“ਸਭ ਕਿਸੇ ਲਈ ਉਤਸਾਹਿਤ ਕਰਨ ਵਾਲਾ ਆਦਰਸ਼, ਉਦੇਸ਼ ਲਈ ਮਰਨਾ ਨਾ ਹੋ ਕੇ, ਉਦੇਸ਼ ਲਈ ਜਿਉਣਾ ਹੋਣਾ ਚਾਹੀਦਾ ਹੈ” ਭਗਤ ਸਿੰਘ

Thursday, June 30, 2011

ਇੰਟਰਨੈਸ਼ਨਲ

ਲਹਿਰਾਂ ਬਣ ਉਠੋ ਭੁੱਖਾਂ ਦੇ ਲਿਤਾੜਿਓ,
ਧਰਤੀ ਦਾ ਸਾਰਾ ਦੁੱਖ ਪੀਣ ਵਾਲਿਓ।
ਬੱਝੀਆਂ ਨਾ ਰਹਿਣ ਇਹ ਰਵਾਇਤੀ ਲੜੀਆਂ,
ਉਠੋ ਵੇ ਗੁਲਾਮੀ ਦੀਆਂ ਤੋੜੋ ਕੜੀਆਂ।
ਕਿਰਤਾਂ ਦਾ ਜੋਰ ਜੁੱਸਿਆਂ ‘ਚ ਭਰ ਕੇ,
ਲੁੱਟ ਦਾ ਇਹ ਰਾਜ ਜੜਾਂ ਤੋਂ ਉਖਾੜਿਓ

ਬੁੱਢਾ ਹੋ ਪੁਰਾਣਾ ਜਦੋਂ ਢਾਂਚਾ ਥੰਮਦਾ,
ਉਹਨੂੰ ਤੋੜ ਨਵਾਂ ਸੰਸਾਰ ਜੰਮਦਾ।
ਨਵਾਂ ਤੇ ਉਸਾਰੂ ਜੱਗ ਰਚਨੇ ਲਈ,
ਗਲੀ ਸੜੀ ਹਰ ਚੀਜ਼ ਨੂੰ ਨਕਾਰਿਓ।

ਨਵੀਆਂ ਹੀ ਨੀਹਾਂ ਤੇ ਉਸਾਰ ਹੋਊਗਾ,
ਸਾਰਾ ਜੱਗ ਸਾਡਾ ਪਰਿਵਾਰ ਹੋਊਗਾ,
ਲੋਟੂਆਂ ਦੇ ਹੱਥਾਂ ਨੇ ਤੁਹਾਥੋਂ ਖੋਹਿਆ ਜੋ,
ਸਭ ਹੋਊ ਤੁਹਾਡਾ ਸਿਰਜਣਹਾਰਿਓ।

ਆਖਰੀ ਆਪਣੀ ਲੜਾਈ ਬੇਲੀਓ,
ਥਾਂ-ਥਾਂ ਉਠੋ ਕਰ ਦੋ ਚੜਾਈ ਬੇਲੀਓ।
ਲ਼ੁਟ ਦੇ ਮਸੀਹੇ ਤਾਈ ਰੱਦ ਕਰਕੇ,
ਹੁਕਮ ਕਾਨੂੰਨ ਪੈਰਾਂ ‘ਚ ਲਿਤਾੜਿਓ।

ਮਹਿਲਾਂ ‘ਚੋਂ ਨਾ ਸਾਡੇ ਤੇ ਕੋਈ ਰਾਜ ਵੇ ਕਰੇ,
ਰਾਜਿਆਂ ਦੀ ਸਾਨੂੰ ਹੁਣ ਵਫਾ ਨਾ ਫੜੇ।
ਧੁੱਖ ਰਹਿਓ ਉਠੋ ਹੁਣ ਲਾਟਾਂ ਬਣ ਕੇ,
ਤਖਤਾਂ ਨੂੰ ਢਾਵੋ, ਤਾਜਾਂ ਨੂੰ ਉਛਾਲਿਓ।

ਲੋਟੂਆਂ ਤੋਂ ਲੁੱਟ ਵਾਲਾ ਮਾਲ ਖੋਹਣ ਲਈ,
ਕੈਦ ਹੋਈਆਂ ਰੂਹਾਂ ਦੇ ਆਜ਼ਾਦ ਹੋਣ ਲਈ।
ਸਾਂਝਿਆਂ ਦੁੱਖਾਂ ‘ਚ ਸ਼ਰੀਕ ਹੋਇ ਕੇ,
ਮੁਕਤੀ ਦਾ ਰਾਹ ਦੇਖਿਓ-ਵਿਚਾਰਿਓ।

ਖੁਦ ਆਪਣੇ ਹੀ ਕੰਮ ਕਾਰ ਮਿੱਥਾਂਗੇ,
ਕਿੱਦਾਂ ਦਾ ਇਹ ਹੋਊ ਸੰਸਾਰ ਮਿੱਥਾਂਗੇ।
ਮਿਹਨਤ ‘ਚੋਂ ਉਸਰੀ ਹੈ ਸਾਰੀ ਰਚਣਾ,
ਦੁਨੀਆ ਤੁਹਾਡੀ ਦੁਨੀਆ ਦੇ ਘਾੜਿਓ।
ਲਹਿਰਾਂ ਬਣ ਉਠੋ ਭੁੱਖਾਂ ਦੇ ਲਿਤਾੜਿਓ,
ਧਰਤੀ ਦਾ ਸਾਰਾ ਦੁੱਖ ਪੀਣ ਵਾਲਿਓ…

No comments:

Post a Comment