ਵ.ਅ. ਸੁਖੋਮਲਿਸਕੀ |
ਮੈਂ ਉਤੇਜਨਾ ਨਾਲ ਬੱਚਿਆਂ ਦੀ ਉਡੀਕ ਕਰਨ ਲੱਗਾ। ਸਵੇਰੇ ਅੱਠ ਵਜੇ ਉਹਨਾਂ ਵਿੱਚੋਂ 29 ਆ ਗਏ। ਸਾਸ਼ਾ ਨਾ ਆਈ (ਸ਼ਾਇਦ ਉਹਦੀ ਮਾਂ ਠੀਕ ਨਹੀਂ ਸੀ), ਅਤੇ ਵੋਲੋਦੀਆ ਗੈਰ-ਹਾਜ਼ਰ ਸੀ, ਜਾਪਦਾ ਹੈ ਉਹ ਸੁੱਤਾ ਹੋਇਆ ਸੀ ਅਤੇ ਉਹਦੀ ਮਾਂ ਉਹਨੂੰ ਜਗਾਉਣਾ ਨਹੀਂ ਸੀ ਚਾਹੁੰਦੀ।
ਲਗ-ਭਗ ਸਾਰੇ ਬੱਚਿਆਂ ਨੇ ਦਿਨ-ਤਿਹਾਰ ਨੂੰ ਪਾਉਣ ਵਾਲੇ ਕੱਪੜੇ ਅਤੇ ਨਵੇਂ ਬੂਟ ਪਹਿਨੇ ਹੋਏ ਸਨ। ਇਸ ੳੁੱਤੇ ਮੈਨੂੰ ਚਿੰਤਾ ਹੋਈ ਕਿੳਂੁਕਿ ਜੁਗਾਂ-ਜੁਗਤਰਾਂ ਤੋਂ ਪਿੰਡਾਂ ਦੇ ਬੱਚੇ ਨੰਗੇ ਪੈਰੀਂ ਘੁੰਮਦੇ ਰਹੇ ਹਨ ਅਤੇ ਇਹ ਬਹੁਤ ਸੋਹਣੀ ਕਸਰਤ ਹੈ ਅਤੇ ਜ਼ੁਕਾਮ ਵਿਰੁੱਧ ਸਭ ਤਂੋ ਚੰਗੀ ਰੋਕ। ਮਾਤਾ-ਪਿਤਾ ਆਪਣੇ ਬੱਚਿਆਂ ਦੇ ਪੈਰਾਂ ਦੀ ਮੈਲ, ਸਵੇਰ ਦੀ ਤਰੇਲ ਅਤੇ ਸੂਰਜ ਕਾਰਨ ਗਰਮ ਹੋਈ ਧਰਤੀ ਤਂੋ ਰੱਖਿਆ ਕਿਉਂ ਕਰਨਾ ਚਾਹੁੰਦੇ ਹਨ? ਉਹਨਾਂ ਦੇ ਆਸ਼ੇ ਚੰਗੇ ਹਨ ਪਰ ਸਿੱਟੇ ਮਾੜੇ ਹੁੰਦੇ ਹਨ : ਹਰ ਵਰ੍ਹੇ ਪਿੰਡਾਂ ਦੇ ਵਧੇਰੇ ਬੱਚਿਆਂ ਨੂੰ ਇਨਫਲੂਐਜ਼ਾ, ਘੰਡੀ ਪੈਣ ਅਤੇ ਕਾਲੀ ਖਾਂਸੀ ਦੇ ਰੋਗ ਲਗਦੇ ਜਾ ਰਹੇ ਹਨ। ਬੱਚਿਆਂ ਦੀ ਪਾਲਣਾ ਇਉਂ ਹੋਣੀ ਚਾਹੀਦੀ ਹੈ ਕਿ ਉਹ ਨਾ ਗਰਮੀ ਤਂੋ ਡਰਨ, ਨਾ ਠੰਢ ਤੋਂ।
“ਆਓ ਬੱਚਿਓ ਸਕੂਲ ਚੱਲੀਏ,” ਮਂੈ ਨਿੱਕਿਆਂ ਬਾਲਾਂ ਨੂੰ ਕਿਹਾ ਅਤੇ ਬਾਗ ਵੱਲ ਚੱਲ ਪਿਆ। ਬੱਚਿਆਂ ਅਚਰਜ ਨਾਲ ਮੇਰੇ ਵੱਲ ਵੇਖਿਆ।
“ਹਾਂ, ਬੱਚਿਓ, ਅਸੀਂ ਸਕੂਲ ਜਾ ਰਹੇ ਹਾਂ। ਸਾਡਾ ਸਕੂਲ ਖੁੱਲ੍ਹੀ ਹਵਾ ਵਿੱਚ ਹੋਵੇਗਾ, ਹਰੇ ਘਾਹ ਉੱਤੇ ਨਾਖਾਂ ਦੇ ਰੁਖਾਂ ਹੇਠਾਂ, ਅੰਗੂਰਾਂ ਦੇ ਕੁੰਜ ਵਿੱਚ ਹਰੀਆਂ ਜੂਹਾਂ ਵਿੱਚ। ਇੱਥੇ ਆਪਣੇ ਬੂਟ ਲਾਹ ਦਿਓ ਅਤੇ ਉਸੇ ਤਰ੍ਹਾਂ ਨੰਗੇ ਪੈਰੀ ਚੱਲੋ, ਜਿਵੇਂ ਤੁਸੀਂ ਪਹਿਲਾਂ ਚਲਦੇ ਸਾਓ।” ਬੱਚੇ ਖੁਸ਼ੀ ਨਾਲ ਚਹਿਕ ਪਏ, ਉਹਨਾਂ ਨੂੰ ਗਰਮੀਆਂ ਵਿੱਚ ਬੂਟ ਪਾਉਣ ਦੀ ਆਦਤ ਨਹੀਂ ਸੀ ਅਤੇ ਇਹ ਗੱਲ ਅਸੁਖਾਵੀਂ ਸੀ। “ਅਤੇ ਕੱਲ, ਬੂਟ ਪਾ ਕੇ ਨਾ ਆਉਣਾ। ਇਹ ਸਾਡੇ ਸਕੂਲ ਲਈ ਸਭ ਤੋਂ ਚੰਗੀ ਗੱਲ ਹੋਵੇਗੀ।”
ਅਸੀਂ ਅੰਗੂਰਾਂ ਦੇ ਕੁੰਜ ਵਾਲੀ ਰਉਸ ਉੱਤੇ ਪੈ ਗਏ। ਇੱਕ ਨੁੱਕਰੇ, ਰੁੱਖਾਂ ਦੇ ਓਹਲੇ ਅੰਗੂਰਾਂ ਦੀਆਂ ਘਣੀਆਂ ਵੇਲਾਂ ੳੁੱਗੀਆਂ ਹੋਈਆਂ ਸਨ। ਧਾਤ ਦੇ ਪਿੰਜ ਨਾਲ ਵਲੀਆਂ ਉਹ ਇੱਕ ਹਰੀ ਕੁਟੀਆ ਬਣਾਉਦੀਆਂ। ਉਹਨਾਂ ਦੇ ਹੇਠਾਂ ਧਰਤੀ ਨਰਮ ਘਾਹ ਨਾਲ ਕੱਜੀ ਹੋਈ ਸੀ। ੳੁੱਥੇ ਸ਼ਾਂਤੀ ਦਾ ਰਾਜ ਸੀ ਅਤੇ ਹਰੇ ਧੁੰਦਲਕੇ ਵਿੱਚ ਇੳਂੁ ਜਾਪਦਾ ਸੀ ਸਾਰਾ ਸੰਸਾਰ ਹਰਾ ਹੈ। ਅਸੀਂ ਘਾਹ ਉਤੇ ਬਹਿ ਗਏ।
“ਅਤੇ ਇੱਥੋਂ ਸਾਡਾ ਸਕੂਲ ਸ਼ੁਰੂ ਹੁੰਦਾ ਹੈ। ਇੱਥੋਂ ਅਸੀਂ ਨੀਲੇ ਆਕਾਸ਼, ਬਾਗ, ਪਿੰਡ ਅਤੇ ਸੂਰਜ ਵੱਲ ਵੇਖਾਂਗੇ।”
ਕੁਦਰਤ ਦੇ ਸੁਹਪਣ ਦੇ ਕੀਲੇ ਬੱਚੇ ਚੁੱਪ ਹੋ ਗਏ। ਪੱਤਿਆਂ ਵਿੱਚਕਾਰ ਪੱਕੇ, ਅੰਬਰੀਂ ਰੰਗ ਦੇ ਅੰਗੂਰ ਲਟਕ ਰਹੇ ਸਨ। ਬੱਚੇ ਉਹਨਾਂ ਦਾ ਸੁਆਦ ਚੱਖਣਾ ਚਾਹੁੰਦੇ ਸਨ। ਬੱਚਿਓ, ਅਸੀਂ ਇਹ ਸਾਰਾ ਕੁਝ ਵੀ ਕਰਾਂਗੇ ਪਰ ਪਹਿਲਾਂ ਅਸੀਂ ਉਹਨਾਂ ਦੇ ਸੁਹਪਣ ਦੀ ਸ਼ਲਾਘਾ ਕਰ ਲਈਏ। ਬੱਚਿਆਂ ਆਪਣੇ ਆਲੇ ਦੁਆਲੇ ਵੇਖਿਆ। ਇਉਂ ਜਾਪਦਾ ਸੀ ਬਾਗ਼ ਕਿਸੇ ਹਰੀ ਧੁੰਦ ਵਿੱਚ ਹੈ, ਜਿਵੇਂ ਪਾਣੀ ਹੇਠਲਾ ਜਗਤ ਹੋਵੇ। ਧਰਤੀ ਦਾ ਤਲ-ਖੇਤ, ਜੂਹਾਂ ਸੜਕਾਂ- ਕਿਸੇ ਹਰੀ ਕਚੂਰ ਧੁੰਦ ਵਿੱਚ ਝਿਲ-ਮਿਲ ਕਰਦੇ ਜਾਪਦੇ ਸਨ ਅਤੇ ਝਿਲ-ਮਿਲ ਕਰਦੇ ਰੁੱਖਾਂ ੳੁੱਤੇ ਧੁੱਪ ਦੀਆਂ ਚੰਗਿਆੜੀਆਂ ਡਿੱਗਦੀਆਂ।
“ਸੂਰਜ ਚੰਗਿਆੜੀਆਂ ਖਲੇਰ ਰਿਹਾ ਹੈ,” ਕਾਤੀਆ ਨੇ ਪੋਲੇ ਜਿਹੇ ਕਿਹਾ। ਬੱਚੇ ਆਪਣੇ ਆਪ ਨੂੰ ਕੀਲਣ ਵਾਲੇ ਸੰਸਾਰ ਤੋਂ ਵੱਖ ਨਹੀਂ ਸਨ ਕਰਨਾ ਚਾਹੁੰਦੇ, ਸੋ ਮਂੈ ਉਹਨਾਂ ਨੂੰ ਸੂਰਜ ਸੰਬੰਧੀ ਕਹਾਣੀ ਸੁਣਾਉਣੀ ਸ਼ੁਰੂ ਕਰ ਦਿੱਤੀ।
“ਹਾਂ, ਬੱਚਿਓ, ਕਾਤੀਆ ਨੇ ਬਹੁਤ ਸੋਹਣੀ ਗੱਲ ਕਹੀ ਹੈ: ਸੂਰਜ ਚੰਗਿਆੜੀਆਂ ਖਲੇਰ ਰਿਹਾ ਹੈ। ਉਹ ਅਸਮਾਨ ਵਿੱਚ ਬਹੁਤ ਉੱਚਾ ਰਹਿੰਦਾ ਹੈ। ਉਹਦੇ ਦੋ ਧੜਵੈਲ ਲੁਹਾਰ ਅਤੇ ਇੱਕ ਸੋਨੇ ਦੀ ਅਹਿਰਣ ਹੈ। ਪਹੁ-ਫੁਟਾਲੇ ਤਂੋ ਪਹਿਲਾਂ ਲਟ-ਲਟ ਕਰਦੀਆਂ ਦਾੜ੍ਹੀਆਂ ਵਾਲੇ ਲੁਹਾਰ ਸੂਰਜ ਕੋਲ ਜਾਂਦੇ ਹਨ ਅਤੇ ਉਹ ਉਹਨਾਂ ਨੂੰ ਚਾਂਦੀ ਦੇ ਧਾਗੇ ਦੇ ਦੋ ਮੁੱਠੇ ਦਂੇਦਾ ਹੈ। ਲੁਹਾਰ ਲੋਹੇ ਦੇ ਹਥੌੜੇ ਲੈਂਦੇ ਹਨ, ਚਾਂਦੀ ਦੇ ਧਾਗਿਆਂ ਨੂੰ ਸੋਨੇ ਦੀ ਅਹਿਰਣ ਉੱਤੇ ਰੱਖਦੇ ਹਨ ਅਤੇ ਹਥੌੜੇ ਮਾਰਨੇ ਸ਼ੁਰੂ ਕਰ ਦੇਂਦੇ ਹਨ। ਉਹ ਸੂਰਜ ਲਈ ਚਾਂਦੀ ਦਾ ਹਾਰ ਤਿਆਰ ਕਰਦੇ ਹਨ ਅਤੇ ਹਥੌੜਿਆਂ ਹੇਠੋਂ ਚਾਂਦੀ ਦੀਆਂ ਚੰਗਿਆੜੀਆਂ ਉੱਡਦੀਆਂ ਹਨ ਅਤੇ ਟੋਟੇ ਹੋ ਜਾਂਦੀਆਂ ਹਨ, ਫਿਰ ਸਾਡੀ ਧਰਤੀ ਉੱਤੇ ਡਿੱਗਦੀਆਂ ਹਨ। ਚੰਗਿਆੜੀਆਂ ਧਰਤੀ ੳੱੇੁਤੇ ਡਿੱਗਦੀਆ ਹਨ ਅਤੇ ਤੁਸੀਂ ਉਹਨਾਂ ਨੂੰ ਇੱਥੇ ਵੇਖ ਸਕਦੇ ਹੋ। ਸ਼ਾਮ ਨੂੰ ਥੱਕੇ ਹੋਏ ਲੁਹਾਰ ਸੂਰਜ ਕੋਲ ਜਾਂਦੇ ਹਨ ਅਤੇ ਉਸਨੂੰ ਹਾਰ ਦੇਂਦੇ ਹਨ। ਸੂਰਜ ਹਾਰ ਆਪਣੇ ਸੁਨਹਿਰੀ ਛੱਤਿਆਂ ਦੁਆਲੇ ਵਲ ਲੈਂਦਾ ਹੈ ਅਤੇ ਆਰਾਮ ਕਰਨ ਲਈ ਆਪਣੇ ਜਾਦੂਈ ਬਾਗ਼ ਵਿੱਚ ਚਲਾ ਜਾਂਦਾ ਹੈ।”
ਮਂੈ ਕਹਾਣੀ ਸੁਣਾਉਂਦਾ ਹੋਇਆ ਨਾਲ ਹੀ ਨਾਲ ਚਿਤਰ ਬਣਾਈ ਗਿਆ। ਕਾਗ਼ਜ਼ ਦੇ ਚਿੱਟੇ ਤਾਅ ੳੁੱਤੇ ਅਣੋਖੇ ਬਿੰਬ ਉੱਭਰ ਆਏ- ਦੋ ਧੜਵੈਲ ਲੁਹਾਰ ਲੋਹੇ ਦੀ ਅਹਿਰਣ ੳੁੱਤੇ ਝੁਕੇ ਹੋਏ ਅਤੇ ਲੋਹੇ ਦੇ ਹਥੌੜਿਆਂ ਹੇਠੋ ਖਿਲਰਦੀਆਂ ਚੰਗਿਆੜੀਆਂ।
ਜਾਦੂਈ ਸੰਸਾਰ ਦੇ ਕੀਲੇ ਬੱਚੇ ਕਹਾਣੀ ਸੁਣੀ ਗਏ, ਅਤੇ ਇਉਂ ਜਾਪਦਾ ਸੀ ਕਿ ਉਹ ਜਾਦੂ ਤੋੜਨੋ ਡਰਦੇ ਹੋਏ ਚੁੱਪ ਬੈਠੇ ਸਨ। ਫਿਰ ਉਹਨਾਂ ਪ੍ਰਸ਼ਨ ਪੁੱਛਣੇ ਸ਼ੁਰੂ ਕਰ ਦਿੱਤੇ- ਲੁਹਾਰ ਰਾਤ ਨੂੰ ਕੀ ਕਰਦੇ ਹਨ? ਉਹ ਰੋਜ ਸੂਰਜ ਲਈ ਨਵਾਂ ਹਾਰ ਕਿੳਂੁ ਬਣਾੳਂੁਦੇ ਹਨ ? ਚਾਂਦੀ ਦੀਆਂ ਚੰਗਿਆੜੀਆਂ ਕਿੱਥੇ ਲੋਪ ਹੋ ਜਾਂਦੀਆਂ ਹਨ- ਕੀ ਉਹ ਸੱਚ-ਮੁੱਚ ਧਰਤੀ ਉੱਤੇ ਡਿੱਗਦੀਆਂ ਹਨ ?
ਇਸ ਸੰਬੰਧੀ ਮਂੈ ਤੁਹਨੂੰ ਫਿਰ ਕਿਸੇ ਦਿਨ ਦੱਸਾਂਗਾ। ਸਾਡੇ ਕੋਲ ਅਜੇ ਬੜਾ ਸਮਾਂ ਹੈ। ਆਓ ਅਸੀਂ ਹੁਣ ਅੰਗੂਰਾਂ ਦਾ ਸਵਾਦ ਮਾਣੀਏ। ਟੋਕਰੀਆਂ ਅੰਗੂਰਾਂ ਨਾਲ ਭਰੇ ਜਾਣ ਤੱਕ ਬੱਚਿਆਂ ਨੇ ਬੜੀ ਉਤਾਵਲ ਨਾਲ ਉਡੀਕ ਕੀਤੀ । ਮਂੈ ਹਰ ਬੱਚੇ ਨੂੰ ਦੇ ਗੁੱਛੇ ਦਿੱਤੇ, ਇੱਕ ਖਾਣ ਲਈ ਅਤੇ ਇੱਕ ਮਾਂ ਕੋਲ ਘਰ ਲਿਜਾਣ ਲਈ ਤਾਂ ਜੁ ਉਹ ਵੀ ਇਹਨਾਂ ਦਾ ਸਵਾਦ ਮਾਣ ਸਕੇ। ਬੱਚਿਆਂ ਨੇ ਅਚੰਭਾਜਨਕ ਹੱਦ ਤੱਕ ਸਬਰ ਕੀਤਾ: ਉਹਨਾਂ ਅੰਗੂਰ ਕਾਗਜ਼ ਵਿੱਚ ਲਪੇਟ ਲਏ। ਪਰ ਮੈਂ ਅਜੇ ਵੀ ਸੋਚ ਰਿਹਾ ਸਾਂ ਕਿ ਕੀ ਉਹ ਸੱਚ-ਮੁੱਚ ਅੰਗੂਰ ਘਰ ਲੈ ਜਾਣਗੇ ਅਤੇ ਰਸਤੇ ਵਿੱਚ ਖਾ ਤਾਂ ਨਹੀਂ ਲੈਣਗੇ। ਕੀ ਤੋਲੀਆ ਅਤੇ ਕੋਲੀਆ ਅੰਗੂਰ ਆਪਣੀਆਂ ਮਾਵਾਂ ਕੋਲ ਲੈ ਜਾਣਗੇ ? ਮਂੈ ਨੀਨਾ ਨੂੰ ਕਈ ਗੁੱਛੇ ਦਿੱਤੇ- ਇੱਕ ਉਹਦੀ ਬਿਮਾਰ ਮਾਂ ਲਈ ਅਤੇ ਹੋਰ ਓਹਦੀ ਭੈਣ ਅਤੇ ਦਾਦੀ ਲਈ। ਵਾਰੀਆ ਆਪਣੇ ਪਿਤਾ ਲਈ ਤਿੰਨ ਗੁੱਛੇ ਲੈ ਗਈ। ਮੈਨੂੰ ਵਿਚਾਰ ਅਹੁੜਿਆ ਕਿ ਜਿੳਂੁ ਹੀ ਬੱਚੇ ਮਜਬੂਤ ਹੋ ਜਾਣ, ਉਹਨਾਂ ਵਿੱਚੋਂ ਹਰ ਇੱਕ ਆਪਣਾ ਅੰਗੂਰਾਂ ਦਾ ਕੁੰਜ ਲਾਵੇਗਾ।…ਉਸ ਸਾਲ ਪਤਝੜ੍ਹ ਦੀ ਰੁੱਤੇ ਵਾਰੀਆ ਦੇ ਘਰ ਦਰਜਨਾਂ ਨਿੱਕੀਆਂ ਵੇਲਾਂ ਲਾਈਆਂ ਜਾਣ ਤਾਂ ਜੁ ਇੱਕ ਵਰ੍ਹਾ ਪਿੱਛੋਂ ਉਹ ਫ਼ਲ ਦੇਣ, ਅਤੇ ਇਹ ਉਹਦੇ ਪਿਤਾ ਲਈ ਸੱਚ-ਮੁੱਚ ਸ਼ਾਨਦਾਰ ਦਵਾਈ ਹੋਵੇਗੀ।…
ਅਸੀਂ ਪਰੀ ਦੇਸ ਦੇ ਹਰੇ ਧੁੰਦਲਕੇ ਨੂੰ ਛੱਡ ਕੇ ਆ ਗਏ ਅਤੇ ਮੈਂ ਬੱਚਿਆਂ ਨੂੰ ਕਿਹਾ: “ਕੱਲ ਸ਼ਾਮੀ ਛੇ ਵਜੇ ਆਉਣਾ, ਭੁਲਣਾ ਨਹੀਂ।”
ਮੈਂ ਅਨੁਭਵ ਕਰ ਰਿਹਾ ਸਾਂ ਕਿ ਬੱਚੇ ਉੱਥੋ ਜਾਣਾ ਨਹੀਂ ਚਾਹੁੰਦੇ, ਪਰ ਅੰਗੂਰਾਂ ਦੇ ਚਿੱਟੇ ਪੁੜੇ ਛਾਤੀਆਂ ਨਾਲ ਲਾਈ ਉਹ ਚਲੇ ਗਏ। ਮੇਰਾ ਕਿੰਨਾ ਇਹ ਜਾਣਨ ਨੂੰ ਜੀਅ ਕਰਦਾ ਸੀ ਕਿ ਉਹਨਾਂ ਵਿੱਚਂੋ ਕਿਹੜਾ-ਕਿਹੜਾ ਅੰਗੂਰ ਘਰ ਤੱਕ ਲਿਜਾਵੇਗਾ! ਪਰ, ਨਿਰਸ਼ੰਦੇਹ, ਮਂੈ ਉਹਨਾਂ ਤੋਂ ਪੁੱਛ ਨਹੀਂ ਸਾਂ ਸਕਦਾ। ਜੇ ਉਹ ਆਪ ਦੱਸਣ ਤਾਂ ਚੰਗੀ ਗੱਲ ਹੋਵੇਗੀ।
ਇਉਂ ਖੁੱਲੀ ਹਵਾ ਵਿੱਚ ਸਾਡੇ ਸਕੂਲ ਦਾ ਪਹਿਲਾ ਦਿਨ ਖ਼ਤਮ ਹੋਇਆ।…ਉਸ ਰਾਤ ਮੈਨੂੰ ਸੂਰਜ ਦੀਆਂ ਰੁਪਹਿਲੀ ਚੰਗਿਆੜੀਆਂ ਦੇ ਸੁਪਨੇ ਆਏ ਅਤੇ ਸਵੇਰੇ ਸਾਝਰੇ ਜਾਗ ਪਿਆ ਅਤੇ ਸੋਚਣ ਲੱਗ ਪਿਆ ਹੁਣ ਮੈਂ ਕੀ ਕਰਾਂ? ਮੈਂ ਇਸ ਸੰਬੰਧੀ ਵਿਸਥਾਰ-ਪੂਰਵਕ ਯੋਜਨਾ ਨਾ ਬਣਾਈ ਕਿ ਮੈਂ ਬੱਚਿਆਂ ਨੂੰ ਉਸ ਦਿਨ ਕੀ ਦੱਸਾਂਗਾ ਜਾਂ ਉਹਨਾਂ ਨੂੰ ਕਿੱਥੇ ਲਿਜਾਵਾਂਗਾ? ਸਾਡੇ ਸਕੂਲ ਦਾ ਜੀਵਨ ਉਸ ਵਿਚਾਰ ਤੇ ਵਿਕਸਤ ਹੋਇਆ ਜਿਸਨੇ ਮੈਨੂੰ ਉਤਸ਼ਾਹਤ ਕੀਤਾ ਸੀ: ਬੱਚਾ ਖੁਦ ਆਪਣੇ ਖ਼ਾਸੇ ਅਨੁਸਾਰ ਆਪਣੇ ਆਲੇ ਦੁਆਲੇ ਦੇ ਸੰਸਾਰ ਦਾ ਅਭਿਲਾਖੀ ਖੋਜੀ ਬਣੇ। ਸ਼ਾਲਾ ਜਿਊਦੇ ਰੰਗਾਂ, ਸਪਸ਼ਟ ਅਤੇ ਕੰਥਦੀਆਂ ਅਵਾਜਾਂ ਵਾਲਾ ਅਦਭੁਤ ਸੰਸਾਰ ਉਹਨਾਂ ਸਾਹਮਣੇ ਪਰੀ-ਕਾਹਣੀਆਂ ਅਤੇ ਖੇਡਾਂ ਵਿੱਚ, ਨਿੱਜੀ ਰਚਨਾਤਮਕਤਾ ਵਿੱਚ, ਸੁਹੱਪਣ ਵਿੱਚ ਖਿੜੇ, ਉਹਨਾਂ ਦੇ ਦਿਲਾਂ ਨੂੰ ਹੋਰਨਾਂ ਲਈ ਚੰਗਾ ਕਰਨ ਦੀ ਇੱਛਾ ਨਾਲ ਉਤਸ਼ਾਹਤ ਕਰੇ। ਪਰੀ-ਕਹਾਣੀਆਂ, ਖ਼ਿਆਲ-ਉਡਾਰੀਆਂ, ਦੁਹਰਾਈ ਨਾ ਜਾ ਸਕਣ ਵਾਲੀ ਬੱਚਿਆਂ ਦੀ ਰਚਨਾਤਮਕਤਾ ਰਾਹੀਂ, ਮਨੁੱਖ ਬੱਚੇ ਦੇ ਦਿਲ ਤੱਕ ਰਾਹ ਲੱਭਦਾ ਹੈ। ਮੈਂ ਆਲੇ-ਦੁਆਲੇ ਦੇ ਸੰਸਾਰ ਵਿੱਚ ਬੱਚਿਆਂ ਦੀ ਇੳਂੁ ਅਗਵਾਈ ਕਰਾਂਗਾ ਕਿ ਸਾਡਾ ਹਰ ਕਦਮ ਸੋਚ ਅਤੇ ਬੋਲੀ ਦੇ ਸੋਮਿਆਂ ਵੱਲ, ਪ੍ਰਕਿਰਤੀ ਦੇ ਜਾਦੂਈ ਹੁਸਨ ਵੱਲ ਸਫ਼ਰ ਦਾ ਹਿੱਸਾ ਹੋਵੇਗਾ। ਮੈਂ ਇਸ ਗੱਲ ਦਾ ਧਿਆਨ ਰੱਖਾਂਗਾ ਕਿ ਮੇਰਾ ਹਰ ਸ਼ਾਗਿਰਦ ਵੱਡਾ ਹੋ ਕੇ ਇੱਕ ਸੋਚਵਾਨ ਅਤੇ ਖੋਜੀ ਮਨੁੱਖ ਬਣੇ ਤਾਂ ਜੁ ਗਿਆਨ ਵੱਲ ਹਰ ਕਦਮ ਦਿਨ ਨੂੰ ਉਚਿਆਏ ਅਤੇ ਨਿਸ਼ਚੇ ਨੂੰ ਪਾਣ ਚਾੜ੍ਹੇ।
ਦੂਜੇ ਦਿਨ ਬੱਚੇ ਸ਼ਾਮ ਦੇ ਨੇੜੇ ਸਕੂਲੇ ਆਏ। ਸਤੰਬਰ ਦੇ ਸ਼ਾਂਤ ਦਿਨ ਦੀ ਠੰਢੀਰ ਫੈਲ ਗਈ ਸੀ। ਅਸੀਂ ਪਿੰਡ ਤੋਂ ਬਾਹਰ ਗਏ ਅਤੇ ਇੱਕ ਪੁਰਾਣੇ ਦਫ਼ਨਾਉਣ ਵਾਲੇ ਟਿੱਥੇ ਉੱਤੇ ਬਹਿ ਗਏ। ਸੂਰਜ ਦੀਆਂ ਕਿਰਨਾਂ ਨਾਲ ਲਟ-ਲਟ ਕਰਦੀਆਂ ਜੂਹਾਂ, ਸਿੱਧੇ ਖੜੇ ਸਫੈਦੇ ਦੇ ਰੁਖਾਂ ਅਤੇ ਦਿਸ-ਹਦੇ ੳੁੱਤੇ ਦਫ਼ਨਾਉਣ ਵਾਲੇ ਟਿੱਬਿਆਂ ਦਾ ਇੱਕ ਅਦਭੁਤ ਦਿਸ਼੍ਰ ਸਾਡੀਆਂ ਅੱਖਾਂ ਸਾਹਮਣੇ ਖੁੱਲ੍ਹ ਗਿਆ। ਅਸੀਂ ਸੋਚ ਅਤੇ ਸ਼ਬਦਾਂ ਦੇ ਸੋਮਿਆਂ ਤੱਕ ਅੱਪੜ ਗਏ ਸਾਂ। ਪਰੀ-ਕਹਾਣੀਆਂ ਅਤੇ ਕਲਪਨਾ- ਇਹ ਉਹ ਕੁੰਜੀ ਹੈ ਜਿਹੜੀ ਇਹਨਾਂ ਸੋਮਿਆਂ ਨੂੰ ਖੋਹਲਦੀ ਹੈ ਅਤੇ ਫਿਰ ਸ਼ਬਦਾਂ ਝਰਨਾ ਫੁਟ ਪਂੈਦਾ ਹੈ। ਯਾਦ ਜੋ ਕਾਤੀਆ ਨੇ ਪਿਛਲੇ ਦਿਨ ਕਿਵੇਂ ਕਿਹਾ ਸੀ, “ਸੂਰਜ ਚੰਗਿਆੜੀਆਂ ਖਲੇਰ ਰਿਹਾ ਹੈ…” ਘਟਨਾਵਾਂ ਨੂੰ ਅਗਾੳਂੂ ਦਸਦੇ ਹੋਏ ਮੈਂ ਤੁਹਾਨੂੰ ਦੱਸ ਦਿਆਂ ਕਿ ਬਾਰਾਂ ਵਰ੍ਹੇ ਪਿੱਛਂੋ, ਸਕੂਲ ਦੀ ਪੜ੍ਹਾਈ ਖ਼ਤਮ ਕਰਨ ਸਮੇਂ ਉਹਨੇ ਆਪਣੀ ਮਾਤ-ਭੂਮੀ ਲਈ ਪਿਆਰ ਸੰਬੰਧੀ ਇੱਕ ਲੇਖ ਲਿਖਿਆ ਅਤੇ ਜਦੋਂ ਉਹਨੇ ਪ੍ਰਕਿਰਤੀ ਲਈ ਆਪਣਾ ਪਿਆਰ ਪ੍ਰਗਟ ਕੀਤਾ ਤਾਂ ਉਹਨੇ ਇਹ ਬਿੰਬ ਦੁਹਰਾਇਆ। ਪਰੀ-ਕਹਾਣੀਆਂ ਦੇ ਬਿੰਬ ਇੳਂੁ ਬੱਚਿਆਂ ਦੇ ਮਨ ਉੱਤੇ ਡੂੰਘੀ ਛਾਪ ਛੱਡ ਜਾਂਦੇ ਹਨ। ਮੈਨੂੰ ਇੱਕ ਵਾਰ ਨਹੀਂ, ਹਜ਼ਾਰ ਵਾਰ ਨਿਸ਼ਚਾ ਹੋਇਆ ਹੈ ਕਿ ਆਲੇ ਦੁਆਲੇ ਦੇ ਸੰਸਾਰ ਨੂੰ ਕਲਪਨਾ ਨਾਲ ਭਰਦੇ ਹੋਏ, ਇਹ ਕਲਪਨਾਵਾਂ ਘੜਦੇ ਹੋਏ ਬੱਚੇ ਨਾ ਕੇਵਲ ਸੁਹੱਪਣ ਹੀ ਲੱਭ ਲੈਂਦੇ ਹਨ ਸਗੋਂ ਸੱਚ ਵੀ ਲੱਭ ਲੈਂਦੇ ਹਨ। ਪਰੀ-ਕਹਾਣੀਆਂ ਤੋਂ ਬਿਨਾਂ, ਖੇਡਾਂ ਤੋਂ ਬਿਨਾਂ, ਬੱਚੇ ਦੀ ਕਲਪਨਾ ਜਿੳਂੂਦੀ ਨਹੀਂ ਰਹਿ ਸਕਦੀ। ਪਰੀ-ਕਹਾਣੀਆਂ ਤੋਂ ਬਿਨਾਂ ਆਲੇ ਦੁਆਲੇ ਦਾ ਦ੍ਰਿਸ਼ ਚੋਖਾ ਸੋਹਣਾ ਚਿਤਰ ਹੁੰਦਾ ਹੈ ਪਰ ਕੇਵਲ ਕੈਨਵਸ ਉੱਤੇ ਚਿਤਰਿਆ ਦ੍ਰਿਸ਼ ਪਰੀ-ਕਹਾਣੀਆਂ ਇਹਨੂੰ ਸਜੀਵ ਕਰਦੀਆਂ ਹਨ।
ਅਲੰਕਾਰਕ ਭਾਸ਼ਾ ਵਿੱਚ ਗੱਲ ਕਰਦਿਆਂ ਪਰੀ-ਕਹਾਣੀ ਸੱਜਰੀ ਪੌਣ ਦਾ ਉਹ ਬੁੱਲ੍ਹਾ ਹੈ ਜਿਹੜਾ ਬੱਚਿਆਂ ਦੇ ਵਿਚਾਰਾਂ ਅਤੇ ਬੋਲੀ ਦੀ ਲਾਟ ਨੂੰ ਪ੍ਰਚੰਡ ਕਰਦਾ ਹੈ। ਬੱਚੇ ਨਾ ਕੇਵਲ ਪਰੀ-ਕਹਾਣੀਆਂ ਸੁਣਨਾ ਹੀ ਪਸੰਦ ਕਰਦੇ ਹਨ, ਉਹ ਇਹਨਾਂ ਨੂੰ ਘੜਨਾ ਵੀ ਪਸੰਦ ਕਰਦੇ ਹਨ। ਅੰਗੂਰਾਂ ਦੇ ਕੁੰਜ ਦੀ ਹਰੀ ਕੰਧ ਵਿੱਚੋਂ ਬੱਚਿਆਂ ਨੂੰ ਸੰਸਾਰ ਵਿਖਾੳਂੁਦੇ ਹੋਏ ਮੈਨੂੰ ਪਤਾ ਸੀ ਕਿ ਮੈਂ ਬੱਚਿਆਂ ਨੂੰ ਪਰੀ-ਕਹਾਣੀ ਸੁਣਾਵਾਂਗਾ, ਪਰ ਮੈਂ ਇਹ ਨਹੀਂ ਸਾਂ ਜਾਣਦਾ ਕਿਹੋ ਜਿਹੀ। ਖ਼ਿਆਲਾਂ ਦੀ ਉਡਾਰੀ ਲਈ ਉਤੇਜਨਾ ਕਾਤੀਆ ਦੇ ਸ਼ਬਦਾਂ ਤੋਂ ਮਿਲੀ: “ਸੂਰਜ ਚੰਗਿਆੜੀਆਂ ਖਲੇਰ ਰਿਹਾ ਹੈ।…” ਬੱਚੇ ਕਿੰਨੇ ਸਚਿਆਰੇ, ਠੀਕ- ਠੀਕ, ਕਲਾਤਮਕ, ਪ੍ਰਗਟਾਊ ਬਿੰਬ ਘੜਦੇ ਹਨ- ਉਹ ਕਿੰਨੇ ਸਪੱਸ਼ਟ ਹੁੰਦੇ ਹਨ, ਭਾਸ਼ਾ ਕਿੰਨੀ ਰਾਂਗਲੀ ਹੁੰਦੀ ਹੈ।
ਮੈਂ ਯਤਨ ਕੀਤਾ ਕਿ ਬੱਚੇ ਪੁਸਤਕ ਖੋਹਲਣ ਤੋਂ ਪਹਿਲਾਂ, ਆਪਣੇ ਪਹਿਲੇ ਸ਼ਬਦ ਅੱਖਰ-ਅੱਖਰ ਜੋੜਕੇ ਪੜ੍ਹਨ, ਸਭ ਤੋਂ ਵੱਧ ਜਾਦੂਈ ਪੁਸਤਕ ਦੇ ਪੰਨੇ ਪੜ੍ਹਨ, ਪ੍ਰਕਿਰਤੀ ਦੀ ਪੁਸਤਕ ਦੇ ਪੰਨੇ।
ਇੱਥੇ ਪ੍ਰਕਿਰਤੀ ਦੇ ਵਿਚਕਾਰ ਇਹ ਵਿਚਾਰ ਕਿ ਸਾਡਾ, ਅਧਿਆਪਕਾਂ ਦਾ ਵਾਹ ਪ੍ਰਕਿਰਤੀ ਵਿੱਚ ਵਿਦਮਾਨ ਸ਼ੈਆਂ ਵਿੱਚੋਂ ਸਭ ਤੋ ਕੋਮਲ-ਭਾਵੀ, ਸਭ ਤੋਂ ਵੱਧ ਨਾਜ਼ੁਕ ਅਤੇ ਸਭ ਤੋਂ ਵੱਧ ਚਮਤਕਾਰੀ-ਬੱਚੇ ਦੇ ਮਨ ਨਾਲ ਪੈ ਰਿਹਾ ਹੈ, ਵਿਸ਼ੇਸ਼ ਸ਼ਪੱਸ਼ਟਤਾ ਨਾਲ ਮੇਰੇ ਮਨ ਵਿੱਚ ਉਭਰਿਆ। ਜਦੋਂ ਬੰਦਾ ਬੱਚੇ ਦੇ ਮਨ ਸੰਬੰਧੀ ਸੋਚਦਾ ਹੈ ਤਾਂ ਉਹਨੂੰ ਗੁਲਾਬ, ਗੁਲਾਬ ਦੇ ਇੱਕ ਨਾਜ਼ਕ ਫੁੱਲ ਸੰਬੰਧੀ ਸੋਚਣਾ ਚਾਹੀਦਾ ਹੈ, ਜਿਸਦੇ ਉੱਤੇ ਤਰੇਲ ਦੇ ਤੁਪਕੇ ਕੰਬ ਰਹੇ ਹੋਣ। ਤਰੇਲ ਦੇ ਤੁਪਕੇ ਝਾੜੇ ਬਿਨਾਂ ਫੁੱਲ ਤੋੜਨ ਲਈ ਕਿੰਨੇ ਧਿਆਨ ਅਤੇ ਸੂਖਮਤਾ ਦੀ ਲੋੜ ਹੁੰਦੀ ਹੈ। ਉਸੇ ਤਰ੍ਹਾਂ ਸਾਨੂੰ ਹਰ ਘੜੀ ਸਾਵਧਾਨ ਰਹਿਣਾ ਚਾਹੀਦਾ ਹੈ, ਕਿਉਂਕਿ ਅਸੀਂ ਪ੍ਰਕਿਰਤੀ ਵਿੱਚ ਸਭ ਤੋਂ ਸੂਖਮ ਅਤੇ ਕੋਮਲ ਵਸਤੂ- ਵਧ ਰਹੇ ਬੱਚੇ ਦੇ ਸੋਚਣ ਵਾਲੇ ਪਦਾਰਥ ਨੂੰ ਛੂਹ ਰਹੇ ਹਾਂ।
ਬੱਚਾ ਬਿੰਬਾਂ ਵਿੱਚ ਸੋਚਦਾ ਹੈ। ਇਹਦਾ ਅਰਥ ਇਹ ਹੈ ਕਿ, ਉਦਾਹਰਣ ਵਜੋਂ, ਪਾਣੀ ਦੇ ਤੁਪਕੇ ਦੇ ਸਫਰ ਸੰਬੰਧੀ ਅਧਿਆਪਕ ਦੀ ਕਹਾਣੀ ਸੁਣਦਾ ਹੋਇਆ ਉਹ ਆਪਣੀ ਕਲਪਨਾ ਵਿੱਚ ਸਵੇਰ ਦੀ ਧੁੰਦ ਦੀਆਂ ਰੁਪਹਿਲੀ ਲਹਿਰਾਂ ਨੂੰ, ਕਾਲੇ ਬੱਦਲਾਂ ਨੂੰ, ਬਿਜਲੀ ਦੀ ਕੜਕ ਨੂੰ ਅਤੇ ਬਸੰਤ ਦੀ ਵਾਛੜ ਨੂੰ ਚੇਤੇ ਕਰਦਾ ਹੈ। ਇਸ ਚਿਤਰ ਵਿੱਚ ਬਿੰਬ ਜਿੰਨੇ ਵਧੇਰੇ ਸਪੱਸ਼ਟ ਹੁੰਦੇ ਹਨ, ਬੱਚਾ ਪ੍ਰਕਿਰਤੀ ਦੇ ਨਿਯਮਾਂ ਨੂੰ ਜਿਹੜੇ ਅਰਥ ਦੇਂਦਾ ਹੈ ਉਹ ਓਨੇ ਹੀ ਡੂੰਘੇ ਹੁੰਦੇ ਹਨ। ਦਿਮਾਗ਼ ਵਿੱਚ ਸੂਖਮ, ਭਾਵੁਕ ਤੰਤੂ-ਅੰਕੁਰ-ਜੁਟ ਅਜੇ ਮਜ਼ਬੂਤ ਨਹੀਂ ਹੁੰਦੇ; ਉਹਨਾਂ ਨੂੰ ਵਿਕਸਤ ਕਰਨਾ, ਮਜ਼ਬੂਤ ਬਣਾਉਣਾ ਲਾਜ਼ਮੀ ਹੈ।
ਬੱਚਾ ਸੋਚਦਾ ਹੈ…ਇਹਦਾ ਅਰਥ ਇਹ ਹੈ ਕਿ ਦਿਮਾਗ਼ ਦੇ ਉਪਰਲੇ ਹਿੱਸੇ ਵਿੱਚ ਤੰਤੂ-ਅੰਕੁਰ-ਜੁਟ ਦੀ ਇੱਕ ਵਿਸ਼ੇਸ ਟੋਲੀ ਆਲੇ- ਦੁਆਲੇ ਦੇ ਬਿੰਬ (ਚਿਤਰ, ਉਦਾਹਰਣਾਂ, ਘਟਨਾਵਾਂ, ਸ਼ਬਦ) ਕਬੂਲਦੀ ਹੈ ਅਤੇ ਇਹਨਾਂ ਹੀ ਤੰਤੂ ਖੋਲੀਆਂ ਵਿੱਚੋ ਸੰਕੇਤ ਲੰਘਦੇ ਹਨ। ਤੰਤੂ-ਅੰਕੁਰ-ਜੁਟ ਇਹ ਸੂਚਨਾ ੳੁੱਤੇ ਅਮਲ ਕਰਦੇ ਹਨ- ਉਹਨੂੰ ਨੇਮ-ਬੱਧ ਕਰਦੇ, ਟੋਲੀਆਂ ਵਿੱਚ ਵੰਡਦੇ, ਤੁਲਣਾ ਕਰਦੇ ਅਤੇ ਛਾਂਟਦੇ ਹਨ। ਅਤੇ ਸਾਰੀ ਨਵੀਂ ਸੂਚਨਾ ਉੱਤੇ ਘੜੀ-ਮੁੜੀ ਅਮਲ ਕੀਤਾ ਜਾਂਦਾ ਹੈ।ਸਾਰੇ ਨਵੇਂ ਬਿੰਬਾਂ ਅਤੇ ਸੂਚਨਾ ਉੱਤੇ ਅਮਲ ਨਾਲ ਨਿਬੜਨ ਲਈ ਤੰਤੂ– ਅੰਕੁਰ-ਜੁਟਾਂ ਦੀ ਤੰਤੂ ਸ਼ਕਤੀ ਬਿੰਬਾਂ ਨੂੰ ਸਮਝਣ ਤੇ ਅਸਾਧਾਰਨ ਤੌਰ ਉੱਤੇ ਥੋੜ੍ਹੇ ਸਮਂੇ ਵਿੱਚ ਉਹਨਾਂ ਉੱਤੇ ਅਮਲ ਕਰਨ ਵੱਲ ਚਲੀ ਜਾਂਦੀ ਹੈ ।
ਤੰਤੂ-ਅੰਕੁਰ-ਜੁਟਾਂ ਦੀ ਤੰਤੂ ਸ਼ਕਤੀ ਦੀ ਇਸ ਅਚੰਭਾਜਨਕ ਤਬਦੀਲੀ ਨੂੰ ਅਸੀਂ ਸੋਚ ਕਹਿੰਦੇ ਹਾਂ- ਬੱਚਾ ਸੋਚਦਾ ਹੈ…। ਬੱਚੇ ਦੇ ਦਿਮਾਗ਼ ਦੇ ਅੰਕੁਰ ਇੰਨੇ ਸੂਖਮ ਹੁੰਦੇ ਹਨ, ਦ੍ਰਿਸ਼ਟਮਾਨ ਵਸਤਾਂ ਵੱਲ ਇੰਨੇ ਸੂਖਮ ਢੰਗ ਨਾਲ ਪ੍ਰਤੀਕਰਮ ਕਰਦੇ ਹਨ ਕਿ ਉਹ ਤਾਂ ਹੀ ਸਾਧਾਰਨ ਢੰਗ ਨਾਲ ਕੰਮ ਕਰ ਸਕਦੇ ਹਨ, ਜੇ ਵੇਖੀ ਜਾਣ ਅਤੇ ਵਿਆਖਿਆ ਕੀਤੀ ਜਾਣ ਵਾਲੀ ਵਸਤ ਅਜਿਹਾ ਬਿੰਬ ਹੋਵੇ ਜਿਹੜਾ ਵੇਖਿਆ, ਸੁਣਿਆ ਅਤੇ ਛੂਹਿਆ ਜਾ ਸਕੇ। ਵਿਚਾਰਾਂ ਦਾ ਇੱਕ ਪਾਸਿਓ ਦੂਜੇ ਪਾਸੇ ਜਾਣਾ, ਜਿਹੜਾ ਸੋਚਣ ਦਾ ਤੱਤ ਹੈ ਤਾਂ ਹੀ ਸੰਭਵ ਹੈ ਜੇ ਜਿਸ ਸਬੰਧੀ ਵਿਚਾਰ ਹੋ ਰਹੀ ਹੈ ਉਹਦੀ ਇੱਕ ਅਸਲੀ, ਪ੍ਰਤੱਖ ਉਦਾਹਰਣ ਜਾਂ ਅਤਿ-ਅੰਤ ਸਪਸ਼ਟ ਸ਼ਾਬਦਕ ਚਿਤਰ, ਜਿਸ ਰਾਹੀਂ ਬੱਚਾ ਵੇਖ, ਸੁਣ ਅਤੇ ਟੋਹ ਸਕਦਾ ਹੈ, ਉਹਦੇ ਸਾਹਮਣੇ ਹੋਵੇ (ਇਸੇ ਲਈ ਬੱਚੇ ਪਰੀ-ਕਹਾਣੀਆਂ ਨੂੰ ਇਨਾਂ ਪਸੰਦ ਕਰਦੇ ਹਨ)।
ਬੱਚੇ ਦੇ ਦਿਮਾਗ ਦੇ ਖਾਸੇ ਕਾਰਨ ਇਹ ਲਾਜ਼ਮੀ ਹੈ ਕਿ ਉਹਨੂੰ ਐਨ ਸੋਚ ਦੇ ਸੋਮਿਆਂ ਦੀ ਸਿੱਖਿਆ ਦਿੱਤੀ ਜਾਵੇ, ਸਪਸ਼ਟ ਅਤੇ ਸਭ ਤੋਂ ਮਹੱਤਵਪੂਰਨ ਬਿੰਬਾਂ ਦੀ, ਤਾਂ ਜੁ ਉਹਦੇ ਵਿਚਾਰ ਪ੍ਰਤੱਖ ਬਿੰਬ ਤੋਂ ਬਿੰਬ ਵਿੱਚ ਸ਼ਾਮਲ ਸੂਚਨਾ ਉੱਤੇ ਅਮਲ ਵੱਲ ਚਲੇ ਜਾਣਾ। ਜੇ ਬੱਚਿਆਂ ਨੂੰ ਪ੍ਰਕਿਰਤੀ ਤੋਂ ਨਿਖੇੜ ਦਿੱਤਾ ਜਾਵੇ, ਜੇ ਆਪਣੀ ਪੜ੍ਹਾਈ ਦੇ ਪਹਿਲੇ ਦਿਨਾਂ ਤੋਂ ਬੱਚੇ ਕੇਵਲ ਸ਼ਬਦ ਹੀ ਵੇਖਦੇ ਹਨ ਤਾਂ ਉਹਨਾਂ ਦੇ ਦਿਮਾਗ਼ ਦੇ ਅੰਕੁਰ ਛੇਤੀ ਥੱਕ ਜਾਣਗੇ ਅਤੇ ਉਹ ਕੰਮ ਕਰਨ ਦੇ ਨਿਰਯੋਗ ਹੋਣਗੇ ਜਿਹੜਾ ਅਧਿਆਪਕ ਉਹਨਾਂ ਨੂੰ ਕਰਨ ਲਈ ਕਹਿਣਗੇ। ਇਹ ਲਾਜ਼ਮੀ ਹੈ ਕਿ ਉਹਨਾਂ ਦੇ ਦਿਮਾਗ ਦੇ ਅੰਕੁਰਾਂ ਨੂੰ ਵਿਕਸਤ ਕੀਤਾ ਜਾਵੇ, ਮਜ਼ਬੂਤ ਬਣਾਇਆ ਜਾਵੇ ਅਤੇ ਉਹਨਾਂ ਦੀ ਸ਼ਕਤੀ ਨੂੰ ਜਮ੍ਹਾਂ ਕੀਤਾ ਜਾਵੇ। ਇਹੋ ਕਾਰਨ ਹੈ ਕਿ ਮੁਢਲੀਆਂ ਸ਼੍ਰੇਣੀਆਂ ਵਿੱਚ ਅਧਿਆਪਕ ਅਕਸਰ ਬੱਚੇ ਨੂੰ ਸ਼ਾਂਤ ਬੈਠਾ, ਅਧਿਆਪਕ ਦੀਆਂ ਅੱਖਾਂ ਵਿੱਚ ਇੳਂੁ ਝਾਕਦਾ ਜਿਵੇਂ ਉਹ ਧਿਆਨ ਨਾਲ ਸੁਣ ਰਿਹਾ ਹੋਵੇ, ਪਰ ਕੁਝ ਨਾ ਸਮਝਦਾ ਵੇਖਦੇ ਹਨ, ਕਿੳਂੁਕਿ ਅਧਿਆਪਕ ਬੋਲੀ ਹੀ ਜਾਂਦਾ ਹੈ। ਉਹ ਜੇ ਕੁਝ ਸੁਣਦਾ ਹੈ ਉਹ ਨਿਯਮਾਂ, ਮਸਲਿਆਂ ਅਤੇ ਉਦਾਹਰਣਾਂ ਸੰਬੰਧੀ ਹੁੰਦਾ ਹੈ, ਜੋ ਸਭ ਕੁਝ ਅਮੂਰਤ ਅਤੇ ਆਮ ਹੈ- ਇਹਦੇ ਵਿੱਚ ਕੋਈ ਜਿਊਦੇ ਬਿੰਬ ਨਹੀਂ ਅਤੇ ਬੱਚੇ ਦਿਮਾਗ਼ ਥੱਕ ਜਾਂਦਾ ਹੈ। ਔਕੜਾਂ ਇੱਥੋਂ ਸ਼ੁਰੂ ਹੁੰਦੀਆਂ ਹਨ। ਇਹ ਲਾਜ਼ਮੀ ਹੈ ਕਿ ਬੱਚੇ ਦੀ ਸੋਚ ਨੂੰ ਪ੍ਰਕਿਰਤੀ ਵਿੱਚ ਵਿਕਸਤ ਕੀਤਾ ਅਤੇ ਮਜ਼ਬੂਤ ਬਣਾਇਆ ਜਾਵੇ- ਬੱਚੇ ਦੇ ਸਰੀਰ ਦੇ ਵਿਕਾਸ ਦੇ ਪ੍ਰਕਿਰਤਕ ਨਿਯਮ ਇਸ ਗੱਲ ਦੀ ਮੰਗ ਕਰਦੇ ਹਨ। ਇਸੇ ਕਾਰਨ ਹੀ ਪ੍ਰਕਿਰਤੀ ਵਿੱਚ ਹਰ ਫੇਰੀ ਸੋਚਣ ਸੰਬੰਧੀ ਇੱਕ ਸਬਕ ਹੈ, ਮਨ ਦੇ ਵਿਕਾਸ ਸੰਬੰਧੀ ਇੱਕ ਸਬਕ ਹੈ।
ਅਸੀਂ ਦਫ਼ਣਾਉਣ ਵਾਲੇ ਟਿੱਥੇ ੳੁੱਤੇ ਬੈਠੇ ਸਾਂ ਅਤੇ ਸਾਡੇ ਆਲੇ-ਦੁਆਲੇ ਚਾਰੇ ਪਾਸੇ ਟਿੱਡਿਆਂ ਦੀ ਸੰਗੀਤ ਮੰਡਲੀ ਗਾ ਰਹੀ ਸੀ ਅਤੇ ਹਵਾ ਵਿੱਚ ਸਤੈਪ ਦੇ ਘਾਹ ਦੀ ਖੁਸ਼ਬੋ ਸੀ। ਅਸੀਂ ਚੁੱਪ-ਚਾਪ ਬੈਠੇ ਰਹੇ। ਤੁਹਾਡੇ ਲਈ ਬੱਚਿਆਂ ਨੂੰ ਬਹੁਤ ਕੁਝ ਕਹਿਣ ਦੀ, ਉਹਨਾਂ ਨੂੰ ਲੈਕਚਰਾਂ ਅਤੇ ਸ਼ਬਦਾਂ ਨਾਲ ਭਰਨ ਦੀ ਲੋੜ ਨਹੀਂ ਹੁੰਦੀ-ਬਹੁਤ ਸੁਆਦ ਨਹੀਂ ਸਗੋਂ ਸ਼ਾਬਦਕ ਰਜ, ਸਭ ਤੋਂ ਹਾਨੀਕਾਰਕ ਰਜਾਂ ਵਿੱਚੋਂ ਇੱਕ ਹੈ। ਬੱਚੇ ਨੂੰ ਨਾ ਕੇਵਲ ਅਧਿਆਪਕ ਦੀਆਂ ਗੱਲਾਂ ਸੁਣਨ ਦੀ ਲੋੜ ਹੁੰਦੀ ਹੈ ਸਗੋਂ ਚੁੱਪ ਰਹਿਣ ਦੀ ਵੀ ਲੋੜ ਹੁੰਦੀ ਹੈ। ਉਹਨੇ ਜੋ ਕੁਝ ਵੇਖਿਆ ਅਤੇ ਸੁਣਿਆ ਹੁੰਦਾ ਹੈ ਇਹਨਾ ਛਿਣਾਂ ਵਿੱਚ ਉਹਨੂੰ ਸਮਝਣ ਦਾ ਜਤਨ ਕਰਦਾ ਹੈ। ਇਹ ਮਹੱਤਵਪੂਰਨ ਹੈ ਕਿ ਅਧਿਆਪਕ ਇਸ ਗੱਲ ਦੀ ਹੱਦ ਮੁਕੱਰਰ ਕਰੇ ਕਿ ਸ੍ਰੇਣੀ ਵਿੱਚ ਕਿੰਨਾ ਬੋਲਣਾ ਹੈ। ਇਹ ਲਾਜ਼ਮੀ ਹੈ ਕਿ ਬੰਦਾ ਬੱਚਿਆਂ ਨੂੰ ਬੇਹਰਕਤ ਸ਼ਬਦ ਕਬੂਲਣ ਵਾਲਿਆਂ ਵਿੱਚ ਤਬਦੀਲ ਨਾ ਕਰ ਦੇਵੇ। ਚਿਤਰਾਂ ਜਾਂ ਸ਼ਾਬਦਕ ਬਿੰਬ ਨੂੰ ਸਮਝਣ ਲਈ ਬਹੁਤ ਸਮੇਂ ਅਤੇ ਤੰਤੂ ਬਲ ਦੀ ਲੋੜ ਹੁੰਦੀ ਹੈ। ਬੱਚੇ ਨੂੰ ਸੋਚਣ ਦੇਣਾ ਅਧਿਆਪਕ ਦੀ ਸਭ ਤੋਂ ਸੂਖਮ ਸਿਫਤਾਂ ਵਿੱਚੋਂ ਇੱਕ ਹੈ। ਅਤੇ ਪ੍ਰਕਿਰਤੀ ਦੇ ਵਿਚਕਾਰ ਬੱਚੇ ਨੂੰ ਸੋਚਣ, ਆਲੇ ਦੁਆਲੇ ਵੇਖਣ ਅਤੇ ਅਨੁਭਵ ਕਰਨ ਦੀ ਸੰਭਵਾਨਾ ਦੇਣਾ ਲਾਜ਼ਮੀ ਹੈ।…
ਅਸੀਂ ਟਿੱਡਿਆ ਦੀ ਸੰਗੀਤ-ਮੰਡਲੀ ਨੂੰ ਸੁਣਦੇ ਰਹੇ। ਮੈਂ ਖੁਸ਼ ਸਾਂ ਕਿ ਬੱਚੇ ਇਸ ਸ਼ਾਨਦਾਰ ਸੰਗੀਤ ਵਿੱਚ ਵਹਿ ਗਏ ਸਨ। ਸ਼ਾਲਾ ਇਹ ਸ਼ਾਂਤ ਸ਼ਾਮ, ਖੇਤਾਂ ਦੀ ਖੁਸ਼ਬੋ ਅਤੇ ਅਦਭੁਤ ਅਵਾਜਾਂ ਨਾਲ ਗੜੁੱਚੀ ਸਦਾ ਲਈ ਉਹਨਾਂ ਦੇ ਮਨਾਂ ਉੱਤੇ ਉੱਕਰੀ ਜਾਵੇ। ਸਮਾਂ ਆਵੇਗਾ ਕਿ ਉਹ ਟਿੱਡਿਆਂ ਸੰਬੰਧੀ ਕਹਾਣੀਆਂ ਘੜਨਗੇ।
ਪਰ ਬੱਚਿਆਂ ਦੀਆਂ ਸੋਚਾਂ ਭਰੀਆਂ ਤੱਕਣੀਆਂ ਕਿਵੇਂ ਅਸਤ ਹੋ ਰਹੇ ਸੂਰਜ ਉੱਤੇ ਟਿਕੀਆਂ ਸਨ। ਸੂਰਜ ਦਿਸ-ਹਦੇ ਤੋਂ ਹੇਠਾਂ ਉੱਤਰ ਗਿਆ ਸੀ ਅਤੇ ਅਸਮਾਨ ਸੂਰਜ-ਅਸਤ ਦੀਆਂ ਭਾਹਾਂ ਅਤੇ ਝਲਕਾਂ ਨਾਲ ਭਰਿਆ ਹੋਇਆ ਸੀ।
“ਵੇਖੋ! ਸੂਰਜ ਆਰਾਮ ਕਰਨ ਚਲਾ ਗਿਆ ਹੈ,” ਲਾਰੀਸਾ ਨੇ ਕਿਹਾ, ਉਹਦਾ ਮੂੰਹ ਉਦਾਸਿਆ ਗਿਆ।
“ਲੁਹਾਰ ਸੂਰਜ ਲਈ ਉਹਦਾ ਚਾਂਦੀ ਦਾ ਹਾਰ ਲਿਆਏ ਨੇ।… ਉਹਨੇ ਕੱਲ ਵਾਲਾ ਹਾਰ ਕਿੱਥੇ ਰੱਖ ਦਿੱਤੈ?” ਲੀਦਾ ਨੇ ਪੁੱਛਿਆ।
ਬੱਚੇ ਕਹਾਣੀ ਦੇ ਜਾਰੀ ਰਹਿਣ ਦੀ ਉਡੀਕ ਕਰਦੇ ਹੋਏ ਮੇਰੇ ਵਲ ਵੇਖ ਰਹੇ ਸਨ, ਪਰ ਮੈਂ ਅਜੇ ਇਹ ਨਿਰਣਾ ਨਹੀਂ ਸੀ ਕੀਤਾ ਕਿ ਕਿਸ ਕਿਸਮ ਦਾ ਬਿੰਬ ਵਰਤਾਂ। ਫ਼ੈਦੀਆਂ ਨੇ ਮੇਰੀ ਸਹਾਇਤਾ ਕੀਤੀ।
“ਹਾਰ ਅਸਮਾਨ ਉੱਤੇ ਖਿਲਰਿਆ ਪਿਐ” ਉਹਨੇ ਸ਼ਾਂਤ ਢੰਗ ਨਾਲ ਕਿਹਾ। ਡੂੰਘੀ ਚੁੱਪ- ਅਸੀਂ ਸਾਰੇ ਇਹ ਸੁਨਣ ਲਈ ਉਡੀਕ ਰਹੇ ਸਾਂ ਕਿ ਫੈਦੀਆ ਅੱਗੋਂ ਕੀ ਕਹੇਗਾ। ਅਸਲ ਵਿੱਚ ਇਹ ਕੱਲ੍ਹ ਵਾਲੀ ਕਹਾਣੀ ਜਾਰੀ ਰੱਖਣਾ ਸੀ, ਜਿਸਨੂੰ ਉਹਨੇ ਸਪੱਸ਼ਟ ਤੌਰ ’ਤੇ ਅੱਗੇ ਵਧਾਇਆ ਸੀ। ਪਰ ਉਹ ਚੁੱਪ ਕਰ ਗਿਆ, ਸ਼ਾਇਦ ਸੰਗ ਕਰਕੇ। ਮੈਂ ਉਹਦੀ ਸਹਾਇਤਾ ਕੀਤੀ।
“ਹਾਂ ਹਾਰ ਅਸਮਾਨ ਉੱਤੇ ਖਿਲਰਿਆ ਹੋਇਆ ਹੈ। ਪੂਰੇ ਦਿਨ ਪਿੱਛੋਂ ਇਹ ਸੂਰਜ ਦੇ ਛੱਤਿਆਂ ਉੱਤੇ ਪਿਆ ਗਰਮ ਹੋ ਜਾਂਦਾ ਹੈ ਅਤੇ ਮੋਮ ਵਾਂਗ ਨਰਮ ਹੋ ਜਾਂਦਾ ਹੈ। ਸੂਰਜ ਇਹਨੂੰ ਆਪਣੇ ਭੱਖਦੇ ਹੱਥਾਂ ਨਾਲ ਛੋਂਹਦਾ ਹੈ ਅਤੇ ਸੁਨਹਿਰੀ ਧਾਰ ਨੂੰ ਸ਼ਾਮ ਦੇ ਅਸਮਾਨ ਉੱਤੇ ਡੋਲ੍ਹ ਦਿੰਦਾ ਹੈ। ਅਰਾਮ ਕਰਨ ਜਾ ਰਹੇ ਸੂਰਜ ਦੀਆਂ ਆਖਰੀ ਕਿਰਨਾਂ ਇਸ ਧਾਰ ਦੀ ਲੋਅ ਹਨ- ਵੇਖੋ ਤੁਸੀਂ ਉਹਨਾਂ ਨੂੰ ਵੇਖ ਸਕਦੇ ਹੋ- ਅਤੇ ਉਹ ਗੁਲਾਬੀ ਰੰਗਾਂ ਨਾਲ ਖੇਡਦੀ ਹੈ, ਫਿਰ ਉਹ ਝਿਲਮਿਲਾਉਂਦੀ ਹੈ ਅਤੇ ਹਨੇਰੀ ਹੋ ਜਾਂਦੀ ਹੈ। ਸੂਰਜ ਦੂਰ, ਹੋਰ ਦੂਰ ਚਲਾ ਜਾਂਦਾ ਹੈ। ਵੇਖੋ! ਛੇਤੀ ਹੀ ਉਹ ਅਸਮਾਨ ਵਿੱਚ ਆਪਣੇ ਜਾਦੂਈ ਬਾਗ਼ ਵਿੱਚ ਚਲਾ ਜਾਵੇਗਾ ਅਤੇ ਤਾਰੇ ਟਿਮਟਿਮਾੳਂੁਣ ਲੱਗ ਪੈਣਗੇ।…”
“ਤਾਰੇ ਕੀ ਹੁੰਦੇ ਹਨ? ਇਹ ਟਿਮਟਿਮਾਉਂਦੇ ਕਿਉਂ ਹਨ? ਇਹ ਕਿੱਥੋਂ ਆਉਂਦੇ ਹਨ? ਅਸੀਂ ਉਹਨਾਂ ਨੂੰ ਦਿਨੇ ਕਿਉਂ ਨਹੀਂ ਵੇਖ ਸਕਦੇ?” ਬੱਚਿਆਂ ਨੇ ਪੁੱਛਿਆ। ਪਰ ਮਨੁੱਖ ਨੂੰ ਬਿੰਬਾਂ ਦੀ ਬਹੁਲਤਾ ਨਾਲ ਬੱਚਿਆਂ ਤੇ ਭਾਰੂ ਨਹੀਂ ਹੋ ਜਾਣਾ ਚਾਹੀਦਾ। ਇਹ ਇੱਕ ਦਿਨ ਲਈ ਕਾਫੀ ਸੀ ਅਤੇ ਮੈਂ ਬੱਚਿਆਂ ਦਾ ਧਿਆਨ ਹੋਰ ਪਾਸੇ ਲਾਇਆ।
“ਸਤੈਪ ਦੀ ਮੈਦਾਨ ਵੱਲ ਵੇਖੋ। ਵੇਖੋ ਘਾਟੀ ਵਿੱਚ, ਜੂਹ ਵਿੱਚ ਅਤੇ ਨੀਵੀਆਂ ਥਾਵਾਂ ਉੱਤੇ ਕਿਵੇਂ ਹਨੇਰਾ ਹੁੰਦਾ ਜਾ ਰਿਹਾ? ਟਿੱਬਿਆਂ ਵੱਲ ਦੇਖੋ, ਉਹ ਕਿੰਨੇ ਨਰਮ ਜਾਪਦੇ ਹਨ, ਕਿਵੇਂ ਉਹ ਸ਼ਾਮ ਦੇ ਧੁੰਦਲਕੇ ਵਿੱਚ ਵਹਿੰਦੇ ਜਾਪਦੇ ਹਨ। ਟਿੱਬੇ ਭੂਰੇ ਹੁੰਦੇ ਜਾ ਰਹੇ ਹਨ। ਉਹਨਾਂ ਦੇ ਤਲ ਵੱਲ ਦੇਖੋ- ਓਥੇ ਤੁਹਾਨੂੰ ਕੀ ਦਿਸਦਾ ਹੈ?”
“ਜੰਗਲ…ਝਾੜੀਆਂ…ਗਊਆਂ ਦਾ ਇੱਕ ਇੱਜੜ…ਭੇਡਾਂ ਸਮੇਤ ਆਜੜੀ। ਖੇਤਾਂ ਵਿੱਚ ਰਾਤ ਬਿਤਾਉਣ ਦੀ ਤਿਆਰੀ ਕਰ ਰਹੇ ਲੋਕ, ਧੂਣੀ ਬਾਲਦੇ ਹੋਏ, ਪਰ ਤੁਸੀਂ ਇਹਨੂੰ ਨਹੀਂ ਵੇਖ ਸਕਦੇ; ਤੁਸੀਂ ਕੇਵਲ ਧੂੰ ਹੀ ਵੇਖ ਸਕਦੇ ਹੋ।…” ਹਨੇਰੇ ਹੋ ਰਹੇ ਟਿੱਬਿਆਂ ਵੱਲ ਦੇਖਦੇ ਹੋਏ ਇਹ ਸ਼ੈਆਂ ਬੱਚਿਆਂ ਦੀ ਕਲਪਣਾ ਵਿੱਚ ਪੈਦਾ ਹੋਈਆਂ। ਮੈਂ ਬੱਚਿਆਂ ਨੂੰ ਕਿਹਾ ਕਿ ਘਰ ਜਾਣ ਦਾ ਸਮਾਂ ਹੋ ਗਿਆ ਹੈ ਪਰ ਉਹ ਜਾਣਾ ਨਹੀਂ ਸਨ ਚਾਹੁੰਦੇ। ਉਹਨਾਂ ਕਿਹਾ, ਕੀ ਅਸੀਂ ਹੋਰ ਕੁਝ ਮਿੰਟ ਬਹਿ ਸਕਦੇ ਹਾਂ। ਸ਼ਾਮ ਦੀਆਂ ਘੜੀਆਂ ਵਿੱਚ ਜਦੋਂ ਸੰਸਾਰ ਰਹੱਸ ਵਿੱਚ ਲਿਪਟਿਆ ਹੁੰਦਾ ਹੈ, ਬੱਚਿਆਂ ਦੀ ਕਲਪਨਾ ਉੱਚੀਆਂ ਉਡਾਰੀਆਂ ਲਾਉਂਦੀ ਹੈ।
ਮੈਂ ਕੇਵਲ ਇੰਨਾ ਕਿਹਾ ਕਿ ਸ਼ਾਮ ਦਾ ਧੁੰਦਲਕਾ ਅਤੇ ਹਨੇਰਾ ਦੁਰਾਡੀਆਂ ਘਾਟੀਆਂ ਅਤੇ ਜੰਗਲਾਂ ਤੋਂ ਦਰਿਆ ਵਾਂਗ ਵਹਿੰਦੇ ਆੳਂੁਦੇ ਹਨ ਅਤੇ ਬੱਚਿਆਂ ਦੀ ਕਲਪਨਾਵਾਂ ਵਿੱਚ ਦੋ ਅਣੋਖੇ ਜੀਵਾਂ- ਹਨੇਰੇ ਅਤੇ ਧੁੰਦਲਕੇ- ਦੇ ਬਿੰਬ ਪਹਿਲਾਂ ਹੀ ਉੱਭਰ ਪਏ ਸਨ। ਸਾਨੀਆ ਨੇ ਇਹਨਾਂ ਸੰਬੰਧੀ ਕਹਾਣੀ ਸੁਣਾਈ: ਉਹ ਸਭ ਤੋਂ ਦੁਰਾਡੇ ਜੰਗਲ ਤੋਂ ਪਰ੍ਹੇ ਇੱਕ ਦੁਰਾਡੀ ਖੋਹ ਵਿੱਚ ਰਹਿੰਦੇ ਹਨ। ਦਿਨੇ ਉਹ ਡਿੱਗ ਕੇ ਇਸ ਅਥਾਹ ਹਨੇਰੇ ਟੋਏ ਵਿੱਚ ਚਲੇ ਜਾਂਦੇ ਹਨ। ਉਹ ਸੌਂਦੇ ਹਨ ਅਤੇ ਸੁਪਨੇ ਲੈਂਦੇ ਹੋਏ ਉਹ ਹੳਂੁਕੇ ਭਰਦੇ ਹਨ (ਉਹ ਹਾਉਂਕੇ ਕਿਉਂ ਭਰਦੇ ਹਨ, ਇਹ ਗੱਲ ਕੇਵਲ ਕਹਾਣੀ ਸੁਣਾਉਣ ਵਾਲੇ ਲਈ ਹੀ ਸਪਸ਼ਟ ਸੀ…)। ਪਰ ਜਿਉਂ ਹੀ ਸੂਰਜ ਆਪਣੇ ਜਾਦੂਈ ਬਾਗ਼ ਵਿੱਚ ਦਾਖ਼ਲ ਹੁੰਦਾ ਹੈ, ਉਹ ਆਪਣੀ ਲੁਕਣ ਵਾਲੀ ਥਾਂ ਵਿੱਚੋਂ ਬਾਹਰ ਆਉਂਦੇ ਹਨ। ਉਹਨਾਂ ਦੇ ਬਹੁਤ ਵੱਡੇ ਪੰਜੇ ਨਰਮ ਉੱਨ ਨਾਲ ਕੱਜੇ ਹੋਏ ਹਨ, ਇਸ ਲਈ ਕੋਈ ਉਹਨਾਂ ਦੀ ਪੈੜ ਨਹੀਂ ਸੁਣ ਸਕਦਾ। ਧੁੰਦਲਕਾ ਅਤੇ ਹਨੇਰੇ ਦਿਆਲ, ਅਮਨ-ਭਰੇ, ਪਿਆਰ ਕਰਨ ਵਾਲੇ ਜੀਵ ਹਨ, ਜਿਹੜੇ ਕਿਸੇ ਨੂੰ ਜਿਆਂ ਨਹੀਂ ਪੁਚਾੳਂੁਦੇ।
ਬੱਚੇ ਇਸ ਸੰਬੰਧੀ ਕਹਾਣੀ ਬਣਾਉਣ ਲਈ ਤਿਆਰ ਸਨ ਕਿ ਧੁੰਦਲਕਾ ਅਤੇ ਹਨੇਰਾ ਕਿਵੇਂ ਉਹਨਾਂ ਨੂੰ ਲੋਰੀ ਦੇਕੇ ਸੰਵਾੳਂੁਦੇ ਹਨ, ਪਰ ਇੱਕ ਦਿਨ ਲਈ ਕਾਫੀ ਹੋ ਗਿਆ ਸੀ। ਅਸੀਂ ਘਰ ਵਲ ਚੱਲ ਪਏ, ਬੱਚਿਆਂ ਪੁੱਛਿਆ ਕਿ ਉਹ ਅਗਲੀ ਸ਼ਾਮ ਨੂੰ ਵੀ ਆ ਸਕਦੇ ਹਨ, ਜਦੋਂ, ਵਾਰੀਆ ਅਨੁਸਾਰ “ਕਹਾਣੀਆਂ ਘੜਨਾ ਸੌਖੇਰਾ ਹੁੰਦਾ ਹੈ।”
ਬੱਚੇ ਇੰਨੀ ਉਤਸੁਕਤਾ ਨਾਲ ਪਰੀ-ਕਹਾਣੀਆਂ ਕਿੳਂੁ ਸੁਣਦੇ ਹਨ ? ਉਹ ਧੁੰਦਲਕੇ ਨੂੰ ਕਿਉਂ ਪਸੰਦ ਕਰਦੇ ਹਨ, ਜਦੋਂ ਆਪ ਵਾਯੂ-ਮੰਡਲ ਕਲਪਨਾ ਦੀ ਉਡਾਰੀਆਂ ਦੀ ਸਹਾਇਤਾ ਕਰਦਾ ਹੈ ? ਕਿਉਂ ਪਰੀ-ਕਹਾਣੀਆਂ ਕਿਸੇ ਵੀ ਬੱਚੇ ਦੀ ਬੋਲਣ ਦੀ ਸ਼ਕਤੀ ਨੂੰ ਵਿਕਸਤ ਕਰਦੀਆਂ ਅਤੇ ਸੋਚਣ ਦੇ ਅਮਲ ਨੂੰ ਪਕੇਰਾ ਬਣਾਉਦੀਆਂ ਹਨ? ਕਿੳਂੁਕਿ ਪਰੀ-ਕਹਾਣੀਆਂ ਦੋ ਬਿੰਬਾਂ ਵਿੱਚ ਸਪਸ਼ਟ ਤੌਰ ਉੱਤੇ ਭਾਵੁਕ ਰੰਗਣ ਹੁੰਦੀ ਹੈ। ਪਰੀ-ਕਹਾਣੀਆਂ ਦੇ ਸ਼ਬਦ ਬੱਚੇ ਦੀ ਕਲਪਨਾ ਵਿੱਚ ਜਿੳਂੂਦੇ ਹਨ। ਜਦੋਂ ਉਹ ਕਲਪਨਾ ਵੱਲੋਂ ਚਿਤਰੇ ਸ਼ਬਦ ਸੁਣਦਾ ਜਾਂ ਕਹਿੰਦਾ ਹੈ ਤਾਂ ਉਹਦਾ ਦਿਲ ਰੁਕ ਜਾਂਦਾ ਹੈ। ਮੈਂ ਕੇਵਲ ਪਰੀ-ਕਹਾਣੀਆਂ ਸੁਣਨ ਤੋਂ ਹੀ ਨਹੀਂ, ਘੜਨ ਤੋਂ ਬਿਨਾਂ ਵੀ ਸਕੂਲ ਦੀ ਸਿੱਖਿਆ ਦੀ ਕਲਪਨਾ ਨਹੀਂ ਕਰ ਸਕਦਾ।
No comments:
Post a Comment