ਸ਼ਹੀਦ ਕਰਤਾਰ ਸਿੰਘ ਸਰਾਭਾ ਦਿਵਸ 'ਤੇ ਗਦਰ ਪਾਰਟੀ ਦੇ ਬਾਨੀ ਪ੍ਰਧਾਨ ਬਾਬਾ ਸੋਹਨ ਸਿੰਘ ਭਕਨਾ ਨਗਰ ਅਤੇ ਕਰਤਾਰ ਸਿੰਘ ਸਰਾਭਾ ਦੇ ਨਾਮ 'ਤੇ ਬਣਾਏ ਪੰਡਾਲ ਮੋਗਾ ਦੇ ਟਾਊਨ ਹਾਲ ਸਟੇਡੀਅਮ ਵਿਚ ਸਰਵ ਭਾਰਤ ਨੌਜਵਾਨ ਸਭਾ, ਆਲ ਇੰਡੀਆ ਸਟੂਡੈਂਟਸ ਫੈੱਡਰੇਸ਼ਨ ਅਤੇ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਵਲੋਂ ਸਾਂਝੇ ਤੌਰ 'ਤੇ ਵਿਸ਼ਾਲ ਸੂਬਾਈ ਇਕੱਠ ਕੀਤਾ ਗਿਆ। ਜਿਸ ਵਿਚ ਹਜ਼ਾਰਾਂ ਨੌਜਵਾਨਾਂ ਕੁੜੀਆਂ-ਮੁੰਡੇ ਅਤੇ ਨਰੇਗਾ ਕਾਮੇ ਬਹੁਤ ਹੀ ਜੋਸ਼ੋ-ਖਰੋਸ਼ ਨਾਲ ਸ਼ਾਮਲ ਹੋਏ। ਸ਼ਹਿਰ ਦੇ ਚਾਰ ਚੁਫੇਰੇ ਮਹਾਨ ਗਦਰੀ ਦੇਸ਼ ਭਗਤਾਂ ਅਤੇ ਉੱਘੀਆਂ ਸ਼ਖਸੀਅਤਾਂ ਵਿਚੋਂ ਬਾਬਾ ਬਚਨ ਸਿੰਘ ਘੋਲੀਆਂ, ਲਾਲਾ ਲਾਜਪਤ ਰਾਏ ਢੁੱਡੀਕੇ, ਬਾਬਾ ਨਿਧਾਨ ਸਿੰਘ ਮਹੇਸਰੀ, ਬਾਬਾ ਉਜਾਗਰ ਸਿੰਘ ਬੁੱਧ ਸਿੰਘ ਵਾਲਾ, ਬਾਬਾ ਨਿਧਾਨ ਸਿੰਘ ਚੁੱਘਾ, ਬਾਬਾ ਰੂੜ ਸਿੰਘ ਚੂਹੜ ਚੱਕ, ਬਾਬਾ ਕੇਹਰ ਸਿੰਘ ਮਾਹਲਾ, ਉੱਘੇ ਟਰੇਡ ਯੂਨੀਅਨ ਆਗੂ ਸਤੀਸ਼ ਲੂੰਬਾ, ਮਹਾਨ ਸੁਤੰਤਰਤਾ ਸੈਨਾਨੀ ਕਾਮਰੇਡ ਰੁਲਦੂ ਖਾਨ, ਕਿਰਤੀ ਆਗੂ ਅਮੋਲਕ ਸਿੰਘ, ਮੁਲਾਜ਼ਮਾਂ ਦੇ ਨਿਧੱੜਕ ਆਗੂ ਨਛੱਤਰ ਧਾਲੀਵਾਲ, ਬਾਈ ਗੁਰਮੇਲ ਸਿੰਘ ਅਤੇ ਬਲਵਿੰਦਰ ਸਿੰਘ ਸੰਧੂ ਦੀ ਯਾਦ ਵਿਚ ਗੇਟ ਬਣਾਏ ਗਏ। ਰੈਲੀ ਨੂੰ ਸੰਬੋਧਨ ਕਰਦਿਆਂ 'ਰੁਜ਼ਗਾਰ ਪ੍ਰਾਪਤੀ ਮੁਹਿੰਮ' ਦੇ ਮੁੱਖ ਸਲਾਹਕਾਰ ਸਾਥੀ ਜਗਰੂਪ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਦੇ ਅੰਦੋਲਨ ਵਿਚ ਸਭ ਤੋਂ ਛੋਟੀ ਉਮਰ ਦੇ ਮਤਵਾਲੇ ਸ਼ਹੀਦ ਕਰਤਾਰ ਸਿੰਘ ਸਰਾਭਾ ਨੇ ਬਰਾਬਰੀ ਅਤੇ ਸਮਾਜਿਕ ਨਿਆਂ ਵਾਲਾ ਸਮਾਜ ਉਸਾਰਨ ਲਈ ਆਪਣੀ ਜਾਨ ਕੁਰਬਾਨ ਕੀਤੀ ਪਰ ਅਫਸੋਸ ਹੈ ਕਿ ਸਰਾਭਾ ਦੀ ਸ਼ਹਾਦਤ ਦੇ 97 ਸਾਲ ਬੀਤ ਜਾਣ ਤੋਂ ਬਾਅਦ ਵੀ ਭਾਰਤ ਦੇਸੀ ਅਤੇ ਵਿਦੇਸ਼ੀ ਹਾਕਮਾਂ ਦੀ ਲੁੱਟ ਅਤੇ ਬੇਇਨਸਾਫੀ ਤੋਂ ਆਜ਼ਾਦ ਨਹੀਂ ਹੋ ਸਕਿਆ। ਹਾਕਮਾਂ ਦੀ ਬੇਇਨਸਾਫੀ ਦਾ ਸਿੱਟਾ ਹੈ ਕਿ ਅੱਜ ਇਕ ਪਾਸੇ ਚੋਟੀ ਦੇ ਕੁਝ ਅਮੀਰਾਂ ਕੋਲ ਪੈਸੇ ਦੇ ਭੰਡਾਰ ਜਮ੍ਹਾ ਹਨ ਅਤੇ ਦੂਜੇ ਪਾਸੇ ਅੰਨ ਤੋਂ ਤਰਸਦੇ ਗਰੀਬਾਂ ਦੀ ਗਿਣਤੀ ਭਾਰਤ ਵਿਚ 90 ਕਰੋੜ ਤੋਂ ਉਪਰ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਨਰੇਗਾ ਕਾਨੂੰਨ ਹਰ ਪਿੰਡਾਂ ਵਿਚ ਰਹਿੰਦਾ ਪਰਿਵਾਰ ਕੰਮ ਜਾਂ ਬੇਰੁਜ਼ਗਾਰੀ ਭੱਤੇ ਦੇ ਰੂਪ ਵਿਚ 16660 ਰੁਪਏ ਸਾਲ ਦੇ ਲੈਣ ਦਾ ਹੱਕਦਾਰ ਹੈ। ਉਨ੍ਹਾਂ ਕਿਹਾ ਕਿ ਨਰੇਗਾ ਦੀ ਦਿਹਾੜੀ 350 ਰੁਪਏ ਅਤੇ ਸਾਲ ਵਿਚ 200 ਦਿਨ ਦਾ ਕੰਮ ਮਿਲਣਾ ਚਾਹੀਦਾ ਹੈ। ਸਰਵ ਭਾਰਤ ਨੌਜਵਾਨ ਸਭਾ ਦੇ ਸਾਬਕਾ ਕੁਲ ਹਿੰਦ ਪ੍ਰਧਾਨ ਪ੍ਰਿਥੀਪਾਲ ਸਿੰਘ ਮਾੜੀਮੇਗਾ ਨੇ ਕਿਹਾ ਕਿ ਸ਼ਤਾਬਦੀ ਵਰ੍ਹੇ ਦੌਰਾਨ ਅਸੀਂ ਗਦਰੀ ਦੇਸ਼ ਭਗਤਾਂ ਦੇ ਪਿੰਡਾਂ ਤਕ ਪਹੁੰਚ ਕਰਕੇ ਉਨ੍ਹਾਂ ਦੀ ਮਹਾਨ ਸੋਚ ਅਤੇ ਕੁਰਬਾਨੀ ਬਾਰੇ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਗਦਰ ਪਾਰਟੀ ਦੀ ਰੂਹ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ 100 ਸਾਲਾ ਬਰਸੀ (2015) ਦੇ ਸਮਾਗਮ ਵੱਲ ਵਧਣਾ ਪਵੇਗਾ। ਸਾਡੀ ਮੁੱਖ ਮੰਗ ਹੈ ਕਿ ਕੰਮ ਦਿਹਾੜੀ ਕਾਨੂੰਨ ਦੁਆਰਾ ਛੋਟੀ ਕੀਤੀ ਜਾਵੇ ਅਤੇ 18 ਤੋਂ 58 ਸਾਲ ਦੇ ਹਰੇਕ ਬੇਰੁਜ਼ਗਾਰ ਵਿਅਕਤੀ ਨੂੰ ਕੰਮ ਦਿੱਤਾ ਜਾਵੇ। ਜੇ ਸਰਕਾਰ ਕੰਮ ਦੇਣ ਵਿਚ ਅਸਫਲ ਰਹਿੰਦੀ ਹੈ ਤਾਂ ਹਰੇਕ ਬੇਰੁਜ਼ਗਾਰ ਵਿਅਕਤੀ ਨੂੰ ਘੱਟੋ-ਘੱਟ ਉਜਰਤ ਦੇ ਕਾਨੂੰਨ ਅਨੁਸਾਰ ਕੰਮ ਇੰਤਜ਼ਾਰ ਭੱਤਾ ਦਿੱਤਾ ਜਾਵੇ। ਏ. ਆਈ. ਐੱਸ. ਐੱਫ. ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਢਾਬਾਂ ਨੇ ਕਿਹਾ ਕਿ ਕਰਤਾਰ ਸਿੰਘ ਸਰਾਭਾ ਭਾਰਤ ਵਿਚ ਬਰਾਬਰੀ ਵਾਲਾ ਸਮਾਜ ਸਿਰਜਣ ਦੇ ਅਹਿਦ ਨਾਲ ਗਦਰ ਲਹਿਰ ਵਿਚ ਸ਼ਾਮਲ ਹੋਇਆ। ਉੱਚੀਆਂ ਡਿਗਰੀਆਂ, ਨੌਕਰੀਆਂ ਆਦਿ ਤਕ ਸਿਰਫ ਅਮੀਰਾਂ ਦੇ ਬੱਚੇ ਪੁੱਜ ਰਹੇ ਹਨ, ਗਰੀਬਾਂ ਦੇ ਬੱਚੇ ਬਹੁਤ ਪਿੱਛੇ ਰਹਿ ਜਾਂਦੇ ਹਨ। ਇਸ ਕਰਕੇ ਸਾਡੀ ਮੰਗ ਹੈ ਕਿ ਹਰੇਕ ਬੱਚੇ ਨੂੰ 10 +2 ਤਕ ਵਿਦਿਆ ਮੁਫ਼ਤ ਅਤੇ ਲਾਜ਼ਮੀ ਦਿੱਤੀ ਜਾਵੇ। ਅਧਿਆਪਕ ਘਾਟ ਤੁਰੰਤ ਪੂਰੀ ਕਰਨ ਲਈ 20 ਵਿਦਿਆਰਥੀਆਂ ਪਿੱਛੇ 1 ਅਧਿਆਪਕ ਭਰਤੀ ਕੀਤਾ ਜਾਵੇ, ਵਿਦਿਆਰਥੀ ਬੱਸ ਪਾਸ ਸਹੂਲਤ ਪ੍ਰਾਈਵੇਟ ਬੱਸਾਂ 'ਤੇ ਵੀ ਲਾਗੂ ਕੀਤਾ ਜਾਵੇ। ਸਰਵ ਭਾਰਤ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਕਸ਼ਮੀਰ ਸਿੰਘ ਗਦਾਈਆ ਨੇ ਕਿਹਾ ਕਿ ਹਰੇਕ ਬਲਾਕ ਪੱਧਰ 'ਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਭਵਨ ਉਸਾਰੇ ਜਾਣ। ਉਨ੍ਹਾਂ ਅਫਸੋਸ ਜ਼ਾਹਿਰ ਕੀਤਾ ਕਿ ਪੰਜਾਬ ਸਰਕਾਰ ਸ਼ਹੀਦਾਂ ਦੇ ਘਰਾਂ ਦੀ ਸਾਂਭ ਸੰਭਾਲ ਕਰਨ ਦੀ ਥਾਂ 'ਤੇ ਉਨ੍ਹਾਂ ਦੇ ਘਰਾਂ ਨੂੰ ਨਿਲਾਮ ਕਰ ਰਹੀ ਹੈ, ਜਿਵੇਂ ਕਿ ਪਿਛਲੇ ਦਿਨਾਂ ਵਿਚ ਸ਼ਹੀਦ ਮਦਨ ਲਾਲ ਢੀਂਗਰਾ ਦਾ ਘਰ ਕਿਸੇ ਭੂ-ਮਾਫੀਏ ਨੇ ਖ੍ਰੀਦ ਕੇ ਢਾਹ ਦਿੱਤਾ, ਇਹ ਘਰ ਅੰਮ੍ਰਿਤਸਰ ਵਿਚ ਸੀ। ਸਾਡੀ ਮੰਗ ਹੈ ਕਿ ਸ਼ਹੀਦ ਮਦਨ ਲਾਲ ਢੀਂਗਰਾ ਦੇ ਘਰ ਵਾਲੀ ਥਾਂ 'ਤੇ ਕੌਮੀ ਯਾਦਗਾਰ ਬਣਾਈ ਜਾਵੇ। ਨਰਿੰਦਰ ਕੌਰ ਸੋਹਲ ਨੇ ਕਿਹਾ ਕਿ ਸਰਕਾਰ ਨੇ ਸਰਕਾਰੀ, ਅਰਧ-ਸਰਕਾਰੀ ਅਤੇ ਛੋਟੀ ਅਤੇ ਦਰਮਿਆਨੀ ਕਾਰਖ਼ਾਨੇਦਾਰੀ ਨੂੰ ਤਬਾਹ ਕਰਕੇ ਲੋਕਾਂ ਨੂੰ ਕੰਮ ਤੋਂ ਬੇਕਾਰ ਕਰ ਦਿੱਤਾ ਹੈ। ਪ੍ਰਚੂਨ ਦੁਕਾਨਦਾਰੀ ਵਿਚ ਸਿੱਧੇ ਵਿਦੇਸ਼ੀ ਨਿਵੇਸ਼ ਨੂੰ ਮਨਜ਼ੂਰੀ ਦੇ ਕੇ ਸਰਕਾਰ ਨੇ ਛੋਟੀ ਅਤੇ ਦਰਮਿਆਨੀ ਦੁਕਾਨਦਾਰੀ ਨਾਲ ਧਰੋਅ ਕਮਾਇਆ ਹੈ। ਆਲ ਇੰਡੀਆ ਆਸ਼ਾ ਵਰਕਰਜ਼ ਯੂਨੀਅਨ ਏਟਕ ਪੰਜਾਬ ਦੀ ਪ੍ਰਧਾਨ ਅਮਰਜੀਤ ਕੌਰ ਰਣ ਸਿੰਘ ਵਾਲਾ ਨੇ ਕਿਹਾ ਕਿ ਆਸ਼ਾ ਵਰਕਰਾਂ ਦੀ ਡਿਊਟੀ ਤਾਂ ਬਹੁਤ ਸਖਤ ਹੈ ਪਰ ਤਨਖਾਹ ਕੰਮ ਅਨੁਸਾਰ ਨਹੀਂ ਹੈ। ਸਾਡੀ ਮੰਗ ਹੈ ਕਿ ਆਸ਼ਾ ਵਰਕਰਾਂ ਨੂੰ ਰੈਗੂਲਰ ਮੁਲਾਜ਼ਮਾਂ ਦੀ ਤਰ੍ਹਾਂ ਤਨਖਾਹ ਦਿੱਤੀ ਜਾਵੇ। ਇਸ ਮੌਕੇ 'ਤੇ ਸਰਵ ਭਾਰਤ ਨੌਜਵਾਨ ਸਭਾ ਪੰਜਾਬ ਦੇ ਜਨਰਲ ਸਕੱਤਰ ਕੁਲਦੀਪ ਸਿੰਘ ਭੋਲਾ, ਏ. ਆਈ. ਐੱਸ. ਐੱਫ. ਪੰਜਾਬ ਦੇ ਸਕੱਤਰ ਸੁਖਜਿੰਦਰ ਸਿੰਘ ਮਹੇਸਰੀ, ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ ਦੇ ਪ੍ਰਧਾਨ ਗੁਰਦੇਵ ਸਿੰਘ ਅਤੇ ਸਕੱਤਰ ਜਗਦੀਸ਼ ਸਿੰਘ ਚਾਹਲ, ਬਿਜਲੀ ਬੋਰਡ ਯੂਨੀਅਨ ਦੇ ਪ੍ਰਧਾਨ ਸਤਨਾਮ ਸਿੰਘ ਛਲੈਡੀ, ਸਕੱਤਰ ਰਾਜ ਸ਼ਰਮਾ, ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਏਟਕ ਦੇ ਪ੍ਰਧਾਨ ਸ਼ੇਰ ਸਿੰਘ ਦੌਲਤਪੁਰਾ, ਸਕੱਤਰ ਜਗਸੀਰ ਸਿੰਘ ਖੋਸਾ, ਆਂਗਨਵਾੜੀ ਵਰਕਰ ਯੂਨੀਅਨ ਏਟਕ ਦੀ ਪ੍ਰਧਾਨ ਸਰੋਜ ਰਾਣੀ, ਮੰਜੂ ਬਾਲਾ, ਬਲਕਰਨ ਸਿੰਘ ਮੋਗਾ, ਦਰਸ਼ਨ ਟੂਟੀ, ਪੋਹਲਾ ਸਿੰਘ, ਚਰਨਜੀਤ ਛਾਂਗਰਾਏ, ਹੰਸ ਰਾਜ ਗੋਲਡਨ, ਦਵਿੰਦਰ ਸੋਹਲ, ਪਵਨ ਕੁਮਾਰ ਮੋਹਕਮਪੁਰਾ, ਸੁਭਾਸ਼ ਕੈਰੇ, ਰਜਿੰਦਰ ਮੰਡ ਵਕੀਲ, ਦਿਲਬਾਗ ਸਿੰਘ ਅਟਵਾਲ, ਸੁਮੀਤ ਸ਼ੰਮੀ, ਡਾ. ਮਨਿੰਦਰ ਸਿੰਘ ਧਾਲੀਵਾਲ, ਡਾ. ਸਰਬਜੀਤ ਸਿੰਘ ਬਨਵਾਲਾ, ਨਿਰਭੈ ਸਿੰਘ ਮਾਨਸਾ, ਜਗਤਾਰ ਸਿੰਘ ਅਨਜਾਣ, ਕਰਮਵੀਰ ਬੱਧਨੀ, ਵਿੱਕੀ ਮਹੇਸਰੀ, ਖਰੈਤੀ ਲਾਲ ਬੱਘੇ ਆਦਿ ਹਾਜ਼ਰ ਸਨ।
No comments:
Post a Comment