਰੋਧੀਆਂ ਨੇ ਹਮਲਾ ਬੋਲ ਦਿੱਤਾ ਕਿ ਪਦਾਰਥ ਦੀ ਮੂਲ ਇਕਈ ਐਟਮ ਸੀ, ਜਦੋਂ ਮੂਲ ਇਕਾਈ ਐਟਮ ਰੂਪੀ ਇੱਟ ਹੀ ਨਹੀ ਰਹੀ ਤਾਂ ਪਦਾਰਥਵਾਦ ਦੀ ਬੁਨਿਆਦ ਵੀ ਖਤਮ ਹੋ ਗਈ ਹੈ। ਲੈਨਿਨ ਨੇ ਜਵਾਬ ਦਿੰਦਿਆਂ ਕਿਹਾ ‘ਸਾਊਓ ਪਦਾਰਥ ਕਿਸੇ ਤਰ੍ਹਾਂ ਵੀ ਅਲੋਪ ਨਹੀਂ ਹੋਇਆ। ਇਹ ਤਾਂ ਇਹਦੇ ਬਾਰੇ ਸਾਡਾ ਗਿਆਨ ਹੀ ਹੈ, ਜਿਹੜਾ ਬਦਲਿਆ ਹੈ। ਅਸੀਂ ਪਦਾਰਥ ਦੇ ਹੋਰ ਨਿੱਕੇ ਕਣਾ ਬਾਰੇ ਜਾਣ ਲਿਆ ਹੈ।ਜੋ ਅਲੋਪ ਹੋਇਆ ਹੈ ਉਹ ਤਾਂ ਪਦਾਰਥ ਬਾਰੇ ਸਾਡੇ ਗਿਆਨ ਦੀ ਸੀਮਾ ਹੀ ਹੈ।’ ਲੈਨਿਨ ਨੇ ਇਸ ਬਹਿਸ ਦਾ ਅੰਤ ਕਰਦਿਆਂ ਪਦਾਰਥ ਨੂੰ ਨਵੀਆਂ ਖੋਜਾਂ ਅਨੁਸਾਰ ਪਰਿਭਾਸ਼ਤ ਕਰਦਿਆਂ ਕਿਹਾ “ਪਦਾਰਥ ਉਸਨੂੰ ਕਹਿੰਦੇ ਹਨ, ਜੋ ਸਾਡੀਆਂ ਗਿਆਨ ਇੰਦਰੀਆਂ ਉੱਤੇ ਅਮਲ ਕਰਦਿਆਂ ਅਨੁਭਵ ਨੂੰ ਜਨਮ ਦਿੰਦਾ ਹੈ। ਪਦਾਰਥ ਉਹ ਬਾਹਰਮੁੱਖੀ ਅਸਲੀਅਤ ਹੈ, ਜੋ ਸਾਡੇ ਅਨੁਭਵ ਰਾਹੀਂ ਹਾਸਲ ਹੁੰਦੀ ਹੈ”।
ਸਮਾਜ ਨੂੰ ਨਵੇਂ ਸ਼ਬਦ-ਸੰਕਲਪ ਅਤੇ ਕਈ ਸ਼ਬਦਾਂ ਨੂੰ ਨਵੇਂ ਅਰਥ ਦੇਣ ਵਾਲੀ ਕਿਰਤੀਆਂ ਦੀ ਮੁਕਤੀ ਲਈ ਯਤਨਸ਼ੀਲ ਸਮਰੱਥ ਇਹ ਸਖਸ਼ੀਅਤ, ਸੰਸਾਰ ਸਰਮਾਏਦਾਰੀ ਲਈ ਸਭ ਤੋਂ ਵੱਡਾ ਖਤਰਾ ਸੀ। ਇਸ ਲਈ ਉਸਨੇ ਲੈਨਿਨ ਤੇ ਗੋਲੀ ਚਲਵਾ ਕੇ ਉਸਨੂੰ ਜ਼ਖਮੀ ਕਰ ਦਿੱਤਾ। ਅਖੀਰ 21 ਜਨਵਰੀ 1924 ਸ਼ਾਮ ਦੇ ਛੇ ਵੱਜ ਕੇ ਪੰਜਾਹ ਮਿੰਟ ਉੱਤੇ ਲੈਨਿਨ ਦੇ ਦਿਮਾਗ ਦੀ ਰੱਤ-ਨਾੜੀ ਫਟ ਜਾਣ ਕਾਰਨ ਮੌਤ ਹੋ ਗਈ। ਲੋਕਾਂ ਦੇ ਉਸ ਨਾਲ ਪਿਆਰ ਸਦਕਾ ਉਸਦੀ ਦੇਹ ਰੂਸ ਵਿਚ ਅੱਜ ਤੱਕ ਸੰਭਾਲ ਕੇ ਰੱਖੀ ਹੋਈ ਹੈ। ਪਰ ਉਹ ਆਪਣੇ ਕੀਤੇ ਕੰਮਾਂ ਅਤੇ ਲਿਖਤਾਂ ਰਾਹੀਂ ਸੰਸਾਰ ਕਿਰਤੀਆਂ ਦੇ ਦਿਲ ਵਿਚ ਸਦਾ ਜਿਉਂਦਾ ਰਹੇਗਾ। 


No comments:

Post a Comment