“ਸਭ ਕਿਸੇ ਲਈ ਉਤਸਾਹਿਤ ਕਰਨ ਵਾਲਾ ਆਦਰਸ਼, ਉਦੇਸ਼ ਲਈ ਮਰਨਾ ਨਾ ਹੋ ਕੇ, ਉਦੇਸ਼ ਲਈ ਜਿਉਣਾ ਹੋਣਾ ਚਾਹੀਦਾ ਹੈ” ਭਗਤ ਸਿੰਘ

Monday, April 23, 2012

ਕਵੀ ਨੂੰ.......ਭਾਨ ਸਿੰਘ ਭੌਰਾ


                                                                                                                                       ਭਵਿੱਖ ਮੈਗਜ਼ੀਨ ਦੇ ਅੰਕ ਮਾਰਚ-ਅਪ੍ਰੈਲ 2012 ਵਿਚੋਂ
ਕਵੀਆ ! ਅਗੇਰੇ ਹੋਰ ਚਲ
ਭਾਨ ਸਿੰਘ ਭੌਰਾ 

ਮੁੱਢੋਂ ਹੀ ਗਾਉਂਦਾ ਆਇਆਂ,
ਪਿਆਰਾਂ ਦੇ ਗੀਤ ਲੈ ਕੇ।
ਸੱਚ ਨੂੰ ਠੁਕਰਾਉਂਦਾ ਆਇਆਂ
ਦੁਨੀਆਂ ਦੀ ਰੀਤ ਲੈ ਕੇ।
ਇਸ ਤੋਂ ਉਚੇਰੇ ਤੱਕ,
ਜ਼ਰਾ ਪਰੇਰੇ ਤੱਕ    
ਬੜਾ ਕੁਝ ਕਰਨਾ ਹੈ ਤੂੰ
ਕੁਝ ਵੀ ਨਹੀਂ ਅਜੇ ਕੀਤਾ
ਐਵੇਂ ਫੁਲ-ਫੁਲ ਨਾ ਬੈਠ
ਮੁੱਠੀ ਭਰ ਲੋਕਾਂ ਦੇ ਹੀ
ਘੁੰਮਦਾ ਤੂੰ ਰਿਹਾ ਦੁਆਲੇ,
ਖਿਆਲੀ ਪ੍ਰੀਤ ਲੈ ਕੇ।
ਸੜਕਾਂ ਤੋਂ ਲੱਭ ਸੱਸੀਆਂ
ਨਾ ਤੂੰ ‘ਭੰਬੋਰ’ ਚਲ।
ਕਵੀਆ ! ਅਗੇਰੇ ਹੋਰ ਚਲ।
ਸਮੱਸਿਆ ਨਹੀਂ ਤੈਨੂੰ ਲੱਭਦੀ
ਬਾਹਰ ਆ ਕੇ ਤਾਂ ਦੇਖ
ਵਿਕਦਾ ਹੈ ਹਾਸਾ, ਜਿੰਦਗੀ
ਹੱਟਾਂ ‘ਤੇ ਜਾ ਕੇ ਦੇਖ
ਵਜਦਾ ਜਦ ਘੁੱਗੂ ਮਿੱਲ ਦਾ
ਵਿੰਨੇ ਸੁਟ ਟੋਟਾ ਦਿਲ ਦਾ
ਪੋਹ ਜਾਂ ਮਾਘ ਮਹੀਨਾ
ਜੰਮਿਆਂ ਹੈ ਕੱਕਰ ਬੇਸ਼ੱਕ
ਪੈਰ ਵੀ ਪੂਰੇ ਨੰਗੇ
ਕਿਸੇ ਤੇ ਰੋਸ ਕੋਈ ਨਾ
ਰੋਂਦੀ ਤਰੇਲ ਕਿਵੇਂ
ਜ਼ਰਾ ਖੜੋ ਕੇ ਦੇਖ
ਧੜਕਣਾਂ ਮਾਂ ਦੀਆਂ ਵਿਲਕਣ
ਲੰਘਦੇ ਅਨੇਕਾਂ ਕਹਿਕੇ
“ਰੋਂਦਾ ਪਠੋਰ ਚਲ”
ਕਵੀਆ ! ਅਗੇਰੇ ਹੋਰ ਚਲ।
ਜੋੜਦੇ ਟੁਟੀਆਂ ਤਾਰਾਂ
ਟੁਣਕਾਦੇ ਕੋਈ ਗੀਤ ਇਲਾਹੀ
ਰਹਿਬਰ ਬਣ ਰਾਹ ਵਿਖਾ ਦੇ
ਭਟਕੇ ਜੋ ਫਿਰਦੇ ਰਾਹੀ
ਵਾ ਵਿੱਚ ਰਾਗ ਘੋਲਦੇ
ਸੁੱਤਿਆਂ ਦੀ ਜਾਗ ਖੋਲਦੇ
ਅਣੂਆਂ ਨੂੰ ਮਸਤੀ ਦੇ ਤੂੰ
ਝੂਲਣ ਲਟਬੋਰੇ ਹੋ ਕੇ
ਬਿਜਲੀ ਜਿਉਂ ਕਦਮ ਉਠਾ ਕੇ
ਹਨੇਰੇ ਨੂੰ ਚੁਗਦਾ ਚਲ
ਅਣਖ ਨੂੰ ਝੂਣ ਜਗਾ ਦੇ
ਜ਼ਾਲਮ ਗਲ ਪਾਦੇ ਫਾਹੀ
ਮੰਜ਼ਿਲ ਨੂੰ ਉੱਜਲ ਕਰਦੇ
ਮਿਟਾਂਦਾ ਅੰਧਕੋਰ ਚਲ
ਕਵੀਆ ! ਅਗੇਰੇ ਹੋਰ ਚਲ।
ਲਿਸ਼ਕਾ ਕੇ ਖਿਆਲ ਆਪਣੇ
ਚੁੰਧਿਆਦੇ ਸਮਾਜੀ ਅੱਖਾਂ
ਠੁਕਰਾ ਕੇ (ਇਹ) ਸਾਮਰਾਜੀ
ਮਜ਼ਲੂਮ ਕਰ ਰਾਜੀ ਲੱਖਾਂ
ਚਲਦੇ ਦਾ ਨਾਜ਼ ਤੂੰ ਏਂ
ਭਵਿੱਖਾਂ ਦਾ ਰਾਜ ਤੂੰ ਏਂ
ਝਵਾਲਾ ਤੂੰ ਕਲਮ ਬਣਾ ਕੇ
ਭੜਕਾ ਤੂੰ ਕੋਈ ਲਾਵਾ ਐਸਾ
ਕੰਬ ਉੱਠੇ ਪਰਬਤ ਦੀ ਚੋਟੀ
ਗਰਜਣ ਪਏ ਪੱਥਰਾਂ ਚੋਂ ਪੱਥਰ
ਹੀਰਾਂ ਨੂੰ ਪਾਠ ਪੜ੍ਹਾਦੇ
ਠਕਰਾਵਣ ਫੜ ਕਾਜੀ ਲੱਖਾਂ
ਸੱਚ ਦਾ ਚੁੱਕ ਫਰੇਰਾ
ਪਾਉਂਦਾ ਤੂੰ ਸ਼ੋਰ ਚਲ
ਕਵੀਆ ! ਅਗੇਰੇ ਹੋਰ ਚਲ।
ਲੱਖਾਂ ਹੀ ਜਹਿਰੀ ਕੰਡੇ
ਮੱਲਣਗੇ ਮਾਰਗ ਤੇਰਾ
‘ਬਾਗੀ’ ਦੇ ਫਤਵੇ ਦੇ ਕੇ
ਕਲੰਕਤ ਕਰ ਦੇਣ ਚੁਫੇਰਾ
ਪਰ ਨਾ ਤੂੰ ਭੁੱਲ ਟੀਚਾ
ਦਿਖਾਦੇ ਸਭ ਨੂੰ ਨੀਚਾ
ਬੰਦਿਆਂ ਦਾ ਖੁਨ ਪੀ ਕੇ
ਪਲਦੇ ਜੋ ਰਹੇ ਲੁਟੇਰੇ
ਬੰਬਾਂ ਨੂੰ ਸਾਂਭਣ ਵਾਲੇ
ਜੜ੍ਹਾਂ ਤੋਂ ਪੁੱਟ ਦਿਖਾਦੇ
ਲੋਕਾਂ ਦੀ ਜਿੱਤ ਹੈ ਹੋਣੀ
ਆਪਣੇ ਸਿਰ ਲੈ ਲੈ ਸਿਹਰਾ
‘ਭੌਰਾ’ ਵਰਸਾ ਕੇ ਮਦਰਾ
ਵੰਡਦਾ ਤੂੰ ਲੋਰ ਚਲ
ਕਵੀਆ ! ਅਗੇਰੇ ਹੋਰ ਚਲ

ਮੈਂ ਪਾਕਿਸਤਾਨ ਨਹੀਂ ਜਾਣਾ.. (ਕਾ. ਰੁਲਦੂ ਖਾਨ ਦੀ ਜਿੰਦਗੀ 'ਤੇ ਅਧਾਰਤ ਨਾਵਲ ਵਿਚੋਂ ਅੰਸ਼).... ਬਲਦੇਵ ਸਿੰਘ

ਬਲਦੇਵ ਸਿੰਘ ' ਸੜਕਨਾਮਾ '
                                                                            ਭਵਿੱਖ ਮੈਗਜ਼ੀਨ ਦੇ ਅੰਕ ਮਾਰਚ-ਅਪ੍ਰੈਲ 2012 ਵਿਚੋਂ
ਫਿਰੋਜ਼ਪੁਰ ਜ਼ਿਲ੍ਹੇ ਦਾ ਪਿੰਡ ਖੋਟੇ। ਸਵੇਰ ਦੇ ਨੌਂ ਕੁ ਵਜੇ ਦਾ ਵਕਤ ਸੀ। ਕੰਮਾਂ-ਧੰਦਿਆਂ ਵਾਲੇ ਆਪਣੇ ਕੰਮੀਂ ਰੁੱਝ ਗਏ ਸਨ। ਸੁਆਣੀਆਂ ਨੇ ਚਾਟੀਆਂ ਮਧਾਣੀਆਂ ਦਾ ਕੰਮ ਕਦੋਂ ਦਾ ਮੁਕਾ ਲਿਆ ਸੀ ਤੇ ਜਿਹੜੇ ਕਿਸਾਨ ਖੇਤੀਂ ਗਏ ਸਨ ਉਨ੍ਹਾਂ ਦੇ ਘਰਾਂ ਵਿੱਚੋਂ ਹਾਜ਼ਰੀ ਤਿਆਰ ਕਰਨ ਲਈ ਧੂੰਆਂ ਉੱਠਣ ਲੱਗਾ ਸੀ।
    ਏਸ ਵੇਲੇ ਤਾਂਗੇ ਵਾਲਾ ਕਾਲੂ ਖੋਟਿਆਂ ਦੀਆਂ ਗਲੀਆਂ ਵਿੱਚੋਂ ਦੀ ਲੰਘਦਾ ਬਾਹਰ ਵੰਨੇ ਆ ਖੜਾ। ਏਥੇ ਖੜ੍ਹ ਕੇ ਹਰ ਰੋਜ਼ ਉਹ ਪਿੰਡ ਵੰਨੀ ਝਾਕਦਾ ਸਵਾਰੀਆਂ ਦੀ ਉਡੀਕ ਕਰਿਆ ਕਰਦਾ ਸੀ। ਅੱਜ ਵੀ ਕਾਲੂ ਕੱਛ ਵਿਚ ਛਾਂਟਾ ਦਬਾਈ ਤਾਂਗੇ ਦੇ ਪਹੀਆਂ ਦੀ, ਕਦੇ ਧੁਰੇ ਦੀ, ਕਦੇ ਨਟਾਂ ਦੀ ਪਰਖ ਕਰਦਾ ਵਿੱਚ-ਵਿੱਚ ਪਿੰਡ ਵੱਲ ਤਿੱਖੀ ਨਿਗ੍ਹਾ ਰੱਖ ਰਿਹਾ ਸੀ। ਫਿਰ ਉਹ ਤਾਂਗੇ ਦੀ ਪਿਛਲੀ ਉਧੜੀ ਸੀਟ ਠੀਕ ਕਰਨ ਲੱਗਾ। ਘੋੜੇ ਦੀ ਲਗਾਮ ਬੰਮ ਨਾਲ ਬੰਨ੍ਹੀ ਹੋਈ ਸੀ। ਤਾਂਗੇ ਵਿਚ ਤਿੰਨ ਸਵਾਰੀਆਂ ਬੈਠੀਆਂ ਹੋਈਆਂ ਸਨ। ਉਨ੍ਹਾਂ ਦੀ ਨਿਗ੍ਹਾ ਵੀ ਪਿੰਡ ਵੱਲ ਸੀ। ਸਵਾਰੀਆਂ ਆਉਣਗੀਆਂ ਤਾਂ ਹੀ ਕਾਲੂ ਤਾਂਗਾ ਤੋਰੇਗਾ। ਸਵਾਰੀਆਂ ਨੂੰ ਪਤਾ ਸੀ। ਇੱਕ ਮਰਦ ਅਤੇ ਦੋ ਤੀਵੀਆਂ ਸਨ। ਤੀਵੀਆਂ ਨੇ ਮਰਦ ਤੋਂ ਘੁੰਢ ਕੱਢੇ ਹੋਏ ਸਨ। ਉਨ੍ਹਾਂ ਦੀ ਸਿਰਫ ਠੋਡੀ ਹੀ ਦਿਸਦੀ ਸੀ। ਉਹ ਗੱਲੀਂ ਪਈਆਂ ਹੋਈਆਂ ਸਨ। 
      ਕਾਲੂ ਨੇ ਵੇਖਿਆ ਕਿੰਨੇ ਹੀ ਚਿਰ ਤੋਂ ਮੌਜੂਦੀਨ ਦਾ ਘੋਨਾ ਖੜਾ ਤਾਂਗੇ ਵੱਲ ਤੱਕੀ ਜਾ ਰਿਹਾ ਹੈ। ਕਾਲੂ ਨੇ ਦੂਰੋਂ ਹੀ ਪੁੱਛਿਆ। 
               -ਕਿਵੇਂ ਖੜਾ ਐ, ਉਏ ਗਾਂਧੀ ਸਿਰਿਆ?
             ਘੋਨਾ ਤਾਂਗੇ ਦੇ ਨੇੜੇ ਆ ਗਿਆ ਤੇ ਝਕਦੇ ਹੋਏ ਨੇ ਪੁਛਿਆ- ‘ਚਾਚਾ ਉਏ ਬਾਘੇ ਪੁਰਾਣੇ ਦੇ ਕਿੰਨੇ ਪੈਸੇ ਲਏਂਗਾ?’ 
               -ਤੂੰ ਬੋਲਦਾ ਕਿੱਥੋ ਐ ਉਏ, ਚਾਚਾ ਉਏ ਕੀ ਹੁੰਦੈ?’ ਕਾਲੂ ਹੱਸਿਆ।
               -‘ਤੈਨੂੰ ਚਾਚਾ ਤਾਂ ਕਿਹਾ ਪਹਿਲਾਂ।’ ਘੋਨਾ ਵੱਟ ਖਾ ਗਿਆ।
       ਕਾਲੂ ਨੇ ਉਸ ਦੇ ਨੰਗੇ ਪੈਰਾਂ ਵੱਲ ਝਾਕਿਆ, ਫਿਰ ਪੁੱਛਿਆ, ‘ਬਾਘੇ ਪੁਰਾਣੇ ਤੂੰ ਕੁੱਤੇ ਖੱਸੀ ਕਰਨ ਜਾਣੈ?’-ਚਾਚਾ ਮੈਂ ਤੈਨੂੰ ਬਾਘੇ ਪੁਰਾਣੇ ਦੇ ਪੈਸੇ ਪੁੱਛੇ ਐ। ਕੁੱਤੇ ਖੱਸੀ ਕਰਨ  ਨੂੰ ਤਾਂ ਖੋਟੀਂ ਬਥੇਰੇ ਐ। ਮੁੰਡਾ ਕਾਲੂ ਦੀਆ ਅੱਖਾਂ ਵਿੱਚ ਝਾਕਿਆ।
    -‘ਦੋ ਆਨੇ ਲੱਗਣਗੇ ਜਾਣੇ ਤਾਂ ਚੜ੍ਹ ਜਾ ਪਿੱਛੇ।’ ਕਾਲੂ ਵੀ ਰੁੱਖਾ ਬੋਲਿਆ।
ਮੁੰਡਾ ਪਿੱਛੇ ਹੋ ਕੇ ਖੜ੍ਹਾ ਗਿਆ ਜੇਬ ਵਿੱਚ ਤਾਂ ਮੋਰੀ ਵਾਲਾ ਪੈਸਾ ਵੀ ਨਹੀਂ ਸੀ। ਪੰਜਵੀ ਦਾ ਇਮਤਿਹਾਨ ਦਿੱਤਾ ਹੋਇਆ ਸੀ। ਨਤੀਜਾ ਅਜੇ ਨਿਕਲਣਾ ਸੀ। ਵਿਹਲਾ ਸੀ, ਮਨ ਵਿੱਚ ਆਇਆ ਬਾਘਾ ਪੁਰਾਣਾ ਦੀ ਸੈਰ ਕਰਾਂ। ਤਾਂ ਹੀ ਅੱਡੇ ਵਿੱਚ ਆ ਖੜਾ ਸੀ।
    ਸਵਾਰੀਆਂ ਆਉਦੀਆਂ ਗਈਆਂ। ਕਾਲੂ ਦਾ ਘਰ ਪੂਰਾ ਹੋ ਗਿਆ ਤਾਂ ਉਸ ਨੇ ਬੰਮ ਨਾਲੋਂ ਲਗਾਮਾਂ ਖੋਲ੍ਹ ਕੇ ਹੱਥ ਵਿੱਚ ਫੜ ਲਈਆਂ ਤੇ ਪਿੰਡ ਵੱਲ ਸਰਸਰੀ ਜਿਹਾ ਝਾਕ ਕੇ ਹੋਕਾ ਦਿੱਤਾ, ‘ਬਾਘੇ ਪੁਰਾਣੇ ਦੀ ਸਵਾਰੀ ਕੋਈ ਬਈ ਓਏ…।’
     ਕਾਲੂ ਪਾਸੇ ਖੜੇ ਘੋਨੇ ਵੱਲ ਝਾਕਿਆ। ਅੱਖ ਨਾਲ ਹੀ ਪੁੱਛਿਆ-‘ਚੱਲਣੈ?’
    ਮੁੰਡਾ ਬੇਫਿਕਰ ਹੋਇਆ ਖੜਾ ਰਿਹਾ। ਫਿਰ ਉਸ ਨੂੰ ਕਾਲੂ ਦੀ ਆਵਾਜ ਸੁਣੀ,’ਚੱਲ ਉਏ ਪੁੱਤਰਾ।…ਹੁਰਰ…।’ ਤਾਂਗਾ ਤੁਰ ਪਿਆ।
     ਮੁੰਡੇ ਨੇ ਵੀ ਝੱਟ ਫੈਸਲਾ  ਲੈ ਲਿਆ। ਉਹ ਤਾਂਗੇ ਦੇ ਨਾਲ-ਨਾਲ ਤੁਰਨ ਲੱਗਾ। ਫਿਰ ਪੱਕੀ ਸੜਕ ੳੁੱਪਰ ਚੜ੍ਹ ਕੇ ਘੋੜਾ ਜਿਵੇਂ-ਜਿਵੇਂ ਰਫਤਾਰ ਫੜਦਾ ਗਿਆ ਮੁੰਡਾ ਵੀ ਉਵਂੇ-ਉਵੇਂ ਤਾਂਗੇ ਦੇ ਨਾਲ-ਨਾਲ ਭੱਜਣ ਲੱਗਾ।
     ਅੱਗੇ ਨਹਿਰ ਦਾ ਪੁਲ ਆ ਗਿਆ। ਘੋੜੇ ਨੂੰ ਚੁਕੰਨਾ ਕਰਨ ਲਈ ਕਾਲੂ ਨੇ ਛੰਟੇ ਦੀ ਪਰੈਣੀ ਪਹੀਆਂ ਦੇ ਗਜ਼ਾਂ ਨਾਲ ਛੁਹਾ ਕੇ ਕਿੜ-ਕਿੜ ਕਿੜ-ਕਿੜ ਕਰਵਾਈ। ਨਾਲ ਹੀ ਘੋੜੇ ਨੂੰ ਹੱਲਾਸ਼ੇਰੀ ਦਿੱਤੀ…ਜੀ ਉਏ ਸੋਣਿਆ। ਘੋੜੇ ਨੇ ਪੱਠੇ ਖਿੱਚ ਲਏ। ਤਾਂਗੇ ਪਿੱਛੇ ਦੌੜੇ ਆਉਦੇ ਮੁੰਡੇ ਦੀਆਂ ਮਲੂਕ ਪਿੰਜਣੀਆਂ ਵੀ ਹਰਕਤ ਵਿੱਚ ਆਈਆਂ। ਵਿੱਚ ਬੈਠੀਆਂ ਸਵਾਰੀਆਂ ਸਾਹੋ-ਸਾਹ ਹੋਏ ਆਉਦੇ ਮੁੰਡੇ ਵੱਲ ਹੈਰਾਨੀ ਅਤੇ ਤਰਸ ਨਾਲ ਵੇਖਣ ਲੱਗੀਆਂ। ਪਹਿਲਾਂ ਉਨ੍ਹਾਂ ਨੇ ਸੋਚਿਆ ਸੀ ਮੁੰਡਾ ਐਵਂੇ ਚਾਅ ਨਾਲ ਤਾਂਗੇ ਪਿੱਛੇ ਦੌੜ ਪਿਆ। ਇੱਕ ਅੱਧ ਮੀਲ ਦੌੜ ਕੇ ਮੁੜ ਜਾਏਗਾ। ਪਰ ਹੁਣ ਮੁੰਡੇ ਦਾ ਹੱਠ ਦੇਖ ਕੇ ਇੱਕ ਪੰਜਾਹ ਕੁ ਸਾਲਾਂ ਦੀ ਤੀਵੀ ਨੇ ਉਸ ਨੂੰ ਤਾਂਗੇ ਵਿੱਚ ਚੜ੍ਹ ਜਾਣ ਲਈ ਕਿਹਾ। ਮੁੰਡੇ ਨੇ ਸਿਰ ਫੇਰ ਦਿੱਤਾ।
      ਘੋੜਾ ਆਪਣੀ ਰੇਵੀਏ ਚਾਲ ਤੁਰਿਆ ਗਿਆ। ਕਾਲੂ ਨੇ ਕੋਈ ਕਥਾ ਛੇੜ ਲਈ ਸੀ। ਪੱਤੋ ਹੀਰਾ ਸਿੰਘ ਵੱਲ ਕੋਈ ਡਾਕਾ ਪਿਆ ਸੀ, ਕਾਲੂ ਇਸ ਤਰ੍ਹਾਂ ਸੁਣਾ ਰਿਹਾ ਸੀ ਜਿਵੇ ਸਭ ਕੁਝ ਅੱਖੀਂ ਵੇਖਿਆ ਹੋਵੇ। ਵੇਲਾ ਹੀ ਇਹੋ ਜਿਹਾ ਸੀ। ਕਿਧਰੇ ਕੋਈ ਡਾਕਾ ਜਾਂ ਕਤਲ ਹੋ ਜਾਂਦਾ, ਸਾਲ-ਸਾਲ ਭਰ ਉਸ ਦੀਆਂ ਗੱਲਾਂ ਤੁਰਦੀਆਂ ਰਹਿੰਦੀਆਂ। ਕਾਲੂ ਦਾ ਆਪਣੇ ਕਿੱਤੇ ਦਾ ਦਾਅਪੇਚ ਵੀ ਸੀ। ਗੱਲੀਂ ਲਾ ਕੇ ਉਹ ਆਪਣੀ ਮਨਮਰਜ਼ੀ ਦੀ ਰਫਤਾਰ ਨਾਲ ਪਹੁੰਚਦਾ ਸੀ। ਨਹੀਂ ਤਾਂ ਅੱਕੀਆਂ ਬੈਠੀਆਂ ਸਵਾਰੀਆਂ ਛੇਤੀ ਪੁੱਜਣ ਲਈ ਕਾਲੂ ਅਤੇ ਘੋੜੇ ਦਾ ਲਹੂ ਪੀਣ ਤੱਕ ਜਾਂਦੀਆਂ ਸਨ। 
   ਇਧਰੋਂ ਕਾਲੂ ਦੀ ਕਥਾ ਦਾ ਭੋਗ ਪਿਆ, ਉਧਰ ਤਾਂਗਾ ਬਾਘਾ ਪੁਰਾਣੇ ਦੀ ਜੂਹ ਵਿੱਚ ਜਾ ਵੜਿਆ। ਮੁੰਡਾ ਹੌਕਦਾ, ਆਪਣਾ ਮੁੜ੍ਹਕਾਂ ਪੂੰਝਦਾ ਨਾਲ-ਨਾਲ ਦੌੜਦਾ ਆਇਆ। ਇੱਕ ਸਵਾਰੀ ਨੇ ਹਮਦਰਦੀ ਨਾਲ ਕਿਹਾ, ‘ਉਏ ਛੋਹਰਾ, ਲੈ ਫੜ ਆਨਾ, ਦੁੱਧ ਪੀ ਲਈ।’
      -‘ਨਲਕੇ ਤੋਂ ਪਾਣੀ ਪੀਊਗਾ ਜਾ ਕੇ।’ ਮੁੰਡੇ ਨੇ ਖੁਦਦਾਰੀ ਨਾਲ ਕਿਹਾ ਤੇ ਚਲਿਆ ਗਿਆ। ਸਵਾਰੀ ਹੈਰਾਨ ਹੋਈ ਵੇਖਦੀ ਰਹਿ ਗਈ।
-ਕਿੰਨ੍ਹਾਂ ਦਾ ਛੋਹਰ ਐ? ਸਵਾਰੀ ਨੇ ਖੀਸੇ ਵਿੱਚੋਂ ਆਨਾ ਕੱਢਣ ਲਈ ਪਾਇਆ ਹੱਥ ਬਾਹਰ ਕੱਢਦਿਆਂ ਪੁੱਛਿਆ।
      -ਉਹ ਮੋਜੂਦੀਨ ਦਾ ਛੋਹਰ ਐ ਰੁਲਦੂ।
      -‘ਕਿਹੜੇ ਮੋਜੂਦੀਨ ਦਾ?’
      -ਕਿੰਨੇ ਕੁ ਮੋਜੂਦੀਨ ਐ ਖੋਟਿਆਂ ਦੇ? ਪਹਿਲਾ ਉਸ ਦੀ ਜਾਣਕਾਰੀ ਉਪਰ ਹੈਰਾਨ ਹੋਇਆ। ਫਿਰ ਦੱਸਿਆ ‘ਹੁਸ਼ਿਆਰਪੁਰ ਵੱਲਂੋ ਸੰਦੜ-ਧੂਤਾਂ ਤਂੋ ਨ੍ਹੀ ਆਇਆ, ਮੁਸਲਮਾਨਾਂ ਦਾ ਟੱਬਰ।’
       -ਜਿਨ੍ਹਾਂ ਦਾ ਕੋਹਲੂ ਲਾਇਐ?
       -ਹਾਂ ਓਹੀ। ਜਿਹੜੇ ਪਲੇਗ ਦੀ ਬਿਮਾਰੀ ਪਿੱਛੋਂ ਏਧਰ ਆਏ।
       -ਫੇਰ ਸਿੱਧੀ ਆਖ ਨਾ ਮੋਜੂਦੀਨ ਤੇਲੀ ਦਾ ਛੋਹਰ ਐ। ੳਂੂ ਹਿੰਮਤੀ ਐ ਬਈ ਗੰਜਾ ਜਿਹਾ। ਘੋੜੇ ਦੇ ਨਾਲ ਈ ਘੋੜਾ ਬਣਿਆ ਆਇਆ। ਆਪਣੇ ਛੋਹਰ ਤਾਂ ੳਂੂ  ਈਂ ਡਰ ਜਾਣ।
         ਮੁੰਡਾ ਸਾਹ ਸਾਂਵਾਂ ਕਰਦਾ, ਤਾਂਗੇ ਨਾਲੋਂ ਘੋੜਾ ਖੋਲ੍ਹ ਰਹੇ ਕਾਲੂ ਕੋਲ ਜਾ ਖਲੋਤਾ।
       -‘ਦੋ ਆਨ ਬਚਾ ਲਏ ਗਾਧੀਂ ਸਿਰਿਆ। ਕਾਲੂ ਹੱਸਿਆ।
       -ਚਾਚਾ ਉਏ, ਮੁੜਂੇਗਾ ਕਦੋਂ। ਮੁੰਡੇ ਨੇ ਕਾਲੂ ਦੀ ਗੱਲ ਅਣਗੌਲੀ ਕਰਦਿਆਂ ਪੁੱਛਿਆ
       -ਤੂੰ ਫੇਰ ਉਏ ਆਖਦੈਂ ਗੰਜਿਆ।
       -ਨਾਲ ਚਾਚਾ ਵੀ ਤਾਂ ਕਿਹੈ।
     ਕਾਲੂ ਨੇ ਕੋਲ ਖਲੋਤੇ ਬਰੋਟੇ ਦੀ ਛਾਂ ਵਿਖਾਉਦਿਆਂ ਕਿਹਾ, ‘ਆਹ ਛਾਂ ਜਦੋਂ ਦੂਜੇ ਪਾਸੇ ਚਲੀ ਗਈ ਉਦੋਂ ਮੁੜਨੈ।’ 
     ਮੁੰਡਾ ਬਾਜ਼ਾਰ ਦੀ ਭੀੜ ਵਿੱਚ ਜਾ ਵੜਿਆ। 
      ਦਿਨ ਭਰ ਉਹ ਬਾਘੇ ਪੁਰਾਣੇ ਦੇ ਬਾਜ਼ਾਰ ਦੀ ਰੌਣਕ ਵੇਖਦਾ ਰਿਹਾ। ਭੁੱਖਾ-ਭਾਣਾ, ਖਾਲੀ ਬੋਝਾ, ਨੰਗੇ ਪੈਰ। ਬਸ ਸ਼ਹਿਰ ਵੇਖਣ ਦਾ ਚਾਅ ਈ ਤਾਂਗੇ ਮਗਰ ਭਜਾਈ ਲਈ ਆਇਆ।
     ਆਥਣ ਵੇਲੇ ਵੀ ਉਹ ਉਵੇਂ ਹੀ ਤਾਂਗੇ ਦੀ ਰਫਤਾਰ ਨਾਲ ਪਿੰਡ ਪੁੱਜ ਗਿਆ।
    ਕਿਥਂੋ ਆਇਅਂੈ ਰੁਲਦੂ-ਵੱਡਿਆ ਸਵੇਰ ਦਾ ਗਿਅਂੈ।’ ਮਿੱਟੀ ਘੱਟੇ ਨਾਲ ਲਿੱਬੜੇ ਪੈਰ ਵੇਖ ਕੇ ਮਾਂ ਨੇ ਪੁੱਛਿਆ।
       -ਮਾਂ ਭੁੱਖ ਲੱਗੀ ਐ ਬਾਹਲੀ, ਰੱਬ ਦੀ ਸਂੌਹ। ਰੁਲਦੂ ਨੇ ਆਪਣੇ ਅੰਦਰ ਵੜੇ ਢਿੱਡ ਉਪਰ ਦੋਵੇਂ ਹੱਥ ਰੱਖਦਿਆਂ ਕਿਹਾ।
        ਮਾਂ ਖਿਝੀ ਪਈ ਸੀ, ਸਵੇਰ ਦੀ ਉਹ ਮੁਹੰਮਦੇ ਨੂੰ ਤੇ ਆਂਢ-ਗੁਆਂਢ ਨੂੰ ਕਈ ਵਾਰ ਪੁੱਛ ਚੁੱਕੀ ਸੀ।… ‘ਰੁਲਦੂ ਕਿੱਧਰ ਗਿਆ? ਕਿਸੇ ਨੇ ਵੇਖਿਆ ਹੋਵੇ ਤਾਂ ਦੱਸੋ। ਬੱਕਰੀਆਂ ਵਾਲੇ ਰੋਡੂ ਨੇ ਇੰਨ੍ਹਾ ਕੁ ਦੱਸਿਆ ਸੀ… ‘ਸਵੇਰੇ ਤਾਂਗਿਆਂ ਦੇ ਅੱਡੇ ’ਚ ਖੜਾ ਵੇਖਿਆ।
ਫੇਰ ਪਤਾ ਨ੍ਹੀ’
        ਮਾਂ ਨੇ ਮਨ ਹੀ ਮਨ ਅਨੇਕਾਂ ਵਾਰੀ ਕੋਸਿਆ, ‘ਜਾਏ ਖਾਣੇ ਦਾ ਹੈ ਵੀ ਰੁਲਦੂ ਤੇ ਨਾਂਅ ਵੀ ਰੁਲਦੂ।’
       ਰੁਲਦੂ ਨੇ ਸੁੱਕੇ ਬੁੱਲ੍ਹਾਂ ੳੁੱਪਰ ਜੀਭ ਫੇਰਦਿਆਂ ਫਿਰ ਕਿਹਾ, ‘ਮਾਂ ਕੋਈ ਰੋਟੀ ਪਈ ਇੱਕ ਅੱਧੀ ਤਾਂ ਦੇਹ ਨਾ।
       -ਮੈਨੂੰ ਖਾ ਲਾ। ਮਾਂ ਝਈ ਲੈ ਕੇ ਪਈ। 
       ਰੁਲਦੂ ਡਰ ਗਿਆ। ਕੁਝ ਦੇਰ ਉਵੇਂ ਦੋਹਾਂ ਹੱਥਾਂ ਨਾਲ ਢਿੱਡ ਦਬਾਈ ਖਲੋਤਾ ਰਿਹਾ। ਫਿਰ ਪਾਣੀ ਦੇ ਘੜੇ ਵੱਲ ਅਹੁਲਿਆ। ਉਸ ਨੂੰ ਸਮਝ ਆ ਗਈ, ਰੋਟੀ ਤਾਂ ਹੁਣ ਰਾਤ ਵੇਲੇ ਹੀ ਮਿਲੂ। ਬਾਘੇ ਪੁਰਾਣੇ ਦੇ ਬਾਜ਼ਾਰ ਵਿੱਚ ਇੱਕ ਹਲਵਾਈ ਦੀ ਦੁਕਾਨ ਅੰਦਰ ਵੇਖੇ ਲੱਡੂ, ਜਲੇਬੀਆਂ ਤੇ ਪਕੌੜਿਆਂ ਬਾਰੇ ਸੋਚਦਾ, ਉਹ ਦੋ ਬਾਟੀਆਂ ਪਾਣੀ ਦੀਆਂ ਪੀ ਗਿਆ ਤੇ ਸਿਰ ਖੁਰਕਦਾ ਇੱਕ ਪਾਸੇ ਪਈ ਢਿੱਲੀ ਜਿਹੀ ਮੰਜੀ ੳੁੱਪਰ ਜਾ ਲੇਟਿਆ। ਅੱਖਾਂ ਬੰਦ ਕਰ ਲਈਆਂ। ਹਲਵਾਈ ਦੀ ਦੁਕਾਨ  ਵਿੱਚ ਸਜਾਏ ਮਠਿਆਈਆਂ ਦੇ ਥਾਲ ਫਿਰ ਦਿਸੇ। ਭੁੱਖ ਹੋਰ ਤੰਗ ਕਰਨ ਲੱਗੀ ਤਾਂ ਘਬਰਾਂ ਕੇ ਅੱਖਾਂ ਖੋਲ੍ਹ ਲਈਆਂ।
     ਉਦਂੋ ਨਾ ਮਾਂ ਨੂੰ ਇਲਮ ਸੀ, ਨਾ ਤਾਂਗੇ ਵਾਲੇ ਕਾਲੂ ਨੂੰ ਇਲਮ ਸੀ, ਨਾ ਰੋਡੂ ਬੱਕਰੀਆਂ ਵਾਲਾ ਜਾਣਦਾ ਸੀ। ਢਿੱਲੀ ਮੰਜੀ ੳੁੱਪਰ ਦੋਹਾਂ ਹੱਥਾਂ ਨਾਲ ਢਿੱਡ ਨੱਪੀ ਪਿਆ, ਜਾਂ ਤਾਂਗੇ ਦੇ ਮਗਰ-ਮਗਰ ਨੰਗੇ ਪੈਰੀ ਦੌੜਨ ਨਾਲ ਇਹ ਮੁੰਡਾ ਕਿਸੇ ਦਿਨ ਗਰੀਬਾਂ ਦੀ ਭੁੱਖ ਨੂੰ ਦੂਰ ਕਰਨ ਲਈ ਲੜੇਗਾ ਹੀ ਨਹੀਂ, ਕੌਮੀ ਪੱਧਰ ਦਾ ਆਗੂ ਕਾਮਰੇਡ ਰੁਲਦੂ ਖਾਨ ਬਣੇਗਾ ਅਤੇ ਗਰੀਬ ਕਿਸਾਨਾਂ, ਖੇਤ ਮਜ਼ਦੂਰਾਂ ਅਤੇ ਦੱਬੇ-ਕੁਚਲੇ ਲੋਕਾਂ ਦਾ ਮਸੀਹਾ ਹੋ ਨਿਬੜੇਗਾ।                       
 (ਕਾਮਰੇਡ ਰੁਲਦੂ ਖਾਨ ਦੀ ਜ਼ਿੰਦਗੀ ’ਤੇ ਅਧਾਰਿਤ ਛਪ ਰਹੇ ਨਾਵਲ ‘ਮੈਂ ਪਾਕਿਸਤਾਨ ਨਹੀਂ ਜਾਣਾ’ ਚੋਂ ਇੱਕ ਕਾਂਡ)

ਸੂਰਤ ਅਤੇ ਸੀਰਤ ਵਰਗੇ ਮਾਨਵੀ ਗੁਣਾ ਨਾਲ ਭਰਪੂਰ (ਸੀ) ਜਗਦੀਸ਼ ਧਰਮੂਵਾਲਾ....ਪਰਮਜੀਤ ਢਾਬਾਂ, ਚਰਨਜੀਤ ਛਾਂਗਾ ਰਾਏ


                                                     ਭਵਿੱਖ ਮੈਗਜ਼ੀਨ ਦੇ ਅੰਕ ਮਾਰਚ-ਅਪ੍ਰੈਲ 2012 ਵਿਚੋਂ
ਜਗਦੀਸ਼ ਧਰਮੂਵਾਲਾ
        ਇਕ ਵਰ੍ਹਾ ਪਹਿਲਾਂ 3 ਫਰਵਰੀ 2011 ਦੀ ਸਵੇਰ ਜਦੋਂ ਸਾਥੀ ਜਗਦੀਸ਼ ਧਰਮੂਵਾਲਾ ਅਪਣੇ ਘਰੇਲੂ ਕੰਮ ਲਈ ਮੋਟਰਸਾਇਕਲ ’ਤੇ ਜਾ ਰਿਹਾ ਸੀ ਤਾਂ ਇਕ ਦਰਦਨਾਕ ਹਾਦਸੇ ਨੇ ਉਸ ਨੂੰ ਸਾਡੇ ਤੋਂ ਸਦਾ ਲਈ ਵਿਛੋੜ ਦਿੱਤਾ। ਉਹ ਆਪਣੇ ਘਰੇਲੂ ਕੰਮ ਨੂੰ ਜਲਦੀ ਮੁਕਾ ਕੇ ਨਰੇਗਾ ਕਾਮਿਆਂ ਨੂੰ ਸੰਬੋਧਨ ਕਰਨ ਦੇ ਨਾਲ-ਨਾਲ ਮੰਡੀ ਲਾਧੂਕਾ ਵਿਖੇ ਰੇਹੜੀ ਫੜੀ ਵਾਲਿਆਂ ਦਾ ਕੋਈ ਫੈਸਲਾ ਕਰਵਾਉਣ ਲਈ ਪੰਚਾਇਤ ਵਿਚ ਹਿੱਸਾ ਲੇਣ ਵਾਲਾ ਸੀ। ਉਹ ਅਜੇ ਆਪਣੀ ਇਨਕਲਾਬੀ ਸੋਚ, ਲੋਕਾਂ ਦੇ ਦੁੱਖਾਂ-ਦਰਦਾਂ ਨੂੰ ਦੂਰ ਕਰਨ ਦੀ ਤੜਫ ਅਤੇ ਆਪਣੇ ਦਲੇਰਾਨਾ ਕੰਮਾਂ ਕਰਕੇ ਇਲਕੇ ਵਿਚ ਦਿਨੋ-ਦਿਨ ਹਰਮਨ ਪਿਆਰਤਾ ਪ੍ਰਾਪਤ ਕਰਦਿਆਂ ਇਕ ਨਿਧੱੜਕ, ਪਰਿਪੱਕ ਆਗੂ ਦੇ ਰੂਪ ਵਿਚ ੳੁੱਭਰ ਰਿਹਾ ਸੀ।ਸਾਥੀ ਜਗਦੀਸ਼ ਸੂਰਤ ਅਤੇ ਸੀਰਤ ਵਰਗੇ ਮਾਨਵੀ ਗੁਣਾ ਨਾਲ ਭਰਪੂਰ ਸੀ।ਸਾਥੀ ਜਗਦੀਸ਼ ਛੋਟੀ ਕਿਸਾਨੀ ਦੇ ਪਰਿਵਾਰ ਵਿਚੋਂ ਸੀ, ਪਰ ਉਹ ਕਿਸਾਨਾਂ, ਮਜਦੂਰਾਂ ਅਤੇ ਦੁਕਾਨਦਾਰਾਂ  ਦੀਆਂ ਮੁਸ਼ਕਲਾਂ ਦੇ ਹੱਲ ਲਈ ਹਰ ਵੇਲੇ ਸੰਘਰਸ਼ ਕਰਨ ਲਈ ਉਤਾਵਲਾ ਰਹਿੰਦਾ ਸੀ।ਉਸ ਦੇ ਪਰਿਵਾਰ ਨੇ ਵੀ ਉਸ ਨੂੰ ਅਜਿਹੇ ਕੰਮਾਂ ਵਿਚ ਭਰਪੂਰ ਸਹਿਯੋਗ ਦਿੱਤਾ। ਬਾਪ ਦਾ ਸਾਇਆ ਸਿਰ ਤੋਂ ਉਠ ਜਾਣ ਕਰਕੇ ਸਿਰਫ 10ਵੀਂ ਦੀ ਪੜ੍ਹਾਈ ਤੋਂ ਬਾਅਦ ਘਰ ਦੀ ਅਰਥਿਕਤਾ ਵਿਚ ਸਹਿਯਯੋਗ ਪਾਉਣ ਲਈ ਕਾਮਰੇਡ ਜਗਦੀਸ਼ ਨੇ ਮੰਡੀ ਲਾਧੂਕਾ ਵਿਚ ਕੱਪੜੇ ਸਿਊਣ (ਦਰਜੀ) ਦਾ ਕੰਮ ਸ਼ੁਰੂ ਕੀਤਾ।

 ਇਸ ਦੇ ਨਾਲ-ਨਾਲ ਉਹਦੇ ਮਨ ਵਿਚ ਸਾਡੇ ਸਮਾਜ ਨੂੰ ਘੁਣ ਵਾਂਗ ਖਾ ਰਹੀਆਂ ਸਮਾਜਕ ਬੁਰਾਈਆਂ ਨੂੰ ਦੂਰ ਕਰਨ ਦੀ ਹਸਰਤ ਅੰਗੜਾਈ ਲੈ ਰਹੀ ਸੀ।ਇਹਨਾਂ ਸਮਾਜਕ ਬੁਰਾਈਆਂ ਦੇ ਵਿਗਿਆਨਕ ਹੱਲ ਲਈ ਉਸ ਵੇਲੇ ਮੰਡੀ ਲਾਧੂਕਾ ਵਿਖੇ ਕੁਝ ਅਗਾਂਹਵਧੂ ਸਮਾਜਕ ਆਗੂਆਂ ਵੱਲੋਂ ਬਣਾਈ ਤਰਕਸ਼ੀਲ ਸੋਸਾਇਟੀ ਦਾ ਮੈਂਬਰ ਬਣ ਗਿਆ। ਤਰਕਸ਼ੀਲ ਸੋਸਾਇਟੀ ਵਿਚ ਕੰਮ ਕਰਦਿਆਂ ਜਗਦੀਸ਼ ਨੇ ਵਿਗਿਆਨਕ ਤਰਕਸ਼ੀਲ ਟਰਿੱਕਾਂ ਰਾਹੀਂ ਅੰਧ-ਵਿਸ਼ਵਾਸਾਂ ਖਿਲਾਫ ਪ੍ਰਚਾਰ ਕਰ ਸਮਾਜ ਨੂੰ ਜਾਗਰੂਕ ਕੀਤਾ। ਇਸੇ ਦਰਮਿਆਨ ਹੀ ਜਗਦੀਸ਼ ਦਾ 1999 ਵਿਚ ਕਾਮਰੇਡ ਹੰਸ ਰਾਜ ਗੋਲਡਨ ਨਾਲ ਮਿਲਾਪ ਹੋਇਆ। ਕਾਮਰੇਡ ਗੋਲਡਨ ਉਸ ਵੇਲੇ ਪੰਜਾਬ ਵਿਚ ਨੌਜਵਾਨਾਂ ਅਤੇ ਵਿਦਿਆਰਥੀਆਂ ਵੱਲੋਂ ਲੋਕ ਮਸਲਿਆਂ ਦੇ ਮੁਕੰਮਲ ਹੱਲ ਲਈ ਚਾਲਈ ਰੁਜ਼ਗਾਰ ਪ੍ਰਪਾਤੀ ਚੇਤਨਾ ਮੁਹਿੰਮ ਦੀ ਫਿਰੋਜਪੁਰ ਜਿਲ੍ਹੇ ਵਿਚ ਅਗਵਾਈ ਕਰ ਰਹੇ ਸਨ। ਮੁਹਿੰਮ ਵੱਲੋਂ ਤਿਆਰ ਪੰਜ ਮੰਗਾਂ ਦੇ ਪ੍ਰੋਗਰਾਮ ਨੂੰ ਲੈ ਕੇ ਪਿੰਡਾਂ ਵਿਚ ਮੀਟਿੰਗਾਂ ਲਗਾ ਕੇ ਬੇਰੁਜਗਾਰ ਫਿਰ ਰਹੇ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਚੇਤਨ ਕਰਦੇ ਅਤੇ ਪਿੰਡਾਂ ਵਿਚ ਵਿਚੋਂ ਚੁਣੇ ਨੌਜਵਾਨ ਆਗੂਆਂ ਨੂੰ ਸਿਧਾਂਤਕ ਸੇਧ ਦੇਣ ਲਈ ਮੰਡੀ ਲਾਧੂਕਾ ਵਿਖੇ ਸਿਧਾਂਤਕ ਸਕੂਲਾਂ ਦਾ ਪ੍ਰਬੰਧ ਕੀਤਾ ਜਾਂਦਾ, ਰਾਤ ਰਾਤ ਭਰ ਕਲਾਸਾਂ ਚਲਦੀਆਂ ਅਤੇ ਨਵੇਂ ਭਰਤੀ ਕੀਤੇ ਨੌਜਵਾਨਾਂ ਨੂੰ ਬੁਲਰੇ ਬਣਾਉਣ ਦੀ ਟ੍ਰੇਨਿੰਗ ਦਿੱਤੀ ਜਾਂਦੀ।
ਜਗਦੀਸ਼ ਧਰਮੂਵਾਲਾ ਦੀ ਪਹਿਲੀ ਬਰਸ਼ੀ ਮੋਕੇ ਦੀ ਤਸਵੀਰ
ਸਾਥੀ ਜਗਦੀਸ਼ ਨੇ ਇਹਨਾਂ ਸਿਧਾਂਤਕ ਸਕੂਲਾਂ ਅਤੇ ਟ੍ਰੇਨਿੰਗ ਕੈਪਾਂ ਵਿਚ ਉਤਸਾਹ ਨਾਲ ਹਿੱਸਾ ਲੈ ਕੇ ਇਕ ਚੰਗੇ ਬੁਲਾਰੇ ਦੇ ਗੁਣ ਸਿੱਖੇ ਅਤੇ ਮੁਹਿੰਮ ਤੇ ਪ੍ਰੋਗਰਾਮ ਨੂੰ ਚੰਗੀ ਤਰ੍ਹਾਂ ਆਪਣੇ ਦਿਮਾਗ ਦਾ ਹਿੱਸਾ ਬਣਾ ਕੇ ਲੋਕਾਂ ਵਿਚ ਪ੍ਰਚਾਰਨ ਦਾ ਕੰਮ ਆਰੰਭ ਦਿੱਤਾ।ਜਗਦੀਸ਼ ਸਮਾਂ ਮਿਲਣ ’ਤੇ ਸਥਾਨਕ ਅਤੇ ਕੌਮਾਂਤਰੀ ਪੱਧਰ ਦਾ ਇਨਕਲਾਬੀ ਅਤੇ ਸਮਾਜਕ ਸਾਹਿਤ ਨੂੰ ਪੜ੍ਹਨਾ ਨਹੀਂ ਸੀ ਭੁੱਲਦਾ। ਸਥਾਨਕ ਅਤੇ ਦੁਨੀਆਂ ਪੱਧਰ ਤੇ ਵਾਪਰ ਰਹੀਆਂ ਘਟਨਾਵਾਂ ਤੇ ਨਿਗ੍ਹਾ ਰੱਖ ਕੇ, ਉਹਦੀ ਸਿਧਾਂਤਕ ਪੜਚੋਲ ਕਰਕੇ, ਆਗੂ ਟੀਮ ਨਾਲ ਸਾਂਝਾ ਕਰਨਾ ਉਹਦਾ ਵਿਸ਼ੇਸ਼ ਗੁਣ ਸੀ। ਉਹਦੇ ਭਾਸ਼ਨ ਹਮੇਸ਼ਾਂ ਜੋਸ਼ੀਲੇ ਅਤੇ ਸਿਧਾਂਤਕ ਹੁੰਦੇ, ਜੋ ਸੁਣਨ ਵਾਲਿਆਂ ਵਿਚ ਉਤਸ਼ਾਹ ਭਰਦੇ। ਉਹ ਆਪਣੀ ਤਕਰੀਰ ਵਿਚ ਦੁਨੀਆਂ ਦੇ ਕਿਊਬਾ, ਵੈਂਜੂਏਲਾ, ਵੀਅਤਨਾਮ ਆਦਿ ਵਰਗੇ ਸਮਾਜਵਾਦੀ ਪ੍ਰਬੰਧ ਵੱਲ ਵਧ ਰਹੇ ਦੇਸ਼ਾਂ ਦਾ ਜਿਕਰ ਕਰਦਾ ਅਤੇ ਉਹਨਾਂ ਤੋਂ ਸੇਧ ਲੈ ਕੇ ਭਾਰਤ ਵਿਚ ਵੀ ਅਜਿਹਾ ਪ੍ਰਬੰਧ ਸਿਰਜਣ ਦੀ ਲੋੜ ’ਤੇ ਜੋਰ ਦਿੰਦਾ ਸੀ । ਕਾਰਲ ਮਾਰਕਸ, ਲੈਨਿਨ, ਪਰਮਗੁਣੀ ਭਰਤ ਸਿੰਘ, ਚੀ ਗੁਵੇਰਾ,  ਸ਼ਹੀਦ ਊਧਮ ਸਿੰਘ, ਕਰਤਾਰ ਸਿੰਘ ਸਰਾਭਾ ਉਹਦੇ ਪ੍ਰੇਰਣਾ ਸਰੋਤ ਸੀ ਅਤੇ ਉਹਨਾਂ ਦੀ ਵਿਚਾਰਧਾਰਾ ਦਾ ਬੜੇ ਮਾਣ ਨਾਲ ਪ੍ਰਚਾਰ ਕਰਦਾ ਸੀ।
ਰੁਜ਼ਗਾਰ ਪ੍ਰਾਪਤੀ ਮੁਹਿੰਮ ਸ਼ਹੀਦਾਂ ਦੀ ਵਿਚਾਰਧਾਰਾ ਨੂੰ ਪ੍ਰਣਾਈ ਇਕ ਲਹਿਰ ਹੈ ਅਤੇ ਜਿਹੜੀ ਮਹਾਨ ਸ਼ਹੀਦਾਂ ਦੇ ਪਾਏ ਪੂਰਨਿਆਂ ’ਤੇ ਚੱਲ ਕੇ ਸਮਾਜ ਵਿਚ ਫੈਲੀਆਂ ਵਿਆਪਕ ਸਮੱਸਿਆਂਵਾਂ ਦਾ ਸਥਾਈ ਹੱਲ ਕਰਨਾ ਚਹੁੰਦੀ ਹੈ। ਇਸ ਰੋਸ਼ਨੀ ਵਿਚ ਹੀ ਸਾਰਾ ਸਾਲ ਰੁਜ਼ਗਾਰ ਪ੍ਰਾਪਤੀ ਮੁਹਿੰਮ ਵੱਲੋਂ ਸ਼ਹੀਦਾਂ ਦੇ ਨਾਂਅ ਦੇ ਜਨਮ ਦਿਹੜੇ ਅਤੇ ਸ਼ਹੀਦੀ ਦਿਨ ’ਤੇ ਰੈਲੀਆਂ, ਇਨਕਲਾਬੀ ਸੱਭਿਆਚਾਰਕ ਸਮਾਗਮ, ਵਿਚਾਰਧਾਰਕ ਕੈਂਪ ਅਤੇ ਸੈਮੀਨਾਰ ਲਗਾ ਕੇ ਪ੍ਰਚਾਰ ਕਰਨ ਦੀ ਲੜੀ ਤੋਰੀ ਹੈ, ਜਿਹਦੇ ਵਿਚ 28 ਸਤੰਬਰ ਪਰਮਗੁਣੀ ਭਰਤ ਸਿੰਘ ਦਿਨ ਤੇ ਬਾਵਰਦੀ ਵਲੰਟੀਅਰ ਮਾਰਚ ਵਿਲੱਖਣ ਪ੍ਰੋਗਰਾਮ ਹੈ। ਸਾਥੀ ਜਗਦੀਸ਼ ਨੇ ਇਸ ਵਿਲੱਖਣ ਮਾਰਚ ਦੀ ਤਿਆਰੀ ਲਈ ਦਿਨ-ਰਾਤ ਇਕ ਕਰਕੇ ਸੈਂਕੜੇ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਬਾਵਰਦੀ ਵਲੰਟੀਅਰ ਤਿਆਰ ਕਰਕੇ ਮਾਰਚ ਵਿਚ ਸਮੂਲੀਅਤ ਕਰਵਾਈ। ਸਾਥੀ ਜਗਦੀਸ਼ ਵੱਲੋਂ ਤਿਆਰ ਕੀਤੀ ਸਿਧਾਂਤਕ ਆਗੂ ਟੀਮ ਵਿਚੋਂ ਜਗਦੀਸ਼ ਦੀ ਝਲਕ ਪੈਂਦੀ ਹੈ। ਜੱਥੇਬੰਦੀ ਦੇ ਪਰਿਪੱਕ ਆਗੂ ਬਣਨ ਤੋਂ ਬਾਅਦ ਉਹ 2003 ਵਿਚ ਸੀ.ਪੀ.ਆਈ ਪਿੰਡ ਦੀ ਬਰਾਂਚ ਦਾ ਮੈਂਬਰ ਬਣਿਆ ਅਤੇ ਜਲਦੀ ਹੀ ਉਹ ਜਿਲ੍ਹਾ ਕੌਂਸਲ ਦਾ ਮੈਂਬਰ ਬਣ ਗਿਆ। ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨੇ ਕੇਂਦਰ ਸਰਕਾਰ ਵੱਲੋਂ ਬਣਾਏ ਨਰੇਗਾ ਕਾਨੂੰਨ ਸਿੱਧੇ ਮੂੰਹ ਲਾਗੂ ਨਾ ਕਰਨ ਲਈ ਹਜਾਰਾਂ ਅੜਿੱਕੇ ਡਾਹੇ ਹਨ। ਲਹਿਰ ਦੀ ਸੂਬਾਈ ਲੀਡਰਸ਼ਿਪ ਨੇ ਨਰੇਗਾ ਰੁਜ਼ਗਾਰ ਪ੍ਰਾਪਤ ਮਜਦੂਰ ਯੂਨੀਅਨ ਬਣਾ ਕੇ ਨਰੇਗਾ ਕਨੂੰਨ ਮੁਕੰਮਲ ਰੂਪ ਵਿਚ ਲਾਗੂ ਕਰਵਾਉਣ ਲਈ ਸੰਘਰਸ਼ ਦਾ ਐਲਾਨ ਕਰ ਦਿੱਤਾ। ਬਾਈ ਜਗਰੂਪ ਨੇ ਇਸ ਤੇ ਸਿਧਾਂਤਕ ਅਤੇ ਕਾਨੂੰਨੀ ਸੇਧ ਦੇ ਕੇ ਨਰੇਗਾ ਕਾਮਿਆਂ ਦੀ ਅਗਵਾਈ ਕਰਨ ਲਈ ਤੋਰਿਆ ਤਾਂ ਕਾਮਰੇਡ ਜਗਦੀਸ਼ ਇਸ ਕੰਮ ਵਿਚ ਗਰਮਜੋਸ਼ੀ ਨਾਲ ਕੁੱਦਿਆ।
ਬਸ ਫਿਰ ਕੀ ਸੀ… ਸਵੇਰੇ ੳੁੱਠ ਕੇ ਪਹਿਲਾਂ ਨਰੇਗਾ ਕਾਮਿਆਂ ਦੀ ਮੀਟਿੰਗ ਕਰਵਾਉਣੀ, ਫਿਰ ਆਪਣਾ ਕੱਪੜੇ ਸਿਲਾਈ ਦਾ ਕੰਮ ਕਰਨ ਜਾਣਾ ਅਤੇ ਸ਼ਾਮ ਨੂੰ ਜਲਦੀ ਕੰਮ ਮੁਕਾ ਕੇ ਇਕੱਲੇ ਹੀ ਰਾਤ ਨੂੰ ਫਿਰ ਕਿਸੇ ਨਾ ਕਿਸੇ ਪਿੰਡ ਨਰੇਗਾ ਮਜ਼ਦੂਰਾਂ ਦੀ ਮੀੇਿਟੰਗ ਕਰਵਾਕੇ ਹੀ ਘਰ ਪਰਤਣਾ ਉਹਦਾ ਨਿਤਨੇਮ ਸੀ। ਜਗਦੀਸ਼ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਜਗਦੀਸ਼ ਘਰ ਦੀ ਘੱਟ ਪਰ ਸਮੁੱਚੇ ਸਮਾਜ ਦੀ ਜਿਆਦਾ ਫਿਕਰ ਕਰਦਾ ਸੀ। ਨਰੇਗਾ ਕਾਮਿਆਂ ਦੀਆਂ ਕੰਮ ਦੀਆਂ ਅਰਜੀਆਂ ਭਰਨ, ਕੰਮ ਦਵਾਉਣ ਲਈ ਜੇਕਰ ਕੋਈ ਦਿੱਕਤ ਆਉਂਦੀ ਤਾਂ ਸੱਦਾ ਆਉਣ ‘ਤੇ ਆਪਣਾ ਕੰਮ ਛੱਡ ਕੇ ਤੁਰੰਤ ਹਾਜ਼ਰ ਹੋ ਜਾਂਦਾ ਸੀ। ਉਹਦੇ ਘਰ ਵਿਚ ਸਵੇਰੇ ਤੋਂ ਸ਼ਾਮ ਤੱਕ ਨਰੇਗਾ ਕਾਮਿਆਂ ਅਤੇ ਲੋੜਵੰਦ ਲੋਕਾਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਸੀ ਨਰੇਗਾ ਕਾਮਿਆਂ ਲਈ ਲੜ ਰਹੇ ਕਾ. ਜਗਦੀਸ਼ ’ਤੇ ਹਾਕਮ ਧਿਰ ਨੇ ਨਜਾਇਜ਼ ਪਰਚਾ ਦਰਜ ਕਰਵਾ ਦਿੱਤਾ ਅਤੇ ਉਸ ਨੂੰ ਥਾਣੇ ਵਿਚ ਵੀ ਬੰਦ ਕੀਤਾ। ਗਿਰਫਤਾਰੀ ਤੋਂ ਬਾਅਦ ਹਜਾਰਾਂ ਨਰੇਗਾ ਮਰਦ-ਔਰਤਾਂ, ਵਿਦਿਆਰਥੀਆਂ ਅਤੇ ਨੌਜਵਾਨਾਂ ਨੇ ਕੁਝ ਹੀ ਘੰਟਿਆਂ ਵਿਚ ਥਾਣਾ ਸਦਰ ਫਾਜਿਲਕਾ ਘੇਰ ਕੇ ਉਸ ਦੀ ਹਰਮਨ ਪਿਆਰਤਾ ਦਾ ਸਬੂਤ ਦਿੱਤਾ।
ਸਾਥੀ ਜਗਦੀਸ਼ ਦਾ ਬੇਵਕਤ ਸਾਡੇ ਤੋਂ ਵਿੱਛੜ ਕੇ ਤੁਰ ਜਾਣਾ ਅਸਹਿ ਹੈ ਅਤੇ ਜਿੱਥੇ ਪਰਿਵਾਰ ਅਤੇ ਇਨਕਲਾਬੀ ਲਹਿਰ ਲਈ ਵੱਡਾ ਘਾਟਾ ਹੈ। ਅੱਜ ਵੀ ਕਿਰਤੀਆਂ, ਕਿਸਾਨਾਂ, ਮੁਲਾਜਮਾਂ, ਵਿਦਿਆਰਥੀਆਂ ਅਤੇ ਨੌਜਵਾਨਾਂ ਲਈ ਲੜੇ ਜਾਂਦੇ ਸੰਘਰਸ਼ਾਂ ਵਿਚ ਉਹਦੀ ਘਾਟ ਹਮੇਸ਼ਾ ਹੀ ਮਹਿਸੂਸ ਹੁੰਦੀ ਹੈ। ਅੱਜ ਜਦੋਂ ਅਸੀਂ ਉਹਨੂੰ ਯਾਦ ਕਰ ਰਹੇ ਹਾਂ ਤਾਂ ਦੂਜੇ ਪਾਸੇ ਬਦਲ ਰਹੀ ਦੁਨੀਆਂ ਵਿੱਚ ਸਰਮਾਏਦਾਰੀ ਪ੍ਰਬੰਧ ਵਿਕਾਸ ਨੂੰ ਜਾਰੀ ਰੱਖ ਸਕਣ ਵਿੱਚ ਬੁਰੀ ਤਰ੍ਹਾਂ ਆਯੋਗ ਸਾਬਿਤ ਹੋ ਰਿਹਾ ਹੈ। ਅਜਿਹੇ ਹਾਲਤਾਂ ਵਿਚ ਸਮਾਜਿਕ ਬਦਲਾਅ ਲਈ  ਪਰਿਪੱਕ ਆਗੂਆਂ ਦੀ ਅਹਿਮੀਅਤ ਕਿਤੇ ਜਰੂਰੀ ਹੈ। ਕਾ. ਜਗਦੀਸ਼ ਆਪਣੇ ਪਿੱਛੇ ਅਜਿਹੇ ਪਰਿਪੱਕ ਆਗੂਆਂ ਦੀ ਇਕ ਟੀਮ ਛੱਡ ਕੇ ਗਿਆ ਹੈ। ਸਾਨੂੰ ਸਾਰਿਆਂ ਨੂੰ ਇਸ ਕੰਮ ਨੂੰ ਹੋਰ ਤੇਜ਼ੀ ਨਾਲ ਅੱਗੇ ਤੋਰਨਾ ਹੋਵੇਗਾ। ਇਹ ਹੀ ਸਾਥੀ ਜਗਦੀਸ਼ ਧਰਮੂਵਾਲਾ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।

ਸਾਮਰਾਜੀ ਸਲਤਨਤ ਨਾਲ ਮੱਥਾ ਲਗਾਉਣ ਵਾਲਾ ਸ਼ਹੀਦ, ਮਦਨ ਲਾਲ ਢੀਂਗਰਾ....ਪਿਰਥੀਪਾਲ ਸਿੰਘ ਮਾੜੀਮੇਘਾ

ਸ਼ਹੀਦ ਮਦਨ ਲਾਲ ਢੀਂਗਰਾ
                                                            ਭਵਿੱਖ ਮੈਗਜ਼ੀਨ ਦੇ ਅੰਕ ਮਾਰਚ-ਅਪ੍ਰੈਲ 2012 ਵਿਚੋਂ        
   ਸਾਮਰਾਜੀ ਅੰਗਰੇਜੀ ਹਕੂਮਤ ਨੇ ਭਾਰਤ ’ਤੇ 200 ਸਾਲ ਦੇ ਲਗਭਗ ਰਾਜ ਕੀਤਾ । ਅੰਗਰੇਜੀ ਹਕੂਮਤ ਤੋਂ ਭਾਰਤ ਨੂੰ ਆਜਾਦ ਕਰਵਾਉਣ ਵਾਸਤੇ ਭਾਰਤ ਵਿਚ ਬਹੁਤ ਹੀ  ਮਾਹਨ ਕਰਾਂਤੀਕਾਰੀ ਪੈਦਾ ਹੋਏ ਅਤੇ ਭਾਰਤ ਮਾਤਾ ਦੀ ਆਜਾਦੀ ਵਾਸਤੇ ਬੇਮਿਸਾਲ ਕੁਰਬਾਨੀਆਂ ਦਿੱਤੀਆਂ । ਪੰਜਾਬ ਦੀ ਧਰਤੀ ਤੇ ਸਾਮਰਾਜੀ ਅੰਗਰੇਜਾਂ ਨੇ 100 ਸਾਲ ਰਾਜ ਕੀਤਾ ਹੈ। ਪੰਜਾਬ ਦੇ ਬਹਾਦਰ ਲੋਕਾਂ ਨੇ ਬਰਤਾਨਵੀ ਹਕੂਮਤ ਵਿਰੁੱਧ ਭਾਰਤ ਦੇ ਆਜਾਦੀ ਸੰਗਰਾਮ ਵਿਚ ਬਹੁਤ ਹੀ ਮਹੱਤਵਪੂਰਨ ਯੋਗਦਾਨ ਪਾਇਆ ਹੈ। ਅਮਰੀਕਾ ਵਿਚ ਗਦਰ ਪਾਰਟੀ ਸਥਾਪਤ ਕਰਕੇ ਦੇਸ਼ ਨੂੰ  ਆਜਾਦ ਕਰਵਾਉਣ ਲਈ ਹਜਾਰਾਂ ਦੀ ਗਿਣਤੀ ਵਿਚ ਗਦਰੀ ਭਾਰਤ ਪਹੁੰਚੇ ਅਤੇ ਫਾਂਸੀਆਂ, ਉਮਰ ਕੈਦਾਂ, ਜਾਇਦਾਦਾਂ ਜਬਤ ਅਤੇ ਹੋਰ ਅਨੇਕਾਂ ਤਸੀਹੇ ਝੱਲੇ। ਗਦਰ ਪਾਰਟੀ ਵਿਚ ਵੀ ਮੁੱਖ ਤੋਰ ਤੇ ਪੰਜਾਬੀ ਸਨ। ਪਰ ਇਸਤੋਂ ਵੀ ਪਹਿਲਾਂ 20ਵੀਂ ਸਦੀ ਦਾ ਮਹਾਨ ਸੂਰਮਾਂ ਅਮਰ ਸ਼ਹੀਦ ਮਦਨ ਲਾਲ ਢੀਂਗਰਾ ਪੈਦਾ ਹੋਇਆ, ਜਿਸਦੀ ਸ਼ਹਾਦਤ ਸ਼ਹੀਦ ਕਰਤਾਰ ਸਿੰਘ ਸਰਾਭਾ, ਭਗਤ ਸਿੰਘ, ਊਧਮ ਸਿੰਘ ਅਤੇ ਹੋਰ ਨੌਜਵਾਨ ਆਜਾਦੀ ਸੰਗਰਾਮੀਆਂ ਲਈ ਪ੍ਰੇਰਨਾ ਸਰੋਤ ਬਣੀ। ਮਦਨ ਲਾਲ ਢੀਂਗਰਾ ਅੰਮ੍ਰਿਤਸਰ ਦਾ ਜੰਮਪਲ ਸੀ ਅਤੇ ਜਿਸ ਦਾ 422 ਗਜ ਦਾ ਘਰ ਰੀਜੈਂਦ ਸਿਨੇਮਾ ਦੇ ਨਜਦੀਕ ਹੈ ਜੋ ਹੁਣ ਭੋਂ ਮਾਫੀਏ ਨੇ ਖਰੀਦ ਕੇ ਖਾਲੀ ਪਲਾਟ ਦਾ ਰੁਪ ਬਣਾ ਦਿੱਤਾ ਹੈ।ਜੋ ਕੁਝ ਬਚਿਆ ਹੈ, ਦੁਕਾਨਾਂ ਆਦਿ ਉਹ ਕਿਰਾਏੇਦਾਰਾਂ ਪਾਸ ਹਨ।
ਸ਼ਹੀਦ ਮਦਨ ਲਾਲ ਢੀਂਗਰਾ ਨੇ ਆਪਣੀ ਜੁਆਨੀ ਦੇ ਸਮੇਂ ਵਿਚ ਹੀ ਸੰਸਾਰ ਸਾਮਰਾਜੀ ਸਲਤਨਤ ਨਾਲ ਮੱਥਾ ਲਾਇਆ ਸੀ। ਉਸਨੂੰ  ਇਹ ਗਿਆਨ ਪ੍ਰਾਪਤ ਹੋ ਚੁੱਕਾ ਸੀ ਕਿ ਆਪਣੀ ਜਿੰਦਗੀ ਦੇ ਸੁੱਖ, ਐਸ਼ ਅਰਾਮ ਤਿਆਗ ਕੇ ਹੀ ਸਮਰਾਜੀ ਲੁਟੇਰਿਆਂ ਤੋਂ ਭਾਰਤ ਨੂੰ ਆਜਾਦ ਕਰਵਾਇਆ ਜਾ ਸਕਦਾ ਹੈ ਅਤੇ ਆਪਣੀ ਸਰਕਾਰ ਅਧੀਨ ਹੀ ਦੇਸ਼ ਸਰਬ-ਪੱਖੀ ਵਿਕਾਸ ਕਰ ਸਕਦਾ ਹੈ। ਘਰੇਲੂ ਹਾਲਤਾਂ ਤੋਂ ਸਤਾਇਆ ਹੋਇਆ ਮਦਨ ਲਾਲ ਢੀਂਗਰਾ ਬੀ.ਏ. ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ 1906 ਵਿਚ ਅਗਲੇਰੀ ਪੜ੍ਹਾਈ ਲਈ ਲੰਦਨ ਪੁੱਜ ਗਿਆ। 
ਮਦਨ ਲਾਲ ਢੀਂਗਰਾ  ਲੰਦਨ ਪੁੱਜ ਕੇ ‘ਇੰਡੀਆ ਹਾਊਸ’ ਸੁਸਾਇਟੀ ਨਾਲ ਜੁੜ ਗਿਆ। ਉੱਘੇ ਕਰਾਂਤੀਕਾਰੀ ਸ਼ਿਆਮ ਜੀ ਵਰਮਾ ਸਥਾਪਤ ਕੀਤੀ ਇਹ ਸੁਸਾਇਟੀ ਭਾਰਤ ਨੂੰ ਆਜਾਦ ਕਰਵਾਉਣ ਦੀ ਗੁਪਤ ਵਿਉਂਤਬੰਦੀ ਕਰਦੀ ਸੀ। ਵੀਰ ਸਵਰਕਾਰ ਅਤੇ ਮਦਨ ਲਾਲ ਢੀਂਗਰਾ ਨੇ ਦੇਸ਼ ਨੂੰ ਅਜਾਦ ਕਰਵਾਉਂਣ ਲਈ ਜਾਨਾਂ ਕੁਰਬਾਨ ਕਰਨ ਦੀਆਂ ਕਸਮਾਂ ਖਾਧੀਆਂ। ਇਤਿਹਾਸ ਦੀ ਲਿਖਤ ਅਨੁਸਾਰ ਸਾਵਰਕਰ ਨੇ ਢੀਂਗਰਾ ਦਾ ਜਮੀਨ ਤੇ ਹੱਥ ਰੱਖ ਕੇ ਵਿੱਚ ਕਿੱਲ ਠੋਕ ਦਿੱਤਾ, ਕਿੱਲ ਢੀਂਗਰਾ ਦੇ ਹੱਥ ਦੇ ਆਰ-ਪਾਰ ਹੋ ਗਿਆ ਪਰ ਢੀਂਗਰਾ ਨੇ ਸੀ ਤੱਕ ਨਹੀਂ ਕੀਤਾ। 
ਉਸ ਤੋਂ ਬਾਅਦ ਮਦਨ ਲਾਲ ਢੀਂਗਰਾ ਨੇ ਆਪਣੀ ਜਾਨ ਜੋਖਮ ਵਿੱਚ ਪਾਉਂਦਿਆਂ ਵੱਡੀ ਕਾਰਵਾਈ  ਕਰਨ ਦੀ ਯੋਜਨਾਂ ਬਣਾਈ, ਕਿਉਂਕਿ ਉਹ ਸਮਝਦਾ ਸੀ ਕਿ ਵੱਡੇ ਕਾਰਨਾਮੇ ਨਾਲ ਹੀ ਭਾਰਤ ਦੀ ਅਜਾਦੀ ਦੇ ਅੰਦੋਲਨ ਦੀ ਚਰਚਾ ਦੁਨੀਆਂ ਭਰ ’ਚ ਹੋਵੇਗੀ ਅਤੇ ਨੌਜਵਾਨਾਂ ਨੂੰ ਆਜਾਦੀ ਸੰਗਰਾਮ ਲਈ ਪ੍ਰੇਰਤ ਕਰੇਗੀ। ਮਦਨ ਲਾਲ ਢੀਂਗਰਾ ‘ਸਰ ਕਰਜਨ ਵਾਇਲੀ’ ਨੂੰ ਭਰੀ ਸਭਾ ਵਿਚ ਮਾਰਨ ਦੀ ਤਿਆਰੀ ਕਰਨ ਲੱਗਾ। ਸਰ ਕਰਜਨ ਵਾਇਲੀ ਅੰਗਰੇਜ ਸਾਮਰਾਜ ਦਾ ਬਹੁਤ ਜਾਲਮ ਅਤੇ ਘਮੰਡੀ ਅਫਸਰ ਸੀ ਜਿਸ ਨੇ 1857 ਦੇ ਗਦਰ ਨੂੰ ਕੁਚਲਣ ਵਿਚ ਜਾਲਮਾਨਾਂ ਰੋਲ ਅਦਾ ਕੀਤਾ ਸੀ।
ਜੁਲਾਈ 1909 ਨੂੰ ੰਿੲੰਮਪੀਰੀਅਲ ਇੰਸਟੀਚਿਊਟ ਦੇ ਜਹਾਂਗੀਰ ਹਾਊਸ ਵਿਚ ਇੱਕ ਇਕੱਤਰਰਤਾ ਸੀ। ਉਸ ਇਕੱਠ ਵਿਚ ‘ਕਰਜਨ ਵਾਇਲੀ’ ਨੇ 1857 ਦੇ ਗਦਰ ਨੂੰ ਕੁਚਲਣ ਸੰਬੰਧੀ ਅੰਗਰੇਜੀ ਹਕੂਮਤ ਦੇ ਗੁਣ ਗਾਉਣੇ ਸਨ। ਇਸ ਤੋਂ ਪਹਿਲਾਂ ਹੀ ਮਦਨ ਲਾਲ ਢੀਂਗਰਾ ਨੇ ਦਲੇਰਾਨਾ ਕਾਰਵਾਈ ਤਹਿਤ ਕਰਜਨ ਵਾਇਲੀ ਦਾ ਭਰੀ ਸਭਾ ਵਿਚ ਕਤਲ ਕਰ ਦਿੱਤਾ। ਮੌਕੇ ਤੇ ਹੀ ਮਦਨ ਲਾਲ ਢੀਂਗਰਾ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਅਤੇ 25 ਜੁਲਾਈ 1909 ਨੂੰ ਮੌਤ ਦੀ ਸਜਾ ਸੁਣਾ ਦਿੱਤੀ ਗਈ ਅਤੇ 17 ਅਗਸਤ  1909 ਨੂੰ ਫਾਂਸੀ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ।ਮਦਨ ਲਾਲ ਢੀਂਗਰਾ ਸਦਾ ਲਈ ਅਮਰ ਹੋ ਗਿਆ। 
 ਸ਼ਹੀਦ ਮਦਨ ਲਾਲ ਢੀਂਗਰਾ ਦੇ ਢਾਹੇ ਗਏ ਘਰ ਦੀ ਤਸਵੀਰ
ਨੌਜਵਾਨ ਅਤੇ ਵਿਦਿਆਰਥੀਆਂ ਵੱਲੋਂ ਭੌਂ ਮਾਫੀਏ ਅਤੇ ਸਰਕਾਰ ਵਿਰੁਧ ਰੋਸ
ਪ੍ਰਗਟਾਅ ਦੀ ਤਸਵੀਰ
ਅੱਜ ਉਸ ਮਹਾਨ ਯੋਧੇ ਦੀ ਕੁਰਬਾਨੀ ਨੂੰ ਸਰਕਾਰਾਂ ਅਣਗੌਲਿਆਂ ਕਰ ਰਹੀਆਂ ਹਨ। ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੇ ਉਸਦਾ ਜੋ ਜੱਦੀ ਘਰ ਸੀ, ਭੋਂ-ਮਾਫੀਆ ਨੇ ਖਰੀਦ ਲਿਆ ਹੈ।ਇਸ ਬਾਰੇ ਅਖਬਾਰਾਂ ਵਿਚ ਲੰਬੀ ਚੌੜੀ ਚਰਚਾ ਤੋਂ ਬਾਅਦ ਵੀ ਸਰਕਾਰ ਅਤੇ ਪ੍ਰਸ਼ਾਸਨ ਚੁੱਪ ਧਾਰੀ ਬੈਠਾ ਹੈ। ਦੂਜੇ ਪਾਸੇ ਸਾਡੇ ਦੇਸ਼ ਦੇ ਉੱਘੇ ਫਿਲਮ ਕਲਾਕਾਰ ਦਲੀਪ ਕੁਮਾਰ ਦੇ ਪਾਕਿਸਤਾਨ ਵਿਚਲੇ ਘਰ ਨੂੰ ੳੁੱਥੋਂ ਦੀ ਹਕੂਮਤ ਕੌਮੀਂ ਵਿਰਾਸਤ ਐਲਾਨ ਚੁੱਕੀ ਹੈ।ਪਰ ਸਾਡੇ ਇੱਥੇ ਮਦਨ ਲਾਲ ਢੀਂਗਰਾ ਦੀ ਢੁੱਕਵੀਂ ਯਾਦਗਾਰ ਦੀ ਅਣਹੋਂਦ ਹੈ ਅਤੇ ਇਸ ਬਾਰੇ ਸਰਕਾਰ ਭੋਰਾ ਵੀ ਸੁਹਿਰਦ ਨਹੀਂ। ਹਮੇਸ਼ਾ ਵਾਂਗ ਇਸ ਵਾਰ ਵੀ ਆਪਣੀ ਸ਼ਾਨਾਮੱਤੀ ਵਿਰਾਸਤ ਪ੍ਰਤੀ ਆਪਣਾ ਫਰਜ਼ ਨਿਭਾਉਂਦਿਆਂ ਪੰਜਾਬ ਦੀਆਂ ਪ੍ਰਮੁੱਖ ਖੱਬੇ-ਪੱਖੀ ਨੌਜਵਾਨ ਅਤੇ ਵਿਦਿਆਰਥੀ ਜੱਥੇਬੰਦੀਆਂ ਸਰਭ ਭਾਰਤ ਨੌਜਵਾਨ ਸਭਾ, ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਜਨਵਾਦੀ ਨੌਜਵਾਨ ਸਭਾ, ਨੌਜਵਾਨ ਭਾਰਤ ਸਭਾ, ਪੀ.ਐੱਸ.ਯੂ., ਐੱਸ.ਐੱਫ.ਆਈ., ਪੀ.ਐੱਸ.ਐੱਫ. ਨੇ ਸ਼ਹੀਦ ਮਦਨ ਲਾਲ ਢੀਂਗਰਾ ਦੀ ਯਾਦਗਾਰ ਪ੍ਰਤੀ ਸਰਕਾਰੀ ਅਣਦੇਖੀ ਦਾ ਨੋਟਿਸ ਲੈਂਦਿਆਂ, ਮਿਲ ਕੇ 15 ਫਰਵਰੀ ਨੂੰ ਸ਼ਹਿਰ ਵਿਚ ਰੋਸ ਪ੍ਰਦਰਸ਼ਨ ਕਰਨ ਤੋਂ ਬਾਅਦ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੰਦਿਆਂ, ਮੰਗ ਕੀਤੀ ਕਿ (1) ਸਰਕਾਰ ਅਤੇ ਪ੍ਰਸਾਸ਼ਨ ਸ਼ਹੀਦ ਮਦਨ ਲਾਲ ਢੀਂਗਰਾ ਦੇ ਘਰ ਨੂੰ ਤਰੁੰਤ ਕਬਜੇ ਵਿੱਚ ਲਵੇ। (2) ਸਰਕਾਰ ਉਸ ਜਗ੍ਹਾ ਨੂੰ ਖਰੀਦ ਕੇ ਕੌਮੀਂ ਯਾਦਗਾਰ ਬਣਾਉਣ ਦਾ ਐਲਾਨ ਕਰੇ।(3) ਕੌਮੀਂ ਯਾਦਗਾਰ ਵਿੱਚ ਮਦਨ ਲਾਲ ਢੀਂਗਰਾ ਦੇ ਪਿਸਤੌਲ ਜੋ ਇੰਗਲੈਂਡ ਵਿੱਚ ਹੈ, ਸਮੇਤ ਵੱਡਮੁੱਲੀਆਂ ਵਸਤਾਂ ਚਾਹੇ ਉਹ ਭਾਰਤ ਵਿੱਚ ਹਨ, ਉਹ ਲੋਕਾਂ ਦੇ ਦੇਖਣ ਵਾਸਤੇ ਸੁਰੱਖਿਅਤ ਰੱਖੀਆਂ ਜਾਣ। (4) ਕੌਮੀਂ ਯਾਦਗਾਰ ਵਿੱਚ ਮਦਨ ਲਾਲ ਢੀਂਗਰਾ ਦਾ ਬੁੱਤ ਸਥਾਪਤ ਕੀਤਾ ਜਾਵੇ। (5) ਮਾਲ ਮੰਡੀ ਦੇ ਨਜ਼ਦੀਕ ਮਦਨ ਲਾਲ ਢੀਂਗਰਾ ਦਾ ਬੁੱਤ ਜੋ ਖਸਤਾ ਹਾਲਤ ਵਿੱਚ ਹੈ, ਉਸ ਬੁੱਤ ਅਤੇ ਪਾਰਕ ਦੀ ਸਾਂਭ ਸੰਭਾਲ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਪ੍ਰਦਰਸ਼ਨ ਕਰਨ ਤੋਂ ਬਾਅਦ ਦੂਜੇ ਦਿਨ ਹੀ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਪ੍ਰਮੁੱਖ ਸਕੱਤਰ ਪੰਜਾਬ ਸਰਕਾਰ, ਆਰਕਾਈਵਜ਼ ਆਰਕਿਆਲੋਜੀ ਐਂਡ ਕਲਚਰ ਵਿਭਾਗ ਪੰਜਾਬ, ਚੰੜੀਗੜ੍ਹ ਨੰ,ੂ ਸ਼ਹੀਦ ਮਦਨ ਲਾਲ ਢੀਗਰਾ ਦੇ ਘਰ ਨੂੰ ਸਰਕਾਰੀ ਕਬਜੇ ਵਿਚ ਲੈਣ ਅਤੇ ਸ਼ਹੀਦ ਦੀ ਕੌਮੀ ਯਾਦਗਾਰ ਬਣਾਉਂਣ ਵਾਸਤੇ ਸਰਕਾਰੀ ਪੱਤਰ ਭੇਜਿਆ। ਉਸਤੋਂ ਅਗਲੇ ਦਿਨ ਨੌਜਵਾਨ ਵਿਦਿਆਰਥੀ ਜੱਥੇਬੰਦੀਆਂ ਦੇ ਵਫਦ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮਦਨ ਲਾਲ ਢੀਂਗਰਾ ਦੇ ਘਰ ਨੂੰ ਭੌਂ-ਮਾਫੀਆ ਵੱਲੋਂ ਹੋਰ ਢਾਹੁਣ ਜਾਂ ਬਣਾਉਣ ਅਤੇ ਰਜਿਸਟਰੀ ਤੇ ਪੱਕੀ ਰੋਕ ਲਗਾ ਦਿੱਤੀ ਹੈ। ਜਿਸ ਦੇ ਸਰਕਾਰੀ ਦਸਤਾਵੇਜ ਨੌਜਵਾਨ ਵਿਦਿਆਰਥੀ ਸੰਘਰਸ਼ ਕਮੇਟੀ ਕੋਲ ਹਨ।
ਇਸਦੇ ਬਾਵਜੂਦ ਭੌਂ-ਮਾਫੀਏ ਨੇ ਆਪਣਾ ਰਾਜਨੀਤਕ ਅਸਰ ਰਸੂਖ ਇਸਤੇਮਾਲ ਕਰਦਿਆਂ ਮਦਨ ਲਾਲ ਢੀਂਗਰਾ ਦੇ ਘਰ ਨੂੰ ਕੌਮੀ ਯਾਦਗਾਰ ਬਣਾਉਣ ਦੇ ਅਮਲ ਵਿੱਚ ਅਸਿੱਧਾ ਦਖਲ ਦੇਣਾ ਜਾਰੀ ਰੱਖਿਆ। ਨੌਜਵਾਨ ਵਿਦਿਆਰਥੀ ਜੱਥੇਦੰਦੀਆਂ ਨੇ ਸਰਕਾਰ ਦੀ ਢਿੱਲੀ ਕਾਰਗੁਜਾਰੀ ਖਿਲਾਫ 16 ਮਾਰਚ ਨੂੰ ਫਿਰ ਡੀ.ਸੀ. ਦਫਤਰ ਅੱਗੇ ਧਰਨਾ ਦੇ ਕੇ ਯਾਦ ਪੱਤਰ ਦਿੱਤਾ ਗਿਆ।ਜਿਸਤੋਂ ਬਾਅਦ ਪ੍ਰਸਾਸ਼ਨ ਨੇ ਭਰੋਸਾ ਦਿਵਾਇਆ ਕਿ ਜਲਦ ਹੀ ਮਦਨ ਲਾਲ ਢੀਂਗਰਾ ਦੀ ਯਾਦਗਾਰ ਸੰਬੰਧੀ ਅਮਲ ਸ਼ੁਰੂ ਕਰ ਦਿੱਤਾ ਜਾਵੇਗਾ, ਅਤੇ ਅਗਲੇਰੀ ਕਾਰਵਾਈ ਹਿੱਤ ਸਰਕਾਰ ਤੋਂ ਫੰਡ ਪ੍ਰਾਪਤ ਕਰਨ ਲਈ ਪੱਤਰ ਭੇਜ ਦਿੱਤਾ ਹੈ।ਇਸ ਮੁੱਦੇ ਤੇ ਹੋਏ ਪੜਾਅਵਾਰ ਸੰਘਰਸ਼ ਦੀ ਜਿੱਤ ਵਿੱਚ ਨੌਜਵਾਨ-ਵਿਦਿਆਰਥੀ ਜੱਥੇਬੰਦੀਆਂ ਦੀ ਸਿਆਣਪ, ਏਕਾ ਅਤੇ ਅਨੁਸਾਸ਼ਨ ਨੇ ਅਹਿਮ ਰੋਲ ਅਦਾ ਕੀਤਾ ਹੈ।
                             

ਇੱਕ ਮਿੱਠੀ ਯਾਦ.....ਬਲਰਾਜ ਸਾਹਨੀ

(ਲੇਖਕ ਉੱਘੇ ਫਿਲਮ ਅਦਾਕਾਰ
 ਅਤੇ ਸਰਵ ਭਾਰਤ ਨੌਜਵਾਨ ਸਭਾ ਦੇ
ਪਹਿਲੇ ਕੌਮੀਂ ਪ੍ਰਧਾਨ ਸਨ)
  ਭਵਿੱਖ ਮੈਗਜ਼ੀਨ ਦੇ ਅੰਕ ਮਾਰਚ-ਅਪ੍ਰੈਲ 2012 ਵਿਚੋਂ

ਕੋਈ ਜ਼ਮਾਨਾ ਸੀ ਜਦੋਂ ਜਿੰਦਗੀ ਦੇ ਰੰਗ ਮੰਚ ਤੇ ਮੈਂ ਇਕ ਸਹਿੱਤਕਾਰ ਦੇ ਤੌਰ ਤੇ ਵਿਚਰਨ ਦਾ ਖਾਹਿਸ਼ਮੰਦ ਸਾਂ।ਉਦੋਂ ਇਸ ਗੱਲ ਦੀ ਸ਼ਾਇਦ ਮੈਂ ਕਦੇ ਕਲਪਨਾ ਵੀ ਨਹੀਂ ਸੀ ਕੀਤੀ ਕਿ ਇਸ ਵਿਸ਼ਾਲ ਜੀਵਨ ਨਾਟਕ ਵਿਚ ਮੈਂ ਇਕ ਅਦਾਕਾਰ ਦਾ ਪਾਰਟ ਵਧੇਰੇ ਨਿਪੁੰਨਤਾ ਨਾਲ ਨਿਭਾ ਸਕਾਂਗਾ।ਇਸ ਦਾ ਅਹਿਸਾਸ ਉਦੋਂ ਹੋਇਆ ਜਦੋਂ ਕੁਦਰਤ ਦੇ ਇਸ ਵਿਸ਼ਾਲ ਮੰਚ ਉਤੇ ਕਈ ਤਰ੍ਹਾਂ ਦੇ ਨਿਪੁੰਨ ਅਦਾਕਾਰਾਂ ਦੇ ਵਿਚਕਾਰ ਆਪਣੀ ਵੱਖਰੀ ਹੋਂਦ ਕਾਇਮ ਰੱਖਣ ਲਈ ਮੈਂ ਹਾਲਾਤ ਨਾਲ ਘੁਲਦਾ ਰਿਹਾ।ਪ੍ਰਸਥਿਤੀਆਂ ਦੀਆਂ ਮਜਬੂਰੀਆਂ ਨੇ ਮੈਥੋਂ ਕਈ ਤਰ੍ਹਾਂ ਦੀ ਅਦਾਕਾਰੀ ਕਰਵਾਈ। ਇਸ ਸਾਰੀ ਭਟਕਣ ਵਿਚ ਆਖਰ ਅਦਾਕਾਰ ਦਾ ਪਾਰਟ ਹੀ ਅਜਿਹਾ ਨਿਕਲਿਆ ਜਿਸ ਵਿਚ ਮੈਂ ਆਪਣੇ ਆਪ ਨੂੰ ‘ਮੈਂ’ ਬਣਾਉਣ ਦੀ ਰੀਝ ਪੂਰੀ ਹੁੰਦੀ ਵੇਖੀ।
ਜਦੋਂ ਵੀ ਕਦੇ ਅਤੀਤ ਵੱਲ ਝਾਤੀ ਮਾਰਦਾ ਹਾਂ, ਤਾਂ ਜਪਦੈ ਮੈਂ ਹਮੇਸ਼ਾ ਹੀ ਕਿਸੇ ਅਜਿਹੇ ਪਹਾੜੀ ਦਰਿਆ ਵਿਚ ਪਏ ਪੱਥਰ ਦੇ ਗੀਟੇ ਵਾਂਗ ਰਿੜ੍ਹਦਾ ਰਿਹਾ ਹਾਂ, ਜੋ ਨਾਲੇ ਤਾਂ ਉਸਨੂੰ ਉਂਗਲੀ ਲਾਈ ਆਪਣੀ ਤੌਰੇ ਤੋਰਦਾ ਰਹਿੰਦੈ ਤੇ ਨਾਲੇ ਬੁੱਤ ਘਾੜੇ ਵਾਂਗ ਉਹਦੀ ਸ਼ਕਲ ਘੜ ਕੇ ਵੀ ਸੁਆਦ ਮਾਣਦਾ ਹੈ।ਅਜਿਹੀ ਹਾਲਤ ਵਿਚ ਵਿਚਾਰਾ ਪੱਥਰ ਗੀਟਾ ਏਦੂੰ ਵੱਧ ਹੋਰ ਕੀ ਕਰ ਸਕਦੈ ਕਿ ਜਿੱਥੇ ਵੀ ਕੋਈ ਚੰਗੀ ਜਿਹੀ ਥਾਂ ਲੱਭੇ ਫੱਟ ਡੇਰਾ ਲਾ ਲਵੇ, ਪਰ ਏਨੀ ਗੱਲ ਦਾ ਖਿਆਲ ਰੱਖੇ ਕਿ ਥਾਂ ਕੋਈ ਅਜਿਹੀ ਹੀ ਹੋਵੇ, ਜਿੱਥੇ ਪਾਣੀ ਦਾ ਵਹਿਣ ਉਸ ਨੂੰ ਉੱਕਾ ਗੋਲ ਮਟੋਲ ਗੋਲਾ ਹੀ ਨਾ ਬਣੇ ਧਰੇ ਕਿਉਂਕਿ ਅਜਿਹੀ ਵਸਤ ਦਾ ਕੋਈ ਥਾਂ ਟਿਕਾਣਾ ਤਾਂ ਹੁੰਦਾ ਨਹੀਂ।
ਜਿੱਥੋਂ ਤੱਕ ਸਾਹਿਤ ਦੇ ਚੇਟਕ ਦਾ ਸਵਾਲ ਹੈ ਮੇਰਾ ਤਾਂ ਇਹ ਹਾਲ ਹੈ ਕਿ ਜੇ ਕਦੇ ਮੈਨੂੰ ਕੋਈ ਇਹ ਸਵਾਲ ਕਰ ਬੈਠੇ ਕਿ ਮੇਰੀ ਜਿੰਦਗੀ ਦੀ ਸਭ ਤੋਂ ਵੱਡੀ ਖਾਹਸ਼ ਕੀ ਹੈ ਤਾਂ ਮੈਂ ਆਖਾਂਗਾ, ‘ਕਾਸ਼! ਮੈਂ ਇਕ ਅਤਿ ਪਿਆਰਾ ਕਵੀ ਹੋ ਸਕਦਾ ਹੁੰਦਾ ਤਾਂ…।’ ਭਾਵੇਂ ਇਹ ਵੀ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਇਹ ਖਾਹਸ਼ ਸ਼ਾਇਦ ਜਿੰਦਗੀ ਭਰ ਵੀ ਪੂਰੀ ਨਹੀਂ ਕਰ ਸਕਾਂਗਾ।
ਪਰ ਇਸ ਤੋਂ ਮੇਰਾ ਮਤਲਬ ਇਹ ਨਹੀਂ ਕਿ ਇਸ ਇੱਛਾ ਦੇ ਫਲਸਰੂਪ ਮੈਨੂੰ ਆਪਣੀ ਅਦਾਕਾਰੀ ਦੀ ਜਿੰਦਗੀ ਤੋਂ ਨਫਰਤ ਹੈ। ਅਦਾਕਾਰੀ ਤਾਂ ਮੇਰੀਆਂ ਨਜਰਾਂ ਵਿਚ ਇਕ ਮਹਾਨ ਕਲਾ ਹੈ, ਜਿਸ ਵਿਚ ਪੂਰੀ ਨਿਪੁੰਨਤਾ ਪ੍ਰਾਪਤ ਕਰਨ ਲਈ ਅਣਥੱਕ ਮਿਹਨਤ ਤੇ ਲਗਨ ਬਗੈਰ ਗੱਲ ਨਹੀਂ ਬਣਦੀ। ਪਰ ਜੇ ਕਦੇ ਮਨ ਜ਼ਰਾ ਉਚਾਟ ਹੋ ਵੀ ਜਾਂਦੈ ਤਾਂ ਇਸੇ ਕਰ ਕੇ ਕਿ ਫਿਲਮੀ ਦੁਨੀਆਂ ਦੇ ਮੌਜੂਦਾ ਮਾਹੌਲ ਵਿਚ ਇੰਜ ਦੀ ਮਿਹਨਤ ਤੇ ਲਗਨ ਜੇ ਅਸੰਭਵ ਨਹੀਂ ਤਾਂ ਘੱਟੋ-ਘੱਟ ਮੁਸ਼ਕਲ ਜਰੂਰ ਹੈ। ਜੇ ਪ੍ਰੇਮ ਚੰਦ ਵਾਂਗ ਮੈਂ ਵੀ ਇਸ ਮਹੌਲ ਤੋਂ ਘਬਰਾ ਕੇ ਨੱਸ ਨਹੀਂ ਤੁਰਿਆ ਤਾਂ ਇਸ ਦਾ ਕਾਰਨ ਇਹੀ ਹੈ ਕਿ ਸਮੇਂ ਦੀ ਤੋਰ ਨਾਲ ਫਿਲਮੀ ਮਾਹੌਲ ਵਿੱਚ ਕਾਫੀ ਤਬਦੀਲੀ ਆ ਗਈ ਹੈ ਅਤੇ ਚੰਗੀਆਂ ਅਤੇ ੳੁੱਚ ਪੱਧਰ ਦੀਆਂ ਫਿਲਮਾਂ ਨੂੰ ਦਰਸ਼ਕ ਅੱਜ ਕੱਲ ਵਧੇਰੇ ਉਤੇਜਨਾ ਨਾਲ ਉਡੀਕਦੇ ਹਨ। ਪਰ ਕੀ ਪਤਾ, ਹੋ ਸਕਦੈ! ਇਹ ਮੇਰੀ ਖੁਸ਼ਫਹਿਮੀ ਹੀ ਹੋਵੇ।
ਪਰ ਨਹੀਂ ਕਈ ਵਾਰ ਕੁਝ ਅਜਿਹੀਆਂ ਪਿਆਰੀਆਂ ਜਿਹੀਆਂ ਗੱਲਾਂ ਵਾਪਰ ਜਾਂਦੀਆਂ ਹਨ ਕਿ ਮਨ ਉਮੀਦਾਂ ਤੇ ਉਮੰਗਾਂ ਦੀ ਲੋਅ ਵਿਚ ਖਿੜ-ਪੁੜ ਜਾਂਦੈ ਤੇ ਘੱਟੋ-ਘੱਟ ਉਸ ਵੇਲੇ ਕੁਝ ਚਿਰ ਲਈ ਮੈਨੂੰ ਆਪਣੀ ਇਹ ਅਦਾਕਾਰੀ ਦੀ ਜਿੰਦਗੀ ਪਿਆਰੀ ਜਿਹੀ ਲੱਗਣ ਲੱਗ ਪੈਂਦੀ ਹੈ। ਕਹਾਣੀ ਘੜਨ ਦਾ ਨਾ ਤਾਂ ਸਮਾਂ ਹੀ ਮਿਲਦੈ ਤੇ ਨਾ ਹੀ ਮੇਰੇ ਖਿਆਲ ਵਿਚ ਮੈਂ ਹੁਣ ਤਕਨੀਕ ਦੀ ਉਸ ਕਲਾ ਦਾ ਹੀ ਮਾਲਕ ਹਾਂ ਜਿਸ ਦੀਆਂ ਕਲਾਤਮਕ ਛੁਹਾਂ ਨਾਲ ਅੱਜ ਤੋਂ ਪੰਦਰਾਂ ਸਾਲ ਪਹਿਲਾਂ ਮੈਂ ਕਦੇ ਕਦੇ ਕੋਈ ਚੰਗੀ ਜਿਹੀ ਕਹਾਣੀ ਲਿਖ ਲੈਂਦਾ ਹੁੰਦਾ ਸਾਂ। ਪਰ ਅਜਿਹੀ ਇੱਕ ਅਭੁੱਲ ਯਾਦ ਦੀ ਕਹਾਣੀ ਸੁਣਾਵਾਂ ਤੁਹਾਨੂੰ ?
ਅਦਾਕਾਰੀ ਦੇ ਜੀਵਨ ਵਿਚ ਮੋਟਰ ਸਾਇਕਲ ਕਾਫੀ ਚਿਰ ਮੇਰਾ ਸਾਥ ਨਿਭਾਉਂਦਾ ਰਿਹਾ ਹੈ। ਇਹ ਮੋਟਰ ਸਾਇਕਲ ਮੈਂ ੳੁੱਨ੍ਹੀਂ ਸੌ ਸੰਤਾਲੀ ‘ਚ ਲਿਆ ਸੀ ਤੇ ਜੇ ਹੋਰ ਵੀ ਸੱਚ ਆਖਾਂ ਤਾਂ ਇਹ ਮੈਂ ਉਸ ਦਿਨ ਖਰੀਦਿਆ ਸੀ, ਜਿਸ ਦਿਨ ਹਿੰਦੋਸਤਾਨ ਨੇ ਪਹਿਲੀ ਵਾਰ ਆਜ਼ਾਦ ਫਿਜ਼ਾ ਵਿੱਚ ਸਾਹ ਲਿਆ ਸੀ। ਹੁਣ ਜਿਵੇਂ ਸਾਡੀ ਆਜ਼ਾਦੀ ਦੀ ਰਾਜਸੀ ਮਸ਼ੀਨ ਦੇ ਕੁਝ ਪੁਰਜ਼ੇ ਤਾਂ ਇੱਕ ਦਮ ਵਧੀਆ ਤੇ ਮਜਬੂਤ ਹਨ ਤੇ ਕੁਝ ੳੁੱਕਾ ਹੀ ਢਿੱਲੜ ਤੇ ਨਿਢਾਲ ਪਏ ਹਨ, ਬਿਲਕੁਲ ਉਹੀ ਹਾਲ ਮੇਰੇ ਮੋਟਰ ਸਾਇਕਲ ਦਾ ਹੈ। ਕਈ ਮਿੱਤਰਾਂ ਯਾਰਾਂ ਨੇ ਮੈਨੂੰ ਮੋਟਰ ਸਾਇਕਲ ਵੇਚ ਕੇ ਕਾਰ ਲੈਣ ਦੀ ਸਲਾਹ ਵੀ ਦਿੱਤੀ ਹੈ, ਪਰ ਕੀ ਕਰਾਂ, ਇਸ ਅਤਿ ਪਿਆਰੇ ਮਿੱਤਰ ਨਾਲੋਂ ਵਿਛੜਨਾ ਮੇਰੇ ਲਈ ਓਨਾ ਹੀ ਅਸਿਹ ਹੈ ਜਿਨਾਂ ਜਵਾਹਰ ਲਾਲ ਨਹਿਰੂ ਲਈ ਕਾਂਗਰਸ ਨੂੰ ਛੱਡਣਾ ਸੀ।
ਪਿਛਲੇ ਸਾਲ ਦੀ ਗੱਲ ਏ, ਇਕ ਦਿਨ ਮੈਂ ਆਪਣੇ ਸਨੇਹੀ ਮਿੱਤਰ ਲੇਖਕ, ਕ੍ਰਿਸ਼ਨ ਚੰਦਰ ਹੁਰਾਂ ਦੇ ਘਰੋਂ ਵਾਪਸ ਆਪਣੇ ਘਰ ਵੱਲ ਜਾ ਰਿਹਾ ਸਾਂ ਕਿ ਅੰਧੇਰੀ ਸਟੇਸ਼ਨ ਦੇ ਚੌਂਕ ਕੋਲ ਆ ਕੇ, ਮੇਰਾ ਮੋਟਰ ਸਾਇਕਲ ਜਵਾਬ ਦੇ ਗਿਆ। ਸ਼ਾਇਦ ਕਲੱਚ ਦੇ ਤਾਰ ਦਾ ਟਾਂਕਾ ਟੁੱਟ ਗਿਆ ਸੀ, ਤੇ ਹੁਣ ਮੁਰੰਮਤ ਬਗੈਰ ਇਸ ਚਲਣਾ ਵੀ ਨਹੀਂ ਸੀ। ਮੈਨੂੰ ਡਾਢਾ ਗੁੱਸਾ ਆਇਆ। ਸਵੇਰੇ ਵੀ ਘਰੋਂ ਬਗੈਰ ਕੁਝ ਖਾਧਿਆਂ ਪੀਤਿਆਂ, ਬਗੈਰ ਨ੍ਹਾਤਿਆਂ ਧੋਤਿਆਂ ਤੁਰ ਪਿਆ ਸਾਂ। ਕੱਪੜੇ ਵੀ ਐਂਵੇ ਜਿਹੇ ਹੀ ਪਾ ਛੱਡੇ ਹੋਏ ਸਨ। ਕ੍ਰਿਸ਼ਨ ਨਾਲ ਗੱਪਾਂ ਜਿਉਂ ਚੱਲੀਆਂ ਟਾਇਮ ਦਾ ਪਤਾ ਹੀ ਨਾ ਲੱਗਾ। ਹੁਣ ਦੁਪਹਿਰ ਸਿਰ ਤੇ ਸਵਾਰ ਸੀ। ਕੜਕਦੀ ਧੱਪ ਤੇ ਉੱਤੋਂ ਉਹਨਾਂ ਲੋਕਾਂ ਦੀਆਂ ਨਜ਼ਰਾਂ ਦੀ ਅਸਹਿ ਗਰਮੀ ਜੋ ਹਰ ਫਿਲਮੀ ਅਦਾਕਾਰ ਦੀ ਹਰ ਹਰਕਤ ਦਿਲਚਸਪੀ ਨਾਲ ਵਾਚਦੇ ਹਨ, ਨਾਲ ਮੇਰਾ ਮਨ ਕਾਹਲਾ ਪੈਣ ਲੱਗਾ। ਕਮਬਖਤ ਮੋਟਰ ਸਾਇਕਲ ੳੁੱਤੇ ਅੰਦਰੇ ਅੰਦਰ ਕੁੜ੍ਹਦਾ ਮੈਂ ਬਾਜਾਰ ਵਿਚ ਏਧਰ ਓਧਰ ਝਾਤੀਆਂ ਮਾਰਨ ਲੱਗਾ ਤਾਂ ਕਿ ਠੀਕ ਕਰਵਾਉਂਣ ਲਈ ਕੋਈ ਮਿਸਤਰੀ ਹੀ ਨਜ਼ਰੀਂ ਪੈ ਜਾਵੇ। ਕਈ ਥਾਂਈ ਪੁੱਛ ਪੜਤਾਲ ਕੀਤੀ, ਪਰ ਵੈਲਡਿੰਗ ਦਾ ਕੰਮ ਕਿਸੇ ਨੂੰ ਵੀ ਨਹੀਂ ਸੀ ਆਉਂਦਾ । ਆਖਰ ਇਕ ਸੱਜਣ ਨੇ ਦੱਸਿਆ ਕਿ ਚੌਂਕ ਕੋਲ ਇਕ ਠੇਲ੍ਹੇ ਵਾਲੇ ਦੀ ਦੁਕਾਨ ਹੈ ਤੇ ਉਸ ਦਾ ਮੁੰਡਾ ਪਹਿਲੇ ਕਿਸੇ ਵਰਕਸ਼ਾਪ ਵਿਚ ਲੱਗਾ ਹੋਇਆ ਸੀ, ਪਰ ਅੱਜ ਕੱਲ੍ਹ ਵਿਹਲਾ ਹੀ ਹੈ ਤੇ ਅਕਸਰ ਬਾਪੂ ਦੀ ਦੁਕਾਨ ਤੇ ਹੀ ਬੈਠਾ ਰਹਿੰਦੈ। ਮੁੜ੍ਹਕੇ ‘ਚ ਭਿੱਜਾ ਉਸ ਲੋਹੇ ਦੇ ਹਾਥੀ ਨੂੰ ਰੇੜਦਾ, ਆਖਰ ਉਸ ਠੇਲ੍ਹੇ ਵਾਲੇ ਦੀ ਦੁਕਾਨ ਤੇ ਪੁੱਜਾ। ਕਈ ਤਮਾਸ਼ਬੀਨ ਮੇਰੇ ਮਗਰ ਲੱਗੇ ਹੋਏ ਸਨ।
ਦੁਕਾਨ ਤੇ ਉਸ ਬੁੱਢੇ ਦਾ ਮੁੰਡਾ ਬੈਠਾ ਡਾਲਡੇ ਦਾ ਟੀਨ ਕੁੱਟਣ ਵਿਚ ਮਸਤ ਸੀ। ਉਸ ਲਾਪਰਵਾਹੀ ਜਿਹੀ ਵਿਚ ਇੱਕ ਨਜ਼ਰ ਮੇਰੇ ਤੇ ਸੁੱਟੀ ਤੇ ਫਿਰ ਕੰਮ ਵਿਚ ਜੁੱਟ ਪਿਆ । ਮੇਰੀ ਗੱਲ ਵੀ ਉਸ ਉਸੇ ਹੀ ਆਜੀਬ ਅੰਦਾਜ ਨਾਲ ਸੁਣੀ ਤੇ ਫੇਰ ਬਗੈਰ ਮੋਟਰ ਸਾਇਕਲ ਨੂੰ ਹੱਥ ਲਾਇਆਂ ਹੀ ਆਖਣ ਲੱਗਾ, “ਇਸ ਕੋ ਏਕ ਸਾਈਡ ਪਰ ਉਧਰ ਛੋਡ ਦੋ,ਦੋ ਘੰਟੇ ਬਾਅਦ ਆ ਕਰ ਲੇ ਜਾਨਾ।” ਤੇ ਫੇਰ ਉਹ ਟੀਨ ਕੁੱਟਣ ਵਿਚ ਲੀਨ ਹੋ ਗਿਆ।
ਮੈਂ ਪਹਿਲਾਂ ਹੀ ਬੜਾ ਪਰੇਸ਼ਾਨ ਸਾਂ। ਉਸ ਦਾ ਵਤੀਰਾ ਮੈਨੂੰ ਬੜਾ ਚੁਭਿਆ। ਨਾਲ ਹੀ ਉਸ ਦੀ ਲਿਆਕਤ ਤੇ ਵੀ ਮੈਨੂੰ ਸੰਦੇਹ ਹੋਣ ਲੱਗਾ, ਕਿੱਥੇ ਡਾਲਡੇ ਦੇ ਟੀਨ ਨੂੰ ਟਾਂਕੇ ਲਾਉਣੇ ਤੇ ਕਿੱਥੇ ਕਲੱਚ ਨੂੰ। ਫਿਰ ਪਤਾ ਨਹੀਂ ਉਸ ਕੋਲ ਵੈਲਡਿੰਗ ਦਾ ਲੋੜੀਂਦਾ ਸਾਮਾਨ ਵੀ ਹੈ ਸੀ ਜਾਂ ਨਹੀਂ। ਆਪਣੀ ਤਸੱਲੀ ਲਈ ਉਸ ਨੂੰ ਮੈਂ ਕਈ ਤਰ੍ਹਾਂ ਦੇ ਸਵਾਲ ਕੀਤੇ, ਪਰ ਉਸ ਪਿਉ ਦੇ ਪੁੱਤਰ ਨੇ ਇਕ ਦਾ ਵੀ ਤਸੱਲੀ ਬਖਸ਼ ਜਵਾਬ ਨਾ ਦਿੱਤਾ। ਘੜੀ ਮੁੜੀ ਬਸ ਏਨਾ ਹੀ ਆਖ ਛੱਡਦਾ, “ਹਾਂ, ਹਾਂ ਹੋ ਜਾਏਗਾ, ਦੋ ਘੰਟੇ ਬਾਅਦ ਆ ਕਰ ਲੇ ਜਾਨਾ।”
ਗੁੱਸਾ ਤਾਂ ਏਨਾ ਆਇਆ ਕਿ ਜੇ ਮੋਟਰ ਸਾਇਕਲ ੳੁੱਥੇ ਛੱਡਣ ਬਗੈਰ ਕੋਈ ਹੋਰ ਚਾਰਾ ਹੋ ਸਕਦਾ ਹੁੰਦਾ ਤਾਂ ਸ਼ਾਇਦ ਉਸ ਦੀ ਚੰਗੀ ਖਬਰ ਲੈਂਦਾ, ਪਰ ਮਜਬੂਰੀ ਸੀ, ਮੈਂ ਚੁੱਪ ਧਾਰ ਲਈ। ਮੋਟਰ ਸਾਇਕਲ ਉਸ ਦੇ ਦੱਸੇ ਥਾਂ ਤੇ ਟਿਕਾ ਕੇ ਜਾਣ ਲੱਗਿਆਂ ਮੈਂ ਫਿਰ ਆਖ ਬੈਠਾ, “ਪੈਸੇ ਕਿਤਨੇ ਲੋ ਗੇ ?” ਅਤੇ ਫੇਰ ਉਵੇਂ ਦੀ ਲਾਪਰਵਾਹੀ ਦੇ ਅੰਦਾਜ ਵਿਚ ਉਸ ਦੇ ਹਾਸੇ ਦੀ ਅਵਾਜ ਗੂੰਜੀ, “ਦੋ ਰੁਪਏ ਦੇ ਦੇਨਾ ਔਰ ਕਿਆ” 
ਮੈਨੂੰ ਜਾਪਿਆ, ਮੇਰੀ ਕਾਫੀ ਬੇਇੱਜਤੀ ਹੋ ਚੁੱਕੀ ਹੈ। ਆਪਣੀ ਜ਼ਮੀਰ ਕਾਇਮ ਰੱਖਣ ਲਈ ਜਰਾ ਰੋਅਬਦਾਰ ਅਵਾਜ ਵਿਚ, ਤਾਂ ਕਿ ਆਲੇ-ਦੁਆਲੇ ਖਲੋਤੇ ਤਮਾਸ਼ਬੀਨਾਂ ਦੇ ਕੰਨਾਂ ਤੱਕ ਵੀ ਅੱਪੜ ਜਾਏ, ਮੈਂ ਉਸ ਨੂੰ ਆਖਿਆ, “ਦੇਖੋ ਦੋ ਘੰਟੇ ਕੇ ਬਾਅਦ ਆਨਾ ਤੋ ਹਮਾਰੇ ਲੀਏ ਮੁਸ਼ਕਿਲ ਹੋਗਾ। ਤੁਮ ਠੀਕ ਰਖਨਾ ਹਮ ਸ਼ਾਮ ਕੋ ਪਾਂਚ-ਛੇ ਬਜੇ ਆ ਕਰ ਲੇ ਜਾਂਏਗੇ।” 
ਬੇਧਿਆਨੀ ਜਿਹੀ ਵਿੱਚ ਉਸ ‘ਅੱਛਾ’ ਆਖਿਆ ਤੇ ਮੈਂ ਚੌਂਕ ਵੱਲ ਵਾਪਿਸ ਤੁਰ ਪਿਆ। ਉਮੀਦ ਸੀ ਚੌਂਕ ਤੇ ਕੋਈ ਨਾ ਕੋਈ ਟੈਕਸੀ ਮਿਲ ਜਾਏਗੀ।ਪਰ ਨਿਰਾਸ਼ਾ ਹੀ ਹੱਥ ਲੱਗੀ।ਨਾਲ ਹੀ ਬੱਸ ਸਟਾਪ ਸੀ। ਬੜਾ ਦਿਲ ਕੀਤਾ ਜਾ ਕੇ ਲਾਇਨ ‘ਚ ਲੱਗ ਜਾਵਾਂ। ਲਾਇਨ ਕੋਈ ਲੰਬੀ ਵੀ ਨਹੀਂ ਸੀ ਤੇ ਪੰਜਾਂ ਦਸਾਂ ਮਿੰਟਾਂ ਵਿਚ ਬੱਸ ਵੀ ਆਉਣ ਵਾਲੀ ਸੀ। ਪਰ ਖਿਆਲ ਆਇਆ ਕਿ ਇਹ ਸਾਰੇ ਤਮਾਸ਼ਬੀਨ ਜੋ ਮਗਰ ਲੱਗੇ ਫਿਰਦੇ ਸਨ, ਵਿਚਾਰੇ ਕੀ ਸੋਚਣਗੇ। ਇਕ ਕਾਮਯਾਬ ਫਿਲਮੀ ਅਦਾਕਾਰ ਲਈ ਤਾਂ ਮੋਟਰ ਸਾਇਕਲ ਤੇ ਵੀ ਕਿਤੇ ਜਾਣਾ ਰੌਲੇ ਰੱਪੇ ਦਾ ਮਸਾਲਾ ਇਕੱਠਾ ਕਰਨ ਵਾਲੀ ਗੱਲ ਸੀ। ਉਸ ਕੋਲ ਤਾਂ ਇਕ ਸ਼ਾਨਦਾਰ ਕਾਰ ਹੋਣੀ ਚਾਹੀਦੀ ਹੈ। ਤੇ ਫਿਰ ਬਸ ਦੀ ਲਾਇਨ ‘ਚ ਲੱਗਣਾ? …… ਉਫ! ਇਹ ਤਾਂ ਉਨ੍ਹਾਂ ਵਿਚਾਰਿਆਂ ਲਈ ਬੜੀ ਹਿਰਦੇ-ਵੇਧਕ ਗੱਲ ਸੀ। ਨਾਲੇ ਉਨ੍ਹਾਂ ਦਾ ਕੀ ਪਤਾ, ਮੇਰੇ ਬੱਸ ਸਟਾਪ ਤੇ ਪਹੁੰਚਦਿਆਂ ਹੀ ਕਈ ਤਰ੍ਹਾਂ ਦੇ ਫਿਕਰੇ ਕੱਸਣੇ ਸ਼ੁਰੂ ਕਰ ਦੇਣ। ਚਾਹੁੰਦਿਆਂ ਹੋਇਆਂ ਵੀ ਮੈਂ ਬੱਸ ਸਟਾਪ ਤੇ ਜਾਣ ਦੀ ਦਲੇਰੀ ਨਾ ਕਰ ਸਕਿਆ। ਬਸ ਆਈ ਤੇ ਤੁਰ ਵੀ ਗਈ ਤੇ ਮੈਂ ਸੋਚਾਂ ਵਿਚ ਗੁੰਮ ਉਥੇ ਹੀ ਖਲੋਤਾ ਰਹਿ ਗਿਆ।
ਏਸੇ ਵੇਲੇ ਅਚਾਨਕ ਹੀ ਖਵਾਜਾ ਅਹਿਮਦ ਅੱਬਾਸ ਆਪਣੀ ਕਾਰ ਵਿਚ ਆਉਂਦੇ ਦਿੱਸੇ। ਮੈਨੂੰ ਸੁਖ ਦਾ ਸਾਹ ਆਇਆ। ਕਾਰ ਵਿਚ ਉਨ੍ਹਾਂ ਦੇ ਨਾਲ ਬਹਿ ਤਾਂ ਗਿਆ, ਪਰ ਇਥੇ ਵੀ ਖੂਹ ‘ਚੋਂ ਨਿਕਲ ਕੇ ਖਾਈ ਵਿਚ ਡਿੱਗਣ ਵਾਲੀ ਗੱਲ ਹੀ ਹੋਈ। ਅੱਬਾਸ ਨੂੰ ਸ਼ਾਇਦ ਉਸ ਦਿਨ ਕਿਸੇ ਸਾਥ ਦੀ ਬੇਹੱਦ ਲੋੜ ਸੀ। ਮੈਨੂੰ ਘਰ ਅਪੜਾਉਣ ਦੀ ਥਾਂ ਉਹ ਸਾਰਾ ਦਿਨ ਆਪਣੇ ਨਾਲ ਹੀ ਭੁਆਉਂਦਾ ਰਿਹਾ, ਕਦੇ ਇਕ ਸਟੂਡੀਓ, ਕਦੇ ਦੂਜੇ, ਕਦੇ ਲੇਬਾਰਟਰੀ ਤੇ ਕਦੇ ਆਪਣੇ ਘਰ।ਸ਼ਾਮ ਦੇ ਸੱਤ ਵਜੇ ਤੱਕ ਇੰਜ ਹੀ ਉਸ ਦੇ ਨਾਲ ਫਿਰਦਾ ਫਿਰਾਉਂਦਾ ਰਿਹਾ। ਮੋਟਰ ਸਾਇਕਲ ਤਾਂ ਮੈਨੂੰ ਉੱਕਾ ਹੀ ਵਿਸਰ ਚੁੱਕਿਆ ਸੀ। ਕੋਈ ਅੱਠ ਕੁ ਵਜੇ ਕਰੀਬ ਜਦੋਂ ਮੇਰਾ ਘਰ ਜਾਣ ਦਾ ਇਰਾਦਾ ਹੋਇਆ ਤਾਂ ਇਕਦਮ ਮੋਟਰ ਸਾਇਕਲ ਦਾ ਖਿਆਲ ਆਇਆ। ਕਾਫੀ ਨੇਰ੍ਹਾ ਹੋ ਚੁੱਕਿਆ ਸੀ।ਪਰ ਸ਼ਹਿਰ ਦੇ ਬਾਹਰਲੇ ਇਲਾਕੇ ਦੀਆਂ ਦੁਕਾਨਾਂ ਤਾਂ ਕਾਫੀ ਛੇਤੀ ਬੰਦ ਹੋ ਜਾਂਦੀਆਂ ਹਨ। ਇਹ ਵੀ ਡਰ ਭਾਸਿਆ ਕਿ ਕਿਤੇ ਉਹ ਮਿਸਤਰੀ ਮੁੰਡਾ ਮੇਰਾ ਮੋਟਰ ਸਾਇਕਲ ਓਥੇ ਸੜਕ ਤੇ ਹੀ ਛੱਡ ਕੇ ਕਿਤੇ ਤੁਰ ਨਾ ਗਿਆ ਹੋਵੇ। ਮੈਂ ਫਟਾ ਫਟ ਅੰਧੇਰੀ ਵੱਲ ਟੈਕਸੀ ਦੁੜਾਈ।
ਅੰਧੇਰੀ ਚਂੌਕ ਦੇ ਨੇੜੇ-ਤੇੜੇ ਦੀਆਂ ਸਾਰੀਆਂ ਦੁਕਾਨਾਂ ਬੰਦ ਪਈਆਂ ਸਨ। ਸਿਰਫ ਕੁਝ ਕੁ ਹੋਟਲ ਖੁੱਲੇ ਸਨ। ਠੇਲ੍ਹੇ ਵਾਲੇ ਦੀ ਦੁਕਾਨ ਦੇ ਕੋਲ ਪਹੁੰਚ ਕੇ ਮੈਂ ਚਾਰੇ ਪਾਸੇ ਵੱਲ ਨਜ਼ਰ ਦੁੜਾਈ, ਉਸ ਲਾਈਨ ਦੀਆਂ ਸਾਰੀਆਂ ਦੁਕਾਨਾ ਬੰਦ ਸਨ ਤੇ ਮੇਰਾ ਮੋਟਰ ਸਾਇਕਲ ਕਿਸੇ ਯਤੀਮ ਬੱਚੇ ਵਾਂਗ ਕੱਲਮ-ਕੱਲਾ ਸੜਕ ਤੇ ਇੱਕ ਪਾਸੇ ਪਿਆ ਸੀ। ਟੈਕਸੀ ਤੋਂ ੳੁੱਤਰ ਕਿ ਮੈਂ ਕੋਲ ਗਿਆ, ਸਾਰੇ ਦਿਨ ਦੇ ਮਿੱਟੀ ਘੱਟੇ ਨਾਲ ਲਿੱਬੜੇ ਮੋਟਰ ਸਾਇਕਲ ਦੀ ਹਾਲਤ ਠੀਕ ਹੋਣ ਦੀ ਥਾਂ ਮੈਨੂੰ ਹੋਰ ਵੀ ਭੈੜੀ ਜਾਪ ਰਹੀ ਸੀ। ਹਾਂ ਇਸ ਖਿਆਲ ਨਾਲ ਜਰੂਰ ਤਸੱਲੀ ਜਿਹੀ ਹੋਈ ਕਿ ਘੱਟੋ-ਘੱਟ ਉਸ ਨੂੰ ਕਿਸੇ ਚੁੱਕ ਨਹੀਂ ਸੀ ਖੜਿਆ। ਮੈਂ ਕਲੱਚ ਵੱਲ ਨਜ਼ਰ ਮਾਰੀ, ਦਬਾ ਕੇ ਵੇਖਿਆ, ਉਹ ਸੱਚ-ਮੁੱਚ ਮੁੰਡੇ ਨੇ ਠੀਕ ਕਰ ਦਿੱਤਾ ਹੋਇਆ ਸੀ। ਹਨੇਰੇ ਵਿਚ ਮੈਂ ਫਿਰ ਆਲੇ ਦੁਆਲੇ ਵੇਖਣ ਲੱਗਾ ਕਿ ਕਿਤੇ ਉਹ ਮੁੰਡਾ ਨਜ਼ਰੀ ਪਵੇ ਤੇ ਉਹਨੂੰ ਪੈਸੇ ਦੇ ਕੇ ਆਪਣਾ ਰਾਹ ਫੜਾਂ। ਏਸੇ ਵੇਲੇ ਇਕ ਈਰਾਨੀ ਚਾਹ ਵਾਲੇ ਦੀ ਦੁਕਾਨ ‘ਚੋ ਦੋ ਮੁੰਡੇ ਮੈਨੂੰ ਆਪਣੇ ਵੱਲ ਤੁਰੇ ਆਉਂਦੇ ਦਿਸੇ। ਉਨ੍ਹਾਂ ‘ਚੋ ਇਕ ਉਹੀ ਠੇਲੇ ਵਾਲੇ ਦਾ ਮੁੰਡਾ ਸੀ। ਤਸੱਲੀ ਹੋਣ ਤੇ ਮੈਂ ਟੈਕਸੀ ਵਾਲੇ ਨੂੰ ਪੈਸੇ ਦੇ ਕੇ ਭੇਜ ਦਿੱਤਾ। 
ਉਸੇ ਮੁੰਡੇ ਨੇ ਮੇਰੇ ਕੋਲ ਆ ਕੇ ਉਵੇਂ ਹੀ ਲਾਪਰਵਾਹ ਅੰਦਾਜ ਵਿਚ ਆਖਿਆ “ਅਰੇ ਸਾਹਬ, ਤੁਮ ਇਤਨਾ ਦੇ ਸੇ ਕਿਉਂ ਆਇਆ। ਤੁਮਾਰੀ ਵਜਾ ਸੇ ਤੋ ਆਜ ਹਮਾਰਾ ਬਹੁਤ ਨੁਕਸਾਨ ਹੋ ਗਿਆ।”
“ਮੁਝੇ ਅਫਸੋਸ ਹੈ, ਕੁਛ ਜਰੂਰੀ ਕਾਮ ਸੇ ਦੇਰ ਹੋ ਗਈ”, ਮਂੈ ਏਨਾ ਹੀ ਆਖਿਆ, ਪਰ ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਮੇਰੇ ਦੇਰ ਨਾਲ ਆਉਂਣ ਕਰ ਕੇ ਉਸ ਦਾ ਐਸਾ ਕਿਹੜਾ ਨੁਕਸਾਨ ਹੋ ਸਕਦਾ ਸੀ। ਹੋ ਸਕਦਾ ਉਸ ਨੇ ਕਿਤੇ ਜਾਣਾ ਹੋਵੇ ਤੇ ਮੇਰੇ ਕਰ ਕੇ ਨਾ ਜਾ ਸਕਿਆ ਹੋਵੇ। ਮੈਂ ਸੋਚਿਆ ਇਕ ਰੁਪਿਆ ਵੱਧ ਦੇ ਦੇਵਾਂਗਾ ਸੁ।
ਮੇਰੇ ਕਈ ਵਾਰ ਪੁੱਛਣ ਨੇ ਤੇ ਵੀ ਜਦੋਂ ਉਸ ਆਪਣਾ ਨੁਕਸਾਨ ਦਾ ਭਾਂਡਾ ਨਾ ਭੰਨਿਆ ਤਾਂ ਮੈਨੂੰ ਡਾਢਾ ਗੁੱਸਾ ਆਇਆ। ਆਖਰ ਉਸ ਆਖ ਹੀ ਦਿੱਤਾ, “ਅਰੇ ਸਾਹਬ, ਤੁਮਾਰਾ ਗਾੜੀ ਯਹਾਂ ਸੜਕ ਪਰ ਖੜਾ ਥਾ। ਕੋਈ ਸਾਲਾ ਟੰਕੀ ਕੀ ਕੈਂਪ ਉਤਾਰ ਕੇ ਲੇ ਗਿਆ।ਅਬੀ ਹਮ ਦੋ ਰੁਪਿਆ ਖਰਚ ਕੇ ਇਸ ਕੇ ਊਪਰ ਲਗਾਇਆ ਹੈ।”
ਟੰਕੀ ਵੱਲ ਮੇਰੀ ਨਜ਼ਰ ਗਈ। ਮੇਰੀ ਆਪਣੀ ਚਮਕਦਾਰ ਤੇ ਖੂਬਸੂਰਤ ਕੈਪ ਗਾਇਬ ਸੀ ਤੇ ਉਸ ਦੀ ਥਾਂ ਇਕ ਦੂਜੀ ਸਲੇਟੀ ਰੰਗ ਦੀ ਐਲੂਮੇਨੀਅਮ ਦੀ ਕੈਪ ਚੜ੍ਹੀ ਹੋਈ ਸੀ ਜਿਸ ਨੇ ਮੇਰੇ ਮੋਟਰ ਸਾਈਕਲ ਦੀ ਰਹਿੰਦੀ ਖੂੰਹਦੀ ਸ਼ਾਨ ਵੀ ਮਿੱਟੀ ਕਰ ਸੁੱਟੀ ਸੀ। ਕੁਝ  ਦਿਨ ਪਹਿਲਾਂ  ਮੋਬਿਲ ਆਇਲ ਦੀ ਟੰਕੀ ਤਂੋ ਵੀ ਕੈਪ ਇਵੇਂ ਹੀ ਗਾਇਬ ਹੋਈ ਸੀ। ਉਵੇਂ ਦੀ ਹੀ ਕੈਪ ਖਰੀਦਣ ਲਈ ਮੈਂ ਸਾਰੀ ਬੰਬਈ ਛਾਣ ਮਾਰੀ ਸੀ, ਪਰ ਕਿਸੇ ਵੀ ਦੁਕਾਨ ਤੇ ਉਸ ਦੇ ਨਾਲ ਦੀ ਕੈਪ ਨਹੀਂ ਮਿਲੀ। ਉਹ ਵਿਦੇਸ਼ੀ ਕੈਪ ਹੁਣ ਇੱਥੇ ਮਿਲਦੀ ਨਹੀਂ। ਮੈਨੂੰ ਪੂਰਾ ਯਕੀਨ ਹੋ ਗਿਆ ਕਿ ਇਸ ਮੁੰਡੇ ਨੇ ਆਪ ਹੀ ਕੈਪ ਗਾਇਬ ਕੀਤੀ ਹੈ ਤੇ ਉਹਨੂੰ ਵੇਚ-ਵਾਚ ਕੇ ਕਿਤੋਂ ਪੰਜ ਦਸ ਰੁਪਏ ਝਾੜ ਲਏਗਾ ਤੇ ੳੁੱਤੋਂ ਹਰਾਮੀ ਆਖ ਰਿਹਾ ਸੀ ਨੁਕਸਾਨ ਹੋ ਗਿਆ। 
“ਤੁਮਾਰਾ ਕੈਸਾ ਨੁਕਸਾਨ ਹੂਆ ਮਾਸਟਰ? ਦਸ ਬੀਸ ਰੁਪਏ ਕੀ ਮੇਰੀ ਕੈਪ ਗੁਮ ਹੋ ਗਈ ਔਰ ਬਜਾਰ ਮੇਂ ਆਜ ਕਲ ਯੇ ਮਿਲਤੀ ਬੀ ਨਹੀਂ।  ਦੁਕਾਨ ਕੇ ਸਾਮਨੇ ਗਾੜੀ ਖੜੀ ਥੀ, ਕਿਆ ਤੁਮ ਉਸ ਕਾ ਖਿਆਲ ਭੀ ਨਹੀਂ ਰਖ ਸਕਤੇ ਥੇ?” ਗੁੱਸੇ ਵਿਚ ਭਰਿਆ ਪੀਤਾ ਮੈਂ ਵਰ੍ਹ੍ਹ ਪਿਆ।
ਤੇ ਉਸ ਦਾ ਜਵਾਬ ਸੀ, “ਹਮ ਕੋ ਮਾਲੁਮ ਥਾ, ਤੁਮ ਐਸਾ ਹੀ ਬੋਲੇਗਾ। ਤਬੀ ਤੋ ਅਪਨੀ ਜੇਬ ਸੇ ਪੈਸਾ ਖਰਚ ਕਰ ਕੇ ਦੂਸਰਾ ਫਿਟ ਕੀਆ ਹੈ।ਹਮ ਦੁਕਾਨ ਪਰ ਬੈਠ ਕਰ ਅਪਣਾ ਕਾਮ ਕਰੇਗਾ ਯਾ ਤੁਮਾਰੀ ਗਾੜੀ ਕੀ ਚੌਕੀਦਾਰੀ ?” 
ਮਨ ‘ਚ ਆਇਆ ਇਕ ਵਾਰੀ ਇਹਨੂੰ ਇਹਦੀ ਬੇਲਿਹਾਜ਼ੀ ਦਾ ਸੁਆਦ ਤਾਂ ਚਖਾਵਾਂ, ਪਰ ਹਾਲਾਤ ਜਾਂਚ ਕੇ ਮੈਂ ਆਪਣੇ ਆਪ ਤੇ ਕਾਬੂ ਪਾ ਲਿਆ। ਮੈਂ ਇੱਕਲਾ ਸਾਂ, ਪਰਾਈ ਥਾਂ ਸੀ। ਉਹ ਦੋ ਜਾਣੇ ਸਨ ਤੇ ਚੰਗੇ ਛਟੇ ਹੋਏ ਲੋਫਰ ਲੱਗਦੇ ਸਨ। ਨਾਲੇ ਕੀ ਪਤਾ ਗੱਲ ਵੱਧ ਜਾਂਦੀ ਤਾਂ ਹੋਰ ਕਿੰਨੇ ਯਾਰ ਦੋਸਤ ਉਹਨਾ ਦੇ ਨੜਿਉਂ- ਤੇੜਉਂ ਨਿੱਕਲ ਆਉਂਦੇ। ਗੱਲ ਠੱਪਣ ਲਈ ਮੈਂ ਕਲੱਚ ਦੀ ਮਜਦੂਰੀ ਦੇ ਦੋ ਰੁਪਈਆਂ ਦੇ ਨਾਲ ਦੋ ਰੁਪਏ ਉਸ ਲੀਚੜ ਦੀ ਕੈਪ ਦੇ ਵੀ ਧਰ ਦਿੱਤੇ। ਇਕ ਵਾਰ ਤਾਂ ਉਸ ਬੜੇ ਸ਼ਾਹਾਨਾ ਅੰਦਾਜ ਵਿੱਚ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਫਿਰ ਲੈ ਵੀ ਲਏ।
ਉਸਦੀ ਕਮੀਨਗੀ ਹੱਦੋਂ ਵੱਧ ਰਹੀ ਸੀ। ਮੈਂ ਫਟਾਫਟ ਮੋਟਰ ਸਾਇਕਲ ਸਟਾਰਟ ਕਰਕੇ ਛੇਤੀ ਤੋਂ ਛੇਤੀ ਇਸ ਮਾਹੌਲ ‘ਚੋਂ ਖਿਸਕ ਜਾਣਾ ਚਾਹੁੰਦਾ ਸਾਂ, ਉਹਨਾਂ ਹਰਾਮੀਆਂ ਦੀਆਂ ਤਿੱਖੀਆਂ ਨਜ਼ਰਾਂ ਤੋਂ ਬਹੁਤ ਦੂਰ। ਗੱਲਾਂ-ਗੱਲਾਂ ਵਿਚ ਹੀ ਤਿੰਨ ਚਾਰ ਮੁੰਡੇ ਕਿਤੋਂ ਹੋਰ ਨਿਕਲ ਆਏ। ਮੈਂ ਮਨ ‘ਚ ਬੜਾ ਕੁੜ੍ਹਿਆ, ਇਸ ਮੁਲਕ ਵਿਚ ਫਿਲਮੀ ਅਦਾਕਾਰ ਹੋਣਾ ਵੀ ਪਾਪ ਏ।
ਚੰਗੇ ਕਰਮਾਂ ਨੂੰ ਪਹਿਲੀ ਕਿੱਕ ਮਾਰਦਿਆਂ ਹੀ ਮੋਟਰ ਸਾਇਕਲ ਸਟਾਰਟ ਹੋ ਗਿਆ। ਮੇਰੀਆਂ ਨਜ਼ਰਾਂ ਉਸ ਮੁੰਡੇ ਦਾ ਧੰਨਵਾਦ ਕਰਨੋ ਨਾ ਰਹਿ ਸਕੀਆਂ ਕਿਉਂਕਿ ਪਿਛਲੇ ਕੁਝ ਚਿਰ ਤੋਂ ਕਾਰਬੋਰੇਟਰ ਸਾਫ ਕਰਨ ਵਾਲਾ ਹੋਇਆ ਪਿਆ ਸੀ ਜਿਸ ਕਰਕੇ ਪੰਜ ਸੱਤ ਕਿੱਕਾਂ ਮਾਰਨ ਪਿਛੋਂ ਹੀ ਮੋਟਰ ਸਾਇਕਲ ਸਟਾਰਟ ਹੁੰਦਾ ਸੀ। ਤੇ ਹੁਣ ਜੇ ਛੇਤੀ ਸਟਾਰਟ ਨਾ ਹੁੰਦਾ ਤਾਂ ਇਹਨਾਂ ਮੁੰਡਿਆਂ ਨੂੰ ਮੈਨੂੰ ਚਿੜ੍ਹਾਉਣ ਦਾ ਹੋਰ ਵੀ ਮੌਕਾ ਮਿਲ ਜਾਣਾ ਸੀ। ਇੰਜ਼ਨ ਸਟਾਰਟ ਹੁੰਦਿਆਂ ਹੀ ਮੈਂ ਫਟਾਫਟ ਤੁਰਨ ਦੀ ਕੀਤੀ। ਕਾਹਲ ‘ਚ ਬੱਤੀ ਜਗਾਉਣੀ ਵੀ ਭੁੱਲ ਗਿਆ।
ਕੁਝ ਅਗਾਂਹ ਜਾਕੇ ਮੈਂ ਬੱਤੀ ਦਾ ਸਵਿੱਚ ਆਨ ਕੀਤਾ ਕਾਫੀ ਦਿਨਾਂ ਤੋਂ ਇਹ ਕੁਝ ਢਿੱਲਾ ਜਿਹਾ ਸੀ, ਜਿਸ ਕਰਕੇ ਪਿਛਲੀ ਬੱਤੀ ੳੁੱਕਾ ਹੀ ਨਹੀਂ ਸੀ ਜਗਦੀ ਤੇ ਅਗਲੀ ਵੀ ਜਗਦੀ ਬੁਝਦੀ ਹੀ ਰਹਿੰਦੀ ਸੀ। ਪਰ ਹੁਣ ਤਾਂ ਬੜੀ ਸੋਹਣੀ ਤਰ੍ਹਾਂ ਜਗ ਰਹੀ ਸੀ। ਇਸ ਨਾਲ ਮਨ ਨੂੰ ਕੁਝ ਤਾਂ ਧੀਰਜ ਹੋਇਆ, ਨਹੀਂ ਤਾਂ ਹੋ ਸਕਦਾ ਸੀ, ਚੁਰਾਹੇ ਤੇ ਕੋਈ ਪੁਲਸੀਆ ਨੰਬਰ ਨੋਟ ਕਰ ਬਹਿੰਦਾ ਤੇ ਪੰਦਰਾਂ ਵੀਹ ਰੁਪਏ ਹੋਰ ਗਵਾਉਣੇ ਪੈਂਦੇ।
ਕੁਝ ਹੋਰ ਅਗਾਂਹ ਜਾਕੇ ਐਕਸਲਰੇਟਰ ਦਬਾਉਂਦਿਆਂ ਅਚਾਨਕ ਹੀ ਮੇਰਾ ਹੱਥ ਹਾਰਨ ਵਜਾਉਂਣ ਵਾਲੇ ਬਟਨ ਨਾਲ ਜਾ ਲੱਗਾ। ਇਹ ਬਟਨ ਵੀ ਕਾਫੀ ਚਿਰ ਤੋਂ ਢਿੱਲੜ ਮਾਲ ਹੀ ਹੋਇਆ ਪਿਆ ਸੀ ਇਹ ਹਾਰਨ ਵੀ ਨਹੀਂ ਸੀ ਵੱਜਦਾ। ਮੈਂ ਠੀਕ ਕਰਵਾਉਣ ਦੀ ਕੋਸ਼ਿਸ਼ ਨਾ ਕੀਤੀ ਕਿਉਂਕਿ ਹਾਰਨ ਵਜਾਂਉਣਾ ਮੈਨੂੰ ਪਸੰਦ ਨਹੀਂ ਸੀ। ਪਰ ਅੱਜ ਮੇਰਾ ਹੱਥ ਵੱਜਦਿਆਂ  ਹੀ ਹਾਰਨ ਜੋਰ ਦੀ ਅਜੀਬ ਜਿਹੀ ਅਵਾਜ ਵਿਚ ਵੱਜ ਪਿਆ। ਇਸ ਦੀ ਏਨੀ ਪਿਅਰੀ ਆਵਾਜ ਸੁਣ ਕੇ ਮੈਨੂੰ ਹੈਰਾਨੀ ਹੋਈ, ਪਹਿਲਾਂ ਤਾਂ ਇਹ ਭੁੱਖੇ ਬਘਿਆੜ ਵਾਂਗ ਘਊਂ-ਘਾਊਂ ਹੀ ਕਰਦਾ ਹੁੰਦਾ ਸੀ। ਤੇ ਇਕ ਹੋਰ ਅਜੀਬ ਗੱਲ ਇਹ ਹੋਈ ਕਿ ਹਾਰਨ ਦੀ ਅਵਾਜ਼ ਐਨ ਮੇਰੀ ਸੀਟ ਦੇ ਥੱਲਿਉਂ ਦੀ ਨਿਕਲੀ ਸੀ। ਜਿਸ ਨਾਲ ਖਾਹਮਖਾਹ ਮੇਰੇ ਸਾਰੇ ਸਰੀਰ ਵਿਚ ਝੁਣਝੁਣੀ ਜਹੀ ਛਾ ਗਈ । ਜਿਵੇਂ ਬੇਧਿਆਨੀ ਵਿੱਚ ਹੀ ਮੈਂ ਕੋਈ ਐਸੀ ਵੈਸੀ ਹਰਕਤ ਕਰ ਬੈਠਾਂ ਹੋਵਾਂ। ਇਸ ਦਾ ਮਤਲਬ ਮਿਸਤਰੀ ਦਾ ਮੁੰਡਾ ਮੇਰੇ ਨਾਲ ਇੱਕ ਹੋਰ ਸ਼ਰਾਰਤ ਕਰ ਗਿਆ ਸੀ। ਗੱਸਾ ਬੜਾ ਆਇਆ, ਪਰ ਪਤਾ ਨਹੀਂ ਕਿਉਂ ਨਾਲ ਬੱਚਿਆਂ ਵਾਂਗ ਘੜੀ ਮੁੜੀ ਹਾਰਨ ਵਜਾਉਣ ਲਈ ਮੇਰਾ ਮਨ ਕਾਹਲਾ ਪੈਣ ਲੱਗਾ ਜਦੋਂ ਅਵਾਜ਼ ਸੀਟ ਦੇ ਵਿਚੋਂ ਦੀ ਨਿਕਲਦੀ ਤਾਂ ਆਪਣੇ ਆਪ ਹੀ ਮੇਰਾ ਹਾਸਾ ਨਿਕਲ ਜਾਂਦਾ।
ਫੇਰ ਕੁਝ ਦੂਰ ਜਾ ਕੇ ਮੈਨੂੰ ਮਹਿਸੂਸ ਹੋਇਆ ਕਿ ਇੰਜ਼ਨ ਅੱਜ ਬੜਾ ਸੋਹਣਾ ਚੱਲ ਰਿਹੈ। ਖਿਆਲ ਆਇਆ ਰਾਤ ਦਾ ਵੇਲਾ ਹੈ, ਠੰਡੀ ਹਵਾ ਹੈ, ਸ਼ਾਇਦ ਇਸੇ ਕਰਕੇ ਹਲਕਾ ਫੁਲਕਾ ਜਾਪ ਰਿਹੈ, ਪਰ ਫਿਰ ਇਕ ਹੋਰ ਗੱਲ ਮੇਰੇ ਧਿਆਨ ਵਿਚ ਆਈ। ਚੈਨ ਦੇ ਚੇਨ ਬਾਕਸ ਨਾਲ ਰਗੜਨ ਤੇ ਜਿਹੜੀ ਖੜਖੜ ਪਹਿਲਾਂ ਹੁੰਦੀ ਸੀ ਹੁਣ ਉਸਦਾ ਨਾਂ ਨਿਸ਼ਾਨ ਤੱਕ ਨਹੀਂ ਸੀ। ਮੈਨੂੰ ਪੂਰਾ ਯਕੀਨ ਹੋ ਗਿਆ ਕਿ ਮੁੰਡੇ ਨੇ ਕਲੱਚ ਦਾ ਟਾਂਕਾ ਲਾ ਕੇ ਜਰੂਰ ਮੋਟਰ ਸਾਇਕਲ ਦੀ ਹੋਰ ਵੀ ਥੋੜੀ ਬਹੁਤ ਮੁਰੰਮਤ ਕੀਤੀ ਸੀ। ਪਰ ਇਹ ਸਭ ਕੁਝ ਏਨਾ ਅਜੀਬ ਜਿਹਾ ਜਾਪਿਆ ਕਿ ਮੈਂ ਮੋਟਰ ਸਾਇਕਲ ਖਲਾਰ ਕੇ ਉਸ ਦੇ ਇੱਕ-ਇੱਕ ਪੁਰਜੇ ਨੂੰ ਧਿਆਨ ਨਾਲ ਵਾਚਨ ਲੱਗ ਪਿਆ। ਪਿਛਲੀ ਬੱਤੀ ਵੱਲ ਮੇਰਾ ਧਿਆਨ ਪਿਆ, ਉਹ ਵੀ ਜਗਦੀ ਪਈ ਸੀ। ਇਸਦਾ ਮਤਲਬ ਉਸਨੇ ਇਸਦੀ ਵਾਇਰਿੰਗ ਵੀ ਠੀਕ ਕੀਤੀ ਸੀ। ਮੋਬਿਲ ਆਇਲ ਦੀ ਟੰਕੀ ਵੱਲ ਧਿਆਨ ਮਾਰਿਆ ਤਾਂ ੳੁੱਥੇ ਵੀ ਇਕ ਸਸਤੀ ਜਿਹੀ ਕੈਪ ਲੱਗੀ ਹੋਈ, ਮੈਂ ਤਾਂ ਉਸਤੇ ਸਿਗਰਟ ਦਾ ਖਾਲੀ ਟੀਨ ਹੀ ਮੂਧਾ ਮਾਰ ਛੱਡਿਆ ਹੋਇਆ ਸੀ। ਬਰੇਕ ਵੇਖੀ ਉਹ ਵੀ ਕਸੀ ਪਈ ਸੀ। ਚੈਨ ਵੀ ਐਨ ਟਿੱਚ ਸੀ। ਗੇਅਰ ਬਾਕਸ ਵੀ ਠੀਕ ਕੀਤਾ ਪਿਆ ਸੀ। ਮੈਨੂੰ ਇੱਕ ਦਮ ਖਿਆਲ ਆਇਆ, ਆਪਣਾ ਟੂਲ ਬਾਕਸ ਤਾਂ ਦੇਖ ਲਵਾਂ ਕੀ ਪਤਾ ਕੋਈ ਔਜ਼ਾਰ ਹੀ ਨਾ ਖਿਸਕਾ ਗਿਆ ਹੋਵੇ। ਪਰ ਟੂਲ ਬਾਕਸ ਵਿੱਚੋਂ ਔਜ਼ਾਰ ਤਾਂ ਕੀ ਜਾਣੇ ਸਨ, ਸਗੋਂ ਪੈਟਰੋਲ ਟੈਂਕ ਦੀ ਕੈਪ ਵੀ ਸਹੀ ਸਲਾਮਤ ਉਸਦੇ ਵਿੱਚ ਪਈ ਸੀ ਜਿਸ ਬਾਰੇ ਉਸ ਵਿਚਾਰੇ ਨੇ ਸੋਚਿਆ ਸੀ, ਸ਼ਾਇਦ ਗੁਆਚ ਗਈ ਹੈ। ਮੈਂ ਹੱਕਾ ਬੱਕਾ ਹੋਇਆ ਕਦੇ ਇੱਕ ਚੀਜ ਵੱਲ ਝਾਤੀ ਮਾਰ ਰਿਹਾਂ ਸਾਂ ਤੇ ਕਦੇ ਦੂਜੀ ਵੱਲ। ਉਸ ਮੁੰਡੇ ਨੇ ਲਏ ਤਾਂ ਮੇਰੇ ਸਿਰਫ ਕੋਲੋਂ ਚਾਰ ਰੁਪਏ ਸਨ। ਤੇ ਕੰਮ ਉਸ ਘੱਟੋ-ਘੱਟ ਪੰਦਰਾਂ ਵੀਹਾਂ ਦਾ ਕੀਤਾ ਜਾਪਦਾ ਸੀ। ਮੈਨੂੰ ਕੱਖ ਸਮਝ ਨਹੀਂ ਸੀ ਆ ਰਹੀ। ਜੇ ਉਸ ਨੇ ਕੀਤਾ ਸੂ, ਤੇ ਦੱਸਿਆ ਕਿਉਂ ਨਾ ? ਇੰਜ ਮਜਾਕ ਕਰਨ ਦਾ ਭਲਾਂ ਕੀ ਮਤਲਬ ਹੋਇਆ ?
ਹੁਣ ਮੈਨੂੰ ਉਹ ਮੁੰਡਾ ਚੰਗਾ ਚੰਗਾ ਲੱਗਣ ਲਗਾ। ਇਕ ਬੇਕਾਰ, ਬੇਰੁਜ਼ਗਾਰ ਕਾਰੀਗਰ ਜੋ ਮੋਟਰਾਂ ਦੇ ਇੰਜ਼ਨ ਠੀਕ ਕਰਨ ਦੀ ਥਾਂ ਆਪਣਾ ਆਪ ਡਾਲਡੇ ਦੇ ਡੱਬੇ ਕੁੱਟਣ ਵਿੱਚ ਗੁਆ ਰਿਹਾ ਸੀ, ਭਲਾਂ ਏਨਾ ਮਜਾਕੀਆ ਕਿਸਮ ਦਾ ਇਨਸਾਨ ਵੀ ਹੋ ਸਕਦੈ। ਇਹ ਸਭ ਕੁਝ ਮੇਰੇ ਲਈ ਅਜੀਬ ਜਿਹੀ ਬੁਝਾਰਤ ਬਣ ਗਈ।
ਘਰ ਵੱਲ ਜਾਣਾ ਤਾਂ ਹੁਣ ਅਸੰਭਵ ਸੀ। ਉਸ ਦੀ ਮਿਹਨਤ ਦਾ ਮੁਆਵਜਾ ਦਿੱਤਿਆ ਬਗੈਰ ਜਾਂਦਾ ਕਿਵੇਂ? ਤੇ ਮੈਂ ਇੱਕ ਦਮ ਵਾਪਸ ਅੰਧੇਰੀ ਵਲ ਤੁਰ ਪਿਆ।
ਰਾਹ ਵਿਚ ਇੱਕ ਦੋ ਵਾਰ ਮੈਂ ਫਿਰ ਮੋਟਰ ਸਾਇਕਲ ਰੋਕ ਕੇ ਚੰਗੀ ਤਰ੍ਹਾਂ ਜਾਂਚਿਆ। ਪਰਖਿਆ ਕਿ ਕਿਤੇ ਮੈਨੂੰ ਭਰਮ ਤਾਂ ਨਹੀਂ ਲਗ ਰਿਹਾ। ਪਰ ਏਨਾ ਵੀ ਕਾਹਦਾ ਭੁਲੇਖਾ ਹੋਇਆ, ਕੱਲ ਤੱਕ ਤਾਂ ਮੈਂ ਇਸ ਨੂੰ ਗੈਰੇਜ ਵਿਚ ਭੇਜ ਕੇ ਸਰਵਿਸ ਕਰਵਾਉਣ ਦੀ ਜਰੂਰਤ ਮਹਿਸੂਸ ਕਰ ਰਿਹਾ ਸਾਂ ਤੇ ਅੱਜ ਇੰਜ ਜਾਪ ਰਿਹਾ ਸੀ ਜਿਵੇਂ ਹੁਣੇ ਹੀ ਗੈਰੇਜ ਵਿਚੋਂ ਸਰਵਿਸ ਕਰਵਾ ਕੇ ਵਾਪਸ ਲਿਆਂਦੀ ਹੋਵੇ। ਉਸ ਦੇ ਪੂਰੇ ਪੈਸੇ ਜਰੂਰ ਦੇਣੇ ਸਨ ਤੇ ਨਾਲੇ ਉਸ ਦੇ ਮਜਾਕ ਦੀ ਦਾਦ ਦੇਣ ਨੂੰ ਬੜਾ ਜੀ ਕੀਤਾ।
ਹੁਣ ਥੋੜਾ ਜਿਹਾ ਮਨ ਘਬਰਾਇਆ ਕਿ ਕਿਤੇ ਮੈਂ ਕੋਈ ਹਰੋ ਨਵੀਂ ਮੁਸੀਬਤ ਤਾਂ ਨਹੀਂ ਮੁੱਲ ਲੈ ਰਿਹਾ। ਕੀ ਪਤਾ ਉਹ ਮੁੰਡਾ ਹੁਣ ੳੁੱਥੇ ਹੋਵੇ ਵੀ ਕਿ ਨਾ। ਹੋ ਸਕਦੈ ਮੈਨੂੰ ਵੇਖ ਕੇ ਉਹ ਤੇ ਉਹਦੇ ਸਾਥੀ ਕੋਈ ਹੋਰ ਸ਼ਰਾਰਤ ਕਰਨ ‘ਤੇ ਤੁਲ ਪੈਣ ਫੇਰ ਕੀ ਬਣੇਗਾ ? ਪਰ ਪਤਾ ਨਹੀਂ ਕਿਉਂ ਮੈਂ ਰੁਕਿਆ ਨਹੀਂ।
ਚੌਂਕ ਪਾਰ ਕਰ ਕੇ ਮੈਂ ਨਜ਼ਰ ਮਾਰੀ, ਟੀਨਾਂ ਵਾਲੀ ਦੁਕਾਨ ਖੁੱਲ੍ਹੀ ਪਈ ਸੀ। ਤੇ ਉਸੇ ਮੁੰਡੇ ਦਾ ਬਾਪੂ ਟੀਨ ਭੰਨਣ ਵਿਚ ਮਗਨ ਸੀ। ਮੋਟਰ ਸਾਇਕਲ ਦਾ ਇੰਜਨ ਬੰਦ ਕਰ ਕੇ ਉਸ ਪਾਸੇ ਵੱਲ ਤੁਰਿਆ ਹੀ ਸੀ ਕਿ ਪਤਾ ਨਹੀਂ ਕਿਹੜੇ ਪਾਸਿਉਂ ਉਹੀ ਮੁੰਡਾ ਤੇ ਉਹਦੇ ਯਾਰ ਮੇਰੇ ਸਾਹਮਣੇ ਆ ਖਲੋਤੇ। ਮੁੰਡਾ ਮੋਟਰ ਸਾਇਕਲ ਕੋ ਜਾ ਖਲੋਤਾ ਤੇ ਉਸ ਨੂੰ ਜਾਚਦਿਆਂ ਬੋਲਿਆ “ਕਿਉਂ ਸਾਬ, ਫਿਰ ਕੋਈ ਖਰਾਬੀ ਹੋ ਗਈ ਕਿਆ ?”   
ਮੈਂ ਸਿੱਧਾ ਜਾ ਕੇ ਉਸ ਦਾ ਸੱਜਾ ਹੱਥ, ਆਪਣੇ ਹੱਥ ਵਿਚ ਘੁੱਟ ਲਿਆ ਤੇ ਆਖਿਆ, “ਅਰੇ ਯਾਰ, ਤੁਮ ਤੋ ਬੜੇ ਸ਼ਾਨਦਾਰ ਆਦਮੀ ਹੋ। ਮੁਝੇ ਮਾਲੂਮ ਨਹੀਂ ਥਾ ਕਿ ਤੁਮ ਨੇ ਗਾੜੀ ਪਰ ਇਤਨਾ ਕਾਮ ਕੀਆ ਹੈ। ਬਤਾਉ ਮੁਝੇ ਔਰ ਕਿਤਨੇ ਪੈਸੇ ਦੇਨਂੇ ਹੈਂ।”
“ਕੁਛ ਨਹੀਂ, ਕੁਛ ਨਹੀਂ, ਤੁਮ ‘ਹਮ ਲੋਗ’ ਪਿਕਚਰ ਮੇਂ ਬਹੁਤ ਅਛਾ ਕਾਮ ਕਰਤਾ ਹੈ, ਬਸ।”
ਮੇਰੀ ਹੈਰਾਨੀ ਦੀ ਹੱਦ ਨਾ ਰਹੀ। ਮੈਂ ਆਖਿਆ, “ਮਗਰ ਮੈਂ ਤੋ ਤਮਾਮ ਵਕਤ ਯੇ ਸੋਚਤਾ ਰਹਾ ਕਿ ਤੁਮ ਮੇਰਾ ਮਜ਼ਾਕ ਉੜਾ ਰਹੇ ਹੋ।”
“ਐਕਟਰ ਲੋਗ ਕੇ ਸਾਥ ਥੋੜਾ ਮਜਾਕ ਕਰਨਾ ਮਾਂਗਤਾ ਹੈ”, ਉਹ ਹੋਠਾਂ ਵਿੱਚ ਆਪਣੀ ਮੁਸਕਣੀ ਘੁੱਟ ਕੇ ਸ਼ਰਾਰਤ ਨਾਲ ਬੋਲਿਆ।
ਮੈਂ ਪੈਸੇ ਦੇਣ ਲਈ ਬਥੇਰਾ ਜ਼ੋਰ ਲਗਾਇਆ, ਪਰ ਉਸ ਮੇਰੀ ਇਕ ਨਾ ਮੰਨੀ । ਸਗੋਂ ਉਸ ਦੀ ਯਾਰ ਮੰਡਲੀ ਮੈਨੂੰ ਉਸੇ ਚਾਹ ਵਾਲੇ ਦੀ ਦੁਕਾਨ ਵਿਚ ਲੈ ਤੁਰੀ। ਮੈਨੂੰ ਉਨ੍ਹਾਂ ਚਾਹ ਪਿਆਈ, ਤੇ ਫਿਰ ਫਿਲਮਾਂ ਬਾਰੇ ਐਕਟਰੈਸਾਂ ਬਾਰੇ ਬੜੇ ਮਜ਼ੇਦਾਰ ਸਵਾਲ ਪੁੱਛਦੇ ਰਹੇ। ਮੈਂ ਸਾਰਾ ਸੰਕੋਚ ਮਿਟਾ ਕੇ ਉਨ੍ਹਾਂ ਦੀ ਮਿੱਤਰਤਾ ਵਿਚੋਂ ਅਕਹਿ ਸੁਆਦ ਮਾਣ ਰਿਹਾ ਸਾਂ। ਹੁਣ ਤੱਕ ਮਜਦੂਰਾਂ ਬਾਰੇ ਮੇਰਾ ਨਜ਼ਰੀਆ ਕੁਝ ਹੋਰ ਹੀ ਸੀ। ਕੰਗਾਲੀ ਤੇ ਮਜਬੂਰੀ ਦੀ ਹਾਲਤ ਵਿਚ ਵੀ ਮਜ਼ਦੂਰ ਏਨਾ ਹਸਮੁਖ, ਖੁਸ਼ਮਿਜ਼ਾਜ ਤੇ ਏਨਾ ਬਾਦਸ਼ਾਹ ਦਿਲ ਹੋ ਸਕਦੈ, ਇਹ ਮੇਰੀ ਕਲਪਨਾ ਤੋਂ ਕਿਤੇ ਬਾਹਰੀ ਗੱਲ ਸੀ।
ਇਹ ਹੈ ਮੇਰੀ ਫਿਲਮੀ ਜਿੰਦਗੀ ਦੀ ਉਹ ਅਭੁੱਲ ਯਾਦ। ਕਹਾਣੀ ਲਿਖਣ ਕਲਾ ਭੁੱਲ ਨਾ ਗਿਆ ਹੁੰਦਾ ਤਾਂ ਸ਼ਾਇਦ ਇਸ ਦੀ ਇਕ ਅਤਿਅੰਤ ਪਿਆਰੀ ਤੇ ਬੇਮਿਸਾਲ ਕਹਾਣੀ ਲਿਖ ਮਾਰਦਾ।

ਕਿਰਤੀਆਂ ਦੀ ਮੁਕਤੀ ਲਈ ਰਾਹ ਦਰਸੇਵੀ, ਸਮਰੱਥ ਪਰਮਗੁਣੀ ਸਖਸ਼ੀਅਤ- ਲੈਨਿਨ ਨੂੰ ਯਾਦ ਕਰਦਿਆਂ... ਬਲਕਰਨ ਮੋਗਾ


          ਭਵਿੱਖ ਮੈਗਜ਼ੀਨ ਦੇ ਅੰਕ ਮਾਰਚ-ਅਪ੍ਰੈਲ 2012 ਵਿਚੋਂ                                                                                     ਇੱਕ ਫਲਾਸਫਰ, ਮਾਰਕਸਵਾਦ ਦਾ ਮੁਦੱਈ, ਮਾਰਕਸਵਾਦ ਨੂੰ  ਦੁਨੀਆ ਵਿਚ ਸਭ ਤੋਂ ਵਧੇਰੇ ਸਮਝਣ, ਸਮਝਾਉਣ, ਵਾਧਾ ਕਰਨ ਤੇ ਅਮਲ ਵਿਚ ਲਾਗੂ ਕਰਨ ਵਾਲੀ ਸਮਰੱਥ ਪਰਮਗੁਣੀ ਸਖਸ਼ੀਅਤ- ਵਲਾਦੀਮੀਰ ਇਲੀਚ ਉਲੀਆਨੋਵ (ਲੈਨਿਨ) ਦਾ ਜਨਮ 22 ਅਪ੍ਰੈਲ 1870 ਵੋਲਗਾ ਦੇ ਕੰਢੇ ‘ਤੇ ਸਥਿਤ ਸਿਮਬਿਰਸਕ (ਸੂਬੇ) ਵਿਚ ਹੋਇਆ। ਲੈਨਿਨ ਦੀ ਮਾਂ ਮਾਰੀਆ ਅਲੈਕਸਾਂਦਰੋਵਨਾ ਇਕ ਸਕੂਲ ਅਧਿਆਪਕਾ ਸੀ ਅਤੇ ਪਿਤਾ ਇਲੀਆ ਨਿਕੋਲਏ ਉਲੀਆਨੋਵ ਸਰਕਾਰੀ ਸਕੂਲ ਦਾ ਡਾਇਰੈਕਟਰ ਸੀ। ਦੋਂਵੇ ਹੀ ਬਹੁਤ ਸੂਝਵਾਨ ਸਨ । ਲੈਨਿਨ ਦੀ ਵੱਡੀ ਭੈਣ ਅੱਨਾ, ਭਰਾ ਐਲਕਸਾਂਦਰ (ਸਾਸ਼ਾ) ਅਤੇ ਛੋਟੀ ਓਲਗਾ, ਮੀਤਿਆ ਤੇ ਮਾਨਿਆ ਸਨ। ਘਰ ਦੀ ਆਰਥਕਤਾ ਚੰਗੀ ਸੀ। ਪਰ ਅਕਲ ਦਾ ਧਨੀ ਪਰਿਵਾਰ ਸਮੁੱਚਤਾ ਵਿਚ ਜਿਉਂਦਿਆਂ ਆਪਣੀ ਹੋਣੀ ਸਮੁੱਚਤਾ ਨਾਲ ਜੋੜ ਕੇ ਵੇਖਦਾ ਸੀ।ਇਸ ਲਈ ਪਰਿਵਾਰ ਦੀ ਚਿੰਤਾ ਵੀ ਸਮੁੱਚਤਾ ਦੇ ਭਲੇ ਹਿੱਤ ਸੀ। ਅਕਸਰ ਹੀ ਘਰ ਵਿਚ ਦੇਸ਼ ਦੇ ਮਾੜੇ ਪ੍ਰਬੰਧ ਬਾਰੇ ਚਰਚਾ ਹੁੰਦੀ ਰਹਿੰਦੀ। ਆਪਣੇ ਤਜ਼ਰਬੇ ਵਿੱਚੋਂ ਪਿਤਾ ਗੱਲਾਂ  ਕਰਦਾ ਕਹਿੰਦਾ ਕਿ ‘ਸਕੂਲਾਂ ਦਾ ਪ੍ਰਬੰਧ ਬੇਹੱਦ ਮਾੜਾ ਹੈ, ਦੇਸ਼ ਪੱਛੜ ਰਿਹਾ ਹੈ।’ ਇੱਕ ਤੋਂ ਬਾਅਦ ਇੱਕ ਸਮੱਸਿਆ ਘਰ ਕਰ ਰਹੀ ਹੈ। ਰਾਜਸ਼ਾਹੀ, ਅਫਸਰ, ਜਗੀਰਦਾਰਾਂ ਦੀ ਜੁੰਡਲੀ ਐਸ਼ੋਇਸ਼ਰਤ ਦਾ ਜੀਵਨ ਬਸਰ ਕਰ ਰਹੀ ਹੈ ਅਤੇ ਗਰੀਬ, ਮਜਦੂਰ, ਕਿਸਾਨ, ਆਮ ਜਨਤਾ ਦੁੱਖ ਤਕਲੀਫਾਂ ਨਾਲ ਨਪੀੜੀ ਹੋਈ ਹੈ। ਲੈਨਿਨ ਦੇ ਬਾਲ ਮਨ ‘ਤੇ ਇਹ ਗੱਲਾਂ ਅਮਿੱਟ ਪੈੜਾਂ ਪਾ ਰਹੀਆਂ ਸਨ। ਉਹ ਬਾਲ ਉਮਰੇ ਹੀ ਦੇਸ਼ ਦੀਆਂ ਸਮੱਮਿਆਵਾਂ ਦੇ ਕਾਰਨਾਂ ਅਤੇ ਹੱਲ ਬਾਰੇ ਨਿੱਕੇ-ਨਿੱਕੇ ਪਰ ਉਤਸੁਕਤਾ ਭਰੇ ਸਵਾਲ ਕਰਨ ਲੱਗ ਪਿਆ ਸੀ।ਸ਼ਾਇਦ ਉਸਦੇ ਇਨਕਲਾਬੀ ਸਫਰ ਦੇ ਇਹ ਪਹਿਲੇ ਸ਼ੁਰੂਆਤੀ ਕਦਮ ਸਨ।ਪਰਿਵਾਰ ਦਾ ਹਰ ਮੈਂਬਰ ਗਿਆਨ, ਮਿਹਨਤ ਅਤੇ ਇਮਾਨਦਾਰੀ ਦਾ ਪੁੰਜ ਸੀ। ਅਜਿਹੇ ਸਵੱਸ਼ ਵਾਤਾਵਰਨ ਵਿੱਚੋਂ ਲੈਨਿਨ ਵਿਚ ਖਾਸ ਗੁਣਾ ਦਾ ਪਰਫੁੱਲਤ ਹੋਣਾ ਸੁਭਾਵਕ ਸੀ। ਲੈਨਿਨ ਤੋਂ ਚਾਰ ਵਰ੍ਹੇ ਵੱਡਾ ਉਸਦਾ ਭਰਾ ਸਾਸ਼ਾ ਅਕਸਰ ਆਪਣੇ ਪਿਤਾ ਵਾਲੀ ਲਾਇਬ੍ਰੇਰੀ ਵਿਚ ਕੁੱਝ ਨਵੀਂਆਂ ਕਿਤਾਬਾਂ ਜਮ੍ਹਾਂ ਕਰਦਾ ਜਾਂਦਾ ਸੀ। ਲੈਨਿਨ ਨੂੰ ਮਾਰਕਸਵਾਦ ਬਾਰੇ ਸਭ ਤੋਂ ਪਹਿਲੀ ਜਾਣਕਾਰੀ ਸਾਸ਼ਾ ਤੋਂ ਹੀ ਮਿਲੀ ਸੀ। ਪਰ ਸਾਸ਼ਾ ਜ਼ਾਰ ਬਾਦਸ਼ਾਹ ਦੇ ਮਾੜੇ ਪ੍ਰਬੰਧ ਬਾਰੇ ਘਰ ਵਿੱਚ ਵੀ ਬਹਿਸ ਦਾ ਮਹੌਲ ਬਣਾਉਦਾ ਰਹਿੰਦਾ ਅਤੇ ਲੈਨਿਨ ਅਕਸਰ ਨਵੇਂ ਸਵਾਲ ਲੈ ਕੇ ਹਾਜਰ ਹੁੰਦਾ। ਇਸ ਉਮਰੇ ਸਾਸ਼ਾ ਹੀ ਉਸਦਾ ਅਦਾਰਸ਼ ਸੀ। ਉਹ ਇਹ ਜਾਨਣ ਲਈ ਉਤਸੁਕ ਸੀ ਕਿ ਧਰਤੀ ਕਿਉਂ ਹੈ? ਅਕਾਸ਼ ਦੀ ਹੋਂਦ ਕਿਉਂ ਹੈ? ਅਸੀਂ ਕਿਸ ਵਾਸਤੇ ਹਾਂ?...... ਆਦਿ। ਲੈਨਿਨ ਨੇ ਦਸਵੀਂ ਤੱਕ ਪੁੱਜਦਿਆਂ ਭਰਾ ਦੀ ਲਾਇਬ੍ਰੇਰੀ ਦੀਆਂ ਸਾਰੀਆਂ ਕਿਤਾਬਾਂ ਪੜ੍ਹ ਦਿੱਤੀਆਂ ਸਨ। ਐਲਕਸਾਂਦਰ ਸਾਸ਼ਾ ਸੇਂਟ ਪੀਟਰਜ਼ਬਰਗ ਯੂਨੀਵਰਸਿਟੀ ਵਿੱਚ ਪੜ੍ਹਦਾ ਸੀ। ਆਪਣੀ ਕਾਬਲੀਅਤ ਸਹਾਰੇ ਉਹ ਇੱਕ ਪ੍ਰਸਿੱਧ ਵਿਗਿਆਨੀ ਬਣ ਸਕਦਾ ਸੀ।ਪਰ ਜਨਤਾ ਦੀ ਮੁਕਤੀ ਦਾ ਸਵਾਲ ਉਸ ਦੇ ਸਾਹਮਣੇ ਪ੍ਰਮੁੱਖ ਸੀ। ਉਸ ਨੇ ਜਲਦਬਾਜੀ ਨਾਲ ਇਕ ਰਾਹ ਦੀ ਚੋਣ ਕੀਤੀ। ਉਸ ਦੀ ਜੱਥੇਬੰਦੀ ਨੇ ਆਪਣੇ ਮਕਸਦ ਦੀ ਪੂਰਤੀ, ਕਾਮਯਾਬੀ ਲਈ ਜ਼ਾਰ ਬਾਦਸ਼ਹ ਨੂੰ ਕਤਲ ਕਰਨ ਦਾ ਢੰਗ ਅਪਣਾ ਲਿਆ ਤਾਂ ਕਿ ਉਹ ਆਮ ਜਨਤਾ ਲਈ ਚੰਗੇਰਾ ਜੀਵਨ ਅਤੇ ਖੁਸ਼ੀਆਂ ਹਾਸਲ ਕਰ ਸਕਣ। ਇਕ ਦਿਨ ਸਾਸ਼ਾ ਅਤੇ ਉਸਦੇ ਕੱਝ ਸਾਥੀ ਜ਼ਾਰ ਬਾਦਸ਼ਾਹ ਦਾ ਕਤਲ ਕਰਨ ਗਏ ਫੜੇ ਗਏ। ਇਹ ਲੈਨਿਨ ਦੇ ਪਰਿਵਾਰ ਵਿਚ ਦੂਜੀ ਵੱਡੀ ਸੋਗ ਦੀ ਖਬਰ ਸੀ, ਕਿਉਂਕਿ ਉਸਦੇ ਪਿਤਾ ਦੀ ਮੌਤ ਹੋਈ ਨੂੰ ਹਾਲੀ ਸਾਲ ਵੀ ਪੂਰਾ ਨਹੀਂ ਹੋਇਆ ਸੀ।ਸਾਸ਼ਾ ਤੇ ਜ਼ਾਰ ਬਾਦਸ਼ਾਹ ਦੇ ਕਤਲ ਦੀ ਸਾਜਿਸ਼  ਦਾ ਦਰਜ ਮੁਕੱਦਮਾਂ ਦੋ ਸਾਲ ਤੱਕ ਚੱਲਿਆ। ਮਾਂ ਨੇ ਇਹ ਮੁਕੱਦਮਾਂ ਲੜਿਆ।ਸਾਸ਼ਾ ਨੂੰ ਫਾਂਸੀ ਦੀ ਸਜਾ ਹੋਈ। ਫਾਂਸੀ ਲੱਗਣ ਦਾ ਸਮਾਂ ਅਗਲੇ ਦਿਨ ਦੇ ਅਖਬਾਰਾਂ ਦੀ ਸੁਰਖੀ ਬਣਿਆ। ਸਵੇਰੇ ਅਖਬਾਰ ਪੜ੍ਹਦਿਆਂ ਉਸਦੀ ਭੈਣ ਨੇ ਚੀਕ ਮਾਰੀ……! ਲੈਨਿਨ ਨੂੰ ਸਾਰੀ ਗੱਲ ਸਮਝਣ ਵਿਚ ਦੇਰੀ ਨਾ ਲੱਗੀ। ਉਸ ਨੇ ਆਪਣੇ ਆਪ ਵਿਚ ਗੱਲਾਂ ਕਰਦਿਆ ਕਿਹਾ “ਸਾਸ਼ਾ ਤੂੰ ਜ਼ਾਰ ਨੂੰ ਨਫਰਤ ਕਰਦਾ ਸੀ।ਤੂੰ ਉਸ ਨੂੰ ਖਤਮ ਕਰਨਾ ਚਾਹੁੰਦਾ ਸੀ।ਤੇਰਾ ਵਿਚਾਰ ਸੀ, ਇਉਂ ਤੂੰ ਦੇਸ਼ ਵਿਚ ਹਲਾਤ ਤਬਦੀਲ ਕਰ ਦੇਵੇਂਗਾ! ਕਿ ਇਸ ਨਾਲ ਲੋਕਾਂ ਨੂੰ ਚੰਗੇਰਾ ਜੀਵਨ ਮਿਲੇਗਾ।ਛੇ ਸਾਲ ਹੋਏ ਇਨਕਲਾਬੀਆਂ ਨੇ ਅਲੈਕਸਾਂਦਰ ਦੂਜੇ ਨੂੰ ਮਾਰ ਦਿੱਤਾ। ਕੀ ਇਸ ਪਿਛੋਂ ਕੋਈ ਬੇਹਤਰੀ ਆਈ? ੳੁੱਕਾ ਹੀ ਨਹੀਂ। ਪੁਰਾਣੇ ਜ਼ਾਰ ਦੀ ਥਾਂ ਇਕ ਨਵਾਂ ਜ਼ਾਰ ਆ ਗਿਆ। ਕੀ ਅਲੈਕਸ਼ਾਦਰ ਤੀਜੇ ਦੇ ਰਾਜ ਵਿਚ ਹਾਲਤ ਅਲੈਕਸਾਂਦਰ ਦੂਜੇ ਦੇ ਰਾਜ ਨਾਲੋਂ ਚੰਗੇਰੀ ਹੈ? ਰੱਤੀ ਭਰ ਵੀ ਨਹੀਂ। ਇਹਦਾ ਅਰਥ ਹੈ ਕਿ ਘੋਲ ਦਾ ਤੇਰਾ ਢੰਗ ਗਲਤ ਹੈ। ਕੋਈ ਹੋਰ ਰਾਸਤਾ ਜਰੂਰ ਹੋਵੇਗਾ।ਇਸ ਲਈ ਹੋਰ ਵਧੇਰੇ ਗਿਆਨ ਹਾਸਲ ਕਰਨਾ ਹੋਵੇਗਾ।

ਲੈਨਿਨ ਸਕੂਲ ਵਿਚੋਂ ਫਸਟ ਆਇਆ। ਪਰ ਮੁਜ਼ਰਮ ਦਾ ਭਰਾ ਹੋਣ ਕਰਕੇ ਉਸ ਦਾ ਗੋਲਡ ਮੈਡਲ ਰੋਕ ਲਿਆ ਗਿਆ। ਇਸ ਲਈ 9 ਜੱਜਾਂ ਦੀ ਟੀਮ ਬੈਠੀ। ਚਾਰ ਜੱਜਾਂ ਨੇ ਵਿਰੋਧ ਕੀਤਾ ਪਰ ਪੰਜ ਜੱਜਾਂ ਨੇ ਲੈਨਿਨ ਨੂੰ ਮੈਡਲ ਦੇਣ ਦੇ ਹੱਕ ਵਿਚ ਵੋਟ ਪਾਈ ਕਿ ਇਸ ਵਿਚ ਇਸਦਾ ਕੀ ਕਸੂਰ ਹੈ। ਲੈਨਿਨ ਅਗਸਤ 1887 ਵਿੱਚ ਜਿਮਨੇਜੀਅਮ ਸਕੂਲ ਵਿਚੋਂ ਗੋਲਡ ਮੈਡਲ ਪ੍ਰਾਪਤ ਕਰਨ ਮਗਰੋਂ ਕਾਜ਼ਾਨ ਯੂਨੀਵਰਸਿਟੀ ਦੇ ਕਾਨੂੰਨ ਵਿਭਾਗ ਵਿਚ ਦਾਖਲ ਹੋਇਆ। ਯੂਨੀਵਰਸਿਟੀ ਵਿਚ ਉਸਨੇ ਇਕ ਭਾਸ਼ਨ ਕੀਤਾ। ਜਿਸ ਨੂੰ ਰਾਜੇ ਦੇ ਸੂਹੀਆਂ ਨੇ ਨੋਟ ਕਰਦਿਆਂ ਇਸ ਨੂੰ ਆਪਣੀ ਰਿਪੋਰਟ ਵਿਚ ਜਾਰਸ਼ਾਹੀ ਲਈ ਖਤਰਨਾਕ ਇਨਕਲਾਬੀ ਵਜੋਂ ਦਰਜ਼ ਕੀਤਾ। ਉਨ੍ਹਾਂ ਕਿਹਾ ਭਵਿੱਖੀ ਸੰਭਾਵਨਾਵਾਂ ਵਿਚ ਇਹ ਨੌਜਵਾਨ ਬਹੁਤ ਜਲਦ ਆਪਣੇ ਵਿਚਾਰਾਂ ਰਾਹੀਂ ਆਪਣੇ ਦੁਆਲੇ ਇੱਕ ਗਰੁੱਪ ਖੜਾ ਕਰ ਲਵੇਗਾ। ਜੋ ਜਾਰਸ਼ਾਹੀ ਲਈ ਠੀਕ ਨਹੀਂ ਹੋਵੇਗਾ। ਉਸ ਉਪਰ ਗੁਪਤ ਨਜ਼ਰ ਰੱਖੀ ਜਾਣ ਲੱਗੀ। 1887 ਦਸੰਬਰ ਮਹੀਨੇ ਵਿਚ ਉਸ ਨੂੰ ਵਿਦਿਆਰਥੀਆਂ ਦੀ ਇਕ ਗੁਪਤ ਇਕੱਤਰਤਾ ਵਿਚ ਸ਼ਾਮਿਲ ਹੋਣ ਤੇ ਯੂਨੀਵਰਸਿਟੀ ਵਿਚੋਂ ਕੱਢ ਦਿੱਤਾ ਅਤੇ ਫਿਰ ਗ੍ਰਿਫਤਾਰ ਕਰ ਲਿਆ। ਰਿਹਾਈ ਮਗਰੋਂ ਵੀ ਯੂਨੀਵਰਸਿਟੀ ਵਿਚ ਦਾਖਲ ਹੋਣ ਤੇ ਸਖਤ ਪਾਬੰਦੀ ਲਾ ਦਿੱਤੀ। ਉਸਨੇ ਕਾਨੂੰਨ ਦੀ ਪੜ੍ਹਾਈ ਪ੍ਰਾਈਵੇਟ ਰਹਿ ਕੇ ਕੀਤੀ।
ਲੈੋਨਿਨ ਨੇ ਆਪਣੇ ਅਧਿਐਨ ਰਾਹੀਂ ਇਹ ਖੋਜ ਲਿਆ ਕਿ ਮਾਰਕਸਵਦੀਆਂ ਦੀ ਇਕ ਰਾਜਨੀਤਿਕ ਪਾਰਟੀ ਤੋਂ ਬਿਨਾਂ ਜ਼ਾਰਸ਼ਾਹੀ ਪ੍ਰਬੰਧ ਬਦਲਿਆ ਨਹੀਂ ਜਾ ਸਕਦਾ। ਇਸ ਲਈ ਉਸਨੇ ਵੱਖ-ਵੱਖ ਮਾਰਕਸਵਾਦੀ ਗਰੁੱਪਾਂ ਨੂੰ ਇਕੱਠਾ ਕਰਨ ਦਾ ਭਾਰੀ ਮਿਹਨਤ ਵਾਲਾ ਕੰਮ ਕੀਤਾ। ਲੈਨਿਨ ਦੇ ਮਾਰਕਸਵਾਦੀ ਬਣਨ ਤੋਂ ਪਹਿਲਾਂ ਪਲੈਖਾਨੋਵ (ਕਿਰਤ ਦੀ ਮੁਕਤੀ ਗਰੁੱਪ ਦਾ ਆਗੂ) ਰੂਸ ਵਿਚ ਪਹਿਲਾਂ ਹੀ ਮਾਰਕਸਵਾਦ ਦਾ ਝੰਡਾ ਬਰਦਾਰ ਬਣ ਚੁੱਕਾ ਸੀ। ਇਹ ਪਹਿਲਾਂ ਦੇ ਹਾਲਾਤ ਲੈਨਿਨ ਲਈ ਸਹਾਈ ਹੀ ਬਣੇ।
1894 ਵਿਚ ਇਸ ਦੀ ਮੁਲਾਕਾਤ ਇਕ ਸਕੂਲ ਅਧਿਆਪਕਾ ਕਰੁਪਸ਼ਕਾਯਾ ਨਾਲ ਹੋਈ।ਬਾਅਦ ਵਿਚ ਇਹ ਜੋੜੀ ਜਲਾਵਤਨੀ ਦੌਰਾਨ ਇਕ ਦੂਜੇ ਦੇ ਜੀਵਨ ਸਾਥੀ ਵੀ ਬਣੇ। ਕਰੁਪਸ਼ਕਾਯਾ ਅਖੀਰ ਤੱਕ ਇਨਕਲਾਬੀ ਕੰਮ ਵਿਚ ਲੈਨਿਨ ਦੀ ਸਾਥੀ ਰਹੀ। ਚੰਗੇਰੇ ਸਾਥ ਨੇ ਉਸਦੀ ਸੋਚਣ, ਸਮਝਣ ਤੇ ਅਮਲ ਕਰਨ ਦੀ ਸਮਰੱਥਾ ਕਈ ਗੁਣਾ ਵਧਾ ਦਿੱਤੀ।
1895 ਦਸੰਬਰ ਵਿਚ ਲੈਨਿਨ ਸਮੇਤ ਬਹੁਤੇ ਆਗੂ ਗ੍ਰਿਫਤਾਰ ਕਰ ਲਏ ਗਏ। ਲੈਨਿਨ ਨੇ ਸੇਂਟਪੀਟਰਜ਼ਬਰਗ ਦੀ ਜੇਲ੍ਹ ਵਿਚ ਕੋਠੀ ਬੰਦ ਕੈਦ ਦੇ 14 ਮਹੀਨੇ ਕੱਟੇ।  ਆਪਣੀਆਂ ਸਰਗਰਮੀਆਂ ਦੇ ਮੱਦੇ ਨਜ਼ਰ ਉਸ ਨੂੰ ਪੂਰਬੀ ਸਾਇਬੇਰੀਆ ਵਿਚ 3 ਸਾਲ ਦੀ ਜਲਾਵਤਨੀ ਦੀ ਸਜ਼ਾ ਸੁਣਾਈ ਗਈ।ਉਸ ਨੂੰ ਰੂਸ ਦੀ ਰਾਜਧਾਨੀ ਅਤੇ ਸਨਅਤੀ ਕੇਂਦਰਾਂ ਵਿਚ ਰਹਿਣ ਦੇ ਸਰਕਾਰ ਵੱਲੋਂ ਮਨਾਹੀ ਦੇ ਹੁਕਮ ਸਨ।1900 ਵਿਚ ਇਕ ਸਰਕਾਰੀ ਅਧਿਕਾਰੀ ਨੇ ਆਪਣੇ ਮੁਖੀ ਨੂੰ ਗੁਪਤ ਚਿੱਠੀ ਰਾਹੀਂ ਖਬਰ ਦਿੱਤੀ ਕਿ  “ਅੱਜ ਲੈਨਿਨ ਤੋਂ ਵਡੇਰਾ ਇਨਕਲਾਬ ਲਈ ਕੋਈ ਨਹੀਂ”ਉਸ ਨੇ ਲੈਨਿਨ ਨੂੰ ਛੇਤੀ ਕਤਲ ਕਰਵਾ ਦੇਣ ਦਾ ਸੁਝਅ ਦਿੱਤਾ।ਬੜੀ ਮੁਸ਼ਕਲ ਨਾਲ ਲੈਨਿਨ 13 ਜੁਲਾਈ 1900 ਨੂੰ ਦੇਸ਼ ਛੱਡ ਕਿ ਜਰਮਨੀ ਲਈ ਰਵਾਨਾ ਹੋਇਆ। ਉਹ ਪੰਜ ਸਾਲ ਤੋਂ ਵੱਧ ਸਮਾਂ ਪ੍ਰਵਾਸ ਹੀ ਕਰਦਾ ਰਿਹਾ। ਉਹ ਘਟਨਾਵਾਂ ਦੇ ਅਸਰ ਹੇਠ ਨਹੀਂ ਆਇਆ ਕਿਉਂਕਿ ਉਸ ਦਾ ਆਪਣਾ ਕਹਿਣਾ ਹੈ ਕਿ ਇੱਕ ਕਮਿਊਨਿਸਟ ਨੂੰ ਚੰਗੀ ਤਰ੍ਹਾਂ ਸੋਚੇ ਸਮਝੇ ਤੇ ਪੱਕੀ ਤਰ੍ਹਾਂ ਗ੍ਰਹਿਣ ਕੀਤੇ ਸੰਸਾਰ ਦ੍ਰਿਸ਼ਟੀਕੋਣ ਦੀ ਲੋੜ ਹੈ, ਤਾਂ ਜੋ ਘਟਨਾਵਾਂ ਉਸ ਉੱਤੇ ਅਸਰ ਨਾ ਕਰ ਸਕਣ, ਸਗੋਂ ਉਹ ਘਟਨਾਵਾਂ ਤੇ ਕਾਬੂ ਪਾ ਸਕੇ। ਲੈਨਿਨ ਨੇ ਇਨਕਲਾਬੀ ਵਿਚਾਰਾਂ ਨੂੰ ਜਨਸਧਾਰਨ ਦੇ ਮਨਾਂ ਦਾ ਹਿੱਸਾ ਬਣਾਉਣ ਲਈ ਇਕ ਅਖਬਾਰ ਦੀ ਅਤਿਅੰਤ ਲੋੜ ਮਹਿਸੂਸ ਕੀਤੀ।ਇਸ ਲਈ ਇਸਕਰਾ (ਚੰਗਿਆੜੀ) ਦਾ ਪ੍ਰਕਾਸ਼ਨ ਕੀਤਾ ਗਿਆ। ਲੈਨਿਨ ਨੇ ਆਪਣੇ ਸਾਥੀਆਂ ਤੇ ਜੋਰ ਪਾਉਂਦਿਆਂ ਕਿਹਾ ਕਿ ਆਪਣਾ ਸਾਰਾ ਧਿਆਨ ਇਸਕਰਾ ਤੇ ਕੇਂਦਰਤ ਕਰੋ। ਇਸਕਰਾ ਦੇ ਪ੍ਰਕਾਸ਼ਨ ਨੇ ਖਾਲੀ ਪਈਆਂ ਬੰਦੂਕਾਂ ਵਿਚ ਬਾਰੂਦ ਭਰ ਦਿੱਤਾ।ਇਸਕਰਾ ਲੈਨਿਨ ਦੇ ਘੱਟੋ-ਘੱਟ ਇਕ ਲੇਖ ਤੋਂ ਬਿਨ੍ਹਾਂ ਨਾ ਛਪਦਾ। ਲੈਨਿਨ ਨੇ ਅਖਬਾਰ ਦੀ ਮਹੱਤਤਾ ਬਾਰੇ ਚਾਨਣਾ ਪਾਉਂਦਿਆਂ ਕਿਹਾ “ਸਾਡੀ ਰਾਇ ਵਿਚ ਸਾਡੇ ਕੰਮਾਂ ਦੀ ਸ਼ੁਰੂਆਤ, ਜਿਸ ਸੰਗਠਨ ਨੂੰ ਅਸੀਂ ਬਣਾਉਣਾ ਚਾਹੁੰਦੇ ਹਾਂ, ਉਸਦੇ ਨਿਰਮਾਣ ਦੀ ਦਿਸ਼ਾ ਵਿਚ ਸਾਡਾ ਪਹਿਲਾ ਕਦਮ ਇਕ ਅਖਿਲ ਰੂਸੀ ਰਾਜਨੀਤਿਕ ਅਖਬਾਰ ਦੀ ਸਥਾਪਨਾ ਹੋਣਾ ਚਾਹੀਦਾ। ਅਸੀਂ ਕਹਿ ਸਕਦੇ ਹਾਂ ਕਿ ਇਹੀ ਇਕ ਮੁੱਖ ਸੂਤਰ ਹੈ ਜਿਸਨੂੰ ਫੜਕੇ ਅਸੀਂ ਸੰਗਠਨ ਦਾ ਲਗਾਤਾਰ ਵਿਕਾਸ ਕਰ ਸਕਾਂਗੇ ਅਤੇ ਉਸ ਨੂੰ ਗਹਿਰਾ ਅਤੇ ਵਿਸਤਰਿਤ ਬਣਾ ਸਕਾਂਗੇ……। ਇਸ ਤੋਂ ਬਿਨਾਂ ਸਿਧਾਂਤ ਪੂਰਨ  ਵਿਵਹਾਰਿਕ ਅਤੇ ਚੌਮੁਖੀ ਪ੍ਰਚਾਰ ਅਤੇ ਅੰਦੋਲਨ ਦੇ ਉਸ ਕੰਮ ਨੂੰ ਅਸੀਂ ਨਹੀਂ ਕਰ ਸਕਦੇ ਜੋ ਸਮਾਜਿਕ ਜਨਵਾਦੀ ਪਾਰਟੀ ਦਾ ਆਮ ਤੌਰ ਤੇ ਮੁੱਖ ਅਤੇ ਸਥਾਈ ਕੰਮ ਹੈ……।”
1901 ਵਿਚ ਇਸਕਰਾ ਲਈ ਪਲੈਖਾਨੋਵ ਨਾਲ ਮਿਲ ਕੇ ਕੰਮ ਕਰਦਿਆਂ ਦੋਵਾਂ ਨੇ ਹੀ ਦਰਿਆਵਾਂ ਦੇ ਨਾਂ ਤੇ ਆਪਣੇ ਨਾਂ ਰੱਖ ਕੇ ਲਿਖਣਾ ਸ਼ੁਰੂ ਕੀਤਾ। ਪਲ਼ੈਖਾਨੋਵ ਨੇ ਰੂਸੀ ਦਰਿਆ ਵੋਲਗਾ  ਤੋਂ ਵੋਲਗਨ ਅਤੇ ਵਲਾਦੀਮੀਰ ਇਲੀਅਚ ਉਲੀਆਨੋਵ ਨੇ ਲੇਨਾ ਦਰਿਆ ਤੋਂ ਆਪਣਾ ਨਾਂ ਲੈਨਿਨ ਰੱਖਿਆ। ਰੂਪੋਸ਼ ਰਹਿੰਦਿਆਂ ਲੈਨਿਨ ਨੇ ਲਗਭਗ 113 ਨਾਵਾਂ ਥੱਲੇ ਲਿਖਿਆ ਪਰ ਮਹੱਤਵਪੂਰਨ ਲਿਖਤਾਂ ਲੈਨਿਨ ਦੇ ਨਾਮ ਹੇਠ ਹੀ ਪਹਿਚਾਣ ਬਣਾ ਸਕੀਆਂ। ਇਨ੍ਹਾਂ ਨੂੰ ਅਖਬਾਰਾਂ ਦੇ ਨਾਂ ਤੋਂ ਸਾਰੇ ਸਾਥੀਆਂ ਨੂੰ ਇਸਕਰਾਵਾਦੀ ਵੀ ਕਿਹਾ ਜਾਂਦਾ ਰਿਹਾ। 
1902 ਦੇ ਸ਼ੁਰੂ ਵਿਚ ਪੁਲਿਸ ਜਾਸੂਸਾਂ ਨੂੰ ਅਖਵਾਰ ਦੇ ਕੇਂਦਰ ਦੀ ਸੂਹ ਮਿਲਣ ਕਾਰਨ ਪ੍ਰਕਾਸ਼ਨ ਦਾ ਕੰਮ ਲੰਦਨ ਲੈ ਜਾਣਾ ਪਿਆ। ਲੈਨਿਨ ਇਸੇ ਸਾਲ ਅਪ੍ਰੈਲ ਮਹੀਨੇ ਲੰਦਨ ਪੁੱਜ ਗਿਆ। ਇਸ ਪਿੱਛੋਂ 1903 ਵਿਚ ਪਾਰਟੀ ਕੰਮ ਲਈ ਮੁੜ ਜਨੇਵਾ ਚਲਾ ਗਿਆ।ਜੁਲਾਈ 1903 ਵਿਚ ਉਹ ਰੂਸੀ ਸੋਸ਼ਲ-ਡੈਮੋਕਰੇਟਿਕ ਲੇਬਰ ਪਾਰਟੀ ਦੀ ਦੂਜੀ ਕਾਂਗਰਸ ਵਿਚ ਸ਼ਾਮਿਲ ਹੋਣ ਲਈ ਹੁੜ ਲੰਦਨ ਪਰਤਿਆ।ਲੈਨਿਨ ਨੇ ਪਾਰਟੀ ਵੱਲੋਂ ਇਕ ਵਿਗਿਆਨਕ ਪ੍ਰੋਗਰਾਮ ਦੇਣ ਨੂੰ ਅਤਿਅੰਤ ਮਹੱਤਤਾ ਦਿੱਤੀ। ਉਹ ਸਮਾਜਵਾਦ ਦੇ ਟੀਚੇ ਲਈ ਪ੍ਰਤੀਬੱਧ ਸੀ। ਉਸ ਨੇ ਸਿਧਾਂਤ ਦੀ ਮਹੱਤਤਾ ਦੇ ਜੋਰ ਦਿੰਦਿਆਂ ਕਿਹਾ “ਇਨਕਾਲਬੀ ਸਿਧਾਂਤ ਤੋਂ ਬਿਨ੍ਹਾਂ ਕੋਈ ਇਨਕਲਾਬੀ ਲਹਿਰ ਹੋ ਹੀ ਨਹੀਂ ਸਕਦੀ।” ਲੈਨਿਨ ਨੇ ਸਮਾਜਵਾਦ ਦੇ ਉੱਚੇ ਆਦਰਸ਼ਾਂ ਦੀ ਪ੍ਰਾਪਤੀ ਲਈ ਇਕ ਅਸਲੋਂ ਹੀ ਨਵੀਂ ਮਾਰਕਸਵਾਦੀ ਪਾਰਟੀ (A New Type of Party) ਦਾ ਥੀਸਿਸ ਪੇਸ਼ ਕੀਤਾ। ਉਸ ਨੇ ਕਿਹਾ ਕਿ ਪਾਰਟੀ ਦੇ ਦੋ ਹਿੱਸੇ ਹੋਣੇ ਚਾਹੀਦੇ ਹਨ: ਪੂਰੀ ਤਰ੍ਹਾਂ ਇਨਕਲਾਬ ਨੂੰ ਸਮਰਪਿਤ ਪੇਸ਼ਾਵਰ ਇਨਕਲਾਬੀਆਂ ਦਾ ਇਕ ਸੀਮਿਤ ਹਲਕਾ ਅਤੇ ਸਥਾਨਕ ਪਾਰਟੀ ਜੱਥੇਬੰਦੀਆਂ ਦਾ, ਮੈਂਬਰਾਂ ਦੀ ਬਹੁ-ਗਿਣਤੀ ਦਾ ਇੱਕ ਵਿਸ਼ਾਲ ਜਾਲ। ਪਹਿਲੋਂ-ਪਹਿਲ ਲੈਨਿਨ ਵੱਲੋਂ ਪੇਸ਼ ਥੀਸਿਸ ਦੀ ਕਾਂਗਰਸ ਵਿਚ ਮਾਮੂਲੀ ਵੋਟਾਂ ਦੇ ਫਰਕ  ਨਾਲ ਹਾਰ ਹੋਈ ਪਰ ਪਿੱਛੋਂ ਜਾ ਕਿ ਇਸ ਦੀ ਜਿੱਤ ਹੋਈ ਅਤੇ ਲੈਨਿਨ ਦੇ ਦਿੱਤੇ ਪ੍ਰੋਗਰਾਮ ਅਨੁਸਾਰ ਹੀ ਅਮਲ ਸ਼ੁਰੂ ਹੋਇਆ। ਇਸੇ ਕਾਂਗਰਸ ਵਿਚ ਹੀ ਪਾਰਟੀ ਨੇਮਾਂ ਤੇ ਬਹਿਸ ਦੋਰਾਨ ਪਾਰਟੀ ਵਿਚ ਧੜੇਬੰਦੀ ਸਾਮ੍ਹਣੇ ਆਈ। ਬਹੁਗਿਣਤੀ ਲੈਨਿਨ ਨਾਲ ਸਹਿਮਤ ਹੋਈ।ਇਸ ਲਈ ਉਹ ਰੂਸੀ ਸ਼ਬਦ ਨਾਲ ‘ਬਾਲਸ਼ਵਿਕ’ ਕਹਾਏ ਅਤੇ ਘੱਟ ਗਿਣਤੀ ਭਾਵ ਦੂਜਾ ਪਾਰਟੀ ਦਾ ਗਰੁੱਪ ‘ਮੇਨਸ਼ਵਿਕ’ ਦੇ ਨਾਂ ਨਾਲ ਜਾਣਿਆ ਜਾਂਦਾ ਲੱਗਾ। 
ਉਨ੍ਹ੍ਹਾਂ ਵੇਲਿਆਂ ਵਿਚ ਰੂਸ ਵਿੱਚ 12 ਘੰਟੇ ਕੰਮ ਦਿਹਾੜੀ ਸਮਾਂ ਸੀ। ਬਾਲਸ਼ਵਿਕ ਪਾਰਟੀ ਨੇ ਅੱਠ ਘੰਟੇ ਕੰਮ ਦਿਹਾੜੀ ਸਮਾਂ (ਬਿਨਾਂ ਉਜਰਤਾਂ ਘਟਾਇਆਂ) ਨਾਹਰੇ ’ਤੇ ਮਜਦੂਰ ਲਹਿਰਾਂ ਜੱਥੇਬੰਦ ਕੀਤੀਆਂ। ਕੰਮ ਦਿਹਾੜੀ ਸਮਾਂ ਘਟਾਉਣ ਨਾਲ ਜਿੱਥੇ ਬੇਰੁਜਗਾਰਾਂ ਲਈ ਨਵਾਂ ਕੰਮ ਪੈਦਾ ਹੁੰਦਾ ਸੀ, ੳੁੱਥੇ ਕੰਮ ਵਿਚ ਲੱਗਿਆਂ ਨੂੰ ਆਰਾਮ ਵੀ ਮਿਲਦਾ ਸੀ ਅਤੇ 12 ਘੰਟਿਆਂ ਦੀ ਬਜਾਏ 8 ਘੰਟਿਆਂ ਬਾਅਦ ਮਜਦੂਰ ਬਦਲਣ ਤੇ ਨਰੋਈ ਕਿਰਤ ਸ਼ਕਤੀ ਨਾਲ ਸਮਾਜਿਕ ਪੈਦਾਵਾਰ ਦੇ ਗੁਣ ਅਤੇ ਗਿਣਤੀ ਵਿੱਚ ਵਾਧਾ ਹੁੰਦਾ ਸੀ। ਇਸ ਨਾਹਰੇ ਤੇ ਚਾਰੇ ਪਾਸੇ ਜਲਸੇ, ਜਲੂਸ, ਹੜਤਾਲਾਂ ਰਾਹੀਂ ਮਜਦੂਰ ਰੋਹ ਵਧ ਰਿਹਾ ਸੀ।
9 ਜਨਵਰੀ 1905 ਨੂੰ ਜ਼ਾਰ ਦੇ ਹੁਕਮਾਂ ਤੇ ਫੌਜਾਂ ਨੇ ਸੇਂਟ ਪੀਟਰਜ਼ਬਰਗ ਵਿਚ ਪੀੜਤ ਲੋਕਾਂ ਦੇ ਸ਼ਾਂਤਮਈ ਜਲੂਸ, ਜਿਸ ਦੀ ਅਗਵਾਈ ਪਾਦਰੀ ਗੈਪਨ ਕਰ ਰਹੇ ਸਨ, ਤੇ ਗੋਲੀਆਂ ਦਾ ਮੀਂਹ ਵਰਾ ਦਿੱਤਾ।ਇਹ ਦਿਨ ਸੰਸਾਰ ਵਿਚ ਖੂਨੀ ਐਂਤਵਾਰ ਦੇ ਨਾਂ ਨਾਲ ਜਾਣਿਆਂ ਜਾਂਦਾ ਹੈ। ਲੈਨਿਨ ਨੇ ਇਸ ਜਮਾਤੀ ਉਭਾਰ ਵਿੱਚੋਂ ਇਨਕਲਾਬ ਦਾ ਆਰੰਭ ਦੇਖਿਆ। ਅਪ੍ਰੈਲ 1905 ਵਿਚ ਬਾਲਸ਼ਵਿਕ ਪਾਰਟੀ ਦੀ ਤੀਜੀ ਕਾਂਗਰਸ ਹੋਈ। ਇਸ ਦਾ ਮੈਨਸ਼ਵਿਕਾਂ ਨੇ ਬਾਈਕਾਟ ਕੀਤਾ। ਇਸ ਕਾਂਗਰਸ ਨੇ ਲੈਨਿਨ ਨੂੰ ਪਾਰਟੀ ਸਕੱਤਰ ਚੁਣ ਲਿਆ ਅਤੇ ਉਸਦੀ ਅਗਵਾਈ ਵਿਚ ਇਨਕਲਾਬ ਲਈ ਹਥਿਆਰਬੰਦ ਯੋਜਨਾ ਉਲੀਕੀ। ਇਸ ਪਹਿਲੀ ਕੋਸ਼ਿਸ਼ ਦੀ ਚਾਹੇ ਹਾਰ ਹੋਈ ਪਰ ਫਿਰ ਵੀ 1905-1907 ਦੀ ਬਗਾਵਤ, ਲਿਖਣ ਬੋਲਣ ਅਤੇ ਜਲਸੇ ਜਲੂਸ ਦੀ ਅਜਾਦੀ ਪ੍ਰਾਪਤ ਕਰ ਸਕੀ। 1905 ਦੇ ਇਨਕਲਾਬ ਦੀ ਅਸਫਲਤਾ ਨੇ ਭਾਰੀ ਨੁਕਸਾਨ ਕੀਤਾ। ਬਹੁਤ ਸਾਰੇ ਇਨਕਲਾਬੀ ਮਾਰ ਦਿੱਤੇ ਅਤੇ ਕਈ ਜੇਲ੍ਹਾਂ ਵਿਚ ਡੱਕ ਦਿੱਤੇ। ਬਾਅਦ ਵਿਚ ਲੈਨਿਨ ਨੇ ਇਸਦਾ ਮੁਲੰਕਣ ਕਰਦਿਆਂ ਕਿਹਾ “ਅਜਿਹੀ ਇਕ ‘ਡ੍ਰੈਸ ਰੀਹਰਸਲ’ ਤੋਂ ਬਿਨ੍ਹਾਂ, ਜਿਹੜੀ ਅਸਾਂ 1905 ਵਿਚ ਕੀਤੀ, 1917 ਦਾ ਅਕਤੂਬਰ ਇਨਕਲਾਬ ਵੀ ਅਸੰਭਵ ਹੋਣਾ ਸੀ।”
ਰੂਸੀ ਅਖਬਾਰ ਇਸਕਰਾ ਤੇ ਮੇਨਸ਼ਿਵਕਾਂ ਦਾ ਕੰਟਰੋਲ ਹੋ ਜਾਣ ਕਾਰਨ ਬਾਲਸ਼ਵਿਕ ਪਾਰਟੀ ਨੂੰ ਪਹਿਲਾਂ ਪ੍ਰੋਲੇਤਾਰੀ ਅਤੇ ਫਿਰ ਪਰਾਵਦਾ ਨਾਂ ਦੇ ਅਖਬਾਰ ਪ੍ਰਕਾਸ਼ਤ ਕਰਨੇ ਪਏ। 1905 ‘ਚੋਂ ਸਬਕ ਕੱਢਦਿਆਂ ਲੈਨਿਨ ਨੇ ਲਿਖਿਆ ‘ਰਾਜਨੀਤਕ ਲੋਕਤੰਤਰ ਦੇ ਪੜਾਅ ਵਿੱਚੋ ਲੰਘੇ ਬਿਨਾਂ, ਹੋਰ ਤਰੀਕਿਆਂ ਨਾਲ ਸਮਾਜਵਾਦ ਲਿਆਉਣ ਦੀ ਖਾਹਸ਼ ਕਰਨਾ, ਇਹ ਕੇਵਲ ਹਾਸੋਹੀਣੀ ਅਤੇ ਪ੍ਰਤਿਗਾਮੀ ਸਿੱਟਿਆਂ ਤੇ ਪਹੁੰਚਣਾ ਹੈ।’ 1912 ਦੀਆਂ ਚੌਥੀ ਡੂੰਮਾਂ (ਰੂਸੀ ਪਾਰਲੀਆਮੈਂਟ) ਦੀਆਂ ਚੋਣਾਂ ਸਮੇ ਲੈਨਿਨ ਦਾ ਵਿਚਾਰ ਸੀ ਕਿ ਚੋਣਾ ਵਿਚ ਹਿੱਸਾ ਲਿਆ ਜਾਵੇ। ਇਹ ਜਨਤਾ ਨਾਲ ਸਬੰਧ ਮਜਬੂਤ ਕਰਨ ਅਤੇ ਪਾਰਟੀ ਸੰਗਠਨ ਦੇ ਕੰਮ ਵਿਚ ਤੇਜੀ ਲਿਆਉਣ ਲਈ ਸਹਾਈ ਹੋਵੇਗਾ।ਚੋਣ ਨਤੀਜਿਆਂ ਤੇ ਬਹੁਤ ਕੁੱਝ ਨਿਰਭਰ ਕਰਦਾ ਹੈ। ਲੈਨਿਨ ਵੱਲੋਂ ਉਲੀਕੇ ਗਏ ਅਤੇ ਕੇਂਦਰੀ ਕਮੇਟੀ ਦੇ ਦਸਤਖਾਂ ਹੇਠ ਬਾਲਸ਼ਵਿਕਾਂ ਨੇ ਤਿੰਨ ਬੁਨਿਆਦੀ ਮੰਗਾਂ ਪੇਸ਼ ਕੀਤੀਆਂ: 1. ਜਮਹੂਰੀ ਲੋਕਤੰਤਰ, 2. ਜਮੀਨ ਹਲ-ਵਾਹਕ ਦੀ 3. ਅੱਠ ਘੰਟਿਆਂ ਦੀ ਕੰਮ ਦਿਹਾੜੀ। ਅਕਤੂਬਰ 1917 ਵਿਚ ਚਾਹੇ ਡੂੰਮਾਂ ਦੀ ਜਮਹੂਰੀਅਤ ਦਾ ਪਾਜ ਉਘੇੜ ਕੇ, ਬਦੇ ਹੋਏ ਹਲਾਤਾਂ ਵਿਚ ਇਨਕਲਾਬ ਹਥਿਆਰਬੰਦ ਹੀ ਹੋਇਆ, ਪਰ ਬਾਲਸ਼ਵਿਕਾਂ ਨੇ ਇਨਕਲਾਬ ਮਗਰਂੋ ਇਹ ਮੰਗਾਂ ਪ੍ਰੋਗਰਾਮ ਵਜੋਂ ਲਾਗੂ ਕੀਤੀਆਂ। ਲੈਨਿਨ ਨੇ ਇਹ ਸਾਬਿਤ ਕਰ ਵਿਖਾਇਆ ਕਿ ਇਨਕਲਾਬ ਲਈ ਸਹੀ ਸਮੇਂ ਦੀ ਚੋਣ ਇਕ ਵੱਡਾ ਇਨਕਲਾਬੀ ਹੁਨਰ ਹੈ। ਇਸ ਵਕਤ ਪਹਿਲੀ ਸੰਸਾਰ ਸਾਮਰਾਜੀ ਜੰਗ ਚੱਲ ਰਹੀ ਸੀ। ਲੈਨਿਨ ਨੇ ਇਨਕਲਾਬ ਦੀ ਰੱਖਿਆ ਲਈ ਪਹਿਲਾਂ ਅਮਨ ਦਾ ਨਾਹਰਾ ਦਿੱਤਾ।ਉਸ ਨੇ ਕਿਹਾ ਅਮਨ-ਅਮਨ – ਅਮਨ। ਅਮਨ ਲਈ ਜਰਮਨ ਨਾਲ ਸੰਧੀ ਵਿਚ ਚਾਹੇ ਕੁਝ ਇਲਕੇ ਵੀ ਰੂਸ ਨੂੰ ਗਵਾਉਣੇ ਪਏ, ਪਰ ਇਨਕਲਾਬ ਦੇ ਪੱਕੇ ਪੈਰੀਂ ਹੋ ਜਾਣ ਉਪਰੰਤ ਇਹ ਵਾਪਸ ਜਿੱਤ ਲਏ ਗਏ। ਲੈਨਿਨ ਨੇ ਸਾਮਰਾਜੀ ਜੰਗ ’ਤੇ ਕੁੱਲ ਦੁਨੀਆਂ ਦੇ ਕਿਰਤੀਆਂ ਨੂੰ ਨਾਹਰਾ ਦਿੱਤਾ: ‘ਸਾਮਰਾਜੀ ਜੰਗ ਨੂੰ ਘਰੋਗੀ ਜੰਗ ਵਿਚ ਬਦਲ ਦਿਓ, ਸਾਮਰਾਜੀ ਜੰਗ ਵਿਚ ਆਪਣੇ ਦੇਸ਼ ਦੀ ਸਰਮਾਏਦਾਰੀ ਸਰਕਾਰ ਦੀ ਹਾਰ ਲਈ ਕੰਮ ਕਰੋ ਕਿਉਂਕਿ ਇਸ ਨਾਲ ਹਾਕਮ ਜਮਾਤ ਕਮਜੋਰ ਹੋਵੇਗੀ ਅਤੇ ਇਸਦਾ ਫਾਇਦਾ ਸੰਗਠਿਤ ਹੋਈ ਚੇਤੰਨ ਮਜਦੂਰ ਜਮਾਤ ਲੈ ਸਕੇਗੀ।’ ਜੱਥੇਬੰਦਕ ਮੋਰਚੇ ਦੇ ਨਾਲ-ਨਾਲ ਲੈਨਿਨ ਨੇ ਮਾਰਕਸਵਾਦ ਦਾ ਵਿਚਾਰਧਾਰਕ ਮੋਰਚਾ ਵੀ ਸੰਭਾਲਿਆ। ਉਸਨੇ ਮਾਰਕਸਵਾਦ ਤੇ ਹੋਏ ਹਰ ਹਮਲੇ ਦਾ ਮੂੰਹ ਤੋੜ ਜਵਾਬ ਦਿੱਤਾ। ਜਦੋਂ ਵਿਗਿਆਨ ਨੇ ਇਹ ਲੱਭ ਲਿਆ ਕਿ ਐਟਮ ਅੱਗੋਂ ਹੋਰ ਛੋਟੇ-ਛੋਟੇ ਹਿੱਸਿਆਂ ਵਿਚ ਵੰਡਿਆ ਹੋਇਆ ਹੈ, ਤਾਂ ਮਾਰਕਸਵਾਦ ਦੇ ਵਿਰੋਧੀਆਂ ਨੇ ਹਮਲਾ ਬੋਲ ਦਿੱਤਾ ਕਿ ਪਦਾਰਥ ਦੀ ਮੂਲ ਇਕਈ ਐਟਮ ਸੀ, ਜਦੋਂ ਮੂਲ ਇਕਾਈ ਐਟਮ ਰੂਪੀ ਇੱਟ ਹੀ ਨਹੀ ਰਹੀ ਤਾਂ ਪਦਾਰਥਵਾਦ ਦੀ ਬੁਨਿਆਦ ਵੀ ਖਤਮ ਹੋ ਗਈ ਹੈ। ਲੈਨਿਨ ਨੇ ਜਵਾਬ ਦਿੰਦਿਆਂ ਕਿਹਾ ‘ਸਾਊਓ ਪਦਾਰਥ ਕਿਸੇ ਤਰ੍ਹਾਂ ਵੀ ਅਲੋਪ ਨਹੀਂ ਹੋਇਆ। ਇਹ ਤਾਂ ਇਹਦੇ ਬਾਰੇ ਸਾਡਾ ਗਿਆਨ ਹੀ ਹੈ, ਜਿਹੜਾ ਬਦਲਿਆ ਹੈ। ਅਸੀਂ ਪਦਾਰਥ ਦੇ ਹੋਰ ਨਿੱਕੇ ਕਣਾ ਬਾਰੇ ਜਾਣ ਲਿਆ ਹੈ।ਜੋ ਅਲੋਪ ਹੋਇਆ ਹੈ ਉਹ ਤਾਂ ਪਦਾਰਥ ਬਾਰੇ ਸਾਡੇ ਗਿਆਨ ਦੀ ਸੀਮਾ ਹੀ ਹੈ।’ ਲੈਨਿਨ ਨੇ ਇਸ ਬਹਿਸ ਦਾ ਅੰਤ ਕਰਦਿਆਂ ਪਦਾਰਥ ਨੂੰ ਨਵੀਆਂ ਖੋਜਾਂ ਅਨੁਸਾਰ ਪਰਿਭਾਸ਼ਤ ਕਰਦਿਆਂ ਕਿਹਾ “ਪਦਾਰਥ ਉਸਨੂੰ ਕਹਿੰਦੇ ਹਨ, ਜੋ ਸਾਡੀਆਂ ਗਿਆਨ ਇੰਦਰੀਆਂ ਉੱਤੇ ਅਮਲ ਕਰਦਿਆਂ ਅਨੁਭਵ ਨੂੰ ਜਨਮ ਦਿੰਦਾ ਹੈ। ਪਦਾਰਥ ਉਹ ਬਾਹਰਮੁੱਖੀ ਅਸਲੀਅਤ ਹੈ, ਜੋ ਸਾਡੇ ਅਨੁਭਵ ਰਾਹੀਂ ਹਾਸਲ ਹੁੰਦੀ ਹੈ”।
ਸਮਾਜ ਨੂੰ ਨਵੇਂ ਸ਼ਬਦ-ਸੰਕਲਪ ਅਤੇ ਕਈ ਸ਼ਬਦਾਂ ਨੂੰ ਨਵੇਂ ਅਰਥ ਦੇਣ ਵਾਲੀ ਕਿਰਤੀਆਂ ਦੀ ਮੁਕਤੀ ਲਈ ਯਤਨਸ਼ੀਲ ਸਮਰੱਥ ਇਹ ਸਖਸ਼ੀਅਤ, ਸੰਸਾਰ ਸਰਮਾਏਦਾਰੀ ਲਈ ਸਭ ਤੋਂ ਵੱਡਾ ਖਤਰਾ ਸੀ। ਇਸ ਲਈ ਉਸਨੇ ਲੈਨਿਨ ਤੇ ਗੋਲੀ ਚਲਵਾ ਕੇ ਉਸਨੂੰ ਜ਼ਖਮੀ ਕਰ ਦਿੱਤਾ। ਅਖੀਰ 21 ਜਨਵਰੀ 1924 ਸ਼ਾਮ ਦੇ ਛੇ ਵੱਜ ਕੇ ਪੰਜਾਹ ਮਿੰਟ ਉੱਤੇ ਲੈਨਿਨ ਦੇ ਦਿਮਾਗ ਦੀ ਰੱਤ-ਨਾੜੀ ਫਟ ਜਾਣ ਕਾਰਨ ਮੌਤ ਹੋ ਗਈ। ਲੋਕਾਂ ਦੇ ਉਸ ਨਾਲ ਪਿਆਰ ਸਦਕਾ ਉਸਦੀ ਦੇਹ ਰੂਸ ਵਿਚ ਅੱਜ ਤੱਕ ਸੰਭਾਲ ਕੇ ਰੱਖੀ ਹੋਈ ਹੈ। ਪਰ ਉਹ ਆਪਣੇ ਕੀਤੇ ਕੰਮਾਂ ਅਤੇ ਲਿਖਤਾਂ ਰਾਹੀਂ ਸੰਸਾਰ ਕਿਰਤੀਆਂ ਦੇ ਦਿਲ ਵਿਚ ਸਦਾ ਜਿਉਂਦਾ ਰਹੇਗਾ। 


ਫਰੈਡਰਿਕ ਏਂਗਲਜ਼ ਵੱਲੋਂ 17 ਮਾਰਚ 1883 ਨੂੰ ਮਾਰਕਸ ਦੀ ਕਬਰ ਕੰਢੇ ਕੀਤੀ ਤਕਰੀਰ

                           ਭਵਿੱਖ ਮੈਗਜ਼ੀਨ ਦੇ ਅੰਕ ਮਾਰਚ-ਅਪ੍ਰੈਲ 2012 ਵਿਚੋਂ
14 ਮਾਰਚ ਨੂੰ, ਦੁਪਹਿਰੇ ਪੌਣੇ ਤਿੰਨ ਵਜੇ ਸਾਡੇ ਸਭ ਤੋਂ ਮਹਾਨ ਜਿਉਂਦੇ ਵਿਚਾਰਵਾਨ ਦੀ ਹੋਂਦ ਨਾ ਰਹੀ।ਉਸਨੂੰ ਬਸ ਦੋ ਮਿੰਟ ਲਈ ਹੀ ਇਕੱਲਾ ਛੱਡਿਆ ਗਿਆ ਸੀ ਅਤੇ ਜਦੋਂ ਅਸੀਂ ਵਾਪਸ ਆਏ ਤਾਂ ਅਸਾਂ ਉਹਨੂੰ ਆਪਣੀ ਆਰਾਮ  ਕੁਰਸੀ ਵਿਚ, ਅਮਨ ਨਾਲ ਸੁੱਤੇ ਵੇਖਿਆ-ਪਰ ਸਦਾ ਲਈ।
  ਇਸ ਮਨੁੱਖ ਦੀ ਮੌਤ ਨਾਲ ਯੂਰਪ ਅਤੇ ਅਮਰੀਕਾ ਦੇ ਲੜਾਕੂ ਪ੍ਰੋਲਤਾਰੀ (ਸਰਵਹਾਰਾ) ਅਤੇ ਇਤਿਹਾਸਕ ਵਿਗਿਆਨ, ਦੋਹਾਂ ਨੂੰ ਆਸੀਮ ਨੁਕਸਾਨ ਪੁੱਜਾ ਹੈ।ਇਸ ਮਹਾਨ ਆਤਮਾ ਦੇ ਚਲੇ ਜਾਣ ਨਾਲ ਜਿਹੜਾ ਖੱਪਾ ਪਿਆ ਹੈ ਉਹ ਛੇਤੀ ਹੀ ਆਪਣੇ ਆਪ ਨੂੰ ਪ੍ਰਗਟ ਕਰੇਗਾ।
ਜਿਵੇਂ ਡਾਰਵਿਨ ਨੇ ਜੀਵ ਪ੍ਰਕਿਰਤੀ ਦੇ ਵਿਕਾਸ ਦੇ ਨਿਯਮ ਲੱਭੇ, ਐਨ ਉਸੇ ਤਰ੍ਹਾਂ ਮਾਰਕਸ ਨੇ ਮਨੁੱਖੀ ਇਤਿਹਾਸ ਦੇ ਵਿਕਾਸ ਦੇ ਨਿਯਮ ਲੱਭੇ: ਹੁਣ ਤੱਕ ਵਿਚਾਰਧਾਰਾ ਦੇ ਝਾੜ-ਬੂਟ ਹੇਠ ਲੁਕਿਆ ਇਹ ਸਾਦਾ ਤੱਥ ਕਿ ਇਸ ਤੋਂ ਪਹਿਲਾਂ ਕਿ ਉਹ ਰਾਜਨੀਤੀ, ਵਿਗਿਆਨ, ਕਲਾ, ਧਰਮ ਆਦਿ ਵਿਚ ਹਿੱਸਾ ਲਵੇ, ਇਹ ਲਾਜ਼ਮੀ ਹੈ ਕਿ ਮਨੁੱਖਜਾਤੀ ਸਭ ਤੋਂ ਪਹਿਲਾਂ ਖਾਵੇ, ਪੀਵੇ ਅਤੇ ਉਹਦੇ ਕੋਲ ਵਸੇਬਾ ਅਤੇ ਕੱਪੜੇ ਹੋਣ; ਕਿ ਇਸੇ ਲਈ ਨਿਰਬਾਹ ਦੇ ਫੌਰੀ ਸਾਧਨਾਂ ਦਾ ਉਤਪਾਦਨ ਅਤੇ ਇਹਦੇ ਸਿੱਟੇ ਵਜੋਂ ਕਿਸੇ ਖਾਸ ਕੌਮ ਵੱਲੋਂ ਜਾਂ ਕਿਸੇ ਖਾਸ ਜੁਗ ਵਿਚ ਪ੍ਰਾਪਤ ਕੀਤੀ ਆਰਥਕ ਵਿਕਾਸ ਦੀ ਪੱਧਰ ਉਹ ਅਧਾਰ ਬਣਦੇ ਹਨ ਜਿਨ੍ਹਾਂ ਉਤੇ ਸੰਬੰਧਤ ਲੋਕਾਂ ਦੀਆਂ ਰਾਜ ਦੀਆਂ ਸੰਸਥਾਵਾਂ, ਕਾਨੂੰਨੀ ਸੰਕਲਪ, ਕਲਾ ਅਤੇ ਇਥੋਂ ਤੱਕ ਕਿ ਧਰਮ ਸਬੰਧੀ ਵਿਚਾਰ ਵਿਕਸਤ ਹੁੰਦੇ ਹਨ ਅਤੇ ਜਿਨ੍ਹਾਂ ਦੀ, ਇਸੇ ਲਈ, ਉਹਨਾ ਦੀ ਰੌਸ਼ਨੀ ਵਿਚ ਵਿਆਖਿਆ ਕੀਤੀ ਜਾਣੀ ਚਾਹੀਦੀ ਹੈ, ਨਾ ਕਿ ਇਹਦੇ ਉਲਟ, ਜਿਵੇਂ ਹੁਣ ਤੱਕ ਕੀਤਾ ਜਾਂਦਾ ਰਿਹਾ ਹੈ।
ਪਰ ਇਹੋ ਸਭ ਕੁਝ ਨਹੀਂ। ਮਾਰਕਸ ਨੇ ਉਤਪਾਦਨ ਦੇ ਅਜੋਕੇ ਸਰਮਾਏਦਾਰ ਢੰਗ ਅਤੇ ਉਤਪਾਦਨ ਦੇ ਇਸ ਢੰਗ ਨੇ ਜਿਹੜਾ ਸਰਮਾਏਦਾਰ ਸਮਾਜ ਸਿਰਜਿਆ ਹੈ ਉਹਦੇ ਉੱਤੇ ਲਾਗੂ ਹੁੰਦੇ ਗਤੀ ਦੇ ਵਿਸ਼ੇਸ਼ ਨਿਯਮ ਵੀ ਲੱਭੇ। ਵਾਧੂ ਕਦਰ ਦੀ ਲਭਤ ਨੇ ਅਚਾਨਕ ਉਸ ਮਸਲੇ ੳੱੇਤੇ ਰੌਸ਼ਨੀ ਪਾਈ, ਜਿਸ ਨੂੰ ਹੱਲ ਕਰਨ ਦੇ ਜਤਨ ਵਿੱਚ ਸਭ ਪਹਿਲੀਆਂ ਖੋਜਾਂ, ਬੁਰਜੂਆ ਅਰਥ-ਵਿਗਿਆਨੀਆਂ ਅਤੇ ੳੇੁਹਨਾਂ ਦੇ ਸੋਸ਼ਲਿਸਟ ਪੜਚੋਲੀਆਂ ਦੋਹਾਂ ਦੀਆਂ, ਹਨੇਰੇ ਵਿਚ ਭਟਕਦੀਆਂ ਰਹੀਆਂ ਸਨ।
ਦੋ ਅਜਿਹੀਆਂ ਲੱਭਤਾਂ ਇਕ ਜੀਵਨ ਕਾਲ ਲਈ ਕਾਫੀ ਹੁੰਦੀਆਂ। ਜਿਸ ਕਿਸੇ ਮਨੁੱਖ ਦੇ ਹਿੱਸੇ ਅਜਿਹੀ ਇਕ ਲੱਭਤ ਲੱਭਣਾ ਆਇਆ ਹੈ ਉਹ ਵੱਡ-ਭਾਗਾ ਹੈ। ਪਰ ਹਰ ਉਸ ਖੇਤਰ ਵਿਚ ਜਿਸਦੀ ਮਾਰਕਸ ਨੇ ਖੋਜ ਕੀਤੀ- ਅਤੇ ਉਹਨੇ ਅਨੇਕ ਖੇਤਰਾਂ ਵਿਚ ਖੋਜ ਕੀਤੀ ਅਤੇ ਕਿਸੇ ਵਿਚ ਵੀ ਉਪਰੋਂ ਉਪਰੀ ਨਹੀਂ- ਹਰ ਖੇਤਰ ਵਿਚ, ਇਥੋਂ ਤੱਕ ਕਿ ਗਣਿਤ ਦੇ ਖੇਤਰ ਵਿਚ ਵੀ, ਉਹਨੇ ਸੁਤੰਤਰ ਲੱਭਤਾਂ ਲੱਭੀਆਂ।
ਅਜਿਹਾ ਇਹ ਵਿਗਿਆਨ ਦਾ ਮਨੁੱਖ ਸੀ। ਪਰ ਇਹ ਤਾਂ ਮਨੁੱਖ ਦਾ ਅੱਧ ਵੀ ਨਹੀਂ ਸੀ। ਮਾਰਕਸ ਲਈ ਵਿਗਿਆਨ ਇਕ ਇਤਿਹਾਸਕ ਤੌਰ ਤੇ ਗਤੀਸ਼ੀਲ, ਇਨਕਲਾਬੀ ਸ਼ਕਤੀ ਸੀ। ਭਾਵੇਂ ਉਹ ਕਿਸੇ ਸਿਧਾਂਤਕ ਵਿਗਿਆਨ ਵਿਚ ਕਿਸੇ ਨਵੀਂ ਲੱਭਤ ਦਾ, ਜਿਸ ਦਾ ਅਮਲ ਵਿਚ ਲਾਗੂ ਕੀਤੇ ਬਾਰੇ ਸੋਚਣਾਂ ਸ਼ਾਇਦ ਅਜੇ ਅਸੰਭਵ ਸੀ, ਕਿੰਨੀ ਖੁਸ਼ੀ ਨਾਲ ਸਵਾਗਤ ਕਰਦਾ, ਜੇ ਲੱਭਤ ਕਾਰਨ ਸਨਅਤ ਅਤੇ ਆਮ ਤੌਰ ਤੇ ਇਤਿਹਾਰਕ ਵਿਕਾਸ ਵਿੱਚ ਫੌਰੀ ਇਨਕਲਾਬੀ ਤਬਦੀਲੀਆਂ ਆਂਉਦੀਆਂ, ਤਾਂ ਉਹਨੂੰ ਇੱਕ ਹੋਰ ਹੀ ਤਰ੍ਹਾਂ ਦੀ  ਅਨੁਭਵ ਹੁੰਦਾ। ਮਿਸਾਲ ਵਜੋਂ ਉਹਨੇ ਬਿਜਲੀ ਦੇ ਖੇਤਰ ਵਿਚ ਲੱਭਤਾਂ ਦੇ ਵਿਕਾਸ ਦਾ ਅਤੇ ਥੋੜ੍ਹਾ ਸਮਾਂ ਪਹਿਲਾਂ ਮਾਰਸਲ ਦੇ ਪ੍ਰੇਜ਼ ਦੀਆਂ ਲੱਭਤਾਂ ਬੜੇ ਧਿਆਨ ਨਾਲ  ਅਧਿਐਨ ਕੀਤਾ।
ਕਿਉਂਕਿ ਮਾਰਕਸ ਸਭ ਤੋਂ ਪਹਿਲਾਂ ਇਨਕਲਾਬੀ ਸੀ। ਕਿਉਂਕਿ ਜੀਵਨ ਵਿਚ ਉਹਦਾ ਮਨੋਰਥ, ਇਕ ਜਾਂ ਦੂਜੇ ਢੰਗ ਨਾਲ, ਸਰਮਾਏਦਾਰ ਸਮਾਜ ਅਤੇ ਇਹਨੇ ਜਿਹੜੀਆਂ ਰਾਜ ਸੰਸਥਾਵਾਂ ਹੋਂਦ ਵਿਚ ਲਿਆਂਦੀਆਂ ਸਨ, ਨੂੰ ਤਬਾਹ ਕਰਨਾ, ਨਵੀਨ ਪ੍ਰੋਲੇਤਾਰੀ ਦੀ ਮੁਕਤੀ ਵਿਚ ਹਿੱਸਾ ਪਾਉਣਾ, ਪ੍ਰੋਲਤਾਰੀ ਜਿਸਨੂੰ ਉਹਨੇ ਉਹਦੀ ਆਪਣੀ ਪ੍ਰਸਥਿਤੀ ਤੋਂ ਉਹਦੀਆਂ ਲੋੜਾਂ ਤੋਂ ਜਾਣੂ ਕਰਵਾਇਆ ਸੀ, ਉਹਦੀ ਮੁਕਤੀ ਲਈ ਲੋੜੀਦੀਆਂ ਸ਼ਰਤਾਂ ਤੋਂ ਜਾਣੂ ਕਰਵਾਇਆ ਸੀ। ਲੜਨਾ ਉਹਦਾ ਤੱਤ ਸੀ। ਅਤੇ ਉਹ ਅਜਿਹੀ ਜੋਸ਼, ਸਿਰੜ ਅਤੇ ਸਫਲਤਾ ਨਾਲ ਲੜਦਾ, ਜਿਸਦੀ ਬਹੁਤ ਘਟ ਹੀ ਮਿਸਾਲ ਮਿਲਦੀ ਹੈ। ਪਹਿਲੇ  “Rheinische Zeitung” (1842),
 (1842), ਪੈਰਸ ਦੇ  ““Vorwarts!”(1844),“Deutsche-Brusseler- Zeitung” (1947), “Neue Rheinische Zeitung ” (1841-49), “Neue Rheinische Zeitung ” (1852-61) ਲਈ ਉਹਦਾ ਕੰਮ, ਇਸ ਤੋਂ ਬਿਨ੍ਹਾਂ ਅਣ-ਗਿਣਤ ਲੜਾਕੂ ਪੈਂਫਲਟ, ਪੈਰਿਸ, ਬਰਸੇਲਜ਼ ਅਤੇ ਲੰਦਨ ਵਿਚ ਜੱਥੇਬੰਦੀਆਂ ਵਿਚ ਉਹਦਾ ਕੰਮ, ਅਤੇ ਅੰਤ, ਸਭ ਦੀ ਸਿਖਰ, ਕਿਰਤੀ ਲੋਕਾਂ ਦੀ ਕੌਮਾਂਤਰੀ ਸਭਾ ਦੀ ਸਥਾਪਤੀ- ਇਹ ਇਕ ਅਜਿਹੀ ਪ੍ਰਾਪਤੀ ਸੀ ਜਿਸ ਉਤੇ, ਜੇ ਉਹਨੇ ਹੋਰ ਕੁਝ ਵੀ ਨਾ ਕੀਤਾ ਹੁੰਦਾ, ਤਾਂ ਇਹਦਾ ਮੋਢੀ ਮਾਣ ਕਰ ਸਕਦਾ ਸੀ।
 ਇਹਦੇ ਸਿੱਟੇ ਵਜੋਂ, ਮਾਰਕਸ ਆਪਣੇ ਸਮੇਂ ਦਾ ਸਭ ਤੋਂ ਵੱਧ ਘ੍ਰਿਣਤ ਅਤੇ ਸਭ ਤੋਂ ਵੱਧ ਬੱਦੂ ਕੀਤਾ ਮਨੁੱਖ ਸੀ।  ਨਿਰਅੰਕੁਸ਼ਵਾਦੀ ਅਤੇ ਜਮਹੂਰੀ ਦੋਹਾਂ ਹਕੂਮਤਾਂ ਨੇ ਉਹਨੂੰ  ਆਪਣੇ ਇਲਾਕਿਆਂ ਵਿਚੋਂ ਬਦਰ ਕੀਤਾ। ਬੁਰਜੂਆ, ਭਾਵੇਂ ਪੁਰਾਤਨ ਖਿਆਲੀ ਜਾਂ ਪਰਾ-ਜਮਹੂਰੀ ਉਹਦੇ ਉਤੇ ਊਜਾਂ ਥੱਪਨ ਵਿਚ ਇਕ ਦੂਜੇ ਤੋਂ ਅੱਗੇ ਵੱਧਣ ਦਾ ਜਤਨ ਕਰਦੇ। ਇਸ ਸਭ ਕੁਝ ਨੂੰ ਉਹ ਇਕ ਲਾਂਭੇ ਹੂੰਝ ਦੇਦਾ ਜਿਵੇਂ ਮਕੜੀ ਦਾ ਜਾਲਾ ਹੋਵੇ, ਇਹਨੂੰ ਅੱਖੋਂ ਉਹਲੇ ਕਰ ਦੇਦਾ,ਅਤੇ ਉਦੋਂ ਹੀ ਜਵਾਬ ਦਂੇਦਾ ਜਦੋਂ ਅੱਤ ਦੀ ਲੋੜ ਉਹਨੂੰ ਮਜਬੂਰ ਕਰਦੀ।ਅਤੇ ਉਹ ਲੱਖਾਂ ਸਾਥੀ ਕਿਰਤੀਆਂ ਵੱਲੋਂ ਪਿਆਰਿਆ, ਸਤਿਕਾਰਿਆ ਅਤੇ ਸੋਗ ਮਨਾਇਆ ਹੋਇਆ ਮਰਿਆ- ਸਾਈਬੇਰੀਆਂ ਦੀ ਖਾਂਣਾ ਤੋਂ ਲੈ ਕੇ ਕੈਲੀਫੋਰਨੀਆਂ ਤੱਕ, ਯੂਰਪ ਅਤੇ ਅਮਰੀਕਾ ਦੇ ਸਭਨਾ ਹਿੱਸਿਆਂ ਵਿਚ-ਅਤੇ ਮੈਂ ਇਹ ਕਹਿਨ ਦੀ ਦਲੇਰੀ ਕਰਦਾਂ ਹਾਂ ਕਿ ਭਾਂਵੇਂ ਉਹਦੇ ਅਨੇਕ ਵਿਰੋਧੀ ਸਨ, ਉਹਦਾ ਸ਼ਾਇਦ ਹੀ ਕੋਈ ਨਿੱਜੀ ਦੁਸ਼ਮਣ ਸੀ।
ਪੀੜੀਆਂ ਤੱਕ ਉਹਦਾ ਨਾਮ ਜਿਊਂਦਾ ਰਹੇਗਾ ਅਤੇ ਇਸੇ ਤਰ੍ਹਾਂ ਉਹਦਾ ਕੰਮ ਵੀ! 

Sunday, April 22, 2012

ਸਾਮਰਾਜਵਾਦੀ ਸੰਸਾਰੀਕਰਨ ਦਾ ਜਵਾਬ ਹੈ ਸਮਾਜਵਾਦੀ ਸੰਸਾਰੀਕਰਨ....ਫੀਡੇਲ ਕਾਸਟਰੋ

                                           ਭਵਿੱਖ ਮੈਗਜ਼ੀਨ ਦੇ ਅੰਕ ਮਾਰਚ-ਅਪ੍ਰੈਲ 2012 ਵਿਚੋਂ
ਸਾਡੇ ਵਿਚਾਰ ਨਾਲ ਸੰਸਾਰੀਕਰਨ ਕਿਸੇ ਦੀ ਸਨਕ ਨਹੀਂ ਹੈ।ਇਹ ਕਿਸੇ ਦੀ ਖੋਜ ਵੀ ਨਹੀਂ ਹੈ।ਸੰਸਾਰੀਕਰਨ ਇਤਿਹਾਸ ਦਾ ਨਿਯਮ ਹੈ।ਇਹ ਪੈਦਾਵਾਰੀ ਸ਼ਕਤੀਆਂ ਦੇ ਵਿਕਾਸ ਦਾ ਨਤੀਜਾ ਹੈ।ਇਹ ਵਿਗਿਆਨਕ ਅਤੇ ਤਕਨੀਕੀ ਵਿਕਾਸ ਦਾ ਸਿੱਟਾ ਹੈ।ਇਹ ਕੋਈ ਨਵੀਂ ਚੀਜ਼ ਨਹੀਂ ਹੈ।ਇਹ ਪਹਿਲਾਂ ਵੀ ਹੁੰਦਾ ਰਿਹਾ ਹੈ।ਹੁਣ ਇਸ ਵਿੱਚ ਨਵੀਂ ਗੱਲ ਇਹੀ ਹੈ ਕਿ ਇਹ ਨਵ-ਉਦਾਰਵਾਦੀ ਸੰਸਾਰੀਕਰਨ ਹੈ, ਜੋ ਦੁਨੀਆਂ ਦੇ ਸਾਰੇ ਦੇਸ਼ਾਂ ਨੂੰ ਵਿਆਕਤੀਗਤ ਸੰਪਤੀ ਵਿੱਚ ਬਦਲ ਦੇਣਾ ਚਾਹੁੰਦਾ ਹੈ।ਇਸ ਦੇ ਪਿੱਛੇ ਸਾਮਰਾਜਵਾਦੀ ਹਨ, ਜਿਨ੍ਹਾਂ ਦਾ ਸਰਗਨਾ ਹੈ ਅਮਰੀਕਾ। ਉਹਨਾਂ ਨੇ ਸਾਰੀ ਦੁਨੀਆਂ ਨੂੰ ਲੁੱਟ ਕੇ,ਉਹਨਾਂ ਦਾ ਸ਼ੋਸ਼ਣ ਕਰਕੇ, ਅਪਾਰ ਧਨ ਇਕੱਠਾ ਕਰ ਲਿਆ ਹੈ।ਜਿਸ ਨਾਲ ਉਹ ਪੂਰੀ ਦੁਨੀਆਂ ਦੇ ਕੁਦਰਤੀ ਸੋਮਿਆਂ ਨੂੰ,ਕਾਰਖਾਨਿਆਂ ਨੂੰ,ਪੂਰੀਆਂ ਦੀਆਂ ਪੂਰੀਆਂ ਸੇਵਾਵਾਂ ਅਤੇ ਸੰਚਾਰ ਵਿਵਾਸਥਾਵਾਂ ਆਦਿ ਨੂੰ ਖਰੀਦ ਲੈਂਦੇ ਹਨ।ਉਹ ਸਾਰੀ ਦੁਨੀਆਂ ਵਿੱਚ ਜ਼ਮੀਨਾਂ ਵੀ ਖਰੀਦ ਰਹੇ ਹਨ ਕਿੳਂਕਿ ਦੂਜੇ ਦੇਸ਼ਾਂ ਵਿੱਚ ਜ਼ਮੀਨ ਉਨ੍ਹਾਂ ਦੇ ਦੇਸ਼ਾਂ ਦੇ ਮੁਕਾਬਲੇ ਸਸਤੀ ਹੈ।ਉਹ ਸਮਝਦੇ ਹਨ ਕਿ ਇਹ ਭਵਿੱਖ ਲਈ ਚੰਗਾ ਨਿਵੇਸ਼ ਹੈ।ਮੈਨੂੰ ਹੈਰਾਨੀ ਹੁੰਦੀ ਹੈ-ਆਖਰ ਉਹ ਸਾਨੂੰ ਕੀ ਬਣਾ ਕੇ ਛੱਡਣਗੇ? ਸਾਡੇ ਹੀ ਦੇਸ਼ਾਂ ਵਿੱਚ ਅਸੀਂ ਦੂਜੇ ਦਰਜੇ ਦੇ ਨਾਗਰਿਕ ਬਣਾ ਦਿੱਤੇ ਜਾਵਾਂਗੇ? ਜਾਂ ਹੋਰ ਵੀ ਸਹੀ ਸ਼ਬਦ ਦਾ ਇਸਤੇਮਾਲ ਕਰਾਂ ਤਾਂ ਗੁਲਾਮ? ਉਹ ਸਮੁੱਚੀ ਦੁਨੀਆਂ ਨੂੰ ਮੁਕਤ ਵਪਾਰ ਦੇ ਖੇਤਰ ਬਣਾ ਦੇਣਾ ਚਾਹੁੰਦੇ ਹਨ।ਜਿੱਥੇ ਉਨ੍ਹਾਂ ਨੂੰ ਟੈਕਸ ਨਾ ਦੇਣਾ ਪਵੇ, ਜਿੱਥੇ ਗਰੀਬੀ ਕਾਰਨ ਮਜ਼ਦੂਰ ਸਸਤੇ ਮਿਲਦੇ ਹਨ, ਜਿੱਥੇ ਕੱਚੇ ਮਾਲ ਅਤੇ ਮਸ਼ੀਨਾਂ ਦੇ ਹਿੱਸੇ ਪੁਰਜੇ ਲਾ ਕੇ ਉਹ ਕਾਰਖਾਨੇ ਲਗਾਉਂਦੇ ਹਨ ਅਤੇ ਤਰ੍ਹਾਂ-ਤਰ੍ਹਾਂ ਦੀਆਂ ਚੀਜ਼ਾਂ ਪੈਦਾ ਕਰਦੇ ਹਨ।ਉਨ੍ਹਾਂ ਚੀਜ਼ਾਂ ਨੂੰ ਅਪਣੇ ਦੇਸ਼ ਵਿੱਚ ਬਣਵਾਉਣ ਲਈ ਉਹਨਾਂ ਨੂੰ ਜਿੰਨੀ ਮਜ਼ਦੂਰੀ ਦੇਣੀ ਪੈਂਦੀ ਹੈ, ਉਸਤੋਂ ਬਹੁਤ ਘੱਟ, ਕਦੇ-ਕਦੇ ਤਾਂ ਸਿਰਫ ਪੰਜ ਪ੍ਰਤੀਸ਼ਤ ਦੇ ਕੇ ਇਥੋਂ ਦੇ ਮਜਦੂਰਾਂ ਤੋਂ ਬਣਵਾ ਲੈਂਦੇ ਹਨ।ਹੋਰ ਵੀ ਉਦਾਸ ਕਰਨ ਵਾਲੀ ਗੱਲ ਉਹ ਸਾਡੇ ਦੇਸ਼ਾਂ ਵਿੱਚ ਆਪਸੀ ਹੋੜ ਲਗਾਉਂਦੇ ਹਨ ਕਿ ਸਾਡੇ ਵਿੱਚ ਕੌਣ ਉਨ੍ਹਾਂ ਨੂੰ ਜਿਆਦਾ ਫਾਇਦੇ ਪਹੁੰਚਾਉਂਦਾ ਹੈ, ਕੌਣ ਉਨ੍ਹਾਂ ਨੂੰ ਨਿਵੇਸ਼ਾਂ ਤੇ ਟੈਕਸਾਂ ਵਿੱਚ ਵਧੇਰੇ ਛੋਟ ਦੇਂਦਾ ਹੈ।ਉਹਨਾਂ ਨੇ ਤੀਜੀ ਦੁਨੀਆਂ ਦੇ ਬਹੁਤ ਸਾਰੇ ਦੇਸ਼ਾਂ ਨੂੰ ਇਸੇ ਆਪਸੀ ਹੋੜ ਵਿੱਚ ਉਲਝਾ ਦਿੱਤਾ ਹੈ ਕਿ ਕਿਹੜਾ ਦੇਸ਼ ਆਪਣੇ ਅੰਦਰ ਉਨ੍ਹਾਂ ਦੀ ਪੂੰਜੀ ਦਾ ਨਿਵੇਸ਼ ਕਰਾਉਣ ਲਈ ਆਪਣੇ ਅੰਦਰ ਕਿੰਨੇ ਜ਼ਿਆਦਾ ਮੁਕਤ ਵਪਾਰ ਖੇਤਰ ਬਣਾਉਣ ਲਈ ਤਿਆਰ ਹੈ। ਬਹੁਤੇ ਦੇਸ਼ਾਂ ਦੀ ਗਰੀਬੀ ਅਤੇ ਬੇਰੁਜ਼ਗਾਰੀ ਦਾ ਫਾਇਦਾ ਉਠਾ ਕੇ ਉਨ੍ਹਾਂ ਨੂੰ ਆਪਣੇ ਦੇਸ਼ ਅੰਦਰ ਮੁਕਤ ਵਪਾਰ ਕੇਂਦਰ ਬਣਾਉਣ ਲਈ ਮਜਬੂਰ ਕਰ ਦੇਂਦੇ ਹਨ।ਇਸ ਤੋਂ ਉਹ ਭਾਰੀ ਮੁਨਾਫਾ ਕਮਾਂਉਦੇ ਹਨ ਉਸ ਨਾਲ ਉਹ ਹਰ ਚੀਜ ਖਰੀਦਣਾ ਸ਼ੁਰੂ ਕਰ ਦਿੰਦੇ ਹਨ।ਜ਼ਮੀਨਾਂ ਤੋਂ ਲੈ ਕੇ ਜਹਾਜ਼ੀ ਬੇੜਿਆਂ ਅਤੇ ਹਵਾਈ ਸੇਵਾਵਾਂ ਤੱਕ ਹਰ ਚੀਜ, ਜੋ ਉਨ੍ਹਾਂ ਦੇਸ਼ਾਂ ਦੀ ਜਨਤਾ ਦੀ ਆਪਣੀ ਸੰਪਤੀ ਹੁੰਦੀ ਹੈ।ਨਵ-ਉਦਾਰਵਾਦੀ ਸੰਸਾਰੀਕਰਨ ਦੇ ਚਲਦਿਆਂ ਤੀਜੀ ਦੁਨੀਆਂ ਦੇ ਦੇਸ਼ਾਂ ਦਾ ਭਵਿੱਖ ਇਹੀ ਹੋ ਸਕਦਾ ਹੈ।ਪਰੰਤੂ ਇਹ ਨਾ ਸਮਝੋ ਕਿ ਇਹ ਭਵਿੱਖ ਸਿਰਫ ਮਜ਼ਦੂਰਾਂ ਲਈ ਹੈ।ਤੀਜੀ ਦੁਨੀਆਂ ਦੇ ਦੇਸ਼ਾਂ ਦੇ ਰਾਸ਼ਟਰੀ ਵਪਾਰੀਆਂ ਤੋਂ ਲੈ ਕੇ ਦਰਮਿਆਨੇ ਅਤੇ ਛੋਟੇ ਮਾਲਕਾਂ ਤੱਕ ਦਾ ਭਵਿੱਖ ਇਹੀ ਹੈ ਕਿਉਂਕਿ ਉਨ੍ਹਾਂ ਨੂੰ ਬਹੁਕੌਮੀ ਕੰਪਨੀਆਂ ਨਾਲ ਮੁਕਾਬਲਾ ਕਰਨਾ ਪਵੇਗਾ,ਜਿਨ੍ਹਾਂ ਕੋਲ ਅਥਾਹ ਪੂੰਜੀ ਹੈ,ਬਿਹਤਰੀਨ ਤਕਨੀਕ ਹੈ,ਵੰਡ ਦਾ ਵਿਸ਼ਵੀਕਰਨ ਨੱੈਟਵਰਕ ਹੈ।ਫਿਰ ਉਨ੍ਹਾਂ ਨੂੰ ਵਪਾਰਕ ਕਰਜਾ ਲੈਣ ਉਹ ਸੁਵਿਧਾਵਾਂ ਵੀ ਮੁਹੱਈਆ ਨਹੀਂ ਹਨ ਜੋ ਬੁਹਕੌਮੀ ਕੰਪਨੀਆਂ ਨੂੰ ਹਨ। 

ਉਦਾਹਰਨ ਲਈ ਮੰਨ ਲਓ ਤੀਜੀ ਦੁਨੀਆਂ ਦੇ ਦੇਸ਼ ਰੈਫੀਜ਼ਰੇਟਰ ਬਣਾਉਂਦੇ ਹਨ ਜੋ ਗੁਣਵੱਤਾ ਦੀ ਦ੍ਰਿਸ਼ਟੀ ਤੋਂ ਸਵੀਕਾਰਤ ਅਤੇ ਘੱਟ ਕੀਮਤ ਵਾਲੇ ਵੀ ਹੁੰਦੇ ਹਨ। ਪਰੰਤੂ ਕੀ ਉਹ ਫਰਿੱਜ ਬਣਾਉਣ ਵਾਲੀਆਂ ਬਹੁਕੌਮੀ ਕੰਪਨੀਆਂ ਨਾਲ ਮੁਕਾਬਲਾ ਕਰ ਸਕਦੇ ਹਨ ਜੋ ਲਗਾਤਾਰ ਆਪਣੀ ਬਿਹਤਰ ਤਕਨੀਕ ਅਤੇ ਨਵੇਂ ਡਿਜ਼ਾਈਨ ਬਣਾਉਣ ਦੇ ਸਮਰੱਥ ਹੋ ਸਕਦੀਆਂ ਹਨ; ਆਪਣੇ ਫਰਿੱਜ ਦੇ ਇਸ਼ਤਿਹਾਰ ਅਤੇ ਟਰੇਡ ਮਾਰਕ ਦੀ ਪ੍ਰਸਿੱਧੀ ਲਈ ਵੱਡੀਆਂ-ਵੱਡੀਆਂ ਰਕਮਾਂ ਖਰਚ ਕਰ ਸਕਦੀਆਂ ਹਨ, ਜਿੱਥੇ ਉਨ੍ਹਾਂ ਨੂੰ ਟੈਕਸ ਨਹੀਂ ਦੇਣੇ ਪੈਂਦੇ ਅਤੇ ਮਜ਼ਦੂਰੀ ਬਹੁਤ ਘੱਟ ਦੇਣੀ ਹੈ।ਉਨ੍ਹਾਂ ਕੋਲ ਆਪਣੀ ਵਿਸ਼ਾਲ ਪੂੰਜੀ ਤਾਂ ਹੁੰਦੀ ਹੀ ਹੈ, ਉਹਨਾਂ ਨੇ ਅਜਿਹੇ ਵਿੱਤੀ ਢੰਗ ਵੀ ਕੱਢੇ ਹੋਏ ਹਨ ਜਿੰਨ੍ਹਾਂ ਰਾਹੀਂ ਉਨ੍ਹਾਂ ਨੂੰ ਇੱਕ,ਦੋ,ਤਿੰਨ ਸਾਲ ਲਈ ਵਪਾਰਕ ਕਰਜੇ ਅਸਾਨੀ ਨਾਲ ਮਿਲ ਸਕਦੇ ਹਨ।ਉਹ ਆਪਣੇ ਫਰਿੱਜਾਂ ਨੂੰ ਨਿਰਯਾਤ ਕਿੱਥੇ ਅਤੇ ਕਿਵੇਂ ਕਰ ਸਕਦੇ ਹਨ।ਦੁਨੀਆਂ ਦੇ ਬਹੁਤ ਵੱਡੇ ਹਿੱਸੇ ਵਿੱਚ ਤਾਂ ਗਰੀਬ, ਬੇਰੁਜ਼ਗਾਰ ਅਤੇ ਭੁੱਖ-ਨੰਗੇ ਲੋਕ ਰਹਿੰਦੇ ਹਨ।ਜੋ ਉਨ੍ਹਾਂ ਦੇ ਫਰਿੱਜਾਂ ਦੇ ਗਾਹਕ ਨਹੀਂ ਹੋ ਸਕਦੇ ਤਾਂ ਕੀ ਅਸੀਂ ਉਦੋਂ ਤੱਕ ਉਡੀਕ ਕਰੀਏ ਜਦੋਂ ਤੱਕ ਦੁਨੀਆਂ ਦੇ ਇਹ ਸਾਰੇ ਗਰੀਬ,ਬੇਰੁਜ਼ਗਾਰ ਅਤੇ ਭੁੱਖੇ-ਨੰਗੇ ਲੋਕ ਇਸ ਲਾਇਕ ਨਾ ਹੋ ਜਾਣ ਕਿ ਉਹ ਇੱਕ ਫਰਿੱਜ, ਇੱਕ ਟੀ.ਵੀ. ਸੈੱਟ, ਇੱਕ ਟੈਲੀਫੋਨ, ਇੱਕ ਏਅਰ ਕੰਡੀਸ਼ਨਰ, ਇੱਕ ਕਾਰ, ਇੱਕ ਕੰਪਿਊਟਰ, ਇੱਕ ਮਕਾਨ, ਇੱਕ ਗੈਰਾਜ ਆਦਿ ਖਰੀਦ ਸਕਣ? ਸਾਮਰਾਜਵਾਦੀ ਲੋਕ ਤਾਂ ਸਾਨੂੰ ਸਾਡੇ ਵਿਕਾਸ ਦਾ ਇਹੀ ਰਸਤਾ ਦੱਸਦੇ ਹਨ ਪਰੰਤੂ ਉਨ੍ਹਾਂ ਦੇ ਨਵ-ਉਦਾਰਵਾਦੀ ਸਿਧਾਂਤਕਾਰ ਕੀ ਕਦੇ ਇਹ ਦੱਸ ਸਕਣਗੇ ਕਿ ਦੁਨੀਆਂ ਤੋਂ ਬੇਰੁਜ਼ਗਾਰੀ ਕਦੋਂ ਖਤਮ ਹੋਵੇਗੀ? ਤੀਜੀ ਦੁਨੀਆਂ ਦੇ ਲੋਕਾਂ ਦੀ ਬੇਰੁਜ਼ਗਾਰੀ ਦੀ ਗੱਲ ਛੱਡੋ, ਧਨੀ ਦੇਸ਼ਾਂ ਵਿੱਚ ਜੋ ਬੇਰੁਜ਼ਗਾਰੀ ਹੈ, ਉਸਦੀ ਸਮੱਸਿਆ ਦਾ ਕੀ ਹੱਲ ਹੈ ਉਹਨਾਂ ਕੋਲ? ਵਿਕਾਸ ਦੀ ਅਜਿਹੀ ਹਾਸੋ-ਹੀਣੀ ਧਾਰਨਾ ਦੇ ਚਲਦਿਆਂ ਉਨ੍ਹਾਂ ਕੋਲ ਕਦੇ ਕੋਈ ਗੱਲ ਦਾ ਹੱਲ ਹੋਵੇਗਾ ਵੀ ਨਹੀਂ।
ਉਨ੍ਹਾਂ ਦੀ ਵਿਵਸਥਾ ਦਾ ਬਹੁਤ ਭਾਰੀ ਅੰਤਰ ਵਿਰੋਧ ਇਹ ਹੈ ਕਿ ਉਹ ਤਕਨੀਕ ਵਿੱਚ ਜਿੰਨਾ ਜ਼ਿਆਦਾ ਨਿਵੇਸ਼ ਕਰਦੇ ਹਨ ਅਤੇ ਜਿੰਨਾ ਜ਼ਿਆਦਾ ਉਸਦਾ ਇਸਤੇਮਾਲ ਕਰਦੇ ਹਨ, ਓਨੀ ਹੀ ਜ਼ਿਆਦਾ ਬੇਰੁਜ਼ਗਾਰੀ ਵੱਧਦੀ ਹੈ।ਬਹੁਤ ਜ਼ਿਆਦਾ ਵਿਕਸਤ ਅਤੇ ਤਕਨੀਕੀ ਉਪਕਰਨ, ਜੋ ਮਾਨਵੀ ਮਿਹਨਤ ਤੋਂ ਬਣਦੇ ਹਨ, ਭੌਤਿਕ ਸੰਪਤੀ ਨੂੰ ਤਾਂ ਵਧਾਉਂਦੇ ਹਨ ਪਰੰਤੂ ਨਾਲ-ਨਾਲ ਗਰੀਬੀ, ਛਾਂਟੀ,ਬੇਰੁਜ਼ਗਾਰੀ ਵੀ ਵਧਾਉਂਦੇ ਹਨ।ਹੋਣਾ ਤਾਂ ਇਹ ਚਾਹੀਦਾ ਹੈ ਉਨ੍ਹਾਂ ਕਾਰਨ ਲੋਕਾਂ ਦੇ ਕੰਮ ਦੇ ਘੰਟੇ ਘੱਟ ਹੋ ਜਾਣ ਅਤੇ ਉਨ੍ਹਾਂ ਨੂੰ ਆਰਾਮ ਕਰਨ, ਖੇਡਣ ਕੁੱਦਣ, ਸੱਭਿਆਚਾਰਕ ਅਤੇ ਵਿਗਿਆਨਕ ਉੱਨਤੀ ਦੇ ਕੰਮਾਂ ਲਈ ਜ਼ਿਆਦਾ ਸਮਾਂ ਮਿਲੇ ਪਰ ਇਹ ਅਸੰਭਵ ਹੈ ਕਿਉਂਕਿ ਬਹੁਕੌਮੀ ਕੰਪਨੀਆਂ ਵਾਲੇ ਲੋਕ ਮੰਡੀ ਦੇ ਪਵਿੱਤਰ ਨਿਯਮਾਂ ਦਾ ਪਾਲਣ ਕਰਦੇ ਹੋਏ ਅਜਿਹਾ ਕਦੇ ਨਹੀਂ ਹੋਣ ਦੇਣਗੇ।ਨਹੀਂ ਤਾਂ ਉਹਨਾਂ ਨੂੰ ਸਸਤੇ ਮਜ਼ਦੂਰ ਕਿਵੇਂ ਮਿਲਣਗੇ? ਖਾਣ ਪੀਣ ਅਤੇ ਐਸ਼ ਕਰਨ ਦੀਆਂ ਉਹ ਚੀਜਾਂ ਉਨ੍ਹਾਂ ਨੂੰ ਕਿਵੇਂ ਮਿਲਣਗੀਆਂ? ਜਿੰਨ੍ਹਾਂ ਨੂੰ ਉਹ ਆਪਣੇ ਦੇਸ਼ਾਂ ਵਿੱਚ ਖੁਦ ਉਗ੍ਹਾ ਜਾਂ ਬਣਾ ਨਹੀਂ ਸਕਦੇ।ਉਹ ਕੰਮ ਕਰਨ ਵਾਲੇ ਨੌਕਰ ਕਿਵੇਂ ਮਿਲਣਗੇ ਜੋ ਉਹ ਖੁਦ ਨਹੀਂ ਕਰ ਸਕਦੇ ਜਾਂ ਕਰਨਾ ਨਹੀਂ ਚਾਹੁੰਦੇ।          

ਆਪਣੇ ਸ਼ਾਨਦਾਰ ਆਰਥਿਕ ਨਿਯਮਾਂ ਦੇ ਚਲਦਿਆਂ ਉਹ ਤੀਜੀ ਦੁਨੀਆਂ ਦੇ ਦੇਸ਼ਾਂ ਦੇ ਲੋਕਾਂ ਨਾਲ ਕੀ ਕਰ ਰਹੇ ਹਨ? ਉਹ ਬਹੁਤ ਲੋਕਾਂ ਉਹਨਾਂ ਦੇ ਅਪਣੇ ਹੀ ਦੇਸ਼ ਵਿੱਚ ਵਿਦੇਸ਼ੀ ਬਣਾ ਰਹੇ ਹਨ। ਆਪਣੇ ਦੇਸ਼ ਵਿੱਚ ਇੱਕ ਵਿਗਿਆਨਕ, ਡਾਕਟਰ, ਇੰਜੀਨੀਅਰ ਜਾਂ ਅਧਿਆਪਕ ਤਿਆਰ ਕਰਨ ਉੱਤੇ ਉਹਨਾਂ ਨੂੰ ਬਹੁਤ ਹੀ ਭਾਰੀ ਖਰਚ ਕਰਨਾ ਪੈਂਦਾ ਹੈ। ਇਸ ਲਈ ਉਹ ਤੀਜੀ ਦੁਨੀਆਂ ਦੇ ਦੇਸ਼ਾਂ ਦੀ ਜਨਤਾ ਦੀ ਖੂਨ ਪਸੀਨੇ ਦੀ ਕਮਾਈ ਨਾਲ ਤਿਆਰ ਕੀਤੇ ਗਏ ਵਿਗਿਆਨੀਆਂ, ਡਾਕਟਰਾਂ, ਇੰਜੀਨੀਅਰਾਂ ਆਦਿ ਨੂੰ ਆਪਣੇ ਕੋਲ ਬੁਲਾ ਲੈਂਦੇ ਹਨ।ਗੱਲ ਆਪਣਾ ਖਰਚ ਬਚਾਉਣ ਅਤੇ ਦੂਜੇ ਦੇਸ਼ਾਂ ਦੇ ਸਾਧਨਾਂ ਨੂੰ ਲੁੱਟ ਲੈਣ ਦੀ ਹੀ ਨਹੀਂ ਹੈ, ਗੱਲ ਇਹ ਵੀ ਹੈ ਕਿ ਨਿਰੰਤਰ ਨਵੀਆਂ ਤਕਨੀਕਾਂ ਨਾਲ ਬਣੇ ਉਦਯੋਗਾਂ ਨੂੰ ਚਲਾਉਣ ਦੀ ਖੁਦ ਉਹਨਾਂ ਵਿੱਚ ਯੋਗਤਾ ਵੀ ਨਹੀਂ ਹੈ। ਕੁਝ ਸਮਾਂ ਪਹਿਲਾਂ ਅਮਰੀਕੀ ਅਖਬਾਰਾਂ ਵਿੱਚ ਛਪਿਆ ਸੀ ਕਿ ਅਮਰੀਕਾ ਤੀਜੀ ਦੁਨੀਆਂ ਦੇ ਦੇਸ਼ਾਂ ਦੇ ਅਤਿਅੰਤ ਕੁਸ਼ਲ ਕਰਮਚਾਰੀਆਂ ਨੂੰ ਬਲਾਉਣ ਲਈ ਦੋ ਲੱਖ ਵੀਜੇ ਦੇਵੇਗਾ। ਕਾਰਨ, ਅਮਰੀਕੀ ਲੋਕ ਜਿਆਦਾ ਪੜ੍ਹੇ-ਲਿਖੇ ਨਹੀਂ ਹੁੰਦੇ।ਉਹਨਾਂ ਵਿੱਚੋਂ ਬਹੁਤੇ ਅਜਿਹੇ ਮਿਲ ਜਾਣਗੇ ਜੋ ਬ੍ਰਾਜ਼ੀਲ ਨੂੰ ਬੋਲੀਵੀਆ ਜਾਂ ਬੋਲੀਵੀਆ ਨੂੰ ਬ੍ਰਾਜ਼ੀਲ ਸਮਝਦੇ ਹੋਣਗੇ। ਖੁਦ ਅਮਰੀਕਾ ਵਿੱਚ ਕਈ ਸਰਵੇਖਣਾਂ ਤੋਂ ਪਤਾ ਲੱਗਦਾ ਹੈ ਕਿ ਅਮਰੀਕੀ ਆਪਣੇ ਦੇਸ਼ ਬਾਰੇ ਹੀ ਬਹੁਤੀਆਂ ਗੱਲਾਂ ਨਹੀਂ ਜਾਣਦੇ। ਇਥੋਂ ਤੱਕ ਕਿ ਜਿਸ ਲਤੀਨੀ ਅਮਰੀਕੀ ਦੇਸ਼ ਦਾ ਉਨ੍ਹਾਂ ਨਾਂਅ ਸੁਣਿਆਂ ਹੋਇਆ ਹੈ ਉਸਦੇ ਬਾਰੇ ਉਹ ਇਹ ਨਹੀਂ ਜਾਣਦੇ ਕਿ ਉਹ ਅਫਰੀਕਾ ਵਿੱਚ ਹੈ ਜਾਂ ਯੂਰਪ ਵਿੱਚ।ਇਹ ਕੋਈ ਅਤਿਕਥਨੀ ਨਹੀਂ ਹੈ, ਇਹੀ ਕਾਰਨ ਹੈ ਕਿ ਉਹ ਸਾਡੀ ਦੁਨੀਆਂ ਤੋਂ ਚੁਣ-ਚੁਣ ਕੇ ਅਤਿਅੰਤ ਕੁਸ਼ਲ ਕਰਮਚਾਰੀਆਂ ਨੂੰ ਲੈ ਲੈਂਦੇ ਹਨ, ਜੋ ਮੁੜ ਕਦੇ ਆਪਣੇ ਦੇਸ਼ ਨਹੀਂ ਪਰਤਦੇ।                             
ਕਰਮਚਾਰੀ ਨੂੰ ਹੀ ਨਹੀਂ, ਉਹ ਸਾਡੇ ਖਿਡਾਰੀਆਂ ਤੱਕ ਨੂੰ ਲੈ ਜਾਂਦੇ ਹਨ। ਉਹ ਸਾਡੇ ਖਿਡਾਰੀਆਂ ਨੂੰ ਉਸੇ ਤਰਾਂ ਹੀ ਖਰੀਦਦੇ ਹਨ ਜਿਵੇਂ ਪੁਰਾਣੇ ਜ਼ਮਾਨੇ ਵਿੱਚ ਗੁਲਾਮ ਖਰੀਦੇ ਜਾਂਦੇ ਸਨ। ਫਰਕ ਇਹੀ ਹੈ ਕਿ ਉਹ ਉੱਚੇ ਮੁੱਲ ‘ਤੇ ਖਰੀਦੇ ਜਾਂਦੇ ਹਨ। ਸਾਡਾ ਸਧਾਰਨ ਖਿਡਾਰੀ ਵੀ ਉੱਥੇ ਜਾ ਕੇ ਲੱਖਾਂ ਕਮਾਂਉਦਾ ਹੈ ਅਤੇ ਉਸਨੂੰ ਚੰਗੀ ਪ੍ਰਸਿੱਧੀ ਵੀ ਮਿਲਦੀ ਹੈ। ਅਸੀਂ ਜੇਕਰ ਆਪਣੇ (ਕਿਊਬਾ) ਬੇਮਿਸਾਲ ਖਿਡਾਰੀਆਂ ਦੀ ਬੋਲੀ ਲਗਾੳਂਦੇ ਤਾਂ ਸੱਚਮੁੱਚ ਧਨੀ ਹੋ ਜਾਂਦੇ।ਉਹ ਹੁਣ ਬੇਸਬਾਲ ਦੇ ਅਮਰੀਕੀ ਖਿਡਾਰੀਆਂ ਤੇ, ਜੋ ਉਹਨਾਂ ਨੂੰ ਬਹੁਤ ਮਹਿੰਗੇ ਪੈਂਦੇ ਹਨ, ਪੈਸੇ ਨਹੀਂ ਖਰਚ ਕਰਨਾ ਚਹੁੰਦੇ। ਇਸ ਲਈ ਉਹ ਵੈਨਜ਼ੂਏਲਾ, ਗੁਆਟੇਮਾਲਾ, ਬ੍ਰਾਜ਼ੀਲ, ਅਰਜਨਟੀਨਾ ਆਦਿ ਵਿੱਚ ਖਿਡਾਰੀਆਂ ਨੂੰ ਸਿੱਖਿਅਤ ਕਰਨ ਵਾਲੀਆਂ ਅਕਾਦਮੀਆਂ ਚਲਾਉਂਦੇ ਹਨ ਅਤੇ ਇੱਥੋਂ ਦੇ ਲੋਕਾਂ ਨੂੰ ਖਿਡਾਰੀ ਬਣਾ ਕੇ ਲੈ ਜਾਂਦੇ ਹਨ। ਇੱਥੋਂ ਦੇ ਲੋਕਾਂ ਨੂੰ ਲੱਗਦਾ ਹੈ ਕਿ ਉਹ ਲੱਖਾਂ ਕਮਾ ਰਹੇ ਹਨ ਅਤੇ ਮੀਡੀਏ ਵਿੱਚ ਛਾ ਕੇ ਸਾਰੀ ਦੁਨੀਆਂ ਵਿੱਚ ਜਾਣੇ ਜਾ ਰਹੇ ਹਨ। ਪਰ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਅਮਰੀਕੀ ਖਿਡਾਰੀਆਂ ਦੇ ਮੁਕਾਬਲੇ ਉਨ੍ਹਾਂ ਨੂੰ ਘੱਟ ਪੈਸਾ ਦਿੱਤਾ ਜਾ ਰਿਹਾ ਹੈ ਅਤੇ ਉਹਨਾਂ ਨੂੰ ਇਸ਼ਤਿਹਾਰਾਂ ਵਿੱਚ ਵੇਚ ਕੇ ਉਸਤੋਂ ਕਿਤੇ ਜਿਆਦਾ ਪੈਸਾ ਕਮਾਇਆ ਜਾ ਰਿਹਾ ਹੈ।
ਅਮਰੀਕੀ ਸੱਭਿਆਚਾਰ ਦੀ ਖਾਸ ਚੀਜ ਅਮਰੀਕੀ ਟੈਲੀਵਿਜ਼ਨ। ਮੈਂ ਉਸਨੂੰ ਬਹੁਤ ਘੱਟ ਦੇਖਦਾ ਹਾਂ, ਅਤੇ ਜਦੋਂ ਕਦੇ ਦੇਖਦਾ ਹਾਂ, ਬਰਦਾਸ਼ਤ ਨਹੀਂ ਕਰ ਸਕਦਾ ਕਿਉਂਕਿ ਹਰ ਤਿੰਨ ਮਿੰਟ ਬਾਅਦ ਉਸਤੇ ਮਸ਼ਹੂਰੀ ਆਉਣ ਲੱਗਦੀ ਹੈ। ਕਿਊਬਾ ਵਿੱਚ ਅਸੀਂ ਟੀ.ਵੀ. ਤੇ ਦਿਖਾਉਣ ਲਈ ਕੁਝ ਸੋਪ ਆਪੇਰਾ ਬਾਹਰੋਂ ਖਰੀਦਦੇ ਹਾਂ ਪਰ ਲਾਤੀਨੀ ਅਮਰੀਕੀ ਦੇਸ਼ਾਂ ਵਿੱਚ ਬਣੇ ਸੋਪ ਆਪੇਰਾ ਕਿਊਬਾ ਦੀ ਜਨਤਾ ਲਈ ਏਨੇ ਆਕਰਸ਼ਕ ਹੁੰਦੇ ਹਨ ਕਿ ਉਹਨਾਂ ਨੂੰ ਦੇਖਣ ਲਈ ਕਈ ਲੋਕ ਆਪਣੇ ਕੰਮ ਰੋਕ  ਦੇਂਦੇ ਹਨ।ਇਸੇ ਤਰ੍ਹਾਂ ਲਾਤੀਨੀ ਅਮਰੀਕੀ ਦੇਸ਼ਾਂ ਵਿੱਚ ਕਈ ਚੰਗੀਆਂ ਫਿਲਮਾਂ ਬਣਦੀਆਂ ਹਨ ਪਰ ਦੁਨੀਆਂ ਭਰ ਵਿੱਚ ਅਮਰੀਕੀ ਚੀਜ਼ਾਂ ਚਲਦੀਆਂ ਹਨ-ਡੱਬਾ ਬੰਦ ਸੱਭਿਆਚਾਰ।ਸਾਡੇ ਇੱਥੇ ਕਾਗਜ਼ ਦੀ ਕਮੀਂ ਹੈ। ਇਸ ਲਈ ਕਾਗਜ਼ ਦਾ ਇਸਤੇਮਾਲ ਅਸੀਂ ਜਿਆਦਾ ਪਾਠ-ਪੁਸਤਕਾਂ ਅਤੇ ਘੱਟ ਪੰਨਿਆਂ ਵਾਲੇ ਅਖਬਾਰ ਛਾਪਣ ਲਈ ਕਰਦੇ ਹਾਂ, ਜਦੋਂ ਕਿ ਪੂੰਜੀਵਾਦੀ ਦੇਸ਼ਾਂ ਵਿੱਚ ਅਨੇਕਾਂ ਪੰਨਿਆਂ ਅਤੇ ਰੰਗੀਨ ਤਸਵੀਰਾਂ ਵਾਲੀਆਂ ਚਿਕਨੀਆਂ ਪੱਤਰਕਾਵਾਂ ਛਪਦੀਆਂ ਹਨ, ਜਿੰਨ੍ਹਾਂ ਨੂੰ ਗਰੀਬ ਦੇਸ਼ਾਂ ਦੇ ਲੋਕ ਪੜ੍ਹਦੇ ਹਨ ਅਤੇ ਉਹਨਾਂ ਵਿੱਚ ਛਪੇ ਇਸ਼ਤਿਹਾਰਾਂ ਰਾਹੀਂ ਪੂੰਜੀਵਾਦ ਦੁਆਰਾ ਦਿਖਾਏ ਗਏ ਸਵਰਗ ਦੇ ਸੁਪਨੇ ਦੇਖਦੇ ਹਨ, ਜੋ ਉਹਨਾਂ ਨੂੰ ਕਦੇ ਵੀ ਮਿਲਣ ਵਾਲਾ ਨਹੀਂ।
ਉਹ ਸਾਨੂੰ ਸੁਪਨੇ ਦਿਖਾਉਂਦੇ ਹਨ। ਉਹ ਸਾਡੇ ਅੰਦਰ ਇੱਛਾ ਜਗਾਉਂਦੇ ਹਨ ਕਿ ਸਾਡੇ ਵਿਚੋਂ ਹਰੇਕ ਵਿਆਕਤੀ ਕੋਲ ਕਾਰ ਹੋਵੇ। ਇਸੇ ਨੂੰ ਉਹ ਵਿਕਾਸ ਕਹਿੰਦੇ ਹਨ ਪਰ ਕੀ ਅਜੇਹਾ ਵਿਕਾਸ ਕਦੇ ਸੰਭਵ ਹੈ? ਮੰਨ ਲਓ ਅਜੇਹਾ ਕਿਸੇ ਵੀ ਤਰ੍ਹਾਂ ਹੋ ਜਾਵੇ ਤਾਂ ਕੀ ਹੋਵੇਗਾ? ਜੇਕਰ ਚੀਨ ਦੇ ਹਰ ਘਰ ਵਿੱਚ ਕਾਰ ਹੋ ਗਈ ਤਾਂ ਉਥੋਂ ਦੀ ਸਾਰੀ ਉਪਜਾਊ ਜਮੀਨ ਸੜਕਾਂ, ਪੈਟਰੋਲ ਪੰਪਾਂ ਅਤੇ ਪਾਰਕਿੰਗ ਦੀ ਜਗ੍ਹਾ ਲਈ ਇਸ ਕਦਰ ਰੁਕ ਜਾਵੇਗੀ ਕਿ ਉਥੇ ਚੌਲਾਂ ਦਾ ਇੱਕ ਦਾਣਾ ਵੀ ਨਹੀਂ ਉਗਾਇਆ ਜਾ ਸਕੇਗਾ। ਆਖਰ ਉਹ ਜੋ ਖਪਤਕਾਰ ਦੁਨੀਆਂ ’ਤੇ ਥੋਪ ਰਹੇ ਹਨ ਉਹ ਸਿਰਫ ਪਾਗਲਪਣ ਹੈ, ਬਕਵਾਸ ਹੈ। ਇਸਦਾ ਮਤਲਬ ਇਹ ਨਹੀਂ ਕਿ ਦੁਨੀਆਂ ਤਪੱਸਵੀਆਂ ਦਾ ਆਸ਼ਰਮ ਬਣ ਜਾਣੀ ਚਾਹੀਦੀ ਹੈ। ਸੁੱਖ ਸੁਵਿਧਾ ਦੀਆਂ ਚੀਜਾਂ ਹੋਣੀਆਂ ਚਾਹੀਦੀਆਂ ਹਨ ਪਰ ਖਪਤ ਦੇ ਮਾਪਦੰਡ ਤਾਂ ਸਾਨੂੰ ਹੀ ਬਣਾਉਣੇ ਪੈਣਗੇ, ਨਹੀਂ ਤਾਂ ਇਹ ਧਰਤੀ ਮਨੁੱਖਾਂ ਦੇ ਰਹਿਣ ਲਾਇਕ ਨਹੀਂ ਰਹਿ ਜਾਵੇਗੀ।
ਉਦਾਹਰਨ ਦੇ ਤੌਰ ਤੇ ਖਪਤ ਦੀਆਂ ਵਸਤੂਆਂ ਵਿੱਚ ਕਾਰ ਨੂੰ ਹੀ ਕਿਉਂ ਜਰੂਰੀ ਸਮਝਿਆ ਜਾਵੇ, ਕਿਤਾਬ ਨੂੰ ਕਿਉਂ ਨਹੀਂ? ਅੱਜ ਦੀ ਦੁਨੀਆਂ ਵਿੱਚ ਪੜ੍ਹਨ ਵਾਲਿਆਂ ਦੀ ਗਿਣਤੀ ਦਿਨ ਪ੍ਰਤੀ ਦਿਨ ਘਟਦੀ ਜਾ ਰਹੀ ਹੈ। ਆਖਰ ਲੋਕਾਂ ਨੂੰ ਪੜ੍ਹਨ ਦੇ ਸੁੱਖ ਤੋਂ ਜਾਂ ਸੱਭਿਆਚਾਰ ਅਤੇ ਮਨੋਰੰਜਨ ਦੇ ਖੇਤਰਾਂ ਤੋਂ ਪ੍ਰਾਪਤ ਹੋਣ ਵਾਲੇ ਸੰਤੋਖ ਤੋਂ ਕਿਉਂ ਵਾਝਾਂ ਕੀਤਾ ਜਾਵੇ? ਕੀ ਮਨੁੱਖ ਲਈ ਭੌਤਿਕ ਸੰਪਤੀ ਹੀ ਜਰੂਰੀ ਹੈ, ਆਤਮਕ ਸੁੱਖ ਨਹੀਂ? ਤਰਕ ਦਿੱਤਾ ਜਾਂਦਾ ਹੈ ਕਿ ਅੱਜ ਦੇ ਮਨੁੱਖ ਕੋਲ ਆਤਮਕ ਸੁੱਖ ਲਈ ਸਮਾਂ ਕਿੱਥੇ! ਪਰ ਮੈਂ ਕਹਿੰਦਾ ਹਾਂ ਕਿ ਇਸਤਰੀ-ਪੁਰਸ਼ਾਂ ਲਈ ਅੱਠ ਘੰਟੇ ਹੀ ਕੰਮ ਕਰਨਾ ਕਿਉਂ ਜਰੂਰੀ ਹੈ? ਜੇਕਰ ਸਾਡੇ ਕੋਲ ਤਕਨੀਕ ਹੈ, ਜੋ ਸਾਡੀ ਪੈਦਾਵਾਰ ਵਧਾ ਸਕਦੀ ਹੈ ਤਾਂ ਲੋਕ ਅੱਠ ਘੰਟੇ ਦੀ ਬਜਾਏ ਚਾਰ ਘੰਟੇ ਕੰਮ ਕਿਉਂ ਨਾ ਕਰਨ? ਇਸ ਨਾਲ ਬੇਰੁਜ਼ਗਾਰੀ ਵੀ ਦੂਰ ਹੋਵੇਗੀ ਅਤੇ ਲੋਕਾਂ ਕੋਲ ਫੁਰਸਤ ਵੀ ਜਿਆਦਾ ਹੋਵੇਗੀ। ਜਦੋਂ ਮਨੁੱਖ ਨੇ ਆਪਣੀ ਬੁੱਧੀ ਨਾਲ ਮਾਨਵਤਾ ਦੀ ਖੁਸ਼ਹਾਲੀ ਲਈ ਨਵੀਂ ਤਕਨੀਕ ਅਤੇ ਤਰੀਕੇ ਵਿਕਸਿਤ ਕਰ ਲਏ ਹਨ ਤਾਂ ਲੋਕ ਦਿਨ ਰਾਤ ਪੈਸਾ ਕਮਾਉਣ ਦੇ ਚੱਕਰ ਵਿੱਚ ਹੀ ਕਿਉਂ ਪਏ ਰਹਿਣ? ਭੁੱਖੇ, ਬਿਮਾਰ, ਬੇਰੁਜ਼ਗਾਰ ਕਿਉਂ ਰਹਿਣ, ਗਿਆਨ-ਵਿਗਿਆਨ, ਸੱਭਿਆਚਾਰ ਅਤੇ ਦੂਜੀਆਂ ਮਾਨਵੀ ਚੀਜਾਂ ਤੋਂ ਵਾਂਝੇ ਕਿਉਂ ਰਹਿਣ। ਉਹ ਕੁਝ ਵਿਸੇਸ਼ ਅਧਿਕਾਰ ਪ੍ਰਾਪਤ ਅਤੇ ਸ਼ਕਤੀਸ਼ਾਲੀ ਲੋਕਾਂ ਦੇ ਕੰਮਕਾਜੀ ਲਾਭਾਂ ਜਾਂ ਮੁਨਾਫੇ ਲਈ ਉਹਨਾਂ ਨੂੰ ਪਾਗਲ ਬਣਾ ਦੇਣ ਵਾਲੇ ਆਰਥਿਕ ਨਿਯਮਾਂ ਅਨੁਸਾਰ ਕਿਉਂ ਜਿਉਣ, ਜੋ ਕਦੇ ਅਟਲ ਜਾਂ ਅਪਰਿਵਰਤਨਸ਼ੀਲ ਨਹੀਂ ਸਨ, ਬਦਲਦੇ ਰਹੇ ਹਨ ਅਤੇ ਜਿਨ੍ਹਾਂ ਦਾ ਬਦਲਣਾ ਨਿਸ਼ਚਿਤ ਹੈ। ਉਹਨਾਂ ਨੇ ਕਾਰ ਬਣਾਉਣ ਦੀ ਸਮਰੱਥਾ ਦੋਗੁਣੀ ਕਰ ਦਿੱਤੀ ਹੈ। ਇਸ ਨਾਲ ਜੋ ਕਾਰਾਂ ਬਨਣਗੀਆਂ ਉਨ੍ਹਾਂ ਨੂੰ ਕੌਣ ਖਰੀਦੇਗਾ? ਉਨ੍ਹਾਂ ਦੇ ਗਾਹਕ ਤੀਜੀ ਦੁਨੀਆਂ ਦੇ ਦੇਸ਼ਾਂ ਵਿੱਚ ਖੋਜੇ ਜਾਣਗੇ। ਉਥੋਂ ਦੇ ਲੋਕਾਂ ਨੂੰ ਵਿਕਸਤ ਪੂੰਜੀਵਾਦੀ ਦੇਸ਼ਾਂ ਦੇ ਸੱਭਿਆਚਾਰ ਅਨੁਸਾਰ ਜਿਊਣਾ ਜਰੂਰੀ ਦੱਸ ਕੇ ਭਾਰੀ ਇਸ਼ਤਿਹਾਰਾਂ ਰਾਹੀਂ ਇਹ ਸਮਝਾਇਆ ਜਾਵੇਗਾ ਕਿ ਹਰ ਘਰ ਵਿੱਚ ਇੱਕ ਕਾਰ ਦਾ ਹੋਣਾ ਜਰੂਰੀ ਹੈ ਪਰ ਜਿੱਥੇ ਲੋਕਾਂ ਕੋਲ ਖਾਣ ਨੂੰ ਰੋਟੀ ਨਹੀਂ, ਉਥੇ ਕੌਣ ਖਰੀਦੇਗਾ? ਉਹ ਥੋੜੇ ਜਿਹੇ ਲੋਕ, ਜੋ ਧਨੀ ਹਨ, ਪਰ ਜੇਕਰ ਉਹਨਾਂ ਥੋੜੇ ਜਿਹੇ ਲੋਕਾਂ ਦੇ ਵੀ ਹਰ ਘਰ ਵਿੱਚ ਕਾਰ ਹੋ ਗਈ ਤਾਂ ਏਨੀਆਂ ਕਾਰਾਂ ਉਥੇ ਹੋ ਜਾਣਗੀਆਂ ਕਿ ਉਤਪਾਦਨ ਦੇ ਸਾਧਨ ਅਤੇ ਵਾਤਾਵਰਨ ਤਬਾਹ ਹੋ ਜਾਵੇਗਾ। ਏਨਾ ਹੀ ਨਹੀਂ ਸਮਾਜਿਕ ਵਿਕਾਸ ਲਈ ਜਰੂਰੀ ਸੀਮਿਤ ਸਾਧਨ ਵੀ ਕਾਰਾਂ ਖਰੀਦਣ, ਉਹਨਾਂ ਲਈ ਸੜਕਾਂ ਬਣਾਉਣ ਅਤੇ ਪੈਟਰੋਲ ਖਰੀਦਣ ਆਦਿ ਲਈ ਉਡਾ ਦਿੱਤੇ ਜਾਣਗੇ। ਪਰ ਉਦਯੋਗਿਕ ਦੇਸ਼ਾਂ ਨੇ ਤੀਜੀ ਦੁਨੀਆਂ ਦੇ ਦੇਸ਼ਾਂ ਦੇ ਲੋਕਾਂ ਦੇ ਮਨ ਵਿੱਚ ਅਸੰਭਵ ਸੁਪਨਿਆਂ ਦੇ ਬੀਜ, ਬੀਜ ਕੇ ਮਾਨਵਜਾਤੀ  ਅਤੇ ਧਰਤੀ ਲਈ ਭਿਆਨਕ ਖਤਰੇ ਪੈਦਾ ਕਰ ਦਿੱਤੇ ਹਨ। ਪੂੰਜੀਵਾਦੀ ਵਿਵਸਥਾ ਨੇ ਵਾਤਾਵਰਨ ਵਿੱਚ ਜ਼ਹਿਰ ਭਰ ਦਿੱਤਾ ਹੈ ਅਤੇ ਉਹ ਉਹਨਾਂ ਕੁਦਰਤੀ ਸਰੋਤਾਂ ਨੂੰ ਤਬਾਹ ਕਰ ਰਹੀ ਹੈ ਜੋ ਇੱਕ ਵਾਰ ਇਸਤੇਮਾਲ ਕਰ ਲੇੈਣ ਤੋਂ ਬਾਅਦ ਫਿਰ ਪੈਦਾ ਨਹੀਂ ਕੀਤੇ ਜਾ ਸਕਦੇ, ਜਦੋਂ ਕਿ ਭਵਿੱਖ ਵਿੱਚ ਉਹਨਾਂ ਦੀ ਜਰੂਰਤ ਹੋਵੇਗੀ ਅਤੇ ਉਨ੍ਹਾਂ ਨੂੰ ਬਚਾ ਕੇ ਰੱਖਣਾ ਜਰੂਰੀ ਹੈ। ਇਹ ਅੱਜ ਇੱਕ ਵਿਚਾਰ ਜਾਂ ਧਾਰਨਾਂ ਨਹੀਂ ਬਲਕਿ ਠੋਸ ਹਕੀਕਤ ਹੈ। ਪੂੰਜੀਵਾਦ ਅਸਮਾਨਤਾ ’ਤੇ ਚੱਲਦਾ ਹੈ। ਪਰ ਜਦੋਂ ਧਰਤੀ ਤੇ ਰਹਿਣ ਵਾਲੇ ਅੱਸੀ ਪ੍ਰਤੀਸ਼ਤ ਲੋਕ ਉਸਦੇ ਕਾਰਨ ਦੁਖੀ ਹੋਣ ਤਾਂ ਨਿਸ਼ਚਿਤ ਹੈ ਕਿ ਇਹ ਵਿਵਸਥਾ ਚੱਲ ਨਹੀਂ ਸਕਦੀ। ਇਸ ਲਈ ਸਾਨੂੰ ਅਜਿਹੇ ਵਿਚਾਰਾਂ ਅਤੇ ਧਾਰਨਾਵਾਂ ਦੀ ਜਰੂਰਤ ਹੈ ਜਿਨ੍ਹਾਂ ਦੇ ਅਧਾਰ ਉੱਤੇ ਇੱਕ ਚੱਲ ਸਕਣ ਵਾਲੀ, ਕਾਇਮ ਰੱਖੀ ਜਾ ਸਕਣ ਵਾਲੀ ਅਤੇ ਬਿਹਤਰ ਦੁਨੀਆਂ ਬਣਾਈ ਕਿਵੇਂ ਜਾਵੇ? ਇਸਦਾ ਜਵਾਬ ਇਕ ਹੀ ਹੈ: ਸਾਨੂੰ ਸਾਰਿਆਂ ਨੂੰ ਅਤੇ ਸਾਡੇ ਦੇਸ਼ਾਂ ਨੂੰ ਇਸ ਨਵ-ਉਦਾਰਵਾਦੀ ਸੰਸਾਰੀਕਰਨ ਦੇ ਵਿਰੁੱਧ ਇੱਕ ਜੁੱਟ ਹੋਣਾ ਹੋਵੇਗਾ। ਇਹ ਮੁਸ਼ਕਲ ਕੰਮ ਹੈ, ਬਹੁਤ ਹੀ ਮੁਸ਼ਕਿਲ ਪਰ ਇਸ ਨੂੰ ਆਸਾਨ ਬਣਾਇਆ ਜਾ ਸਕਦਾ ਹੈ। ਜੇਕਰ ਅਸੀਂ ਸੰਸਾਰੀਕਰਨ ਨੂੰ ਇੱਕ ਬੁਰਾਈ ਮੰਨ ਕੇ ਉਸ ਨੂੰ ਖਤਮ ਕਰਨ ਦੀ ਸੋਚਾਂਗੇ ਤਾਂ ਅਜਿਹਾ ਕਰਨਾ ਸਾਨੂੰ ਮੁਸ਼ਕਿਲ ਹੀ ਨਹੀਂ, ਅਸੰਭਵ ਲੱਗੇਗਾ ਅਤੇ ਉਹ ਵਾਸਤਵ ਵਿੱਚ ਅਸੰਭਵ ਹੋਵੇਗਾ। ਇਸ ਲਈ ਅਸੀਂ ਇਹ ਮੰਨ ਕੇ ਚੱਲੀਏ ਕਿ ਸੰਸਾਰੀਕਰਨ ਆਪਣੇ ਆਪ ਵਿੱਚ ਕੋਈ ਬੁਰੀ ਚੀਜ ਨਹੀਂ ਹੈ। ਸੰਸਾਰੀਕਰਨ ਅਜਿਹੀ ਪ੍ਰਕਿਰਿਆ ਹੈ ਜਿਸਨੂੰ ਪਲਟਿਆ ਨਹੀਂ ਜਾ ਸਕਦਾ। ਪਰ ਸਵਾਲ ਉਠਾਉਣਾ ਚਾਹੀਦਾ ਹੈ: ਕਿਹੋ ਜਿਹਾ ਸੰਸਾਰੀਕਰਨ? ਅਰਥਾਤ ਸੰਸਾਰੀਕਰਨ ਪੂੰਜੀਵਾਦੀ ਹੀ ਕਿਉਂ? ਸਮਾਜਵਾਦੀ ਕਿਉਂ ਨਹੀਂ?
ਇਹ ਸਵਾਲ ਉੱਠ ਹੀ ਰਿਹਾ ਹੈ। ਕਿਊਬਾ ਵਿੱਚ ਅਸੀਂ ਅਲੱਗ-ਅਲੱਗ ਦੇਸ਼ਾਂ ਦੇ ਛੇ ਸੌ ਅਰਥਸਾਸ਼ਤਰੀਆਂ ਦਾ ਇੱਕ ਸੰਮੇਲਨ ਕੀਤਾ। ਉਸ ਵਿੱਚ ਅਸੀਂ ਹਰ ਤਰ੍ਹਾਂ ਦੀ ਵਿਚਾਰਧਾਰਾ ਦੇ ਅਰਥਸਾਸ਼ਤਰੀਆਂ ਨੂੰ ਬੁਲਾਇਆ। ਸੰਮੇਲਨ ਦੀ ਸਮਾਪਤੀ ਮੈਂ ਕਰਨੀ ਸੀ। ਮੈਂ ਸਮਾਪਤੀ ਭਾਸ਼ਣ ਦਿੱਤਾ ਉਸ ਵਿੱਚ ਮੈਂ ਅਤਿਅੰਤ ਸੰਖੇਪ ਰੂਪ ਵਿੱਚ ਕੇਬਲਗ੍ਰਾਮ ਦੀ ਸ਼ੈਲੀ ਵਿੱਚ ਅਤੇ ਜ਼ਿਆਦਾਤਰ ਖੁਦ ਨਾਲ ਸੰਵਾਦ ਕਰਦਿਆਂ ਇਹ ਗੱਲਾਂ ਕਹੀਆਂ:
                ਆਮ ਲੋਕਾਂ ਨੂੰ ਸੁਣ ਕੇ ਅਸੀਂ ਕੁਝ ਸਿੱਖਿਆ ਹੈ।ਇੱਥੇ ਬਹੁਤ ਸਾਰੇ ਅਤੇ ਵੱਖਰੋ-ਵੱਖਰੀ ਤਰ੍ਹਾਂ ਦੇ ਵਿਚਾਰ ਪ੍ਰਗਟ ਕੀਤੇ ਗਏ। ਵਿਦਵਤਾ ਅਤੇ ਪ੍ਰਤਿਭਾ ਦਾ ਅਸਧਾਰਨ, ਸਪੱਸ਼ਟ ਅਤੇ ਸੁੰਦਰ ਪ੍ਰਦਰਸ਼ਨ ਹੋਇਆ। ਸਾਡੇ ਸਾਰਿਆ ਦੇ ਆਪਣੇ ਵਿਚਾਰ ਅਤੇ ਆਪਣੀਆਂ ਆਪਣੀਆਂ ਦ੍ਰਿੜ ਮਾਨਤਾਵਾਂ ਹਨ: ਜਿਸ ਅਵਿਸ਼ਵਾਸ਼ਯੋਗ ਅਤੇ ਬੇਮਿਸਾਲ ਸੰਸਾਰੀਕਰਨ ਉੱਤੇ ਇੱਥੇ ਵਿਚਾਰ ਹੋਇਆ ਉਹ ਇੱਕ ਇਤਿਹਾਸਕ ਵਿਕਾਸ ਦੀ ਦੇਣ ਹੈ, ਮਾਨਵ ਸੱਭਿਅਤਾ ਦਾ ਫਲ ਹੈ, ਜੋ ਕੇਵਲ 3000 ਸਾਲਾਂ ਦੇ ਛੋਟੇ ਜਿਹੇ ਅਰਸੇ ਵਿੱਚ ਉਪਲੱਬਧ ਹੋਇਆ ਹੈ। ਇਸ ਦੀ ਸ਼ੂਰੁਆਤ ਸਾਡੇ ਪੁਰਖਿਆਂ ਨੇ ਕੀਤੀ ਸੀ, ਜੋ ਪਹਿਲਾਂ ਹੀ ਮਾਨਵਜਾਤੀ ਦੇ ਰੂਪ ਵਿੱਚ ਵਿਕਸਿਤ ਹੋ ਚੁੱਕੇ ਸਨ। ਅੱਜ ਦਾ ਆਦਮੀ ਪੈਰੀਕਲੀਜ਼, ਪਲੈਟੋ ਜਾਂ ਅਰਸਤੂ ਤੋਂ ਜਿਆਦਾ ਬੁੱਧੀਮਾਨ ਨਹੀਂ ਹੈ ਅਤੇ ਅਸੀਂ ਹੁਣ ਤੱਕ ਇਹ ਨਹੀਂ ਜਾਣਦੇ ਕਿ ਉਸ ਵਿੱਚ ਅੱਜ ਦੀਆਂ ਅਤਿਅੰਤ ਜਟਿਲ ਸਮੱਸਿਆਵਾਂ ਨੂੰ ਸੁਲਝਾ ਸਕਣ ਵਾਲੀ ਬੁੱਧੀ ਹੈ ਵੀ ਜਾਂ ਨਹੀਂ। ਅਸੀਂ ਸ਼ਰਤਾਂ ਲਗਾ ਰਹੇ ਹਾਂ ਕਿ ਉਹ ਇਸ ਕੰਮ ਨੂੰ ਕਰ ਸਕਦਾ ਹੈ ਜਾਂ ਨਹੀਂ। ਦਰਅਸਲ ਇਸ ਸੰਮੇਲਣ ਵਿੱਚ ਅਸੀਂ ਇਹੀ ਕੀਤਾ ਹੈ।
      ਇੱਕ ਸਵਾਲ ਹੈ: ਕੀ ਇਹ ਪ੍ਰਕਿਰਿਆ ਪਲਟੀ ਜਾ ਸਕਦੀ? ਮੇਰਾ ਉੱਤਰ ਹੈ, ਜੋ ਖੁਦ ਨੂੰ ਦੇਂਦਾ ਹਾਂ, ਨਹੀਂ। ਅੱਜ ਦਾ ਸੰਸਾਰੀਕਰਨ ਕਿਸ ਪ੍ਰਕਾਰ ਦਾ ਹੈ? ਇਹ ਜਿਵੇਂ ਕਿ ਬਹੁਤ ਲੋਕ ਕਹਿੰਦੇ ਹਨ, ਨਵ-ਉਦਾਰਵਾਦੀ ਸੰਸਾਰੀਕਰਨ ਹੈ। ਕੀ ਇਹ ਚੱਲ ਸਕਦਾ ਹੈ? ਨਹੀਂ। ਕੀ ਇਹ ਲੰਬੇ ਸਮੇਂ ਤੱਕ ਬਣਿਆ ਰਹਿ ਸਕਦਾ ਹੈ? ਬਿਲਕੁੱਲ ਨਹੀਂ। ਕੀ ਇਹ ਸਦੀ ਤੱਕ ਚੱਲਣ ਵਾਲੀ ਚੀਜ ਹੈ? ਹਰਗਿਜ਼ ਨਹੀਂ। ਕੀ ਇਹ ਕੁਝ ਦਹਾਕਿਆਂ ਦਾ ਮਾਮਲਾ ਹੈ? ਹਾਂ, ਦਹਾਕਿਆਂ ਦਾ ਹੀ। ਜਲਦੀ ਹੀ ਇਸਦੀ ਹੋਂਦ ਸਮਾਪਤ ਹੋ ਜਾਵੇਗੀ। ਕੀ ਮੈਂ ਖੁਦ ਨੂੰ ਕੋਈ ਪੈਗੰਬਰ ਜਾਂ ਭਵਿੱਖਵਕਤਾ ਸਮਝਦਾ ਹਾਂ? ਨਹੀਂ। ਕੀ ਮੈਂ ਅਰਥਸਾਸ਼ਤਰ ਬਾਰੇ ਬਹੁਤ ਜਾਣਦਾ ਹਾਂ? ਨਹੀਂ। ਸ਼ਾਇਦ ਬਿਲਕੁੱਲ ਨਹੀਂ। ਪਰ ਜੋ ਮੈਂ ਬਿਆਨ ਕੀਤਾ ਹੈ ਉਸ ਦੇ ਲਈ ਜੋੜ-ਬਾਕੀ ਗੁਣਾ-ਭਾਗ ਜਾਨਣਾ ਹੀ ਕਾਫੀ ਨਹੀਂ ਹੈ, ਜਿਸ ਨੂੰ ਬੱਚੇ ਸਕੂਲ ਵਿੱਚ ਸਿੱਖਦੇ ਹਨ। 
   ਇਹ ਪਰਿਵਰਤਨ ਹੋਵੇਗਾ ਕਿਵੇਂ?: ਸਾਨੂੰ ਨਹੀਂ ਪਤਾ। ਕੀ ਇਹ ਹਿੰਸਕ ਕ੍ਰਾਂਤੀਕਾਰੀਆਂ ਜਾਂ ਤਬਾਹਕੁੰਨ ਜੰਗਾਂ ਰਾਹੀਂ ਹੋਵੇਗਾ? ਇਹ ਤਾਂ ਅਸੰਭਵ, ਅਤਾਰਕਿਕ ਅਤੇ ਆਤਮਘਾਤੀ ਲੱਗਦਾ ਹੈ। ਤਾਂ ਕੀ ਇਹ ਡੂੰਘੇ ਅਤੇ ਮਹਾਂਗੰਭੀਰ ਸੰਕਟ ਰਾਹੀਂ ਹੋਵੇਗਾ? ਮੰਦੇਭਾਗਾਂ ਨੂੰ ਅਜਿਹਾ ਹੀ ਹੋਣ ਦੀ ਸੰਭਾਵਨਾ ਸਭ ਤੋਂ ਜਿਆਦਾ ਹੈ। ਅਜਿਹਾ ਹੋਣਾ ਲਾਜ਼ਮੀ ਹੈ ਅਤੇ ਇਹ ਹੋਵੇਗਾ ਕਈ ਤਰ੍ਹਾਂ ਦੇ ਉਪਾਵਾਂ ਅਤੇ ਸੰਘਰਸ਼ ਦੇ ਕਈ ਤਰ੍ਹਾਂ ਦੇ ਰੂਪਾਂ ਰਾਹੀਂ। 
ਤਾਂ ਸੰਸਾਰੀਕਰਨ ਕਿਸ ਪ੍ਰਕਾਰ ਦਾ ਹੋਵੇਗਾ?: ਉਹ ਸੰਸਾਰੀਕਰਨ ਚਾਹੇ ਸਮਾਜਵਾਦੀ ਹੋਵੇ, ਕਮਿਊਨਿਸਟ ਹੋਵੇ ਜਾਂ ਤੁਸੀਂ ਉਸਨੂੰ ਜੋ ਨਾਮ ਵੀ ਦੇਣਾ ਚਾਹੋ, ਅਜਿਹਾ ਹੋਵੇਗਾ ਜੋ ਚੱਲੇਗਾ। 
  ਕੀ ਕੁਦਰਤ ਅਤੇ ਉਸਦੇ ਨਾਲ-ਨਾਲ ਮਾਨਵਜਾਤੀ ਅਜਿਹੇ ਪਰਿਵਰਤਨ ਬਿਨਾਂ ਬਹੁਤ ਸਮੇਂ ਤੱਕ ਬਚੀ ਰਹਿ ਸਕਦੀ ਹੈ?
ਨਹੀਂ, ਉਸਦੇ ਕੋਲ ਬਹੁਤਾ ਸਮਾਂ ਨਹੀਂ ਬਚਿਆ। 
ਨਵੀਂ ਦੁਨੀਆਂ ਦੇ ਨਿਰਮਾਤਾ ਕੌਣ ਹੋਣਗੇ?
ਸਾਡੀ ਧਰਤੀ ਦੇ ਇਸਤਰੀ-ਪੁਰਸ਼।
ਉਹਨਾਂ ਦੇ ਹਥਿਆਰ ਕੀ ਹੋਣਗੇ?: ਵਿਚਾਰ ਅਤੇ ਚੇਤਨਾ। 
ਇਹਨਾਂ ਹਥਿਆਰਾਂ ਨੂੰ ਬਣਾਏਗਾ ਕੌਣ?ਕੌਣ ਇਹਨਾਂ ਨੂੰ ਤਿੱਖੇ ਕਰੇਗਾ? ਕੌਣ ਇਹਨਾਂ ਨੂੰ ਅਜਿੱਤ ਬਣਾਏਗਾ?
ਇਹ ਸਭ ਤੁਸੀਂ ਕਰੋਗੇ। 
ਕੀ ਇਹ ਇੱਕ ਖਾਬਖਿਆਲੀ ਹੈ? ਬਹੁਤ ਸਾਰੇ ਸੁਪਨਿਆਂ ਵਿੱਚੋਂ ਇੱਕ ਸੁਪਨਾ?: ਨਹੀਂ, ਕਿਉਂਕਿ ਇਹ ਵਾਸਤਵਿਕ ਰੂਪ ਵਿੱਚ ਲਾਜ਼ਮੀ ਹੈ ਅਤੇ ਇਸਦਾ ਕੋਈ ਬਦਲ ਨਹੀਂ ਹੈ। ਇਹ ਸੁਪਨਾ ਪਹਿਲਾਂ ਵੀ ਦੇਖਿਆ ਜਾ ਚੁੱਕਾ ਹੈ ਪਰ ਉਦੋਂ ਸ਼ਾਇਦ ਇਹ ਸਮੇਂ ਤੋਂ ਪਹਿਲਾਂ ਦੇਖ ਲਿਆ ਗਿਆ

23 ਮਾਰਚ ਦੇ ਸ਼ਹੀਦਾਂ ਦੀ ਯਾਦ ਵਿੱਚ.... ਪਿਰਥੀਪਾਲ ਸਿੰਘ ਮਾੜੀਮੇਘਾ

          ਜੁਆਨੀ ਭਗਤ ਸਿੰਘ ਨੂੰ ਪੜ੍ਹੇ, ਸਮਝੇ ਅਤੇ ਸਮਾਜ ਨੂੰ ਸਮਝਾਉਣ ਦਾ ਅਮਲ ਤੇਜ ਕਰੇ 
                                                                      ਭਵਿੱਖ ਮੈਗਜ਼ੀਨ ਦੇ ਅੰਕ ਮਾਰਚ-ਅਪ੍ਰੈਲ 2012 ਵਿਚੋਂ
   23 ਮਾਰਚ 1931 ਨੂੰ ਪਰਮਗੁਣੀ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੇ ਬਰਤਾਨਵੀ ਹਕੂਮਤ ਤੋਂ ਭਾਰਤ ਨੂੰ ਆਜ਼ਾਦ ਕਰਾਉਣ ਦੇ ਸੰਘਰਸ਼ ਵਿੱਚ ਬੇਮਿਸਾਲ ਕੁਰਬਾਨੀਆਂ ਦਿੱਤੀਆਂ ਸਨ। ਇਹਨਾਂ ਮਹਾਨ ਕ੍ਰਾਂਤੀਕਾਰੀਆਂ  ਦੀ ਸੋਚ ਸਮਾਜਵਾਦੀ ਪ੍ਰਬੰਧ ਸਥਾਪਿਤ ਕਰਨ ਦੀ ਸੀ। ਸ਼ਿਵ ਵਰਮਾ ਅਨੁਸਾਰ, “ਸਮਾਜਵਾਦ… ਜਿਸ ਨੂੰ ਸਭ ਤੋਂ ਪਹਿਲਾਂ ਭਗਤ ਸਿੰਘ ਨੇ ਸੁਣਿਆਂ ਤੇ ਪਛਾਣਿਆਂ। ਇਸ ਮਸਲੇ ਵਿੱਚ ਉਹ ਆਪਣੇ ਸਾਥੀਆਂ ਤੋਂ ਬਹੁਤ ਅੱਗੇ ਸੀ।” ਸੁਖਦੇਵ, ਭਗਤ ਸਿੰਘ ਦੇ ਬਹੁਤ ਕਰੀਬੀ ਸਾਥੀਆਂ ਵਿੱਚੋਂ ਇੱਕ ਸਨ। ਰਾਜਾ ਰਾਮ ਸ਼ਾਸ਼ਤਰੀ ਅਨੁਸਾਰ, “ਭਗਤ ਸਿੰਘ ਜਦੋਂ ਵੀ ਕੋਈ ਨਵਾਂ ਵਿਚਾਰ ਸਾਹਮਣੇ ਰੱਖਦਾ ਤਾਂ ਇਸ ਨੂੰ ਅਮਲੀ ਰੂਪ ਦੇਣ ਦਾ ਕੰਮ ਅਕਸਰ ਸੁਖਦੇਵ ਦਾ ਹੀ ਹੁੰਦਾ ਸੀ।” ਤੀਜੇ ਮਹਾਨ ਕ੍ਰਾਂਤੀਕਾਰੀ ਰਾਜਗੁਰੂ ਨਾਲ ਸ਼ਿਵ ਵਰਮਾ ਨੇ ਬਨਾਰਸ ਵਿਖੇ ਸੰਪਰਕ ਕਰ ਕੇ ਦਲ ਵਿੱਚ ਭਰਤੀ ਕੀਤਾ। ਰਾਜਗੁਰੂ ਆਜ਼ਾਦੀ ਦੇ ਅੰਦੋਲਨ ਵਿੱਚ ਹਰ ਸਮੇਂ ਜਾਨ ਕੁਰਬਾਨ ਕਰਨ ਲਈ ਸਭ ਤੋਂ ਅੱਗੇ ਰਹਿਣ ਦਾ ਚਾਹਵਾਨ ਸੀ। ਸਾਂਡਰਸ ੳਪਰ ਵੀ ਪਹਿਲੀ ਗੋਲੀ ਉਸ ਨੇ ਚਲਾਈ ਸੀ।

                         ਭਗਤ ਸਿੰਘ, ਸੁਖਦੇਵ ਅਤੇ ਉਹਨਾਂ ਦੇ ਸਾਥੀਆਂ ਦਾ ਮੇਲ ਮਿਲਾਪ ਨੈਸ਼ਨਲ ਕਾਲਜ਼ ਲਾਹੌਰ ਵਿੱਚ ਹੋਇਆ ਸੀ। ਇੱਥੇ ਹੀ ਇਹਨਾਂ  ਕ੍ਰਾਂਤੀਕਾਰੀਆਂ ਨੇ ਦੇਸ਼ ਦੀ ਆਜ਼ਾਦੀ ਪ੍ਰਤੀ ਵਿਚਾਰਾਂ ਦਾ ਆਦਾਨ ਪ੍ਰਦਾਨ ਕੀਤਾ। ਸਮਾਜਵਾਦੀ ਸਾਹਿਤ ਅਤੇ ਦੁਨੀਆ ਭਰ ਦੇ ਕ੍ਰਾਂਤੀਕਾਰੀਆਂ ਦਾ ਸਾਹਿਤ ਪੜ੍ਹਿਆ ਅਤੇ ਘੋਖਿਆ। ਭਗਤ ਸਿੰਘ ਨੇ ਭਾਰਤ ਦੇ ਆਜਾਦੀ ਦੇ ਸੰਘਰਸ਼ ਵਿੱਚ, ਨੌਜਵਾਨਾਂ ਨੂੰ ਪ੍ਰੇਰਿਤ ਕਰਨ ਅਤੇ ਸਮਾਜਵਾਦੀ ਸੋਚ ਦੇ ਪ੍ਰਚਾਰ ਲਈ, ਮਾਰਚ 1926 ਵਿੱਚ ਬਾਕੀ ਨੌਜਵਾਨ ਸਾਥੀਆਂ ਨਾਲ ਮਿਲ ਕੇ ‘ਨੌਜਵਾਨ ਭਾਰਤ ਸਭਾ’ ਦਾ ਸੰਗਠਨ ਕਾਇਮ ਕੀਤਾ। ਜਿਸਦੇ ਪਹਿਲੇ ਜਨਰਲ ਸਕੱਤਰ ਭਗਤ ਸਿੰਘ, ਪ੍ਰਧਾਨ ਰਾਮਚੰਦਰ ਅਤੇ ਪ੍ਰਚਾਰ ਸਕੱਤਰ ਬੀ.ਸੀ. ਵੋਹਰਾ ਬਣੇ ਸਨ।

                            ਨੌਜਵਾਨ ਸਭਾ ਦਾ ਦਾਇਰਾ ਵਿਸ਼ਾਲ ਕਰਨ ਅਤੇ ਠੋਸ ਤਰਕ ਆਧਾਰਿਤ ਪ੍ਰ੍ਰੋਗਰਾਮ ਬਨਾਉਣ ਲਈ ਭਗਤ ਸਿੰਘ ਅਤੇ ਕਿਰਤੀ ਪਾਰਟੀ ਦੇ ਨੌਜਵਾਨ ਆਗੂ ਸੋਹਨ ਸਿੰਘ ਜੋਸ਼ ਵਿਚਾਲੇ ਗੱਲਬਾਤ ਅੰਮ੍ਰਿਤਸਰ ਵਿਖੇ ਹੋਈ। ਉਸ ਗੱਲਬਾਤ ਦੇ ਆਧਾਰ ਤੇ ਨੌਜਵਾਨ ਭਾਰਤ ਸਭਾ ਦੀ ਪਹਿਲੀ ਸੂਬਾਈ ਕਾਨਫਰੰਸ 13-14 ਅਪ੍ਰੈਲ 1928 ਨੂੰ ਜਲ੍ਹਿਆਂਵਾਲੇ ਬਾਗ ਅੰਮ੍ਰਿਤਸਰ ਵਿਖੇ ਹੋਈ। ਜਿਸ ਵਿੱਚ ਤਿੰਨ ਮਹੱਤਵਪੂਰਨ ਮਤੇ ਪਾਸ ਕੀਤੇ ਗਏ। 1. ਸਭਾ ਦੇ ਆਦੇਸ਼ ਅਨੁਸਾਰ…“ਕਿਸਾਨਾਂ ਅਤੇ ਕਾਮਿਆਂ ਦੇ ਸਾਰੇ ਸੰਭਵ ਉਪਰਾਲਿਆਂ ਨਾਲ ਸੰਪੂਰਨ, ਸੁਤੰਤਰ, ਸਰਬਸੱਤਾ ਧਾਰੀ, ਸਮਾਜਵਾਦੀ ਲੋਕਤੰਤਰ ਦੀ ਪ੍ਰਾਪਤੀ ਹੋਵੇਗੀ। 2. ਤਿਰੰਗੇ ਦੀ ਥਾਂ ਲਾਲ ਝੰਡਾ ਅਪਨਾਉਣ ਦੀ ਮੰਗ ਕੀਤੀ ਜਾਂਦੀ ਹੈ। 3. ਧਰਮ ਨੂੰ ਰਾਜਨੀਤੀ ਤੋਂ ਭਿੰਨ, ਨਿੱਜੀ ਮਾਮਲਾ ਸਮਝਿਆ ਜਾਵੇਗਾ।”

                 ਨੌਜਵਾਨ ਸਭਾ ਪੰਜਾਬ ਦੀਆਂ ਰਾਜਨੀਤਕ ਗਤੀਵਿਧੀਆਂ ਤੇ ਅੱਗੇ ਵਧ ਕੇ ਭਗਤ ਸਿੰਘ ਨੇ ਦੇਸ਼ ਭਰ ਦੇ ਆਜਾਦੀ ਸੰਗਰਾਮੀਆਂ ਨੂੰ ਇੱਕ ਕੇਂਦਰ ਤੇ ਜੋੜਣ ਦਾ ਅਮਲ ਸੰਪੂਰਨ ਕੀਤਾ। ਸ਼ਿਵ ਵਰਮਾ ਅਨੁਸਾਰ, “ਭਗਤ  ਸਿੰਘ ਤੋਂ ਪਹਿਲਾਂ ਰਾਸ਼ਟਰੀ ਪੱਧਰ ਤੇ ਕੋਈ ਵੀ ਇੱਕ ਕ੍ਰਾਂਤੀਕਾਰੀ ਸੰਗਠਨ ਨਹੀਂ ਸੀ। ਬੰਗਾਲ ਵਿੱਚ ਅਨੁਸ਼ੀਲਨ ਅਤੇ ਯੁਗਾਂਤਰ ਜਿਹੇ ਸੰਗਠਨ ਸਨ, ਪੰਜਾਬ ਵਿੱਚ ਗਦਰ ਪਾਰਟੀ ਸੀ, ਜਦੋਂ ਕਿ ਹਿੰਦੋਸਤਾਨ ਰੀਪਬਲਿਕ ਐਸੋਸ਼ੀਏਸ਼ਨ ੳੁੱਤਰ ਪ੍ਰਦੇਸ਼ ਅਤੇ ਬਿਹਾਰ ਵਿੱਚ ਸਰਗਰਮ ਸੀ… ਊਹਨਾਂ ਵਿੱਚ ਆਪਸੀ ਸਹਿਯੋਗ ਦੀ ਅਣਹੋਂਦ ਸੀ। ਭਗਤ ਸਿੰਘ ਨੇ ਇਹਨਾਂ ਸਾਰੇ ਸੰਗਠਨਾਂ ਦੀ 1928 ਵਿੱਚ ਦਿੱਲੀ ਵਿਖੇ ਮੀਟਿੰਗ ਕਰਕੇ, ਇੱਕ ਦੇਸ਼ ਵਿਆਪੀ ਸੰਗਠਨ ‘ਹਿੰਦੋਸਤਾਨ ਸੋਸ਼ਲਿਸਟ ਰੀਪਬਲਿਕ ਐਸੋਸੀਏਸ਼ਨ’ ਸਥਾਪਿਤ ਕਰਕੇ ਇੱਕ ਲੜੀ ਵਿੱਚ ਪਿਰੋ ਦਿੱਤਾ। ਦੇਸ਼ ਭਰ ਵਿੱਚ ਕ੍ਰਾਂਤੀਕਾਰੀਆਂ ਨੇ ਕੰਮ ਵੰਡ ਕੀਤੀ। ਭਗਤ ਸਿੰਘ ਅਤੇ ਬੀ.ਕੇ. ਸਿਨਹਾ ਸੈਂਟਰ ਵਿੱਚ ਸਭ ਕ੍ਰਾਂਤੀਕਾਰੀਆਂ ਨਾਲ ਤਾਲਮੇਲ ਰੱਖਣ ਲਈ ਨਿਯੁਕਤ ਕੀਤੇ ਗਏ।”

                ਇਸੇ ਮੀਟਿੰਗ ਦੇ ਫੈਸਲੇ ਅਨੁਸਾਰ ‘ਸਾਈਮਨ ਕਮਿਸ਼ਨ ਦਾ ਦੇਸ਼ ਭਰ ਵਿੱਚ ਜ਼ੋਰਦਾਰ ਵਿਰੋਧ ਕੀਤਾ ਗਿਆ। ਸਾਈਮਨ ਕਮਿਸ਼ਨ ਭਾਰਤ ਦੇ ਨਾਗਰਿਕਾਂ ਦਾ ਦੁਨੀਆਂ ਭਰ ਵਿੱਚ ਮਜਾਕ ਉਡਾਉਣ ਲਈ ਆਇਆ ਸੀ, ਕਿ ਭਾਰਤੀ ਲੋਕ ਰਾਜ ਕਰਨ ਦੇ ਕਾਬਿਲ ਹੀ ਨਹੀਂ ਹਨ। ਸਾਈਮਨ ਕਮਿਸ਼ਨ ਦਾ ਭਾਰਤ ਭਰ ਵਿੱਚ ਬੱਜਵਾਂ ਵਿਰੋਧ ਆਜਾਦੀ ਸੰਗਰਾਮੀਆਂ ਦੀ ਰਾਸਟਰੀ ਪੱਧਰ ਤੇ ਪਾਰਟੀ ਹੋਂਦ ਵਿੱਚ ਆਉਣ ਦਾ ਪਹਿਲਾ ਸਬੂਤ ਸੀ।ਸਾਈਮਨ ਕਮਿਸ਼ਨ 30 ਅਕਤੂਬਰ 1928 ਨੂੰ ਲਾਹੌਰ ਪੁੱਜਿਆ। ਵਿਰੋਧ ਵਿੱਚ ਲਾ-ਮਿਸਾਲ ਇਕੱਠ ਦੇਖ ਕੇ ਅੰਗਰੇਜ਼ ਹਕੂਮਤ ਨੇ ਸਾਂਤਮਈ ਲੋਕਾਂ ਤੇ ਲਾਠੀਚਾਰਜ ਕਰ ਦਿੱਤਾ। ਜਿਸ ਵਿੱਚ ਪ੍ਰਸਿੱਧ ਆਜਾਦੀ ਘੁਲਾਟੀਏ ਲਾਲਾ ਲਾਜਪਤ ਰਾਏ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ 17 ਨਵੰਬਰ 1928 ਨੂੰ ਉਹਨਾਂ ਦੀ ਮੌਤ ਹੋ ਗਈ।

                     ਲਾਲਾ ਲਾਜਪਤ ਰਾਏ ਦੀ ਮੌਤ ਭਾਰਤੀਆਂ ਦਾ ਅਪਮਾਨ ਸੀ, ਇਸ ਅਪਮਾਨ ਦਾ ਬਦਲਾ ਲੈਣ ਲਈ ਪਾਰਟੀ ਦੀ ਸੈਂਟਰਲ ਕਮੇਟੀ ਦੀ ਮੀਟਿੰਗ ਜੋ 9 ਅਤੇ 10 ਦਸੰਬਰ 1928 ਨੂੰ ਮੋਜੰਗ ਹਾਊਸ (ਲਾਹੌਰ) ਵਿਖੇ ਹੋਈ ਦੇ ਫੈਸਲੇ ਅਨੁਸਾਰ ਚੰਦਰ ਸ਼ੇਖਰ ਆਜਾਦ, ਭਗਤ ਸਿੰਘ, ਰਾਜਗੂਰੁ, ਸੁਖਦੇਵ ਅਤੇ ਜੈ ਗੋਪਾਲ ਵਲੋਂ ਸਾਂਝੇ ਐਕਸ਼ਨ ਵਿੱਚ ਸਾਂਡਰਸ ਦਾ ਕਤਲ ਕਰਕੇ ਕ੍ਰਾਤੀਕਾਰੀਆਂ ਨੇ ਕੌੰਮ ਦੀ ਹੋਈ ਬੇਇੱਜਤੀ ਦਾ ਬਦਲਾ ਲੈ ਲਿਆ। ਸਾਂਡਰਸ ਕਤਲ ਤੋਂ ਬਾਅਦ ਸੁਖਦੇਵ ਦੀ ਯੋਜਨਾ ਅਨੁਸਾਰ ਭਗਤ ਸਿੰਘ ਅਤੇ ਉਸਦੇ ਸਾਥੀ ਮਹਾਨ ਇੰਨਕਲਾਬਨ ਦੁਰਗਾ ਭਾਬੀ ਦੀ ਮਦਦ ਨਾਲ ਲਾਹੌਰ ਤੋਂ ਬਾਹਰ ਨਿਕਲਣ ਵਿੱਚ ਕਾਮਯਾਬ ਹੋ ਗਏ। ਭਗਤ ਸਿੰਘ ਲਾਹੌਰ ਤੋਂ ਨਿੱਕਲ ਕੇ ਕਲਕੱਤਾ ਪਹੁੰਚ ਗਿਆ, ਇੱਥੇ ਕਿਰਤੀ-ਕਿਸਾਨ ਪਾਰਟੀ ਦੀ ਹੋ ਰਹੀ ਕਾਨਫਰੰਸ ਦੇ ਸੰਬੰਧ ਵਿੱਚ ਭਗਤ ਸਿੰਘ ਨੇ ਸੋਹਨ ਸਿੰਘ ਜੋਸ਼ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਭਗਤ ਸਿੰਘ ਦੇਸ਼ ਦੇ ਬਦਲ ਰਹੇ ਰਾਜਨੀਤਿਕ ਹਾਲਤਾਂ ਨੇ ਤਿੱਖੀ ਨਜ਼ਰ ਰੱਖ ਰਿਹਾ। ਤੇਜ਼ ਬੁੱਧੀ ਵਾਲੇ ਭਗਤ ਸਿੰਘ ਨੇ ਮਜ਼ਦੂਰਾਂ ਦੀਆਂ ਦੇਸ਼ ਵਿਆਪੀ ਹੜਤਾਲਾਂ ਦਾ ਡੂੰਘਾਈ ਨਾਲ ਅਧਿਐਨ ਕੀਤਾ। ਅੰਗ੍ਰੇਜ਼ ਹਕੂਮਤ ਨੇ ਮਜਦੂਰਾਂ ਦੀ ਦਿਨ ਬਦਿਨ ਵੱਧ ਰਹੀ ਤਾਕਤ ਅਤੇ ਅਜ਼ਾਦੀ ਅੰਦੋਲਨ ਨੂੰ ਕੁਚਲਨ ਲਈ ‘ਟਰੇਡ ਡਿਸਪਿਊਟ ਐਕਟ’ ਅਤੇ ‘ਪਬਲਿਕ ਸੇਫਟੀ ਬਿੱਲ’ ਅਸੈਬੰਲੀ ਵਿੱਚ ਪਾਸ ਕਰਾਉਣ ਦੀ ਧਮਕੀ ਦੇ ਦਿੱਤੀ। ਇਹਨਾਂ ਘਾਤਕ ਬਿਲਾਂ ਦੇ ਵਿਰੋਧ ਵਿੱਚ ਭਗਤ ਸਿੰਘ ਤੇ ਬੁਟਕੇਸ਼ਵਰ ਦੱਤ ਨੇ 8 ਅਪ੍ਰੈਲ 1929 ਨੂੰ ਅੰਨੀ-ਬੋਲੀ ਸਰਕਾਰ ਨੂੰ ਸੁਨਾਉਣ ਵਾਸਤੇ ਐਸੰਬਲੀ  ਵਿੱਚ ਖਾਲੀ ਥਾਂ ਤੇ ਧੂੰਏ ਵਾਲੇ ਬੰਬ ਸੁੱਟੇ। ਇਸ ਘਟਨਾ ਨਾਲ ਐਸੰਬਲੀ ਮੁਲਤਵੀ ਹੋ ਗਈ। ਭਗਤ ਸਿੰਘ ਤੇ ਬੀ.ਕੇ. ਦੱਤ ਨੇ ਇੰਨਕਲਾਬ ਜਿੰਦਾਬਾਦ ਅਤੇ ਸਾਮਰਾਜਵਾਦ ਮੁਰਦਾਬਾਦ ਦੇ ਨਾਅਰੇ ਲਾਏ। ਬੰਬ ਸੁੱਟਣ ਸੰਬੰਧੀ ਪਾਰਟੀ ਵਿਚਾਰਾਂ ਦੀ ਲਿਖਤ ਵੀ ਐਸੰਬਲੀ ਹਾਲ ਵਿੱਚ ਸੁੱਟੀ। ਦੋਹਾਂ ਕ੍ਰਾਂਤੀਕਾਰੀਆਂ ਨੇ ਆਪਣੇ- ਆਪ ਗ੍ਰਿਫਤਾਰੀ ਦੇ ਦਿੱਤੀ। ਇਸ ਵਿਲੱਖਣ ਕਿਸਮ ਦੀ ਘਟਨਾ ਤੋਂ ਬਾਅਦ ਬਹੁਤ ਤੇਜ਼ੀ ਨਾਲ  ਇੰਨਕਲਾਬ ਜਿੰਦਾਬਾਦ ਦਾ ਨਾਅਰਾ ਭਾਰਤ ਭਰ ਵਿੱਚ ਇੱਕ ਵਾਰ ਬੁਲੰਦੀ ਤੇ ਪੁੱਜ ਗਿਆ।ਐਸੰਬਲੀ ਬੰਬ ਕਾਂਡ ਵਿੱਚ ਭਗਤ ਸਿੰਘ ਅਤੇ ਬੀ.ਕੇ. ਦੱਤ ਨੂੰ ਉਮਰ ਕੈਦ ਦੀ ਸਜ਼ਾ ਹੋਈ।

              ਦੂਜੇ ਪਾਸੇ ਸਾਂਡਰਸ ਕਤਲ ਕੇਸ ਨਾਲ ਸੰਬੰਧਿਤ ਕਰਾਂਤੀਕਾਰੀ ਫੜੇ ਜਾਨ ਉਪਰੰਤ ਅਦਾਲਤੀ ਕਾਰਵਾਈ ਸ਼ੁਰੂ ਹੋ ਗਈ। ਭਗਤ ਸਿੰਘ ਵੀ ਇਸ ਕਾਂਡ ਵਿੱਚ ਸੀ। ਇਸ ਕੇਸ ਅਧੀਨ ਕ੍ਰਾਂਤੀਕਾਰੀ ਜੇਲ੍ਹ ਵਿੱਚ ਇਕੱਠੇ ਹੋ ਗਏ। ਭਗਤ ਸਿੰਘ ਅਤੇ ਉਸਦੇ ਸਾਥੀਆਂ ਨੇ ਜੇਲ੍ਹਾਂ ਵਿੱਚ ਕੈਦੀਆਂ ਨਾਲ ਹੋ ਰਹੇ ਦੁਰ-ਵਿਹਾਰ ਅਤੇ ਕਾਨੂੰਨ ਅਨੁਸਾਰ ਆਪਣੇ ਹੱਕ ਪ੍ਰਾਪਤ ਕਰਨ ਲਈ ਲੰਬੀਆਂ ਭੁੱਖ ਹੜ੍ਹਤਾਲਾਂ ਕੀਤੀਆਂ। ਕ੍ਰਾਂਤੀਕਾਰੀ ਕੈਦੀ ਜੇਲ੍ਹਾਂ ਵਿੱਚ ਵਿਚਾਰ ਚਰਚਾ ਕਰਦੇ ਅਤੇ ਅਥਾਹ ਕਿਤਾਬਾਂ ਪੜ੍ਹਦੇ ਸਨ। ਜੇਲ੍ਹ ਦੀ ਵਿਚਾਰ ਚਰਚਾ ਅਤੇ ਪੜ੍ਹਾਈ ਨੇ ਭਗਤ ਸਿੰਘ ਅਤੇ ਉਸਦੇ ਸਾਥੀਆਂ ਵਿੱਚ ਸਮਾਜਵਾਦੀ ਸੋਚ ਨੂੰ ਹੋਰ ਪਕੇਰਾ ਕਰ ਦਿੱਤਾ। ਇਸੇ ਸੋਚ ਦਾ ਪ੍ਰਮਾਣ ਹੈ ਕਿ ਜੇਲ੍ਹ ਵਿੱਚ ਫਾਂਸੀ ਦਿੱਤੇ ਜਾਣ ਤੋਂ ਲਗਭਗ 50 ਦਿਨ ਪਹਿਲਾਂ ਭਗਤ ਸਿੰਘ ਨੇ ਬਹੁਤ ਹੀ ਮਹੱਤਵਪੂਰਨ ਲਿਖਤ “ਇਨਕਲਾਬੀ ਪ੍ਰੋਗਰਾਮ ਦਾ ਖਰੜਾ” ਲਿਖਿਆ। ਜਿਸ ਵਿੱਚ ਭਗਤ ਸਿੰਘ ਕੌਮਾਂਤਰੀ ਪੱਧਰ ’ਤੇ ਸਾਮਰਾਜੀ ਹਾਲਤਾਂ (ਮੰਦਵਾੜਾ 1929) ਨੂੰ ਸਮਝ ਕੇ ਲਿਖਦੇ ਹਨ ਕਿ ਅੰਗਰੇਜ ਸਾਮਰਾਜ, ਜਰਮਨ, ਫਰਾਂਸ, ਅਮਰੀਕਾ ਆਦਿ ਆਰਥਿਕ ਮੰਦਵਾੜੇ ਨਾਲ ਹਿੱਲੇ ਪਏ ਹਨ। ਸਾਮਰਾਜ ਪੱਖੀ ਦੇਸ਼ ਵਕਤੀ ਸਮਝੌਤੇ ਕਰ ਸਕਦੇ ਹਨ ਪਰ ਆਰਥਿਕ ਮੰਦਵਾੜਾ ਜਾਰੀ ਰਹੇਗਾ ਅਤੇ ਬੇਰੁਜ਼ਗਾਰਾਂ ਦੀ ਫੌਜ ਪੂੰਜੀਵਾਦ ਅਧੀਨ ਵੱਧਦੀ ਜਾਵੇਗੀ ਕਿਉਂਕਿ “ਪੂੰਜੀਵਾਦੀ ਪੈਦਾਵਾਰੀ ਤਰੀਕਾ ਹੀ ਅਜਿਹਾ ਹੈ ਇਸ ਕਰਕੇ ਇਨਕਲਾਬ ਹੁਣ ਭਵਿੱਖਬਾਣੀ ਜਾਂ ਸੰਭਾਵਨਾ ਨਹੀਂ ਸਗੋਂ ਅਮਲੀ ਰਾਜਨੀਤੀ ਹੈ ਜਿਸ ਨੂੰ ਸੋਚੀ ਸਮਝੀ ਯੋਜਨਾਂ ਅਤੇ ਬੇਤਰਸ ਅਮਲ ਰਾਹੀਂ ਹੀ ਕਾਮਯਾਬ ਕੀਤਾ ਜਾ ਸਕਦਾ ਹੈ।”

ਭਗਤ ਸਿੰਘ ਪ੍ਰਗਰਾਮ ਦੇ ਖਰੜੇ ਵਿੱਚ ਹੀ ਅੱਗੇ ਲਿਖਦਾ ਹੈ ਕਿ, ‘ਕਰਕੁੰਨਾ ਅੱਗੇ ਸਭ ਤੋਂ ਪਹਿਲੀ ਡਿਊਟੀ ਹੈ ਕਿ ਜਨਤਾ ਨੂੰ ਜੁਝਾਰੂ ਕੰਮ ਲਈ ਤਿਆਰ ਕਰਨਾ ਅਤੇ ਲਾਮਬੰਦ ਕਰਨਾ।’ ਇਸ ਨੀਤੀ ਅਧਾਰਤ ਭਗਤ ਸਿੰਘ ਨੇ ਕੁਝ ਨਿਖੜਵੇਂ ਸਿਰਲੇਖ ਲਿਖੇ: (1) ਜਗੀਰਦਾਰੀ ਦਾ ਖਾਤਮਾ (2) ਕਿਸਾਨਾਂ ਦੇ ਕਰਜੇ ਖਤਮ ਕਰਨਾ (3) ਇਨਕਲਾਬੀ ਰਿਆਸਤ ਵੱਲੋਂ ਜਮੀਨ ਦਾ ਕੌਮੀਂਕਰਨ ਤਾਂ ਕਿ ਸੋਧੀ ਹੋਈ ਅਤੇ ਸਾਂਝੀ ਖੇਤੀ ਸਥਾਪਤ ਕੀਤੀ ਜਾ ਸਕੇ (4) ਰਹਿਣ ਲਈ ਘਰਾਂ ਦੀ ਗਰੰਟੀ (5) ਕਿਸਾਨੀ ਤੋਂ ਲਏ ਜਾਂਦੇ ਸਾਰੇ ਖਰਚੇ ਬੰਦ ਕਰਨਾ ਸਿਰਫ ਇਕਹਿਰਾ ਜਮੀਨ ਟੈਕਸ ਲਿਆ ਜਾਵੇਗਾ (6) ਕਾਰਖਾਨਿਆਂ ਦਾ ਕੌਮੀਂਕਰਨ ਅਤੇ ਦੇਸ਼ ਵਿੱਚ ਕਾਰਖਾਨੇ ਲਗਾਉਣਾ (7)  ਆਮ ਪੜ੍ਹਾਈ (8) ਕੰਮ ਕਰਨ ਦੇ ਘੰਟੇ, ਜਰੂਰਤ ਮੁਤਾਬਕ ਘੱਟੋ-ਘੱਟ ਕਰਨਾ।

ਇਹਨਾਂ ਨਿਖੜਵੇਂ ਸਿਰਲੇਖਾਂ ਤੇ ਗੌਰ ਨਾਲ ਝਾਤ ਮਾਰੀਏ ਤਾਂ ਆਜਾਦ ਭਾਰਤ ਦੀ ਮੌਜੂਦਾ ਤਸਵੀਰ ਭਗਤ ਸਿੰਘ ਅਤੇ ਉਸਦੇ ਸਾਥੀਆਂ ਦੀ ਸਮਾਜਵਾਦੀ ਸੋਚ ਦੇ ਬਿਲਕੁੱਲ ਉਲਟ ਹੈ। ਮੌਜੂਦਾ ਪ੍ਰਬੰਧ ਅਧੀਨ ਕਿਸਾਨੀ ਦਾ ਆਰਥਕ ਸੰਕਟ ਬਹੁਤ ਗੰਭੀਰ ਹੋ ਗਿਆ ਹੈ। ਕਰਜੇ ਦੇ ਬੋਝ ਥੱਲੇ ਦੱਬੇ ਲੱਖਾਂ ਕਿਸਾਨਾਂ ਨੇ ਖੁਦਕਸ਼ੀਆਂ ਕੀਤੀਆਂ ਹਨ। ਬੇ-ਘਰੇ ਲੋਕਾਂ ਦੀ ਗਿਣਤੀ ਕਰੋੜਾਂ ਤੱਕ ਪੁੱਜ ਚੁੱਕੀ ਹੈ। ਹਿੰਦੋਸਤਾਨ ਦੀ ਛੋਟੀ ਅਤੇ ਦਰਮਿਆਨੀ ਸਨਅਤ ਉੱਜੜਨ ਨਾਲ ਲੱਖਾਂ ਕਾਰਖਾਨੇ ਬੰਦ ਹੋ ਗਏ ਹਨ ਅਤੇ ਕਰੋੜਾਂ ਲੋਕਾਂ ਤੋਂ ਰੁਜ਼ਗਾਰ ਖੁਸ ਗਿਆ ਹੈ ਅਤੇ ਅੱਗੇ ਤੋਂ ਰੁਜ਼ਗਾਰ ਬੰਦ ਹੋ ਗਿਆ ਹੈ। ਵਿਦਿਅਕ ਖੇਤਰ ਵਿੱਚ ਪੇਂਡੂ ਅਤੇ ਸ਼ਹਿਰੀ ਬੱਚਿਆਂ ਦੀ ਵਿਦਿਆ ਪ੍ਰਾਪਤੀ ਵਿੱਚ ਬਹੁਤ ਹੀ ਘਾਤਕ ਪਾੜਾ ਪੈ ਚੁੱਕਾ। ਅੱਜ ਉੱਚ ਵਿੱਦਿਆ ਲਈ ਪਿੰਡਾਂ ਵਿੱਚੋਂ ਨਾ-ਮਾਤਰ ਹੀ ਵਿਦਿਆਰਥੀ ਪੁੱਜਦੇ ਹਨ। ਆਧੁਨਿਕ ਮਸ਼ੀਨੀ ਯੁੱਗ ਵਿੱਚ ਟਰਾਂਸਨੈਸ਼ਨਲ ਕਾਰਪੋਰੇਸ਼ਨਾਂ ਸਿਰਫ ਪਲਾਂ ਵਿੱਚ ਹੀ ਸੁਪਰ ਤੋਂ ਸੁਪਰ ਮੁਨਾਫੇ ਦੀ ਦੌੜ ਵਿੱਚ ਹਨ। ਮੁਨਾਫੇ ਦੇ ਹਿਸਾਬ ਨਾਲ ਕਿਰਤੀਆਂ ਦੀਆਂ ਉਜ਼ਰਤਾਂ 300 ਫੀਸਦੀ ਘੱਟ ਹਨ। ਕੰਮ ਦੀ ਰਫਤਾਰ ਤੇਜ ਹੋਣ ਨਾਲ ਕਿਰਤੀਆਂ ਦੇ ਦਿਮਾਗ ਤੇ  ਗਹਿਰਾ ਅਸਰ ਪੈ ਰਿਹਾ ਹੈ ਪਰ ਭਾਰਤ ਸਰਕਾਰ ਕੰਮ ਦੇ ਘੰਟੇ ਘੱਟ ਕਰਨ ਦੀ ਥਾਂ ਕੰਮ ਦਿਹਾੜੀ ਸਮਾਂ ਵਧਾਉਣ ਬਾਰੇ ਸੋਚ ਰਹੀ ਹੈ। ਮਨੁੱਖਤਾ ਦੀ ਭਲਾਈ ਲਈ ਕੰਮ ਦੇ ਘੰਟੇ ਕਾਨੂੰਨ ਮੁਤਾਬਕ ਘੱਟ ਕਰਨ ਦਾ ਅਮਲ ਅਤਿ ਜਰੂਰੀ ਹੈ। ਕੰਮ ਦੇ ਘੰਟੇ ਘੱਟ ਕਰਨ ਨਾਲ ਨਵਾਂ ਕੰਮ ਸਮਾਂ ਪੈਦਾ ਹੋਵੇਗਾ ਅਤੇ ਬੇਰੁਜ਼ਗਾਰ ਕਿਰਤੀਆਂ ਨੂੰ ਰੁਜ਼ਗਾਰ ਪ੍ਰਾਪਤ ਹੋਵੇਗਾ। ਸਮਾਜਵਾਦੀ ਵਿਵਸਥਾ ਦੀ ਸਥਾਪਤੀ ਲਈ ਹੀ ਭਗਤ ਸਿੰਘ ਨੇ ਕੰਮ ਕਰਨ ਦੇ ਘੰਟੇ ਜਰੂਰਤ ਮੁਤਾਬਕ ਘੱਟੋ-ਘੱਟ ਕਰਨ ਦਾ ਪ੍ਰੋਗਰਾਮ ਪੇਸ਼ ਕੀਤਾ ਸੀ ਜੋ ਹੁਣ ਵੀ ਸਾਰਥਕ ਹੈ।

ਭਗਤ ਸਿੰਘ ਅਤੇ ਉਸਦੇ ਸਾਥੀਆਂ ਦੀ ਸਮਾਜਵਾਦੀ ਸੋਚ ਵਾਲਾ ਪ੍ਰਬੰਧ ਹੀ ਭਾਰਤ ਦੇ ਹਰੇਕ ਵਸਨੀਕ ਨੂੰ ਖੁਸ਼ਹਾਲ ਬਣਾ ਸਕਦਾ ਹੈ। ਇਸ ਨਜ਼ਰੀਏ ਤੋਂ ਜੁਆਨੀ ਭਗਤ ਸਿੰਘ ਨੂੰ ਪੜ੍ਹੇ, ਸਮਝੇ ਅਤੇ ਸਮਾਜ ਨੂੰ ਸਮਝਾਉਣ ਦਾ ਅਮਲ ਤੇਜ ਕਰੇ।