“ਸਭ ਕਿਸੇ ਲਈ ਉਤਸਾਹਿਤ ਕਰਨ ਵਾਲਾ ਆਦਰਸ਼, ਉਦੇਸ਼ ਲਈ ਮਰਨਾ ਨਾ ਹੋ ਕੇ, ਉਦੇਸ਼ ਲਈ ਜਿਉਣਾ ਹੋਣਾ ਚਾਹੀਦਾ ਹੈ” ਭਗਤ ਸਿੰਘ

Monday, November 26, 2012

ਸੰਸਦੀ ਕਾਰਜ ਪ੍ਰਣਾਲੀ ਅਤੇ ਖੱਬੀਆਂ ਧਿਰਾਂ........ਜਗਰੂਪ

5 ਮਈ ਕਾਰਲ ਮਾਰਕਸ ਦਾ ਜਨਮ ਦਿਨ ਹੈ। ਅੱਜ ਦੇ ਦਿਨ ਵਿਚਾਰ ਅਧੀਨ ‘ਸੰਸਦੀ ਕਾਰਜ ਪ੍ਰਣਾਲੀ ਅਤੇ ਖੱਬੀਆਂ ਧਿਰਾਂ’ ਇੱਕ ਜਟਿਲ ਵਿਸ਼ਾ ਹੈ। ਇਸ ਵਿਸ਼ੇ ਨਾਲ ਨਿਬੜਨ ਲਈ, ਸ਼ਾਇਦ ਦੋ ਰਾਵਾਂ ਨਾ ਹੋਣ ਕਿ ਸਿਧਾਂਤਕ ਪਹੁੰਚ ਹੀ ਠੀਕ ਸਿੱਟੇ ਕੱਢ ਸਕਦੀ ਹੈ। ਖੱਬੀਆਂ ਧਿਰਾਂ ਜਾਣਦੀਆਂ ਹਨ ਕਿ ਪਦਾਰਥਵਾਦੀ ਵਿਰੋਧ-ਵਿਕਾਸੀ ਪਹੁੰਚ ਹੀ ਠੀਕ ਪਹੁੰਚ ਹੈ। ਇਹ ਸਿਧਾਂਤ ਦੱਸਦਾ ਹੈ ਕਿ ਮਨੁੱਖ ਹਾਲਤਾਂ ਅਤੇ ਪਾਲਣ ਪੋਸ਼ਣ ਦੀ ਪੈਦਾਵਾਰ ਹਨ। ਜਦੋਂ ਕਿ ਬਦਲੇ ਮਨੁੱਖ, ਬਦਲੀਆਂ ਹਾਲਤਾਂ ਅਤੇ ਬਦਲੇ ਪਾਲਣ ਪੋਸ਼ਣ ਦੀ ਪੈਦਾਵਾਰ ਹਨ, ਪਰ ਇਹ ਮਨੁੱਖ ਹੀ ਹਨ ਜੋ ਹਾਲਤਾਂ ਬਦਲਦੇ ਹਨ। ਮਨੁੱਖੀ ਸੋਚ ਵੀ ਪਦਾਰਥਕ ਹਾਲਤਾਂ ਦੀ ਪੈਦਾਵਾਰ ਹੁੰਦੀ ਹੈ। ਸੋਚ ਬਦਲਣ ਲਈ ਸੋਚ ਦਾ ਆਧਾਰ, ਪਦਾਰਥਕ ਹਾਲਾਤ ਬਦਲਣੇ ਹੁੰਦੇ ਹਨ। ਬਦਲੀ ਹੋਈ ਸੋਚ ਮੋੜਵੇਂ ਰੂਪ ਵਿੱਚ ਪਦਾਰਥਕ ਹਾਲਤਾਂ ਨੂੰ ਤਬਦੀਲ ਕਰਨ ਵਿੱਚ ਸਰਗਰਮ ਹੁੰਦੀ ਹੈ।

ਪਦਾਰਥਕ ਹਾਲਾਤ ਬਾਹਰਮੁਖੀ ਹਨ। ਇਹਨਾਂ ਦੀ ਸਮਝਦਾਰੀ ਵਿੱਚ ਵਖਰੇਵੇਂ ਕਿਉਂ ਹਨ? ਇੱਕਸਾਰ ਹਾਲਤ ਵੀ ਵਿਰੋਧ-ਵਿਕਾਸੀ ਹੁੰਦੇ ਹਨ। ਇੱਕੋ ਧਿਰ ਦੇ ਲੋਕਾਂ ਦੀ ਸੋਚ ਵਿੱਚ ਵਖਰੇਵੇਂ ਦਾ ਆਧਾਰ ਉਹਨਾਂ ਦੀ ਪਦਾਰਥਕ ਹਾਲਤਾਂ ਦੀ ਸਮਝਦਾਰੀ ਦੇ ਵਖਰੇਵੇਂ ਵਿੱਚ ਹੁੰਦਾ ਹੈ। ਇਹਨਾਂ ਦੀ ਸਹੀ ਸਮਝਦਾਰੀ ਹਾਸਲ ਕਰਨ ਲਈ ਸਭ ਵਸਤਾਂ ਅਤੇ ਵਰਤਾਰਿਆਂ ਪ੍ਰਤੀ ਵਿਰੋਧ-ਵਿਕਾਸੀ ਪਹੁੰਚ ਵਿਧੀ ਨਿਰਵਿਘਣਤਾ ਨਾਲ ਅਮਲ ਵਿੱਚ ਆਉਣੀ ਚਾਹੀਦੀ ਹੈ।

‘ਸੰਸਦੀ ਕਾਰਜ ਪ੍ਰਣਾਲੀ’ ਸਾਡੀ ਸਟੇਟ ਦਾ ਅੰਗ ਹੈ। ਸਟੇਟ ਆਪਣੇ ਤਿੰਨੇ (ਕਾਨੂੰਨ ਘੜਨੀ, ਕਾਰਜਕਰਨੀ ਅਤੇ ਨਿਆਂ ਪਾਲਿਕਾ) ਅੰਗਾਂ ਨਾਲ ਮੁਕੰਮਲ ਹੁੰਦਾ ਹੈ। ਪਦਾਰਥਵਾਦੀ ਵਿਰੋਧ-ਵਿਕਾਸ ਗਿਆਨ ਦਿੰਦਾ ਹੈ ਕਿ ਕਿਸੇ ਵੀ ਸਮਾਜ ਦਾ ਪੈਦਾਵਾਰੀ ਢੰਗ ਅਰਥਾਤ ਸਮਾਜਿਕ ਆਰਥਿਕ ਰੂਪ, ਆਪਣੇ ਆਰਥਕ ਆਧਾਰ ਅਨੁਸਾਰ ਹੀ ਆਪਣਾ ਉਸਾਰ (ਸਟੇਟ, ਧਰਮ, ਦਰਸ਼ਨ, ਕਾਨੂੰਨ, ਸੱਭਿਆਚਾਰ, ਰਸਮੋ-ਰਿਵਾਜ ਆਦਿ) ਸਿਰਜਦਾ ਹੈ। ਅਧਾਰ ਅਤੇ ਉਸਾਰ ਦਾ ਵਿਰੋਧ-ਵਿਕਾਸ ਬੜਾ ਮਹੱਤਵਪੂਰਨ ਹੈ। ਇਹ ਸਥਿਰ ਨਹੀਂ ਰਹਿੰਦੇ। ਆਧਾਰ ਅਨੁਸਾਰ ਹੀ ਉਸਾਰ ਹੁੰਦਾ ਹੈ। ਪਹਿਲਾਂ ਆਧਾਰ ਬਦਲਦਾ ਹੈ ਫਿਰ ਉਸਾਰ ਬਦਲਦਾ ਹੈ। ਬਦਲਿਆ ਆਧਾਰ, ਬਦਲਿਆ ਉਸਾਰ ਸਿਰਜਦਾ ਹੈ। ਉਸਾਰ ਬਦਲਣ ਲਈ ਆਧਾਰ ਬਦਲੀ ਤੇਜ ਕਰਨੀ ਹੁੰਦੀ ਹੈ। ਉਸਾਰ ਵੀ ਆਧਾਰ ਉੱਪਰ ਮੋੜਵਾਂ ਪ੍ਰਭਾਵ ਪਾਉਂਦਾ ਹੈ। ਅਨੁਸਾਰੀ ਉਸਾਰ, ਆਧਾਰ ਉੱਪਰ ਇਨਕਲਾਬੀ ਅਸਰ ਕਰਦਾ ਹੈ ਜਦੋਂ ਕਿ ਆਧਾਰ ਦੀ ਨਵੀਂ ਤਬਦੀਲੀ, ਉਸਾਰ ਦੀ ਨਵੀਂ ਤਬਦੀਲੀ ਲਈ ਤਾਂਘਦੀ/ਸੰਘਰਸ਼ ਕਰਦੀ ਹੈ ਤਾਂ ਪੁਰਾਣਾ ਉਸਾਰ ਉਲਟ ਇਨਕਲਾਬੀ ਅਸਰ ਪਾਉਂਦਾ ਹੈ।

‘ਸੰਸਦੀ ਕਾਰਜ ਪ੍ਰਣਾਲੀ’ ਤੱਕ ਪਹੁੰਚਣ ਲਈ ਸਾਨੂੰ ਇਤਿਹਾਸਕ ਪਦਾਰਥਵਾਦ ਸਹਾਇਤਾ ਕਰਦਾ ਹੈ। ਸਟੇਟ ਦਾ ਖਾਸਾ ਬਿਆਨ ਕਰਨ ਲਈ ਸਾਡੇ ਵਿਚਾਰ ਹੇਠ ਤਿੰਨ (ਜਗੀਰੂ, ਸਰਮਾਏਦਾਰਾ ਅਤੇ ਸਮਾਜਵਾਦੀ) ਰੂਪ ਅਤੇ ਉਹਨਾਂ ਦੇ ਵਿਚਕਾਰਲਾ, ਤਬਦੀਲੀ ਦੌਰ (Transitional period) ਹਨ। ਇਹ ਨਾਮਕਰਨ ਪੈਦਾਵਾਰੀ ਢੰਗ  (Mode of Production) ਅਨੁਸਾਰ ਹੈ। ਇਹਨਾਂ ਦੇ ਉਸਾਰ (ਸ਼ੁਪੲਰਸਟਰੁਚਟੁਰੲ) ਦਾ ਨਾਮਕਰਨ, 1. ਰਾਜਤੰਤਰ (ਜਗੀਰੂ ਰਾਜਤੰਤਰ) 2. ਲੋਕਤੰਤਰ (ਸਰਮਾਏਦਾਰੀ ਲੋਕਤੰਤਰ) ਦੇ ਦੋ ਰੂਪ ਪਾਰਲੀਮੈਂਟਰੀ ਅਤੇ ਪ੍ਰੈਜ਼ੀਡੈਂਸ਼ਲ ਰੂਪ, 3. ਲੋਕਰਾਜ (ਕਿਰਤੀ ਵਰਗ ਦਾ ਲੋਕਰਾਜ)।

ਇਤਿਹਾਸਕ ਪਦਾਰਥਵਾਦ, ਰਾਜਨੀਤਕ ਆਰਥਕਤਾ ਦਾ ਤੱਤ ਨਿਚੋੜ ਸੂਤਰ ਪੇਸ਼ ਕਰਦਾ ਹੈ: ਜਿਹੜੀ ਜਮਾਤ ਆਰਥਕਤਾ ਉੱਪਰ ਭਾਰੂ ਹੁੰਦੀ ਹੈ ਉਹ ਰਾਜਨੀਤੀ ਉੱਪਰ ਵੀ ਕਾਬਜ ਹੋ ਜਾਂਦੀ ਹੈ। ਜਿਹੜੀ ਰਾਜਨੀਤੀ ਉੱਪਰ ਕਾਬਜ ਹੁੰਦੀ ਹੈ, ਉਹ ਸਮਾਜ ਦੇ ਬੌਧਿਕ ਵਸੀਲਿਆਂ ਉੱਪਰ ਵੀ ਭਾਰੂ ਹੁੰਦੀ ਹੈ।

ਜਗੀਰੂ ਤੋਂ ਸਰਮਾਏਦਾਰੀ (ਆਧਾਰ ਅਨੁਸਾਰ ਨਾਮਕਰਨ) ਜਾਂ ਰਾਜ ਤੰਤਰ ਤੋਂ ਲੋਕਤੰਤਰ (ਉਸਾਰ ਅਨੁਸਾਰ ਨਾਮਕਰਨ) ਇਹ ਆਧਾਰ-ਉਸਾਰ ਦੇ ਅਸੂਲਾਂ ਤੋਂ ਪਰ੍ਹੇ ਨਹੀਂ ਜਾਂਦਾ। ਜਗੀਰੂ ਪ੍ਰਬੰਧ ਦੇ ਆਖਰੀ ਦੌਰ ਵਿੱਚ ਦਸਤਕਾਰੀ ਦੀਆਂ ਨਵੀਆਂ ਸ਼ਾਖਾਂ ਪ੍ਰਫੁੱਲਤ ਹੋਈਆਂ, ਸਮੁੱਚੀਆਂ ਪੈਦਾਵਾਰੀ ਸ਼ਕਤੀਆਂ ਨੇ ਨਵੀਂ ਅੰਗੜਾਈ ਲਈ, ਇਸ ਵਿਕਾਸ ਦਾ ਸਿੱਟਾ ਸੀ ਕਿ ਜਿਨਸ ਗੇੜ (ਜਿਨਸ-ਮੁਦਰਾ-ਜਿਨਸ) ਨੇ ਸਿਫਤੀ ਤਬਦੀਲੀ ਕਰਦਿਆਂ ਸਰਮਾਏਦਾਰੀ ਉਤਪਾਦਨ ਨੂੰ ਅਗੇਤ ਦਿੱਤੀ। ਮੁਦਰਾ ਗੇੜ (ਮੁਦਰਾ-ਜਿਨਸ-ਮੁਦਰਾ) ਦੇ ਸਿੱਟੇ ਵਜੋਂ ਨਵੀਆਂ ਪੈਦਾਵਾਰੀ ਸ਼ਕਤੀਆਂ ਦੀ ਮਾਲਕ ਜਮਾਤ ਤਾਕਤ ਫੜਨ ਲੱਗੀ। ਉਸਨੇ ਆਪਣੇ ਵਿਕਾਸ ਦੇ ਹਿੱਤਾਂ ਦੀਆਂ ਸ਼ਰਤਾਂ ਰਾਜ ਦਰਬਾਰ ਦੇ ਅੱਗੇ ਰੱਖਣੀਆਂ ਤੇਜ਼ ਕੀਤੀਆਂ। ਉਹ ਜਿੱਤਾਂ ਜਿੱਤਦੀ ਗਈ, ਅੰਤਮ ਰੂਪ ਵਿੱਚ ਰਾਜ ਸੱਤਾ ਉੱਪਰ ਮੁਕੰਮਲ ਕਬਜੇ ਲਈ ਲੜੀ ਅਤੇ ਜਿੱਤ ਦਰਜ ਕੀਤੀ। 1789 ਦੀ ਫਰਾਂਸ ਕ੍ਰਾਂਤੀ (ਬੁਰਜੂਆ) ਤੋਂ ਪਿੱਛੋਂ ਇਸ ਲੜੀ ਦੇ ਮੁਕੰਮਲ ਹੋਣ ਦਾ ਸੰਸਾਰ ਇਤਿਹਾਸ ਸਾਡੇ ਸਹਾਮਣੇ ਹੈ।

ਆਧਾਰ ਦਾ ਜਗੀਰੂ ਤੋਂ ਸਰਮਾਏਦਾਰੀ ਵਿੱਚ ਬਦਲਾਓ ਅਤੇ ਉਸਾਰ ਦਾ ਰਾਜਤੰਤਰ ਤੋਂ ਲੋਕਤੰਤਰ (ਜਗੀਰੂ ਰਾਜਤੰਤਰ ਤੋਂ ਸਰਮਾਏਦਾਰਾ ਲੋਕਤੰਤਰ) ਵਿੱਚ ਬਦਲਾਓ, ਸਿੱਧੀ ਰੇਖਾ ਵਿੱਚ ਨਹੀਂ ਹੁੰਦਾ। ਇਹ ਜਟਿਲ ਹੈ, ਸਪਰਿੰਗ ਦੇ ਪੇਚ ਗੇੜ ਵਾਂਗ ਉੱਪਰ ਉਠਿਆ ਹੈ। ਉਪਰਲਾ ਗੇੜ ਮੋਕਲਾ ਹੋਣ ਦੀ ਪ੍ਰਵਿਰਤੀ ਦਾ ਹੈ। ਸਰਮਾਏਦਾਰੀ (ਪੈਦਾਵਾਰੀ ਢੰਗ) ਤੱਕ ਪੁੱਜਣ ਲਈ ਪੂਰੇ ਗੁੰਝਲਦਾਰ ਗੇੜ ਵਿੱਚ ਅਸੀਂ ਇਸ ਦੇ ਵੱਖ-ਵੱਖ ਰੂਪ (ਵਿਕਾਸਵਾਦੀ ਸਰਮਾਏਦਾਰੀ, ਰੈਡੀਕਲ ਸਰਮਾਏਦਾਰੀ, ਇਨਕਲਾਬੀ ਸਰਮਾਏਦਾਰੀ, ਚੌਕਸ ਸਰਮਾਏਦਾਰੀ ਆਦਿ) ਵਰਤਾਰੇ ਦਾ ਅਧਿਐਨ ਕਰਦੇ ਹਾਂ। ਪੈਦਾਵਾਰੀ ਢੰਗ (ਸਰਮਾਏਦਾਰੀ) ਸਥਾਪਤ ਕਰਨ ਵਿੱਚ ਇਹਨਾਂ ਨੇ ਆਪਣਾ-ਆਪਣਾ ਯੋਗਦਾਨ ਪਾਇਆ। ਚੇਤੇ ਰੱਖਣਾ ਚਾਹੀਦਾ ਹੈ ਕਿ ਸਰਮਾਏਦਾਰੀ ਪੈਦਾਵਾਰੀ ਢੰਗ ਸਥਾਪਤ ਹੋ ਜਾਣ ਜਾਂ ਭਾਰੂ ਹੋ ਜਾਣ ਦੌਰਾਨ ਜਗੀਰੂ ਪੈਦਾਵਾਰੀ ਪ੍ਰਬੰਧ ਬਚਿਆ ਰਹਿਣ ਬਾਰੇ ਛੱਡੋ, ਗੁਲਾਮ ਅਤੇ ਆਦਿ ਕਲੀਨ ਪੈਦਾਵਾਰੀ ਢੰਗ ਦੇ ਵਰਤਾਰੇ ਵੀ ਪੂਰੀ ਤਰ੍ਹਾਂ ਮੁੱਕੇ ਨਹੀਂ ਹੁੰਦੇ। ਇੱਕ ਪੜਾਅ ਪਿੱਛੋਂ ਸਰਮਾਏਦਾਰੀ ਪੈਦਾਵਾਰੀ ਢੰਗ ਦੀ ਇਹਨਾਂ ਨੂੰ ਸਮਾਪਤ ਕਰਨ ਵਿੱਚ ਰੁਚੀ ਵੀ ਖਤਮ ਹੋ ਜਾਂਦੀ ਹੈ। ਸਰਮਾਏਦਾਰੀ ਨਵੇਂ ‘ਲੋੜ ਤੋਂ ਵਧੇਰੇ ਪੱਕ ਚੁੱਕੀ’ ਦੇ ਦੌਰ ਵਿੱਚ ਦਾਖਲ ਹੁੰਦੀ ਹੈ। ਇਸ ਦਾ ਅਰਥ ਹੈ ਸਰਮਾਏਦਾਰੀ ਪੈਦਾਵਾਰੀ ਢੰਗ, ਜਿਸਦਾ ਉਦੇਸ਼ ਕੇਵਲ ਮੁਨਾਫਾ ਹਾਸਲ ਕਰਨਾ ਹੈ, ਆਪਣਾ ਇਤਿਹਾਸਕ ਰੋਲ ਪੂਰਾ ਕਰ ਚੁੱਕਾ ਹੈ। ਅਸੂਲ ਅਨੁਸਾਰ ਇਸਦਾ ਨਵੇਂ, ਆਪ ਤੋਂ ਉਚੇਰੇ ਪੈਦਾਵਾਰੀ ਢੰਗ ਵਿੱਚ ਬਦਲ ਜਾਣਾ ਲਾਜ਼ਮੀ ਹੈ, ਸੀ। ਚੇਤਨਾ ਅਤੇ ਜੱਥੇਬੰਦਕ ਹਾਲਾਤ ਦੀ ਗੈਰ ਮੌਜੂਦਗੀ ਵਿੱਚ ਸਰਮਾਏਦਾਰੀ, ਅਜਾਰੇਦਾਰੀ ਵੱਲ ਪਲਟਦੀ ਹੈ। ਇਜਾਰੇਦਾਰੀ ਆਪਣੇ ਵਿਕਾਸ ਲਈ ਸਾਮਰਾਜਵਾਦੀ ਬਣਦੀ ਹੈ। ਸਾਮਰਾਜੀ ਬਨਣ ਵਿੱਚ ਪੈਦਾਵਾਰੀ ਸਰਮਾਇਆ ਅਤੇ ਵਿੱਤੀ ਸਰਮਾਇਆ ਇੱਕ-ਮਿੱਕ ਹੁੰਦਾ ਹੈ। ਵਿੱਤੀ ਸਰਮਾਏ ਦਾ ਦਖਲ ਭਾਰੂ ਰੁਖ ਅਖਤਿਆਰ ਕਰਦਾ ਹੈ। ਇਹ ਪੈਦਾਵਾਰੀ ਸਰਮਾਏ ਨਾਲੋਂ ਇਸ ਗੁਣ ਕਰਕੇ ਵੱਖਰਾ ਹੈ ਕਿ ਇਹ ਘਾਟੇ ਵਿੱਚ ਨਹੀਂ ਜਾਂਦਾ। ਇਸਦਾ ਸੂਣਾ, ਵਿਆਜ ਦੀ ਮੂਲ ਵਿੱਚ ਬਦਲਣ ਦੀ ਪ੍ਰਵਿਰਤੀ, ਇਸਦੇ ਤੇਜ਼ ਵਾਧੇ ਨੂੰ ਬੇਰੋਕ ਬਣਾਉਂਦੀ ਹੈ।

ਸਰਮਾਇਆ ਲੰਬਾ ਪੈਂਡਾ ਤੈਅ ਕਰਕੇ ਵਪਾਰਕ ਤੋਂ ਪੈਦਾਵਾਰੀ, ਪੈਦਾਵਾਰੀ ਤੋਂ ਵਿੱਤੀ ਸਰਮਾਏ ਤੱਕ ਸਾਮਰਾਜੀ ਜੰਗਾਂ ’ਚੋਂ ਸਵੈ-ਨੁਕਸਾਨ ਦਾ ਸਬਕ ਸਿੱਖਦਿਆਂ, ਅਜਾਰੇਦਾਰੀਆਂ ਤੋਂ ਸਾਮਰਾਜੀ ਬਣੇ ਦੇਸ਼ਾਂ ਦੇ ਹਾਕਮਾਂ ਨੇ ਪਹਿਲਾਂ 1944 ਵਿੱਚ ‘ਬਹੁ-ਕੌਮੀ ਕੰਪਨੀਆਂ’ ਰਾਹੀਂ ਸੰਸਾਰ ਬੈਂਕ ਅਤੇ ਕੌਮਾਂਤਰੀ ਮੁਦਰਾ ਕੋਸ਼ ਦੇ ਨੇਮ ਤੈਅ ਕਰਕੇ ਆਪਣੇ ਵਿਕਾਸ ਦਾ ਰਾਹ ਉਲੀਕਿਆ। ਫਿਰ ਬਹੁ-ਕੌਮੀ ਕੰਪਨੀਆਂ ਦੇ ਆਕਾਰ ਵਿੱਚ ਵਾਧੇ ਨੇ ਟ੍ਰਾਂਸਨੈਸ਼ਨਲ ਕੰਪਨੀਆਂ (T.N.C) ਦੇ ਨਿਯਮ ਤੈਅ ਕਰਨ ਲਈ 1994-95 ਵਿੱਚ ਸੰਸਾਰ ਵਪਾਰ ਸੰਸਥਾ (W.T.O) ਰਾਹੀਂ ਆਪਣੇ ਅਗਲੇਰੇ ਵਿਕਾਸ ਦਾ ਰਾਸਤਾ ਤੈਅ ਕੀਤਾ। ਇਹ ਸਰਮਾਏ ਦਾ ਸੰਸਾਰੀਕਰਨ ਹੈ। ਇਹ ਆਰਥਿਕ ਆਧਾਰ ਦੇ ਨਵੇਂ ਫੈਲੇ-ਸੁੰਗੜੇ ਰੂਪ ਅਨੁਸਾਰ ਉਸਾਰ ਹੈ।

ਰਾਜਤੰਤਰ ਤੋਂ ਸਤਾ ਹਾਸਲ ਕਰਨ ਲਈ ਸਰਮਾਇਦਾਰੀ ਨੇ ਫੈਲੇ ਆਰਥਕ ਅਧਾਰ ਅਨੁਸਾਰ ਨਵੇਂ ਉਸਾਰ ਵਿੱਚ ਹਿੱਸੇਦਾਰ ਬਣਾਉਣ ਲਈ ਵੋਟ ਦੇ ਅਧਿਕਾਰ ਰਾਹੀ ਚੁਣੇਂ ਨੁਮਾਇੰਦਿਆ ਹੱਥ ਸੱਤਾ ਚਲਾਉਣ ਦਾ ਪ੍ਰੋਗਰਾਮ ਦਿੱਤਾ ।ਵੋਟ ਦਾ ਅਧਿਕਾਰ ਫੈਲਦਿਆਂ, ਇਕਹਿਰਾ ਬਰਾਬਰ ਵੋਟ ਅਧਿਕਾਰ, ਔਰਤਾਂ ਨੂੰ ਵੀ ਵੋਟ ਅਧਿਕਾਰ, 18 ਸਾਲ ਦੀ ਉਮਰ ਤੋਂ ਵੋਟ ਅਧਿਕਾਰ ਆਦਿ ਦਾ ਸਿਖਰ ਪੈਂਡਾ ਤਹਿ ਕਰ ਚੁੱਕਾ ਹੈ। ਸਰਮਾਏਦਾਰੀ ਨੂੰ ਆਪਣੇ ਵਿਕਾਸ ਦੇ ਸਿਖਰ ਵੱਲ ਜਂਾਦਿਆਂ ਉਸਾਰੂ ਲੋਕਤੰਤਰ ਵਿੱਚ, ਚੋਣ ਨਤੀਜਿਆਂ ਨੂੰ ਪ੍ਰਭਾਵਤ ਕਰਨ ਲਈ ਕੋਈ ਵਿਸ਼ੇਸ਼ ਉਪਰਾਲਾ ਨਹੀਂ ਕਰਨਾ ਪੈਂਦਾ ਸੀ, ਲੋੜ ਤੋਂ ਵਧੇਰੇ ਪੱਕ ਚੁੱਕੀ ਸਰਮਾਏਦਾਰੀ ਨੇ ਸੱਤਾ ਆਪਣੇ ਪਾਸ ਰੱਖਣ ਲਈ, ਚੋਣ ਨਤੀਜਿਆਂ ਨੂੰ ਪ੍ਰਭਾਵਤ ਕਰਨ ਲਈ, ਸਰਮਾਏ ਦੀ ਵਰਤੋਂ ਕਰਨੀ ਆਰੰਭ ਕੀਤੀ। ਹੁਣ ਤੱਕ ਚੋਣ ਨਤੀਜਿਆਂ ਨੂੰ ਪ੍ਰਭਾਵਤ ਕਰਨ ਲਈ ਉਸ ਨੇ ਪੂਰੀ ਕਲਾ ਵਿਕਸਤ ਕਰ ਲਈ ਹੈ। ਸਰਮਾਇਆ ਸ਼ਕਤੀਸ਼ਾਲੀ ਹੈ। ਇਸ ਦਾ ਮੁਦਰਾ ਰੂਪ ਜਿਨਸਾਂ ਦੀ ਜਿਨਸ ਹੈ, ਜੋ ਕੁਝ ਵੀ ਖਰੀਦ ਲੈਣ ਲਈ ਸਰਗਰਮੀ ਕਰਦਾ, ਚੋਣ ਨਤੀਜਿਆਂ ਨੂੰ ਤਹਿਸ਼ੁਦਾ ਨਤੀਜਿਆਂ ਵਿੱਚ ਪਲਟ ਦੇਣ ਦੇ ਸਮਰੱਥ ਹੋਣ ਦਾ ਸਬੂਤ ਦਿੰਦਾ ਹੈ। ਇਸ ਨੂੰ ਹਰਾਉਣ ਵਾਲੀ ਇੱਕੋ-ਇੱਕ ਸ਼ਕਤੀ ਚੇਤਨ ਵਿਰੋਧ-ਵਿਕਾਸ ਹੈ।

ਭਾਰਤ ਦਾ ਪੈਦਾਵਾਰੀ ਢੰਗ ਸਰਮਾਏਦਾਰੀ ਹੈ।ਇਸ ਵਿੱਚ ਜਗੀਰੂ ਪੈਦਾਵਾਰੀ ਢੰਗ ਦੀ ਰਹਿੰਦ-ਖੂੰਹਦ ਵੀ ਹੈ। ਗੁਲਾਮਦਾਰੀ ਪੈਦਾਵਾਰੀ ਢੰਗ, ਬੰਧੂਆ ਪ੍ਰਣਾਲੀ ਵੀ ਹੈ। ਇਸ ਦੇ ਕੁਝ ਹਿੱਸਿਆਂ ਵਿੱਚ ਆਦਿਵਾਸੀ ਅਤੇ ਨਾਗਾ ਜੀਵਨ ਢੰਗ ਵੀ ਮਿਲਦਾ ਹੈ। ਆਜ਼ਾਦੀ ਹਾਸਲ ਕਰਨ ਉਪਰੰਤ (15 ਅਗਸਤ 1947 ਪਿੱਛੋਂ) ਇਸ ਨੇ ਸੰਸਦੀ ਕਾਰਜ ਪ੍ਰਣਾਲੀ ਨੂੰ 26 ਜਨਵਰੀ 1950 ਤੋਂ ਅਪਨਾਇਆ ਹੋਇਆ ਹੈ।ਇਸ ਦੀ ਆਬਾਦੀ 122 ਕਰੋੜ ਹੈ।ਇਸ ਦੇਸ਼ ਨੂੰ ਵਿਅੰਗ ਨਾਲ ਦੋ ਨਾਵਾਂ ਕੀਤਾ ਵੀ ਪੜ੍ਹਿਆ ਜਾਦਾਂ ਹੈ। 100 ਕਰੋੜ ਕਿਰਤੀ, ਦੁੱਖ ਭੋਗਦੇ ਲੋਕਾਂ ਦਾ ‘ਭਾਰਤ’ ਅਤੇ 22 ਕਰੋੜ ਕਿਰਤ ਦੀ ਕਮਾਈ ਖਾਣ ਵਾਲੇ, ਅਨੰਦ ਲੈਣ ਵਾਲਿਆਂ ਦਾ ‘ਇੰਡੀਆ’। ਇਸ ਦੀ ਕਿਰਤ ਸ਼ਕਤੀ   (18 ਤੋਂ 58 ਸਾਲ) ਦਾ 92 ਫੀਸਦੀ ਗੈਰ-ਜੱਥੇਬੰਦ ਹੈ।ਦੇਸ਼ ਵਿੱਚ ਗਰੀਬੀ ਦੀ ਰੇਖਾ ਤਹਿ ਕਰਨ ਬਾਰੇ ਦੇਸ਼ ਦੇ ਹਾਕਮ ਅਤੇ ਬੁੱਧੀਮਾਨ ਇੱਕ ਮਤ ਨਹੀਂ ਹਨ।

ਕੋਈ 77 ਫੀਸਦੀ ਨੂੰ 20 ਰੁਪਏ ਪ੍ਰਤੀ ਦਿਨ ਤੋਂ ਘੱਟ ਗੁਜਾਰਾ ਕਰਦੇ ਹੋਏ ਦਰਸਾਉਂਦਾ ਹੈ ਅਤੇ ਕੋਈ 60 ਫੀਸਦੀ ਨੂੰ 14 ਰੁਪਏ ਪ੍ਰਤੀ ਦਿਨ ਨਾਲ ਗੁਜ਼ਾਰਾ ਕਰਦੇ ਦਰਸਾਉਂਦਾ ਹੈ। ਸਰਕਾਰੀ ਅੰਕੜੇ ਵੀ 40 ਕਰੋੜ ਵੱਸੋਂ ਨੂੰ ਗਰੀਬੀ ਦੀ ਰੇਖਾ ਤੋਂ ਹੇਠਾ ਦਰਸਾਉਂਦੇ ਹਨ।ਅੰਤਰਰਾਸ਼ਟਰੀ ਬਾਲ ਕਲਿਆਣ ਸੰਸਥਾ ਅਨੁਸਾਰ ਭਾਰਤ ਦੇ ਅੱਧੇ ਬੱਚੇ ਕੁਪੋਸ਼ਣ ਦਾ ਸ਼ਿਕਾਰ ਹਨ। ਭੁੱਖਮਰੀ ਦੇ ਸ਼ਿਕਾਰ ਦੇਸ਼ਾਂ ਦੀ ਸੂਚੀ ਵਿੱਚ 81 ਵਿੱਚੋਂ ਭਾਰਤ ਦਾ ਨੰਬਰ 67 ਹੈ। ਸਿਹਤ ਲਈ ਖੁਰਾਕ ਤੋਂ ਪਿੱਛੋਂ ਦਵਾਈਆਂ ਤਾਂ ਗੱਲ ਛੱਡੋ, ਪੀਣਯੋਗ ਸਾਫ ਪਾਣੀ ਤੋਂ ਅੱਧੀ ਅਬਾਦੀ ਵਾਂਝੀ ਹੈ। ਪ੍ਰਤੀ ਵਿਅਕਤੀ ਆਮਦਨ ਦੀ ਵਿਸ਼ਵ ਲਿਸਟ ਵਿੱਚ ਭਾਰਤ ਦਾ ਨੰਬਰ 138ਵੇਂ ਹੈ।

ਦੂਜੇ ਹੱਥ ਇਸ ਦੇਸ਼ ਨੇ 19 ਅਪ੍ਰੈਲ ਨੂੰ ਅਗਨੀ-5 ਦੇ ਸਫਲ ਤਜ਼ਰਬੇ ਨਾਲ ਮਿਜ਼ਾਇਲ ਦੇ ਨਿਸ਼ਾਨੇ ਫੁੰਡਣ ਦੀ ਸਮਰੱਥਾ 5 ਹਜ਼ਾਰ ਕਿਲੋਮੀਟਰ ਤੱਕ ਕਰ ਲਈ ਹੈ। ਇਸ ਕੋਲ 16 ਲੱਖ ਸਿੱਖਿਅਤ ਸੈਨਿਕਾਂ ਦੀ ਸ਼ਕਤੀ ਹੈ। ਅਰਧ ਸੈਨਿਕਾਂ, ਪੁਲਿਸ ਬਲਾਂ ਨੂੰ ਮਿਲਾ ਕੇ ਇਹ ਦੁੱਗਣੀ ਹੈ। ਲੋੜ ਅਨੁਸਾਰ ਵਧਾ ਲੈਣ ਦੀ ਸ਼ਕਤੀ ਵੀ ਕੋਈ ਘੱਟ ਨਹੀਂ ਹੈ। ਇਸ ਦੇ ਅਰਬ ਪਤੀਆਂ ਦੀ ਗਿਣਤੀ ਪਿਛਲੇ ਸਾਲ 10 ਦੇ ਵਾਧੇ ਨਾਲ 26 ਤੋਂ 36 ਹੋਈ ਸੀ। ਬਾਕੀ ਸਰਮਾਏਦਾਰਾਂ ਦੀ ਦੌਲਤ ਵਿੱਚ ਵਾਧਾ ਵੀ ਘੱਟ ਮੱਹਤਵ ਨਹੀਂ ਰੱਖਦਾ।

ਇਸ ਦੇ ਮੱਧ ਵਰਗ ਦੀ ਖਰੀਦ ਸ਼ਕਤੀ ਕਾਰਪੋਰੇਟ ਅਦਾਰਿਆਂ ਦੀ ਖਿੱਚ ਦਾ ਕੇਂਦਰ ਹੈ। ਮੱਧ ਵਰਗ ਦੀ ਖਰੀਦ ਸ਼ਕਤੀ ਦਾ ਕਾਫੀ ਹਿੱਸਾ ਵਿੱਦਿਆ ਅਤੇ ਸਿਹਤ ਸਹੂਲਤਾਂ ਖਰੀਦਣ ਉੱਪਰ ਖਰਚ ਹੋ ਰਿਹਾ ਹੈ । ਬਾਕੀ ਮਿਆਰੀ ਘਰ, ਕਾਰਾਂ ਅਤੇ ਸਾਜੋ-ਸਮਾਨ, ਜੀਵਨ ਸਤਰ ਦੀ ਬੇਹਤਰੀ ੳੁੱਪਰ ਖਰਚ ਹੁੰਦਾ ਹੈ।

ਉੱਚ ਤਕਨੀਕੀ ਪੈਦਾਵਾਰ ਨੇ ਕਿਰਤੀਆ ਦੀ ਨਵੀਂ ਭਰਤੀ ਦੇ ਮੌਕੇ ਮੁਕਾ ਦਿੱਤੇ ਹਨ। ਮੁਕਾਬਲੇਬਾਜੀ ਕਾਰਨ ਪੁਰਾਣੀਆਂ ਫਰਮਾਂ ਨਵੀਂ ਤਕਨੀਕ ਲਾਗੂ ਕਰਨ ਲਈ, ਨਵੀਂ ਮਸ਼ੀਨਰੀ ਸਥਾਪਤ ਕਰਦੀਆਂ ਹਨ। ਸਿੱਟੇ ਵਜੋਂ ਛਾਂਟੀ ਕਰਨ ਦੀ ਪਰਵਿਰਤੀ ਨਾਲ ਬੇਰੁਜ਼ਗਾਰੀ ਤੇਜ਼ ਰਫਤਾਰ ਨਾਲ ਵਧ ਰਹੀ ਹੈ।

ਸਰਮਾਏ ਦੀ ਜੁੱਟ ਬਣਤਰ, ਅਬਦਲ ਸਰਮਾਇਆ ਅਤੇ ਬਦਲਵਾਂ ਸਰਮਾਇਆ (ਸੀ. ਸੀ. ਆਈ. ਸੀ) ਦਾ ਅਨੁਪਾਤ ਅਬਦਲ ਵੱਲ ਝੁਕ ਗਿਆ ਹੈ। ਨਵੇਂ ਮੁੱਲ ਦੀ ਸਿਰਜਣਾ ਬਦਲਵੇਂ ਸਰਮਾਏ ਦਾ ਕਾਰਜ ਹੋਣ ਕਾਰਨ ਛੋਟੇ ਆਕਾਰ ਦੀ ਪ੍ਰਵਿਰਤੀ ਕਾਰਨ ਰੁਕਣ ਬਰਾਬਰ ਹੈ। ਹੁਣ ਸਰਮਾਇਆ ਆਪਣਾ ਵਾਧਾ ਨਿੱਜੀ ਆਕਾਰ ਵੱਡਾ ਕਰਨ ਲਈ ਮਾਲਕੀਆਂ ਹਥਿਆਉਣ ਦੇ ਰਾਹ ਪਿਆ ਹੋਇਆ ਹੈ। ਉਹ ਸਰਕਾਰੀ, ਸਹਿਕਾਰੀ, ਸ਼ਾਮਲਾਟੀ ਮਾਲਕੀਆਂ ਹਥਿਆ ਰਿਹਾ ਹੈ। ਕਾਰਪੋਰੇਟ ਸੈਕਟਰ ਆਮਦਨ ਦੇ ਵੱਡੇ ਅਨੁਪਾਤੀ ਫਰਕ ਵਾਲਾ ਹੋਣ ਕਾਰਨ ਮੰਡੀ ਦਾ ਮਾਲਕ ਬਣ ਗਿਆ ਹੈ।

225 ਵਰ੍ਹੇ ਪਹਿਲਾਂ ਜਦੋਂ ਸਰਮਾਏਦਾਰੀ ਵਿਕਾਸ ਦੇ ਪੜਾਅ ਵਿੱਚ ਸੀ, ਉਦੋਂ ਆਰਥਕ ਆਧਾਰ ਮੋਕਲਾ ਹੋ ਰਿਹਾ ਸੀ, ਰਾਜਤੰਤਰ ਤੋਂ ਸੱਤਾ ਪ੍ਰਾਪਤੀ ਲਈ ਲੋਕਤੰਤਰ ਦੀ ਪ੍ਰਵਿਰਤੀ ਸੀ, ਹੁਣ ਆਰਥਕ ਆਧਾਰ ਮੁੜ ਘੱਟ ਤੋਂ ਘੱਟ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਸਿਮਟ ਰਿਹਾ ਹੈ ਤਾਂ ਲੋਕਤੰਤਰ ਵੀ (restricted, carved democracy)  ਪਾਬੰਦੀਆਂ ਵਾਲਾ, ਚਿੱਬਖੜੱਬਾ ਬਣਦਾ ਜਾ ਰਿਹਾ ਹੈ। ਸਰਮਾਇਆ ਪ੍ਰਭਾਵਤ ਲੋਕਤੰਤਰ ਬਾਕੀ ਹੈ।

ਉਪਰੋਕਤ ਵਰਨਣ ਵਿੱਚ ‘ਖੱਬੀ ਧਿਰ’ ਦਾ ਮੁਲੰਕਣ ਹੈ। ‘ਖੱਬੀ ਧਿਰ’ ਰੈਲੇਟਿਵ ਟਰਮ ਹੈ। ਇਸ ਦਾ ਸਹੀ ਨਾਮਕਰਨ ਕਮਿਊਨਿਸਟ ਜਾਂ ਮਾਰਕਸਵਾਦੀ-ਲੈਨਿਨਵਾਦੀ ਹੈ। ਭਾਰਤ ਦੇ ਕਮਿਊਨਿਸਟ, ਸਰਮਾਏਦਾਰੀ ਪੈਦਾਵਾਰੀ ਢੰਗ ਦੀ ਥਾਂ ਇਸ ਤੋਂ ਉਚੇਰੇ ਸਮਾਜਵਾਦੀ ਪੈਦਾਵਾਰੀ ਢੰਗ ਨੂੰ ਸਥਾਪਿਤ ਕਰਨ ਲਈ ਸਰਗਰਮ ਹਨ। ਸਮੁੱਚੀ ਖੱਬੀ ਧਿਰ ਵਿਚਾਰਧਾਰਕ ਪੈਂਤੜੇ ਤੋਂ ਦੋ ਪ੍ਰਵਿਰਤੀਆਂ, ਵਰਤਾਰਿਆਂ ਵਾਲੀ ਹੈ। ਇੱਕ ਹਿੱਸਾ (ਗਿਣਤੀ ਮਹੱਤਵਪੂਰਨ ਨਹੀਂ, ਵਿਚਾਰਧਾਰਾ ਪ੍ਰਮੁੱਖ ਹੈ) ਗੈਰ ਪਾਰਲੀਮਾਨੀ ਰਾਹ ਦਾ ਧਾਰਨੀ ਹੈ। ਦੂਜਾ ਹਿੱਸਾ ਪਾਰਲੀਮੈਂਟਰੀ ਰਾਹ ਦੇ ਪ੍ਰਯੋਗ ਦਾ ਧਾਰਨੀਂ ਹੈ। ਇੱਕ ਚੋਣਾਂ ਦਾ ਬਾਈਕਾਟ ਕਰਦਾ ਹੈ, ਦੂਜਾ ਚੋਣਾਂ ਵਿੱਚ ਭਾਗ ਲੈਂਦਾ ਹੈ । ਗੈਰ ਪਾਰਲੀਮੈਂਟਰੀ ਰਾਹ ਦੇ ਧਾਰਨੀਆਂ ਦੀ ਕੁੱਲ ਸਰਗਰਮੀ ਸਮੇਤ ਹਥਿਆਰਬੰਦ ਸਰਗਰਮੀ ਦੇ ਇਸ ਤੱਤ ਵਰਤਾਰੇ ਰਾਹੀਂ ਸਮਾਜਿਕ ਰੂਪ ਬਦਲੀ (ਇਨਕਲਾਬ) ਦੇ ਪੜਾਅ ਤੱਕ ਲੈ ਜਾਣ ਦੀਆਂ ਹਾਲਤਾਂ ਨਹੀਂ ਹਨ। ਇਸ ਧਾਰਨਾ ਦੇ ਸਹੀ ਜਾਂ ਗਲਤ ਹੋਣ ਦਾ ਨਿਰਣਾ ਨਹੀਂ ਹੈ, ਕਿਉਂਕਿ ਅਸੀਂ ਪਹਿਲਾਂ ਮੰਨ ਕਿ ਚੱਲੇ ਹਾਂ ਕਿ ਸੋਚ ਪਦਾਰਥਕ ਹਾਲਤਾਂ ਦੀ ਉਪਜ ਹੈ। ਇਹ ਸੋਚ ਵੀ ਪਦਾਰਥਕ ਹਾਲਤਾਂ ਦੀ ਉਪਜ ਹੈ ਇਹ ਅੰਸ਼ਿਕ ਪਦਾਰਥਕ ਹਾਲਤਾਂ ਦੀ ਉਪਜ ਜਾਪਦੀ ਹੈ। ਸਾਨੂੰ ਸੰਪੂਰਨ ਮੁਕੰਮਲ ਹਾਲਤਾਂ ਦੀ ਪਦਾਰਥਕ ਹਾਲਤਾਂ ’ਚੋਂ ਉਪਜੀ ਸੋਚ ਚਾਹੀਦੀ ਹੈ। ਸਮੁੱਚੇ ਸਮਾਜ ਦੀ ਵਿਰੋਧ-ਵਿਕਾਸੀ ਸੋਚ ਵਿੱਚ ਅੰਸ਼ਿਕ ਸੋਚ ਦਾ ਜੋੜ ਵੀ ਸ਼ਾਮਿਲ ਹੁੰਦਾ ਹੈ। ਅੰਸ਼ਿਕ ਸੋਚ ਨੇ ਮੁੱਖ ਸੋਚ, ਮੁੱਖ ਧਾਰਾ ਦਾ ਅੰਗ ਬਣਨਾ ਹੁੰਦਾ ਹੈ।

ਦੂਜੇ ਪਾਸੇ, ਪਾਰਲੀਮੈਂਟਰੀ ਰਾਹ ਦੀ ਵਰਤੋਂ ਦੇ ਧਾਰਨੀ ਖੱਬੇ ਪੱਖੀਆਂ (ਕਮਿਊਨਿਸਟਾਂ) ਅੱਗੇ ਮੁੱਖ ਪ੍ਰਸ਼ਨ ਹੈ: ਹੁਣ ਤੱਕ ਪਾਰਲੀਮੈਂਟ ਅਤੇ ਵਿਧਾਨ ਸਭਾਵਾਂ ਵਿੱਚ ਗਿਣਤੀ ਕੀ ਹੈ? ਵੋਟ ਫੀਸਦੀ ਕੀ ਹੈ? ਕਿਰਤੀ ਵਰਗ ਉਹਨਾਂ ਨੂੰ ਵੋਟ ਕਿਉਂ ਨਹੀਂ ਕਰਦਾ? ਸਰਮਾਇਆ ਵੋਟਰ ਨੂੰ ਕਿਉਂ ਭਰਮਾ ਲੈਂਦਾ ਹੈ? ਮੌਜੂਦਾ ਸਥਿਤੀ ਨੂੰ ਬੇਹਤਰ ਬਣਾਉਣ ਲਈ ਇਸ ਤੱਤ ਵਰਤਾਰੇ (ਗਿਣਤੀ) ਨੂੰ ਵਧਾਉਂਦਿਆਂ ਰੂਪ ਬਦਲੀ (ਗੁਣ ਬਦਲੀ) ਤੱਕ ਪੁੱਜਣ ਲਈ ਯੁੱਧ ਨੀਤੀ ਅਤੇ ਦਾਅ ਪੇਚ ਕੀ ਹਨ?

ਖੁਸ਼ੀ ਦੀ ਗੱਲ ਹੈ ਕਿ ਅਸੀਂ ਇਹ ਵਿਚਾਰਾਂ ਮਾਰਕਸ ਦੇ ਜਨਮ ਦਿਨ ‘ਤੇ ਕਰ ਰਹੇਂ ਹਾਂ ਮਾਰਕਸ ਦੀ ਦਾਰਸ਼ਨਿਕ ਲੱਭਤ, ਇਨਕਲਾਬੀ ਦਰਸ਼ਨ ਹੈ। ਭਾਵ ‘ਪਦਾਰਥਵਾਦੀ ਵਿਰੋਧ-ਵਿਕਾਸ’, ਇਹ ਪਦਾਰਥਵਾਦੀ ਅਧਿਆਤਮਵਾਦ ਨਾਲੋਂ ਫਰਕ ਵਾਲਾ, ਇਨਕਲਾਬੀ ਫਰਕ ਵਾਲਾ ਹੈ। ਅਧਿਆਤਮਵਾਦੀ ਪਦਾਰਥਵਾਦ ਚੱਕਰਧਾਰੀ ਹਰਕਤ ਹੈ। ਇਹ ਗੈਰ ਵਿਰੋਧ-ਵਿਕਾਸੀ ਹੈ। ਇਸ ਸਮਝ ਦਾ ਰਾਜਨੀਤੀ ਜਾਂ ਸਮਾਜ ਉੱਪਰ ਲਾਗੂ ਕਰਨਾ ਚੱਕਰਧਾਰੀ ਗੇੜ ਵਿੱਚ ਫਸੇ ਰਹਿਣਾ ਹੈ, ਇਹ ਅਧਿਆਤਮਵਾਦੀ ਰਾਜਨੀਤੀ ਦਾ ਅਮਲ ਹੀ ਬਣਦਾ ਹੈ। ਉਪਰਲੇ ਸਵਾਲਾਂ ਦੇ ਉੱਤਰ ਦੇਣ ਲਈ ਚੱਕਰਧਾਰੀ ਗੇੜ ਦੀ ਰਾਜਨੀਤੀ ਲੰਘ ਜਾਣ ਲਈ ਪਦਾਰਥਵਾਦੀ ਅਧਿਆਤਮਵਾਦ ਤੋਂ ਪਦਾਰਥਵਾਦੀ ਵਿਰੋਧ-ਵਿਕਾਸ ਵਿੱਚ ਮੁਹਾਰਤ ਹਾਸਿਲ ਕਰਨੀ ਹੋਵੇਗੀ। ਲੈਨਿਨ ਦੇ ਸ਼ਬਦਾਂ ਵਿਚ “ਇਹ ਜੀਵਤ ਬਹੁ ਪੱਖੀ ਗਿਆਨ ਹੈ, ਹਰੇਕ ਦ੍ਰਿਸ਼ਟੀਕੋਣ ਦੇ ਅਨੰਤ ਰੂਪ ਰੰਗਾਂ, ਯਥਾਰਥ ਨਾਲ ਨੇੜਤਾ ਸਮੇਤ (ਅਜਿਹੀ ਦਾਰਸ਼ਨਿਕ ਪ੍ਰਣਾਲੀ ਸਮੇਤ ਜਿਹੜੀ ਰੂਪ ਰੰਗ ਵਿਚੋਂ ਵੱਧਦੀ-ਵੱਧਦੀ ਸੰਪੂਰਨਤਾ ਨੂੰ ਜਾ ਪੁੱਜਦੀ ਹੈ)- ਇਸ ਅੰਦਰ ‘ਅਧਿਆਤਮਵਾਦੀ’ ਪਦਾਰਥਵਾਦ ਦੇ ਮੁਕਾਬਲੇ ਕਦੇ ਨਾ ਮੁੱਕਣ ਵਾਲਾ, ਅਮੀਰ ਸਾਰ-ਤੱਤ ਭਰਿਆ ਹੋਇਆ ਹੈ।” ਇਹ ਜੀਵਤ ਰਾਹ-ਦਸੇਰਾ ਸਿਧਾਂਤ ਹੈ, ਜਿਸਨੂੰ ਚੇਤਨ ਵਿਰੋਧ-ਵਿਕਾਸ ਵਜੋਂ ਵਖਰਾਇਆ ਜਾਂਦਾ ਹੈ।

ਸਮਾਜ ਇੱਕੋ ਸਮੇਂ ਬਹੁਤ ਸਾਰੀਆਂ ਵਿਰੋਧਤਾਈਆਂ ਦਾ ਜੋੜ ਫਲ ਹੁੰਦਾ ਹੈ। ਜਾਤੀ, ਜਮਾਤੀ ਅੰਦਰੂਨੀ-ਬਾਹਰੀ ਬੁਨਿਆਦੀ ਅਤੇ ਗੈਰ-ਬੁਨਿਆਦੀ ਟੱਕਰ ਵਾਲੀਆਂ ਅਤੇ ਗੈਰ ਟੱਕਰ ਵਾਲੀਆਂ ਆਦਿ। ਵਿਰੋਧਤਾਈਆਂ ਦੇ ਹੱਲ ਦਾ ਗਲਤ ਤਰੀਕਾ, ਸਮੱਸਿਆਵਾਂ ਦਾ ਗੁਣਨਫਲ ਵੀ ਬਣ ਜਾਂਦਾ ਹੈ। ਸਮਾਜਿਕ ਵਿਕਾਸ ਦੇ ਪੈਤੜੇ ਤੋਂ ਵਿਰੋਧਤਾਈਆਂ ਦੇ ਹੱਲ ਲਈ ਬੁਨਿਆਦੀ ਮੁੱਖ ਵਿਰੋਧਤਾਈ ਦੀ ਚੋਣ ਤੋਂ ਹੱਲ ਦਾ ਅਮਲ ਸ਼ੁਰੂ ਕਰਨਾ ਹੁੰਦਾ ਹੈ। ਇਹ ਅਮਲ ਵਿਰੋਧਤਾਈਆਂ ਦੇ ਜੋੜਫ਼ਲ ਨੂੰ ਘਟਾ ਦਿੰਦਾ ਹੈ ਅਤੇ ਗੁਣਨਫਲ ਨੂੰ ਤਕਸੀਮ ਕਰ ਦਿੰਦਾ ਹੈ। ਵਿਰੋਧਤਾਈਆਂ ਦੇ ਹੱਲ ਦੀ ਸਰਲਤਾ ਝਲਕਣ ਲੱਗਦੀ ਹੈ।

ਮਾਰਕਸ ਨੇ ਸਰਮਾਇਆ (ਦਾਸ ਕੈਪੀਟਲ) ਦੀ ਭੂਮਿਕਾ ਵਿੱਚ ਲਿਖਿਆ ਹੈ: “ਨਿਰਸੰਦੇਹ, ਕਿਸੇ ਵਿਸ਼ੇ ਨੂੰ ਪੇਸ਼ ਕਰਨ ਦਾ ਢੰਗ, ਖੋਜ ਕਰਨ ਦੇ ਢੰਗ ਨਾਲੋਂ ਵੱਖਰਾ ਹੁੰਦਾ ਹੈ।ਖੋਜ ਸਮੇਂ ਵਿਸਥਾਰ ਵਿੱਚ ਜਾ ਕੇ ਸਾਰੀ ਸਮੱਗਰੀ ਉੱਤੇ ਅਧਿਕਾਰ ਕਰਨਾ ਪੈਂਦਾ ਹੈ, ਉਹਦੇ ਵਿਕਾਸ ਦੇ ਵੱਖ-ਵੱਖ ਰੂਪਾਂ ਦਾ ਵਿਸ਼ਲੇਸ਼ਣ ਕਰਨਾ ਹੁੰਦਾ ਹੈ ਅਤੇ ਉਹਨਾਂ ਦੇ ਅੰਦਰਲੇ ਸੰਬੰਧ ਦਾ ਪਤਾ ਲਾਉਣਾ ਪੈਂਦਾ ਹੈ, ਜਦੋਂ ਇਹ ਕੰਮ ਪੂਰਾ ਹੋ ਜਾਂਦਾ ਹੈ ਤਾਂ ਹੀ ਕਿਤੇ ਅਗਲੀ ਗਤੀ ਦਾ ਪੂਰਾ-ਪੂਰਾ ਵਰਨਣ ਕਰਨਾ ਸੰਭਵ ਹੁੰਦਾ ਹੈ, ਜੇ ਇਹ ਕੰਮ ਸਫ਼ਲਤਾ ਪੂਰਵਕ ਪੂਰਾ ਹੋ ਜਾਂਦਾ ਹੈ, ਜੇ ਵਿਸ਼ੇ-ਵਸਤੂ ਦਾ ਜੀਵਨ ਸ਼ੀਸੇ ਵਾਂਗ ਵਿਚਾਰਾਂ ਵਿੱਚ ਝਲਕਦਾ ਹੈ, ਤਦ ਇਹ ਸੰਭਵ ਹੈ ਕਿ ਸਾਨੂੰ ਇੰਞ ਜਾਪੇ ਜਿਵੇਂ ਕਿਸੇ ਨੇ ਆਪਣੇ ਦਿਮਾਗ ‘ਚੋਂ ਸੋਚ ਕੇ ਕੋਈ ਤਸਵੀਰ ਘੜੀ ਹੈ।”

ਪ੍ਰਸ਼ਨ ਹੈ, ਕੀ ‘ਖੱਬੀ ਧਿਰ’ ਦੇ ਵਿਚਾਰਾਂ ਵਿੱਚ ਸਾਡੇ ਸਮਾਜ ਦੀ ਬੁਨਿਆਦੀ ਮੁੱਖ ਵਿਰੋਧਤਾਈ ਸਪੱਸ਼ਟ ਝਲਕਦੀ ਹੈ? ਇਸ ਦਾ ਦੁਖਦਾਈ ਉੱਤਰ ‘ਨਾਂਹ’ ਵਿੱਚ ਹੈ। ਇਸ ਦਾ ਦੋਸ਼ ਕਿਸੇ ਇੱਕ ਨੂੰ ਦੇਣਾ ਵਾਜਬ ਨਹੀਂ ਹੈ। ਇਸ ਨੂੰ ਸਾਝੀਂ ਜੁੰਮੇਵਾਰੀ ਵਜੋਂ ਲੈਣਾ ਚਾਹੀਦਾ ਹੈ। ਬੁਨਿਆਦੀ ਮੁੱਖ ਵਿਰੋਧਤਾਈ ਸਾਡੇ ਵਿਚਾਰਾਂ ਵਿੱਚੋਂ ਸਪੱਸ਼ਟ ਝਲਕਣੀ ਚਾਹੀਦੀ ਹੈ। ਇਹ ਬਹਿਸ ਵਾਲਾ ਵਿਸ਼ਾ ਹੈ। ਸਾਨੂੰ ਆਪਣਾ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਸਾਡਾ ਦੇਸ਼ ਬਹੁਤ ਵਿਸ਼ਾਲ ਹੈ। ਬਹੁ-ਧਰਮੀ, ਬਹੁ-ਜਾਤੀ ਅਤੇ ਬਹੁ-ਭਾਸ਼ਾਈ ਹੈ ।ਪੇਂਡੂ ਹੈ, ਸ਼ਹਿਰੀ ਹੈ। ਭੂਗੋਲਿਕ ਅਤੇ ਵਾਤਾਵਰਨ ਦੇ ਵੱਖਰੇਵੇਂ ਹਨ, ਵਖਰੇਵੇਂ ਅਤੇ ਵਿਰੋਧਤਾਈਆਂ ਵਿੱਚ ਅੰਤਰ ਹੁੰਦਾ ਹੈ। ਅਸੀਂ ਵਿਰੋਧਤਾਈਆਂ ਦੀ ਲਿਸਟ ਤਿਆਰ ਕਰਨ ਵੱਲ ਵੱਧ ਸਕਦੇ ਹਾਂ।

ੳ: ਜਗੀਰਦਾਰੀ ਅਤੇ ਸਰਮਾਏਦਾਰੀ ਵਿਚਲੀ ਵਿਰੋਧਤਾਈ

ਅ: ਖੇਤੀ ਸੈਕਟਰ ਅਤੇ ਸਨਅਤੀ ਸੈਕਟਰ ਵਿਚਲੀ ਵਿਰੋਧਤਾਈ

ੲ: ਵਿਕਸਤ ਅਤੇ ਅਣਵਿਕਸਤ ਖੇਤਰਾਂ ਦੀਆਂ ਵਿਰੋਧਤਾਈਆਂ

ਸ: ਕਿਰਤ ਅਤੇ ਸਰਮਾਏ (ਬੁਰਜੂਆ ਅਤੇ ਪ੍ਰੋਲੇਤਾਰੀ) ਦੀ ਵਿਰੋਧਤਾਈ

ਹ: ਸ਼ਹਿਰੀ ਅਤੇ ਪੇਂਡੂ ਖੇਤਰ ਦੀ ਵਿਰੋਧਤਾਈ

ਕ: ਜਾਤੀ, ਧਰਮ ਅਤੇ ਇਲਾਕਿਆਂ ਵਿਚਲੀਆਂ ਵਿਰੋਧਤਾਈਆਂ

ਖ: ਪੈਦਾਵਾਰੀ ਸਰਮਾਏ ਅਤੇ ਵਿੱਤੀ ਸਰਮਾਏ ਦੀ ਵਿਰੋਧਤਾਈ

ਗ: ਵਿਕਾਸ ਅਤੇ ਵਾਤਾਵਰਨ (ਪ੍ਰਦੂਸ਼ਣ) ਦੀ ਵਿਰੋਧਤਾਈ

ਘ: ਲਿੰਗ ਆਧਾਰਿਤ ਵਿਰੋਧਤਾਈ ਆਦਿ

ਸਾਡੀ ਕੌਮੀਂ ਜਟਲਤਾ ਵਿੱਚ ਮੁੱਢਲੇ ਮਨੁੱਖੀ ਝੁੰਡ, ਆਦਿਵਾਸੀ ਜੀਵਨ, ਬੰਧੂਆ ਮਜ਼ਦੂਰੀ ਪ੍ਰਣਾਲੀ (ਗੁਲਾਮੀ), ਜਗੀਰੂ ਉਤਪਾਦਨ ਪ੍ਰਣਾਲੀ ਆਦਿ ਦੇ ਨਾਲ-ਨਾਲ ਵਿਕਸਿਤ ਸਰਮਾਏਦਾਰੀ ਪੈਦਾਵਾਰੀ ਢੰਗ (ਸਮੇਤ ਖੇਤੀਬਾੜੀ) ਹੋਂਦ ਰੱਖਦਾ ਹੈ। ਇਹ ਭਾਰੂ ਹੈ।

ਇਥੇ ਬੁਨਿਆਦੀ ਮੁੱਖ ਵਿਰੋਧਤਾਈ ਸਰਮਾਏ ਦੁਆਰਾ ਕਿਰਤ ਦੀ ਲੁੱਟ ਵਿਚਕਾਰ ਹੈ। ਅਸੀਂ ਜਾਣਦੇ ਹਾਂ ਕਿ ਕਿਰਤ ਮੁੱਲ ਸਿਰਜਦੀ ਹੈ। ਭਾਰਤ ਦੀ ਕੁੱਲ ਪੈਦਾਵਾਰੀ ਕਿਰਤ ਨੂੰ ਉਸ ਵੱਲੋਂ ਸਿਰਜੇ ਮੁੱਲ ਵਿੱਚੋਂ ਕੇਵਲ 15 ਫੀਸਦੀ ੳੇੁਜਰਤਾਂ ਦੀ ਸ਼ਕਲ ਵਿੱਚ ਮਿਲਦਾ ਹੈ। 85 ਫੀਸਦੀ ਪੈਦਾਵਾਰ ਦੇ ਸਾਧਨਾਂ ਦੇ ਮਾਲਕਾਂ ਕੋਲ ਬਚ ਜਾਂਦਾ ਹੈ। ਉਸ ਵਿੱਚੋਂ ਲਗਭਗ 30 ਫੀਸਦੀ ਗੈਰ-ਉਤਪਾਦਕ ਕਿਰਤੀ (ਸੇਵਾਵਾਂ ਦੇ ਕਿਰਤੀਆਂ) ਨੂੰ ਉਨ੍ਹਾਂ ਦੀਆਂ ਸੇਵਾਵਾਂ ਦਾ ‘ਮਿਹਨਤਾਨਾ’ ਅਦਾ ਕੀਤਾ ਜਾਂਦਾ ਹੈ।

ਬਾਕੀ ਬਚਦਾ 55 ਫੀਸਦੀ ਉਤਪਾਦਨ ਸਰਮਾਏਦਾਰਾਂ ਦੀ ਸਪੁਰਦਗੀ ‘ਚ ਹੈ। ਕਿਰਤੀਆਂ (15 ਫੀਸਦੀ) ਅਤੇ ਸੇਵਾਵਾਂ ਦੇ ਕਿਰਤੀ (30 ਫੀਸਦੀ) ਦੋਵਾਂ ਕੋਲ 45 ਫੀਸਦੀ ਖਰੀਦ ਸ਼ਕਤੀ ਹੈ। ਮੁੱਖ ਵਿਰੋਧਤਾਈ ਦੀ ਪਹਿਚਾਣ ਪਿੱਛੋਂ ‘ਮੁੱਖ ਪੱਖ’ ਦੀ ਮਹੱਤਤਾ ਹੁੰਦੀ ਹੈ। ਮੁੱਖ ਪੱਖ ਆਗੂ ਰੋਲ ਅਦਾ ਕਰਦਾ ਹੈ। ਮੁੱਖ ਪੱਖ ਵਿਰੋਧਤਾਈ ਦੇ ਤੱਤ ਨੂੰ ਸੰਬੋਧਤ ਹੁੰਦਾ ਹੈ। ਜੇ ਤੱਤ ਨੂੰ ਪ੍ਰਭਾਵਿਤ ਕੀਤੇ ਬਗੈਰ ਬਾਕੀ ਸੰਬੰਧਿਤ ਵਰਤਾਰਿਆਂ ਨਾਲ ਨਜਿੱਠਣ ਦੀ ਕੋਸ਼ਿਸ ਕੀਤੀ ਜਾਵੇ ਤਾਂ ਉਹ ਸਮੱਸਿਆਵਾਂ ਦਾਂ ਗੁਣਨਫਲ ਵੀ ਸਾਬਿਤ ਹੋ ਸਕਦਾ ਹੈ। ਜੋ ਕਰਤਿਆਂ (ਕਾਰਕੁੰਨਾਂ) ਵਿੱਚ ਘੋਰ ਨਿਰਾਸ਼ਾ ਪੈਦਾ ਕਰਦਿਆਂ ਹਿੰਮਤਹਾਰੂ ਪੈਦਾ ਕਰਦਾ ਹੈ।

ਉਦਹਾਰਣ ਵਜੋਂ ਪੰਜਾਬ ਦੇ ਪੈਦਾਵਾਰੀ ਕਾਮਿਆਂ ਦੀਆਂ ਘੱਟੋ-ਘੱਟ ੳੁੱਜਰਤਾਂ 4200 ਰੁਪਏ ਪ੍ਰਤੀ ਮਹੀਨਾ ਹਨ। ਸੇਵਾਵਾਂ ਦੇ ਕਾਮਿਆਂ ਦੀਆਂ ਘੱਟੋ-ਘੱਟ ਉਜ਼ਰਤਾਂ 10500 ਰੁਪਏ ਹਨ। 4200 ਰੁਪਏ ਪ੍ਰਤੀ ਮਹੀਨਾ ਪ੍ਰਾਪਤ ਕਰਨ ਵਾਲੇ ਲਈ ਉਸ ਦੀਆਂ ਸੂਬਾਈ ਯੂਨੀਅਨਾਂ ਘੱਟੋ-ਘੱਟ 10000 ਰੁਪਏ ਪ੍ਰਤੀ ਮਹੀਨਾ ਅਣ-ਸਿਖਿੱਅਤ ਲਈ ਮੰਗ ਕਰਦੀਆਂ ਹਨ। ਕੋਈ ਕਾਮਾ ਹੜਤਾਲ ਵਿੱਚ ਆਗੂ ਰੋਲ ਅਦਾ ਕਰਨ ਲਈ ਤਿਆਰ ਨਹੀ ਹੁੰਦਾ? ਉਸ ਨੂੰ ਹਾਲਤਾਂ ਨੇ ਸਬਕ ਦਿੱਤਾ ਹੈ ਕਿ ਉਸ ਦੀ ਥਾਂ ਕੋਈ ਬੇਰੁਜ਼ਗਾਰ ਭਰਤੀ ਹੋਣ ਲਈ ਬੇਤਾਬ ਹੈ। ਸਰਮਾਏ ਅਤੇ ਕਿਰਤ ਦੀ ਵਿਰੋਧਤਾਈ ਦਾ ਮੁੱਖ ਪੱਖ ਇਹ ਹੈ ਕਿ ਸਰਮਾਏ ਨੇ ਉਤਪਾਦਕਤਾ ਦੇ ਵਾਧੇ ਨਾਲ ਕਿਰਤੀਆ ਨੂੰ ਵਾਧੂ ਕਿਰਤੀਆ ਵਿੱਚ ਪਲਟ ਦਿੱਤਾ ਹੈ । ਇਹ ਸਰਮਾਏ ਦਾ ਹਮਲਾ ਹੈ। ਕਿਰਤੀਆਂ ਦੀ ਧਿਰ (ਖੱਬੀ ਧਿਰ) ਨੇ ਵੀ ਮੁੱਖ ਪੱਖ ਦੇ ਹਥਿਆਰ ਨੂੰ ਵਰਤਦਿਆਂ ਵਾਧੂ ਕਿਰਤੀਆ ਨੂੰ ਕਿਰਤ ਪ੍ਰਕਿਰਿਆ ਵਿੱਚ ਲੈ ਕੇ ਜਾਣ ਦਾ ਰਸਤਾ ਚੁਣਨਾ ਹੈ।



ਇਹ ਪ੍ਰਚੰਡ ਜਮਾਤੀ ਜੰਗ ਹੈ। ਇਹ ਸਰਮਾਏ ਦਾ ਹਿੱਸਾ ਘਟਾਏ ਬਗੈਰ ਸੰਭਵ ਨਹੀਂ ਹੈ। ਸਰਮਾਏ ਦਾ ਹਿੱਸਾ ਘਟਾਉਣ ਲਈ ਉਜ਼ਰਤਾਂ ਵਧਾਉਣਾ ਇੱਕ ਰਸਤਾ ਹੈ, ਜਿਸ ਬਾਰੇ ਮਾਰਕਸਵਾਦੀ ਸਮਝ ਹੈ ਕਿ ਜੇ ਇੱਕ ਔਰਤ ਜਾਂ ਬੱਚਾ ਵੀ ਬੇਰੁਜ਼ਗਾਰ ਹੋਵੇ ਤਾਂ ਉਹ ਕਿਰਤੀਆਂ ਦੇ ਉਜ਼ਰਤ ਵਾਧੇ ਵਿੱਚ ਮੁਸ਼ਕਲ ਖੜ੍ਹੀ ਕਰ ਦਿੰਦਾ ਹੈ। ਸਾਡੇ ਤਾਂ ਬੇਰੁਜ਼ਗਾਰਾਂ ਦੀਆਂ ਫੌਜਾਂ ਹਨ। ਵਾਧੂ ਕਾਮਿਆਂ ਦੀ ਭਰਮਾਰ ਹੈ। ਦੂਜਾ ਰਸਤਾ ਕੰਮ ਦਿਹਾੜੀ ਸਮਾਂ ਘੱਟ ਕਰਨ ਦੇ ਅਮਲ ਵਿੱਚੋਂ ਦੀ ਲੰਘਦਾ ਹੈ। ਇਹ ਦੋਹਰਾ ਖਾਸਾ ਰੱਖਦਾ ਹੈ। ਇੱਕ ਇਹ ਕਿਰਤੀਆ ਦੀ ਅਸਲੀ ਉਜ਼ਰਤ ਵਿੱਚ ਵਾਧਾ ਕਰਦਾ ਹੈ ਅਤੇ ਕਿਰਤੀਆਂ ਦੇ ਸੁਤੰਤਰ ਸਮੇਂ ਨੂੰ ਵਡੇਰਾ ਕਰਦਾ ਹੈ। ਦੂਜਾ, ਇਹ ਵਾਧੂ ਕਿਰਤੀਆ ਨੂੰ ਕੰਮ ਦਵਾਉਂਦਾ ਹੈ। ਇਹ ਵਾਧੂ ਕਿਰਤੀਆ ਅਤੇ ਕਿਰਤੀਆਂ ਦੇ ਟਕਰਾਅ ਨੂੰ ਘਟਾਉਂਦਾ/ਮੁਕਾਉਂਦਾ ਹੈ। ਜਦੋਂ ਸਰਮਾਏ ਦੇ ਵਾਧੇ (ਜੋ ਲੁੱਟ ਵਿੱਚੋਂ ਵਧਦਾ ਹੈ) ਨੂੰ ਪਿੱਛੇ ਧੱਕਦਾ ਹੈ ਤਾਂ ਸਰਮਾਏ ਦੀ ਪੂਰੀ ਤਾਕਤ ਨੂੰ ਪਿੱਛੇ ਧੱਕਦਾ ਹੈ। ਇਸ ਵਿਰੋਧਤਾਈ ਦਾ ਮੁੱਖ ਪੱਖ ਕਿਰਤ ਦਾ ਹਿੱਸਾ ਵੱਡਾ ਕਰਨਾ ਅਤੇ ਸਰਮਾਏ ਦੀ ਧਿਰ ਨੂੰ ਮਿਲਦਾ ਮੁਨਾਫਾ ਘੱਟ ਕਰਨ ਦਾ ਇੱਕ ਪੈਂਤੜਾ ਹੈ। ਇਹ ਪੈਤੜਾਂ ਬਾਕੀ ਵਿਰੋਧਤਾਈਆਂ ਨੂੰ ਤਕਸੀਮ ਕਰਦਿਆਂ ਸਰਲਤਾ ਵੱਲ ਲੈ ਜਾਣ ਦਾ ਮਾਰਗ ਵੀ ਹੈ। ਇਹ ਸੰਸਦ ਕਾਰਜ ਪ੍ਰਣਾਲੀ ਵਿੱਚ ਖੱਬੀ ਧਿਰ ਦੇ ਵਿਰੋਧ ਵਿਕਾਸੀ ਰੋਲ ਨਾਲ ਚਮਤਕਾਰੀ ਸਿੱਟੇ ਕੱਢ ਸਕਦਾ ਹੈ। ਇਹ ਰਾਹ ਸਮਾਜਿਕ ਇਨਕਲਾਬ ਲਈ ਵੱਡਾ ਸਹਾਇਕ ਸਾਬਤ ਹੋ ਸਕਦਾ ਹੈ।

ਲੋੜਾਂ ਦੀ ਲੋੜ: ਕਾਨੂੰਨ ਦੁਆਰਾ ਪਾਸ ਛੁਟੇਰੀ ਕੰਮ ਦਿਹਾੜੀ ਦੇ ਸੰਗਰਾਮ ਦੀ ਹੈ, ਇਸ ਦਾ ਨਤੀਜਾ ਕੀ ਹੋਵੇਗਾ? ਕੀ ਇਹ ਕੇਵਲ ‘ਵਾਧੂ ਦੀ ਨਾਹਰੇਬਾਜ਼ੀ ਹੈ?

ਮਨੁੱਖ ਨੂੰ ‘ਵਿਚਾਰਵਾਦੀ’ ਅਤੇ ‘ਪਦਾਰਥਵਾਦੀ’ ਕੈਂਪਾਂ ਵਿੱਚ ਵੰਡਣ ਵਾਲੀ ਕੇਵਲ ਉਹ ਪਹੁੰਚ ਹੈ ਜੋ ਇਸ ਉੱਤਰ ਨਾਲ ਸਬੰਧਿਤ ਹੈ। 1. ਕੀ ਪਦਾਰਥ ਨੇ ਵਿਚਾਰ ਨੂੰ ਪੈਦਾ ਕੀਤਾ ਹੈ? ਜਾਂ 2. ਕੀ ਪਦਾਰਥ ਨੇ ਵਿਚਾਰ ਨੂੰ ਪੈਦਾ ਕੀਤਾ ਹੈ? ਪਹਿਲੇ ਨੂੰ ਮੰਨਣ ਵਾਲੇ ਵਿਚਾਰਵਾਦੀ ਕੈਂਪ ਵਿੱਚ ਅਤੇ ਦੂਜੇ ਨੂੰ ਸਹੀ ਮੰਨਣ ਵਾਲੇ ਪਦਾਰਥਵਾਦੀ ਕੈਂਪ ਵਿੱਚ ਗਿਣੇ ਜਾਂਦੇ ਹਨ। ਇਸੇ ਤਰ੍ਹਾ ਕੋਈ ਮਨੁੱਖ ‘ਕਿਰਤ ਪੱਖੀ’ ਹੈ ਜਾਂ ‘ਸਰਮਾਏ ਪੱਖੀ’ ਹੈ, ਇਸ ਦਾ ਨਿਰਣਾ ਕਰਨ ਵਾਲੀ ਵੀ ਉਹ ਪਹੁੰਚ ਹੈ, ਜਿਹੜੀ ਕੋਈ ਵਿਅਕਤੀ ‘ਛੁਟੇਰੀ ਕੰਮ ਦਿਹਾੜੀ’ ਪ੍ਰਤੀ ਅਪਣਾਉਂਦਾ ਹੈ।

ਮਾਰਕਸ ਨੇ ਖੋਜਿਆ: ਕਿਰਤ ਮੁੱਲ ਸਿਰਜਦੀ ਹੈ। ਕਿਰਤ ਸਮੇਂ ਵਿੱਚ ਕੀਤੀ ਜਾਂਦੀ ਹੈ। ਕਿਰਤ ਸਮਾਂ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ। ਪਹਿਲਾ ਭਾਗ ਉਹ, ਜਿਸ ਵਿੱਚ ਕਿਰਤੀ ਓਨੇ ਮੁੱਲ ਦੀ ਸਿਰਜਣਾ ਕਰਦਾ ਹੈ, ਜਿੰਨੀ ਉਸ ਨੂੰ ਉਜ਼ਰਤ ਮਿਲੀ ਹੈ। ਇਸ ਨੂੰ ‘ਜਰੂਰੀ ਕਿਰਤ ਸਮਾਂ’ ਸੱਦਿਆ ਜਾਂਦਾ ਹੈ। ਦੂਜੇ ਭਾਗ ਵਿੱਚ (ਜਿਸ ਨੂੰ ਵਾਧੂ ਕਿਰਤ ਸਮਾਂ ਸੱਦਿਆ ਜਾਂਦਾ ਹੈ) ਉਸ ਵੱਲੋਂ ਸਿਰਜੇ ਮੁੱਲ ਦੀ ਮਾਲਕੀ, ਪੈਦਾਵਾਰ ਦੇ ਸਾਧਨਾਂ ਦੇ ਮਾਲਕ ਦਾ ਮੁਨਾਫਾ ਬਣਦੀ ਹੈ। ਮਾਲਕ ਕੰਮ ਦਿਹਾੜੀ ਸਮਾਂ ਲੰਮਾਂ ਕਰਕੇ ਆਪਣੇ ਮੁਨਾਫੇ ਵਾਧਾਉਦੇ ਹਨ। ਜਦੋਂ ਕਾਨੂੰਨ ਦੁਆਰਾ ਕੰਮ ਦਿਹਾੜੀ ਸੀਮਾ ਨਿਰਧਾਰਤ ਹੋ ਗਈ ਤਾਂ ਸਰਮਾਏਦਾਰ ਆਪਣੇ ਮੁਨਾਫੇ ਵਧਾਉਣ ਲਈ ‘ਜਰੂਰੀ ਕਿਰਤ ਸਮੇਂ’ ਨੂੰ ਛੋਟਾ ਅਤੇ ‘ਵਾਧੂ ਕਿਰਤ ਸਮੇਂ’ ਨੂੰ ਵੱਡਾ ਕਰਦੇ ਹਨ। ਇਸ ਨਾਲ ਉਹ ‘ਵਾਧੂ ਮੁੱਲ’ ਹਥਿਆਉਂਦਿਆਂ ਵੱਡੇ, ਹੋਰ ਵੱਡੇ ਮਾਲਕ ਬਣੀ ਜਾਂਦੇ ਹਨ। ‘ਛੁਟੇਰੀ ਕੰਮ ਦਿਹਾੜੀ’, ‘ਜ਼ਰੂਰੀ ਕਿਰਤ ਸਮੇਂ’ ਨੂੰ ਨਹੀਂ, ਇਹ ‘ਵਾਧੂ ਕਿਰਤ ਸਮੇਂ’ ਨੂੰ ਪ੍ਰਭਾਵਿਤ ਕਰਦੀ ਹੈ। ਸਿੱਧੇ ਰੂਪ ਵਿੱਚ ਮੁਨਾਫੇ ਘੱਟ ਕਰਦੀ ਹੈ। ਮਾਲਕਾਂ ਦੇ ਸਰਮਾਏ ਦੇ ਵਾਧੇ ਵਿੱਚ ਰੋਕ ਬਣਦੀ ਹੈ। ਕਿਰਤੀਆਂ ਨੂੰ ਸਿੱਧਾ ਲਾਭ ਪੁੱਜਦਾ ਹੈ ਅਤੇ ਸਰਮਾਏਦਾਰਾਂ ਨੂੰ ਸਿੱਧੇ ਰੂਪ ਆਪਣੇ ਮੁਨਾਫੇ ਘਟਾਉਣੇ ਪੈਂਦੇ ਹਨ।

ਇਹ ਕਿਰਤੀਆ ਨੂੰ ਇੱਕ ਪਾਸੇ ‘ਕਿਰਤੀ ਜਮਾਤ’ ਅਤੇ ਸਰਮਾਏਦਾਰਾਂ ਨੂੰ ਦੂਜੇ ਪਾਸੇ ‘ਸਰਮਾਏਦਾਰਾ ਜਮਾਤ’ ਵਿੱਚ ਖੜ੍ਹੇ ਕਰ ਦਿੰਦੀ ਹੈ। ਕੌਣ ਕਿਸ ਕੈਂਪ ਵਿੱਚ ਹੈ ਇਸ ਦਾ ਝਮੇਲਾ ਮੁੱਕ ਜਾਂਦਾ ਹੈ। ਇਸ ਨੂੰ ਲੁਕਾਉਣ ਵਾਲੇ ਅਤੇ ਛੁਟਿਆਉਣ ਵਾਲੇ ਵੀ ਸਰਮਾਏਦਾਰ ਕੈਂਪ ਦੇ ਸੇਵਾਦਾਰਾਂ ਵਿੱਚ ਗਿਣੇ ਜਾਂਦੇ ਹਨ।

‘ਕਾਨੂੰਨ ਦੁਆਰਾ ਪਾਸ ਛੁਟੇਰੀ ਕੰਮ ਦਿਹਾੜੀ’ ਸੰਸਦੀ ਕਾਰਜ ਪ੍ਰਣਾਲੀ ਦੇ ਹੁੰਦਿਆਂ ਰਾਜਨੀਤਕ ਘੋਲ ਹੋ ਜਾਂਦਾ ਹੈ। ਮਾਰਕਸ ਨੇ ਮੈਨੀਫੈਸਟੋ ਵਿੱਚ ਲਿਖਿਆ ਸੀ: ‘ਹਰ ਜਮਾਤੀ ਘੋਲ ਰਾਜਨੀਤਕ ਘੋਲ ਹੁੰਦਾ ਹੈ।’ ਇਹ ਜਮਾਤੀ ਘੋਲ ਹੈ, ਜੋ ਰਾਜਨੀਤਕ ਘੋਲ ਵਜੋਂ ਫੈਸਲਾਕੁੰਨ ਹੁੰਦਾ ਹੈ।

ਇਹ ਕੇਵਲ ‘ਵਾਧੂ ਦੀ ਨਾਅਰੇਬਾਜ਼ੀ’ ਨਹੀਂ ਹੈ। ਇਹ ਇਨਕਲਾਬੀ ਤਬਦੀਲੀਆਂ ਦਾ ਬਿਗਲ ਵਜਾਉਣਾ ਹੈ। ਇਹ ਕਿਰਤ ਅਤੇ ਸਰਮਾਏ ਵਿਚਕਾਰ ਪ੍ਰੋਲੇਤਾਰੀ ਅਤੇ ਬੁਰਜੂਆ ਵਿਚਕਾਰ ਜੰਗ ਲਈ ਨਗਾਰੇ ਤੇ ਚੋਟ ਹੈ। ਇਸ ਵਿੱਚ ਪ੍ਰੋਲੇਤਾਰੀ ਦੀ ਜਿੱਤ ਅਤੇ ਬੁਰਜੂਆ ਦੀ ਹਾਰ ਅਟੱਲ ਹੈ।

No comments:

Post a Comment