“ਸਭ ਕਿਸੇ ਲਈ ਉਤਸਾਹਿਤ ਕਰਨ ਵਾਲਾ ਆਦਰਸ਼, ਉਦੇਸ਼ ਲਈ ਮਰਨਾ ਨਾ ਹੋ ਕੇ, ਉਦੇਸ਼ ਲਈ ਜਿਉਣਾ ਹੋਣਾ ਚਾਹੀਦਾ ਹੈ” ਭਗਤ ਸਿੰਘ

Tuesday, November 27, 2012

ਲਿ. ਨਿ. ਤਾਲਸਤਾਏ ਤੇ ਆਧੁਨਿਕ ਕਿਰਤੀ ਲਹਿਰ.......ਲੈਨਿਨ



ਵੀ.ਆਈ. ਲੈਨਿਨ

ਰੂਸ ਦੇ ਲਗਭਗ ਸਾਰੇ ਹੀ ਵੱਡੇ-ਵੱਡੇ ਸ਼ਹਿਰਾਂ ਦੇ ਰੂਸੀ ਮਜ਼ਦੂਰਾਂ ਨੇ ਹੁਣ ਤੱਕ ਲਿ. ਨਿ. ਤਾਲਸਤਾਏ ਦੀ ਮੌਤ ਦੇ ਸੰਬੰਧ ਵਿੱਚ ਆਪਣਾ ਪ੍ਰਤੀਕਰਮ ਦੇ ਦਿੱਤਾ ਹੈ ਤੇ, ਇੱਕ ਜਾਂ ਦੂਜੇ ਤਰੀਕੇ ਨਾਲ, ਇਸ ਲੇਖਕ ਵੱਲ, ਜਿਸ ਲੇਖਕ ਨੇ ਬੇਹੱਦ ਸ਼ਾਨਦਾਰ ਕਲਾ-ਕਿਰਤਾਂ ਸਿਰਜੀਆਂ, ਜਿੰਨ੍ਹਾਂ ਨੇ ਉਸਨੂੰ ਦੁਨੀਆਂ ਦੇ ਮਹਾਨ ਲੇਖਕ ਦੀਆਂ ਸਫਾਂ ਵਿੱਚ ਲਿਆ ਖੜਾ ਕੀਤਾ, ਤੇ ਇਸ ਚਿੰਤਕ ਵੱਲ ਆਪਣਾ ਵਤੀਰਾ ਪ੍ਰਗਟ ਕਰ ਦਿੱਤਾ ਹੈ ਜਿਸਨੇ ਅਥਾਹ ਸ਼ਕਤੀ, ਸਵੈ-ਵਿਸ਼ਵਾਸ ਤੇ ਸ਼ੁਹਿਰਦਤਾ ਨਾਲ ਆਧੁਨਿਕ ਰਾਜਸੀ ਤੇ ਸਮਾਜਕ ਪ੍ਰਬੰਧ ਦੇ ਬੁਨਿਆਦੀ ਲੱਛਣਾਂ ਸੰਬੰਧੀ ਕਈ ਸਵਾਲ ਉਠਾਏ। ਕੁੱਲ ਮਿਲਾ ਕੇ, ਇਹ ਵਤੀਰਾ ਅਖ਼ਬਾਰਾਂ ਵਿੱਚ ਛਪੀ ਉਸ ਤਾਰ ਵਿੱਚ ਪ੍ਰਗਟ ਹੁੰਦਾ ਹੈ ਜਿਹੜੀ ਤੀਜੀ ਦੂਮਾਂ ਵਿਚਲੇ ਮਜ਼ਦੂਰ ਡਿਪਟੀਆਂ ਵੱਲੋਂ ਭੇਜੀ ਗਈ ਸੀ।

ਲਿ. ਤਾਲਸਤਾਏ ਨੇ ਆਪਣਾ ਸਾਹਿਤਕ ਜੀਵਨ ਉੱਦੋਂ ਸ਼ੁਰੂ ਕੀਤਾ ਜਦੋਂ ਭੂਮੀ-ਗੁਲਾਮੀ ਅਜੇ ਕਾਇਮ ਸੀ ਪਰ ਐਸੇ ਸਮੇਂ, ਜਦੋਂ ਇਹ ਪਹਿਲਾਂ ਹੀ ਸਪਸ਼ਟ ਤੌਰ ਉੱਤੇ ਆਪਣੇ ਆਖਰੀ ਦਿਨ ਕੱਟ ਰਹੀ ਸੀ। ਤਾਲਸਤਾਏ ਦੀ ਮੁੱਖ ਸਰਗਰਮੀ ਰੂਸੀ ਇਤਿਹਾਸ ਦੇ ਉਸ ਦੌਰ ਵਿੱਚ ਆਉਂਦੀ ਹੈ ਜਿਹੜਾ ਇਸਦੇ ਦੋ ਮੋੜਾਂ- 1861 ਤੇ 1905- ਵਿਚਕਾਰ ਆਉਦਾ ਹੈ। ਇਸ ਸਾਰੇ ਦੌਰ ਵਿੱਚ ਭੂਮੀ-ਗੁਲਾਮੀ ਦੇ ਨਿਸ਼ਾਨ, ਇਸਦੀ ਸਿੱਧੀ ਰਹਿੰਦ-ਖੂੰਹਦ ਦੇਸ਼ ਦੇ ਸਾਰੇ ਆਰਥਕ (ਖਾਸ ਕਰਕੇ ਪਿੰਡ ਵਿੱਚ) ਤੇ ਰਾਜਸੀ ਜੀਵਨ ਵਿੱਚ ਭਰੀ ਪਈ ਸੀ। ਤੇ ਇਸਦੇ ਨਾਲ ਹੀ ਇਹ ਹੇਠਾਂ ਵੱਲੋਂ ਸਰਮਾਇਦਾਰੀ ਦੇ ਤੇਜ-ਚਾਲ ਵਾਧੇ ਦਾ ਤੇ ਉੱਪਰ ਵੱਲੋਂ ਇਸ ਨੂੰ ਠੋਸਣ ਦਾ ਦੌਰ ਸੀ।

 
ਲਿ. ਨਿ. ਤਾਲਸਤਾਏ

ਭੂਮੀ-ਗੁਲਾਮੀ ਦੀ ਰਹਿੰਦ ਖੂੰਹਦ ਕਿੰਨ੍ਹਾਂ ਚੀਜਾਂ ਵਿੱਚ ਪ੍ਰਗਟ ਹੁੰਦੀ ਸੀ ? ਸਭ ਤੋਂ ਵੱਧ ਤੇ ਸਭ ਤੋਂ ਸਪਸ਼ਟ ਇਸ ਤੱਥ ਵਿੱਚ ਕਿ ਰੂਸ ਵਿੱਚ, ਜੋ ਕਿ ਮੁੱਖ ਤੌਰ ੳੁੱਤੇ ਜਰਾਇਤੀ ਦੇਸ਼ ਹੈ, ਉਸ ਵੇਲੇ ਜਾਰਇਤ ਤਬਾਹ ਹੋਈ, ਕੰਗਾਲ ਬਣੀ ਕਿਸਾਨੀ ਦੇ ਹੱਥਾਂ ਵਿੱਚ ਸੀ ਜਿਹੜੀ ਪੁਰਾਣੀਆਂ ਸਾਮੰਤੀ ਅਲਾਟਮੈਟਾਂ ੳੁੱਪਰ, ਜਿਹੜੀਆਂ ਭੂਮੀਪਤੀਆਂ ਦੇ ਭਲੇ ਲਈ 1861 ਵਿੱਚ ਕੱਟੀਆਂ ਗਈਆਂ ਸਨ, ਦਕਿਆਨੂਸੀ, ਆਦਿ-ਕਾਲੀਨ ਢੰਗਾਂ ਨਾਲ ਕੰਮ ਕਰਦੀ ਸੀ। ਤੇ, ਦੂਜੇ ਪਾਸੇ, ਜਰਾਇਤ ਉਹਨਾਂ ਭੂਮੀਪਤੀਆਂ ਦੇ ਹੱਥਾਂ ਵਿੱਚ ਸੀ ਜਿਹੜੇ ਕੇਂਦਰੀ ਰੂਸ ਵਿੱਚ “ਵੱਖ ਕੀਤੀਆਂ ਜਮੀਨਾਂ”, (ਰੂਸ ਵਿੱਚ ਭੂਮੀ-ਗੁਲਾਮੀ ਦੇ ਖਾਤਮੇ ਵੇਲੇ ਕਿਸਾਨਾਂ ਤੋਂ ਖੋਹ ਲਈਆਂ ਗਈਆਂ ਜਮੀਨਾਂ) ਚਾਰਾਗਾਹਾਂ ਪਾਣੀ ਡਾਹੁਣ ਵਾਲੀਆਂ ਥਾਵਾਂ ਤੱਕ ਪਹੁੰਚ ਦੇਣ ਆਦਿ ਦੇ ਇਵਜ ਕਿਸਾਨਾਂ ਦੀ ਕਿਰਤ, ਉਹਨਾਂ ਦੇ ਲੱਕੜ ਦੇ ਹਲ੍ਹਾਂ ਤੇ ਘੋੜਿਆਂ ਨਾਲ ਜਮੀਨ ਦੀ ਵਾਹੀ ਕਰਦੇ ਸਨ। ਹਰ ਤਰ੍ਹਾਂ ਨਾਲ ਇਹ ਆਰਥਕਤਾ ਦਾ ਪੁਰਾਣਾ ਸਾਮੰਤੀ ਪ੍ਰਬੰਧ ਸੀ। ਇਸ ਸਾਰੇ ਦੌਰ ਵਿੱਚ ਰੂਸ ਦਾ ਰਾਜਸੀ ਪ੍ਰਬੰਧ ਵੀ ਸਾਮੰਤਵਾਦ ਨਾਲ ਭਰਿਆ ਪਿਆ ਸੀ। ਇਸਦਾ ਪਤਾ 1905 ਵਿੱਚ ਇਸਨੂੰ ਬਦਲਣ ਲਈ ਕੀਤੀਆ ਗਈਆਂ ਪਹਿਲੀਆਂ ਕਾਰਵਾਈਆਂ ਤੋਂ ਪਹਿਲਾਂ ਦੀ ਰਾਜ ਦੀ ਬਣਤਰ ਤੋਂ, ਰਾਜ ਦੇ ਮਾਮਲਿਆਂ ਉੱਪਰ ਭੂਮੀਪਤੀ ਰਾਠਾਂ ਦੇ ਪ੍ਰਧਾਨ ਪ੍ਰਭਾਵ ਤੋਂ ਤੇ ਅਫਸਰਾਂ ਨੂੰ ਦਿੱਤੀ ਗਈ ਅਸੀਮਤ ਤਾਕਤ ਤੋਂ ਲਗਦਾ ਹੈ, ਜਿੰਨ੍ਹਾਂ ਦਾ ਕਿ ਬੁਹਤਾ ਹਿੱਸਾ-ਖਾਸ ਕਰਕੇ ਉਚੇਰੇ ਅਹੁਦਿਆਂ ਦੇ- ਭੂਮੀਪਤੀ ਰਾਠ-ਘਰਾਣਿਆਂ ਵਿੱਚੋਂ ਹੁੰਦੇ ਸਨ।

1861 ਤੋਂ ਪਿੱਛੋਂ ਸੰਸਾਰ ਸਰਮਾਇਦਾਰੀ ਦੇ ਪ੍ਰਭਾਵ ਹੇਠ ਇਹ ਪੁਰਾਣਾ ਵੱਡ-ਪਿਤਰੀ ਰੂਸ ਤੇਜੀ ਨਾਲ ਖੇਰੂੰ-ਖੇਰੂੰ ਹੋਣ ਲੱਗ ਪਿਆ। ਕਿਸਾਨ ਇੰਝ ਭੁੱਖ ਦਾ ਸ਼ਿਕਾਰ ਹੋ ਰਹੇ ਸਨ, ਮਰਦੇ ਜਾ ਰਹੇ ਸਨ, ਤਬਾਹ ਹੋ ਰਹੇ ਸਨ, ਜਿਵੇਂ ਪਹਿਲਾਂ ਕਦੀ ਨਹੀਂ ਸੀ ਹੋਇਆ, ਸ਼ਹਿਰਾਂ ਨੂੰ ਨੱਠ ਰਹੇ ਸਨ ਤੇ ਜਮੀਨ ਛੱਡ ਰਹੇ ਸਨ। ਤਬਾਹ ਹੋਏ ਕਿਸਾਨਾਂ ਦੀ “ਸਸਤੀ ਮਜਦੂਰੀ” ਸਦਕਾ ਰੇਲਵੇ, ਮਿੱਲਾਂ ਤੇ ਫੈਕਟਰੀਆਂ ਦੀ ਉਸਾਰੀ ਵਿੱਚ ਤੇਜੀ ਆ ਗਈ। ਵੱਡੇ ਪੈਮਾਨੇ ਦੇ ਵਪਾਰ ਤੇ ਸਨਅਤ ਦੇ ਨਾਲ-ਨਾਲ ਰੂਸ ਵਿੱਚ ਭਾਰੀ ਵਿੱਤੀ ਸਰਮਾਏ ਦਾ ਵਿਕਾਸ ਹੋ ਰਿਹਾ ਸੀ।

ਪੁਰਾਣੇ ਰੂਸ ਦੇ ਸਾਰੇ ਪੁਰਾਣੇ “ਥੰਮ੍ਹਾਂ” ਦੀ ਇਹ ਤੇਜ, ਦੁਖਦਾਈ ਜਬਰਦਸਤ ਤਬਾਹੀ ਹੀ ਸੀ, ਜਿਹੜੀ ਕਲਾਕਾਰ ਤਾਲਸਤਾਏ ਦੀਆਂ ਕਿਰਤਾਂ ਵਿੱਚ, ਤੇ ਚਿੰਤਕ ਤਾਲਸਤਾਏ ਦੇ ਵਿਚਾਰਾਂ ਵਿੱਚ ਝਲਕਦੀ ਸੀ।

ਤਾਲਸਤਾਏ ਨੂੰ ਪਂੇਡੂ ਰੂਸ ਦਾ, ਭੂਮੀਪਤੀਆਂ ਤੇ ਕਿਸਾਨਾਂ ਦੇ ਜੀਵਨ-ਢੰਗ ਦਾ ਕਿਸੇ ਨਾਲੋਂ ਵੀ ਜਿਅਦਾ ਗਿਆਨ ਸੀ। ਆਪਣੀਆਂ ਕਲਾਤਮਕ ਕਿਰਤਾਂ ਵਿੱਚ ਉਸਨੇ ਇਸ ਜੀਵਨ ਦੇ ਐਸੇ ਚਿਤਰ ਖਿੱਚੇ, ਜਿਨ੍ਹਾਂ ਨੂੰ ਸੰਸਾਰ ਸਾਹਿਤ ਦੀਆਂ ਸਭ ਤੋਂ ਚੰਗੀਆਂ ਕਿਰਤਾਂ ਵਿੱਚੋਂ ਮੰਨਿਆਂ ਜਾਂਦਾ ਹੈ। ਪਂੇਡੂ ਰੂਸ ਦੇ ਸਾਰੇ “ਪੁਰਾਣੇ ਥੰਮ੍ਹਾਂ” ਦੀ ਜਬਰਦਸਤ ਤਬਾਹੀ ਨੇ ਉਸਦੇ ਧਿਆਨ ਨੂੰ ਤੀਖਣ ਕਰ ਦਿੱਤਾ, ਆਪਣੇ ਆਲੇ-ਦੁਆਲੇ ਵਾਪਰਦੀਆਂ ਚੀਜਾਂ ਵਿੱਚ ਉਸਦੀ ਦਿਲਚਸਪੀ ਨੂੰ ਡੂੰਘਿਆਂ ਕਰ ਦਿੱਤਾ, ਤੇ ਉਸਦੇ ਸਾਰੇ ਸੰਸਾਰ ਦ੍ਰਿਸ਼ਟੀਕੋਨ ਵਿੱਚ ਬੁਨਿਆਦੀ ਤਬਦੀਲੀ ਲੈ ਆਂਦੀ। ਜਨਮ ਤੇ ਵਿੱਦਿਆ ਵੱਲੋਂ ਤਾਲਸਤਾਏ ਰੂਸ ਵਿਚਲੇ ਸਰਵੁੱਚ ਭੂਮੀਪਤੀ ਰਾਠ-ਘਰਾਣਿਆਂ ਨਾਲ ਸੰਬੰਧ ਰਖਦਾ ਸੀ।ਇਸ ਮਾਹੌਲ ਦੇ ਸਾਰੇ ਰਿਵਾਇਤੀ ਵਿਚਾਰਾਂ ਨਾਲੋਂ ਉਸਨੇ ਨਾਤਾ ਤੋੜ ਲਿਆ ਤੇ ਆਪਣੀਆਂ ਮਗਰਲੀਆਂ ਕਿਰਤਾਂ ਵਿੱਚ ਉਸਨੇ ਸਾਰੀਆਂ ਸਮਕਾਲੀ ਰਾਜਕੀ, ਧਾਰਮਕ, ਸਮਾਜਕ ਤੇ ਆਰਥਕ ਸੰਸਥਾਵਾਂ ਉੱਪਰ ਸਖਤ ਆਲੋਚਨਾ ਨਾਲ ਹਮਲਾ ਕੀਤਾ, ਜਿਹੜੀਆਂ ਲੋਕਾਂ ਨੂੰ ਗੁਲਾਮ ਬਨਾਉਣ ਉੱਪਰ, ਉਹਨਾਂ ਦੀ ਕੰਗਾਲੀ ਉੱਪਰ, ਕਿਸਾਨਾਂ ਦੀ ਤੇ ਆਮ ਕਰਕੇ ਨਿੱਕੇ ਕਾਰੋਬਾਰ ਮਾਲਕਾਂ ਦੀ ਤਬਾਹੀ ਉੱਪਰ, ਧਿੰਗੋ-ਜੋਰੀ ਤੇ ਦੰਭ ੳੁੱਪਰ ਆਧਾਰਤ ਸਨ, ਜੋ ਕਿ ਉੱਪਰ ਤੋਂ ਲੈਕੇ ਹੇਠਾਂ ਤੱਕ ਸਾਰੇ ਸਮਕਾਲੀ ਜੀਵਨ ਵਿੱਚ ਭਰਿਆ ਪਿਆ ਸੀ।

ਤਾਲਸਤਾਏ ਦੀ ਆਲੋਚਨਾ ਨਵੀਂ ਨਹੀਂ ਸੀ। ਉਸਨੇ ਕੋਈ ਐਸੀ ਗੱਲ ਨਹੀਂ ਸੀ ਕਹੀ ਜਿਹੜੀ ਮਜ਼ਦੂਰ ਲੋਕਾਂ ਦੇ ਦੋਸਤਾਂ ਵੱਲੋਂ ਯੂਰਪੀ ਸਾਹਿਤ ਵਿੱਚ ਵੀ ਤੇ ਰੂਸੀ ਸਾਹਿਤ ਵਿੱਚ ਵੀ ਬੁਹਤ ਦੇਰ ਪਹਿਲਾਂ ਨਹੀਂ ਸੀ ਕਹੀ ਗਈ। ਪਰ ਤਾਲਸਤਾਏ ਦੀ ਆਲੋਚਨਾ ਦਾ ਆਪਣੇ ਵਰਗੀ ਆਪ ਹੋਣ ਤੇ ਇਸਦੀ ਇਤਿਹਾਸਕ ਮਹੱਤਤਾ ਇਸ ਤੱਥ ਵਿੱਚ ਹੈ ਕਿ ਇਸਨੇ ਐਸੀ ਤਾਕਤ ਨਾਲ, ਜਿਹੜੀ ਕਿ ਪ੍ਰਤਿਭਾ ਵਾਲੇ ਕਲਕਾਰ ਵਿੱਚ ਹੀ ਹੋ ਸਕਦੀ ਹੈ, ਇਸ ਦੌਰ ਦੇ ਰੂਸ, ਅਰਥਾਤ ਪੇਂਡੂ ਕਿਸਾਨ, ਰੂਸ ਵਿਚਲੇ ਲੋਕਾਂ ਦੇ ਅਤਿ ਵਿਸ਼ਾਲ ਜਨ-ਸਮੂਹਾਂ, ਦੇ ਵਿਚਾਰਾਂ ਵਿੱਚ ਆਈ ਬੁਨਿਆਦੀ ਤਬਦੀਲੀ ਨੂੰ ਪ੍ਰਗਟ ਕੀਤਾ। ਕਿੳਂੁਕਿ ਸਮਕਾਲੀ ਸੰਸਥਾਵਾਂ ਦੀ ਤਾਲਸਤਾਏ ਵੱਲੋਂ ਕੀਤੀ ਗਈ ਆਲੋਚਨਾ ਆਧੁਨਿਕ ਮਜ਼ਦੂਰ ਲਹਿਰ ਦੇ ਪ੍ਰਤਿਨਿਧਾਂ ਵੱਲੋਂ ਉਹਨਾਂ ਹੀ ਸੰਸਥਾਵਾਂ ਦੀ ਕੀਤੀ ਗਈ ਆਲੋਚਨਾ ਨਾਲੋਂ ਇਸ ਗੱਲ ਵਿੱਚ ਵੱਖਰੀ ਹੈ ਕਿ ਤਾਲਸਤਾਏ ਦਾ ਦ੍ਰਿਸ਼ਟੀਕੋਨ ਵੱਡ-ਪਿੱਤਰੀ, ਸਿੱਧੜ ਕਿਸਾਨ ਦਾ ਦ੍ਰਿਸ਼ਟੀਕੋਨ ਸੀ, ਜਿਸਦੇ ਮਨੋ-ਵਿਗਿਆਨ ਨੂੰ ਤਾਲਸਤਾਏ ਨੇ ਆਪਣੀ ਆਲੋਚਨਾ ਵਿੱਚ ਤੇ ਆਪਣੇ ਸਿਧਾਂਤ ਵਿੱਚ ਲਿਆਂਦਾ। ਤਾਲਸਤਾਏ ਵੱਲੋਂ ਕੀਤੀ ਗਈ ਆਲੋਚਨਾ ਇਹੋ ਜਿਹੀ ਭਾਵਕ ਤਾਕਤ, ਇਹੋ ਜਿਹੋ ਜੋਸ਼, ਮਣਾਵੇਪਣ, ਤਾਜ਼ਗੀ, ਸੁਹਿਰਦਤਾ ਤੇ “ਜੜ੍ਹਾਂ ਵਿੱਚ ਜਾਣ” ਦੀ, ਜਨਸਮੂਹਾਂ ਦੇ ਕਸ਼ਟਾਂ ਦਾ ਅਸਲੀ ਕਾਰਨ ਲੱਭਣ ਦੀ ਕੋਸ਼ਿਸ਼ ਵਿੱਚ ਨਿੱਡਰ ਹੋਣ ਕਰਕੇ ਇਸ ਲਈ ਉਘੜਵੀਂ ਸੀ, ਕਿੳਂੁਕਿ ਇਹ ਆਲੋਚਨਾ ਸੱਚਮੁੱਚ ਲੱਖਾਂ ਕਿਸਾਨਾਂ ਦੇ ਵਿਚਾਰਾਂ ਵਿੱਚ ਆਈ ਤੇਜ਼ ਤਬਦੀਲੀ ਨੂੰ ਪ੍ਰਗਟ ਕਰਦੀ ਹੈ, ਜਿਹੜੇ ਅਜੇ ਸਾਮੰਤਵਾਦ ਵਿੱਚੋਂ ਨਿਕਲ ਕੇ ਆਜਾਦੀ ਤੱਕ ਪੁੱਜੇ ਹੀ ਸਨ, ਤੇ ਉਹਨਾਂ ਨੇ ਦੇਖਿਆ ਕਿ ਇਸ ਆਜ਼ਾਦੀ ਦਾ ਮਤਲਬ ਹੈ ਤਬਾਹੀ ਦੀਆਂ ਨਵੀਆਂ ਭਿਅੰਕਰਤਾਵਾਂ, ਭੁੱਖ ਨਾਲ ਮੌਤ, ਸ਼ਹਿਰੀ ਵੱਸੋਂ ਦੇ ਖਿਤਰੋਵ ਇਲਾਕੇ (‘ਖਿਤਰੋਵ ਬਜ਼ਾਰ’ ਮਾਸਕੋ ਦਾ ਇਲਾਕਾ ਸੀ ਜਿਸ ਵਿੱਚ ਜਾਰ ਦੇ ਵੇਲੇ ਜਮਾਤ ਹੀਣ ਹੋਏ ਅਨਸਰ, ਲੁੰਪਨ ਪ੍ਰੋਲਤਾਰੀ ਰਹਿੰਦੇ ਹੁੰਦੇ ਸਨ) ਵਿੱਚ ਬੇਘਰ ਜੀਵਨ, ਆਦਿ, ਆਦਿ। ਤਾਲਸਤਾਏ ਨੇ ਉਹਨਾਂ ਦੇ ਭਾਵਾਂ ਨੂੰ ਏਨੀ ਵਫ਼ਾਦਾਰੀ ਨਾਲ ਪੇਸ਼ ਕੀਤਾ ਕਿ ਉਹ ਉਹਨਾਂ ਦੇ ਸਿੱਧੜਪੁਣੇ ਨੂੰ, ਰਾਜਸੀ ਜੀਵਨ ਤੋਂ ਉਹਨਾਂ ਦੇ ਓਪਰੇਵਂੇ ਨੂੰ, ਦੁਨੀਆਂ ਤੋਂ ਵੱਖ ਰਹਿਣ ਦੀ ਉਹਨਾਂ ਦੀ ਇੱਛਾ ਨੂੰ, “ਬਦੀ ਦਾ ਟਾਕਰਾ ਨਾ ਕਰਨ,” ਸਰਮਾਇਦਾਰੀ ਤੇ “ਮਾਇਆਂ ਦੀ ਤਾਕਤ” ਦੇ ਖਿਲਾਫ ਉਹਨਾਂ ਦੀਆਂ ਨਿਪੁੰਸਕ ਬਦਅਸੀਸਾਂ ਨੂੰ ਆਪਣੇ ਸਿਧਾਂਤ ਦੇ ਵਿੱਚ ਲੈ ਆਇਆ। ਲੱਖਾਂ ਕਿਸਾਨਾਂ ਦਾ ਰੋਸ ਤੇ ਉਹਨਾਂ ਦੀ ਨਿਰਾਸਤਾ- ਇਹ ਤਾਲਸਤਾਏ ਦੇ ਸਿਧਾਂਤ ਵਿੱਚ ਜੁੜੇ ਹੋਏ ਸਨ।

ਆਧੁਨਿਕ ਮਜ਼ਦੂਰ ਲਹਿਰ ਦੇ ਪ੍ਰਤਿਨਿਧ ਦੇਖਦੇ ਹਨ ਕਿ ਉਹਨਾਂ ਕੋਲ ਰੋਸ ਪ੍ਰਗਟ ਕਰਨ ਲਈ ਬੜਾ ਕੁਝ ਹੈ, ਪਰ ਨਿਰਾਸ ਹੋਣ ਲਈ ਕੁਝ ਨਹੀਂ ਨਿਰਾਸਤਾ ਉਹਨਾਂ ਜਮਾਤਾਂ ਦਾ ਖਾਸ ਲੱਛਣ ਹੁੰਦੀ ਹੈ ਜਿਹੜੀਆਂ ਖਤਮ ਹੋ ਰਹੀਆਂ ਹੁੰਦੀਆਂ ਹਨ, ਪਰ ਉਜ਼ਰਤੀ ਮਜਦੂਰਾਂ ਦੀ ਜਮਾਤ ਅਟੱਲ ਤੌਰ ਉੱਤੇ ਵਧ ਰਹੀ ਹੈ, ਵਿਕਾਸ ਕਰ ਰਹੀ ਹੈ ਤੇ ਰੂਸ ਸਮੇਤ ਹਰ ਸਰਮਾਇਦਾਰ ਸਮਾਜ ਵਿੱਚ ਮਜਬੂਤ ਹੋ ਰਹੀ ਹੈ। ਨਿਰਾਸਤਾ ਉਹਨਾਂ ਲੋਕਾਂ ਦਾ ਖਾਸ ਲੱਛਣ ਹੁੰਦੀ ਹੈ ਜਿਹੜੇ ਬੁਰਾਈ ਦੇ ਕਾਰਨ ਨੂੰ ਨਹੀਂ ਸਮਝਦੇ, ਜਿਨ੍ਹਾਂ ਨੂੰ ਬਾਹਰ ਨਿਕਲਣ ਦਾ ਕੋਈ ਰਾਹ ਨਹੀਂ ਦਿਸਦਾ ਤੇ ਜਿਹੜੇ ਘੋਲ ਕਰਨ ਤੋਂ ਅਸਮਰਥ ਹਨ। ਆਧੁਨਿਕ ਸਨਅਤੀ ਪ੍ਰੋਲਤਾਰੀ ਇਹੋ ਜਿਹੀਆਂ ਜਮਾਤਾਂ ਦੇ ਵਰਗ ਨਾਲ ਸੰਬੰਧ ਨਹੀਂ ਰਖਦੇ।

1 comment:

  1. ਸ਼ਾਨਦਾਰ ਲੇਖ ਲਈ ਸੁਕਰੀਆ

    ReplyDelete